ਮਹਿੰਗੀ ਪਈ ਵਿਦੇਸ਼ੀ ਮਹਿਮਾਨਾਂ ਦੀ ਖ਼ਾਤਰਦਾਰੀ

ਰੂਪਨਗਰ: ਪੰਜਾਬ ਸਰਕਾਰ ਨੇ ਬਾਹਰਲੇ ਮੁਲਕਾਂ ਤੋਂ ਆਏ ਮਹਿਮਾਨਾਂ ਜਿਨ੍ਹਾਂ ਨੂੰ ਰਾਜ ਮਹਿਮਾਨ ਐਲਾਨਿਆ ਗਿਆ, ਦੀ ਖ਼ਾਤਰਦਾਰੀ ਉੱਤੇ ਲੱਖਾਂ ਰੁਪਏ ਖ਼ਰਚ ਕੀਤੇ ਹਨ। ਇਹ ਗੱਲ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਤੋਂ ਸਾਹਮਣੇ ਆਈ ਹੈ।

ਪਹਿਲੀ ਅਪਰੈਲ 2007 ਤੋਂ ਸੱਤ ਨਵੰਬਰ 2013 ਤੱਕ ਤਕਰੀਬਨ 125 ਮਹਿਮਾਨਾਂ ਨੂੰ ਰਾਜ ਮਹਿਮਾਨ ਐਲਾਨਿਆ ਗਿਆ ਸੀ ਪਰ ਇਨ੍ਹਾਂ ਵਿਚੋਂ ਸਭ ਤੋਂ ਮਹਿੰਗੇ ਮਹਿਮਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਕੈਨੇਡੀਅਨ ਐਮæਪੀæ ਰੂਬੀ ਢੱਲਾ ਰਹੇ ਹਨ।
ਆਰæਟੀæਆਈæ ਤਹਿਤ ਜਾਣਕਾਰੀ ਹਾਸਲ ਕਰਨ ਵਾਲੇ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਵਫ਼ਦ ਸਮੇਤ 12 ਦਸੰਬਰ 2013 ਤੋਂ 15 ਦਸੰਬਰ 2013 ਤੱਕ ਪੰਜਾਬ ਆਏ ਸਨ। ਉਨ੍ਹਾਂ ਦੇ ਆਉਣ ਦਾ ਮੁੱਖ ਕਾਰਨ ਵਿਸ਼ਵ ਕਬੱਡੀ ਕੱਪ ਸੀ। ਇਸ ਦੌਰੇ ਦੌਰਾਨ 13 ਦਸੰਬਰ, 2013 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਨੇਚਰ ਪਾਰਕ ਮੁਹਾਲੀ ਵਿਚ ਡਿਨਰ ਦਿੱਤਾ ਸੀ। ਇਸ ਸ਼ਾਹੀ ਡਿਨਰ ਉੱਤੇ 27,75,670 ਰੁਪਏ ਖ਼ਰਚ ਹੋਏ ਜਿਸ ਵਿਚੋਂ ਕੇਟਰਿੰਗ ਉੱਤੇ 15,70,230 ਰੁਪਏ, ਐਕਸਪਰੋ ਈਵੈਂਟਸ ਐਂਡ ਐਕਸੀਬਿਟਸ ਉੱਤੇ 4,49,440 ਰੁਪਏ, ਜੈਦੀ ਫਲੋਰਲ ਆਰਟਸ ਉੱਤੇ 6,30,300, ਤਾਜ਼ ਲਾਈਟ ਐਂਡ ਸਾਊਂਡ ਉੱਤੇ 1,00,000 ਅਤੇ ਪਰਫੈਕਟ ਸਟੇਜ ਮੈਨੇਜਮੈਂਟ ਕੰਪਨੀ ਲਈ 26,000 ਰੁਪਏ ਖ਼ਰਚ ਹੋਏ ਸਨ। ਇਸ ਸ਼ਾਹੀ ਡਿਨਰ ਤੋਂ ਬਿਨਾਂ ਸ਼ਾਹਬਾਜ਼ ਸ਼ਰੀਫ਼ ਦੇ ਇਸ ਦੌਰੇ ਉੱਤੇ 17,02,050 ਰੁਪਏ ਹੋਰ ਖ਼ਰਚੇ ਗਏ ਸਨ।
ਸ੍ਰੀ ਚੱਢਾ ਨੇ ਦੱਸਿਆ ਕਿ ਕੈਨੇਡੀਅਨ ਐਮæਪੀæ ਰੂਬੀ ਢੱਲਾ ਦੇ ਪਰਿਵਾਰ ਸਮੇਤ 16 ਜਨਵਰੀ 2011 ਤੋਂ 22 ਜਨਵਰੀ 2011 ਤੱਕ ਪੰਜਾਬ ਦੌਰੇ ‘ਤੇ ਤਕਰੀਬਨ 10 ਲੱਖ ਰੁਪਏ ਖ਼ਰਚ ਹੋਏ, ਜਿਸ ਵਿਚ ਹੋਟਲ ਰੈਡੀਸਨ ਜਲੰਧਰ ਦਾ 3,00,656 ਰੁਪਏ ਦਾ ਖ਼ਰਚ, ਹੋਟਲ ਤਾਜ਼ ਚੰਡੀਗੜ੍ਹ ਤੇ ਪਾਰਕ ਪਲਾਜ਼ਾ ਲੁਧਿਆਣਾ ਦਾ 2,42,863 ਰੁਪਏ ਦਾ ਖ਼ਰਚ, ਤਿੰਨ ਇਨੋਵਾ ਗੱਡੀਆਂ ਦਾ 1,55,597 ਰੁਪਏ ਕਿਰਾਇਆ, ਦੋ ਕੈਮਰੀ ਕਾਰਾਂ ਤੇ ਇਕ ਫਾਰਚੂਨਰ ਦਾ 2,66,462 ਰੁਪਏ ਕਿਰਾਇਆ ਸ਼ਾਮਲ ਹੈ। ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇਸ ਦੌਰੇ ‘ਤੇ ਖ਼ਰਚ ਕੀਤੀ ਗਈ ਹੋਰ ਰਕਮ ਦੇ ਬਿੱਲ ਨੂੰ ਆਮ ਰਾਜ ਵਿਭਾਗ ਨੇ ਇਹ ਕਹਿ ਕੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਬਿੱਲ ਸਰਕਾਰ ਦੀਆਂ ਹਦਾਇਤਾ ਵਿਚ ਕਵਰ ਨਹੀਂ ਹੁੰਦੇ। ਇਸ ਤਰ੍ਹਾਂ ਰੂਬੀ ਢੱਲਾ ਦੇ ਪਰਿਵਾਰ ਸਮੇਤ ਇਸ ਦੌਰੇ ਉੱਤੇ ਪ੍ਰਤੀ ਦਿਨ ਤਕਰੀਬਨ 60,000 ਰੁਪਏ ਖ਼ਰਚ ਹੋਏ। ਇਨ੍ਹਾਂ ਦੋਵਾਂ ਮਹਿੰਗੇ ਮਹਿਮਾਨਾਂ ਤੋਂ ਬਿਨਾਂ ਬਾਕੀ ਰਾਜ ਮਹਿਮਾਨਾਂ ਦਾ ਖ਼ਰਚ ਕਾਫ਼ੀ ਘੱਟ ਰਿਹਾ ਹੈ। ਪਰਮ ਗਿੱਲ ਐਮæਪੀæ ਕੈਨੇਡਾ ਦੇ 19 ਤੇ 20 ਨਵੰਬਰ 2011 ਦੇ ਦੌਰੇ ‘ਤੇ 8732 ਰੁਪਏ ਖ਼ਰਚ ਹੋਏ।
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ ਦੇ ਪੰਜ ਫਰਵਰੀ 2013 ਤੋਂ 24 ਫਰਵਰੀ 2013 ਦੇ ਪੰਜਾਬ ਦੌਰੇ ‘ਤੇ 10,395 ਰੁਪਏ ਖ਼ਰਚ ਹੋਏ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੇ ਸੱਤ ਨਵੰਬਰ 2012 ਨੂੰ ਪੰਜਾਬ ਦੌਰੇ ਉੱਤੇ 3,93,901 ਰੁਪਏ ਖ਼ਰਚ ਕੀਤੇ ਗਏ ਜਿਨ੍ਹਾਂ ਵਿਚ ਹਰਿਮੰਦਰ ਸਾਹਿਬ ਦੇ ਮਾਡਲਾਂ ਦੀ ਖ਼ਰੀਦ 28,065 ਰੁਪਏ, ਤਾਜ਼ ਹੋਟਲ ਦਾ ਖ਼ਰਚਾ 3,42,741 ਰੁਪਏ, ਫਰੇਮ ਕਿਰਪਾਨਾਂ ਦੀ ਖ਼ਰੀਦ ਦੇ 12695 ਰੁਪਏ ਸ਼ਾਮਲ ਹਨ। ਪਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਦੇ ਸੱਤ ਜਨਵਰੀ 2010 ਤੋਂ 22 ਜਨਵਰੀ 2010 ਤੱਕ ਦੇ ਪੰਜਾਬ ਦੌਰੇ ‘ਤੇ ਸਿਰਫ਼ 1716 ਰੁਪਏ ਖ਼ਰਚ ਕੀਤੇ ਗਏ।