ਅੰਮ੍ਰਿਤਸਰ: ਅਮਰੀਕਾ ਵਿਚ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਗਏ ਸਰਵੇਖਣ ਦੀ ਰਿਪੋਰਟ ਤੋਂ ਬਾਅਦ ਸਮੁੱਚਾ ਸਿੱਖ ਭਾਈਚਾਰਾ ਚਿੰਤਾ ਵਿਚ ਹੈ ਕਿ ਵਿਦੇਸ਼ਾਂ ਵਿਚ ਸਿੱਖ ਪਛਾਣ ਨੂੰ ਮਕਬੂਲ ਕਰਨ ਲਈ ਵਧੇਰੇ ਯਤਨ ਹੋਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਨੈਸ਼ਨਲ ਸਿੱਖ ਕੰਪੇਨ ਵੱਲੋਂ ਅਮਰੀਕਾ ਵਿਚ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ
ਜਦੋਂਕਿ ਸਿੱਖ ਭਾਈਚਾਰਾ ਇਸ ਮੁਲਕ ਵਿਚ ਤਕਰੀਬਨ ਇਕ ਸਦੀ ਤੋਂ ਵੱਸਿਆ ਹੋਇਆ ਹੈ। ਸਰਵੇਖਣ ਵਿਚ ਸਿਰਫ 40 ਫੀਸਦੀ ਅਮਰੀਕੀਆਂ ਨੇ ਕਿਹਾ ਹੈ ਕਿ ਉਹ ਘੱਟੋ-ਘੱਟ ਸਿੱਖ ਅਮਰੀਕੀਆਂ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹਨ। 62, 76 ਤੇ 86 ਫੀਸਦੀ ਨੇ ਕਿਹਾ ਕਿ ਉਹ ਕ੍ਰਮਵਾਰ ਹਿੰਦੂ ਅਮਰੀਕੀਆਂ, ਮੁਸਲਿਮ ਅਮਰੀਕੀਆਂ ਤੇ ਯਹੂਦੀ ਅਮਰੀਕੀਆਂ ਬਾਰੇ ਕੁਝ ਨਾ ਕੁਝ ਜਾਣਦੇ ਹਨ।
ਇਸ ਮਾਮਲੇ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਥੇ ਛੇਤੀ ਹੀ ਗਲੋਬਲ ਸਿੱਖ ਕੇਂਦਰ ਸਥਾਪਤ ਕਰ ਦਿੱਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਕੁਝ ਸਮਾਂ ਪਹਿਲਾਂ ਰੱਖਿਆ ਗਿਆ ਸੀ। ਇਸ ਕੇਂਦਰ ਰਾਹੀਂ ਵੀ ਸਿੱਖ ਪਛਾਣ ਦਾ ਘੇਰਾ ਵਧਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਅਮਰੀਕਾ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਤੌਰ ‘ਤੇ ਵੀ ਸਿੱਖ ਪਛਾਣ ਨੂੰ ਮਕਬੂਲ ਬਣਾਉਣ ਲਈ ਯਤਨਸ਼ੀਲ ਹੋਣ। ਇਸ ਵੇਲੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਤਕਰੀਬਨ 100 ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ 70 ਤੋਂ ਵੱਧ ਗੁਰਦੁਆਰੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ। ਏæਜੀæਪੀæਸੀæ ਦੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸਿੱਖ ਪਛਾਣ ਦੇ ਘੇਰੇ ਨੂੰ ਵਧਾਉਣ ਲਈ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ ਤੇ ਖਾਸ ਕਰਕੇ 9/11 ਦੇ ਹਮਲੇ ਤੋਂ ਬਾਅਦ ਇਸ ਵਿਸ਼ੇ ‘ਤੇ ਵਧੇਰੇ ਕੰਮ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੌਲੀ-ਹੌਲੀ ਵਧਾਉਣ ਦੇ ਯਤਨ ਜਾਰੀ ਹਨ। ਇਸ ਬਾਰੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਸੈਮੀਨਾਰ ਕਰਾਏ ਜਾਣੇ ਚਾਹੀਦੇ ਹਨ, ਜਿਸ ਵਿਚ ਅਮਰੀਕਾ ਵਾਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸੇ ਤਰ੍ਹਾਂ ਵਿਸਾਖੀ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਸਜਾਏ ਜਾਣੇ ਚਾਹੀਦੇ ਹਨ ਤੇ ਗੁਰਪੁਰਬ ਮਨਾਏ ਜਾਣੇ ਚਾਹੀਦੇ ਹਨ। ਇਸ ਬਾਰੇ ਅਮਰੀਕਾ ਵਿਚਲੇ ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ ਦੀ ਵੀ ਮਦਦ ਲੈਣੀ ਚਾਹੀਦੀ ਹੈ।
ਇਸੇ ਦੌਰਾਨ ਨੈਸ਼ਨਲ ਸਿੱਖ ਕੰਪੇਨ ਦੇ ਆਗੂ ਰਾਜਵੰਤ ਸਿੰਘ ਨੇ ਆਖਿਆ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਰਵੇਖਣ ਦੀ ਰਿਪੋਰਟ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਪਰ ਇਹ ਸਥਿਤੀ ਸੁਚੇਤ ਕਰਨ ਵਾਲੀ ਵੀ ਹੈ, ਜਿਸ ਲਈ ਸਿੱਖ ਜਥੇਬੰਦੀਆਂ ਹੋਰ ਵਧੇਰੇ ਯਤਨਸ਼ੀਲ ਹੋਣਗੀਆਂ।
ਅਮਰੀਕਾ ਦੇ ਹੀ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਕਿਰਪਾਲ ਸਿੰਘ ਨੇ ਆਖਿਆ ਕਿ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਸਿੱਖਾਂ ਦੀ ਗਿਣਤੀ ਨਾਂਮਾਤਰ ਹੈ ਤੇ ਅਜਿਹੀ ਸਥਿਤੀ ਵਿਚ ਸਿੱਖਾਂ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਜੱਦੋ ਜਹਿਦ ਕਰਨੀ ਪਵੇਗੀ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਨੂੰ ਖੁਦ ਆਪਣੀ ਪਛਾਣ ਤੋਂ ਜਾਣੂ ਕਰਾਉਣਾ ਪਵੇਗਾ। ਅਮਰੀਕਾ ਵਿਚ ਇਸ ਵੇਲੇ ਜੋ ਸਿੱਖ ਵੱਸ ਰਹੇ ਹਨ, ਵਿਚੋਂ ਵੱਡੀ ਗਿਣਤੀ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਪਛਾਣ ਨੂੰ ਗੁੰਮ ਕੀਤਾ ਹੋਇਆ ਹੈ। ਅਜਿਹੇ ਸਿੱਖ ਦਸਤਾਰਧਾਰੀ ਨਹੀਂ ਹਨ ਤੇ ਉਨ੍ਹਾਂ ਨੇ ਕੇਸ ਨਹੀਂ ਰੱਖੇ ਹਨ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਆਪਣੀ ਦਿੱਖ ਨੂੰ ਠੀਕ ਕੀਤਾ ਜਾਵੇ ਤੇ ਆਪਣੀ ਮੂਲ ਦਿੱਖ ਨੂੰ ਦਰਸਾਇਆ ਜਾਵੇ। ਜੇਕਰ ਦਸਤਾਰਧਾਰੀ ਸਿੱਖ ਦਿਖਾਈ ਹੀ ਨਹੀਂ ਦੇਣਗੇ ਤਾਂ ਅਮਰੀਕਾ ਵਾਸੀ ਸਿੱਖਾਂ ਬਾਰੇ ਕਿਵੇਂ ਜਾਣ ਸਕਦੇ ਹਨ।