ਬਲਜੀਤ ਬਾਸੀ
ਇਹ ਮੇਰੇ ਕਾਲਿਜ ਦੇ ਦਿਨਾਂ ਦੀ ਗੱਲ ਹੈ। ਸਾਡੇ ਪੰਜਾਬੀ ਦੇ ‘ਪ੍ਰੋਫੈਸਰ’ ਨੇ ਦਰਜਨ ਕੁ ਵਿਦਿਆਰਥੀਆਂ ਨੂੰ ਲੈ ਕੇ ਚੰਡੀਗੜ੍ਹ ਵਿਦਿਅਕ ਟੂਅਰ ਲਿਜਾਣ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਦੀ ਚੰਡੀਗੜ੍ਹ ਵਿਚ ਕਿਸੇ ਕਾਮਰੇਡ ਐਮæਐਲ਼ਏæ ਨਾਲ ਦੋਸਤੀ ਸੀ, ਇਸ ਲਈ ਸਾਡੀ ਰਿਹਾਇਸ਼ ਦਾ ਪ੍ਰਬੰਧ ਉਸ ਦੇ ਸਰਕਾਰੀ ਕੁਆਟਰ ਵਿਚ ਕੀਤਾ ਗਿਆ।
ਵਿਧਾਇਕਾਂ ਦੇ ਰਿਹਾਇਸ਼ੀ ਕੁਆਟਰ ਰਾਜਧਾਨੀ ਦੇ ਸੈਕਟਰ-3 ਵਿਚ ਸਥਿਤ ਹਨ। ਮਿਥੇ ਦਿਨ ਬੱਸ ਅੱਡੇ ਤੋਂ ਵਿਦਿਆਰਥੀਆਂ ਨਾਲ ਭਰੇ ਥ੍ਰੀ ਵ੍ਹੀਲਰ ਸੈਕਟਰ-3 ਵਿਚ ਸਾਡੀ ਠਾਹਰ ਅੱਗੇ ਜਾ ਖੜੇ ਹੋਏ ਤਾਂ ਕੁਆਟਰ ਦਾ ਨੰਬਰ ਤੇਰ੍ਹਾਂ ਪੜ੍ਹ ਕੇ ਮੈਂ ਠਠੰਬਰ ਗਿਆ। ਮੇਰੇ ਮੂੰਹੋਂ ਸਹਿਜ ਸੁਭਾਵਕ ਨਿਕਲਿਆ, “ਕਹਿੰਦੇ ਹਨ, ਨਾ ਤਿੰਨਾਂ ਵਿਚ ਨਾ ਤੇਰ੍ਹਾਂ ਵਿਚ, ਪਰ ਅਸੀਂ ਤਾਂ ਅੱਜ ਤਿੰਨਾਂ ਵਿਚ ਵੀ ਹੋ ਗਏ, ਤੇਰ੍ਹਾਂ ਵਿਚ ਵੀ। ਕਰ ਦਿੱਤੀ ਨਾ ਆਪਾਂ ਇਹ ਕਹਾਵਤ ਝੂਠੀ।” ਸਾਰੇ ਜਣੇ ਹੱਸ ਪਏ। ਪ੍ਰੋਫੈਸਰ ਨੇ ਸਾਨੂੰ ਦੱਸਿਆ ਕਿ ਤਰਕਵਾਦੀ ਕਾਮਰੇਡ ਹੀ ਅਜਿਹਾ ਕਰ ਸਕਦੇ ਹਨ। ਵਿਧਾਇਕਾਂ ਲਈ ਬਣੇ ਕੁਆਟਰਾਂ ਵਿਚ ਕੋਈ ਐਮæਐਲ਼ਏæ ਤੇਰ੍ਹਾਂ ਨੰਬਰ ਵਾਲੇ ਵਿਚ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਤੇਰ੍ਹਾਂ ਨੂੰ ਬਦਸ਼ਗਨਾਂ ਅੰਕ ਸਮਝਿਆ ਜਾਂਦਾ ਹੈ। ਕਾਮਰੇਡ ਅੰਧ-ਵਿਸ਼ਵਾਸੀ ਨਹੀਂ ਹੁੰਦੇ ਇਸ ਲਈ ਕਾਮਰੇਡ ਵਿਧਾਇਕ ਨੇ ਹੀ ਇਹ ਕਥਿਤ ਮਨਹੂਸ ਰਿਹਾਇਸ਼ ਚੁਣੀ।
ਚੰਡੀਗੜ੍ਹ ਵਿਚ ਤਾਂ ਤੇਰ੍ਹਾਂ ਨੰਬਰ ਦਾ ਕੋਈ ਵਸਦਾ-ਰਸਦਾ ਸੈਕਟਰ ਵੀ ਨਹੀਂ ਉਸਾਰਿਆ ਗਿਆ ਬਲਕਿ ਇਸ ਜਗਹ ਮੁਰਦਘਾਟ ਬਣਾਇਆ ਗਿਆ ਹੈ। ਪਹਿਲੀ ਵਾਰੀ ਚੰਡੀਗੜ੍ਹ ਗਏ ਵਿਦਿਆਰਥੀਆਂ ਲਈ ਇਹ ਨਵੀਂ ਗੱਲ ਸੀ। ਸੈਕਟਰ ਤੇਰ੍ਹਾਂ ਵਾਲੀ ਥਾਂ ਮੁਰਦਘਾਟ ਬਣਾ ਕੇ 13 ਦੇ ਬਦਸ਼ਗਨੀ ਹੋਣ ਵਾਲੇ ਵਹਿਮ ਨੂੰ ਦ੍ਰਿੜ ਅਤੇ ਮੰਨਣਯੋਗ ਹੀ ਬਣਾਇਆ ਗਿਆ ਹੈ ਤੇ ਉਹ ਵੀ ਸਰਕਾਰ ਵਲੋਂ। ਮਤਲਬ ਤੇਰ੍ਹਾਂ ਮੌਤ ਦਾ ਸੂਚਕ ਹੋਇਆ। ਦੋ ਦਿਨਾਂ ਦੀ ਆਪਣੀ ਫੇਰੀ ਦੌਰਾਨ ਅਸੀਂ ਅਕਸਰ ਹੀ ਤਿੰਨਾਂ ਵਿਚ ਨਾ ਤੇਰ੍ਹਾਂ ਵਿਚ ਵਾਲੀ ਕਹਾਵਤ ਹੀ ਦੁਹਰਾਉਂਦੇ ਕਿਲਕਾਰੀਆਂ ਮਾਰਦੇ ਰਹੇ, ਪਰ ਸਾਡਾ ਇਕ ਕਾਮਰੇਡ ਵਿਰੋਧੀ ਵਿਚਾਰਾਂ ਵਾਲਾ ਸਾਥੀ ਵਿਅੰਗ ਕੱਸਦਾ ਰਿਹਾ, “ਕਾਮਰੇਡਾਂ ਨੂੰ ਪੁਛਦਾ ਹੀ ਕੌਣ ਹੈ, ਇਹ ਨਾ ਤਿੰਨਾਂ ਵਿਚ ਹਨ, ਨਾ ਤੇਰ੍ਹਾਂ ਵਿਚ। ਤਾਂ ਹੀ ਤਾਂ ਸਾਰਿਆਂ ਵਲੋਂ ਨਾ ਕਬੂਲਿਆ ਕੁਆਟਰ ਕਾਮਰੇਡ ਦੇ ਪੱਲੇ ਪਿਆ।”
ਸਾਹਿਤਕਾਰ ਅਕਸਰ ਮੁਹਾਵਰੇ ਕਹਾਵਤਾਂ ਤੋੜ-ਮਰੋੜ ਕੇ ਨਵੇਂ ਰੂਪ ਦਿੰਦੇ ਤੇ ਨਵੇਂ ਅਰਥ ਕੱਢਦੇ ਰਹਿੰਦੇ ਹਨ। ਅਮਰੀਕਾ ਦੇ ਸਮਰੱਥ ਕਵੀ ਸ਼ੇਰ ਸਿੰਘ ਕੰਵਲ ਨੇ ਕੁਝ ਅਜਿਹਾ ਹੀ ਕੀਤਾ ਹੈ, “ਥੁੱਕੇ ਮੋਢਿਆਂ ਟੁੱਕ ਨੂੰ ḔਟੁੱਚḔ ਦੱਸੇ, ਤਿੰਨ ਤੇਰ੍ਹਾਂ ਦੇ ਵਿਚੋਂ ਅਖਵਾਉਣ ਲੱਗਾ।” ਤਿੰਨ-ਤੇਰ੍ਹਾਂ ਵਿਚ ਫਰਕ ਨਾ ਕਰ ਸਕਣ ਵਾਲੀ ਗੱਲ ਵੀ ਅਕਸਰ ਕਹੀ ਜਾਂਦੀ ਹੈ। ਇਕ ਹੋਰ ਮੁਹਾਵਰਾ ਹੈ, ‘ਤਿੰਨ ਤੇਰ੍ਹਾਂ ਕਰਨਾ’ ਜਿਸ ਦਾ ਅਰਥ ਹੁੰਦਾ ਹੈ- ਖੇਰੂੰ ਖੇਰੂੰ ਕਰਨਾ, ਬਿਖੇਰਨਾ। ਇਸ ਮੁਹਾਵਰੇ ਤੋਂ ਥੋੜ੍ਹੇ ਜਣਿਆਂ ਵਲੋਂ ਵੀ ਇਕੱਠੇ ਨਾ ਰਹਿਣ ਦੀ ਪ੍ਰਵਿਰਤੀ ਦਾ ਸੁਝਾਅ ਮਿਲਦਾ ਹੈ। ਜਿਵੇਂ ਤਿੰਨ ਪੂਰਬੀਏ ਹੋਣ ਤਾਂ ਉਨ੍ਹਾਂ ਦੇ ਤੇਰ੍ਹਾਂ ਚੁਲ੍ਹੇ ਹੁੰਦੇ ਹਨ। ਹਿੰਦੀ ਵਿਚ ਇਕ ਕਹਾਵਤ ਹੈ, ‘ਤੀਨ ਬੁਲਾਏ ਤੇਰਹ ਆਏ ਦੇਹ ਦਾਲ ਮੇਂ ਪਾਨੀ’, ਭਾਵ ਸੰਕਟ ਆਵੇ ਤਾਂ ਬੰਨ੍ਹ ਸੁਬ ਲੱਗ ਹੀ ਜਾਂਦਾ ਹੈ। ਧਿਆਨ ਰਹੇ, ਮੁਹਾਵਰਾ ਬਣਾਉਣ ਪਿਛੇ ਕਾਵਕਿਤਾ ਵੀ ਕੰਮ ਕਰਦੀ ਹੈ, ਤਿੰਨ ਅਤੇ ਤੇਰ੍ਹਾਂ ਦਾ ਮੇਲ ਅਨੁਪਰਾਸ ਵੀ ਪੈਦਾ ਕਰਦਾ ਹੈ।
‘ਤਿਨਾਂ ਵਿਚ ਨਾ ਤੇਰ੍ਹਾਂ ਵਿਚ’ ਵਾਲੀ ਕਹਾਵਤ ‘ਤੇ ਆਈਏ। ਮੈਂ ਅਕਸਰ ਹੀ ਇਸ ਕਹਾਵਤ ਦੇ ਪਿਛੋਕੜ ਬਾਰੇ ਸੋਚਿਆ ਕਰਦਾ ਸਾਂ ਕਿ ਅਚਾਨਕ ਇਕ ਦਿਨ ਮੈਨੂੰ ਕਿਧਰੇ ਮਤਲਬ ਦੀ ਚੀਜ਼ ਪੜ੍ਹਨ ਨੂੰ ਮਿਲ ਗਈ। “ਟੇਢੀ ਖੀਰ” ਵਾਲੇ ਲੇਖ ਵਿਚ ਅਸੀਂ ਦੱਸ ਆਏ ਹਾਂ ਕਿ ਬਹੁਤ ਸਾਰੇ ਮੁਹਾਵਰੇ, ਲੋਕੋਕਤੀਆਂ ਆਦਿ ਦੇ ਪਿਛੋਕੜ ਦਾ ਪਤਾ ਲਾਉਣਾ ਬਹੁਤ ਕਠਨ ਹੁੰਦਾ ਹੈ। ਕਈਆਂ ਦੇ ਪਿਛੇ ਸੱਚਮੁਚ ਕੋਈ ਨਾ ਕੋਈ ਸੱਚਾ ਵਾਕਿਆ ਹੁੰਦਾ ਹੈ ਪਰ ਕਈਆਂ ਦੇ ਰਹੱਸ ਖੋਲ੍ਹਣ ਲਈ ਲੋਕ ਖੁਦ ਕੋਈ ਨਾ ਕੋਈ ਕਹਾਣੀ ਘੜ ਲੈਂਦੇ ਹਨ। ਮੇਰੀ ਪੜ੍ਹੀ ਹੋਈ ਕਹਾਣੀ ਤੋਂ ਮਲੂਮ ਹੁੰਦਾ ਹੈ ਕਿ ਵਰਤਮਾਨ ਕਹਾਵਤ ਵੀ ਕੁਝ ਅਜਿਹੀ ਹੀ ਹੈ। ਮੈਂ ਨਿਰਣਾ ਨਹੀਂ ਕਰ ਸਕਦਾ ਕਿ ਇਹ ਸੱਚੀ ਹੈ ਜਾਂ ਮਨਘੜਤ ਪਰ ਪੇਸ਼ ਕਰ ਰਿਹਾ ਹਾਂ, ਪਾਠਕ ਇਸ ਦਾ ਲੁਤਫ ਲੈਣ।
ਇਕ ਸ਼ਹਿਰ ਵਿਚ ਇਕ ਬਹੁਤ ਮੰਨਿਆ ਦੰਨਿਆ ਧਨਾਢ ਸੇਠ ਰਹਿੰਦਾ ਸੀ। ਵੱਡੀ ਹਵੇਲੀ, ਨੌਕਰ-ਚਾਕਰ ਤੇ ਐਸ਼ੋ ਇਸ਼ਰਤ ਦਾ ਪੂਰਾ ਸਮਾਨ ਸੀ। ਪੂਰਾ ਕਾਰੋਬਾਰ ਸੰਭਾਲਣ ਲਈ ਇਕ ਮੁਨੀਮ ਵੀ ਰੱਖਿਆ ਹੋਇਆ ਸੀ। ਅਮੀਰਾਂ ਦੇ ਸ਼ੌਕਾਂ ਵਿਚ ਇਕ ਸ਼ੌਕ ਵੇਸਵਾਗਮਨੀ ਵੀ ਹੁੰਦਾ ਹੈ। ਕਿਸੇ ਸਮਾਜਕ ਸਮਾਰੋਹ ਦੌਰਾਨ ਸੇਠ ਦੀ ਮੁਲਾਕਾਤ ਸ਼ਹਿਰ ਦੀ ਸਭ ਤੋਂ ਹੁਸੀਨ ਤੇ ਕਹਿੰਦੀ ਕਹਾਉਂਦੀ ਵੇਸਵਾ ਨਾਲ ਹੋ ਜਾਂਦੀ ਹੈ। ਵੇਸਵਾ ਆਪਣੀਆਂ ਪੂਰੀਆਂ ਅਦਾਵਾਂ ਨਾਲ ਸੇਠ ਨੂੰ ਫੁਸਲਾਉਣ ਦਾ ਜਤਨ ਕਰਨ ਲੱਗੀ। ਸੇਠ ਆਖਰਕਾਰ ਪੱਟਿਆ ਹੀ ਗਿਆ। ਵੇਸਵਾ ਨੇ ਪਹਿਲਾਂ ਤਾਂ ਨਖਰੇ ਕੀਤੇ ਪਰ ਫਿਰ ਆਪਣੀ ਸਟਰੈਟਿਜੀ ਅਨੁਸਾਰ ਉਸ ਨੂੰ ਸਵੀਕਾਰ ਕਰ ਲਿਆ। ਉਸ ਨੇ ਸੇਠ ਨੂੰ ਆਪਣੇ ਘਰ ਵੀ ਬੁਲਾ ਲਿਆ। ਸੇਠ ਦੇ ਤਾਂ ਪੈਰ ਜ਼ਮੀਨ ‘ਤੇ ਨਾ ਲੱਗਣ। ਸ਼ਹਿਰ ਦੀ ਸਭ ਤੋਂ ਹੁਸੀਨ ਔਰਤ ਉਸ ਦੀ ਹੋ ਚੁੱਕੀ ਸੀ।
ਫਿਰ ਕੀ ਸੀ, ਸੇਠ ਅਕਸਰ ਹੀ ਵੇਸਵਾ ਦੇ ਘਰ ਫੇਰੇ ਮਾਰਨ ਲੱਗ ਪਿਆ। ਉਹ ਵੀ ਸੇਠ ਦੀ ਆਮਦ ‘ਤੇ ਪੂਰੇ ਹਾਰ ਸ਼ਿੰਗਾਰ ਕਰਦੀ, ਉਸ ਦੀ ਸੇਵਾ ਵਿਚ ਕੋਈ ਕਸਰ ਨਾ ਛੱਡਦੀ ਤੇ ਆਪਣਾ ਪੂਰਾ ਪਿਆਰ ਜਤਾਉਂਦੀ। ਸੇਠ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਵੇਸਵਾ ਦਾ ਸਭ ਤੋਂ ਵਧ ਚਹੇਤਾ ਹੈ। ਸੇਠ ਦੀਆਂ ਫੇਰੀਆਂ ਵਧਦੀਆ ਹੀ ਗਈਆਂ। ਉਹ ਬੇਸ਼ੁਮਾਰ ਮਹਿੰਗੇ ਤੁਹਫੇ ਆਪਣੀ ਮਹਿਬੂਬਾ ਨੂੰ ਪੇਸ਼ ਕਰਦਾ ਅਤੇ ਉਸ ‘ਤੇ ਧਨ ਦੌਲਤ ਲੁਟਾਉਣ ਲੱਗਾ। ਪੂਰੇ ਸ਼ਹਿਰ ਵਿਚ ਇਸ ਮੁਆਸ਼ਕੇ ਦੀ ਚਰਚਾ ਹੋਣ ਲੱਗੀ। ਸੇਠ ਬਦਨਾਮ ਵੀ ਹੋਣ ਲੱਗਾ ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ, ਉਹ ਤਾਂ ਪਿਆਰ ਵਿਚ ਪੂਰੀ ਤਰ੍ਹਾਂ ਅੰਨ੍ਹਾਂ ਹੋ ਚੁੱਕਾ ਸੀ। ਅਮੀਰ ਲੋਕਾਂ ਦੇ ਕਈ ਨੌਕਰ ਵੀ ਏਨੇ ਵਿਸ਼ਵਾਸ ਪਾਤਰ ਹੋ ਜਾਂਦੇ ਹਨ ਕਿ ਉਹ ਮਾਲਕ ਨੂੰ ਅਕਸਰ ਹੀ ਨਿਜੀ ਮਾਮਲਿਆਂ ਵਿਚ ਸਲਾਹ ਦੇਣ ਲੱਗ ਪੈਂਦੇ ਹਨ। ਸੇਠ ਦਾ ਮੁਨੀਮ ਅਜਿਹਾ ਹੀ ਸੀ। ਉਸ ਨੇ ਸੇਠ ਨੂੰ ਬਹੁਤ ਸਮਝਾਇਆ ਕਿ ਉਸ ਦਾ ਕਾਰੋਬਾਰ ਮੰਦਾ ਪੈ ਰਿਹਾ ਹੈ, ਉਹ ਵੇਸਵਾ ਦਾ ਖਹਿੜਾ ਛੱਡ ਦੇਵੇ ਪਰ ਸੇਠ ਨੇ ਇਕ ਨਾ ਮੰਨੀ, ਉਹ ਤਾਂ ਹੁਣ ਕਈ ਕਈ ਰਾਤਾਂ ਵੀ ਉਥੇ ਹੀ ਗੁਜ਼ਾਰਨ ਲੱਗਾ।
ਇਕ ਦਿਨ ਸੇਠ ਜ਼ਬਰਦਸਤ ਬੀਮਾਰ ਹੋ ਗਿਆ ਤੇ ਕਈ ਦਿਨ ਉਸ ਦਾ ਬੁਖਾਰ ਨਾ ਹਟਿਆ। ਇਸ ਦੌਰਾਨ ਵੇਸਵਾ ਦਾ ਜਨਮ ਦਿਨ ਆ ਗਿਆ। ਸੇਠ ਆਪਣੇ ਅਦੁਤੀ ਪਿਆਰ ਦਾ ਇਜ਼ਹਾਰ ਕਿਵੇਂ ਕਰੇ? ਆਖਰ ਉਸ ਨੂੰ ਇਕ ਤਰਕੀਬ ਸੁਝੀ। ਉਸ ਨੇ ਬਾਜ਼ਾਰ ਵਿਚ ਸਭ ਤੋਂ ਮਹਿੰਗਾ ਨੌ ਲੱਖਾ ਹਾਰ ਮੰਗਵਾਇਆ ਅਤੇ ਵੇਸਵਾ ਕੋਲ ਮੁਨੀਮ ਹੱਥ ਭੇਜਣ ਲਈ ਉਸ ਨੂੰ ਸੱਦਿਆ। ਮੁਨੀਮ ਨੇ ਦੇਖਿਆ ਕਿ ਏਨਾ ਮਹਿੰਗਾ ਹਾਰ, ਇਹ ਤਾਂ ਘਰ ਨੂੰ ਲੁਟਾਉਣ ਵਾਲੀ ਗੱਲ ਸੀ। ਉਸ ਨੇ ਸੇਠ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੰਜਰੀਆਂ ਹਰ ਅਮੀਰ ਨੂੰ ਆਪਣਾ ਸਭ ਤੋਂ ਚਹੇਤਾ ਪ੍ਰੇਮੀ ਦੱਸਦੀਆਂ ਹਨ ਪਰ ਦਰਅਸਲ ਸੱਚਾਈ ਇਹ ਨਹੀਂ ਹੁੰਦੀ, ਮਹਿਜ਼ ਵਿਖਾਵਾ ਹੁੰਦਾ ਹੈ। ਉਨ੍ਹਾਂ ਦੀ ਨਜ਼ਰ ਅਮੀਰਾਂ ਦੇ ਧੰਨ-ਦੌਲਤ ‘ਤੇ ਹੁੰਦੀ ਹੈ। ਇਸ ਕੰਜਰੀ ਦੇ ਵੀ ਸ਼ਹਿਰ ਦੇ ਹੋਰ ਬਥੇਰੇ ਧਨਾਢ ਚੱਕਰ ਕੱਟਦੇ ਰਹਿੰਦੇ ਹਨ। ਪਰ ਸੇਠ ਦੇ ਕੰਨ ‘ਤੇ ਜੂੰ ਨਾ ਸਰਕੀ। ਉਸ ਨੇ ਨੰਨਾ ਫੜੀ ਰੱਖਿਆ ਤੇ ਆਖਰ ਤੈਸ਼ ਵਿਚ ਆ ਕੇ ਕਿਹਾ ਕਿ ਤੂੰ ਮੇਰਾ ਮਾਮੂਲੀ ਨੌਕਰ ਹੈਂ, ਮੇਰਾ ਕਿਹਾ ਮੰਨ ਨਹੀਂ ਤਾਂ ਬੋਰੀਆ ਬਿਸਤਰਾ ਗੋਲ ਕਰ ਲੈ। ਮੁਨੀਮ ਵਿਚਾਰਾ ਕੀ ਕਰਦਾ, ਨੌ ਲੱਖਾ ਹਾਰ ਹੱਥ ਵਿਚ ਚੁੱਕੀ ਤੇ ਸੇਠ ਨੂੰ ਮਨਾਉਣ ਦੀਆਂ ਹੋਰ ਤਰਕੀਬਾਂ ਸੋਚਦਾ ਵੇਸਵਾ ਦੇ ਦਰ ‘ਤੇ ਜਾ ਪਹੁੰਚਾ।
ਅੰਦਰ ਜਾ ਕੇ ਉਸ ਨੇ ਡੱਬਾ ਖੋਲ੍ਹਦੇ ਹੋਏ ਵੇਸਵਾ ਨੂੰ ਕਿਹਾ, “ਆਹ ਲਵੋ ਜੀ ਨੌ ਲੱਖਾ ਹਾਰ, ਤੁਹਾਡੇ ਉਸ ਮਹਿਬੂਬ ਵਲੋਂ ਜਿਸ ਨੂੰ ਤੁਸੀਂ ਸਭ ਤੋਂ ਵਧ ਪਿਆਰ ਕਰਦੇ ਹੋ।” ਵੇਸਵਾ ਕੁਝ ਸੋਚਾਂ ਵਿਚ ਪੈ ਗਈ, ਕੌਣ ਹੈ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ? ਸੋਚ ਸਾਚ ਕੇ ਉਸ ਨੇ ਤਿੰਨ ਨਾਂ ਗਿਣਵਾਏ ਪਰ ਮੁਨੀਮ ਜੀ ਸੁਣ ਕੇ ਹੈਰਾਨ ਹੋ ਗਏ ਕਿ ਉਨ੍ਹਾਂ ਤਿੰਨਾਂ ਵਿਚ ਉਸ ਦੇ ਮਾਲਕ ਸੇਠ ਦਾ ਨਾਂ ਨਹੀਂ ਸੀ। ਮੁਨੀਮ ਨੇ ਨਾਂਹ ਵਿਚ ਸਿਰ ਫੇਰਿਆ। ਵੇਸਵਾ ਨੂੰ ਨੌ ਲੱਖਾ ਹਾਰ ਹੱਥੋਂ ਖਿਸਕਦਾ ਦਿਸਿਆ ਤਾਂ ਉਸ ਨੇ ਹੋਰ ਤੇਰ੍ਹਾਂ ਪ੍ਰੇਮੀਆਂ ਦੇ ਨਾਂ ਗਿਣਾ ਦਿੱਤੇ ਪਰ ਸੇਠ ਵਿਚਾਰੇ ਦਾ ਨਾਂ ਇਸ ਵੱਡੀ ਸੂਚੀ ਵਿਚ ਵੀ ਨਹੀਂ ਸੀ। ਮੁਨੀਮ ਤਾਂ ਇਕ ਦਮ ਭੌਚਕਾ ਗਿਆ, ਇਹ ਤਾਂ ਹੱਦ ਸੀ। ਉਹ ਗੁੱਸੇ ਵਿਚ ਆ ਗਿਆ ਪਰ ਕਚੀਚੀਆਂ ਵੱਟਦੇ ਨੇ ਡੱਬਾ ਸੰਭਾਲਿਆ ਤੇ ਰੁਖਸਤ ਹੋਣ ਲੱਗਾ। ਵੇਸਵਾ ਦੀ ਵੀ ਖਾਨਿਓਂ ਗਈ, ਹਾਰ ਉਸ ਦੇ ਕੋਲ ਆਉਂਦਾ ਆਉਂਦਾ ਵੀ ਹੱਥ ਨਹੀਂ ਆਇਆ। ਉਸ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਮੁਨੀਮ ਟੱਸ ਤੋਂ ਮੱਸ ਨਾ ਹੋਇਆ।
ਉਧਰ ਬਿਸਤਰੇ ਵਿਚ ਪਏ ਬੀਮਾਰ ਸੇਠ ਜੀ ਉਸਲਵੱਟੇ ਲੈ ਰਹੇ ਸਨ। ਉਹ ਮੁਨੀਮ ਦੀ ਇੰਤਜ਼ਾਰ ਵਿਚ ਸਨ ਕਿ ਆ ਕੇ ਦੱਸੇ ਉਸ ਦੀ ਮਹਿਬੂਬਾ ਦਾ ਕੀ ਪ੍ਰਤਿਕਰਮ ਸੀ। ਪਰ ਮੁਨੀਮ ਨੇ ਆਉਂਦੇ ਹੀ ਸ੍ਰਿਸ਼ਟਾਚਾਰ ਦੀ ਪਰਵਾਹ ਕਰੇ ਬਿਨਾਂ ਸੇਠ ਦੇ ਮੂੰਹ ‘ਤੇ ਹਾਰ ਵਾਲਾ ਡੱਬਾ ਪਟਕਾ ਮਾਰਿਆ, “ਚੱਕੋ ਜੀ ਆਪਣਾ ਨੌ ਲੱਖਾ, ਤੁਸੀਂ ਤਾਂ ਨਾ ਤਿੰਨਾਂ ਵਿਚ ਹੋ ਤੇ ਨਾ ਤੇਰ੍ਹਾਂ ਵਿਚ।” ਪੁੱਛਣ ‘ਤੇ ਮੁਨੀਮ ਨੇ ਸਾਰੀ ਹੋਈ ਬੀਤੀ ਸੁਣਾ ਦਿੱਤੀ। ਸੇਠ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਕਿੱਸਿਆਂ ਵਿਚ ਵਰਣਨ ਦੁਖਾਂਤ ਦੀ ਤਰ੍ਹਾਂ ਆਹ ਨਾਲ ਮਰਿਆ ਨਹੀਂ ਬਲਕਿ ਜਿੰæਦਾ ਰਿਹਾ, ਦੁਨੀਆਂ ਨੂੰ ਇਹ ਦਰਸਾਉਣ ਲਈ ਕਿ ਧਨ ਦੌਲਤ ਹੀ ਸਭ ਕੁਝ ਨਹੀਂ ਹੁੰਦੀ।