ਡਾæ ਸੁਖਪ੍ਰੀਤ ਸਿੰਘ ਉਦੋਕੇ
ਫੋਨ: 91-98722-72004
ਕੌਮ ਲਈ ਹਿੱਤਕਾਰੀ ਮੁੱਦਿਆਂ ਪ੍ਰਤੀ ਸਾਡੀ ਸੋਚ ਧੜੇਬੰਦੀ ਤੋਂ ਮੁਕਤ ਨਹੀਂ ਹੈ। ਚਲੰਤ ਮਸਲਿਆਂ ਵਿਚੋਂ ਜੇਕਰ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੀ ਲੈ ਲਈਏ ਤਾਂ ਇਸ ਦੌਰਾਨ ਵੀ ਕੌਮੀ ਧੜੇਬੰਦੀ ਦਾ ਉਗਰ ਰੂਪ ਵੇਖਣ ਵਿਚ ਆਇਆ ਹੈ। ਕਿਹਾ ਜਾ ਸਕਦਾ ਹੈ ਕਿ ਅਹਿਮ ਮਸਲੇ ਪ੍ਰਤੀ ਸੁਹਿਰਦਤਾ, ਸਪੱਸ਼ਟਤਾ ਅਤੇ ਸੰਵੇਦਨਸ਼ੀਲਤਾ ਦੀ ਘਾਟ ਹੈ ਪ੍ਰੰਤੂ ਸ਼ੋਹਰਤ, ਸ਼ੋਸ਼ੇਬਾਜ਼ੀ ਅਤੇ ਸ਼ਰਾਰਤਬਾਜ਼ੀ ਦੀ ਬਹੁਤਾਤ ਹੈ।
ਗੈਰ ਸਿਧਾਂਤਕ ਰਾਜਸੀ ਧੜੇਬੰਦੀ ਦੀਆਂ ਸਵਾਰਥੀ ਨੀਤੀਆਂ ਅਧੀਨ ਖੇਡਿਆ ਜਾ ਰਿਹਾ ਇਹ ਖ਼ਤਰਨਾਕ ਪੱਤਾ ਭਵਿੱਖ ਦੀ ਪੀੜੀ ਨੂੰ ਵਿਚਾਰਧਾਰਕ ਪੱਖ ਤੋਂ ਇੰਨਾ ਹੀਣਾ ਕਰ ਦੇਵੇਗਾ ਕਿ ਭਵਿੱਖ ਦੇ ਦਿੱਤ ਸਿੰਘ ਦੁਬਾਰਾ ਕਿਸੇ ਦਯਾਨੰਦ ਨਾਲ ਸੰਵਾਦ ਰਚਾਉਣ ਦੇ ਸ਼ਾਇਦ ਕਾਬਿਲ ਨਹੀਂ ਰਹਿਣਗੇ ਕਿਉਂਕਿ ਆਪਣਿਆਂ ਦੀ ਖ਼ੁਦਗ਼ਰਜੀ ਅਤੇ ਸ਼ਿਕਾਰੀਆਂ ਦੀ ਨੀਤੀ, ਸ਼ੇਰਾਂ ਦੇ ਸਿਰਜੇ ਇਤਿਹਾਸ ਨੂੰ ਕਤਲ ਕਰਕੇ ਮਿਥਿਹਾਸ ਰੂਪ ਵਿਚ ਪੁਨਰਜੀਵਤ ਕਰ ਚੁੱਕੀ ਹੋਵੇਗੀ। ਜੇਕਰ ਕੌਮ ਦੇ ਪਰੰਪਰਾਵਾਦੀ ਅਤੇ ਸੰਪਰਦਾਈ ਪੱਖ ਦਾ ਮਨੋਵਿਗਿਆਨਕ ਅਧਿਐਨ ਕਰੀਏ ਤਾਂ ਉਸ ਦਾ ਬੌਧਿਕ ਤਲ ਏਨਾ ਜ਼ਰਜਰਾ ਹੋ ਚੁੱਕਾ ਹੈ ਕਿ ਉਹ ਤਾਂ ਅਜੇ ਤੱਕ ਗੁਰਬਾਣੀ ਦੀਆਂ ਗੈਰਸਿਧਾਂਤਕ ਵਿਆਖਿਆ ਪ੍ਰਣਾਲੀਆਂ ਵਿਚੋਂ ਆਪਣੇ ਆਪ ਨੂੰ ਮੁਕਤ ਕਰਨ ਜਾਂ ਲੋੜੀਂਦੀਆਂ ਸੋਧਾਂ ਕਰਨ ਨੂੰ ਤਿਆਰ ਨਹੀਂ ਅਤੇ Ḕਮੈਂ ਨਾ ਮਾਨੂੰḔ ਉਪਰ ਹੀ ਅੜਿਆ ਹੋਇਆ ਹੈ।
ਦੂਸਰੇ ਪਾਸੇ, ਜਿਹੜਾ ਤੰਤਰ ਸਮੁੱਚੇ ਹਿੰਦੋਸਤਾਨ ਨੂੰ ਹਿੰਦੂ, ਹਿੰਦੀ ਅਤੇ ਹਿੰਦੂਤਵ ਦੇ ਭਗਵੇਂ ਰੰਗ ਵਿਚ ਰੰਗਣ ਲਈ ਯਤਨਸ਼ੀਲ ਹੈ, ਉਸ ਦੀ ਸੋਚ ਬਹੁਤ ਹੀ ਦੂਰਅੰਦੇਸ਼, ਸਤਰਕ ਅਤੇ ਆਪਣੇ ਵਿਚਾਰਧਾਰਕ ਪੱਖ ਨੂੰ ਉਚਾ ਚੁਕਣ ਲਈ ਸਮਰਪਿਤ ਹੈ। ਭਵਿੱਖ ਦੀ ਸੋਝੀ ਤੋਂ ਵਿਹੂਣੀਆਂ ਸਾਡੀਆਂ ਤਰਕੀਬਾਂ ਤਾਂ ਇਤਿਹਾਸ ਨੂੰ ਮਿਥਿਹਾਸ ਵਿਚ ਬਦਲਣ ਦੀ ਕਿਰਿਆ ਦਾ ਹਿੱਸਾ ਬਣ ਚੁੱਕੀਆਂ ਹਨ ਪਰ ਉਹ ਆਪਣੇ ਮਿਥਿਹਾਸ ਨੂੰ ਇਤਿਹਾਸ ਦੀ ਯਥਾਰਤਕਤਾ ਦਾ ਬਾਣਾ ਪਹਿਨਾ ਰਹੇ ਹਨ। ਇਕ ਪਾਸੇ ਤਾਂ ਜਿਥੇ ਪੂਰਨ ਰੂਪ ਵਿਚ ਵਿਦਿਆ ਪ੍ਰਣਾਲੀ ਦਾ ਭਗਵਾਂਕਰਨ ਹੋ ਰਿਹਾ ਹੈ, ਉਥੇ ਦੂਜੇ ਪਾਸੇ ਉਨ੍ਹਾਂ ਦੀਆਂ ਵਿਸ਼ੇਸ਼ ਖੋਜ ਸੰਸਥਾਵਾਂ ਆਪਣੇ ਮਿਥਿਹਾਸਕ ਪਾਤਰਾਂ ਦਾ ਤਾਰੀਖਾਵਲੀ ਅਧੀਨ ਢਾਂਚਾ ਉਸਾਰ ਕੇ ਉਨ੍ਹਾਂ ਨੂੰ ਇਤਿਹਾਸ ਦੇ ਢਾਂਚੇ ਦੇ ਹਾਣੀ ਬਣਾ ਰਹੀਆਂ ਹਨ।
ਸਾਲ 2003 ਦੀ Ḕਟਾਈਮਜ਼ ਆਫ ਇੰਡੀਆḔ ਅਖਬਾਰ ਵਿਚ 8 ਨਵੰਬਰ ਨੂੰ ਇਕ ਖ਼ਬਰ ਪ੍ਰਕਾਸ਼ਿਤ ਹੋਈ ਸੀ ਕਿ ਇਕ ਆਈæਆਰæਐਸ਼ ਅਫਸਰ ਸ਼੍ਰੀਮਤੀ ਸਰੋਜ ਬਾਲਾ ਨੇ ਹਿੰਦੂ ਧਰਮ ਦੇ ਪੁਰਾਤਨ ਸਰੋਤਾਂ ਦੀ ਘੋਖ ਕਰਕੇ ਅਤੇ ਗ੍ਰਹਿ ਵਿਗਿਆਨ ਦਾ ਨਵੀਨਤਮ ਸਰੋਤਾਂ ਵਿਧੀਆਂ ਅਨੁਸਾਰ ਅਧਿਐਨ ਕਰਕੇ ਦਸ਼ਰਥ ਪੁੱਤਰ ਰਾਮ ਜੀ ਦੀ ਜਨਮ ਤਾਰੀਖ ਨਿਰਧਾਰਿਤ ਕਰਨ ਦਾ ਦਾਅਵਾ ਕੀਤਾ ਹੈ। ਉਸ ਅਨੁਸਾਰ ਇਹ ਤਾਰੀਖ 10 ਜਨਵਰੀ 5114 ਬੀæਸੀæ ਬਣਦੀ ਹੈ।
ਸੰਘ ਦੀ ਬਿਪਰਵਾਦੀ ਨੀਤੀ ਤੋਂ ਪ੍ਰਭਾਵਿਤ ਕਈ ਲੋਕ ਇਹ ਦਲੀਲ ਵੀ ਦਿੰਦੇ ਹਨ ਕਿ ਨਾਨਕਸ਼ਾਹੀ ਜੰਤਰੀ ਨਾਲ ਹਿੰਦੂਆਂ-ਸਿੱਖਾਂ ਦੀ ਆਪਸੀ ਸਾਂਝ ਟੁੱਟ ਜਾਵੇਗੀ ਅਤੇ ਮਨਾਏ ਜਾਂਦੇ ਸਾਂਝੇ ਤਿਉਹਾਰ (ਦੀਵਾਲੀ-ਬੰਦੀਛੋੜ) ਬਾਰੇ ਵਿਵਾਦ ਖੜਾ ਹੋਵੇਗਾ, ਪਰ ਸੰਘੀ ਵਿਦਵਾਨ ਤਾਂ ਭਗਵਾਨ ਰਾਮ ਦੇ ਅਯੁਧਿਆ ਆਗਮਨ ਦੀਆਂ ਤਾਰੀਖਾਂ ਵੀ ਤੈਅ ਕਰਨ ਲਈ ਸਿਰਤੋੜ ਅਤੇ ਸਿਰਜੋੜ ਯਤਨ ਕਰ ਰਹੇ ਹਨ। ਆਪਣੇ ਧਾਰਮਿਕ ਸਰੋਤਾਂ ਦੀ ਘੋਖ ਪੜਤਾਲ ਉਪਰੰਤ ਉਨ੍ਹਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਕੱਤਕ ਦੇ ਮਹੀਨੇ ਵਿਚ ਮਨਾਈ ਜਾਂਦੀ ਦੀਵਾਲੀ ਦਾ ਹਿੰਦੂ ਧਰਮ ਦੇ ਤਿਉਹਾਰ ਦੀਵਾਲੀ ਨਾਲ ਕੋਈ ਤੁਅੱਲਕ ਨਹੀਂ ਹੈ। ਸੰਘ ਵਲੋਂ ਪ੍ਰਕਾਸ਼ਿਤ ਮਾਸਿਕ ਪੱਤਰ ḔਰਾਵਨੀḔ ਵਿਚ ਇਸ ਪੱਖ ਦੀ ਖੋਜ ਨਾਲ ਜੁੜੇ ਸੰਘੀ ਵਿਦਵਾਨ ਬਾਲ ਕਿਸ਼ਨ ਵੈਦ ਭਗਵਾਨ ਰਾਮ ਦੇ ਆਗਮਨ ਬਾਰੇ ਲਿਖਦੇ ਹਨ, “ਪਤਾ ਨਹੀਂ ਭਗਵਾਨ ਰਾਮ ਦੇ ਬਨਵਾਸ ਪਿੱਛੋਂ ਅਯੁਧਿਆ ਵਾਪਸੀ ਨਾਲ ਇਸ ਦਾ ਸਬੰਧ ਕਦੋਂ ਜੋੜਿਆ ਗਿਆ? ਬਾਲਮੀਕ ਰਮਾਇਣ ਵਿਚ ਤਾਂ ਲਿਖਿਆ ਹੈ ਕਿ ਲੰਕਾ ਵਿਜੈ ਤੋਂ ਬਾਅਦ ਭਗਵਾਨ ਰਾਮ ਚੇਤਰ ਦੇ ਮਹੀਨੇ ਵਿਚ ਅਯੁਧਿਆ ਪਹੁੰਚੇ। ਰਾਵਣ ਨੂੰ ਮਾਰਨ ਤੋਂ ਬਾਅਦ ਸ੍ਰੀ ਰਾਮ ਚੰਦਰ ਅਯੁਧਿਆ ਪਰਤੇ ਤਾਂ ਰਸਤੇ ਵਿਚ ਰਿਸ਼ੀ ਭਾਰਦਵਾਜ ਦੇ ਆਸ਼ਰਮ ਵਿਚ ਰੁਕੇ। ਇਸ ਬਾਬਤ ਮਹਾਰਿਸ਼ੀ ਬਾਲਮੀਕ ਨੇ ਆਪਣੇ ਰਮਾਇਣ ਵਿਚ ਲਿਖਿਆ ਹੈ,
ਪੂਰਨੇਯ ਚਤੁਰ ਦੇਸ਼ ਵਰਸ਼ੇ ਪੰਚਮਯ ਲਕਸ਼ਨਾਤਮਯ:॥
ਭਾਰਦਵਾਜ ਆਸ਼ਰਮ ਪ੍ਰਾਪਯ ਵੰਦੇ ਨੀਯਤੋ ਮਨਿਮ॥੧੨੬॥ (ਰਮਾਇਣ, ਰਿਸ਼ੀ ਬਾਲਮੀਕ)
ਅਰਥਾਤ ਚੌਦਾਂ ਵਰ੍ਹੇ ਪੂਰੇ ਹੋਣ ਪਿੱਛੋਂ ਪੰਚਮੀ ਨੂੰ ਭਗਵਾਨ ਰਾਮ, ਭਾਰਦਵਾਜ ਆਸ਼ਰਮ ਪਹੁੰਚੇ। ਇਹ ਪੰਚਮੀ ਹੀ ਚੌਦਾਂ ਵਰ੍ਹਿਆਂ ਦੀ ਆਖਰੀ ਤਾਰੀਖ ਸੀ ਕਿਉਂਕਿ ਜਦੋਂ ਭਾਰਦਵਾਜ ਮੁਨੀ, ਸ੍ਰੀ ਰਾਮ ਨੂੰ ਆਸ਼ਰਮ ਵਿਚ ਇਕ ਰਾਤ ਹੋਰ ਠਹਿਰਨ ਦੀ ਬੇਨਤੀ ਕਰਦੇ ਹਨ ਤਾਂ ਸ੍ਰੀ ਰਾਮ, ਸ੍ਰੀ ਹਨੂੰਮਾਨ ਨੂੰ ਨਿਸ਼ਾਦ, ਰਾਜਗੁਰੂ ਅਤੇ ਭਰਤ ਨੂੰ ਆਪਣੇ ਆਗਮਨ ਦੀ ਸੂਚਨਾ ਦੇਣ ਨੂੰ ਭੇਜ ਦਿੰਦੇ ਹਨ। ਸ੍ਰੀ ਹਨੂੰਮਾਨ ਨਿਸ਼ਾਦਰਾਜ ਨੂੰ ਜਾ ਕੇ ਦੱਸਦੇ ਹਨ।,
ਪੰਚਮੀਮਘ ਰਜਨੀ ਮੁਨਿਸ਼ਤਵਾ ਬਚਨਾਨ ਮੁਨੇ:॥ (ਰਮਾਇਣ, ਰਿਸ਼ੀ ਬਾਲਮੀਕ)
ਅਰਥਾਤ ਭਾਵੇਂ ਜੋ ਮਰਜੀ ਹੋ ਜਾਵੇ, ਕਲ੍ਹ ਤਾਂ ਸ੍ਰੀ ਰਾਮ ਦੇ ਦਰਸ਼ਨ ਉਨ੍ਹਾਂ ਨੂੰ ਹਰ ਹਾਲਤ ਵਿਚ ਹੋਣਗੇ। ਇਹ ਸਪੱਸ਼ਟ ਹੈ ਕਿ ਸ੍ਰੀ ਰਾਮ ਦੇ ਬਨਵਾਸ ਜਾਣ ਅਤੇ ਵਾਪਸ ਪਰਤਣ ਦਾ ਮਹੀਨਾ ਚੇਤਰ ਹੀ ਹੈ। ਪਦਮ ਪੁਰਾਣ ਦੇ ਪਾਤਾਲ ਖੰਡ ਅਧਿਆਇ ਛੱਤੀ ਵਿਚ ਸ਼ੇਸ਼ ਅਤੇ ਵਾਤਸਯਾਨਨ ਦੀ ਵਾਰਤਾਲਾਪ ਹੈ। ਇਸ ਵਿਚ ਕੁੰਭਕਰਨ, ਮੇਘਨਾਥ, ਰਾਵਣ ਆਦਿ ਦੇ ਮਾਰੇ ਜਾਣ ਦੀਆਂ ਤਿਥੀਆਂ ਦਾ ਜ਼ਿਕਰ ਹੈ। ਉਥੇ ਲਿਖਿਆ ਹੈ ਕਿ ਚੇਤਰ ਸੁਦੀ ਦੁਆਦਸ਼ੀ (ਬਾਰ੍ਹਵੀਂ) ਤੋਂ ਚੇਤਰ ਵਦੀ ਚੌਧਵੀਂ ਤੱਕ ਅਠਾਰਾਂ ਦਿਨਾਂ ਤੱਕ ਰਾਮ ਤੇ ਰਾਵਣ ਵਿਚਕਾਰ ਯੁੱਧ ਚਲਿਆ। ਇਸ ਯੁੱਧ ਵਿਚ ਅੰਤਿਮ ਦਿਨ ਅਰਥਾਤ ਚੇਤਰ ਵਦੀ ਚੌਧਵੀਂ ਨੂੰ ਰਾਵਣ ਮਾਰਿਆ ਗਿਆ।
ਸੰਸਕਾਰੋ ਰਾਵਨਦੀ ਨਾਮ ਅਮਾਵਸਯਾਂ ਦਿਨੇ ਭਵਤ!॥ (ਪਦਮ ਪੁਰਾਣ)
ਅਰਥਾਤ ਚੇਤਰ ਦੀ ਮੱਸਿਆ ਨੂੰ ਰਾਵਣ ਦਾ ਅੰਤਿਮ ਸਸਕਾਰ ਹੋਇਆ। ਅਸੀਂ ਵੇਖਦੇ ਹਾਂ ਕਿ ਭਗਵਾਨ ਰਾਮ ਦਾ ਅਯੁਧਿਆ ਆਗਮਨ ਕੱਤਕ ਦੀ ਮੱਸਿਆ ਨੂੰ ਨਹੀਂ ਸਗੋਂ ਚੇਤਰ ਸੁਦੀ ਪੰਚਮੀ ਨੂੰ ਪੁਸ਼ਯ ਨਛੱਤਰ ਵਿਚ ਹੋਇਆ। ਅਰਥਾਤ ਦੀਵਾਲੀ ਦਾ ਸ੍ਰੀ ਰਾਮ ਦੇ ਅਯਧਿਆ ਆਗਮਨ ਨਾਲ ਕੋਈ ਸਬੰਧ ਨਹੀਂ।”
ਇਸ ਸਾਰੇ ਪ੍ਰਕਰਣ ਵਿਚ ਇਕ ਗੱਲ ਬਹੁਤ ਹੀ ਧਿਆਨ ਗੋਚਰੀ ਰਹੇ ਕਿ ਦੱਖਣੀ ਪ੍ਰਣਾਲੀ ਅਨੁਸਾਰ ਸੁਦੀ ਪਹਿਲਾਂ ਆਉਂਦੀ ਹੈ ਅਤੇ ਵਦੀ ਮਹੀਨੇ ਦੇ ਆਖਰੀ ਦਿਨਾਂ ਵਿਚ ਨਿਸ਼ਚਿਤ ਕੀਤੀ ਜਾਂਦੀ ਹੈ ਜਦਕਿ ਉਤਰੀ ਯੰਤਰੀ ਪ੍ਰਣਾਲੀ ਵਿਚ ਇਹ ਉਲਟ ਹੁੰਦਾ ਹੈ, ਉਸ ਵਿਚ ਵਦੀ ਪਹਿਲਾਂ ਆਉਂਦੀ ਹੈ ਅਤੇ ਸੁਦੀ ਬਾਅਦ ਵਿਚ ਮਿਥੀ ਹੋਈ ਹੈ।
ਦੂਜੇ ਪਾਸੇ ਅਸੀਂ ਮੰਨਿਆ ਹੋਇਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਦਾ ਅੰਮ੍ਰਿਤਸਰ ਆਗਮਨ ਵੀ ਦੀਵਾਲੀ ਵਾਲੇ ਦਿਨ ਹੋਇਆ ਜਦਕਿ ਇੰਜ ਨਹੀਂ ਹੈ। ਜੇਕਰ ਸਿੱਖ ਧਰਮ ਦੇ ਤਾਰੀਖਾਵਲੀ ਆਧਾਰਿਤ ਸਰੋਤਾਂ ਦੀ ਘੋਖ ਕੀਤੀ ਜਾਵੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਮੁਕਤ ਹੋਣ ਦਾ ਦਿਨ 26 ਅਕਤੂਬਰ 1619 ਹੈ ਅਤੇ ਇਹ ਵੀ ਸੰਭਵ ਹੈ ਕਿ ਉਸ ਦਿਨ ਕੱਤਕ ਦੀ ਦੀਵਾਲੀ ਦਾ ਦਿਨ ਹੀ ਹੋਵੇ ਜਿਸ ਨੂੰ ਕਿ ਅੱਜ ਹਿੰਦੂ ਵਿਦਵਾਨ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਭਾਵੇਂ ਭੱਟ ਵਹੀਆਂ ਅਤੇ ਪੰਡਾ ਵਹੀਆਂ ਵਿਚਲੀ ਜਾਣਕਾਰੀ ਵੀ ਸਿੱਕੇਬੰਦ ਜਾਂ ਭਰੋਸੇਯੋਗ ਨਹੀਂ ਹੈ ਅਤੇ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਨਹੀਂ ਹੈ ਪਰ ਇਸ ਤੱਥ ਉਪਰ ਤਕਰੀਬਨ ਸਾਰੇ ਸੁਹਿਰਦ ਵਿਦਵਾਨ ਸਹਿਮਤ ਹਨ ਕਿ ਇਨ੍ਹਾਂ ਵਿਚ ਦਿੱਤੀ ਹੋਈ ਤਾਰੀਖਾਵਲੀ ਕਾਫੀ ਹੱਦ ਤੱਕ ਪ੍ਰਮਾਣੀਕ ਹੈ। ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਕਿਲ੍ਹੇ ਵਿਚੋਂ ਰਿਹਾਈ ਬਾਰੇ ਜੋ ਭੱਟ ਵਹੀਆ ਵਿਚ ਸੰਕੇਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ,
“ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਮਹਲ ਛੱਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤਰੀ ਚੱਕ ਗੁਰੂ ਕਾ, ਪਰਗਣਾ ਨਿੱਜਰਆਲਾ ਸੰਮਤ ਸੋਲ੍ਹਾਂ ਸੈ ਚਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੋਦਸ ਕੇ ਦਿਹੁੰ, ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਮੁਕਤ ਹੂਏ। ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਵੰਸੀ ਜਾਦਵ ਬੜ੍ਹਤੀਆਂ ਕਨਾਵਤ ਨੇ ਬੰਦੀਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਕੇ ਮੇਂ ਨਿਵਾਸ ਕਰਕੇ ਗੁਆਲੀਅਰ ਸੇ ਬਿਦਾਇਗੀ ਲੀ। ਰਾਸਤੇ ਦਾ ਪੰਧ ਮੁਕਾਇ ਆਗਰੇ ਆਇ ਕੇ ਨਿਵਾਸ ਕੀਆ।” (ਭੱਟ ਵਹੀ ਜਦੋਂ ਬੰਸੀਆਂ ਬੜਤੀਆਂ ਕੀ)
ਇਸ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਦੀ ਤਾਰੀਖ ਈਸਵੀ ਸੰਨ 1619 ਦੀ 26 ਅਕਤੂਬਰ, ਦਿਨ ਵੀਰਵਾਰ ਬਣਦੀ ਹੈ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਆਗਮਨ ਈਸਵੀ ਸੰਨ 1621 ਦੀ 28 ਫਰਵਰੀ, ਦਿਨ ਐਤਵਾਰ ਬਣਦਾ ਹੈ। ਅੰਮ੍ਰਿਤਸਰ ਆਗਮਨ ਬਾਰੇ ਭੱਟ ਵਹੀ ਦੇ ਇੰਦਰਾਜ਼ ਦੀ ਇਬਾਰਤ ਇਸ ਤਰ੍ਹਾਂ ਹੈ,
“ਗੁਰੂ ਹਰਿਗੋਬਿੰਦ ਸਿੰਘ ਜੀ ਮਹਲ ਛੱਟਾ ਬੇਟਾ ਗੁਰੂ ਅਰਜਨ ਜੀ ਕਾ, ਸੰਮਤ ਸੋਲ੍ਹਾਂ ਸੈ ਸੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗ੍ਰਾਮ ਗੁਰੂ ਕੇ ਚੱਕ ਪਰਗਣ ਨਿੱਝਰਆਲਾ ਆਏ, ਗੈਲੋ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ, ਗੁਰੂ ਮੇਹਰਬਾਨ ਬੇਟਾ ਗੁਰੂ ਪ੍ਰਿਥੀਚੰਦ ਜੀ ਕਾ, ਬਾਬਾ ਬੁੱਢਾ ਰਾਮਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭੱਲੇ ਕਾ, ਬੱਲੂ ਰਾਇ ਬੇਟਾ ਮੂਲਚੰਦ ਜਲ੍ਹਾਨੇ ਕਾ, ਕੌਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ, ਹੋਰ ਸਿੱਖ ਫਕੀਰ ਆਏ। ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ। ਹਰਿਮੰਦਰ ਸਾਹਿਬ ਮੇਂ ਦੀਏ ਬਤੀ ਕੀ ਸੇਵਾ ਗੁਰੂ ਮੇਹਰਬਾਨ ਕੀ ਲਾਈ। ਗੁਰੂ ਜੀ ਤੀਜੇ ਦਿਹੁੰ Ḕਗੁਰ ਚੱਕḔ ਸੇ ਵਿਦਾ ਹੋਇ ਗੋਇੰਦਵਾਲ ਮੇਂ ਜਾਇ ਬਿਰਾਜੇ।” (ਭੱਟ ਵਹੀ ਤਲਾਉਂਢਾ ਪਰਗਣਾ ਜੀਂਦ)
ਹੁਣ ਇਹ ਸਵਾਲ ਹਰ ਸਿੱਖ ਦੀ ਮਾਨਸਿਕਤਾ ਅੰਦਰ ਜ਼ਰੂਰ ਜਨਮ ਲਵੇਗਾ ਕਿ ਅਸੀਂ ਤਾਂ ਪਹਿਲਾਂ ਹੀ ਬਿਪਰਵਾਦੀ ਪ੍ਰਭਾਵ ਅਧੀਨ ਆਪਣੇ ਇਤਿਹਾਸਕ ਦਿਹਾੜਿਆਂ ਦੀ ਤਾਰੀਖਾਵਲੀ ਦਾ ਘਾਣ ਕਰ ਚੁੱਕੇ ਹਾਂ ਪਰ ਆਉਣ ਵਾਲੇ ਸਮੇਂ ਵਿਚ ਜੇਕਰ ਇਤਿਹਾਸ ਦੀ ਸੋਧ ਦੇ ਮਖੌਟੇ ਅਧੀਨ ਸੰਘ ਪੱਖੀ ਵਿਦਵਾਨਾਂ ਨੇ ਆਪਣੇ ਦਿਹਾੜੇ ਆਪਣੇ ਸਰੋਤਾਂ ਅਨੁਸਾਰ ਤੈਅ ਕੀਤੇ ਤਾਂ ਸਾਡਾ ਪ੍ਰਤੀਕਰਮ ਕੀ ਹੋਵੇਗਾ? ਜੇਕਰ ਉਨ੍ਹਾਂ ਨੇ ਆਪਣੇ ਧਾਰਮਿਕ ਸਰੋਤਾਂ ਅਨੁਸਾਰ ਆਪਣੇ ਇਸ਼ਟ ਦਾ ਅਯੁਧਿਆ ਆਗਮਨ ਕੱਤਕ ਤੋਂ ਬਦਲ ਕੇ ਚੇਤਰ ਦੇ ਮਹੀਨੇ ਵਿਚ ਤੈਅ ਕਰ ਲਿਆ ਭਾਵ ਅਕਤੂਬਰ ਤੋਂ ਬਦਲ ਕੇ ਮਾਰਚ ਦੀ ਕਿਸੇ ਮਿਤੀ ਨੂੰ ਨਿਰਧਾਰਿਤ ਕਰ ਲਿਆ ਤਾਂ ਕੀ ਅਸੀਂ ਵੀ ਬੰਦੀਛੋੜ ਨੂੰ ਮਾਰਚ ਵਿਚ ਹੀ ਮਨਾਇਆ ਕਰਾਂਗੇ? ਕਿਉਂਕਿ ਅਸੀਂ ਬੰਦੀਛੋੜ ਤਾਂ ਦੀਵਾਲੀ ਨਾਲ ਹੀ ਜੋੜ ਕੇ ਰੱਖਣਾ ਹੈ!
ਸੰਭਲ ਐ ਨਾਦਾਂ ਕਿਆਮਤ ਆਨੇ ਵਾਲੀ ਹੈ,
ਤੇਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਆਸਮਾਨੋਂ ਪਰ।