ਡਾæ ਗੁਰਮੀਤ ਸਿੰਘ ਬਰਸਾਲ
e-ਮਅਲਿ: ਗਸਬਅਰਸਅਲ@ਗਮਅਲਿ।ਚੋਮ
ਸਮੇਂ ਨੂੰ ਮਿਣਨ ਲਈ ਸਮੇਂ ਸਮੇਂ ਕੈਲੰਡਰ ਬਣਦੇ ਆਏ ਹਨ ਅਤੇ ਇਨ੍ਹਾਂ ਵਿਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿਚ ਬਾਰਾਂ ਮਹੀਨਿਆਂ ਦੇ ਬਣਨ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ 354 ਦਿਨਾਂ ਵਿਚ ਪੂਰਾ ਹੋਣ ਕਾਰਣ ਇਹ ਰੁੱਤੀ ਸਾਲ ਤੋਂ ਪਛੜ ਜਾਂਦਾ ਸੀ।
ਇਸ ਤਰ੍ਹਾਂ ਸਾਲ 11 ਦਿਨ ਪਿੱਛੇ ਰਹਿ ਜਾਂਦਾ ਸੀ ਜਿਸ ਨੂੰ ਤਿੰਨ ਸਾਲਾਂ ਬਾਅਦ ਖਿੱਚ ਕੇ ਰੁੱਤੀ ਸਾਲ ਦੇ ਬਰਾਬਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਤਿੰਨਾਂ ਸਾਲਾਂ ਬਾਅਦ ਇਕ ਮਹੀਨਾ ਵਧ ਜਾਂਦਾ ਸੀ ਜਿਸ ਨੂੰ ਪੰਡਤ ਮਲ ਮਾਸ ਜਾਂ ਲੌਂਦ ਦਾ ਮਹੀਨਾ ਆਖਦੇ ਸਨ ਅਤੇ ਇਸ ਮਹੀਨੇ ਵਿਚ ਕੋਈ ਚੰਗਾ ਕੰਮ ਕਰਨਾ ਵਰਜਿਤ ਸੀ। ਫਿਰ ਇਸ ਵਿਚ ਸੁਧਾਰ ਕਰਨ ਲਈ ਸੂਰਜੀ ਕੈਲੰਡਰ ਹੋਂਦ ਵਿਚ ਆਏ। ਸੂਰਜੀ ਸਾਲ ਤਕਰੀਬਨ 365 ਦਿਨ ਦਾ ਹੋਣ ਕਾਰਣ ਰੁੱਤੀ ਸਾਲ ਦੇ ਜ਼ਿਆਦਾ ਨਜ਼ਦੀਕ ਸੀ ਜਿਸ ਨਾਲ ਇਸ ਤਰੁੱਟੀ ‘ਤੇ ਕਾਫੀ ਕਾਬੂ ਪਾ ਲਿਆ ਗਿਆ ਸੀ।
ਜੂਲੀਅਨ ਕੈਲੰਡਰ ਵੀ ਇਸੇ ਸ਼੍ਰੇਣੀ ਦਾ ਕੈਲੰਡਰ ਸੀ ਜਿਸ ਦੀ ਲੰਬਾਈ ਤਕਰੀਬਨ 365 ਦਿਨ 6 ਘੰਟੇ ਸੀ ਜਿਸ ਕਾਰਣ ਇਹ ਵੀ ਰੁੱਤੀ ਸਾਲ ਨਾਲੋਂ ਲਗਭਗ 12 ਮਿੰਟ ਵੱਡਾ ਸੀ ਅਤੇ 128 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪਾਉਂਦਾ ਸੀ। ਰੋਮਨਾਂ ਨੇ ਇਸ ਫਰਕ ਕਾਰਣ ਲੰਬੇ ਸਮੇਂ ਬਾਅਦ ਸਮੇਂ ਦੇ ਪੈ ਰਹੇ ਵੱਡੇ ਫਰਕ ਨੂੰ ਸਮਝ ਕੇ ਸਾਲ ਦੀ ਲੰਬਾਈ ਨੂੰ ਛੋਟਾ ਕਰਕੇ ਰੁੱਤੀ ਸਾਲ ਦੇ ਇੰਨਾ ਨੇੜੇ ਕਰ ਦਿੱਤਾ ਕਿ ਫਰਕ ਕੇਵਲ ਲਗਭਗ 33 ਸੈਕੰਡ ਦਾ ਰਹਿ ਗਿਆ ਜਿਸ ਨਾਲ 3300 ਸਾਲਾਂ ਬਾਅਦ ਕੇਵਲ ਇਕ ਦਿਨ ਦਾ ਫਰਕ ਪੈਂਦਾ ਸੀ। ਇਸ ਕੈਲੰਡਰ ਦਾ ਨਾਮ ਪੋਪ ਗਰੈਗਰੀ ਕਾਲ ਵਿਚ ਹੋਣ ਕਾਰਣ ਗਰੈਗੋਰੀਅਨ ਕੈਲੰਡਰ ਪੈ ਗਿਆ। ਅਜੋਕਾ ਕੈਲੰਡਰ ਇਹ ਹੀ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੀ ਗੱਲ ਰੋਮ ਵਾਸੀਆਂ ਨੂੰ 1582 ਵਿਚ ਸਮਝ ਆ ਗਈ ਸੀ ਕਿ ਸਾਡੇ ਸਾਲ ਦੀ ਲੰਬਾਈ ਵੱਧ ਹੈ ਜਿਸ ਨੂੰ ਰੁੱਤੀ ਸਾਲ ਬਰਾਬਰ ਕਰਨ ਲਈ ਲੰਬਾਈ ਘਟਾਉਣ ਦੀ ਲੋੜ ਹੈ, ਉਹ ਗੱਲ ਇੰਗਲੈਂਡ ਵਾਲਿਆਂ ਨੂੰ 170 ਸਾਲ ਬਾਅਦ ਸਮਝ ਆਈ ਅਤੇ ਉਨ੍ਹਾਂ ਆਪਣੇ ਕੈਲੰਡਰ ਵਿਚ ਸੋਧ ਕਰ ਲਈ।
ਹੁਣ ਵਿਚਾਰਨ ਵਾਲੀ ਗੱਲ ਹੈ ਕਿ ਇਹੀ ਗੱਲ ਸਾਡੇ ਬਿਕਰਮੀ ਵਾਲਿਆਂ ਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਸਮੇਂ ਦੀ ਸਹੀ ਮਿਣਤੀ ਲਈ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਰਾਬਰ ਕਰਨੀ ਹੀ ਪੈਣੀ ਹੈ, ਚਾਹੇ ਅੱਜ ਕਰ ਲਓ ਚਾਹੇ ਸੋ ਦੋ ਸੋ ਸਾਲ ਬਾਅਦ। ਇਕ ਗੱਲ ਹੋਰ ਹੈ ਕਿ ਹਿੰਦੂ ਵਿਦਵਾਨਾਂ ਨੇ ਬਿਕਰਮੀ ਕੈਲੰਡਰ ਵਿਚ 1964 ਵਿਚ ਇਕ ਸੋਧ ਕੀਤੀ ਸੀ। ਪਹਿਲਾਂ ਬਿਕਰਮੀ ਸਾਲ ਦੀ ਲੰਬਾਈ ਰੁੱਤੀ ਸਾਲ ਤੋਂ 24 ਮਿੰਟ ਵੱਧ ਸੀ ਪਰ ਸੋਧ ਬਾਅਦ ਇਹ ਫਰਕ ਲਗਭਗ 20 ਮਿੰਟ ਦਾ ਰਹਿ ਗਿਆ। ਇਹ ਸੋਧ ਸਾਡੇ ਲੋਕਾਂ ਅੱਖਾਂ ਬੰਦ ਕਰਕੇ ਮੰਨ ਲਈ ਪਰ ਇੱਕ ਸਿੱਖ ਵਿਦਵਾਨ ਦੀ ਲੰਬੇ ਅਰਸੇ ਦੇ ਕੈਲੰਡਰ ਦੀਆਂ ਸਦਾ ਲਈ ਤਰੀਕਾਂ ਇੱਕ ਰੱਖਣ ਦੀ ਸੋਧ ‘ਤੇ ਕਿਸੇ ਨੀਤੀ ਤਹਿਤ ਵਿਵਾਦ ਮਚਾਇਆ ਜਾ ਰਿਹਾ ਹੈ।
ਸ਼ ਪਾਲ ਸਿੰਘ ਪੁਰੇਵਾਲ ਨੇ ਕੇਵਲ ਨਾਨਕਸ਼ਾਹੀ ਕੈਲੰਡਰ ਹੀ ਨਹੀਂ ਬਣਾਇਆ ਸਗੋਂ ਮੁਸਲਮਾਨ ਭਰਾਵਾਂ ਨੂੰ ਇਕ ਹਿਜਰੀ ਕੈਲੰਡਰ ਵੀ ਬਣਾ ਕੇ ਦਿੱਤਾ। ਪਾਕਿਸਤਾਨ ਦੇ ਵਿਦਵਾਨਾਂ ਨੇ ਸ਼ ਪੁਰੇਵਾਲ ਨਾਲ ਮੀਟਿੰਗਾਂ ਰਾਹੀਂ ਇਸ ਕੈਲੰਡਰ ਨੂੰ ਮਨਜੂਰ ਕਰ ਕੇ ਸ਼ ਪੁਰੇਵਾਲ ਦਾ ਸਨਮਾਨ ਵੀ ਕੀਤਾ ਜਦਕਿ ਇਸ ਦੇ ਉਲਟ ਸਾਡੇ ਆਪਣੇ ਦੇਸ਼ ਵਾਸੀਆਂ ਨੇ ਸਨਮਾਨ ਕਰਨਾ ਤਾਂ ਇਕ ਪਾਸੇ ਸਗੋਂ ਜਲੀਲ ਕਰਨ ਦੀ ਹਰ ਕੋਸ਼ਿਸ਼ ਕੀਤੀ। ਇਹ ਗੱਲ ਤਾਂ ਬਿਲਕੁਲ ਠੀਕ ਲਗਦੀ ਹੈ ਕਿ ਕੈਲੰਡਰ ‘ਤੇ ਮਾਹਰਾਂ ਦਾ ਵਿਚਾਰ-ਵਟਾਂਦਰਾ ਜਰੂਰੀ ਹੈ ਅਤੇ ਇਸ ਵਿਚਾਰ-ਵਟਾਂਦਰੇ ਵਿਚ ਉਹ ਸੱਜਣ ਬੈਠਣੇ ਚਾਹੀਦੇ ਹਨ ਜੋ ਕੈਲੰਡਰ ਵਿਗਿਆਨ ਦੇ ਗਿਆਤਾ ਹੋਣ ਪਰ ਸਾਡੀ ਕੌਮ ਦਾ ਹਾਲ ਇਹ ਹੈ ਕਿ ਸ਼ ਪਾਲ ਸਿੰਘ ਪੁਰੇਵਾਲ ਵਰਗੇ ਕੈਲੰਡਰ ਵਿਗਿਆਨ ਦੇ ਮਾਹਿਰ ਜਿਨ੍ਹਾਂ ਦਾ ਜ਼ਿਕਰ ਵਿਕਸਤ ਦੇਸ਼ ਕੈਲੰਡਰ ਸਾਇੰਸ ਦੀਆਂ ਕਿਤਾਬਾਂ ਦੀਆਂ ਭੂਮਿਕਾਵਾਂ ਵਿਚ ਲਿਖਣ ਲਈ ਮਜਬੂਰ ਹੋਏ ਹਨ, ਦੇ ਅੱਧੀ ਸਦੀ ਦੇ ਕੀਤੇ ਕੰਮ ‘ਤੇ ਕਿੰਤੂ ਕੋਰੇ ਅਨਪੜ ਬਾਬੇ/ਜਥੇਦਾਰਾਂ ਵਲੋਂ ਕੀਤਾ ਜਾਂਦਾ ਹੈ ਜੋ ਕਿ ਕੈਲੰਡਰ ਸਾਇੰਸ ਦਾ ਊੜਾ-ਐੜਾ ਵੀ ਨਹੀਂ ਜਾਣਦੇ। ਇਸੇ ਤਰ੍ਹਾਂ ਕੁਝ ਭਾੜੇ ਦੇ ਲਿਖਾਰੀ ਆਪਣੀ ਜਿਦ ਕਾਰਣ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਆ ਰਹੇ ਹਨ।
ਵਿਚਾਰ-ਚਰਚਾ ਲਈ ਜਰੂਰੀ ਹੈ ਕਿ ਦੋਵਾਂ ਧਿਰਾਂ ਦੀ ਵਿਸ਼ੇ ‘ਤੇ ਪਕੜ ਵਿਗਿਆਨਕ ਅਤੇ ਸਮੇਂ ਅਨੁਸਾਰ ਹੋਵੇ ਤਾਂ ਕਿ ਇਹ ਯਕੀਨੀ ਰਹੇ ਕਿ ਦੋਵੇਂ ਧਿਰਾਂ ਕੈਲੰਡਰ ਦੀਆਂ ਤਕਨੀਕੀ ਗੱਲਾਂ ਤੋਂ ਵਾਕਿਫ ਹਨ। ਪਰ ਜਦੋਂ ਕੁਝ ਲੋਕਾਂ ਨੂੰ ਵਿਚਾਰ ਲਈ ਵੰਗਾਰਿਆ ਗਿਆ ਤਾਂ ਜਵਾਬ ਸੀ, ਇਨ੍ਹਾਂ ਤਕਨੀਕੀ ਗੱਲਾਂ ‘ਤੇ ਵਿਚਾਰ ਲਈ ਅਸੀਂ ਸਮਾ ਵਿਅਰਥ ਨਹੀਂ ਗੁਆਉਣਾ। ਕਈਆਂ ਦਾ ਤਾਂ ਇੱਕੋ ਇੱਕ ਉਦੇਸ਼ ਆਪਣੀ ਮਰਜੀ ਦੀਆਂ ਤਰੀਕਾਂ ਨੂੰ ਹੀ ਸਹੀ ਸਾਬਤ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਹਰ ਹੀਲੇ ਵਿਰੋਧ ਕਰਨਾ ਹੈ। ਕੁਝ ਦਾ ਵਿਰੋਧ ਇਸ ਕਰਕੇ ਹੈ ਕਿ ਉਨ੍ਹਾਂ ਦੀਆਂ ਕਹੀਆਂ/ਦੱਸੀਆਂ ਗੱਲਾਂ/ਨੁਕਤੇ ਕਿਉਂ ਨਾ ਮੰਨੇ ਗਏ। ਕੁਝ ਅਜਿਹੇ ਵਿਰੋਧੀ ਵੀ ਹਨ ਜਿਨ੍ਹਾਂ ਦਾ ਕੰਮ ਹੀ ਹਰ ਉਸ ਗੱਲ ਦਾ ਵਿਰੋਧ ਕਰਨਾ ਹੈ ਜਿਸ ਦਾ ਸਬੰਧ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖ ਕੌਮ ਦੇ ਵੱਖਰੀ ਕੌਮ ਵਜੋਂ ਸਥਾਪਤ ਹੋਣ ਨਾਲ ਹੈ। ਭਾਵੇਂ ਇਹ ਧਾਰਾ 25 ਬੀ ਹੋਵੇ ਜਾਂ ਸਿੱਖ ਮੈਰਿਜ ਐਕਟ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ। ਇਹ ਤਾਂ ਸਭ ਜਾਣਦੇ ਹਨ ਕਿ ਕੈਲੰਡਰ ਹੀ ਕੌਮਾਂ ਦੀ ਵੱਖਰੀ ਪਹਿਚਾਣ ਦਾ ਕਾਰਣ ਨਹੀਂ ਹੁੰਦੇ ਪਰ ਸਿੱਖ ਕੌਮ ਲਈ ਇਹ ਵੱਡੇ ਭਾਗਾਂ ਵਾਲੀ ਗੱਲ ਹੀ ਹੈ ਕਿ ਸਾਡਾ ਨਾਨਕਸ਼ਾਹੀ ਕੈਲੰਡਰ ਵੀ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਬਣ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸੀ ਈ ਕੈਲੰਡਰ ਹੀ ਵਰਤਣਾ ਹੈ, ਚੇਤ ਵੈਸਾਖ ਨਹੀਂ। ਸਵਾਲ ਹੈ ਕਿ ਇਹ ਲੋਕ ਇਹ ਕਿੰਝ ਭੁੱਲ ਜਾਂਦੇ ਹਨ ਕਿ ਚਾਹੇ 5 ਜਨਵਰੀ ਹੋਵੇ, ਚਾਹੇ 23 ਪੋਹ- ਤਰੀਕਾਂ ਦੋਹਾਂ ਦੀਆਂ ਪੱਕੀਆਂ ਰਹਿਣਗੀਆਂ। ਅਗਰ ਕੰਧ ‘ਤੇ ਟੰਗੇ ਕੈਲੰਡਰ ਵਿਚ ਸੀ ਈ ਦੇ ਨਾਲ ਨਾਲ ਬਿਕਰਮੀ ਦੀ ਜਗ੍ਹਾ ਨਾਨਕਸ਼ਾਹੀ ਕੈਲੰਡਰ ਹੋਵੇਗਾ ਤਾਂ ਉਨ੍ਹਾਂ ਦਾ ਕੀ ਨੁਕਸਾਨ ਹੋ ਜਾਵੇਗਾ? ਕੁਝ ਲੋਕ ਆਖਦੇ ਹਨ ਕਿ ਸਾਨੂੰ ਤਾਂ ਪੁਰਾਣਾ ਗੁਰੂ ਕਾਲ ਵਾਲਾ ਕੈਲੰਡਰ ਹੀ ਠੀਕ ਹੈ ਪਰ ਅਜਿਹੇ ਭੋਲੇ ਲੋਕ ਇਹ ਵੀ ਨਹੀਂ ਜਾਣਦੇ ਕਿ ਗੁਰੂ ਕਾਲ ਵੇਲੇ ਵਰਤੇ ਜਾਂਦੇ ਬਿਕਰਮੀ ਕੈਲੰਡਰ ਵਿਚ ਤਾਂ ਹਿੰਦੂ ਵਿਦਵਾਨ 1964 ਵਿਚ ਸੋਧ ਕਰ ਚੁੱਕੇ ਹਨ, ਹੁਣ ਤੇ ਉਹ ਪੁਰਾਣਾ ਹੈ ਹੀ ਨਹੀਂ।
ਕੁਝ ਲੋਕ ਸ਼ ਪੁਰੇਵਾਲ ਦੇ ਬਣਾਏ ਕੈਲੰਡਰ ਵਿਚ ਸੰਗਰਾਂਦ, ਮੱਸਿਆ ਜਾਂ ਪੂਰਨਮਾਸ਼ੀ ਦੇ ਜ਼ਿਕਰ ਨੂੰ ਠੀਕ ਨਹੀਂ ਸਮਝਦੇ ਪਰ ਉਹ ਇਹ ਸਮਝਣੋ ਅਸਮਰਥ ਹਨ ਕਿ ਬਿਕਰਮੀ ਦੀ ਸੰਗਰਾਂਦ ਸੂਰਜ ਦੇ ਇਕ ਰਾਸ਼ੀ ‘ਚੋਂ ਦੂਜੀ ਰਾਸ਼ੀ ਵਿਚ ਜਾਣ ਨੂੰ ਕਹਿੰਦੇ ਹਨ (ਧਰਤੀ ਨੂੰ ਖੜਾ ਅਤੇ ਸੂਰਜ ਨੂੰ ਰਾਸ਼ੀਆਂ {ਤਾਰਿਆਂ ਦਾ ਸਮੂਹ} ਬਦਲਦਾ ਮੰਨ ਕੇ) ਜਦਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਂ ਮਹੀਨੇ ਦੇ ਪਹਿਲੇ ਦਿਨ ਨੂੰ ਸੰਗਰਾਂਦ ਆਖਿਆ ਗਿਆ ਹੈ ਜਿਸ ਦਾ ਬਿਪਰਵਾਦ ਨਾਲ ਕੋਈ ਸਬੰਧ ਨਹੀਂ। ਮੱਸਿਆ ਜਾਂ ਪੂਰਨਮਾਸ਼ੀ ਦਾ ਸਬੰਧ ਅਰਧ ਗੋਲੇ ਵਿਚ ਚੰਦ ਦਾ ਧਰਤੀ ਦੇ ਸਭ ਤੋਂ ਨਜ਼ਦੀਕ ਆ ਕੇ ਪੂਰਾ ਦਿਖਣਾ ਜਾਂ ਚੰਦਰਮਾ ਦਾ ਧਰਤੀ ਓਹਲੇ ਹੋ ਕੇ ਪੂਰਾ ਅੰਧੇਰਾ ਹੋਣ ਨਾਲ ਹੈ। ਬਿਪਰਵਾਦ ਅਜਿਹੇ ਦਿਨਾਂ ਨੂੰ ਪਵਿਤਰ/ਅਪਵਿਤਰ ਮੰਨ ਕੇ ਪੂਜਣ ਤੋਂ ਹੈ। ਮੱਸਿਆ ਪੂਰਨਮਾਸ਼ੀ ਤਾਂ ਕੁਦਰਤੀ ਵਰਤਾਰੇ ਹਨ।
ਕੁਝ ਲੋਕ ਦੂਜਿਆਂ ਦੀ ਆਲੋਚਨਾ ਲਈ ਕੈਲੰਡਰ ਬਾਰੇ ਵਿਚਾਰ ਕਰਨ ਵਾਲਿਆਂ ਨੂੰ ਤਾਂ ਕੈਲੰਡਰ ਵਿਗਿਆਨੀਆਂ ਦੀ ਭਰਮਾਰ ਆਖਦੇ ਹਨ ਪਰ ਖੁਦ ਇਸੇ ਰਸਤੇ ਚੱਲਣ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ। ਕੁਝ ਲੋਕ ਆਖਦੇ ਹਨ ਕਿ ਪੁਰੇਵਾਲ ਕਾਰਣ ਦੋ ਤਰ੍ਹਾਂ ਦੇ ਚੇਤ-ਵੈਸਾਖ ਬਣ ਗਏ ਹਨ ਪਰ 1964 ਦੌਰਾਨ ਹਿੰਦੂ ਵਿਗਿਆਨੀਆਂ ਦੀ ਕੀਤੀ ਸੋਧ ਕਾਰਣ ਉਸ ਵੇਲੇ ਬਣੇ ਨਵੇਂ ਚੇਤ-ਵੈਸਾਖ ਬਾਰੇ ਚੁੱਪ ਰਹਿੰਦੇ ਹਨ। ਇਸੇ ਤਰ੍ਹਾਂ ਰੋਮਨਾਂ ਦੀ ਕੀਤੀ ਸੋਧ ਵੇਲੇ ਇਨ੍ਹਾਂ ਨੂੰ ਨਵੇਂ ਜਨਵਰੀ-ਫਰਵਰੀ ਨਹੀਂ ਦਿਸਦੇ। ਕਈ ਆਖਦੇ ਹਨ ਪੁਰੇਵਾਲ ਨੇ ਵਕਤ ਖਰਾਬ ਕੀਤਾ ਹੈ ਪਰ ਆਪਣੇ ਵਕਤ ਦੀ ਸਹੀ ਵਰਤੋਂ ਕਰਕੇ ਕੋਈ ਕੌਮੀ ਕਾਰਜ ਕਰਦੇ ਕਦੇ ਨਹੀਂ ਦੇਖੇ ਗਏ। ਕੁਝ ਲਿਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਬਾਹਮਣਾਂ ਨਾਲੋਂ ਨਾੜੂਆ ਕੱਟਣ ਸਮਾਨ ਹੈ ਜੋ ਕਿ ਬਹੁਤ ਹੱਦ ਤੱਕ ਸਹੀ ਗੱਲ ਹੈ। ਸ਼ਾਇਦ ਇਹੀ ਕਾਰਣ ਹੈ ਨਾਨਕਸ਼ਾਹੀ ਕੈਲੰਡਰ ਦੀ ਨੀਤੀਗਤ ਵਿਰੋਧਤਾ ਦਾ। ਕੁਝ ਲੋਕ ਆਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀ ਕੀ ਲੋੜ ਸੀ ਸਿਰਫ 10-12 ਦਿਨ ਹੀ ਪੱਕੇ ਕਰਨ ਦੀ ਲੋੜ ਸੀ ਪਰ ਅਜਿਹਾ ਕਹਿਣ ਵਾਲੇ ਸੱਜਣ 2003 ਤੋਂ ਹੁਣ ਤੱਕ ਵਿਰੋਧਤਾ ਤਾਂ ਕਰਦੇ ਆਏ ਹਨ ਪਰ ਇਹ ਆਖੇ ਜਾਂਦੇ 10-12 ਦਿਨ ਖੁਦ ਪੱਕੇ ਨਹੀਂ ਕਰ ਸਕੇ। ਕਿੰਨਾ ਚੰਗਾ ਹੁੰਦਾ ਅਗਰ ਦੂਜੇ ਦੀ ਮਾਰੀ ਲਕੀਰ ਢਾਹੁਣ ਦੀਆਂ ਕੋਸ਼ਿਸ਼ਾਂ ਛੱਡ ਕੇ ਖੁਦ ਆਪਣੀ ਵੱਡੀ ਲਕੀਰ ਮਾਰ ਕੇ ਦਿਖਾਉਂਦੇ। ਅਸਲ ਵਿਚ ਅਜਿਹੇ ਲੋਕਾਂ ਦਾ ਮਕਸਦ ਕੇਵਲ ਤੇ ਕੇਵਲ ਵਿਰੋਧ ਕਰਕੇ ਚਰਚਾ ਵਿਚ ਰਹਿਣਾ ਹੀ ਹੈ।
ਸਮੇਂ ਨੂੰ ਮਿਣਨ ਲਈ ਅਗਰ ਕੋਈ ਕਿਸੇ ਨਵੀਂ ਤਕਨਾਲੋਜੀ ਨਾਲ ਘੜੀ ਬਣਾ ਦੇਵੇ ਤਾਂ ਕਦੇ ਵਿਵਾਦ ਨਹੀਂ ਹੋਵੇਗਾ ਸਗੋਂ ਅਪਨਾਉਣ ਲਈ ਹਰ ਕੋਈ ਪਹਿਲ ਕਰਦਾ ਨਜ਼ਰ ਆਵੇਗਾ। ਅਗਰ ਕਿਸੇ ਕੈਲੰਡਰ ਦੀ ਮਿਣਤੀ ਸਹੀ ਕਰਨ ਲਈ ਅੰਗਰੇਜ਼, ਰੋਮਨ ਜਾਂ ਭਾਰਤੀ ਬ੍ਰਾਹਮਣ ਕੋਈ ਤਬਦੀਲੀ ਕਰ ਦੇਣ ਤਾਂ ਕਿਸੇ ਨੂੰ ਕੋਈ ਉਜਰ ਨਹੀਂ ਹੋਵੇਗਾ ਪਰ ਅਗਰ ਕਿਧਰੇ ਕੋਈ ਸਿੱਖ ਵਿਦਵਾਨ ਕੈਲੰਡਰ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਕੇ ਸੀ ਈ ਕੈਲੰਡਰ ਵਾਂਗ ਹੀ ਤਰੀਕਾਂ ਮੁਕੱਰਰ ਕਰ ਦੇਵੇ ਤਾਂ ਸੱਚਮੁੱਚ ਵਿਵਾਦ ਹੋ ਜਾਂਦਾ ਹੈ। ਉਹ ਲੋਕ ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਬਾਰੇ ਊੜਾ-ਐੜਾ ਵੀ ਪਤਾ ਨਹੀਂ ਹੁੰਦਾ ਉਹ ਵੀ ਵਿਰੋਧ ਕਰਦੇ ਨਜ਼ਰ ਆਉਂਦੇ ਹਨ। ਇਹ ਗੱਲ ਵੀ ਸਪੱਸ਼ਟ ਹੈ ਕਿ ਹੁਣ ਸਿੱਖ ਕੌਮ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਰਹੀ। ਮਜਹਬੀ-ਰਾਜਨੀਤਕ ਗੱਠਜੋੜ ਨੇ ਆਪਣੇ ਵਕਤੀ ਫਾਇਦੇ ਲਈ ਸਿੱਖਾਂ ਦੀਆਂ ਕੇਂਦਰੀ ਜਥੇਬੰਦੀਆਂ ਦਾ ਘੇਰਾ ਪੰਜਾਬ ਜਾਂ ਕੁਝ ਗਵਾਂਢ ਤੱਕ ਹੀ ਸੀਮਤ ਕੀਤਾ ਹੋਇਆ ਹੈ। ਜਿੱਥੇ ਹਿੰਦੁਸਤਾਨੀ ਸਿੱਖ ਉਨ੍ਹਾਂ ਦੀਆਂ ਬੱਜਰ ਗਲਤੀਆਂ ਕਾਰਣ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਗੱਲ ਮੰਨਣੋ ਇਨਕਾਰੀ ਹਨ, ਉਥੇ ਭਾਰਤ ਤੋਂ ਬਾਹਰ ਵਸਦੇ ਬਹੁਤੇ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਮਤੇ ਪਾਏ ਹੋਏ ਹਨ। ਅਨੇਕਾਂ ਗੁਰਦੁਆਰਿਆਂ ਨੇ 2003 ਤੋਂ ਹੀ ਨਾਨਕਸ਼ਾਹੀ ਕੈਲੰਡਰ ਅਪਨਾਇਆ ਹੋਇਆ ਹੈ। ਭਾਵੇਂ 2003 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਪਰਵਾਨਗੀ ਦਿੰਦਿਆਂ ਸ਼੍ਰੋਮਣੀ ਕਮੇਟੀ ਨੇ ਕਿਸੇ ਚਾਲ ਤਹਿਤ 3-4 ਮਹੱਤਵਪੂਰਣ ਦਿਹਾੜਿਆਂ ਨੂੰ ਬਿਕਰਮੀ ਵਾਲੇ ਹੀ ਰੱਖ ਕੇ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਕਰਨ ਦਾ ਯਤਨ ਅਰੰਭ ਦਿੱਤਾ ਸੀ ਪਰ ਸ਼ ਪੁਰੇਵਾਲ ਨੇ ਘੱਟੋ ਘੱਟ ਬਾਕੀ ਤਰੀਕਾਂ ਨੂੰ ਸਮਝਾਉਣ ਲਈ ਪਲੇਟਫਾਰਮ ਮਿਲਣ ਤੇ ਸਭ ਤਰੀਕਾਂ ਨੂੰ ਹੀ ਨਾਨਕਸ਼ਾਹੀ ਅਨੁਸਾਰ ਕਰਨ ਦੀ ਝਾਕ ਵਿਚ ਮੀਟਿੰਗਾਂ ਅਰੰਭੀਆਂ ਸਨ ਪਰ ਜਿਵੇਂ ਹੀ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਨੇ ਸਾਰੇ ਹੀ ਕੈਲੰਡਰ ਦੇ ਬਿਕਰਮੀਕਰਣ ‘ਤੇ ਜੋਰ ਦਿੱਤਾ ਤਾਂ ਰੋਹ ਵਿਚ ਆਏ ਸਿੱਖਾਂ ਨੇ ਜੋਰ-ਸ਼ੋਰ ਨਾਲ ਵਿਦੇਸ਼ਾਂ ਵਿਚ ਅਸਲੀ ਅਤੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਉਣਾ ਅਰੰਭ ਕਰ ਦਿਤਾ।