ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ

ਡਾæ ਗੁਰਨਾਮ ਕੌਰ, ਕੈਨੇਡਾ
ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਵਿਚ ਬਾਣੀ ਨੂੰ, ਸ਼ਬਦ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਬਾਣੀ ਹੀ ਗੁਰੂ ਹੈ ਅਤੇ ਗੁਰੂ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਦਾ ਸ਼ਬਦ ਗੁਰੂ ਹੋਣ ਦਾ ਦਰਜ਼ਾ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਪਰੰਪਰਾ ਅਨੁਸਾਰ ਦਿੱਤਾ ਪਰ ਸ਼ਬਦ ਹੀ ਸਰਬੋਤਮ ਹੈ, ਸ਼ਬਦ ਵਿਚ ਹੀ ਮਨੁੱਖ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਅਤੇ ਸ਼ਬਦ ਰੂਪ ਹੋ ਕੇ ਹੀ ਅਕਾਲ ਪੁਰਖ ਹਰ ਇੱਕ ਜੀਵ ਦੇ ਅੰਦਰ ਵਿਆਪਕ ਹੈ।

ਇਸ ਦਾ ਖੁਲਾਸਾ ਗੁਰੂਆਂ ਨੇ ਪਹਿਲਾਂ ਹੀ ਬਾਣੀ ਵਿਚ ਕਰ ਦਿੱਤਾ ਸੀ। ਇਸ ਲਈ ਗੁਰੂ ਸਾਹਿਬਾਨ ਨੇ ਵੀ ਅਕਾਲ ਪੁਰਖ ਪਾਸੋਂ ਸ਼ਬਦ ਦੀ, ਬਾਣੀ ਦੀ ਹੀ ਦਾਤ ਮੰਗੀ ਹੈ।
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ॥
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ॥
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ॥
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ॥੧॥ (ਪੰਨਾ ੩੨੦)
ਇਸ ਸਲੋਕ ਵਿਚ ਗੁਰੂ ਅਰਜਨ ਦੇਵ ਜੀ ਸ਼ਬਦ ਦੀ ਦਾਤ ਲਈ ਹੀ ਅਕਾਲ ਪੁਰਖ ਅੱਗੇ ਅਰਦਾਸ ਕਰ ਰਹੇ ਹਨ। ਗੁਰੂ ਸਾਹਿਬ ਪਰਵਰਦਗਾਰ ਅੱਗੇ ਅਰਦਾਸ ਕਰਦੇ ਹਨ ਕਿ ਉਹ ਉਸ ਦਾਤਾਂ ਦੇਣ ਵਾਲੇ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਸ਼ਬਦ ਦੀ ਖੈਰ ਮੰਗਦੇ ਹਨ, ਉਹ ਜੋ ਦਾਤਾਂ ਦੇਣ ਵਾਲਾ ਹੈ, ਉਸ ਨੂੰ ਸਦਾ ਯਾਦ ਕਰਦੇ ਹਨ, ਉਸ ਅਕਾਲ ਪੁਰਖ ਦਾ ਖਜ਼ਾਨਾ ਸਦਾ ਹੀ ਭਰਿਆ ਰਹਿੰਦਾ ਹੈ, ਬੇਅੰਤ ਹੈ ਅਤੇ ਕਦੀ ਵੀ ਦਾਤਾਂ ਵੰਡਣ ਨਾਲ ਮੁੱਕਦਾ ਨਹੀਂ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਬਾਣੀ ਅਪਾਰ ਹੈ, ਇਸ ਬਾਣੀ ਨੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ। ਕਹਿਣ ਤੋਂ ਭਾਵ ਬਾਣੀ ਤੋਂ, ਸ਼ਬਦ ਤੋਂ ਮਨੁੱਖ ਨੂੰ ਜੀਵਨ ਰਸਤੇ ‘ਤੇ ਚੱਲਣ ਦੀ ਜਾਚ ਆਉਂਦੀ ਹੈ।
ਗੁਰੂ ਅਰਜਨ ਦੇਵ ਜੀ ਦੇ ਅਗਲੇ ਸਲੋਕ ਦਾ ਉਚਾਰਨ ਆਮ ਹੀ ਸਿੱਖ ਸੰਗਤਾਂ ਕਰਦੀਆਂ ਹਨ। ਇਸ ਵਿਚ ਵੀ ਸ਼ਬਦ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਸਤਿਸੰਗੀਆਂ ਨੂੰ ਗੁਰੂ ਦੇ ਦੱਸੇ ਸ਼ਬਦ, ਗੁਰੂ ਦੀ ਬਾਣੀ ਨੂੰ ਸਦਾ ਚੇਤੇ ਰੱਖਣ ਦੀ ਆਦਤ ਬਣਾਉਣ ਦੀ ਸਿੱਖਿਆ ਦਿੱਤੀ ਹੈ ਜੋ ਮਨੁੱਖ ਦੀ ਸਾਰੀ ਉਮਰ ਅਰਥਾਤ ਜਨਮ ਲੈਣ ਤੋਂ ਲੈ ਕੇ ਅੰਤਿਮ ਸਮੇਂ ਤੱਕ ਦਾ ਆਸਰਾ ਬਣਦੀ ਹੈ। ਸ਼ਬਦ ਰਾਹੀਂ, ਬਾਣੀ ਰਾਹੀਂ ਮਨੁੱਖ ਨੂੰ ਅਕਾਲ ਪੁਰਖ ਦਾ ਨਾਮ ਸਿਮਰਨ ਦੀ ਸੋਝੀ ਆਉਂਦੀ ਹੈ, ਨਾਮ ਸਿਮਰਨ ਨਾਲ ਸਦਾ ਸੁਖੀ ਰਹੀਦਾ ਹੈ ਅਤੇ ਮਨ ਵਿਚ ਸਦਾ ਅਨੰਦ ਅਤੇ ਖੇੜਾ ਬਣਿਆ ਰਹਿੰਦਾ ਹੈ,
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ॥
ਮੁਖੁ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ॥੨॥ (ਪੰਨਾ ੩੨੦)
ਇਸ ਤੋਂ ਅੱਗੇ ਪਉੜੀ ਵਿਚ ਸਤਿਸੰਗਤਿ ਦੀ ਗੱਲ ਕੀਤੀ ਗਈ ਹੈ, ਗੁਰਮੁਖਾਂ ਦੀ ਸੰਗਤਿ ਜਿਥੇ ਸਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਹੁੰਦਾ ਹੈ। ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਸਤਿਸੰਗਤਿ ਉਹ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਵੰਡਿਆ ਜਾਂਦਾ ਹੈ ਜੋ ਸਭ ਨੂੰ ਸੁਖੀ ਕਰਦਾ ਹੈ, ਸਤਿਸੰਗਤ ਵਿਚ ਸਦਾ ਸੁਖ ਦੇਣ ਵਾਲੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਵੰਡਿਆ ਜਾਂਦਾ ਹੈ। ਇਹ ਉਹ ਅੰਮ੍ਰਿਤ ਹੈ ਜਿਸ ਨੂੰ ਪੀ ਕੇ ਮਨੁੱਖ ਮੁਕਤ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਮੌਤ ਦਾ ਭੈ ਖਤਮ ਹੋ ਜਾਂਦਾ ਹੈ (ਮਨੁੱਖ ਲਈ ਸਭ ਤੋਂ ਵੱਡਾ ਭੈ ਮੌਤ ਦਾ ਹੈ ਅਤੇ ਗੁਰਬਾਣੀ ਮਨੁੱਖ ਦੇ ਮਨ ਵਿਚੋਂ ਮੌਤ ਦੇ ਭੈ ਨੂੰ ਖਤਮ ਕਰਦੀ ਹੈ। ਦਰਅਸਲ ਸ਼ਬਦ ਰਾਹੀਂ ਮਨੁੱਖ ਭਾਣੇ ਵਿਚ ਚੱਲਣ ਦੀ ਜਾਚ ਸਿੱਖਦਾ ਹੈ, ਜਦੋਂ ਭਾਣੇ ਵਿਚ ਚੱਲਣਾ ਸਿੱਖ ਲੈਂਦਾ ਹੈ ਤਾਂ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਮੌਤ ਪਰਮਾਤਮਾ ਦਾ ਹੁਕਮ ਹੈ, ਜੋ ਚੀਜ਼ ਪੈਦਾ ਹੁੰਦੀ ਹੈ, ਉਸ ਨੇ ਇੱਕ ਦਿਨ ਜਾਣਾ ਵੀ ਹੁੰਦਾ ਹੈ। ਇਸ ਲਈ ਇਸ ਨੂੰ ਭਾਣਾ ਮੰਨ ਕੇ ਸਵੀਕਾਰ ਕਰਨ ਨਾਲ ਇਸ ਦਾ ਭੈ ਖਤਮ ਹੋ ਜਾਂਦਾ ਹੈ)। ਜਿਸ ਮਨੁੱਖ ਨੂੰ ਪਰਮਾਤਮ-ਪ੍ਰੇਮ ਦੇ ਇਸ ਰਸ ਦਾ ਸੁਆਦ ਆਉਂਦਾ ਹੈ, ਉਹ ਹੀ ਇਸ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ। ਜਦੋਂ ਸਤਿਸੰਗੀ ਗੁਰਮੁਖਿ ਇਕੱਤਰ ਹੋ ਕੇ ਬਾਣੀ ਦਾ ਉਚਾਰਨ ਕਰਦੇ ਹਨ, ਬਾਣੀ ਨੂੰ ਮੁੱਖ ਤੋਂ ਬੋਲਦੇ ਹਨ ਤਾਂ ਉਥੇ ਅੰਮ੍ਰਿਤ-ਨਾਮ ਦਾ ਰਸ ਝਰਦਾ ਹੈ, ਅੰਮ੍ਰਿਤ-ਨਾਮ ਰਸ ਦੇ ਫੁਹਾਰੇ ਚੱਲ ਪੈਂਦੇ ਹਨ। ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਉਹ ਸਤਿਸੰਗ ਦਾ ਦਰਸ਼ਨ ਕਰਕੇ ਜੀਊ ਰਹੇ ਹਨ ਅਤੇ ਆਪਣੇ ਮਨ ਵਿਚ ਪਰਮਾਤਮ-ਨਾਮ ਨੂੰ ਧਾਰਨ ਕੀਤਾ ਹੋਇਆ ਹੈ,
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ॥
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ॥
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ॥
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ॥
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ॥੯॥
ਸਿੱਖ ਧਰਮ ਚਿੰਤਨ ਵਿਚ ḔਸੇਵਾḔ ਦਾ ਖਾਸ ਮਹੱਤਵ ਹੈ ਅਤੇ ਇਹ ਮਨੁੱਖੀ ਏਕਤਾ, ਬਰਾਬਰੀ, ਸਾਂਝੀਵਾਲਤਾ ਆਦਿ ਮਨੁੱਖੀ ਗੁਣ ਪੈਦਾ ਕਰਨ ਅਤੇ ਕਿਰਤ ਕਰਨ ਤੇ ਵੰਡ ਛਕਣ ਆਦਿ ਸਿਧਾਂਤਾਂ ਦੀ ਪ੍ਰਫੁਲਿਤਾ ਲਈ ਖਾਸ ਕਿਸਮ ਦਾ ਰੋਲ ਨਿਭਾਉਂਦੀ ਹੈ। ਹਰ ਤਰ੍ਹਾਂ ਦੀ ਸੇਵਾ ਮਹੱਤਵਪੂਰਨ ਹੈ ਜੋ ਮਨੁੱਖ ਜਾਤੀ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ ਪਰ ਸਭ ਤੋਂ ਉਤਮ ਸੇਵਾ ਪੂਰੇ ਸਤਿਗੁਰੂ ਦੀ ਸੇਵਾ ਹੈ ਕਿਉਂਕਿ ਇਹ ਮਨੁੱਖ ਨੂੰ ਸਹੀ ਰਸਤੇ ‘ਤੇ ਚੱਲਣ ਦੀ ਜਾਚ ਸਿਖਾਉਂਦੀ ਹੈ। ਸਤਿਗੁਰੂ ਦੇ ਇਸ ਸਲੋਕ ਵਿਚ ਗੁਰੂ ਅਰਜਨ ਦੇਵ ਪੂਰੇ ਸਤਿਗੁਰੂ ਦੀ ਸੇਵਾ ਦੀ ਗੱਲ ਕਰਦੇ ਹਨ। ਸਤਿਗੁਰੂ ਦੀ ਸੇਵਾ ਦਾ ਅਰਥ ਹੈ- ਸਤਿਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ, ਸਤਿਗੁਰੂ ਦੀ ਦਿੱਤੀ ਸਿੱਖਿਆ ਦਾ ਪਾਲਣ ਕਰਨਾ। ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਜੇ ਪੂਰੇ ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲੀਏ, ਗੁਰੂ ਦੀ ਸਿੱਖਿਆ ਦਾ ਪਾਲਣ ਕਰੀਏ ਤਾਂ ਸਰਬ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲਦਿਆਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ ਤਾਂ ਸਾਰੇ ਕਾਰਜ ਸਫਲ ਹੋ ਜਾਂਦੇ ਹਨ,
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ॥
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ॥੧॥
ਇਸ ਤੋਂ ਅਗਲੇ ਸਲੋਕ ਵਿਚ ਪਰਮਾਤਮ-ਸਿਮਰਨ ਦੀ ਗੱਲ ਕੀਤੀ ਹੈ ਕਿ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਜਿਸ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਦੁੱਖ-ਕਸ਼ਟ ਦੂਰ ਹੋ ਜਾਂਦੇ ਹਨ ਅਤੇ ਮਨੁੱਖ ਦੇ ਹਿਰਦੇ ਵਿਚ ਅਨੰਦ ਮੰਗਲ ਅਰਥਾਤ ਖੁਸ਼ੀਆਂ ਦਾ ਨਿਵਾਸ ਹੁੰਦਾ ਹੈ, ਮਨ ਖਿੜ੍ਹਾਓ ਵਿਚ ਆ ਜਾਂਦਾ ਹੈ। ਉਸ ਅਕਾਲ ਪੁਰਖ ਨੂੰ ਸਦਾ ਧਿਆਉਣਾ ਚਾਹੀਦਾ ਹੈ, ਉਸ ਦਾ ਸਿਮਰਨ ਹਰ ਸਮੇਂ ਕਰਨਾ ਚਾਹੀਦਾ ਹੈ ਅਤੇ ਉਹ ਇੱਕ ਅੱਖ ਦੇ ਫੋਰ ਜਿੰਨਾ ਵੀ ਨਾ ਭੁੱਲੇ,
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ॥
ਨਾਨਕ ਜਪੀਐ ਸਦਾ ਹਰਿ ਨਿਮਖੁ ਨ ਬਿਸਰਉ ਨਾਮੁ॥੨॥
ਅਗਲੀ ਪਉੜੀ ਵਿਚ ਉਨ੍ਹਾਂ ਗੁਰਮੁਖਾਂ ਬਾਰੇ ਬਿਆਨ ਕੀਤਾ ਹੈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਪਰਮਾਤਮ-ਅਨੁਭਵ ਕਰ ਲਿਆ ਹੈ। ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਉਨ੍ਹਾਂ ਗੁਰਮੁਖਾਂ ਦੀ ਸ਼ੋਭਾ, ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਵਡਭਾਗੀਆਂ ਨੇ ਉਸ ਰੱਬ ਨੂੰ ਪਾ ਲਿਆ ਹੈ। ਜੋ ਕੋਈ ਵੀ ਮਨੁੱਖ ਅਜਿਹੇ ਗੁਰਮੁਖਾਂ ਦੇ ਲੜ ਲੱਗ ਜਾਂਦਾ ਹੈ, ਉਨ੍ਹਾਂ ਦੀ ਸੰਗਤਿ ਵਿਚ ਆ ਜਾਂਦਾ ਹੈ, ਉਹ ਮਾਇਆਵੀ ਬੰਧਨਾਂ ਵਿਚ ਬੰਨ੍ਹਿਆ ਹੋਇਆ ਵੀ ਇਨ੍ਹਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ ਆ ਕੇ ਉਹ ਉਸ ਸਦਾ ਕਾਇਮ ਰਹਿਣ ਵਾਲੀ ਹਸਤੀ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੈ, ਗੁਣਾਂ ਦਾ ਗਾਇਨ ਕਰਨ ਨਾਲ ਉਸ ਨੂੰ ਜਨਮ ਮਰਨ ਦੇ ਚੱਕਰਾਂ ਵਿਚ ਨਹੀਂ ਸੜਨਾ ਪੈਂਦਾ, ਭਾਵ ਉਹ ਜਨਮ-ਮਰਨ ਤੋਂ ਮੁਕਤ ਹੋ ਜਾਂਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ ਉਸ ਨੂੰ ਗੁਰੂ ਮਿਲ ਪੈਂਦਾ ਹੈ ਜਿਸ ਰਾਹੀਂ ਉਹ ਪਰਮਾਤਮਾ ਦੀ ਸਿਫਤਿ-ਸਾਲਾਹ ਮੁੱਖ ਤੋਂ ਉਚਾਰਦਾ ਹੈ, ਉਸ ਨੂੰ ਸਮਝਦਾ ਹੈ ਅਤੇ ਇਸ ਰਾਹੀਂ ਉਸ ਨੂੰ ਮਾਨਸਿਕ ਸ਼ਾਂਤੀ ਅਤੇ ਸਹਿਜ ਪ੍ਰਾਪਤ ਹੁੰਦਾ ਹੈ, ਉਸ ਦੇ ਮਨ ਅੰਦਰ ਟਿਕਾਉ ਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਨੁੱਖ ਨੇ ਉਸ ਅਸੀਮ ਅਤੇ ਅਪਹੁੰਚ, ਸਭ ਦੇ ਸੁਆਮੀ ਪਰਮਾਤਮਾ ਨੂੰ ਪਾ ਲਿਆ ਹੈ,
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ॥
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ॥
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ॥
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ॥
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ॥੧੦॥ (ਪੰਨਾ ੩੨੦)
ਸਿੱਖ ਧਰਮ ਚਿੰਤਨ ਵਿਚ ਮਨੁੱਖ ਦੇ ਜਨਮ ਨੂੰ ਅਕਾਲ ਪੁਰਖ ਵਲੋਂ ਬਖਸ਼ਿਸ਼ ਕੀਤਾ ਹੋਇਆ ਇੱਕ ਅਜਿਹਾ ਅਵਸਰ ਮੰਨਿਆ ਜਿਸ ਵਿਚ ਉਹ ਪਰਮਾਤਮ-ਅਨੁਭਵ ਕਰ ਸਕਦਾ ਹੈ। ਮਨੁੱਖ ਦੀ ਜੂਨ ਹੀ ਇੱਕ ਅਜਿਹਾ ਮੌਕਾ ਹੈ ਜਿਸ ਵਿਚ ਪਰਮਾਤਮਾ ਨਾਲ ਮੇਲ ਸੰਭਵ ਹੈ। ਇਸੇ ਨੂੰ ਪੰਚਮ ਪਾਤਿਸ਼ਾਹ ਹਜ਼ੂਰ ਨੇ Ḕਗੋਬਿੰਦ ਮਿਲਣ ਕੀ ਇਹ ਤੇਰੀ ਬਰੀਆḔ ਕਿਹਾ ਹੈ। ਇਸ ਸਲੋਕ ਵਿਚ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾ ਰਹੇ ਹਨ ਕਿ ਤੈਨੂੰ ਜਿਸ ਕਾਰਜ ਹੇਤ ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਮਨੁੱਖ ਦੀ ਜੂਨ ਬਖਸ਼ਿਸ਼ ਕੀਤੀ ਹੈ, ਤੂੰ ਉਸ ਆਪਣੇ ਅਸਲੀ ਕੰਮ ਨੂੰ ਤਾਂ ਕਰ ਨਹੀਂ ਰਿਹਾ ਅਤੇ ਹੋਰ ਹੋਰ ਕੰਮ ਕਰੀ ਜਾ ਰਿਹਾ ਹੈਂ, ਦੁਨੀਆ ਤੇ ਆਪਹੁਦਰੀਆਂ ਕਰਦਾ ਫਿਰਦਾ ਹੈਂ। ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨ ਲਈ ਤੂੰ ਦੁਨੀਆਂ ‘ਤੇ ਆਇਆ ਹੈਂ ਪਰ ਆਪਣੇ ਇਸ ਨਾਮ ਸਿਮਰਨ ਦੇ ਕਾਰਜ ਨੂੰ ਵਿਸਾਰ ਕੇ ਮਨ ਦਾ ਸੁੱਖ, ਮਨ ਦੀ ਸ਼ਾਂਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ, ਮਨ ਦੀ ਭਟਕਣ ਕਿਵੇਂ ਮਿਟ ਸਕਦੀ ਹੈ। ਉਸ ਦੇ ਨਾਮ ਤੋਂ ਬਿਨਾ ਕੋਈ ਸੁੱਖ ਨਹੀਂ ਮਿਲਦਾ,
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ॥
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ॥੧॥ (ਪੰਨਾ ੩੨੦)
ਇਸ ਤੋਂ ਅਗਲੇ ਸਲੋਕ ਵਿਚ ਵੀ ਮਾਇਆ-ਵਿਸ਼ ਅਤੇ ਨਾਮ-ਅੰਮ੍ਰਿਤ ਦੀ ਤੁਲਨਾ ਕੀਤੀ ਹੈ ਕਿ ਦੋਵੇਂ ਪਦਾਰਥਾਂ ਵਿਚ ਕੀ ਅੰਤਰ ਹੈ, ਕੀ ਫਰਕ ਹੈ। ਮਾਇਆ ਜ਼ਹਿਰ ਹੈ ਅਤੇ ਕੌੜੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਸੰਸਾਰ ਨੂੰ ਖਾ ਰਹੀ ਹੈ (ਦੇਖਣ ਨੂੰ ਭਾਵੇਂ ਮਾਇਆ ਮਿੱਠੀ ਲਗਦੀ ਹੈ ਪਰ ਅਧਿਆਤਮਕ ਤੌਰ ‘ਤੇ ਇਹ ਮਨੁੱਖ ਦੀ ਗਿਰਾਵਟ ਦਾ ਕਾਰਨ ਬਣਦੀ ਹੈ, ਉਸ ਦੇ ਅੰਦਰੋਂ ਸਭ ਚੰਗਿਆਈਆਂ ਨੂੰ ਖਾ ਲੈਂਦੀ ਹੈ ਅਤੇ ਬਰਬਾਦੀ ਦਾ ਕਾਰਨ ਬਣਦੀ ਹੈ)। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਭਗਤ ਹੀ ਇਹ ਵਿਚਾਰਦੇ ਹਨ ਕਿ ਅਕਾਲ ਪੁਰਖ ਦਾ ਨਾਮ ਮਿੱਠਾ ਹੈ (ਮਾਇਆ ਮਿੱਠੀ ਨਹੀਂ ਹੈ),
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ॥
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ॥੨॥ (ਪੰਨਾ ੩੨੦)
ਅਗਲੀ ਪਉੜੀ ਵਿਚ ਇਸ ਗੱਲ ਦਾ ਨਿਖੇੜਾ ਕੀਤਾ ਹੈ ਕਿ ਅਸਲੀ ḔਸੰਤḔ ਪੁਰਸ਼ ਜਾਂ ਸਾਧ ਕੌਣ ਹੁੰਦਾ ਹੈ। (ਅੱਜ ਦੇ ਸਮੇਂ ਵਿਚ ਸਿੱਖੀ ਨੂੰ ਸਾਧਾਂ ਨੇ ਅਰਥਾਤ ਡੇਰੇਦਾਰਾਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ḔਸਿੱਖḔ ਗੁਰੂ ਦੇ ਨਾ ਹੋ ਕੇ ਡੇਰਿਆਂ ਜਾਂ ਸਾਧਾਂ ਦੇ ਹੋ ਗਏ ਹਨ। ਇਸ ਲਈ ਬਹੁਤੇ ਸਿੱਖ ਹਰ ਕੰਮ ਆਪਣੇ ਡੇਰੇ ਦੇ ਸਾਧ ਦੀ ਇੱਛਾ ਅਨੁਸਾਰ ਕਰਦੇ ਹਨ)। ਇਸ ਪਉੜੀ ਵਿਚ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਅਸਲੀ ਸੰਤ ਅਰਥਾਤ ਰੱਬ ਨੂੰ ਪਹੁੰਚੇ ਹੋਏ ਬੰਦੇ ਦੀ ਪਛਾਣ ਕਿਵੇਂ ਹੋਵੇ? ਉਸ ਦੀ ਪਛਾਣ ਇਹ ਹੁੰਦੀ ਹੈ ਕਿ ਉਸ ਨੂੰ ਮਿਲਣ ਨਾਲ ਮਨੁੱਖ ਇਸ ਸੰਸਾਰ ਸਾਗਰ ਤੋਂ ਤਰਨਯੋਗ ਹੋ ਜਾਂਦਾ ਹੈ ਅਰਥਾਤ ਇਸ ਭਵ ਸਾਗਰ ਤੋਂ ਪਾਰ ਲੱਗ ਜਾਈਦਾ ਹੈ (ਬਹੁਤੇ ਡੇਰੇਦਾਰ ਇਸ ਤੱਥ ਨੂੰ ਉਤਸ਼ਾਹ ਦੇਣ ਲਈ ਕਿ ਸਿੱਖ ਧਰਮ ਵਿਚ ਡੇਰੇਦਾਰੀ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਸੁਖਮਨੀ ਸਾਹਿਬ ਵਿਚੋਂ ḔਸੰਤḔ ਦੇ ਹੱਕ ਵਿਚ ਰਚੀ ਗਈ ਅਸ਼ਟਪਦੀ ਦਾ ਉਚਾਰਨ ਕਰਨ ਲੱਗ ਜਾਂਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਗੁਰੂ ਅਰਜਨ ਦੇਵ ਨੇ ਹੀ ਅਸਲੀ ਸੰਤ ਅਤੇ ਡੇਰੇਦਾਰ ਭੇਖੀਆਂ ਵਿਚ ਨਿਖੇੜਾ ਕਰ ਦਿੱਤਾ ਹੋਇਆ ਹੈ, ਜ਼ਾਹਿਰ ਹੈ ਕਿ ਗੁਰੂ ਕਾਲ ਦੌਰਾਨ ਵੀ ਸਾਧਗਿਰੀ ਦਾ ਪਖੰਡ ਸਮਾਜ ‘ਤੇ ਭਾਰੂ ਸੀ। ਇਸੇ ਲਈ ਗੁਰੂ ਸਾਹਿਬਾਨ ਨੇ ਸਿੱਖ ਨੂੰ ਕਿਰਤ ਨਾਲ ਜੋੜਿਆ)। ਜਦੋਂ ਮਨੁੱਖ ਦਾ ਮੇਲ ਕਿਸੇ ਅਸਲੀ ਸੰਤ ਨਾਲ ਹੋ ਜਾਂਦਾ ਹੈ ਤਾਂ ਜਮ ਦਾ ਡਰ ਉਸ ਦੇ ਮਨ ਵਿਚੋਂ ਨਿਕਲ ਜਾਂਦਾ ਹੈ ਅਤੇ ਉਹ ਫਿਰ ਆਤਮਕ ਮੌਤ ਨਹੀਂ ਮਰਦਾ। ਇਹ ਦੁਨੀਆਂ ਰੂਪੀ ਭਵ ਸਾਗਰ, ਜੋ ਜ਼ਹਿਰ ਦੀ ਤਰ੍ਹਾਂ ਹੈ ਤੇ ਜਿਸ ਤੋਂ ਪਾਰ ਲੰਘਣਾ ਔਖਾ ਹੈ, ਨੂੰ ਸਹਿਜ ਨਾਲ ਹੀ ਪਾਰ ਕਰ ਲਈਦਾ ਹੈ।
ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਗੁਰਮੁਖਾਂ ਨੂੰ ਮਿਲ ਕੇ ਮਨ ਵਿਚ ਪਰਮਾਤਮ-ਗੁਣਾਂ ਦੀ ਮਾਲਾ ਗੁੰਦੋ ਅਰਥਾਤ ਆਪਣੇ ਅੰਦਰ ਸਤਿ, ਸੰਤੋਖ, ਦਇਆ, ਧਰਮ ਆਦਿ ਈਸ਼ਵਰੀ ਗੁਣਾਂ ਨੂੰ ਵਸਾਉ, ਜਿਸ ਨਾਲ ਮਨ ਤੋਂ ਸਾਰੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਨੇ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾ ਲਿਆ ਹੈ, ਉਹ ਉਸ ਅਪਰੰਪਾਰ ਪਾਰਬ੍ਰਹਮ, ਕਰਤਾਰ ਨੂੰ ਮਿਲੇ ਰਹਿੰਦੇ ਹਨ,
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ॥
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ॥
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ॥
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ॥੧੧॥ (ਪੰਨਾ ੩੨੦)
ਇਸ ਪਉੜੀ ਤੋਂ ਅਗਲੇ ਦੋ ਸਲੋਕਾਂ ਵਿਚ ਵੀ ਉਨ੍ਹਾਂ ਮਨੁੱਖਾਂ ਦਾ ਆਉਣਾ ਸਫਲ ਮੰਨਿਆ ਹੈ, ਉਨ੍ਹਾਂ ਦਾ ਆਉਣਾ ਪ੍ਰਵਾਨ ਕੀਤਾ ਹੈ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਕੇ ਵੱਸ ਗਿਆ ਹੈ। ਕਰਨੀ ਤੋਂ ਬਿਨਾਂ ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ,
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ॥
ਗਾਲ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ॥੧॥ (ਪੰਨਾ ੩੨੦)
ਅਗਲੇ ਸਲੋਕ ਵਿਚ ਦੱਸਿਆ ਹੈ ਕਿ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਦੇ ਨਾਮ ਨੂੰ ਆਪਣੀ ਰਾਸ ਪੂੰਜੀ, ਆਪਣਾ ਧਨ ਬਣਾ ਲਿਆ ਹੈ, ਉਸ ਨੂੰ ਪਾਰਬ੍ਰਹਮ ਜੋ ਅਪਹੁੰਚ ਅਤੇ ਵਿਸਮਾਦ ਰੂਪ ਹੈ, ਹਰ ਥਾਂ ਵਿਆਪਕ ਨਜ਼ਰੀਂ ਆ ਗਿਆ ਹੈ ਅਰਥਾਤ ਉਸ ਨੇ ਪਰਮਾਤਮ-ਜੋਤਿ ਨੂੰ ਆਪਣੇ ਅੰਦਰ ਅਤੇ ਹਰ ਥਾਂ ਉਸ ਦੀ ਮੌਜੂਦਗੀ ਨੂੰ ਦ੍ਰਿਸ਼ਟੀਗੋਚਰ ਕਰ ਲਿਆ ਹੈ,
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ॥
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ॥੨॥ (ਪੰਨਾ ੩੨੦-੨੧)