ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਤਿੱਖੀ ਅਤੇ ਤੇਜ਼ ਸਰਗਰਮੀ ਨੇ ਮੋਦੀ ਲਹਿਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ḔਆਪḔ ਵਿਚਕਾਰ ਸਿੱਧੀ ਟੱਕਰ ਮੰਨੀ ਜਾ ਰਹੀ ਹੈ।
ਇਸੇ ਦੌਰਾਨ ਕਾਂਗਰਸ ਇਨ੍ਹਾਂ ਚੋਣਾਂ ਵਿਚ ਹਾਸ਼ੀਏ Ḕਤੇ ਚਲੇ ਜਾਣ ਦੇ ਬਾਵਜੂਦ, ਖੇਡ ਬਦਲਣ ਵਾਲੀ ਹਾਲਤ ਵਿਚ ਹੈ। ਦਿੱਲੀ ਵਿਚ ਵੋਟਾਂ 7 ਫਰਵਰੀ ਨੂੰ ਪੈ ਰਹੀਆਂ ਹਨ ਅਤੇ ਨਤੀਜਾ 10 ਫਰਵਰੀ ਨੂੰ ਐਲਾਨਿਆ ਜਾਵੇਗਾ।
ਗੌਰਤਲਬ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਭਾਜਪਾ ਦੀ ਮਾਂ-ਪਾਰਟੀ ਆਰæਐਸ਼ਐਸ਼ ਨੇ ਅੰਦਰੂਨੀ ਸਰਵੇਖਣ ਕਰਵਾਇਆ ਸੀ। ਇਸ ਸਰਵੇਖਣ ਮੁਤਾਬਕ ਭਾਜਪਾ ਚੋਣ ਪਿੜ ਵਿਚ ਵਾਹਵਾ ਪਛੜ ਰਹੀ ਸੀ। ਇਸ ਤੋਂ ਬਾਅਦ ਪਾਰਟੀ ਨਾਲ ਜੁੜੇ ਥਿੰਕ-ਟੈਂਕ ਨੇ ḔਆਪḔ ਅਤੇ ḔਆਪḔ ਮੁਖੀ ਅਰਵਿੰਦ ਕੇਜਰੀਵਾਲ ਦੇ ਤੋੜ ਲਈ ਉਸੇ ਦੀ ਹੀ ਇਕ ਪੁਰਾਣੀ ਸਾਥੀ ਕਿਰਨ ਬੇਦੀ ਨੂੰ ਮੈਦਾਨ ਵਿਚ ਲਿਆ ਨਿਤਾਰਿਆ ਅਤੇ ਨਾਲ ਦੀ ਨਾਲ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੀ ਐਲਾਨ ਦਿੱਤਾ ਪਰ ਇਸ ਨਾਲ ਪਾਰਟੀ ਦੀ ਹਾਲਤ ਸੁਧਰਨ ਦੀ ਥਾਂ ਸਗੋਂ ਹੋਰ ਖਰਾਬ ਹੋ ਗਈ। ਇਕ ਤਾਂ ਪਾਰਟੀ ਅੰਦਰ ਇਸ ḔਬਾਹਰੀḔ ਉਮੀਦਵਾਰ ਖਿਲਾਫ ਬਗਾਵਤ ਹੋ ਗਈ, ਦੂਜੇ ਮੀਡੀਆ ਵਿਚ ਕਿਰਨ ਬੇਦੀ ਉਕਾ ਹੀ ਫੇਲ੍ਹ ਸਾਬਤ ਹੋਈ। ਜਿਉਂ ਹੀ ਉਸ ਨੂੰ ਵੱਖ-ਵੱਖ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਉਹ ਇਕ ਵੀ ਸਵਾਲ ਦਾ ਢੁੱਕਵਾਂ ਜਵਾਬ ਨਹੀਂ ਦੇ ਸਕੀ। ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਖੁੱਲ੍ਹੀ ਬਹਿਸ ਦੀ ਵੰਗਾਰ ਤੋਂ ਪਿੱਛੇ ਹਟਣ ਕਾਰਨ ਕਿਰਨ ਬੇਦੀ ਅਤੇ ਭਾਜਪਾ ਦੀ ਹਾਲਤ ਹੋਰ ਪਤਲੀ ਹੋ ਗਈ। ਇਸ ਤੋਂ ਪਿਛੋਂ ਭਾਜਪਾ ਲੀਡਰਸ਼ਿਪ ਨੇ ਕਿਰਨ ਬੇਦੀ ਨੂੰ ਕੁਝ ਸਮੇਂ ਲਈ ਮੀਡੀਆ ਨਾਲ ਗੱਲ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਪਛੜ ਰਹੀ ਭਾਜਪਾ ਨੇ ḔਆਪḔ ਨੂੰ ਫੰਡ ਲੈਣ ਵਰਗੇ ਕੁਝ ਹੋਰ ਮੁੱਦਿਆਂ Ḕਤੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਭਾਜਪਾ ਦਾ ਇਹ ਹੱਲਾ ਵੀ ਬੇਕਾਰ ਗਿਆ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ḔਆਪḔ ਵਲੋਂ ਪਾਏ ਸਿਆਸੀ ਭੜਥੂ ਕਾਰਨ ਭਾਜਪਾ ਬੁਰੀ ਤਰ੍ਹਾਂ ਬੁਖਲਾ ਗਈ ਹੈ। ਇਸੇ ਕਰ ਕੇ ਇਹ ਆਪਣਾ ਕੋਈ ਵਿਕਾਸ ਏਜੰਡਾ ਵੋਟਰਾਂ ਅੱਗੇ ਰੱਖਣ ਦੀ ਥਾਂ ਸਾਰਾ ਧਿਆਨ ḔਆਪḔ ਦੀ ਆਲੋਚਨਾ ਉਤੇ ਲਾ ਰਹੀ ਹੈ।
ਭਾਜਪਾ ਦੀ ਬੁਖਲਾਹਟ ਦਾ ਇਹ ਆਲਮ ਹੈ ਕਿ ਪਾਰਟੀ ਨੇ ਵੱਖ-ਵੱਖ ਹਲਕਿਆਂ ਵਿਚ ਪ੍ਰਚਾਰ ਲਈ ਕਈ ਕੇਂਦਰੀ ਮੰਤਰੀ ਅਤੇ ਤਕਰੀਬਨ 200 ਸੰਸਦ ਮੈਂਬਰ ਝੋਕ ਦਿੱਤੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਰੈਲੀਆਂ ਵੱਖਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਆਰæਐਸ਼ਐਸ਼ ਨੇ ਆਪਣੇ ਹਫਤਾਵਾਰੀ ਪਰਚੇ Ḕਆਗੇਨਾਈਜ਼ਰḔ ਦੇ ਨਵੇਂ ਅੰਕ ਵਿਚ ਦਿੱਲੀ ਚੋਣਾਂ ਬਾਰੇ ਲੇਖ ਛਾਪ ਦਿੱਤਾ ਹੈ। ਇਸ ਲੇਖ ਵਿਚ ਕਿਹਾ ਗਿਆ ਹੈ ਕਿ ਭਾਜਪਾ ਦਿੱਲੀ ਦੇ ਚੋਣ ਪਿੜ ਵਿਚ ਅਜੇ ਵੀ ਪਛੜ ਰਹੀ ਹੈ, ਕਿਰਨ ਬੇਦੀ ਵਾਲਾ ਪੱਤਾ ਵੀ ਪਾਰਟੀ ਲਈ ਲਾਹੇਵੰਦ ਸੌਦਾ ਨਹੀਂ ਬਣ ਸਕਿਆ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹਾ ਲੇਖ ਕਿਸੇ ਰਣਨੀਤੀ ਤਹਿਤ ਵੀ ਛਾਪਿਆ ਹੋ ਸਕਦਾ ਹੈ ਪਰ ਨਿਰਪੱਖ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਵਿਚ ਸੱਚਮੁੱਚ ਭਾਜਪਾ ਦੇ ਹੱਥਾਂ ਦੇ ਤੋਤੇ ਉੜੇ ਹੋਏ ਹਨ। ਉਂਜ ਵੀ ਜੇ ਕੁਝ ਸਮੀਕਰਨਾਂ ਬਦਲਣ ਕਰ ਕੇ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣ ਵੀ ਜਾਂਦੀ ਹੈ, ਤਾਂ ਵੀ ḔਆਪḔ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕੇਗਾ।
ਉਧਰ, ਕੁਝ ਹਲਕਿਆਂ ਤੋਂ ਇਹ ਖਬਰਾਂ ਵੀ ਹਨ ਕਿ ਕਾਂਗਰਸ ਭਾਜਪਾ ਨੂੰ ਰੋਕਣ ਲਈ ਇਨ੍ਹਾਂ ਹਲਕਿਆਂ ਵਿਚ ḔਆਪḔ ਦੇ ਉਮੀਦਵਾਰਾਂ ਦੀ ਮਦਦ ਕਰ ਸਕਦੀ ਹੈ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਸਪਸ਼ਟ ਹੈ ਕਿ ਦਿੱਲੀ ਚੋਣਾਂ ਵਿਚ ਕਾਂਗਰਸ ਇਸ ਵਾਰ ਬਹੁਤੀ ਵਧੀਆ ਹਾਲਤ ਵਿਚ ਨਹੀਂ ਪਰ ਕਾਂਗਰਸ ਵਲੋਂ ਲਈਆਂ ਵੋਟਾਂ ਦੀ ਫ਼ੀਸਦ ਭਾਜਪਾ ਜਾਂ ḔਆਪḔ ਦੀ ਜਿੱਤ ਨੂੰ ਤੈਅ ਕਰਨ ਵਿਚ ਵੱਡਾ ਰੋਲ ਅਦਾ ਕਰੇਗੀ। 2013 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 24æ55 ਫ਼ੀਸਦੀ ਵੋਟਾਂ ਲਈਆਂ ਸਨ। ਅਕਾਲੀ-ਭਾਜਪਾ ਗਠਜੋੜ ਨੂੰ 33æ99 ਫ਼ੀਸਦੀ ਅਤੇ ḔਆਪḔ ਨੂੰ 29æ49 ਫ਼ੀਸਦੀ ਵੋਟਾਂ ਮਿਲੀਆਂ ਸਨ। ਜੇ ਐਤਕੀਂ ਕਾਂਗਰਸ ਦਾ ਵੋਟ ਫ਼ੀਸਦ ਘਟਦਾ ਹੈ ਤਾਂ ਉਹ ਵੋਟਾਂ ḔਆਪḔ ਜਾਂ ਭਾਜਪਾ ਵਿਚੋਂ ਕਿਸ ਦੇ ਹੱਕ ਵਿਚ ਜ਼ਿਆਦਾ ਭੁਗਤਣਗੀਆਂ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।