ਪਰਵਾਸੀ ਪੰਜਾਬੀਆਂ ਦੇ ਦੁੱਖ ਛੇਤੀ ਹੀ ਦੂਰ ਕਰਨ ਦਾ ਵਾਅਦਾ

ਜਲੰਧਰ: ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਜ਼ਮੀਨ ਜਾਂ ਹੋਰ ਮਾਮਲਿਆਂ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ ਤੇ ਪਿਛਲੇ ਦਿਨੀਂ ਐਨæਆਰæਆਈæ ਸੰਗਤ ਦਰਸ਼ਨਾਂ ਵਿਚ ਆਈਆਂ ਸ਼ਿਕਾਇਤਾਂ ਨੂੰ ਮੁੱਖ ਰੱਖ ਦੇ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ।

ਪਰਵਾਸੀ ਪੰਜਾਬੀਆਂ ਦੀ ਜ਼ਮੀਨ ਦੇ ਉਲਝੇ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਸਰਕਾਰ ਜ਼ਮੀਨੀ ਤਕਸੀਮ ਦੀ ਪ੍ਰਕਿਰਿਆ ਵਿਚ ਤਬਦੀਲੀ ਕਰਨ ਜਾ ਰਹੀ ਹੈ।
ਐਨæਆਰæਆਈæ ਸੰਗਤ ਦਰਸ਼ਨ ਵਿਚ ਸਾਹਮਣੇ ਆਏ ਮਾਮਲਿਆਂ ਦੇ ਨਿਪਟਾਰੇ ਦਾ ਰੀਵਿਊ ਕਰਨ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਤੀ ਤੇ ਪਰਵਾਸੀ ਪੰਜਾਬੀ ਮਾਮਲਿਆਂ ਬਾਰੇ ਮੰਤਰੀ ਸ਼ ਤੋਤਾ ਸਿੰਘ ਨੇ ਕਿਹਾ ਕਿ ਤਕਸੀਮ ਦੀ ਵੰਡ ਬਾਰੇ ਸਬੰਧਤ ਧਿਰਾਂ ਨੂੰ ਪੰਜ ਪੜਾਵਾਂ ਵਿਚ ਦੀ ਲੰਘਣਾ ਪੈਂਦਾ ਹੈ। ਹੁਣ ਇਸ ਨੂੰ ਘਟਾ ਕੇ ਦੋ-ਪੜਾਵੀ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ 10 ਏਕੜ ਤੋਂ ਘੱਟ ਜ਼ਮੀਨ ਦੀ ਵੰਡ ਵਾਲੇ ਕੇਸਾਂ ਬਾਰੇ ਜ਼ਿਲ੍ਹਾ ਮਾਲ ਅਫਸਰ ਦੇ ਫੈਸਲੇ ਤੋਂ ਬਾਅਦ ਡਵੀਜ਼ਨਲ ਕਮਿਸ਼ਨਰ ਪਾਸ ਅਪੀਲ ਕਰਨ ਅਤੇ 10 ਏਕੜ ਤੋਂ ਵੱਧ ਰਕਬੇ ਦੀ ਵੰਡ ਵਾਲੇ ਕੇਸਾਂ ਦੀ ਅਪੀਲ ਵਿੱਤ ਕਮਿਸ਼ਨਰ ਮਾਲ ਵਿਭਾਗ ਪਾਸ ਕਰਨ Ḕਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸੋਧ ਨਾਲ ਐਨæਆਰæਆਈæ ਦੇ ਨਾਲ-ਨਾਲ ਪੰਜਾਬ ਦੇ ਆਮ ਲੋਕਾਂ ਦੇ ਜ਼ਮੀਨੀ ਤਕਸੀਮ ਬਾਰੇ ਕੇਸਾਂ ਦਾ ਵੀ ਛੇਤੀ ਨਿਪਟਾਰਾ ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ 854 ਪਰਵਾਸੀ ਭਾਰਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਇਨ੍ਹਾਂ ਕੇਸਾਂ ਬਾਰੇ ਗ੍ਰਹਿ ਵਿਭਾਗ ਨੂੰ ਰੀਵਿਊ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਧੇ ਤੋਂ ਵੱਧ ਅਜਿਹੇ ਕੇਸ ਛੇਤੀ ਹੱਲ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਪੰਜਾਬ ਵਿਚ ਤਿੰਨ ਥਾਂਵਾਂ Ḕਤੇ ਲਗਾਏ ਗਏ ਐਨæਆਰæਆਈæ ਸੰਗਤ ਦਰਸ਼ਨਾਂ ਵਿਚ ਤਕਰੀਬਨ 684 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਤੇ ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਲੰਧਰ ਵਿਚ ਅਤੇ ਇਸੇ ਤਰ੍ਹਾਂ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾ ਕੇ ਰੀਵਿਊ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ ਸ਼ਿਕਾਇਤਾਂ ਦਾ 50 ਫੀਸਦੀ ਨਿਪਟਾਰਾ ਕੀਤਾ ਜਾ ਚੁੱਕਾ ਹੈ ਤੇ ਬਾਕੀ ਸ਼ਿਕਾਇਤਾਂ ਨੂੰ ਅਗਲੇ 15 ਦਿਨਾਂ ਵਿਚ ਹੱਲ ਕਰਨ ਲਈ ਸਮਾਂਬੱਧ ਕੀਤਾ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਸੰਗਤ ਦਰਸ਼ਨ ਵਿਚ ਆਈਆਂ 67 ਸ਼ਿਕਾਇਤਾਂ ਵਿਚੋਂ 38 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਪਰਵਾਸੀ ਭਾਰਤੀਆਂ ਦੇ ਕੇਸਾਂ ਦੇ ਨਿਪਟਾਰੇ ਵਾਸਤੇ ਪੰਜਾਬ ਸਰਕਾਰ ਵਲੋਂ ਜਲੰਧਰ ਤੋਂ ਇਲਾਵਾ ਦੋ ਹੋਰ ਫਾਸਟ ਟਰੈਕ ਅਦਾਲਤਾਂ ਮੋਗਾ ਤੇ ਲੁਧਿਆਣਾ ਵਿਚ ਬਣਨਗੀਆਂ। ਜਲੰਧਰ ਫਾਸਟ ਟਰੈਕ ਕੋਰਟ ਵਿਚ ਕੇਸਾਂ ਦਾ ਵਧੇਰੇ ਵਰਕ ਲੋਡ ਹੋਣ ਕਰਕੇ ਪੰਜਾਬ ਸਰਕਾਰ ਦੋ ਹੋਰ ਐਨæਆਰæਆਈæ ਬਹੁਤ ਗਿਣਤੀ ਵਾਲੇ ਜ਼ਿਲ੍ਹਿਆਂ ਵਿਚ ਇਹ ਅਦਾਲਤਾਂ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਤੇ ਨਿਪਟਾਰੇ ਲਈ ਸਾਰੇ ਜ਼ਿਲ੍ਹਿਆਂ ਵਿਚ ਪੰਜ ਮੈਂਬਰੀ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ।
___________________________________________
ਐਨæਆਰæਆਈæ ਸਭਾ ਦੀ ਚੋਣ ਬਾਰੇ ਵਫ਼ਦ ਮੰਤਰੀ ਨੂੰ ਮਿਲਿਆ
ਜਲੰਧਰ: ਐਨæਆਰæਆਈæ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਪ੍ਰੀਤਮ ਸਿੰਘ ਨਾਰੰਗਪੁਰ ਸਮੇਤ ਤਕਰੀਬਨ ਡੇਢ ਦਰਜਨ ਪਰਵਾਸੀ ਪੰਜਾਬੀਆਂ ਨੇ ਪਰਵਾਸੀ ਪੰਜਾਬੀ ਮਾਮਲਿਆਂ ਬਾਰੇ ਮੰਤਰੀ ਤੋਤਾ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਭਾ ਦੀ ਚੋਣ ਛੇਤੀ ਕਰਵਾਈ ਜਾਵੇ ਤੇ ਪਿਛਲੀ ਮਿਆਦ ਪੂਰਾ ਹੋ ਜਾਣ ਕਾਰਨ ਸਭਾ ਦੀ ਵਾਗਡੋਰ ਕਿਸੇ ਅਧਿਕਾਰੀ ਨੂੰ ਸੌਂਪੀ ਜਾਵੇ।
ਵਰਣਨਯੋਗ ਹੈ ਕਿ ਸਭਾ ਦੇ ਪ੍ਰਧਾਨ ਦੀ ਦੋ ਸਾਲ ਲਈ ਹੋਈ ਚੋਣ ਦੀ ਮਿਆਦ 27 ਜਨਵਰੀ ਨੂੰ ਲੰਘ ਚੁੱਕੀ ਹੈ। ਸ਼ ਤੋਤਾ ਸਿੰਘ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਇਸ ਮਾਮਲੇ ਬਾਰੇ ਛੇਤੀ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਤੇ ਸਭਾ ਦੀ ਚੋਣ ਆਜ਼ਾਦ ਤੇ ਨਿਰਪੱਖ ਰੂਪ ਵਿਚ ਕਰਵਾਈ ਜਾਵੇਗੀ।