ਅਮਿੱਟ ਯਾਦਾਂ ਛੱਡ ਗਈਆਂ ਖੇਡਾਂ ਕਿਲਾ ਰਾਏਪੁਰ ਦੀਆਂ

ਲੁਧਿਆਣਾ: ਪੇਂਡੂ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ 79ਵੀਆਂ ਖੇਡਾਂ ਇਥੇ ਗਰੇਵਾਲ ਖੇਡ ਸਟੇਡੀਅਮ ਵਿਖੇ ਵੱਖ-ਵੱਖ ਫਾਈਨਲ ਮੁਕਾਬਲਿਆਂ ਨਾਲ ਅਮਿੱਟ ਯਾਦਾਂ ਨਾਲ ਸਮਾਪਤ ਹੋ ਗਈਆਂ। ਫਾਈਨਲ ਮੁਕਾਬਲਿਆਂ ਵਿਚ ਹਾਕੀ ਭਗਵੰਤ ਯਾਦਗਾਰੀ ਸੌ ਤੋਲੇ ਦੇ ਕੱਪ, ਕਬੱਡੀ, ਘੋੜਿਆਂ ਦੀਆਂ ਦੌੜਾਂ, ਖੱਚਰ-ਰੇਹੜਾ ਦੌੜ, ਐਥਲੈਟਿਕਸ, ਸਾਈਕਲਿੰਗ, ਟਰਾਲੀ ਲੋਡਿੰਗ ਤੇ ਅਨਲੋਡਿੰਗ, ਟਰਾਈ ਸਾਈਕਲ ਦੌੜ ਆਦਿ ਮੁਕਾਬਲੇ ਖਿੱਚ ਦਾ ਕੇਂਦਰ ਰਹੇ।

ਇਸ ਦੇ ਨਾਲ ਹੀ ਗਿੱਧਾ, ਭੰਗੜਾ, ਮਲਵਈ ਗਿੱਧਾ, ਮੋਟਰਸਾਈਕਲਾਂ ‘ਤੇ ਕਰਤੱਬ, ਵਿਅਕਤੀਗਤ ਕਰਤੱਬ ਆਦਿ ਨੇ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਖੇਡਾਂ ਦੌਰਾਨ ਸੁਪਰੀਮ ਕੋਰਟ ਵਲੋਂ ਪਸ਼ੂਆਂ ‘ਤੇ ਅੱਤਿਆਚਾਰ ਰੋਕਣ ਲਈ ਜਾਰੀ ਹੁਕਮਾਂ ਕਾਰਨ ਬੈਲਗੱਡੀਆਂ ਦੀਆਂ ਦੌੜਾਂ ਨਹੀਂ ਕਰਵਾਈਆਂ ਜਾ ਸਕੀਆਂ ਪਰ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਲੋਂ ਘੋੜਿਆਂ ਦੀਆਂ ਦੌੜਾਂ ਕਰਵਾ ਕੇ ਇਸ ਦੀ ਪੂਰਤੀ ਕੀਤੀ ਗਈ ਪਰ ਨਾਮੀ ਬਲਦ ਦੌੜਾਕਾਂ ਨੇ ਆਪਣੇ ਸ਼ਿੰਗਾਰੇ ਬਲਦਾਂ ਨਾਲ ਗਰੇਵਾਲ ਖੇਡ ਸਟੇਡੀਅਮ ਵਿਚ ਰੋਸ ਵਜੋਂ ਗੇੜਾ ਲਾਇਆ ਜੋ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਬਣਿਆ। ਇਨ੍ਹਾਂ ਖੇਡਾਂ ਵਿਚ ਸ਼ਿੰਗਾਰੇ ਹੋਏ ਘੋੜਿਆਂ ਤੇ ਊਠਾਂ ਦੇ ਮਾਲਕਾਂ ਨੇ ਅਗਲੇ ਸਾਲ ਇਨ੍ਹਾਂ ਪਿੱਛੇ ਰੇਹੜੇ ਪਾ ਕੇ ਦੌੜ ਲਾਉਣ ਦੀ ਹਾਮੀ ਭਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਇਨ੍ਹਾਂ ਖੇਡਾਂ ਦਾ ਪੁਰਾਣਾ ਦੌਰ ਵਾਪਸ ਆਉਣ ਦੀ ਉਮੀਦ ਬੱਝੀ ਹੈ। ਮੇਲੇ ਵਿਚ ਕਈ ਸਾਲਾਂ ਤੋਂ ਆਪਣੇ ਊਠ ਤੇ ਘੋੜੇ ਸ਼ਿੰਗਾਰ ਕੇ ਲਿਆ ਰਹੇ ਬਠਿੰਡਾ ਦੇ ਜਗਤਾਰ ਸਿੰਘ ਉਰਫ ਲਾਡੀ ਬਾਬਾ ਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਅਗਲੇ ਸਾਲ ਵੀ ਬੈਲ ਗੱਡੀ ਦੌੜ ‘ਤੇ ਰੋਕ ਲੱਗਦੀ ਹੈ ਤਾਂ ਉਹ ਊਠ ਪਿੱਛੇ ਰੇਹੜਾ ਪਾ ਕੇ ਭਜਾਉਣ ਲਈ ਤਿਆਰ ਹਨ।
ਮੇਲੇ ਦੇ ਆਖਰੀ ਦਿਨ 70 ਤੋਂ 80 ਸਾਲਾ ‘ਗੱਭਰੂਆਂ’ ਦੀ 100 ਮੀਟਰ ਦੌੜ ਵਿਚ ਅੰਮ੍ਰਿਤਸਰ ਦੇ ਅਜੀਤ ਸਿੰਘ ਰੰਧਾਵਾ ਜੇਤੂ ਰਿਹਾ। ਧਨੌਲਾ ਦਾ ਛੱਜੂ ਰਾਮ ਦੂਜੇ ਤੇ ਮੰਜੀ ਕੋਟ ਦਾ ਨਛੱਤਰ ਸਿੰਘ ਤੀਜੇ ਸਥਾਨ ‘ਤੇ ਰਿਹਾ। ਲੜਕਿਆਂ ਦੀ 200 ਮੀਟਰ ਦੌੜ ਵਿਚੋਂ ਨੀਰਜ ਨੇ ਪਹਿਲਾ, ਪਟਿਆਲਾ ਦੇ ਨਰਿੰਦਰ ਸਿੰਘ ਨੇ ਦੂਜਾ ਤੇ ਮੁਨੀਸ਼ ਨੇ ਤੀਜਾ ਸਥਾਨ, ਲੜਕੀਆਂ ਦੀ ਦੌੜ ਵਿਚ ਸ਼ਰੁਤੀ ਸਿੰਘ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਜਾ ਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ 800 ਮੀਟਰ ਦੌੜ ਵਿਚੋਂ ਹਰਿਆਣਾ ਦਾ ਮਨਜੀਤ ਸਿੰਘ ਚਾਹਲ ਪਹਿਲੇ, ਪਟਿਆਲਾ ਦਾ ਵਿਜੇ ਸਿੰਘ ਤੇ ਨਿਖਲ ਅਰੋੜਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੇ ਇਸੇ ਦੌੜ ਵਿਚ ਆਗਰਾ ਦੀ ਸੁਗੰਧਾ ਗੁੱਜਰ, ਪੰਜਾਬੀ ਯੂਨੀਵਰਸਿਟੀ ਦੀ ਮੰਜੂ ਕੁਮਾਰੀ ਤੇ ਪਟਿਆਲਾ ਦੀ ਅਨੁਪਮ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਮਰਦਾਂ ਦੀ ਉਚੀ ਛਾਲ ਵਿਚ ਬਠਿੰਡਾ ਦਾ ਗੁਰਦੀਪ ਸਿੰਘ ਜੇਤੂ ਰਿਹਾ। 100 ਮੀਟਰ ਟਰਾਈ-ਸਾਈਕਲ ਰੇਸ ਵਿਚ ਕਿਲਾ ਰਾਏਪੁਰ ਦਾ ਸੁੱਖਾ ਪਹਿਲੇ, ਸੰਗਰੂਰ ਦਾ ਕਾਲਾ ਦੂਜੇ ਤੇ ਹੈਬੋਵਾਲ ਦਾ ਪ੍ਰਮੋਦ ਕੁਮਾਰ ਤੀਜੇ ਥਾਂ ‘ਤੇ ਰਿਹਾ। ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਟੂਰਨਾਮੈਂਟ ਵਿਚ ਜਰਖੜ ਅਕੈਡਮੀ ਨੇ ਹਰਿਆਣਾ ਇਲੈਵਨ ਨੂੰ 4-1 ਨਾਲ ਮਾਤ ਦਿੱਤੀ। ਟਰਾਲੀ ਭਰਨ ਤੇ ਖਾਲੀ ਕਰਨ ਦੇ ਮੁਕਾਬਲੇ ਵਿਚ ਸੰਗਰੂਰ ਦੇ ਜੱਗਾ ਸਿੰਘ ਦੀ ਟੀਮ ਜੇਤੂ ਰਹੀ। ਤਿੰਨ ਮੀਲ ਸਾਈਕਲ ਦੌੜ ਵਿਚੋਂ ਅੰਮ੍ਰਿਤਸਰ ਦਾ ਸਵਪਨਿਲ ਮਿਸ਼ਰਾ ਪਹਿਲੇ, ਲੁਧਿਆਣਾ ਦਾ ਲਵਪ੍ਰੀਤ ਦੂਜੇ ਸਥਾਨ ‘ਤੇ ਰਿਹਾ। ਖੱਚਰ-ਰੇਹੜਾ ਦੌੜ ਵਿਚ ਕੰਗਣਵਾਲ ਦੇ ਬੱਬੂ ਦਾ ਖੱਚਰ ਪਹਿਲੇ, ਪੱਖੋਵਾਲ ਦੇ ਸਰੂਪ ਸਿੰਘ ਦਾ ਖੱਚਰ ਦੂਜੇ ਸਥਾਨ ‘ਤੇ ਰਿਹਾ। ਘੋੜਿਆਂ ਦੀ ਦੌੜ ਬਾਲੋਂ ਦੇ ਲੱਖੀ ਦੇ ਘੋੜੇ ਨੇ ਜਿੱਤੀ। ਬੱਸੀਂ ਗੁੱਜਰਾਂ ਦੇ ਲਵਲੀ ਦਾ ਘੋੜਾ ਦੂਜੇ ਸਥਾਨ ‘ਤੇ ਰਿਹਾ। ਕਬੱਡੀ ਪਿੰਡ ਓਪਨ ਦਾ ਮੁਕਾਬਲਾ ਗਲੋਟੀ ਦੀ ਟੀਮ ਨੇ ਜਿੱਤਿਆ। ਟਰੈਕਟਰ ਦੌੜ ਸੁੱਖੇ ਨੇ ਜਿੱਤੀ।
___________________________________
ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਨਾਲ ਬੰਨ੍ਹਿਆ ਸਮਾਂ
ਲੁਧਿਆਣਾ: ਕਿਲਾ ਰਾਏਪੁਰ ਦੀਆਂ ਖੇਡਾਂ ਵਿਚ ਸੂਬੇ ਦੇ ਸਭਿਆਚਾਰ ਦੇ ਰੰਗ ਵੀ ਦੇਖਣ ਨੂੰ ਮਿਲੇ। ਬਲਦ ਦੌੜਾਂ ਉਤੇ ਪਾਬੰਦੀ ਹੋਣ ਕਾਰਨ ਜਿਥੇ ਪਹਿਲਾਂ ਬਲਦਾਂ ਦੀਆਂ ਹੀਟਾਂ ਹੁੰਦੀਆਂ ਸਨ, ਉਥੇ ਕੁੱਤੇ ਤੇ ਘੋੜੇ ਦੌੜਦੇ ਨਜ਼ਰ ਆਏ। ਹਰ ਇਕ ਦੇ ਚਿਹਰੇ ਉਤੇ ਬਲਦਾਂ ਦੀਆਂ ਦੌੜਾਂ ਨਾ ਹੋਣ ਦੀ ਨਿਰਾਸ਼ਾ ਝਲਕਦੀ ਸੀ, ਫਿਰ ਵੀ ਇਨ੍ਹਾਂ ਪੇਂਡੂ ਖੇਡਾਂ ਵਿਚ ਸੂਬੇ ਦੇ ਵੱਖ-ਵੱਖ ਰੰਗ ਦੇਖਣ ਨੂੰ ਨਜ਼ਰ ਆਏ। ਨਿਹੰਗ ਸਿੰਘਾਂ ਨੇ ਗੱਤਕੇ ਦੇ ਜ਼ੌਹਰ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵਿਦੇਸ਼ੀ ਕੁੱਤਿਆਂ ਦੀ ਦੌੜਾਂ ਨੇ ਵੀ ਇਸ ਵਾਰ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ। ਭਗਵੰਤ ਯਾਦਗਾਰੀ ਹਾਕੀ ਗੋਲਡ ਕੱਪ ਵਿਚ ਮੇਜ਼ਬਾਨ ਕਿਲਾ ਰਾਏਪੁਰ ਦੀ ਟੀਮ ਨੇ ਸੰਗਰੂਰ ਨੂੰ 2-0 ਨਾਲ ਹਰਾਇਆ। ਅਮਲੋਹ ਦੀ ਟੀਮ ਨੇ ਫਸਵੇਂ ਮੁਕਾਬਲੇ ਵਿਚ ਗੁਰਦਾਸਪੁਰ ਨੂੰ 5-4 ਨੂੰ ਹਰਾਇਆ। ਘੋੜਾ ਦੌੜ ਵਿਚ ਲਖਨੂਰ ਸਿੰਘ ਨੇ ਪਹਿਲਾ ਸਥਾਨ ਤੇ ਕੁੱਤਿਆਂ ਦੀਆਂ ਦੌੜਾਂ ਵਿਚ ਗੁੱਜਰਵਾਲ ਦੇ ਮਨਤੇਜ ਸਿੰਘ ਦੇ ਕੁੱਤੇ ਨੇ ਪਹਿਲਾਂ ਸਥਾਨ ਹਾਸਲ ਕੀਤਾ।
____________________________________
ਘੋੜ ਦੌੜ ਉਤੇ ਰੋਕ ਕਾਰਨ ਨਿਰਾਸ਼ ਹੋਏੇ ਦਰਸ਼ਕ
ਲੁਧਿਆਣਾ: ਸੁਪਰੀਮ ਕੋਰਟ ਵਲੋਂ ਬੈਲ ਗੱਡੀ ਦੌੜਾਂ ‘ਤੇ ਰੋਕ ਲਾਏ ਜਾਣ ਬਾਅਦ ਕਿਲਾ ਰਾਏਪੁਰ ਖੇਡਾਂ ਵਿਚ ਇਸ ਵਾਰ ਘੋੜਿਆਂ ਪਿੱਛੇ ਰੇਹੜੇ ਪਾ ਕੇ ਕਰਵਾਈ ਦੌੜ ਦਰਸ਼ਕਾਂ ਦੀ ਭੀੜ ਇਕੱਠੀ ਕਰਨ ਵਿਚ ਨਾਕਾਮ ਰਹੀ ਹੈ। ਖੇਡਾਂ ਵਿਚ ਹਿੱਸਾ ਲੈਣ ਵਾਲੇ ਲੋਕ ਤਾਂ ਇਥੇ ਭਾਰੀ ਗਿਣਤੀ ਵਿਚ ਪੁੱਜੇ ਪਰ ਉਨ੍ਹਾਂ ਨੂੰ ਦੇਖਣ ਵਾਲਿਆਂ ਵਿਚ ਪਹਿਲਾਂ ਵਾਲਾ ਉਤਸ਼ਾਹ ਨਹੀ ਸੀ। ਸਟੇਡੀਅਮ ਵਿਚ ਬੈਠਣ ਲਈ ਬਣਾਈਆਂ ਸੀਟਾਂ ਅੱਧਿਓਂ ਵੱਧ ਖਾਲੀ ਸਨ। ਪ੍ਰਬੰਧਕਾਂ ਵਲੋਂ ਬੈਲ ਗੱਡੀਆਂ ਦੀ ਥਾਂ ਘੋੜਿਆਂ ਪਿੱਛੇ ਰੇਹੜੇ ਪਾ ਕੇ ਕਰਵਾਈ ਦੌੜ ਦਰਸ਼ਕਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕੀ। ਕਈ ਸਾਲਾਂ ਤੋਂ ਇਸ ਖੇਡ ਮੇਲੇ ਨੂੰ ਦੇਖਦੇ ਆ ਰਹੇ ਤੇ ਰੱਖਿਆ ਮੰਤਰਾਲੇ ਵਿਚੋਂ ਸੇਵਾਮੁਕਤ ਹੋਏ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਬੰਧਕ ਕੁਝ ਵੀ ਕਰ ਲੈਣ ਪਰ ਬਲਦਾਂ ਦੀ ਦੌੜ ਦੇਖਣ ਦਾ ਮਜ਼ਾ ਹੀ ਅਲੱਗ ਸੀ।
ਕਿਲਾ ਰਾਏਪੁਰ ਵਿਚ ਬੈਲ ਗੱਡੀਆਂ ਦੀ ਥਾਂ ਘੋੜਿਆਂ ਦੀਆਂ ਦੌੜਾਂ ਕਰਵਾਏ ਜਾਣ ਤੋਂ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ। ਖੇਡ ਮੈਦਾਨ ਦੀਆਂ ਪੌੜੀਆਂ ‘ਤੇ ਬੈਠੇ ਕਈ ਬਜ਼ੁਰਗਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ 1944 ਤੋਂ ਇਥੇ ਬੈਲ ਗੱਡੀਆਂ ਦੌੜਾਈਆਂ ਜਾਂਦੀਆਂ ਆ ਰਹੀਆਂ ਸਨ ਪਰ ਪਿਛਲੇ ਦੋ ਸਾਲਾਂ ਤੋਂ ਦੌੜਾਂ ਵਿਚ ਅੜਿੱਕੇ ਪੈਣੇ ਸ਼ੁਰੂ ਹੋਏ ਹਨ। ਉਹ ਖੁਦ ਬੈਲ ਰੱਖਣ ਦੇ ਸ਼ੌਕੀਨ ਹਨ ਤੇ ਇਹ ਸ਼ੌਕ ਉਨ੍ਹਾਂ ਨੂੰ ਖੇਡਾਂ ਵਿਚ ਦੌੜਦੇ ਬਲਦਾਂ ਨੂੰ ਦੇਖ ਕੇ ਹੀ ਲੱਗਾ ਸੀ। ਪਿਛਲੇ ਕਈ ਸਾਲਾਂ ਤੋਂ ਇਥੇ ਆਪਣੇ ਬੈਲ ਦੌੜਾਉਣ ਆਉਂਦੇ ਕਈ ਲੋਕਾਂ ਨੇ ਆਪੋ ਆਪਣੀਆਂ ਬੈਲ ਗੱਡੀਆਂ ਲੈ ਕੇ ਇਸ ਰੋਸ ਪ੍ਰਗਟਾਇਆ। ਸੁਪਰੀਮ ਕੋਰਟ ਵਲੋਂ ਲਾਈ ਰੋਕ ਨੂੰ ਦੇਖਦਿਆਂ ਪ੍ਰਬੰਧਕਾਂ ਨੇ ਇਸ ਵਾਰ ਕਿਲਾ ਰਾਏਪੁਰ ਵਿਚ ਘੋੜੇ ਭਜਾਏ ਜਾਣ ਦਾ ਫੈਸਲਾ ਕੀਤਾ ਸੀ। 1944 ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਕਿਲਾ ਰਾਏਪੁਰ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਨਹੀਂ ਹੋ ਰਹੀਆਂ। ਇਸ ਤੋਂ ਪਹਿਲਾਂ 2012 ਵਿਚ ਵੀ ਕਿਲ੍ਹਾ ਰਾਏਪੁਰ ਵਿਚ ਬੈਲ ਗੱਡੀਆਂ ਦੀ ਦੌੜ ਕਰਵਾਉਣ ‘ਤੇ ਰੋਕ ਲਾਈ ਗਈ ਸੀ।
ਪਿਛਲੇ ਲਗਾਤਾਰ ਦੋ ਸਾਲਾਂ ਤੋਂ ਜੇਤੂ ਬੈਲ-ਗੱਡੀਆਂ ਦੇ ਮਾਲਕਾਂ ਸੁੱਖ ਨਾਗਰਾ ਤੇ ਗੋਲੂ ਜੋਧਾਂ ਨੇ ਦੱਸਿਆ ਕਿ ਖੇਡਾਂ ਤੋਂ ਤੀਸਰੀ ਵਾਰ ਜਿੱਤ ਪ੍ਰਾਪਤ ਕਰਨ ਲਈ ਲੱਖਾਂ ਰੁਪਏ ਖਰਚ ਕੇ ਪੁੱਤਰਾਂ ਵਾਂਗਰਾ ਪਾਲੇ ਬਲਦਾਂ ਨੂੰ ਤਿਆਰ ਕਰਕੇ ਖੇਡਾਂ ਵਿਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਵਾਪਸ ਆਏ ਹਨ ਪਰ ਬਲਦ ਨਾ ਭੱਜਣ ਦਾ ਅਤਿ ਅਫ਼ਸੋਸ ਹੈ। ਉਨ੍ਹਾਂ ਪ੍ਰਸ਼ਾਸਨ, ਖੇਡ ਐਸੋਸੀਏਸ਼ਨ ਸਮੇਤ ਬਲਦ ਦੌੜਾਕ ਐਸੋਸੀਏਸ਼ਨ ਤੋਂ ਮੰਗ ਕੀਤੀ ਕਿ ਇਕ ਮੰਚ ‘ਤੇ ਇਕੱਤਰ ਹੋ ਕੇ ਮੁੜ ਬਲਦ ਭਜਾਉਣ ਦੀ ਰਾਹਤ ਪ੍ਰਾਪਤ ਕੀਤੀ ਜਾਵੇ।