ਮਰ ਕੇ ਵੀ ਜ਼ਿੰਦਾ ਹੈ ਲੇਖਕ

ਤਾਮਿਲ ਲੇਖਕ ਪੇਰੂਮਲ ਮੁਰੂਗਨ ਨੇ 14 ਜਨਵਰੀ ਨੂੰ ਫੇਸਬੁੱਕ ਉਪਰ ਲਿਖਿਆ, Ḕਲੇਖਕ ਪੇਰੂਮਲ ਮੁਰੂਗਨ ਮਰ ਗਿਆ।æææਅੱਗੇ ਤੋਂ ਪੇਰੂਮਲ ਮੁਰੂਗਨ ਸਿਰਫ ਅਧਿਆਪਕ ਦੇ ਤੌਰ ‘ਤੇ ਹੀ ਜ਼ਿੰਦਾ ਰਹੇਗਾ ਜੋ ਉਹ ਹਮੇਸ਼ਾ ਰਿਹਾ ਹੈ।’ ਮੁਰੂਗਨ ਦੇ ਇਨ੍ਹਾਂ ਸ਼ਬਦਾਂ ਦਾ ਸੇਕ ਦੁਨੀਆਂ ਭਰ ਵਿਚ ਮਹਿਸੂਸ ਕੀਤਾ ਗਿਆ ਅਤੇ ਵਿੰਹਦਿਆਂ-ਵਿੰਹਦਿਆਂ ਅਣਗਿਣਤ ਲੋਕ ਉਸ ਦੇ ਹੱਕ ਵਿਚ ਚਲਾਈ ਮੁਹਿੰਮ ਦਾ ਹਿੱਸਾ ਬਣ ਗਏ।

ਹਰ ਮੰਚ ਤੋਂ ਇਹ ਆਵਾਜ਼ ਉਠੀ ਕਿ ਬੋਲਣ/ਲਿਖਣ ਦੀ ਆਜ਼ਾਦੀ ਹਰ ਹਾਲ ਕਾਇਮ ਰਹਿਣੀ ਚਾਹੀਦੀ ਹੈ। ਪੱਤਰਕਾਰ, ਲੇਖਕਾ ਅਤੇ ਕਾਰਕੁਨ ਭਾਸ਼ਾ ਸਿੰਘ, ਪੇਰੂਮਲ ਮੁਰੂਗਨ ਨੂੰ ਮਿਲਣ ਦਿੱਲੀ ਤੋਂ ਦੂਰ ਦੱਖਣ ਤਾਮਿਲਨਾਡੂ ਦੇ ਸ਼ਹਿਰ ਨਾਮੱਕਲ ਪਹੁੰਚੀ ਅਤੇ ਉਹਦੀ ਕਲਮ ਦੇ ਕਟਾਰ ਵਾਂਗ ਚੱਲਣ ਬਾਰੇ ਗੱਲਾਂ ਕੀਤੀਆਂ। ਉਸ ਵਲੋਂ ਕੀਤੀ ਲੰਮੀ ਮੁਲਾਕਾਤ ਦੇ ਆਧਾਰ Ḕਤੇ ਬੂਟਾ ਸਿੰਘ ਨੇ ਇਹ ਲੇਖ ਉਚੇਚੇ ਤੌਰ Ḕਤੇ ਤਿਆਰ ਕੀਤਾ ਹੈ। -ਸੰਪਾਦਕ

ਬੂਟਾ ਸਿੰਘ
“ਹੁਣ ਵੀ ਮੇਰੇ ਦਿਮਾਗ ਵਿਚ 7-8 ਨਾਵਲ ਹਨ। ਕਈਆਂ ਦਾ ਤਾਂ ਪੂਰਾ ਨਕਸ਼ਾ ਵੀ ਤਿਆਰ ਹੈ। ਬੱਸ ਦੇਰ ਹੈ ਉਨ੍ਹਾਂ ਨੂੰ (ਕਾਗਜ਼ ਉਤੇ) ਉਤਾਰਨ ਦੀ। ਇਨ੍ਹਾਂ ਸਾਰੇ ਨਾਵਲਾਂ ਦੀ ਵਿਸ਼ਾ-ਵਸਤੂ ਇਕ ਤੋਂ ਵਧ ਕੇ ਇਕ ਹੈ। ਵੈਸੇ ਵੀ ਮੈਨੂੰ ਲਿਖਣ ਵਿਚ ਜ਼ਿਆਦਾ ਵਕਤ ਨਹੀਂ ਲੱਗਦਾ। ਤੁਹਾਨੂੰ ਪਤਾ ਹੈ, ਹੁਣੇ ਜਿਹੇ ਜਨਵਰੀ ਵਿਚ ਹੀ ਮੇਰੇ ਦੋ ਨਾਵਲ ḔਅਲਾਵਾਇਨḔ ਅਤੇ ḔਅਰਧਨਾਰੀḔ ਚੇਨਈ ਪੁਸਤਕ ਮੇਲੇ ਵਿਚ ਆਏ ਅਤੇ ਵਧੀਆ ਹੁੰਗਾਰਾ ਮਿਲਿਆ। ਇਹ ਦੋਨੋਂ ਨਾਵਲ ਮਾਦੋਰੂਬਾਗਨ ਦੀ ਅਗਲੀ ਕੜੀ ਹਨ।”
ਇਹ ਦੱਸਦਾ ਹੋਇਆ 48 ਸਾਲਾ ਪੇਰੂਮਲ ਮੁਰੂਗਨ ਉਤਸ਼ਾਹ ਵਿਚ ਆ ਜਾਂਦਾ ਹੈ। ਉਸ ਨਾਲ ਬਿਤਾਏ ਕਰੀਬ ਤਿੰਨ ਘੰਟਿਆਂ ਵਿਚ ਮੁਰੂਗਨ ਸਿਰਫ ਆਪਣੀ ਲੇਖਣੀ ਬਾਰੇ ਦੱਸਦਾ ਰਿਹਾ, ਐਨ ਖੁੱਭ ਕੇ। ਹਰ ਸਵਾਲ ਦਾ ਜਵਾਬ ਉਸ ਦੀ ਕਿਸੇ ਨਾਵਲ ਜਾਂ ਕਹਾਣੀ Ḕਤੇ ਆ ਮੁੱਕਦਾ। ਉਹ ਆਪਣੇ ਰਚਨਾ ਸੰਸਾਰ ਬਾਰੇ ਜਿਵੇਂ ਵਹਾਅ ਨਾਲ ਬਿਆਨ ਕਰ ਰਿਹਾ ਸੀ, ਉਸ ਨੂੰ ਦੇਖ ਕੇ ਯਕੀਨ ਹੀ ਨਹੀਂ ਸੀ ਆਉਂਦਾ ਕਿ ਮੈਂ ਤਾਮਿਲਨਾਡੂ ਦੇ ਉਸੇ ਚਰਚਿਤ ਲੇਖਕ ਦੇ ਅੱਗੇ ਬੈਠੀ ਹਾਂ ਜਿਸ ਨੇ ਆਪਣੇ ਲੇਖਕ ਦੀ ਮੌਤ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਓਪਰੇ ਬੰਦਿਆਂ ਨੂੰ ਮਿਲਣਾ ਬੰਦ ਕੀਤਾ ਹੋਇਆ ਹੈ ਅਤੇ ਖੁਦ ਨੂੰ ਆਪਣੇ ਪਰਿਵਾਰ ਤੇ ਜਾਣੂਆਂ ਦੇ ਦਾਇਰੇ ਵਿਚ ਕੈਦ ਕਰ ਲਿਆ ਹੈ। ਸਾਨੂੰ ਮਿਲਣ ਲਈ ਉਹ ਸਿਰਫ ਇਸ ਕਰ ਕੇ ਰਾਜ਼ੀ ਹੋਇਆ ਕਿਉਂਕਿ ਅਸੀਂ ਹਜ਼ਾਰਾਂ ਕਿਲੋਮੀਟਰ ਦੂਰ ਦਿੱਲੀ ਤੋਂ ਉਥੇ ਸਿਰਫ ਉਹਨੂੰ ਮਿਲਣ ਗਏ ਸੀ; ਹਾਲਾਂਕਿ ਜਦੋਂ ਫੋਨ ਉਪਰ ਉਹਨੂੰ ਮਿਲਣ ਦੀ ਖ਼ਵਾਇਸ਼ ਜ਼ਾਹਿਰ ਕੀਤੀ ਸੀ, ਤਾਂ ਉਹਨੇ ਕਿਹਾ ਕਿ ਮਿਲੇ ਬਿਨਾਂ ਕੋਈ ਰਚਨਾਕਾਰ ਜਿੰਦਾ ਨਹੀਂ ਰਹਿ ਸਕਦਾ ਪਰ ਹੁਣ ਹਾਲਾਤ ਚੰਗੇ ਨਹੀਂ ਹਨ। ਨਾਮੱਕਲ ਵਿਚ ਪੀæ ਮੁਰੂਗਨ ਦੇ ਨਿੱਕੇ ਜਿਹੇ ਘਰ ਨੇੜੇ ਪਹੁੰਚ ਕੇ ਇਸ ਦਾ ਅਹਿਸਾਸ ਹੋ ਗਿਆ। ਉਥੇ ਪੁਲਿਸ ਤਾਇਨਾਤ ਸੀ। ਉਹਦੀ ਪਤਨੀ ਤੇ ਦੋਵਾਂ ਬੱਚਿਆਂ ਦੇ ਚਿਹਰਿਆਂ ਉਪਰ ਤਣਾਓ ਸੀ। ਉਸ ਦੀ ਪਤਨੀ ਅਲਿਰਾਸੀ ਜੋ ਖ਼ੁਦ ਤਾਮਿਲ ਸਾਹਿਤ ਦੀ ਲੈਕਚਰਰ ਤੇ ਕਵਿੱਤਰੀ ਹੈ, ਨੇ ਬੱਸ ਇਹੀ ਕਿਹਾ, Ḕਸਾਡੀ ਜ਼ਿੰਦਗੀ ਦਾ ਸਭ ਕੁਛ ਬਦਲ ਗਿਆ।Ḕ ਅਗਲੀ ਕਿਤਾਬ ਬਾਰੇ ਪੁੱਛਣ Ḕਤੇ ਮੁਰੂਗਨ ਬਹੁਤ ਬੋਝਲ ਆਵਾਜ਼ ਵਿਚ ਬੋਲਿਆ, Ḕਹੁਣ ਕਾਗਜ਼ ਨਹੀਂ, ਮਨ ਉਪਰ ਲਿਖਾਂਗਾ। ਇਥੇ ਕਿਸੇ ਦਾ ਕੋਈ ਦਖ਼ਲ ਨਹੀਂ ਹੋ ਸਕਦਾ।Ḕ
ਕੋਇੰਬਟੂਰ (ਤਾਮਿਲਨਾਡੂ) ਤੋਂ ਕਰੀਬ 200 ਕਿਲੋਮੀਟਰ ਦੂਰ, ਬੇਹੱਦ ਸ਼ਾਂਤ ਨਜ਼ਰ ਆਉਣ ਵਾਲੇ ਸ਼ਹਿਰ ਨਾਮੱਕਲ ਵਿਚ ਇਸ ਵਕਤ ਹਲਚਲ ਮਚੀ ਹੋਈ ਹੈ, ਤੇ ਇਸ ਦਾ ਅਸਰ ਤਾਮਿਲਨਾਡੂ ਦੀ ਸਿਆਸਤ ਤੋਂ ਲੈ ਕੇ ਮੁਲਕ ਦੀ ਰਾਜਧਾਨੀ ਤੱਕ ਮਹਿਸੂਸ ਹੋ ਰਿਹਾ ਹੈ। ਪੀæ ਮੁਰੂਗਨ ਦੇ ਤਾਮਿਲ ਨਾਵਲ ḔਮਾਦੋਰੂਬਾਗਨḔ (2010) ਦਾ 2014 ਵਿਚ ਅੰਗਰੇਜ਼ੀ ਤਰਜਮਾ ਪੇਂਗੂਇਨ ਪ੍ਰਕਾਸ਼ਨ ਨੇ Ḕਵਨ ਪਾਰਟ ਵੂਮੈਨḔ ਨਾਂ ਨਾਲ ਛਾਪਿਆ। ਰਾਤੋ-ਰਾਤ ਇਸ ਉਪਰ ਹੈਰਤਅੰਗੇਜ਼ ਢੰਗ ਨਾਲ ਹਿੰਦੂਤਵੀ ਅਤੇ ਜਾਤੀਵਾਦੀ ਸਿਆਸਤ ਗਰਮਾ ਗਈ। ਨਿਸ਼ਚੇ ਹੀ ਇਸ ਦਾ ਸਬੰਧ ਸੂਬੇ ਵਿਚ ਭਾਜਪਾ ਅਤੇ ਅਤਿਵਾਦੀ ਹਿੰਦੂਤਵੀ ਜਥੇਬੰਦੀਆਂ ਵਲੋਂ ਫਿਰਕੂ-ਜਾਤਪਾਤੀ ਪਾਲਾਬੰਦੀ ਤੇਜ਼ ਕਰਨ ਦੀ ਕਵਾਇਦ ਨਾਲ ਹੈ। ਇਹ ਮੁਹਿੰਮ ਵੱਟਸ-ਐਪ ਉਪਰ ਸ਼ਰੂ ਹੋਈ। ਇਸ ਦੀ ਸ਼ੁਰੂਆਤ ਗਾਊਂਡਰ ਜਾਤ (ਜਿਸ ਨਾਲ ਖ਼ੁਦ ਪੀæ ਮੁਰੂਗਨ ਤੁਅੱਲਕ ਰੱਖਦਾ ਹੈ) ਦੀ ਪਾਰਟੀ ਕੋਂਗੂਨਾਡੂ ਮਕਲਕਛੀ ਨੇ ਕੀਤੀ ਜਿਸ ਦਾ ਸੂਬੇ ਵਿਚ ਭਾਜਪਾ ਨਾਲ ਚੋਣ ਗੱਠਜੋੜ ਹੈ। ਇਸ ਪਾਰਟੀ Ḕਤੇ ਅਤਿਵਾਦੀ ਜਥੇਬੰਦੀ ਹਿੰਦੂ ਮੁਨਾਨੀ ਤੇ ਭਾਜਪਾ ਨੇ ਮਿਲ ਕੇ ਨਾਮੱਕਲ ਤੋਂ ਲੈ ਕੇ ਚੇਨਈ ਤੱਕ ਲੇਖਕ ਅਤੇ ਉਸ ਦੀ ਕਿਤਾਬ ਨੂੰ ਨਿਸ਼ਾਨਾ ਬਣਾ ਕੇ ਹੱਲਾ ਬੋਲ ਦਿੱਤਾ। ਮੁਕਾਮੀ ਪ੍ਰਸ਼ਾਸਨ ਨੇ ਇਨ੍ਹਾਂ ਅਤਿਵਾਦੀ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ, ਲੇਖਕ ਮੁਰੂਗਨ ਨੂੰ ਤਿੰਨ ਮੀਟਿੰਗਾਂ (7, 9 ਅਤੇ 12 ਜਨਵਰੀ) ਵਿਚ ਸੱਦ ਕੇ ਉਸ ਉਪਰ ਕਿਤਾਬ ਵਾਪਸ ਲੈਣ ਲਈ ਦਬਾਅ ਪਾਇਆ। ਡਰਾਉਣ-ਧਮਕਾਉਣ ਦੇ ਇਸ ਲੰਮੇ ਸਿਲਸਿਲੇ ਤੋਂ ਪ੍ਰੇਸ਼ਾਨ ਪੇਰੂਮਲ ਨੇ 14 ਜਨਵਰੀ ਨੂੰ ਫੇਸਬੁੱਕ ਉਪਰ ਲਿਖਿਆ, Ḕਲੇਖਕ ਪੇਰੂਮਲ ਮੁਰੂਗਨ ਮਰ ਗਿਆ। ਉਹ ਭਗਵਾਨ ਨਹੀਂ ਹੈ, ਲਿਹਾਜ਼ਾ ਉਹ ਖ਼ੁਦ ਨੂੰ ਮੁੜ ਜਿਉਂਦਾ ਨਹੀਂ ਕਰ ਸਕਦਾ। ਉਸ ਦਾ ਪੁਨਰ-ਜਨਮ ਵਿਚ ਵੀ ਯਕੀਨ ਨਹੀਂ। ਅੱਗੇ ਤੋਂ ਪੇਰੂਮਲ ਮੁਰੂਗਨ ਸਿਰਫ਼ ਅਧਿਆਪਕ ਦੇ ਤੌਰ ‘ਤੇ ਹੀ ਜ਼ਿੰਦਾ ਰਹੇਗਾ ਜੋ ਉਹ ਹਮੇਸ਼ਾ ਰਿਹਾ ਹੈ।’
ਲੇਖਕ ਦੇ ਇਨ੍ਹਾਂ ਡੂੰਘੀ ਪੀੜ ਅਤੇ ਵਿਰੋਧ ਨਾਲ ਲਬਰੇਜ਼ ਲਫ਼ਜ਼ਾਂ ਨੇ ਸਾਹਿਤਕ ਜਗਤ ਵਿਚ ਹਲਚਲ ਮਚਾ ਦਿੱਤੀ। ਪੂਰੇ ਮੁਲਕ ਵਿਚ ਉੁਸ ਦੇ ਹੱਕ ਵਿਚ ਲੇਖਕ, ਕਲਾਕਾਰ, ਬੁੱਧੀਜੀਵੀ ਆਵਾਜ਼ ਉਠਾਉਣ ਲੱਗੇ। ਚੇਨੱਈ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੇ ਮਦਰਾਸ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਗ਼ੈਰਸੰਵਿਧਾਨਕ ਮੀਟਿੰਗਾਂ ਵਿਚ ḔਮਾਦੋਰੂਬਾਗਨḔ ਅਤੇ Ḕਵਨ ਪਾਰਟ ਵੂਮੈਨḔ ਕਿਤਾਬ ਬਾਰੇ ਫ਼ੈਸਲਿਆਂ ਨੂੰ ਖ਼ਾਰਜ ਕਰਨ ਦੀ ਅਪੀਲ ਕੀਤੀ, ਤੇ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਨੂੰ ਬਚਾਉਣ ਦੀ ਮੰਗ ਕੀਤੀ ਗਈ। ਚੇਨੱਈ, ਬੰਗਲੌਰ ਤੋਂ ਲੈ ਕੇ ਦਿੱਲੀ, ਜੈ ਪੁਰ, ਕੋਲਕਾਤਾ ਤੱਕ ਇਨ੍ਹਾਂ ਥਾਂਵਾਂ ਉਤੇ ḔਮਾਦੋਰੂਬਾਗਨḔ ਦਾ ਪਾਠ ਕੀਤਾ ਗਿਆ। ਤਮਾਮ ਜ਼ਬਾਨਾਂ ਦੇ ਲੇਖਕ ਮੁਰੂਗਨ ਦੇ ਹੱਕ ਵਿਚ ਖੜ੍ਹੇ ਹੋਏ ਅਤੇ Ḕਮੈਂ ਮੁਰੂਗਨ ਹਾਂ’ ਵਰਗੀਆਂ ਮੁਹਿੰਮਾਂ ਵੀ ਚਲਾਈਆਂ ਗਈਆਂ।
ਕਿਤਾਬ ḔਮਾਦੋਰੂਬਾਗਲḔ ਅਤੇ Ḕਵਨ ਪਾਰਟ ਵੂਮੈਨḔ ਨੂੰ ਕੋਇੰਬਟੂਰ ਵਿਚ ਦੋ ਘੰਟੇ ਭਾਲਣ ‘ਚ ਨਾਕਾਮ ਰਹਿਣ ‘ਤੇ ਸਮਝ ਆਇਆ ਕਿ ਕਿਸੇ ਕਿਤਾਬ ਉਪਰ ਅਣਐਲਾਨੀ ਪਾਬੰਦੀ ਕਿਵੇਂ ਲਗਾਈ ਜਾਂਦੀ ਹੈ; ਹਾਲਾਂਕਿ ਇਕ ਕਿਤਾਬ ਵਿਕਰੇਤਾ ਅਨੁਸਾਰ, ਇਸ ਹੰਗਾਮੇ ਕਾਰਨ ਮੁਰੂਗਨ ਦੀ ਇਹ ਕਿਤਾਬ ਅਤੇ ਨਾਮੱਕਲ ਸ਼ਹਿਰ ਕੁਲ ਆਲਮ ਵਿਚ ਮਸ਼ਹੂਰ ਹੋ ਗਏ। ਬੇਹੱਦ ਹਲੀਮੀ ਨਾਲ ਗੱਲ ਕਰਨ ਵਾਲਾ ਪੀæ ਮੁਰੂਗਨ ਇਨ੍ਹਾਂ ਤਮਾਮ ਗੱਲਾਂ ਤੋਂ ਜਾਣੂ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਲੇਖਣੀ ਉਪਰ ਗਹਿਰਾਇਆ ਸੰਕਟ ਛੇਤੀ ਕੀਤਿਆਂ ਮੁੱਕਣ ਵਾਲਾ ਨਹੀਂ ਹੈ। ਜਾਤ ਬਾਰੇ ਉਹ ਕਹਿੰਦਾ ਹੈ, Ḕਇਹ ਮੇਰੇ ਲਈ ਤਾਂ ਵੱਡਾ ਮੁੱਦਾ ਨਹੀਂ ਹੈ, ਲੇਕਿਨ ਸਮਾਜ ਵਿਚ ਵੱਡਾ ਮੁੱਦਾ ਹੈ। ਇਸ ਵਿਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ, ਇਹ ਕੋਈ ਨਹੀਂ ਜਾਣ ਸਕਿਆ; ਹਾਲਾਂਕਿ ਇਹ ਪੇਰੀਆਰ ਦੀ ਧਰਤੀ ਹੈ, ਉਸ ਵਲੋਂ ਜਾਤ-ਪਾਤ, ਬ੍ਰਾਹਮਣਵਾਦ ਅਤੇ ਅੰਧਵਿਸ਼ਵਾਸ ਖਿਲਾਫ ਇਤਿਹਾਸਕ ਅੰਦੋਲਨ ਦੇ ਬਾਵਜੂਦ ਜਾਤ-ਪਾਤ ਲੋਕਾਂ ਨੂੰ ਜਥੇਬੰਦ ਕਰਨ ਦਾ ਸਭ ਤੋਂ ਵੱਡਾ ਸੰਦ ਬਣੀ ਹੋਈ ਹੈ। ਮੈਂ 2013 ਵਿਚ ḔਪੂਕਲੀḔ (ਅਰਥੀ) ਨਾਵਲ ਅੰਤਰਜਾਤੀ ਵਿਆਹ ਉਪਰ ਹੋਣ ਵਾਲੀ ਸਿਆਸਤ ਉਪਰ ਹੀ ਲਿਖਿਆ ਸੀ ਜੋ ਤਾਮਿਲਨਾਡੂ ਵਿਚ ਅੰਤਰਜਾਤੀ ਵਿਆਹ ਕਰਨ ਤੋਂ ਪਿੱਛੋਂ ਮਾਰੇ ਗਏ ਦਲਿਤ ਨੌਜਵਾਨ ਇਲਾਵਰਸਨ ਅਤੇ ਉਸ ਦੀ ਪਤਨੀ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਕਿਤਾਬ ਵੀ ਅੰਗਰੇਜ਼ੀ ਵਿਚ ਅਨੁਵਾਦ ਹੋ ਰਹੀ ਹੈ।Ḕ
ਤਿਰੁਚੇਂਗੋੜ ਪਿੰਡ ਦੇ ਗ਼ਰੀਬ ਬੇਜ਼ਮੀਨੇ ਟੱਬਰ ਵਿਚ ਜਨਮਿਆ ਮੁਰੂਗਨ, ਖਾਨਦਾਨ ਦਾ ਪਹਿਲਾ ਪੜ੍ਹਿਆ-ਲਿਖਿਆ ਬੰਦਾ ਸੀ। ਇਸੇ ਪਿੰਡ ਦੇ ਅਰਧਨਾਰੀਸ਼ਵਰ ਮੰਦਰ ਦੀ ਇਕ ਪ੍ਰਥਾ ਦਾ ਜ਼ਿਕਰ ਉਸ ਨੇ ਆਪਣੇ ਨਾਵਲ ḔਮਾਦੋਰੂਬਾਗਨḔ ਵਿਚ ਕੀਤਾ ਹੈ ਜਿਸ ਵਿਚ ਬੇਔਲਾਦ ਔਰਤਾਂ ਨੂੰ ਸਹਿਮਤੀ ਨਾਲ ਕਿਸੇ ḔਦੇਵਤਾḔ ਨਾਲ ਜਿਸਮਾਨੀ ਸਬੰਧ ਬਣਾਉਣ ਦੀ ਖੁੱਲ੍ਹ ਹੁੰਦੀ ਹੈ। ਨਾਵਲ ਦੇ ਇਸੇ ਹਿੱਸੇ ਨੂੰ ਇਥੋਂ ਦੀਆਂ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਤੇ ਉਨ੍ਹਾਂ ਦੇ ਚਾਲ-ਚੱਲਣ ਉਪਰ ਸਵਾਲ ਉਠਾਉਣ ਵਾਲਾ ਗਰਦਾਨ ਕੇ ਸਾਰੇ ਹਿੰਦੂਆਂ ਨੂੰ ਇਸ ਦੇ ਖਿਲਾਫ ਆਵਾਜ਼ ਉਠਾਉਣ ਲਈ ਉਕਸਾਇਆ ਗਿਆ। ਇਸ ਵਿਵਾਦ ਬਾਰੇ ਪੀæ ਮੁਰੂਗਨ ਸਿੱਧਾ ਕਹਿਣ ਦੀ ਥਾਂ ਕਹਿੰਦਾ ਹੈ, Ḕਮੇਰੇ ਸਾਰੇ ਨਾਵਲ ਜ਼ਮੀਨੀ ਹਕੀਕਤ ਉਪਰ ਆਧਾਰਤ ਹਨ। ਸਾਹਿਤ ਵਿਚ ਕਲਪਨਾ ਦਾ ਪੁੱਠ ਹੁੰਦਾ ਹੈ ਪਰ ਮੇਰਾ ਹਕੀਕਤ ਤੋਂ ਜੁਦਾ ਹੋ ਕੇ ਲਿਖਣ ਵਿਚ ਯਕੀਨ ਨਹੀਂ।Ḕ
ਹੁਣ ਤਕ 35 ਕਿਤਾਬਾਂ ਲਿਖ ਚੁੱਕਾ ਮੁਰੂਗਨ ਪੇਰੀਆਰ, ਮਾਰਕਸ ਅਤੇ ਅੰਬੇਦਕਰ ਦੀ ਵਿਚਾਰਧਾਰਾ ਤੋਂ ਡੂੰਘਾ ਪ੍ਰਭਾਵਿਤ ਹੈ। ਉਹ ਹਾਲਾਂਕਿ ਕਿਸੇ ਖੱਬੀ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਪਰ ਖ਼ੁਦ ਨੂੰ ਮਾਰਕਸਵਾਦੀ ਮੰਨਦਾ ਹੈ। ਆਪਣੇ ਨਾਵਲਾਂ ਵਿਚ ਉਸ ਨੂੰ ਸਭ ਤੋਂ ਪਿਆਰਾ ਹੈ Ḕਸੀਜਨਜ਼ ਆਫ ਪਾਮḔ ਜਿਸ ਵਿਚ ਉਸ ਨੇ ਇਕ ਦਲਿਤ ਅਰੁੰਧਤਿਆਰ ਬੇਜ਼ਮੀਨੇ ਬੰਧੂਆ ਮਜ਼ਦੂਰ ਦੀ ਦਾਸਤਾਂ ਬਿਆਨ ਕੀਤੀ ਹੈ। ਉਹ ਹੁਣ ਤਕ ਨੌਂ ਨਾਵਲ ਲਿਖ ਚੁੱਕਾ ਹੈ ਜਿਨ੍ਹਾਂ ਵਿਚਂੋ ਪੰਜ ਪਿਛਲੇ ਸਾਲ ਹੀ ਛਪੇ ਹਨ।
ਮੁਰੂਗਨ ਇਸ ਵਿਵਾਦ ਬਾਰੇ ਕੁਝ ਬੋਲਣਾ ਨਹੀਂ ਚਾਹੁੰਦਾ, ਉਹ ਸੰਕਟ ਟਲਣ ਦਾ ਖ਼ਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੁੰਦਾ ਹੈ। ਉਥੇ ਅੰਨਾ ਡੀæਐਮæਕੇæ ਦੀ ਸਰਕਾਰ ਹੈ ਅਤੇ ਉਹ ਹਿੰਦੂਤਵੀ ਜਥੇਬੰਦੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ। ਡੀæਐਮæਕੇæ ਆਗੂ ਸਟਾਲਿਨ ਲੇਖਕ ਦੇ ਹੱਕ ਵਿਚ ਬਿਆਨ ਦੇਣ ਤੱਕ ਮਹਿਦੂਦ ਰਿਹਾ, ਖੱਬੇਪੱਖੀ ਹਮਾਇਤ ਵਿਚ ਤਾਂ ਹਨ ਪਰ ਮੁਰੂਗਨ ਦੀ ਖ਼ਾਮੋਸ਼ੀ ਉਨ੍ਹਾਂ ਦੇ ਕਈ ਸਾਥੀਆਂ ਨੂੰ ਚੁੱਭਦੀ ਹੈ। ਤਾਮਿਲ ਲੇਖਕਾ ਵਾਸੰਤੀ ਕਹਿੰਦੀ ਹੈ ਕਿ ਮੁਰੂਗਨ ਨੂੰ ਇੰਜ ਹਥਿਆਰ ਨਹੀਂ ਸੁੱਟਣੇ ਚਾਹੀਦੇ। ਚੇਨੱਈ ਰਹਿੰਦੀ ਕਾਰਕੁਨ ਕੇæ ਮੰਜੁਲਾ ਦਾ ਕਹਿਣਾ ਹੈ ਕਿ ਉਹ ਮੁਰੂਗਨ ਦੇ ਸ਼ੁਕਰਗੁਜ਼ਾਰ ਹਨ ਕਿ ਉਹਨੇ ਬੇਔਲਾਦ ਔਰਤ ਦੇ ਔਖੇ ਹਾਲਾਤ ਸਾਹਮਣੇ ਲਿਆਂਦੇ ਹਨ। ਮੁਰੂਗਨ ਦੇ ਸਹਿਕਰਮੀ ਪ੍ਰੋਫੈਸਰ ਮੁਤੂਸਵਾਮੀ ਦਾ ਮੰਨਣਾ ਹੈ ਕਿ ਇਸ ਪੂਰੇ ਪ੍ਰਸੰਗ ਵਿਚ ਜਿੱਤ ਲੇਖਕ ਦੀ ਹੋਈ ਹੈ, ਉਸ ਦੀ ਲੇਖਣੀ ਜਿੱਤੀ ਹੈ। ਪੂਰੇ ਮੁਲਕ ਅਤੇ ਆਲਮ ਵਿਚ ਲੋਕਾਂ ਦਾ ਲੇਖਕ ਦੇ ਹੱਕ ਵਿਚ ਖੜ੍ਹਨਾ ਇਸ ਦਾ ਸਬੂਤ ਹੈ।
ਤਾਮਿਲ ਸਾਹਿਤ ਦੇ ਜੁਝਾਰੂ ਇਤਿਹਾਸ ਵਿਚ ਪਹਿਲੀ ਦਫਾ ਕਿਸੇ ਲੇਖਕ ਨੇ ਆਪਣੇ ਲੇਖਕ ਦੀ ਮੌਤ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਨੂੰ ਵੀ ਵਿਰੋਧ ਦੇ ਉਸ ਅਮਰ ਸਿਲਸਿਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿਚ ਤਾਮਿਲ ਦੇ ਕਵੀ ਭਾਰਤੀਆਰ ਨੇ ਕਿਹਾ ਸੀ, Ḕਜੇ ਕਿਸੇ ਬੰਦੇ ਕੋਲ ਖਾਣ ਲਈ ਅੰਨ ਨਹੀਂ, ਤਾਂ ਅਸੀਂ ਉਸ ਦੁਨੀਆਂ ਨੂੰ ਜਲਾ ਦਿਆਂਗੇ।Ḕ