ਨਾਮੀ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਨੇ ਵੀ ਪੰਜਾਬੀ ਫਿਲਮ ਨਿਰਮਾਣ ਵਿਚ ਛਾਲ ਮਾਰ ਦਿੱਤੀ ਹੈ। ਉਹ ਭਾਰਤ-ਪਾਕਿਸਤਾਨ ਦੋਸਤੀ ਨੂੰ ਆਧਾਰ ਬਣਾ ਕੇ ਫਿਲਮ ਬਣਾਏਗਾ। ਇਸ ਫਿਲਮ ਦਾ ਨਾਂ Ḕਦੁਸ਼ਮਣḔ ਰੱਖਿਆ ਗਿਆ ਹੈ।
ਇਸ ਐਲਾਨ ਨਾਲ ਸਾਬਤ ਹੋ ਗਿਆ ਹੈ ਕਿ ਪੰਜਾਬੀ ਫਿਲਮ ਸਨਅਤ ਦੀ ਗੁੱਡੀ ਹੁਣ ਚੜ੍ਹ ਨਿਕਲੀ ਹੈ ਅਤੇ ਨਾਮੀ-ਗਰਾਮੀ ਫਿਲਮ ਸ਼ਖਸੀਅਤਾਂ ਤੇ ਵੱਡੀਆਂ ਕੰਪਨੀਆਂ ਪੰਜਾਬੀ ਫਿਲਮਾਂ ਵਿਚ ਪੈਸਾ ਲਾ ਰਹੀਆਂ ਹਨ। ਇਹ ਸੱਚ ਹੈ ਕਿ ਪਹਿਲਾਂ ਬਣੀਆਂ ਬਹੁਤੀਆਂ ਪੰਜਾਬੀ ਫਿਲਮਾਂ ਦਾ ਮਿਆਰ ਹੱਦ ਤੋਂ ਵੀ ਵਧ ਕੇ ਨੀਵਾਂ ਸੀ। ਹੁਣ ਵੀ ਜਦੋਂ ਪੰਜਾਬੀ ਫਿਲਮ ਸਨਅਤ ਨੇ ਨਵੇਂ ਜੁੱਗ ਦੌਰਾਨ ਅੰਗੜਾਈ ਲਈ, ਤਾਂ ਕੁਝ ਚੁਟਕਲਾਨੁਮਾ ਫਿਲਮਾਂ ਦੀਆਂ ਧਾੜਾਂ ਆਣ ਲੱਥੀਆਂ। ਉਂਜ, ਅਜਿਹੀਆਂ ਫਿਲਮਾਂ ਪਹਿਲਾਂ-ਪਹਿਲ ਹੀ ਚੱਲੀਆਂ, ਫਿਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿੱਤਰ ਗਿਆ।
ਮਹੇਸ਼ ਭੱਟ ਫਿਲਮੀ ਦੁਨੀਆਂ ਦਾ ਉਹ ਸ਼ਖਸ ਹੈ ਜਿਹੜਾ ਸਦਾ ਹੀ ਲੀਕ ਤੋਂ ਹਟ ਕੇ ਫਿਲਮਾਂ ਬਣਾਉਂਦਾ ਰਿਹਾ ਹੈ। ਹੁਣ ਉਹ ਫਿਲਮ ਡਾਇਰੈਕਸ਼ਨ ਤੋਂ ਤਾਂ ਭਾਵੇਂ ਦੂਰ ਹੋ ਚੁੱਕਾ ਹੈ ਪਰ ਫਿਲਮ ਨਿਰਮਾਣ ਦੇ ਜ਼ਰੀਏ ਉਸ ਦੀ ਕੰਪਨੀ ਨੇ ਕਈ ਚੰਗੀਆਂ ਫਿਲਮਾਂ ਦਿੱਤੀਆਂ ਹਨ। ਪੰਜਾਬੀ ਫਿਲਮਾਂ ਬਾਰੇ ਉਸ ਨੇ ਬਹੁਤ ਭਾਵੁਕ ਹੋ ਕੇ ਗੱਲਾਂ ਕੀਤੀਆਂ। ਉਸ ਨੇ ਇਸ ਗੱਲ ਦਾ ਤਾਂ ਭਾਵੇਂ ਜਵਾਬ ਨਹੀਂ ਦਿੱਤਾ ਕਿ ਉਹ ਪੰਜਾਬੀ ਫਿਲਮਾਂ ਵੱਲ ਪਹਿਲਾਂ ਕਿਉਂ ਨਹੀਂ ਆਇਆ ਪਰ ਉਸ ਨੇ ਗੱਲਾਂ ਗੱਲਾਂ ਵਿਚ ਜਦੋਂ ਪੰਜਾਬੀ ਸਿਨੇਮਾ ਦਾ ਲਾਹੌਰ ਤੇ ਮੁੰਬਈ ਵਾਲਾ ਪਿਛੋਕੜ ਬਿਆਨਿਆ ਤਾਂ ਸਾਫ ਹੋ ਗਿਆ ਕਿ ਉਹ ਜਿਹੜੀ ਵੀ ਪੰਜਾਬੀ ਫਿਲਮ ਬਣਾਏਗਾ, ਉਸ ਵਿਚ ਕੁਝ ਨਾ ਕੁਝ ਨਵਾਂ ਜ਼ਰੂਰ ਹੋਵੇਗਾ।
ਫਿਰ ਉਹ ਅਚਾਨਕ ਦੱਸਦਾ ਹੈ, “ਮੈਂ ਪੰਜਾਬੀ ਫਿਲਮਾਂ ਵੱਲ ਲੇਟ ਆਇਆ ਹਾਂ, ਸਹੀ ਹੈ ਪਰ ਕਈ ਵਾਰ ਚੰਗੀ ਸਕਰਿਪਟ ਨਹੀਂ ਮਿਲਦੀ। ਹੁਣ ਜਦੋਂ ਮੈਨੂੰ ਚੰਗੀ ਕਹਾਣੀ ਦਿਸੀ ਤਾਂ ਝੱਟ ਇਹ ਫਿਲਮ ਪੰਜਾਬ ਲੈ ਆਇਆ ਹਾਂ।” ਉਹ ਬਿਆਨ ਕਰੀ ਜਾਂਦਾ ਹੈ ਕਿ ਇਸ ਫਿਲਮ ਵਿਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਤਾਂ ਹੋਵੇਗੀ ਹੀ, ਇਸ ਵਿਚ ਵੰਡ ਦਾ ਦੁਖਾਂਤ ਵੀ ਸੁਣਾਇਆ ਜਾਵੇਗਾ। ਇਹ ਅਜਿਹਾ ਦਰਦ ਹੈ ਜਿਸ ਨੂੰ ਵਾਰ-ਵਾਰ ਸੁਣਾਉਣ ਦੀ ਲੋੜ ਹੈ ਤਾਂ ਕਿ ਦਿਲਾਂ ਵਿਚ ਪਿਆਰ ਦਾ ਦੀਵਾ ਜਗਦਾ ਰਹੇ ਅਤੇ ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਰਹੇ।
ਮਹੇਸ਼ ਭੱਟ ਦੀ ਇਸ ਪੰਜਾਬੀ ਫਿਲਮ ਦੀ ਕਹਾਣੀ Ḕਤੇ ਕੰਮ ਮਾਰਚ ਤੱਕ ਮੁੱਕ ਜਾਣਾ ਹੈ ਅਤੇ ਫਿਰ ਜੁਲਾਈ ਵਿਚ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਸ਼ੂਟਿੰਗ ਪੰਜਾਬ, ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੇ ਇੰਗਲੈਂਡ ਆਦਿ ਥਾਂਵਾਂ Ḕਤੇ ਕੀਤੀ ਜਾਵੇਗੀ। ਫਿਲਮ ਦੀ ਕ੍ਰਿਏਟਿਵ ਕੰਸਲਟੈਂਟ ਤੇ ਪ੍ਰਾਜੈਕਟ ਹੈਡ ਸ਼ਗੁਫਤਾ ਰਫ਼ੀਕ ਨੂੰ ਬਣਾਇਆ ਗਿਆ ਹੈ ਜੋ ਭੱਟ ਕੈਂਪ ਦੀਆਂ ਕਈ ਫਿਲਮਾਂ ਦੀ ਪਟਕਥਾ ਲਿਖ ਚੁੱਕੀ ਹੈ। ਸ਼ਗੁਫਤਾ ਰਫ਼ੀਕ ਮੁਤਾਬਕ ਇਸ ਪੰਜਾਬੀ ਫਿਲਮ ਦੇ ਕਲਾਕਾਰ, ਸੰਗੀਤਕਾਰ ਤੇ ਗਾਇਕ ਦੋਵਾਂ ਪੰਜਾਬਾਂ ਤੋਂ ਹੋਣਗੇ।