ਖਾਲਸਾ ਕੈਲੰਡਰ ਦਾ ਗੋਰਖਧੰਦਾ

ਡਾæ ਹਰਪਾਲ ਸਿੰਘ ਪਨੂੰ
ਫੋਨ: 91-94642-51454
ਮੇਰੀ ਲਿਖਤ ਖਾਲਸਾ ਕੈਲੰਡਰ ਬਾਰੇ ਛਪੀ ਤਾਂ ਪਾਠਕਾਂ ਦੀਆਂ ਫੋਨ ਕਾਲਾਂ ਦੀ ਨਿਰੰਤਰ ਝੜੀ ਲਗੀ ਰਹੀ| ਇਸ ਲਿਖਤ ਵਿਚ ਅਕਲ ਦੀ ਕੋਈ ਬਹੁਤ ਲੰਮੀ ਤੇ ਡੂੰਘੀ ਰਿਆਜ਼ ਨਹੀਂ ਸੀ ਕੀਤੀ ਗਈ, ਇਸ ਵਿਚ ਸਿੱਖ ਅਹਿਸਾਸ ਦੀ ਤਰਜਮਾਨੀ ਸੀ| ਇਕ ਪਾਠਕ ਨੇ ਫਤਿਹਗੜ੍ਹ ਸਾਹਿਬ ਤੋਂ ਕਿਹਾ, ਇਹੋ ਜਿਹੀਆਂ ਲੀਡਰਾਂ ਦੀਆਂ ਹਰਕਤਾਂ ਸਦਕਾ ਆਪਾਂ ਆਮ ਸਿੱਖ ਇਸ ਕਰਕੇ ਸ਼ਰਮਸਾਰ ਹੁੰਦੇ ਹਾਂ ਕਿਉਂਕਿ

ਲੀਡਰ ਤਾਂ ਕਾਰਾਂ ਵਿਚ ਬੰਦ ਦੌੜਦੇ ਰਹਿੰਦੇ ਹਨ, ਕਿਸੇ ਦੀ ਪਹੁੰਚ ਵਿਚ ਨਹੀਂ ਹੁੰਦੇ ਪਰ ਅਸੀਂ ਸੜਕਛਾਪ ਲੋਕ ਹਰ ਵੰਨਗੀ ਦੇ ਬੰਦੇ ਨੂੰ ਮਿਲਦੇ ਹਾਂ ਤੇ ਉਸਦੇ ਸਵਾਲਾਂ ਦੇ ਜਵਾਬ ਲੱਭਣ ਵਾਸਤੇ ਮੁਸ਼ਕਿਲ ਵਿਚ ਪੈ ਜਾਂਦੇ ਹਾਂ, ਸ਼ਰਮਿੰਦਗੀ ਝਲਦੇ ਹਾਂ|
ਫਿਰੋਜ਼ਪੁਰ ਜ਼ਿਲੇ ਦੇ ਇਕ ਪੇਂਡੂ ਭਰਾ ਨੇ ਦੱਸਿਆ, ਜੀ ਸਾਡੇ ਪਿੰਡ ਬਿਕਰਮੀ ਸੰਮਤ ਮੁਤਾਬਕ ਵਡੇਰਿਆਂ ਦਾ ਮੇਲਾ ਭਾਦੋਂ ਵਿਚ ਤਿੰਨ ਦਿਨ ਵਾਸਤੇ ਭਰਦਾ ਹੈ| ਇਹ ਮੇਲਾ ਸਦੀਆਂ ਤੋਂ ਅਮਨ-ਅਮਾਨ ਨਾਲ ਭਰਦਾ ਰਿਹਾ, ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਹੋ ਜਾਂਦੇ| ਨਾਨਕਸ਼ਾਹੀ ਕੈਲੰਡਰ ਸਦਕਾ ਮੇਲੇ ਦੀਆਂ ਤਰੀਕਾ ਦੋ ਹੋ ਗਈਆਂ। ਅੱਧੇ ਲੋਕ ਬਿਕਰਮੀ ਮੁਤਾਬਕ ਤੇ ਦੂਜੇ ਅੱਧੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮੇਲਾ ਦੇਖਣ ਲਈ ਵੰਡੇ ਗਏ, ਮਾਹੌਲ ਤਣਾਉਪੂਰਨ ਹੋ ਗਿਆ| ਇਹੋ ਜਿਹੇ ਮੌਕੇ ਤੇ ਨਾਨਕਸ਼ਾਹੀ ਬੰਦੇ ਬਿਕਰਮੀ ਕੈਲੰਡਰ ਵਾਲਿਆਂ ਨੂੰ ਕਹਿਣ ਲੱਗੇ ਤੁਸੀਂ ਹਿੰਦੂ ਹੋ, ਸਿੱਖ ਹੋ ਹੀ ਨਹੀਂ| ਆਪੋ ਅਪਣੀ ਜ਼ਿੱਦ ਤੋਂ ਕੋਈ ਧਿਰ ਪਿਛੇ ਹਟਣ ਲਈ ਤਿਆਰ ਨਾ ਹੋਈ ਤਾਂ ਫੈਸਲਾ ਹੋਇਆ ਕਿ ਦੋਵੇਂ ਕੈਲੰਡਰਾਂ ਦਾ ਖਹਿੜਾ ਛੱਡੋ। ਮੇਲਾ ਈਸਾਈ ਸੰਨ ਮੁਤਾਬਕ 29,30,31 ਅਗਸਤ ਨੂੰ ਭਰਿਆ ਕਰੇਗਾ|
ਬੱਚਿਆਂ ਨੇ ਮਿਹਨਤ ਨਾਲ ਕੁਝ ਈਸਵੀ ਸਾਲ ਰੱਟੇ ਲਾ ਕੇ ਯਾਦ ਕੀਤੇ ਹਨ ਜਿਵੇਂ 1469, 1539, 1666, 1699, 1708, 1857, ਵਿਸਾਖੀ 1919, 1947 ਆਦਿ| ਹਰ ਕਿਸਮ ਦੇ ਇਮਤਿਹਾਨ ਵਿਚ ਇਹੋ ਕੰਮ ਆਉਣੇ ਹਨ, ਇਹੋ ਲਾਹੇਵੰਦ ਹਨ| ਬਾਕੀ ਸਭ ਰੱਜ ਖਾਣ ਦੀਆਂ ਖਰਮਸਤੀਆਂ ਹਨ|
ਪਾਠਕ ਅਖਬਾਰਾਂ ਵਿਚ ਅਕਸਰ ਅਜਿਹੀਆਂ ਖਬਰਾ ਪੜ੍ਹਦੇ ਹਨ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ, ਬਰਖਾਸਤਗੀ, ਉਮਰ ਦੀ ਮਿਆਦ, ਵਿਦਿਅਕ ਯੋਗਤਾ ਆਦਿਕ ਦਾ ਵਿਧਾਨ ਨਿਸ਼ਚਿਤ ਕਿਉਂ ਨਹੀਂ ਕੀਤਾ ਜਾਂਦਾ? ਲੀਡਰਾਂ ਵਲੋਂ ਬਿਆਨ ਆਇਆ ਕਰਦਾ ਹੈ-ਕਮੇਟੀ ਬਣਾ ਰਹੇ ਹਾਂ, ਕਮੇਟੀ ਬਣਾ ਦਿੱਤੀ ਹੈ, ਜਲਦੀ ਹੀ ਵਿਧੀ ਵਿਧਾਨ ਸੰਗਤ ਸਾਹਮਣੇ ਆ ਜਾਵੇਗਾ| ਨਾ ਇਹ ਵਿਧਾਨ ਕਦੀ ਬਣਿਆ, ਨਾ ਬਣੇਗਾ। ਕਿਉਂਕਿ ਵਿਧਾਨ ਬਣ ਗਿਆ, ਫਿਰ ਫੈਸਲਾ ਵਿਧਾਨ ਕਰੇਗਾ, ਲੀਡਰ ਦੇ ਕਰਨ ਵਾਸਤੇ ਕੀ ਰਹਿ ਜਾਏਗਾ? ਹੁਣ ਤਾਜ਼ਾ ਤਰੀਨ ਸਲਾਹਕਾਰ ਕਮੇਟੀ, ਸ਼੍ਰੋਮਣੀ ਕਮੇਟੀ ਨੇ ਥਾਪੀ ਹੈ, ਜਿਸ ਦੇ ਮੈਂਬਰ ਡਾæ ਜਸਪਾਲ ਸਿੰਘ, ਡਾæ ਪ੍ਰਿਥੀਪਾਲ ਸਿੰਘ ਕਪੂਰ, ਡਾæ ਬਲਵੰਤ ਸਿੰਘ ਅਤੇ ਡਾæ ਬਲਕਾਰ ਸਿੰਘ ਹਨ| ਸਾਨੂੰ ਇਨ੍ਹਾਂ ਦੀ ਲਿਆਕਤ ਅਤੇ ਵਿਦਵਤਾ ਉਪਰ ਕੋਈ ਸ਼ੱਕ ਨਹੀਂ, ਇਹ ਠੀਕ ਸਲਾਹ ਦੇਣਗੇ ਪਰ ਉਸ ਸਲਾਹ ਨੂੰ ਲਾਗੂ ਕੌਣ ਕਰੇਗਾ, ਕਦੋਂ ਕਰੇਗਾ?
ਅਰਬ ਦੇਸਾਂ ਵਿਚ ਇਸਲਾਮਿਕ ਸੰਮਤ ਹਿਜਰੀ ਹੈ ਜੋ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਮੱਕੇ ਤੋਂ ਮਦੀਨੇ ਹਿਜਰਤ (ਕੂਚ) ਕਰਨੀ ਪਈ ਸੀ| ਇਹ ਸੰਮਤ ਚੰਦਰਮਾ ਦੀ ਗਤੀ ਉਤੇ ਆਧਾਰਿਤ ਹੈ| ਪਾਠਕ ਜਾਣੂ ਹਨ ਕਿ ਸੂਰਜੀ ਕੈਲੰਡਰ ਦੇ ਮੁਕਾਬਲੇ ਚੰਦਰਮਾ ਵਾਲੇ ਸਾਰੇ ਕੈਲੰਡਰਾਂ ਵਿਚ ਊਣਤਾਈਆਂ ਹਨ| ਚੰਦਰਮਾਂ ਦੀ ਗਤੀ ਅਨੁਸਾਰ ਸਾਲ 360 ਦਿਨ ਦਾ ਹੈ ਜਦੋਂ ਕਿ ਸੂਰਜੀ ਗਤੀ ਮੁਤਾਬਕ 365 ਦਿਨਾਂ ਦਾ ਹੈ| ਸੂਰਜੀ ਸੰਮਤ ਹਰੇਕ ਸਾਲ ਪੰਜ ਦਿਨ ਦਾ ਫਰਕ ਪਾ ਦਿੰਦਾ ਹੈ, ਜਿਸ ਕਰਕੇ ਛੇ ਸਾਲ ਵਿਚ 30 ਦਿਨ, ਯਾਨੀ ਕਿ ਇਕ ਮਹੀਨੇ ਦਾ ਫਰਕ ਪੈ ਜਾਂਦਾ ਹੈ| ਇਹ ਫਰਕ ਦੂਰ ਕਰਨ ਲਈ ਜੋਤਸ਼ੀਆਂ ਨੇ ਲੌਂਦ ਮਹੀਨੇ ਦੀ ਕਾਢ ਕੱਢੀ, ਕਦੀ ਦੋ ਜੇਠ ਆ ਜਾਂਦੇ ਹਨ, ਕਦੀ ਦੋ ਮੱਘਰ| ਅਜਿਹਾ ਮਜ਼ਬੂਰਨ ਕਰਨਾ ਪੈਂਦਾ ਹੈ ਕਿਉਂਕਿ ਦੋਵੇਂ ਕੈਲੰਡਰ ਇਕ ਦੂਜੇ ਦੇ ਨੇੜੇ-ਨੇੜੇ ਰਹਿਣੇ ਚਾਹੀਦੇ ਹਨ| ਮੁਸਲਮਾਨਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ, ਇਸ ਕਰਕੇ ਕਦੇ ਰੋਜ਼ੇ ਗਰਮੀਆਂ ਵਿਚ ਆ ਜਾਂਦੇ ਹਨ ਕਦੀ ਸਰਦੀਆਂ ਵਿਚ| ਇਸੇ ਤੋਂ ਕਹਾਵਤ ਬਣੀ ਸੀ-ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ|
ਮੈਂ ਈਰਾਨ ਦੇਸ ਦੀ ਯੂਨੀਵਰਸਿਟੀ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ| ਉਥੋਂ ਦੇ ਪ੍ਰੋਫੈਸਰ ਨੂੰ ਹਿਜਰੀ ਕੈਲੰਡਰ ਬਾਰੇ ਕਈ ਕੁਝ ਪੁੱਛਿਆ| ਮੇਰਾ ਇਕ ਸਵਾਲ ਇਹ ਵੀ ਸੀ ਕਿ ਕਰਬਲਾ ਦੀ ਜੰਗ ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਸ਼ਹੀਦ ਹੋ ਗਏ ਸਨ| ਉਦੋਂ ਗਰਮੀ ਦਾ ਮਹੀਨਾ ਸੀ, ਉਨ੍ਹਾਂ ਨੂੰ ਖਤਰਨਾਕ ਪਿਆਸ ਵਿਚੋਂ ਗੁਜ਼ਰਨਾ ਪਿਆ| ਹੁਣ ਜਦੋਂ ਉਹੀ ਮਹੀਨਾ ਸਰਦੀਆਂ ਵਿਚ ਆ ਜਾਂਦਾ ਹੈ ਤੇ ਤੁਸੀਂ ਇਨ੍ਹਾਂ ਸ਼ਹਾਦਤਾਂ ਨੂੰ ਯਾਦ ਕਰਦੇ ਹੋ ਤਾਂ ਬੱਚਿਆਂ ਨੂੰ ਸਮਝਾਉਣ ਵਿਚ ਦਿੱਕਤ ਨਹੀਂ ਆਉਂਦੀ? ਉਨ੍ਹਾਂ ਦੱਸਿਆ ਕੋਈ ਦਿਕਤ ਨਹੀਂ, ਬੱਚਿਆਂ ਨੂੰ ਕੇਵਲ ਦੱਸਣਾ ਹੈ ਕਿ ਜਦੋਂ ਇਹ ਸੰਕਟ ਆਇਆ ਸੀ ਉਦੋਂ ਗਰਮ ਮੌਸਮ ਸੀ| ਇਸੇ ਤਰ੍ਹਾਂ ਰਮਜ਼ਾਨ ਦਾ ਮਹੀਨਾ ਰੋਜ਼ਿਆਂ ਦਾ ਹੈ| ਮੁਸਲਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਹਰੇਕ ਮੌਸਮ ਵਿਚ ਭੁਖ ਪਿਆਸ ਦਾ ਟਾਕਰਾ ਕਿਵੇਂ ਕਰਨਾ ਹੈ| ਚੰਗਾ ਹੈ ਰੋਜ਼ੇ ਵਖ ਵਖ ਮੌਸਮਾਂ ਵਿਚ ਆਉਣ ਪਰ ਮਹੀਨਾ ਉਹੀ ਹੋਵੇ|
ਇਸਲਾਮੀ ਦੇਸਾਂ ਨੇ ਫੈਸਲਾ ਕੀਤਾ ਕਿ ਸ਼ਨੀ-ਐਤ ਦੀ ਛੁੱਟੀ ਕਿਉਂ ਕਰੀਏ? ਈਸਾਈ ਦਿਨਾਂ ਨਾਲ ਸਾਡਾ ਕੀ ਤਅਲੁੱਕ? ਉਨ੍ਹਾਂ ਵੀਰਵਾਰ ਅਤੇ ਜੁੰਮੇ ਦੀ ਛੁਟੀ ਦਾ ਫੈਸਲਾ ਕਰ ਲਿਆ| ਇਸ ਨਾਲ ਵਪਾਰਕ ਮੁਸੀਬਤ ਛਿੜ ਗਈ| ਸਾਰੀ ਦੁਨੀਆਂ ਦੇ ਦਫਤਰ ਸ਼ਨੀ-ਐਤ ਬੰਦ, ਅਰਬਾਂ ਦੇ ਵੀਰਵਾਰ ਤੇ ਜੁੰਮੇ ਨੂੰ ਬੰਦ| ਹਫਤੇ ਵਿਚ ਕਾਰੋਬਾਰੀ ਦਿਨ ਕੇਵਲ ਤਿੰਨ ਬਚੇ, ਬਾਕੀ ਚਾਰ ਛੁੱਟੀਆਂ ਹੋ ਗਈਆਂ, ਕਾਰੋਬਾਰ ਚਾਰ ਦਿਨ ਠੱਪ| ਹੁਣ ਅਰਬ ਦੇਸ ਐਤਵਾਰ ਦਫਤਰ ਲਾਉਂਦੇ ਹਨ, ਜੁੰਮੇ ਅਤੇ ਸ਼ਨੀਵਾਰ ਛੁਟੀ ਹੁੰਦੀ ਹੈ, ਸੋ ਸਾਰੀ ਦੁਨੀਆਂ ਵਿਚ ਚਾਰ ਦਿਨ ਕੰਮ ਹੋ ਸਕਦਾ ਹੈ|
ਈਰਾਨ ਵਿਚ ਸ਼ੀਆ ਇਸਲਾਮ ਹੈ ਜਦੋਂ ਕਿ ਬਾਕੀ ਅਰਬ ਦੇਸ ਸੁੰਨੀ ਹਨ| ਸੁੰਨੀਆਂ ਦੇ ਮੁਕਾਬਲੇ ਦੁਨੀਆਂਦਾਰੀ ਵਿਚ ਸ਼ੀਆ ਨਰਮ ਹਨ| ਵਿਹਾਰਕ ਕੰਮਕਾਜ ਵਾਸਤੇ ਉਨ੍ਹਾਂ ਨੇ ਸਰਕਾਰੀ ਤੌਰ ਤੇ ਹਿਜਰੀ ਸੰਮਤ ਦੀ ਥਾਂ ਪਹਿਲਵੀ ਕੈਲੰਡਰ ਲਾਗੂ ਕੀਤਾ ਹੋਇਆ ਹੈ| ਪਹਿਲਵੀ, ਪਾਰਸੀਆਂ ਦਾ ਕੈਲੰਡਰ ਬਿਕਰਮੀ ਦੇ ਬਹੁਤ ਨੇੜੇ ਹੈ| ਇਸੇ ਕਾਰਨ ਮਾਰਚ ਦੇ ਮਹੀਨੇ ਬਿਕਰਮੀ ਸੰਮਤ ਵਿਚ ਨਵਰਾਤਰੇ ਆਉਂਦੇ ਹਨ ਤੇ ਪਹਿਲਵੀ ਕੈਲੰਡਰ ਵਿਚ ਇਨ੍ਹਾਂ ਦਿਨਾਂ ਵਿਚ ਨੌਰੋਜ਼ ਮਨਾਇਆ ਜਾਂਦਾ ਹੈ| ਫਾਰਸੀ ਸ਼ਬਦ ਨੌ ਮਾਇਨੇ ਵੀ ਨਵਾਂ ਹੈ| ਇਹ ਬਸੰਤ ਦਾ ਤਿਉਹਾਰ ਹੈ| ਈਰਾਨ ਵਿਚ ਦੋ ਹਫਤਿਆਂ ਦੀਆਂ ਛੁੱਟੀਆਂ ਹੁੰਦੀਆਂ ਹਨ|
ਜਦੋਂ ਵਿਗਿਆਨੀਆਂ ਨੇ ਦੇਖਿਆ ਕਿ ਸੂਰਜੀ ਸਾਲ 365 ਦਿਨ ਦਾ ਨਹੀਂ, 365æ25 ਦਿਨ ਦਾ ਹੁੰਦਾ ਹੈ ਤਦ ਹਰੇਕ ਚਾਰ ਸਾਲ ਬਾਅਦ ਲੀਪ ਦਾ ਸਾਲ 366 ਦਿਨ ਕਰ ਦਿੰਦੇ ਹਨ| ਦਾਨਸ਼ਵਰ ਜਦੋਂ ਇਸ ਤਰ੍ਹਾਂ ਦੇ ਹਿਸਾਬ-ਕਿਤਾਬ ਲਾਉਂਦੇ ਹਨ ਉਦੋਂ ਪੁਜਾਰੀਆਂ ਨੂੰ ਨੇੜੇ ਨਹੀਂ ਫਟਕਣ ਦਿੰਦੇ| ਸਿੱਖ ਆਪਣੇ ਮਸਲੇ ਸਿਆਣਿਆਂ ਵਾਂਗ ਕਿਉਂ ਹੱਲ ਨਹੀਂ ਕਰਦੇ? ਰੋਟੀ ਖਾਂਦੇ ਮਰਾਸੀ ਨੂੰ ਸਾਹਮਣੇ ਬੈਠੇ ਬੰਦੇ ਨੇ ਕਿਹਾ ਸੀ ਭਾਈ ਧਿਆਨ ਨਾਲ ਖਾਹ, ਤੇਰੀ ਕੌਲੀ ਵਿਚੋਂ ਦਾਲ ਡੁੱਲ੍ਹ ਰਹੀ ਹੈ| ਮਰਾਸੀ ਨੇ ਉਤਰ ਦਿੱਤਾ ਸੀ, ਸਾਡੇ ਵੱਲ ਤਾਂ ਸਾਰੇ ਜਣੇ ਏਸੇ ਤਰ੍ਹਾਂ ਦਾਲ ਡੋਹਲ-ਡੋਹਲ ਕੇ ਖਾਂਦੇ ਨੇ|
ਤਖਤ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੁਤੰਤਰ ਹੈ, ਇਸ ਕਰਕੇ ਉਨ੍ਹਾਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਪੰਜਾਬ ਦੇ ਅਧਿਕਾਰ ਖੇਤਰੋਂ ਬਾਹਰ ਹੈ| ਜਥੇਦਾਰ ਅਵਤਰ ਸਿੰਘ ਮੱਕੜ ਪੰਥ ਨੂੰ ਇਹ ਦੱਸਣ ਦੀ ਕ੍ਰਿਪਾ ਕਰਨ ਕਿ ਪੰਜਾਬ ਅੰਦਰਲੇ ਤਿੰਨ ਤਖਤਾਂ ਦੇ ਜਥੇਦਾਰਾਂ, ਇਨ੍ਹਾਂ ਤਖਤਾਂ ਦੇ ਮੁਖ ਗੰ੍ਰਥੀਆਂ ਅਤੇ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਦੀ ਵਿਦਿਅਕ ਯੋਗਤਾ ਕੀ ਕੀ ਹੈ? ਜਿਹੜੇ ਪੰਥ ਨਿੰਦਕ ਇਲਜ਼ਾਮ ਲਾਉਂਦੇ ਹਨ ਕਿ ਤਖਤਾਂ ਦੇ ਜਥੇਦਾਰਾਂ ਅਤੇ ਗੰ੍ਰਥੀਆਂ ਦੀ ਵਿਦਿਅਕ ਯੋਗਤਾ ਉਚ ਪੱਧਰ ਦੀ ਨਹੀਂ, ਉਨ੍ਹਾਂ ਦੀ ਜ਼ਬਾਨ ਬੰਦ ਹੋ ਜਾਵੇਗੀ।
ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਡੀਨ ਰਿਸਰਚ ਮੇਰੀ ਨਿਯੁਕਤੀ ਹੋਈ ਤਾਂ ਵਡੀਆਂ ਰਕਮਾਂ ਦੇ ਪ੍ਰਾਜੈਕਟ ਮਨਜ਼ੂਰ ਕਰਨੇ, ਪ੍ਰਾਜੈਕਟ ਫੈਲੋਜ਼, ਸਹਾਇਕ ਸਟਾਫ ਆਦਿ ਦੀਆਂ ਨਿਯੁਕਤੀਆਂ ਕਰਨੀਆਂ ਹੁੰਦੀਆਂ| ਬਾਇਓਟੈਕਨਾਲੋਜੀ ਦਾ ਪ੍ਰਾਜੈਕਟ ਆਇਆ, ਇਸ ਦਾ ਮੈਨੂੰ ਕੀ ਪਤਾ ਸੀ ਕੀ ਕਰਨੈ? ਪਰ ਨਿਯਮਾਂ ਅਨੁਸਾਰ ਇਸ ਵਿਭਾਗ ਦਾ ਮੁਖੀ ਸੱਦਿਆ, ਦੋ ਵਿਸ਼ਾ ਮਾਹਿਰ ਬਾਹਰੋਂ ਸੱਦੇ, ਅਸਲ ਫੈਸਲਾ ਉਨ੍ਹਾਂ ਨੇ ਕਰਨਾ ਹੁੰਦੈ, ਡੀਨ ਦੀ ਕੇਵਲ ਨਿਗਰਾਨੀ ਹੁੰਦੀ| ਕੀ ਖਾਲਸਾ ਪੰਥ ਵਿਚ ਕਾਨੂੰਨ ਦੇ ਮਾਹਿਰ, ਇਤਿਹਾਸ, ਫਲਸਫੇ, ਰਾਜਨੀਤੀ ਵਿਗਿਆਨ ਆਦਿ ਦੇ ਵਿਦਵਾਨ ਨਹੀਂ ਹਨ? ਜੇ ਹਨ ਤਾਂ ਉਨ੍ਹਾਂ ਦੀ ਸਲਾਹ ਬਿਨਾ ਫੈਸਲੇ ਕਿਵੇਂ ਹੋਈ ਜਾਂਦੇ ਹਨ?
ਪ੍ਰਾਈਵੇਟ ਕਾਲਜ ਵਿਚ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਦੀ ਆਸਾਮੀ ਖਾਲੀ ਹੋਈ, ਇਸ਼ਤਿਹਾਰ ਦੇ ਕੇ ਇੰਟਰਵਿਊ ਰੱਖੀ ਗਈ| ਕਾਲਜ ਦਾ ਮਾਲਕ ਅਤੇ ਗਵਰਨਿੰਗ ਬਾਡੀ ਦਾ ਪ੍ਰਧਾਨ ਅਨਪੜ੍ਹ ਸੇਠ ਸੀ| ਚੰਗਾ ਪੜ੍ਹਿਆ ਲਿਖਿਆ ਜੁਆਨ ਇੰਟਰਵਿਊ ਵਾਸਤੇ ਅੰਦਰ ਆਇਆ| ਸਭ ਤੋਂ ਪਹਿਲਾ ਸਵਾਲ ਪ੍ਰਧਾਨ ਜੀ ਨੇ ਖੁਦ ਪੁੱਛਿਆ ਕਿ ਬੇਟੇ ਇਹ ਦੱਸ ਰਾਜਨੀਤੀ ਹੁੰਦੀ ਕੀ ਹੈ? ਉਮੀਦਵਾਰ ਨੇ ਉਤਰ ਦਿੱਤਾ, ਜੀ ਅਨਪੜ੍ਹ ਬੰਦਾ ਸਵਾਲ ਕਰੇ ਤੇ ਉਸ ਦੇ ਸਵਾਲਾਂ ਦੇ ਜਵਾਬ ਪੜ੍ਹੇ ਲਿਖੇ ਬੰਦੇ ਨੂੰ ਦੇਣੇ ਪੈਣ, ਇਸੇ ਨੂੰ ਰਾਜਨੀਤੀ ਕਹਿੰਦੇ ਹਨ|
ਐਮਰਸਨ ਨੇ ਕਿਹਾ ਸੀਸ ਜੇ ਧਰਮ ਪੁਜਾਰੀਆਂ ਹੱਥ ਦੇ ਦਿਉਗੇ ਤੇ ਸਿਹਤ ਡਾਕਟਰਾਂ ਹਵਾਲੇ ਕਰ ਦਿਉਗੇ, ਨਾ ਤੁਹਾਡੇ ਕੋਲ ਧਰਮ ਬਚੇਗਾ ਨਾ ਸਿਹਤ|
ਨਾਨਕਸ਼ਾਹੀ ਕੈਲੰਡਰ ਦਾ ਸਰੂਪ ਵਿਗਾੜਨ ਵਿਚ ਤਤਪਰ ਸੰਤ ਸਮਾਜ ਧਾਰਾ 25 ਨੂੰ ਖਤਮ ਕਰਵਾਉਣ ਵਿਚ ਕਿਉਂ ਰੁਚੀ ਨਹੀਂ ਲੈਂਦਾ? ਅਦਾਲਤਾਂ ਵਲੋਂ ਦਿੱਤੀ ਗਈ ਸਜ਼ਾ ਭੁਗਤ ਚੁਕੇ ਸਿੱਖਾਂ ਦੀ ਜੇਲ੍ਹਾਂ ਵਿਚੋਂ ਰਿਹਾਈ ਵਾਸਤੇ ਕਦੀ ਸੰਘਰਸ਼ ਵਿਢਣ ਵਾਸਤੇ ਮੀਟਿੰਗ ਕਿਉਂ ਨਹੀਂ ਬੁਲਾਉਂਦਾ? ਗੁਰੂ ਦਸਮ ਪਾਤਸ਼ਾਹ ਦਾ ਸਿੱਖ, ਸੰਤ ਸਿਪਾਹੀ ਸੀ। ਹੁਣ ਸੰਤ, ਕੇਵਲ ਸਾਧਸੰਤ ਬਣ ਕੇ ਕਿਉਂ ਦੇਸੀ ਘਿਉ ਦਾ ਉਜਾੜਾ ਕਰਨ ਲੱਗਾ ਹੋਇਆ ਹੈ, ਸਿਪਾਹੀ ਦਾ ਫਰਜ਼ ਕੌਣ ਅਦਾ ਕਰੇ?
ਮੰਗਣ ਉਪਰੰਤ ਭਾਈ ਬਲਵੰਤ ਸਿੰਘ ਨੰਦਗੜ੍ਹ ਨੂੰ ਮਹਾਰਾਜ ਦੀ ਬੀੜ ਦੇਣ ਤੋਂ ਇਨਕਾਰ ਕਰਨ ਦੀ ਵਾਰਦਾਤ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਚਿਹਰੇ ਉਪਰ ਲੱਗਾ ਦਾਗ, ਇਸ ਦੇ ਪ੍ਰਬੰਧ ਦੀ ਤਸਵੀਰ ਪੇਸ਼ ਕਰ ਰਿਹਾ ਹੈ| ਕੁਝ ਆਲੋਚਕਾਂ ਨੇ ਮੇਰੀ ਲਿਖਤ ਦਾ ਵਿਰੋਧ ਕਰਦਿਆਂ ਪਾਲ ਸਿੰਘ ਪੂਰੇਵਾਲ ਨੂੰ ਕਾਮਰੇਡ ਕਿਹਾ ਹੈ| ਅਜਿਹੀਆਂ ਗੈਰ ਜਿੰਮੇਵਾਰ ਟਿੱਪਣੀਆਂ ਸ਼ੋਭਨੀਕ ਨਹੀਂ| ਗੰਭੀਰ ਸੰਵਾਦ ਦਲੀਲ ਨਾਲ ਕਿਸੇ ਸਿਰੇ ਲੱਗੇਗਾ| ਇਥੇ ਮਸਲਾ ਕੇਵਲ ਇਨਾ ਹੈ ਕਿ ਮਾਹਿਰ ਖਗੋਲ ਵਿਗਿਆਨੀਆਂ ਦਾ ਕੰਮ ਪੁਜਾਰੀ ਸਿਰੇ ਨਹੀਂ ਚਾੜ੍ਹ ਸਕਦੇ|