ਸ਼ੈੱਫ ਵਿਕਾਸ ਖੰਨਾ ਹੁਣ ਹਾਲੀਵੁੱਡ ‘ਚ ਛਾਏਗਾ

ਕੀਰਤ ਕਾਸ਼ਣੀ
ਅੰਮ੍ਰਿਤਸਰ ਤੋਂ ਅਮਰੀਕਾ ਪੁੱਜੇ ਉਘੇ ਸ਼ੈੱਫ ਵਿਕਾਸ ਖੰਨਾ ਬਾਰੇ ਹਾਲੀਵੁੱਡ ਫਿਲਮ ਬਣਾਈ ਜਾ ਰਹੀ ਹੈ। ਵਿਕਾਸ ਖੰਨਾ ਨੇ ਖੁਦ ਵੀ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ ਕਿ ਹਾਲੀਵੁੱਡ ਦੀ ਇਕ ਕੰਪਨੀ ਨੇ ਫਿਲਮ ਪ੍ਰਾਜੈਕਟ ਬਾਰੇ ਉਸ ਨਾਲ ਬਾਕਾਇਦਾ ਸੰਪਰਕ ਕੀਤਾ ਹੈ। ਉਹਨੇ ਤਾਂ ਸਗੋਂ ਇਸ ਕੰਪਨੀ ਨੂੰ ਇਹ ਸੁਝਾਅ ਦਿੱਤਾ ਹੈ ਕਿ ਫਿਲਮ ਵਿਚ ਉਹਦੇ ਕਿਰਦਾਰ ਲਈ ਕੋਈ ਭਾਰਤੀ ਅਦਾਕਾਰ ਹੀ ਲਿਆ ਜਾਵੇ।

ਇਸ ਸਬੰਧੀ ਉਹਨੇ ਆਮਿਰ ਖਾਨ, ਫਰਹਾਨ ਅਖਤਰ ਜਾਂ ਨਵਾਜ਼ੂਦੀਨ ਸਿੱਦੀਕੀ ਦੇ ਨਾਂਵਾਂ ਉਤੇ ਵਿਚਾਰ ਕਰਨ ਦੀ ਸਲਾਹ ਵੀ ਦਿੱਤੀ ਹੈ।
ਦਰਅਸਲ ਪੂਰੀ ਦੁਨੀਆਂ, ਵਿਕਾਸ ਖੰਨਾ ਦੀ ਜੀਵਨ ਕਹਾਣੀ ਤੋਂ ਬੜੀ ਪ੍ਰਭਾਵਤ ਹੈ। 13 ਸਾਲ ਦੀ ਉਮਰ ਤੱਕ ਉਹ ਢੰਗ ਨਾਲ ਤੁਰ-ਫਿਰ ਵੀ ਨਹੀਂ ਸੀ ਸਕਦਾ ਕਿਉਂਕਿ ਉਸ ਦੀਆਂ ਲੱਤਾਂ ਠੀਕ ਨਹੀਂ ਸਨ ਪਰ ਇਸ ਸਮੇਂ ਦੌਰਾਨ ਉਹਨੇ ਆਪਣੀ ਮਾਂ ਤੇ ਦਾਦੀ ਨੂੰ ਖਾਣਾ ਬਣਾਉਂਦਿਆਂ ਦੇਖਿਆ ਤੇ ਫਿਰ ਖੁਦ ਖਾਣਾ ਬਣਾਉਣ ਲੱਗਿਆ। ਅੱਜ ਉਹ ਅਮਰੀਕਾ ਦੇ ਪ੍ਰਸਿੱਧ ਰੈਸਟੋਰੈਂਟ ḔਜਨੂੰਨḔ ਦਾ ਮਾਲਕ ਹੈ।
ਹਾਲੀਵੁੱਡ ਕੰਪਨੀ ਨਾਲ ਚੱਲੀ ਗੱਲ ਤਹਿਤ ਵਿਕਾਸ ਪਹਿਲਾਂ ਆਪਣੀ ਸਵੈ-ਜੀਵਨੀ ਲਿਖੇਗਾ ਅਤੇ ਫਿਰ ਇਸ ਸਵੈ-ਜੀਵਨੀ ਨੂੰ ਆਧਾਰ ਬਣਾ ਕੇ ਫਿਲਮ ਬਣਾਈ ਜਾਵੇਗੀ। ਯਾਦ ਰਹੇ ਕਿ ਵਿਕਾਸ ਖੰਨਾ ਟੀæਵੀæ ਚੈਨਲ Ḕਸਟਾਰ ਪਲੱਸḔ ਦੇ ਰਿਐਲਿਟੀ ਸ਼ੋਅ Ḕਮਾਸਟਰ ਸ਼ੈੱਫ ਇੰਡੀਆḔ ਦਾ ਪੇਸ਼ਕਾਰ ਹੈ। ਇਸ ਸ਼ੋਅ ਨਾਲ ਉਹ ਦੂਜੇ ਸੀਜ਼ਨ ਦੌਰਾਨ ਜੁੜਿਆ ਸੀ ਅਤੇ ਲੋਕਪ੍ਰਿਯਤਾ ਕਰ ਕੇ ਉਹਨੂੰ ਤੀਜੇ ਸੀਜ਼ਨ ਲਈ ਵੀ ਸਾਈਨ ਕਰ ਲਿਆ ਗਿਆ। ਹੁਣ ਉਹ ਇਸ ਸ਼ੋਅ ਦੇ ਚੌਥੇ ਸੀਜ਼ਨ ਦਾ ਵੀ ਪੇਸ਼ਕਾਰ ਹੈ।
ਵਿਕਾਸ ਖੰਨਾ ਮੁੱਢ ਤੋਂ ਹੀ ਬੜਾ ਹਿੰਮਤੀ ਸੀ। ਇਸੇ ਕਰ ਕੇ ਹੀ ਉਹ 17 ਸਾਲ ਦੀ ਉਮਰ ਵਿਚ ਹੀ Ḕਲਾਰੈਂਸ ਗਾਰਡਨ ਬੈਂਕੁਇਟਸḔ ਵਾਲੀ ਉਡਾਰੀ ਭਰ ਸਕਿਆ ਜਿਸ ਵਿਚ ਵਿਆਹ ਅਤੇ ਪਰਿਵਾਰਕ ਸਮਾਗਮ ਆਦਿ ਦਾ ਪ੍ਰਬੰਧ ਹੁੰਦਾ ਸੀ। 1991 ਵਿਚ ਉਸ ਨੇ ਕਰਨਾਟਕ ਤੋਂ ਗ੍ਰੈਜੂਏਸ਼ਨ ਕੀਤੀ ਅਤੇ ḔਸਾਂਝḔ ਨਾਂ ਦਾ ਸਭਿਆਚਾਰਕ ਮੇਲਾ ਸ਼ੁਰੂ ਕਰ ਦਿੱਤਾ। ਇਸ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੀਆਂ ਡਿੱਸ਼ਾਂ ਦਾ ਰੰਗ ਭਰਿਆ ਜਾਂਦਾ ਸੀ। ਆਪਣਾ ਕਰੀਅਰ ਉਸ ਨੇ ਤਾਜ ਹੋਟਲ ਤੋਂ ਸ਼ੁਰੂ ਕੀਤਾ ਅਤੇ ਫਿਰ ਓਬਰਾਏ, ਵੈਲਕਮ ਗਰੁਪ ਅਤੇ ਲੀਲਾ ਗਰੁਪ ਦੇ ਹੋਟਲਾਂ ਵਿਚ ਕੰਮ ਕੀਤਾ। ਇਸ ਦੌਰਾਨ ਉਹ ਸੰਸਾਰ ਭਰ ਦੇ ਗਿਣੇ ਚੁਣੇ ਸ਼ੈੱਫ਼ਾਂ ਵਿਚ ਸ਼ੁਮਾਰ ਹੋ ਗਿਆ। ਉਹਨੇ ਅਮਰੀਕਾ ਪੁੱਜ ਕੇ ਕੋਰਨੈਲ ਯੂਨੀਵਰਸਿਟੀ, ਕੱਲੀਨਰੀ ਇੰਸਟੀਚਿਊਟ ਤੇ ਨਿਊ ਯਾਰਕ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਅਤੇ ਫਿਰ ਮਨਹੱਟਨ (ਨਿਊ ਯਾਰਕ) ਵਿਚ ਫਲੈਟੀਰੌਨ ਵਿਖੇ 2 ਦਸੰਬਰ 2010 ਨੂੰ ਆਪਣਾ ਰੈਸਟੋਰੈਂਟ ḔਜਨੂੰਨḔ ਖੋਲ੍ਹ ਲਿਆ। ਛੇਤੀ ਹੀ ਇਸ ਰੈਸਟੋਰੈਂਟ ਦੀਆਂ ਪੂਰੇ ਅਮਰੀਕਾ ਵਿਚ ਧੁੰਮਾਂ ਪੈ ਗਈਆਂ। ਵਿਕਾਸ ਖੰਨਾ ਦੀ ਪਿਆਰੀ ਮੁਸਕਰਾਹਟ ਦੀ ਸਦਾ ਹੀ ਚਰਚਾ ਹੁੰਦੀ ਰਹੀ ਹੈ। ਹਾਲੀਵੁੱਡ ਵਾਲਿਆਂ ਵੀ ਸ਼ਾਇਦ ਵਿਕਾਸ ਖੰਨਾ ਦੀ ਇਸੇ ਮੁਸਕਰਾਹਟ ਕਰ ਕੇ ਉਸ ਬਾਰੇ ਫਿਲਮ ਬਣਾਉਣ ਦੀ ਸੋਚੀ ਹੈ। ਵਿਕਾਸ ਹੁਣ 43 ਸਾਲ ਦਾ ਹੋ ਗਿਆ ਹੈ, ਵਿਆਹ ਬਾਰੇ ਪੁੱਛਣ Ḕਤੇ ਉਹ ਉਹੀ ਜਾਣੀ-ਪਛਾਣੀ ਮੁਸਕਰਾਹਟ ਬਖੇਰਦਾ ਆਖਦਾ ਹੈ, “ਮੈਂ ਇਸ ਬਾਰੇ ਐਨਾ ਗੰਭੀਰ ਹੋ ਕੇ ਕਦੀ ਨਹੀਂ ਸੋਚਦਾ। ਨਾਲੇ ਇਕ ਨਾ ਇਕ ਦਿਨ ਵਿਆਹ ਤਾਂ ਹੋ ਹੀ ਜਾਣਾ ਹੈ।”