ਦਿੱਲੀ ਫਤਿਹ ਲਈ ਜੁਟੀ ਪੰਜਾਬ ਦੀ ਸਿਆਸੀ ਲੀਡਰਸ਼ਿਪ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀ ਸਮੁੱਚੀ ਸਿਆਸੀ ਲੀਡਰਸ਼ਿਪ ਨੇ ਰਾਜਧਾਨੀ ਡੇਰੇ ਲਾਏ ਹੋਏ ਹਨ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸੂਬੇ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੈ।

ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਚਾਰ ਵਿਚੋਂ ਤਿੰਨ ਸੀਟਾਂ Ḕਤੇ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੌਜੂਦਾ ਚੋਣਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਮੁੱਚੀ ਅਕਾਲੀ ਦਲ (ਬਾਦਲ) ਟੀਮ ਨੇ ਦਿੱਲੀ ਡੇਰੇ ਲਾਏ ਹੋਏ ਹਨ। ਅਕਾਲੀ ਦਲ ਨੇ ਇਸ ਵਾਰ ਚੋਣ ਮੁਹਿੰਮ ਦੀ ਕਮਾਨ ਬਿਕਰਮ ਸਿੰਘ ਮਜੀਠੀਆ ਹੱਥ ਦਿੱਤੀ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਦਿੱਲੀ ਪਹੁੰਚੇ ਹੋਏ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਮੀ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਢਸਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੂੰ ਸਾਰੇ ਚਾਰ ਹਲਕਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਦੇ ਨਾਲ ਗੁਰਚਰਨ ਸਿੰਘ ਚੰਨੀ (ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਜਲੰਧਰ) ਤੇ ਪਰਮਜੀਤ ਸਿੰਘ ਸਿੱਧਵਾ (ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ) ਨੂੰ ਚੋਣ ਪ੍ਰਬੰਧ ਦੇ ਮੁੱਖ ਦਫਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚਿੱਟੇ ਕੁੜਤੇ-ਪਜ਼ਾਮਿਆਂ ਵਿਚ ਘਰ-ਘਰ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ। ਕਈ ਵੱਡੇ ਅਕਾਲੀ ਆਗੂ ਤੇ ਪੰਜਾਬ ਦੇ ਮੰਤਰੀ ਵੀ ਚੋਣ ਪ੍ਰਚਾਰ ਕਰ ਰਹੇ ਹਨ। ਇਹ ਪ੍ਰਚਾਰ ਤੁਰ ਕੇ ਵੀ ਤੇ ਵੱਡੀਆਂ ਗੱਡੀਆਂ ਨਾਲ ਕੀਤਾ ਜਾ ਰਿਹਾ ਹੈ। ਸ੍ਰੀ ਮਜੀਠੀਆ, ਜਿਨ੍ਹਾਂ ਦਾ ਕਰੀਅਰ ਇਸ ਵੇਲੇ ਡਾਵਾਂਡੋਲ ਤੇ ਵਿਵਾਦਾਂ ਵਿਚ ਹੈ, ਲਈ ਇਹ ਚੋਣਾਂ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪੰਜਾਬੀ ਚਾਹੇ ਸਿੱਖ ਹੋਣ ਜਾਂ ਹਿੰਦੂ, ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਪੰਜਾਬ ਨਾਲ ਜੁੜੇ ਹਨ। ਦਿੱਲੀ ਚੋਣਾਂ ਲਈ ਛੇ ਤੋਂ ਸੱਤ ਹਜ਼ਾਰ ਅਕਾਲੀ ਵਰਕਰ ਤੇ ਨੇਤਾ ਇਥੇ ਪੁੱਜੇ ਹੋਏ ਹਨ। ਉਹ ਸਿੱਧੇ ਤੌਰ Ḕਤੇ ਜਾਂ ਪੰਜਾਬ ਵਿਚ ਵਸਦੇ ਸਥਾਨਕ ਲੋਕਾਂ ਦੇ ਰਿਸ਼ਤੇਦਾਰਾਂ ਰਾਹੀਂ ਅਕਾਲੀ-ਭਾਜਪਾ-ਅਕਾਲੀ ਦਲ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਜ਼ੋਰ ਪਾ ਰਹੇ ਹਨ। ਰਾਜੌਰੀ ਗਾਰਡਨ ਤੋਂ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ḔਤੱਕੜੀḔ ਦੇ ਨਿਸ਼ਾਨ Ḕਤੇ ਚੋਣ ਲੜ ਰਹੇ ਹਨ ਜਦਕਿ ਬਾਕੀ ਦੇ ਤਿੰਨ ਅਕਾਲੀ ਨੇਤਾ ਭਾਜਪਾ ਦੇ ḔਕਮਲḔ ਨਿਸ਼ਾਨ ਉਪਰ ਮੈਦਾਨ ਵਿਚ ਹਨ। ਇਨ੍ਹਾਂ ਵਿਚ ਹਰਮੀਤ ਸਿੰਘ ਕਾਲਕਾ ਕਾਲਕਾਜੀ ਤੋਂ, ਜਤਿੰਦਰਪਾਲ ਸਿੰਘ ਸ਼ੰਟੀ ਸ਼ਾਹਦਰਾ ਤੋਂ ਤੇ ਅਵਤਾਰ ਸਿੰਘ ਹਿੱਤ ਹਰੀਨਗਰ ਤੋਂ ਮੈਦਾਨ ਵਿਚ ਹਨ। ਕਾਂਗਰਸ ਨੇ ਵੀ ਪੰਜਾਬੀ ਨੇਤਾਵਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਅਜੈ ਮਾਕਨ ਤੋਂ ਇਲਾਵਾ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਇਕ ਸਿੱਖ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਮਾਤਾ ਮੁਕਤਸਰ ਦੇ ਪਿੰਡ ਰਣਜੀਤਗੜ੍ਹ ਤੋਂ ਹਨ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਹਾਲੇ ਚੋਣ ਪ੍ਰਚਾਰ ਲਈ ਨਹੀਂ ਪੁੱਜੇ। ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਾਰਟੀ ਦੇ ਚੋਣ ਇੰਚਾਰਜ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਸਿਆਸਤ ਵਿਚ ਪੰਜਾਬੀਆਂ ਦਾ ਬੋਲਬਾਲਾ ਹੈ।
ḔਆਪḔ ਦੇ ਨੇਤਾ ਤੇ ਵਰਕਰ ਇਥੇ ਪ੍ਰਚਾਰ ਕਰ ਰਹੇ ਹਨ। ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਆਪਣੇ ਪੰਜਾਬੀ ਤੇ ਸਿੱਖ ਉਮੀਦਵਾਰਾਂ ਲਈ ਜ਼ੋਰ ਲਗਾ ਰਹੇ ਹਨ। ਸ੍ਰੀ ਸੁੱਚਾ ਸਿੰਘ ਛੋਟੇਪੁਰ ਵੀ ḔਆਪḔ ਉਮੀਦਵਾਰਾਂ ਲਈ ਕਾਫੀ ਸਮੇਂ ਤੋਂ ਪ੍ਰਚਾਰ ਕਰ ਰਹੇ ਹਨ। ਰਾਜੌਰੀ ਗਾਰਡਨ ਤੋਂ ਜਰਨੈਲ ਸਿੰਘ ḔਆਪḔ ਦੇ ਉਮੀਦਵਾਰ ਹਨ। ਇਨ੍ਹਾਂ ਚੋਣਾਂ ਵਿਚ ਵੱਖ-ਵੱਖ ਮੁੱਦੇ ਹਨ ਪਰ ਪੰਜਾਬੀ ਖਾਸ ਤੌਰ Ḕਤੇ ਸਿੱਖਾਂ ਲਈ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ḔਆਪḔ ਤੇ ਅਕਾਲੀ ਦਲ ਉਭਾਰ ਰਹੇ ਹਨ।
ਅਕਾਲੀ ਦਲ ਦਿੱਲੀ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੇ ਨਾਲ-ਨਾਲ ਪੁਲਿਸ ਵਿਚ ਸਿੱਖ ਕੋਟਾ ਮੰਗ ਰਹੇ ਹਨ। ਕਾਂਗਰਸ ਨੇ ਪੰਜਾਬ ਵਿਚ ਅਕਾਲੀ-ਭਾਜਪਾ ਰਾਜ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਦੇ ਮੁੱਦੇ ਨੂੰ ਉਭਾਰਿਆ ਹੋਇਆ ਹੈ।
_____________________________________________
ਅੱਧੀ ਦਰਜਨ ਹਲਕਿਆਂ Ḕਚ ਹਾਰ-ਜਿੱਤ ਸਿੱਖ ਵੋਟਰਾਂ ਹੱਥ
ਨਵੀਂ ਦਿੱਲੀ: ਸਿੱਖ ਵੋਟਰ ਤਕਰੀਬਨ 15 ਹਲਕਿਆਂ ਵਿਚ ਆਪਣਾ ਅਸਰ ਪਾਉਂਦੇ ਹਨ ਤੇ ਤਕਰੀਬਨ ਅੱਧੀ ਦਰਜਨ ਹਲਕਿਆਂ ਵਿਚ ਜਿੱਤ-ਹਾਰ ਉਨ੍ਹਾਂ ਦੇ ਹੀ ਹੱਥ ਹੁੰਦੀ ਹੈ। ਇਸੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਰਾਜੌਰੀ ਗਾਰਡਨ ਤੇ ਹਰੀਨਗਰ ਵਰਗੇ ਸਿੱਖ/ਪੰਜਾਬੀ ਬਹੁਵਸੋਂ ਵਾਲੇ ਹਲਕਿਆਂ ਨੂੰ ਚੁਣਿਆ ਸੀ ਤੇ ਇਸ ਵਾਰ ਵੀ ਪੰਜਾਬ ਦੀ ਲੀਡਰਸ਼ਿਪ ਦਿੱਲੀ ਅੰਦਰ ਪਿਛਲੀਆਂ ਚੋਣਾਂ ਵਾਂਗ ਹੀ ਸਰਗਰਮ ਹੋ ਚੁੱਕੀ ਹੈ। ਪੱਛਮੀ ਦਿੱਲੀ ਅੰਦਰ ਤਕਰੀਬਨ 9æ5 ਫੀਸਦੀ ਸਿੱਖ ਵਸੋਂ ਹੈ ਤੇ ਇਥੋਂ ਤਿਲਕ ਨਗਰ, ਹਰੀ ਨਗਰ, ਰਾਜੌਰੀ ਗਾਰਡਨ, ਵਿਸ਼ਨੂੰ ਗਾਰਡਨ, ਜਨਕਪੁਰੀ ਤੇ ਹੋਰ ਕੁਝ ਹਲਕਿਆਂ ਵਿਚ ਪੰਜਾਬੀ ਵੋਟਰ ਅਸਰਦਾਰ ਹੁੰਦੇ ਹਨ। ਨਵੀਂ ਦਿੱਲੀ ਦੇ ਹਲਕਿਆਂ ਮੋਤੀ ਨਗਰ, ਪਟੇਲ ਨਗਰ, ਰਾਜਿੰਦਰ ਨਗਰ, ਮਾਲਵੀਆ ਨਗਰ ਤੇ ਗ੍ਰੇਟਰ ਕੈਲਾਸ਼ ਵਿਚ ਸਿੱਖਾਂ ਦੀ ਵਸੋਂ ਤਕਰੀਬਨ ਚਾਰ ਫੀਸਦੀ ਹੈ। ਚਾਂਦਨੀ ਚੌਕ ਇਲਾਕੇ ਦੇ ਰੌਸ਼ਨਆਰਾ ਰੋਡ, ਪ੍ਰਤਾਪ ਨਗਰ, ਸ਼ਾਸਤਰੀ ਨਗਰ, ਲਾਰੈਂਸ ਰੋਡ ਤੇ ਰਾਣੀ ਬਾਗ ਆਦਿ ਵਿਚ ਤਕਰੀਬਨ 3æ95 ਫੀਸਦੀ ਸਿੱਖ ਰਹਿੰਦੇ ਹਨ। ਪੂਰਬੀ ਦਿੱਲੀ ਅੰਦਰ ਜੰਗਪੁਰਾ, ਭੋਗਲ, ਕ੍ਰਿਸ਼ਨਾ ਨਗਰ ਤੇ ਗਾਂਧੀ ਨਗਰ ਆਦਿ ਵਿਚ ਤਿੰਨ ਫੀਸਦੀ ਸਿੱਖ ਰਹਿੰਦੇ ਹਨ। ਉਤਰੀ-ਪੂਰਬ ਦਿੱਲੀ ਦੇ ਹਲਕਿਆਂ ਮੁਖਰਜੀ ਨਗਰ, ਵਿਜੈ ਨਗਰ ਤੇ ਟੈਗੋਰ ਗਾਰਡਨ ਵਿਚ 1æ25 ਫੀਸਦੀ ਸਿੱਖ ਰਹਿੰਦੇ ਹਨ। ਉਤਰੀ-ਪੱਛਮ ਦਿੱਲੀ ਵਿਚ ਦੋ ਫੀਸਦੀ ਸਿੱਖ ਰਹਿੰਦੇ ਹਨ ਤੇ ਇਹ ਇਲਾਕੇ ਹਨ ਮੰਗੋਲਪੁਰੀ, ਸੁਲਤਾਨਪੁਰੀ ਤੇ ਨਾਂਗਲੋਈ। ਦੱਖਣੀ ਦਿੱਲੀ ਦੇ ਹਲਕਿਆਂ ਕਾਲਕਾ ਜੀ, ਈਸਟ ਆਫ ਕੈਲਾਸ਼ ਤੇ ਸਾਕੇਤ ਵਿਚ ਦੋ ਫੀਸਦੀ ਸਿੱਖ ਰਹਿੰਦੇ ਹਨ।
________________________
ਸਿਆਸੀ ਲਾਰਿਆਂ ਤੋਂ ਦੁਖੀ ਨੇ ਕਤਲੇਆਮ ਪੀੜਤ ਪਰਿਵਾਰ
ਨਵੀਂ ਦਿੱਲੀ: 1984 ਦਿੱਲੀ ਸਿੱਖ ਕਤਲੇਆਮ ਵਿਚ ਆਪਣਾ ਸਭ ਕੁਝ ਗੁਆ ਬੈਠੇ ਸਿੱਖ ਪਰਿਵਾਰ ਚੋਣਾਂ ਸਮੇਂ ਸਿਆਸੀ ਲੀਡਰਾਂ ਦੇ ਲਾਰਿਆਂ ਤੋਂ ਡਾਢੇ ਦੁਖੀ ਹਨ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਸਿਆਸੀ ਲੋਕ ਚੋਣਾਂ ਸਮੇਂ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿੰਦੇ ਹਨ ਤੇ ਬਾਅਦ ਵਿਚ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ। ਸਿੱਖ ਕਤਲੇਆਮ ਦੌਰਾਨ ਤ੍ਰਿਲੋਕਪੁਰੀ ਦੇ ਨਾਜਰ ਸਿੰਘ ਦੇ ਪਿਤਾ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਦਾ ਕਾਰ ਮੁਰੰਮਤ ਦਾ ਕਾਰੋਬਾਰ ਵੀ ਤਬਾਹ ਹੋ ਗਿਆ ਸੀ। ਇਨ੍ਹਾਂ ਵਰ੍ਹਿਆਂ ਦੌਰਾਨ ਉਹ ਇਨਸਾਫ਼ ਤੇ ਢੁੱਕਵੇਂ ਮੁਆਵਜ਼ੇ ਦੀ ਉਡੀਕ ਕਰਦਿਆਂ ਥੱਕ ਟੁੱਟ ਚੁੱਕਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸਿੱਖਾਂ ਨਾਲ ਇਨਸਾਫ ਤੇ ਹੋਰ ਮੁਆਵਜ਼ੇ ਦੇ ਕੀਤੇ ਜਾ ਰਹੇ ਵਾਅਦੇ ਉਸ ਦੇ ਦੁਖੀ ਹਿਰਦੇ ਨੂੰ ਠੰਢ ਨਹੀਂ ਪਾ ਰਹੇ। ਉਸ ਨੇ ਚਿਹਰੇ Ḕਤੇ ਬਿਨਾਂ ਕੋਈ ਭਾਵ ਲਿਆਉਂਦੇ ਕਿਹਾ ਕਿ ਅਸੀਂ ਤਾਂ ਸਿਰਫ ਵੋਟਾਂ ਲੈਣ ਦਾ ਜ਼ਰੀਆ ਬਣੇ ਹੋਏ ਹਾਂ। ਹਰੇਕ ਚੋਣਾਂ ਵਿਚ ਅਜਿਹੇ ਵਾਅਦੇ ਕੀਤੇ ਜਾਣ ਬਾਅਦ ਮੈਨੂੰ ਸੋਝੀ ਆ ਗਈ ਹੈ ਕਿ ਇਹ ਕੁਝ ਵੀ ਕਰਨ ਜੋਗੇ ਨਹੀਂ ਹਨ, ਮੇਰੇ ਪਿਤਾ ਦੇ ਕਾਤਲ ਅੱਜ ਵੀ ਖੁੱਲ੍ਹੇ ਘੁੰਮ ਰਹੇ ਹਨ। ਮੇਰੀ ਮਾਂ ਪਿਛਲੇ ਵਰ੍ਹੇ ਦਮ ਤੋੜ ਗਈ। ਉਸ ਦੀਆਂ ਨਜ਼ਰਾਂ ਘਰ ਦੇ ਖੰਭੇ Ḕਤੇ ਲੱਗੀਆਂ ਰਹੀਆਂ ਜਿਥੇ ਮੇਰੇ ਪਿਤਾ ਨੂੰ ਸਾੜਿਆ ਗਿਆ ਸੀ। ਇਕ ਸਮਾਂ ਸੀ ਜਦੋਂ ਉਹ ਆਪਣੀ ਆਟੋ ਵਰਕਸ਼ਾਪ ਵਿਚ ਕੰਮ ਕਰਦੇ ਚਾਰ ਮਕੈਨਿਕਾਂ ਨੂੰ 1500-1500 ਰੁਪਏ ਹੱਥੀ ਤਨਖਾਹ ਦਿੰਦਾ ਸੀ ਪਰ ਸਿੱਖ ਕਤਲੇਆਮ ਨੇ ਉਸ ਦੀ ਜ਼ਿੰਦਗੀ ਦਾ ਚੱਕਾ ਮੋੜ ਕੇ ਰੱਖ ਦਿੱਤਾ। ਅੱਜ ਉਹ ਖੁਦ 4500 ਰੁਪਏ ਤੇ 10 ਕਿੱਲੋ ਕਣਕ ਨਾਲ ਮਹੀਨੇ ਭਰ ਤ੍ਰਿਲੋਕਪੁਰੀ ਦੇ ਗੁਰਦੁਆਰੇ ਦੀ ਸੁਰੱਖਿਆ ਵਿਚ ਤਾਇਨਾਤ ਰਹਿੰਦਾ ਹੈ। ਆਟੋ ਰਿਕਸ਼ਾ ਡਰਾਈਵਰ ਸੁਰਜੀਤ ਸਿੰਘ, ਜਿਸ ਦੇ ਪਰਿਵਾਰ ਨੂੰ ਸਿੱਖ ਕਤਲੇਆਮ ਵਿਚ ਗਾਜ਼ੀਆਬਾਦ ਵਿਚ ਨੁਕਸਾਨ ਹੋਇਆ ਸੀ, ਨੇ ਨਾਜਰ ਸਿੰਘ ਨਾਲ ਮਿਲ ਕੇ ਕਿਹਾ ਕਿ ਸਿਆਸਤਦਾਨ ਸਿੱਖਾਂ ਨੂੰ ਮੋਹਰਾ ਬਣਾਉਣਾ ਛੱਡਣ। ਕਿਸੇ ਵੀ ਵੱਡੇ ਆਗੂ ਤੇ ਸਾਜ਼ਿਸ਼ਘਾੜੇ ਨੂੰ ਅਜੇ ਤੱਕ ਸਜ਼ਾ ਨਹੀਂ ਹੋਈ।
ਭਾਜਪਾ ਦੇ ਹਲਕੇ ਤੋਂ ਉਮੀਦਵਾਰ ਕਿਰਨ ਵੈਦ ਨੇ ਕਿਹਾ ਕਿ ਸਿੱਖ ਕਤਲੇਆਮ ਦਾ ਇਥੇ ਕੋਈ ਮੁੱਦਾ ਨਹੀਂ ਹੈ ਤੇ ਨਾ ਹੀ ਇਸ ਬਾਬਤ ਕਿਸੇ ਨੇ ਉਨ੍ਹਾਂ ਨਾਲ ਕੋਈ ਗੱਲ ਕੀਤੀ ਹੈ। ਲੋਕ ਵੀ ਪਿਛਲੇ ਸਾਲ ਹੋਏ ਹਿੰਦੂ-ਮੁਸਲਿਮ ਦੰਗਿਆਂ ਦੀ ਗੱਲ ਕਰਦੇ ਹਨ। ਉਂਜ ਹੋਰ ਸੀਟਾਂ ਰਾਜੌਰੀ ਗਾਰਡਨ, ਸ਼ਾਹਦਰਾ, ਹਰੀ ਨਗਰ ਤੇ ਕਾਲਕਾਜੀ Ḕਤੇ ਸਿੱਖ ਕਤਲੇਆਮ ਦਾ ਮੁੱਦਾ ਭਾਰੂ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਕਈ ਸਿੱਖਾਂ ਨੂੰ ਇਕ ਕੌਡੀ ਤੱਕ ਨਹੀਂ ਮਿਲੀ। ਉਸ ਨੇ ਸਵਾਲ ਕੀਤਾ ਕਿ ਕੁਝ ਲੱਖ ਰੁਪਏ ਨਾਲ ਕੀ ਜੀਵਨ ਮੁੜ ਤੋਂ ਸ਼ੁਰੂ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਤ੍ਰਿਲੋਕ ਵਿਹਾਰ ਦੇ ਸਿਰਫ 17 ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਹੈ। ਇਹ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਦਿਨ ਭਰ ਦੀ ਸਖ਼ਤ ਮਿਹਨਤ ਦੇ ਨਾਲ ਸਰਕਾਰੇ-ਦਰਬਾਰੇ ਵੀ ਚੱਕਰ ਕੱਟਣੇ ਪੈ ਰਹੇ ਹਨ।