ਵਿਵਾਦ ਵਾਲੇ ਬਿਆਨਾਂ ਨੇ ਮੋਦੀ ਦਾ ਸਾਹ ਫੁਲਾਇਆ

ਚੰਡੀਗੜ੍ਹ: ਲੋਕਾਂ ਲਈ Ḕਅੱਛੇ ਦਿਨਾਂ’ ਦੇ ਵਾਅਦੇ ਨਾਲ ਸੱਤਾ ਵਿਚ ਆਈ ਨਰੇਂਦਰ ਮੋਦੀ ਸਰਕਾਰ ਫਿਰਕੂ ਸੋਚ ਤੋਂ ਉਪਰ ਨਹੀਂ ਉੱਠ ਰਹੀ। ਮੋਦੀ ਸਰਕਾਰ ਦੇ ਵਜ਼ੀਰ ਆਪਣੀਆਂ ਵਿਵਾਦ ਵਾਲੀਆਂ ਟਿੱਪਣੀਆਂ ਕਾਰਨ ਨਿੱਤ ਦਿਨ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਕਰ ਰਹੇ ਹਨ।

ਘੱਟ-ਗਿਣਤੀਆਂ ਨੂੰ ਹਿੰਦੂ ਧਰਮ ਵਿਚ ਜਜਬ ਕਰਨ ਦੇ ਫਿਰਕੂ ਬਿਆਨ ਦੇਣ ਪਿੱਛੋਂ ਹੁਣ ਭਾਜਪਾ ਨੇ ਸੰਵਿਧਾਨ ਵਿਚ ਧਾਰਮਿਕ ਆਜ਼ਾਦੀ ਨਾਲ ਸਬੰਧਤ ਸ਼ਬਦ ਹਟਾਉਣ ਦੀ ਮੰਗ ਕਰ ਦਿੱਤੀ ਹੈ।
ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਧਰਮ ਨਿਰਪੱਖਤਾ ਦੀ ਦਿੱਤੀ ਸਲਾਹ ਦੇ ਅਗਲੇ ਹੀ ਦਿਨ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਇਸ਼ਤਿਹਾਰ ਵਿਚ ਪ੍ਰਸਤਾਵਨਾ ਵਿਚੋਂ Ḕਧਰਮ-ਨਿਰਪੇਖ’ ਤੇ Ḕਸਮਾਜਵਾਦੀ’ (ਸੈਕੂਲਰ ਤੇ ਸੋਸ਼ਲਿਸਟ) ਸ਼ਬਦ ਗਾਇਬ ਕਰ ਕੇ ਘੱਟ-ਗਿਣਤੀਆਂ ਦੀ ਨਾਰਾਜ਼ਗੀ ਸਹੇੜ ਲਈ ਹੈ। ਇਹ ਸ਼ਬਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਾਜਕਾਲ ਸਮੇਂ ਲਾਗੂ ਐਮਰਜੈਂਸੀ ਦੌਰਾਨ 1976 ਵਿਚ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤੇ ਗਏ ਸਨ। ਇਹ ਤਬਦੀਲੀ ਕਿਉਂਕਿ 42ਵੀਂ ਸੰਵਿਧਾਨਕ ਸੋਧ ਰਾਹੀਂ ਕੀਤੀ ਗਈ ਸੀ, ਇਸੇ ਲਈ ਇਹ ਹੁਣ ਸੰਵਿਧਾਨ ਦਾ ਹਿੱਸਾ ਹਨ। ਸ਼ਿਵ ਸੈਨਾ ਸਮੇਤ ਹੋਰ ਹਿੰਦੂ ਜਥੇਬੰਦੀਆਂ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਇਸ Ḕਗਲਤੀ’ ਦਾ ਸਵਾਗਤ ਕੀਤਾ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰੌਤ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਭਾਵੇਂ ਇਸ ਵਾਰੀ ਗ਼ਲਤੀ ਨਾਲ ਹਟਾਇਆ ਗਿਆ ਹੈ ਪਰ ਹੁਣ ਸੰਵਿਧਾਨ ਵਿਚੋਂ ਇਨ੍ਹਾਂ ਨੂੰ ਪੱਕੇ ਤੌਰ ‘ਤੇ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਲਈ ਪਾਕਿਸਤਾਨ ਬਣ ਗਿਆ ਸੀ ਤੇ ਜੋ ਬਚਿਆ ਹੈ, ਉਹ ਹਿੰਦੂ ਰਾਸ਼ਟਰ ਹੈ। ਘੱਟ-ਗਿਣਤੀ ਭਾਈਚਾਰੇ ਸਿਰਫ ਸਿਆਸੀ ਹਿੱਤਾਂ ਲਈ ਵਰਤੇ ਜਾਂਦੇ ਹਨ ਤੇ ਹਿੰਦੂਆਂ ਦਾ ਲਗਾਤਾਰ ਅਪਮਾਨ ਹੋ ਰਿਹਾ ਹੈ। ਭਾਜਪਾ ਦੀ ਇਸ ਕਰਤੂਤ ਦੀ ਚੁਫੇਰਿਓਂ ਨਿੰਦਾ ਹੋਈ ਹੈ। ਇਥੋਂ ਤੱਕ ਕਿ ਉਸ ਦੀਆਂ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੇ ਪੀæਐਮæਕੇæ ਨੇ ਵੀ ਤਿੱਖੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਮਾਜਵਾਦ ਤੇ ਧਰਮ ਨਿਰਪੱਖਤਾ ਭਾਰਤੀ ਸੰਵਿਧਾਨ ਦੇ ਮੁੱਖ ਆਧਾਰ ਹਨ ਤੇ ਸੰਵਿਧਾਨ ਦੇ ਅਜਿਹੇ ਸਿਧਾਂਤਾਂ ਨਾਲ ਛੇੜ-ਛਾੜ ਕਰਨਾ ਰਾਸ਼ਟਰ ਹਿੱਤ ਵਿਚ ਨਹੀਂ ਹੈ। ਸਮਾਜਵਾਦ ਤੇ ਧਰਮ ਨਿਰਪੱਖਤਾ ਨੂੰ ਦੇਸ਼ ਦੇ ਸੰਵਿਧਾਨ ਵਿਚ ਅਹਿਮ ਸਥਾਨ ਦਿੱਤਾ ਗਿਆ ਹੈ, ਇਨ੍ਹਾਂ ਨੂੰ ਕਿਸੇ ਵਿਵਾਦ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਤੇ ਮਹਾਤਮਾ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨੇ ਵੀ ਸ਼ਿਵ ਸੈਨਾ ਦੀ ਮੰਗ ਦੀ ਆਲੋਚਨਾ ਕੀਤੀ ਹੈ। ਸਮਾਜਵਾਦੀ ਪਾਰਟੀ ਨੇ ਵੀ ਕਿਹਾ ਕਿ ਇਸ ਨਾਲ ਦੁਨੀਆਂ ਵਿਚ ਗ਼ਲਤ ਸੰਦੇਸ਼ ਜਾਵੇਗਾ। ਸੀæਪੀæਐਮæ ਨੇ ਕਿਹਾ ਹੈ ਕਿ ਜਦੋਂ Ḕਸੰਵਿਧਾਨਕ ਕਦਰਾਂ-ਕੀਮਤਾਂ’ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੁੱਪ ਰਹਿੰਦੇ ਹਨ। ਰਾਜ ਸਭਾ ਮੈਂਬਰ ਬ੍ਰਿੰਦਾ ਕਰਤ ਨੇ ਕਿਹਾ ਕਿ ਭਾਰਤ ਵਿਚ Ḕਧਰਮ ਨਿਰਪੱਖਤਾ ਲਈ ਸੰਘਰਸ਼’ ਦੇਸ਼ ਦੀ ਹੋਂਦ ਤੇ ਇਸ ਦੇ ਅੱਗੇ ਵਧਣ ਦਾ ਸੰਘਰਸ਼ ਸੀ। ਸੀæਪੀæਆਈæ ਦੇ ਕੌਮੀ ਸਕੱਤਰ ਡੀ ਰਾਜਾ ਨੇ ਦੋਸ਼ ਲਾਏ ਕਿ ਨਾਜ਼ੀਵਾਦੀ ਤਾਕਤਾਂ ਸੱਤਾ ਵਿਚ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ।
________________
ਪੂਰੀ ਦੁਨੀਆਂ ਲਈ ਸੀ ਓਬਾਮਾ ਦਾ ਸੁਨੇਹਾ: ਅਮਰੀਕੀ ਰਾਜਦੂਤ
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ਦੌਰੇ ਦੌਰਾਨ ਦਿੱਤਾ ਗਿਆ ਧਾਰਮਿਕ ਸੁਤੰਤਰਤਾ ਦਾ ਸੰਦੇਸ਼ ਪੂਰੀ ਦੁਨੀਆਂ ਲਈ ਸੀ। ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਦੇ ਇਸ ਸੰਦੇਸ਼ ਕਾਰਨ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦੀ ਖਿਚਾਈ ਕਰ ਰਹੀਆਂ ਹਨ। ਹੁਣ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਹੈ ਕਿ ਓਬਾਮਾ ਦਾ ਸੰਦੇਸ਼ ਵਿਸ਼ਵਵਿਆਪੀ ਸੀ ਤੇ ਉਨ੍ਹਾਂ ਇਕੱਲੇ ਭਾਰਤ ਵਾਸੀਆਂ ਨੂੰ ਹੀ ਨਹੀਂ, ਸਗੋਂ ਅਮਰੀਕੀ ਲੋਕਾਂ ਨੂੰ ਵੀ ਸੰਬੋਧਨ ਹੁੰਦਿਆਂ ਇਹ ਵਿਚਾਰ ਪ੍ਰਗਟਾਏ ਸਨ।