ਸੈਂਟਾ ਕਲਾਰਾ, ਕੈਲੀਫੋਰਨੀਆ (ਬਿਊਰੋ): ਇਥੇ ਰਹਿੰਦੇ ਅਮਰਜੀਤ ਸਿੰਘ ਮੁਲਤਾਨੀ ਦੇ ਪਰਿਵਾਰ ਉਪਰ ਉਸ ਸਮੇਂ ਕਹਿਰ ਢਹਿ ਪਿਆ ਜਦੋਂ ਲੰਘੇ ਸ਼ੁੱਕਰਵਾਰ 14 ਦਸੰਬਰ ਨੂੰ ਇੰਟਰ ਸਟੇਟ ਹਾਈਵੇ 280 ਉਤੇ ਰੈਡਵੁਡ ਸਿਟੀ ਨਜ਼ਦੀਕ ਇਸ ਪਰਿਵਾਰ ਦੇ ਤਿੰਨ ਜੀਅ ਇਕ ਸੜਕ ਹਾਦਸੇ ਵਿਚ ਮਾਰੇ ਗਏਅਤੇ ਖੁਦ ਅਮਰਜੀਤ ਸਿੰਘ ਮੁਲਤਾਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਸ਼ ਮੁਲਤਾਨੀ ਦੀ ਪਤਨੀ 48 ਸਾਲਾ ਮਨਜੀਤ ਕੌਰ, ਪੁਤਰ ਮਨਪ੍ਰੀਤ ਸਿੰਘ, ਉਮਰ 28 ਸਾਲ ਅਤੇ ਧੀ ਜਸਦੀਪ ਕੌਰ, ਉਮਰ 21 ਸਾਲ ਸ਼ਾਮਲ ਹਨ। ਸ਼ ਮੁਲਤਾਨੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਦੋਂਕਿ ਪਰਿਵਾਰ ਦੇ ਬਾਕੀ ਤਿੰਨੇ ਜੀਅ ਮੌਕੇ ‘ਤੇ ਹੀ ਦਮ ਤੋੜ ਗਏ। ਸ਼ ਮੁਲਤਾਨੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਪਰਿਵਾਰ ਟੈਕਸਸ ਜਾਣ ਲਈ ਸੈਨ ਫਰਾਂਸਿਸਕੋ ਏਅਰਪੋਰਟ ਵੱਲ ਜਾ ਰਿਹਾ ਸੀ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਈਵੇ ਉਪਰ ਟਾਇਰ ਪੈਂਚਰ ਹੋਣ ਕਰਕੇ ਵਿਚਕਾਰ ਵਾਲੇ ਸ਼ੋਲਡਰ ਉਪਰ ਖੜ੍ਹੀ ਉਨ੍ਹਾਂ ਦੀ ਗੱਡੀ ਵਿਚ ਇਕ ਵੌਕਸਵੈਗਨ ਐਸ ਯੂ ਵੀ ਆਣ ਵੱਜੀ। ਇਹ ਗੱਡੀ ਸੈਨ ਹੋਜ਼ੇ ਵਾਸੀ 82 ਸਾਲਾ ਜੀ ਏ ਸਮਿਥ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਉਸ ਨੂੰ ਵੀ ਗੰਭੀਰ ਚੋਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ ਅਤੇ ਉਸ ਵਿਰੁਧ ਹਾਦਸੇ ਲਈ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਜਾਂਚ ਪੜਤਾਲ ਕਰ ਰਹੀ ਹੈ।
ਪਰਿਵਾਰ ਦਾ ਇਕੋ ਇਕ ਜੀਅ 26 ਸਾਲਾ ਜਰਨੈਲ ਸਿੰਘ ਉਸ ਵਕਤ ਨਾਲ ਨਹੀਂ ਸੀ ਅਤੇ ਇੰਜ ਉਸ ਦਾ ਬਚਾਅ ਹੋ ਗਿਆ। ਉਹ ਗੰਭੀਰ ਸਦਮੇ ਦੀ ਹਾਲਤ ਵਿਚ ਦੱਸਿਆ ਜਾਂਦਾ ਹੈ। ਇਹ ਪਰਿਵਾਰ ਹੁਸ਼ਿਆਰਪੁਰ ਜ਼ਿਲੇ ਦੇ ਕਸਬਾ ਦਸੂਹਾ ਨਜ਼ਦੀਕ ਪਿੰਡ ਕੈਰੋਂ ਭੂਸਾ ਤੋਂ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਮਰੀਕਾ ਵਸਦਾ ਸੀ। ਸ਼ ਅਮਰਜੀਤ ਸਿੰਘ ਬੇਏਰੀਏ ਵਿਚ ਟੈਕਸੀ ਚਲਾਉਣ ਦਾ ਕੰਮ ਕਰਦੇ ਸਨ।
ਸਸਕਾਰ ਦੇ ਖਰਚੇ ਅਤੇ ਮੈਡੀਕਲ ਬਿਲ ਅਦਾ ਕਰਨ ਵਿਚ ਪਰਿਵਾਰ ਦੀ ਮਦਦ ਲਈ ਇਕ ਭਲਾਈ ਫੰਡ ਕਾਇਮ ਕੀਤਾ ਗਿਆ ਹੈ। ਇਹ ਪੈਸਾ ਹਸਪਤਾਲ ਦੇ ਕਰੀਬ 18 ਹਜ਼ਾਰ ਡਾਲਰ ਦੇ ਬਿਲ ਚੁਕਤਾ ਕਰਨ ਅਤੇ 56 ਸਾਲਾ ਅਮਰਜੀਤ ਸਿੰਘ ਮੁਲਤਾਨੀ ਦੀ ਮਦਦ ਲਈ ਖਰਚਿਆ ਜਾਵੇਗਾ। ਇਸ ਖਾਤੇ ਵਿਚ ਮਦਦ ਲਈ ਪੈਸਾ ਵੈਲਸ ਫਾਰਗੋ ਬੈਂਕ ਦੇ ਖਾਤਾ ਨੰਬਰ 1831822091 ਵਿਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਮੁਲਤਾਨੀ ਪਰਿਵਾਰ ਦੇ ਵਿਛੜੇ ਜੀਆਂ ਦਾ ਸਸਕਾਰ ਹੇਵਰਡ ਦੇ ਚੈਪਲ ਆਫ ਚਾਈਮਜ਼ (32992 ਮਿਸ਼ਨ ਬੁਲੇਵਾਰਡ) ਵਿਖੇ ਸੋਮਵਾਰ 24 ਦਸੰਬਰ ਨੂੰ ਸਵੇਰੇ 10 ਵਜੇ ਹੋਵੇਗਾ। ਉਪਰੰਤ ਅੰਤਮ ਅਰਦਾਸ ਗੁਰਦੁਆਰਾ ਫਰੀਮਾਂਟ ਵਿਖੇ ਹੋਵੇਗੀ। ਪਰਿਵਾਰ ਨਾਲ ਸੰਪਰਕ ਫੋਨ 925-963-2285 ਜਾਂ 408-249-2394 ਰਾਹੀਂ ਕੀਤਾ ਜਾ ਸਕਦਾ ਹੈ।
Leave a Reply