ਚੰਡੀਗੜ੍ਹ: ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਮਾਹਿਰ ਡਾਕਟਰ ਸਿਰਫ ਵੀæਆਈæਪੀæ ਡਿਊਟੀਆਂ ਨਿਭਾਉਣ ਜੋਗੇ ਹੀ ਰਹੇ ਗਏ ਹਨ। ਸਿਹਤ ਵਿਭਾਗ ਮੰਤਰੀਆਂ ਨੂੰ ਖੁਸ਼ ਕਰਨ ਲਈ ਨਿਯਮਾਂ ਦੀ ਅਣਦੇਖੀ ਕਰਕੇ ਮਾਹਿਰ ਡਾਕਟਰਾਂ ਦੀ ਵੀæਆਈæਪੀæ ਡਿਊਟੀ ਲਾ ਰਿਹਾ ਹੈ।
ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਹਿਰ ਡਾਕਟਰਾਂ ਨੂੰ ਸਿਰਫ ਜ਼ੈਡ ਸੁਰੱਖਿਆ ਵਾਲੇ ਅਤਿ ਮਹੱਤਵਪੂਰਨ ਵਿਆਕਤੀਆਂ ਨਾਲ ਹੀ ਤਾਇਨਾਤ ਕੀਤਾ ਜਾ ਸਕਦਾ ਹੈ। ਮੰਤਰੀਆਂ ਨਾਲ ਜ਼ਿਲ੍ਹਾ ਪ੍ਰੀਸ਼ਦਾਂ ਤਹਿਤ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਨੂੰ ਜੋੜੇ ਜਾਣ ਦੇ ਆਦੇਸ਼ ਹਨ। ਵੀæਆਈæਪੀæ ਡਿਊਟੀ Ḕਤੇ ਲਾਏ ਜਾਣ ਵਾਲੇ ਡਾਕਟਰਾਂ ਲਈ ਮਹਿਕਮੇ ਕੋਲ ਗੱਡੀਆਂ ਦੀ ਘਾਟ ਹੈ। ਇਸ ਕਰਕੇ ਮਰੀਜ਼ਾਂ ਨੂੰ ਢੋਣ ਵਾਲੀਆਂ ਐਂਬੂਲੈਂਸਾਂ ਦੀ ਵੀæਆਈæਪੀæ ਡਿਊਟੀ ਲਈ ਵਰਤੋਂ ਹੋ ਰਹੀ ਹੋਣ ਲੱਗੀ ਹੈ।
ਸਰਕਾਰੀ ਹਸਪਤਾਲਾਂ ਵਿਚ ਮਾਹਿਰਾਂ ਦੀ ਗੈਰਹਾਜ਼ਰੀ ਵਿਚ ਮਰੀਜ਼ ਇਲਾਜ ਲਈ ਤੜਪ ਰਹੇ ਹਨ ਤੇ ਉਨ੍ਹਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਨਾ ਹੋਣ ਕਾਰਨ ਲੋਕ ਮਹਿੰਗੇ ਭਾਅ Ḕਤੇ ਟੈਕਸੀਆਂ ਭਾੜੇ Ḕਤੇ ਲੈਣ ਲਈ ਮਜਬੂਰ ਹਨ। ਇਥੇ ਹੀ ਬੱਸ ਨਹੀਂ ਬਹੁਤੀ ਵਾਰੀ ਡਾਕਟਰਾਂ ਨੂੰ ਆਪਣੇ ਨਿਜੀ ਵਾਹਨਾਂ Ḕਤੇ ਡਿਊਟੀ ਲਈ ਜਾਣਾ ਪੈ ਜਾਂਦਾ ਹੈ ਤੇ ਉਹ ਤੇਲ ਵੀ ਆਪਣੀ ਜੇਬ ਵਿਚੋਂ ਭਰਵਾ ਰਹੇ ਹਨ। ਸਿਹਤ ਵਿਭਾਗ ਵਲੋਂ ਸਿਵਲ ਸਰਜਨ ਨੂੰ ਇਨੋਵਾ ਕਾਰ ਦੀ ਥਾਂ ਕਿਰਾਏ Ḕਤੇ ਟਾਟਾ ਇੰਡੀਗੋ ਕਾਰਾਂ ਲੈ ਕੇ ਦੇਣ ਦੇ ਫੈਸਲੇ ਨਾਲ ਡਾਕਟਰਾਂ ਵਿਚ ਸਰਕਾਰ ਪ੍ਰਤੀ ਨਾਰਾਜ਼ਗੀ ਵਧ ਗਈ ਹੈ। ਕਿਰਾਏ Ḕਤੇ ਟੈਕਸੀਆਂ ਲੈਣ ਦਾ ਫੈਸਲਾ ਚਾਹੇ ਵਿੱਤ ਵਿਭਾਗ ਦਾ ਹੈ ਤੇ ਸਾਰੇ ਮਹਿਕਮੇ ਇਸ ਨੂੰ ਮੰਨਣ ਦੇ ਪਾਬੰਦ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਐਂਮਰਜੈਂਸੀ ਡਿਊਟੀ ਕਰਕੇ ਉਨ੍ਹਾਂ ਦਾ ਕੇਸ ਅਲੱਗ ਤੌਰ Ḕਤੇ ਵਿਚਾਰਿਆ ਜਾਣਾ ਚਾਹੀਦਾ ਹੈ।
ਡਾਕਟਰਾਂ ਨੇ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਡਾਕਟਰਾਂ ਨੇ ਮੰਤਰੀ ਨੂੰ ਦੱਸਿਆ ਹੈ ਕਿ ਉਹ ਖਟਾਰਾਂ ਗੱਡੀਆਂ ਵਿਚ ਜਦੋਂ ਮੰਤਰੀਆਂ ਨਾਲ ਡਿਊਟੀ Ḕਤੇ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਘੱਟ ਰਫਤਾਰ Ḕਤੇ ਚੱਲਦੀਆਂ ਹਨ ਜਿਸ ਕਰਕੇ ਪਿੱਛੇ ਰਹਿ ਜਾਂਦੇ ਹਨ। ਉਨ੍ਹਾਂ ਨੇ ਗੱਡੀ ਤੇਜ਼ ਭਜਾਉਣ ਨਾਲ ਹਾਦਸਾ ਵਾਪਰਨ ਦੇ ਡਰ ਦਾ ਪ੍ਰਗਟਾਵਾ ਕੀਤਾ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਡਾæ ਕਰਨਜੀਤ ਸਿੰਘ ਕਹਿੰਦੇ ਹਨ ਕਿ ਮਾਹਿਰ ਡਾਕਟਰਾਂ ਦੀ ਡਿਊਟੀ ਸਿਰਫ ਗਣਤੰਤਰ ਦਿਵਸ ਮੌਕੇ ਲਈ ਗਈ ਸੀ ਜਦਕਿ ਅਜਿਹੇ ਸਮਾਗਮਾਂ ਵਿਚ ਤਾਂ ਹਾਜ਼ਰ ਹੋਣਾ ਹਰੇਕ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ੈਡ ਸਕਿਉਰਿਟੀ ਵਾਲੀਆਂ ਸਖਸ਼ੀਅਤਾਂ ਤੋਂ ਬਿਨਾਂ ਹੋਰਨਾਂ ਨਾਲ ਮਾਹਿਰ ਡਾਕਟਰਾਂ ਦੀ ਡਿਊਟੀ ਲਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
_________________________________________
ਸਿਵਲ ਸਰਜਨਾਂ ਨੂੰ ਭਾੜੇ ਦੀਆਂ ਗੱਡੀਆਂ
ਸਿਹਤ ਮਹਿਕਮੇ ਕੋਲ ਸਰਕਾਰੀ ਗੱਡੀਆਂ ਦੀ ਵੱਡੀ ਘਾਟ ਹੈ ਤੇ ਵਾਹਨ ਉਧਾਰ Ḕਤੇ ਮੰਗ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਸਰਕਾਰੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੂਬੇ ਦੇ 22 ਸਿਵਲ ਸਰਜਨਾਂ ਵਿਚੋਂ ਚਾਰ ਤੋਂ ਵੱਧ ਕੋਲ ਗੱਡੀ ਨਹੀਂ ਹੈ। ਅੱਧੀ ਦਰਜਨ ਤੋਂ ਵੱਧ ਗੱਡੀਆਂ ਖਟਾਰਾਂ ਹੋ ਚੁੱਕੀਆਂ ਹਨ। ਸਰਕਾਰ ਦੇ ਨਿਯਮਾਂ ਮੁਤਾਬਕ ਸਿਵਲ ਸਰਜਨ ਤੋਂ ਬਿਨਾ ਜ਼ਿਲ੍ਹਾ, ਸਬ ਡਿਵੀਜ਼ਨ ਤੇ ਬਲਾਕ ਪੱਧਰ ਦੇ ਹਸਪਤਾਲਾਂ ਵਿਚ ਇਕ-ਇਕ ਵਾਹਨ ਦੀ ਸਹੂਲਤ ਦਿੱਤੀ ਗਈ ਹੈ ਪਰ ਵੱਡੀ ਗਿਣਤੀ ਗੱਡੀਆਂ ਦੀ ਮਿਆਦ ਪੂਰੀ ਹੋ ਜਾਣ ਤੋਂ ਬਾਅਦ ਇਹ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਇਸ ਸੂਰਤ ਵਿਚ ਡਾਕਟਰ ਸਰਕਾਰੀ ਕੰਮਾਂ ਲਈ ਜਾਂ ਤਾਂ ਆਪਣਾ ਵਾਹਨ ਵਰਤ ਰਹੇ ਹਨ ਜਾਂ ਫਿਰ ਡਿਊਟੀ ਦੇਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਸੂਚਨਾ ਤਾਂ ਇਹ ਵੀ ਹੈ ਕਿ ਕਈ ਵਾਰ ਡਾਕਟਰ ਗੱਡੀ ਨਾ ਹੋਣ ਕਾਰਨ ਐਂਮਰਜੈਂਸੀ ਮਰੀਜ਼ ਦੀ ਜਾਂਚ ਕਰਨ ਤੋਂ ਖੁੰਝ ਜਾਂਦੇ ਹਨ।