ਭਰਮਿ ਨ ਭੂਲਹੁ ਭਾਈ

ਪ੍ਰੋæ ਹਰਪਾਲ ਸਿੰਘ
ਫੋਨ: 916-478-1640
ਜੇ ਕਿਸੇ ਸਮਾਜਕ ਜਾਂ ਇਨਕਲਾਬੀ ਵਿਚਾਰਧਾਰਾ ਨੂੰ ਸਮੁੱਚੇ ਸਮਾਜ ਦੇ ਭਲੇ ਲਈ ਵਰਤਣਾ ਹੋਵੇ ਤਾਂ ਇਸ ਨੂੰ ਠੀਕ ਤਰ੍ਹਾਂ ਜਥੇਬੰਦ ਕੀਤਾ ਜਾਵੇ, ਨਹੀਂ ਤਾਂ ਇਹ ਸਿਰਫ ਪ੍ਰੇਰਨਾ ਸਰੋਤ ਤੱਕ ਹੀ ਸੀਮਤ ਰਹਿ ਜਾਂਦੀ ਹੈ। ਸਨਾਤਨੀ ਸਮਾਜ ਵਿਚ ਬਰਾਬਰੀ ਦੇ ਰੁਤਬੇ ਅਤੇ ਭਾਈਚਾਰਕ ਸਾਂਝ ਲਈ ਨਵੀਨ ਤੇ ਮੌਲਿਕ ਵਿਚਾਰਧਾਰਾ, ਸਪਸ਼ਟ ਦਿਸ਼ਾ, ਦ੍ਰਿੜ ਜਥੇਬੰਦੀ ਅਤੇ ਪੁਖਤਾ ਨਿਸਚੇ ਵਾਲੀ ਅਗਵਾਈ ਦੀ ਲੋੜ ਸੀ ਜਿਸ ਨੂੰ ਸਿੱਖ ਗੁਰੂਆਂ ਨੇ ਲੰਮੇ ਸਮੇਂ ਤੱਕ ਯੋਗ ਅਗਵਾਈ ਦਿੱਤੀ।

ਗੁਰੂਆਂ ਦੁਆਰਾ ਚਲਾਏ ਅੰਦੋਲਨ ਦਾ ਪੁਖਤਾ ਸਬੂਤ ਇਹ ਹੈ ਕਿ ਇਸ ਨੇ ਸਨਾਤਨੀ ਧਰਮ ਦੀ ਨਾਂਹ-ਵਾਚਕ ਸੋਚ ਨੂੰ ਜੜ੍ਹੋਂ ਉਖਾੜ ਕੇ ਤੰਦਰੁਸਤ ਤੇ ਨਵੀਨ ਸਮਾਜ ਦੀ ਸਥਾਪਨਾ ਕੀਤੀ।
ਸਿੱਖ ਲਹਿਰ ਨੇ ਦੱਬੀ ਕੁਚਲੀ ਜਨਤਾ ਨੂੰ ਦਬਾਉਣ, ਕੁਚਲਣ ਅਤੇ ਲੁੱਟ-ਖਸੁੱਟ ਕਰਨ ਵਾਲੇ ਸਿਸਟਮਾਂ ਜਿਸ ਵਿਚ ਸਨਾਤਨੀ ਵਿਚਾਰਧਾਰਾ ਮੁੱਖ ਸੀ, ਨੂੰ ਜੜ੍ਹੋਂ ਪੁੱਟਣ ਦਾ ਟੀਚਾ ਮਿਥਿਆ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾਈ। ਸਿੱਖ ਇਨਕਲਾਬੀ ਲਹਿਰ ਨੇ ਹਿੰਦੂ ਧਰਮ ਦੇ ਬੁਨਿਆਦੀ ਢਾਂਚੇ ਵਿਚ ਇੰਨੀਆਂ ਜ਼ਿਆਦਾ ਤਰੇੜਾਂ ਪਾ ਦਿੱਤੀਆਂ ਜਿਨ੍ਹਾਂ ਨੂੰ ਮੇਟ ਸਕਣਾ ਹਿੰਦੂ ਧਰਮ ਦੇ ਵੱਸ ਦੀ ਗੱਲ ਨਹੀਂ ਸੀ। ਮੱਧ ਯੁੱਗ ਦੇ ਭਗਤਾਂ ਨੇ ਹਿੰਦੂ ਧਾਰਮਿਕ ਸੰਸਥਾਵਾਂ ਵਿਚ ਰੱਦੋ-ਬਦਲ ਤਾਂ ਕੀ ਲੈ ਕੇ ਆਉਣੀ ਸੀ ਸਗੋਂ ਉਹ ਪ੍ਰਚਲਿਤ ਅਨਿਆਈ ਸਿਸਟਮ ਦੀਆਂ ਕਦਰਾਂ-ਕੀਮਤਾਂ ਦੇ ਘੇਰੇ ਵਿਚ ਹੀ ਘਿਰੀਆਂ ਰਹੀਆਂ। ਉਨ੍ਹਾਂ ਨੇ ਅਜਿਹੇ ਨਵੇਂ ਅਤੇ ਨਿਰੋਲ ਸਮਾਜ ਦੀ ਸਥਾਪਨਾ ਨਹੀਂ ਕੀਤੀ ਜੋ ਹਿੰਦੂ ਧਰਮ ਦੇ ਘੇਰੇ ਤੋਂ ਬਾਹਰ ਨਿਕਲ ਕੇ ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਗੱਲ ਕਰੇ। ਮੀਰਾ ਬਾਈ ਦੀ ਕ੍ਰਿਸ਼ਨ-ਭਗਤੀ ਦਾ ਸਮਾਜਕ ਕਦਰਾਂ-ਕੀਮਤਾਂ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਕੇਵਲ ਨਿੱਜਵਾਦੀ ਸੀ ਜਿਸ ਦਾ ਨਿਸ਼ਾਨਾ ਕੇਵਲ ਕ੍ਰਿਸ਼ਨ ਮੁਰਾਰੀ ਨੂੰ ਹੀ ਖੁਸ਼ ਰੱਖਣਾ ਸੀ।
ਸਿੱਖ ਮਤ ਦਾ ਟੀਚਾ ਸਮੁੱਚੇ ਹਿੰਦੂ ਸਮਾਜ ਵਿਚ ਤਬਦੀਲੀ ਲਿਆਉਣਾ ਸੀ, ਨਾ ਕਿ ਇਸ ਦੇ ਕਿਸੇ ਅੱਧ ਹਿੱਸੇ ਵਿਚ। ਇਨਕਲਾਬੀ ਲਹਿਰਾਂ ਦਾ ਟੀਚਾ ਪ੍ਰਚਲਿਤ ਅਨਿਆਇਕ ਸਿਸਟਮ ਨੂੰ ਪੂਰੀ ਤਰ੍ਹਾਂ ਤੋੜਨਾ ਹੁੰਦਾ ਹੈ, ਸੁਧਾਰ ਕਰਨਾ ਨਹੀਂ। ਗੈਰ-ਇਨਕਲਾਬੀ ਵਿਚਾਰਧਾਰਾ ਦਾ ਪੱਧਰ ਨੀਵਾਂ ਹੋਣ ਕਰ ਕੇ, ਇਨ੍ਹਾਂ ਦੇ ਟੀਚੇ ਸੀਮਤ ਹੁੰਦੇ ਹਨ ਅਤੇ ਉਨ੍ਹਾਂ ਦੀ ਸੇਧ ਪਿਛਾਂਹ-ਖਿੱਚੂ ਹੁੰਦੀ ਹੈ। ਇਨਕਲਾਬ ਕਿਸੇ ਸਿਧਾਂਤ, ਵਿਚਾਰਧਾਰਾ ਤੇ ਕਿਸੇ ਨਵੀਨ ਪ੍ਰੋਗਰਾਮ ਨਾਲ ਉਸਰਦਾ ਹੈ। ਸਿੱਖ ਗੁਰੂਆਂ ਨੇ ਆਪਣੀ ਵੱਖਰੀ ਸੋਚ ਨਾਲ ਇਨਕਲਾਬੀ ਵਿਚਾਰਧਾਰਾ ਦੀ ਸਥਾਪਨਾ ਕੀਤੀ ਜੋ ਬ੍ਰਾਹਮਣਵਾਦ ਦੇ ਕੱਫਣ ਵਿਚ ਠੋਕੀ ਗਈ ਆਖਰੀ ਕਿੱਲ ਸਾਬਤ ਹੋਈ। ਇਹ ਪੀੜਾ ਹਿੰਦੂ ਧਰਮ ਨੂੰ ਗੁਰੂ ਨਾਨਕ ਤੋਂ ਨੈ ਕੇ ਸਿੱਖ ਰਾਜ ਦੀ ਸਥਾਪਨਾ ਤੱਕ ਸਹਿਣੀ ਪਈ।
ਸਿੱਖ ਗੁਰੂ ਮਹਾਨ ਇਨਕਲਾਬੀ, ਸਮਾਜਵਾਦੀ, ਸੁਧਾਰਵਾਦੀ, ਲੋਕਰਾਜੀ ਅਤੇ ਮਹਾਨ ਚਿੰਤਕ ਸਨ। ਯੂਨਾਨ ਦਾ ਸਿਕੰਦਰ, ਫਰਾਂਸ ਦਾ ਨੈਪੋਲੀਅਨ ਅਤੇ ਰੂਸ ਦਾ ਲੈਨਿਨ ਮਹਾਨ ਸੂਰਬੀਰ ਤੇ ਇਨਕਲਾਬੀ ਜ਼ਰੂਰ ਸਨ ਪਰ ਗੁਰੂਆਂ ਦੁਆਰਾ ਥਾਪੇ ਖਾਲਸੇ ਦੀ ਗੱਲ ਕੁਝ ਹੋਰ ਸੀ। ਨੌ-ਖੰਡਾਂ ਵਿਚ ਇਨ੍ਹਾਂ ਦੀ ਗੂੰਜ ਸੀ, ਨਿਰਭੈਅ ਸਨ, ਨਿਰਵੈਰ ਸਨ, ਦੇਵ ਸਨ, ਮਨੁੱਖੀ ਜਾਮੇ ਵਿਚ ਪ੍ਰਗਟ ਹੋ ਗਏ। ਸਿੱਖ ਲਹਿਰ ਗਰੀਬ ਜਨਤਕ ਲਹਿਰ ਸੀ ਪਰ ਇਸ ਦੀ ਬੁਨਿਆਦ ਜਮਾਤੀ ਨਫਰਤ ਨਹੀਂ ਸੀ ਕਿਉਂਕਿ ਜਮਾਤੀ ਨਫਰਤ ਜਾਂ ਹੋਰ ਕਿਸਮ ਦੀ ਨਫਰਤ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਸਿੱਖ ਧਰਮ ਦੀ ਬੁਨਿਆਦ ਸਰਬ ਸਾਂਝੀਵਾਲਤਾ ਵਾਲਾ ਅਲੌਕਿਕ ਪਿਆਰ ਹੈ। ਰੱਬ ਸਾਰਿਆਂ ਦੇ ਮਨਾਂ ਵਿਚ ਵਸਦਾ ਹੈ, ਸਾਰੇ ਮਨੁੱਖ ਬਰਾਬਰ ਹਨ। ਅਨਿਆਂ ਭਰੇ ਸਮਾਜੀ ਤੇ ਸਿਆਸੀ ਪ੍ਰਬੰਧ ਨੂੰ ਖਤਮ ਕਰਨਾ ਲਾਜ਼ਮੀ ਸੀ। ਇਸ ਦੀ ਸਿੱਧੀ ਚੋਟ ਹਿੰਦੂ ਧਰਮ ਅਤੇ ਇਸਲਾਮ ਧਰਮ ਉਪਰ ਸੀ।
ਹਿੰਦੂ ਵਰਗ ਅੰਦਰ ਸਿੱਖ ਲਹਿਰ ਪ੍ਰਤੀ ਵੈਰ-ਵਿਰੋਧੀ ਰਵੱਈਏ ਦੀ ਸੋਚ ਸਿੱਖ ਧਰਮ ਦੇ ਜਨਮ ਸਮੇਂ ਹੀ ਸ਼ੁਰੂ ਹੋ ਗਈ ਸੀ। ਇਤਿਹਾਸ ਇਸ ਗੱਲ ਦੀ ਯਕੀਨਦਹਾਨੀ ਕਰਦਾ ਹੈ ਕਿ ਹਿੰਦੂ ਵਰਗ ਦੁਆਰਾ ਸਿੱਖ ਸੰਘਰਸ਼ ਦਾ ਡਟਵਾਂ ਵਿਰੋਧ (ਜਦੋਂ ਵੀ ਉਸ ਨੂੰ ਮੌਕਾ ਮਿਲਿਆ) ਕੀਤਾ ਗਿਆ। ਪੰਜਾਬ ਦੇ ਹਿੰਦੂ ਵਰਗ ਨੇ ਨਾ ਮੁਗਲ ਸ਼ਾਸਕਾਂ ਦੇ ਵਿਰੁਧ ਸੰਘਰਸ਼ ਕੀਤਾ, ਨਾ ਹੀ ਖਾਲਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਗਲਾਂ ਦੇ ਜ਼ੁਲਮ ਦਾ ਟਾਕਰਾ ਕੀਤਾ। ਪੰਜਾਬ ਦੇ ਹਿੰਦੂਆਂ, ਖੱਤਰੀਆਂ ਦਾ ਸੁਭਾਅ ਉਨ੍ਹਾਂ ਨੂੰ ਮੁਗਲਾਂ ਨਾਲ ਸਮੌਝਤੇ ਲਈ ਪ੍ਰੇਰਿਤ ਕਰਦਾ ਸੀ। “ਮੁਸਲਿਮ ਦੌਰ ਅੰਦਰ ਬ੍ਰਾਹਮਣ ਰਾਜਨੀਤਕ ਤੌਰ ‘ਤੇ ਗੁਲਾਮ ਸਨ, ਪਰ ਹਿੰਦੂ ਸਮਾਜ ਅੰਦਰ ਉਹ ਮਾਲਕ ਸਨ। ਉਨ੍ਹਾਂ ਨੇ ਕੁਝ ਮੁਸਲਿਮ ਹੁਕਮਰਾਨਾਂ ਨਾਲ ਭਾਈਵਾਲੀ ਗੰਢ ਲਈ। ਉਨ੍ਹਾਂ ਪ੍ਰਸ਼ਾਸਨ ਵਿਚ ਮੁਗਲਾਂ ਦੀ ਮਦਦ ਕੀਤੀ ਅਤੇ ਬਦਲੇ ਵਿਚ ਟੈਕਸਾਂ ਜਿਵੇਂ ਜ਼ਜੀਆ ਆਦਿ ਦੇ ਮਾਮਲੇ ਵਿਚ ਕੁਝ ਛੋਟਾਂ ਲੈ ਲਈਆਂ।” (ਜਗਜੀਤ ਸਿੰਘ)। ਜੇ ਰਾਜਪੂਤਾਂ ਦੇ ਹਿੱਤ ਅਕਬਰ ਬਾਦਸ਼ਾਹ ਨਾਲ ਸੁਲ੍ਹਾ ਕਰ ਕੇ ਪੂਰੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਮੁਗਲਾਂ ਦਾ ਵਿਰੋਧ ਕਰਨ ਦੀ ਕੀ ਲੋੜ ਸੀ? “ਹਿੰਦੂ ਰਾਜਪੂਤ ਰਜਵਾੜਿਆਂ ਵਲੋਂ ਨਾ ਸਿਰਫ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉਤੇ ਸਿੱਧਾ ਸੈਨਿਕ ਹਮਲਾ ਕਰਨ ਦੀ ਤਿਆਰੀ ਕਰਨ, ਸਗੋਂ ਪੰਥ ਦੇ ਵਾਲੀ ਖਿਲਾਫ਼ ਲੜੀ ਗਈ ਹਰ ਜੰਗ ਵਿਚ ਰਾਜਪੂਤੀ ਲਸ਼ਕਰਾਂ ਦੇ ਵਧੇਰੇ ਉਤਸ਼ਾਹ ਨਾਲ ਸ਼ਾਮਲ ਹੋਣਾ ਅਤੇ ਗੰਗੂ ਤੇ ਸੁੱਚਾ ਨੰਦ ਦਾ ਖੁਸ਼ੀ-ਖੁਸ਼ੀ ਗੁਰੂ ਜੀ ਦੇ ਮਾਸੂਮ ਬਾਲਾਂ ਦੀ ਸ਼ਹੀਦੀ ਦੀ ਸਾਜ਼ਿਸ਼ ਦੇ ਪਾਤਰ ਹੋ ਗੁਜ਼ਰਨਾ, ਤੀਜੇ ਪੰਥ ਪ੍ਰਤੀ ਹਿੰਦੂ ਦੀ ਈਰਖਾ ਤੇ ਮਲੀਨ ਭਾਵਨਾ ਦੇ ਹੀ ਕਰੂਪ ਰੂਪ ਸਨ।” (ਅਜਮੇਰ ਸਿੰਘ)। “ਚੰਦੂ, ਗੰਗੂ, ਸੁੱਚਾ ਨੰਦ ਤੇ ਸ਼ਿਵਾਲਕ ਦੇ ਹਿੰਦੂ ਰਾਜਪੂਤ ਰਾਜੇ ਕਮੀਨਗੀ ਦਾ ਸ਼ੌਕ ਰੱਖਣ ਵਾਲੀਆਂ ਵਿਅਕਤੀਗਤ ਇਕਾਈਆਂ ਨਹੀਂ, ਸਗੋਂ ਕਿਸੇ ਇਤਿਹਾਸਕ ਗਤੀ ਦੇ ਪ੍ਰਤੀਨਿਧ ਹਨ।” (ਹਰਿੰਦਰ ਸਿਘ ਮਹਿਬੂਬ)। ਨਫਰਤ ਧਾਰਮਿਕ ਹੋਵੇ ਜਾਂ ਸਮਾਜੀ- ਸਹਿਣਸ਼ੀਲਤਾ ਦੀ ਦੁਸ਼ਮਣ ਹੈ। ਜਿਥੇ ਸਹਿਣਸ਼ੀਲਤਾ ਨਾ ਹੋਵੇ, ਉਥੇ ਦੁਸ਼ਮਣੀ ਦੀ ਅੱਗ ਤਾਂ ਬਲਦੀ ਹੀ ਹੈ।
ਇਕ ਕੇਂਦਰ ਬਿੰਦੂ ‘ਤੇ ਆ ਕੇ ਦੋ ਵਿਰੋਧੀ ਵਿਚਾਰਧਾਰਾਵਾਂ ਦਾ ਟਕਰਾਅ ਕੁਦਰਤੀ ਅਤੇ ਲਾਜ਼ਮੀ ਹੋ ਜਾਂਦਾ ਹੈ। ਵਿਰੋਧੀ ਵਿਚਾਰਧਾਰਾਵਾਂ ਲੰਮੇ ਸਮੇਂ ਤੱਕ ਸਮਾਨ-ਅੰਤਰ ਵਹਿਣ ਵਿਚ ਨਹੀਂ ਵਹਿ ਸਕਦੀਆਂ। ਹਿੰਦੂ ਅਤੇ ਸਿੱਖ ਵਿਚਾਰਧਾਰਾ ਨਾਲ ਇਹੀ ਕੁਝ ਹੋਇਆ। ਜਦੋਂ ਕੁਲੀਨ ਵਰਗ ਹਿੰਦੂ (ਬਾਅਦ ਵਿਚ ਰਾਜਪੂਤਾਂ) ਦੇ ਹਿੱਤ ਮੁਗਲ ਸ਼ਹਿਨਸ਼ਾਹੀ ਦੇ ਘੇਰੇ ਅੰਦਰ ਸੁਰੱਖਿਅਤ ਹੋ ਗਏ, ਉਨ੍ਹਾਂ ਦੀ ਕੋਝੀ, ਕਮੀਨੀ ਅਤੇ ਮੈਲੀ ਸੋਚ ਸਿੱਖ ਵਿਚਾਰਧਾਰਾ ਨਾਲ ਆਣ ਟਕਰਾਈ। ਗੁਰੂ ਨਾਨਕ ਦੇ ਵੇਲੇ ਤੋਂ ਸਿੱਖੀ ਇਨਕਲਾਬੀ ਵਿਚਾਰਧਾਰਾ ਦਾ ਕੰਡਾ ਉਨ੍ਹਾਂ ਨੂੰ ਚੈਨ ਨਾਲ ਜੀਣ ਨਹੀਂ ਸੀ ਦਿੰਦਾ। ਅਕਬਰ ਬਾਦਸ਼ਾਹ ਕੋਲ ਗੁਰੂ ਘਰ ਵਿਰੁਧ ਵਾਰ-ਵਾਰ ਚੁਗਲੀ ਕੀਤੀ ਗਈ ਪਰ ਹਿੱਤ ਅਤਿਲਾਸ਼ੀ ਬਾਦਸ਼ਾਹ ਨੇ ਹਿੰਦੂਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਹਮੇਸ਼ਾ ਦਰ-ਕਿਨਾਰ ਕਰ ਦਿੱਤਾ। ਜਹਾਂਗੀਰ ਸਮੇਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਵਾਉਣ ਵਿਚ ਹਿੰਦੂ ਬਿਪਰਵਾਦੀ ਸੋਚ ਤੇ ਕੁਲੀਨ ਵਰਗ ਨੇ ਭਰਪੂਰ ਹਿੱਸਾ ਪਾਇਆ ਜਿਸ ਵਿਚ ਚੰਦੂ ਸ਼ਾਹ ਬਿਪਰਵਾਦੀ ਵਿਚਾਰਧਾਰਾ ਦਾ ਮੋਹਰਾ ਬਣਿਆ। “ਰੋਮਨ ਸਮਾਜ ਵਿਚ ਫੈਲੀ ਸੰਗਦਿਲੀ, ਤੁਅੱਸਬ, ਨੇਸਤੀ ਅਤੇ ਰੋਗੀ-ਦੰਭ ਨੇ ਮਨੁੱਖੀ ਸਮਾਜ ਨੂੰ ਇੰਨਾ ਹਾਣ ਨਹੀਂ ਪਹੁੰਚਾਇਆ ਹੋਣਾ, ਜਿੰਨਾ ਹਿੰਦੂ ਧਰਮ ਦੇ ਪਰਦੇ ਉਹਲੇ ਮਾਦੀ-ਚੜ੍ਹਤ ਨੇ ਮਨੁੱਖੀ ਚੇਤਨਾ ਦੀ ਅਮੀਰੀ ਨੂੰ ਤਬਾਹ ਕੀਤਾ, ਭੈਅ ਦਿੱਤਾ, ਥਕਾਇਆ ਤੇ ਬਦਸੂਰਤ ਕੀਤਾ।” (ਸਹਿਜੇ ਰਚਿਓ ਖਾਲਸਾ, ਹਰਿੰਦਰ ਸਿੰਘ ਮਹਿਬੂਬ, ਸਫਾ 894)।
ਹਿੰਦੂਆਂ ਦੇ ਬੌਧਿਕ ਅਤੇ ਕੁਲੀਨ ਵਰਗ ਦੀ ਗੁਰੂ ਘਰ ਨਾਲ ਦੁਸ਼ਮਣੀ ਨੂੰ ਸਮਝਣਾ ਕੋਈ ਔਖਾ ਨਹੀਂ। ਗੁਰੂ ਨਾਨਕ ਦਾ ਮਨੁੱਖੀ ਬਰਾਬਰੀ ਦਾ ਸੰਦੇਸ਼ ਹਿੰਦੂ ਸਮਾਜ ਅੰਦਰ ਜਾਤ ਅਭਿਮਾਨੀ ਹਿੰਦੂਆਂ ਨੂੰ ਜ਼ਹਿਰ ਵਰਗਾ ਲਗਦਾ ਸੀ। “ਦਿੱਲੀ ਤੇ ਲਾਹੌਰ ਦਰਬਾਰ ਵਿਚ ਚੰਗੀਆਂ ਪਦਵੀਆਂ ‘ਤੇ ਕੰਮ ਕਰ ਰਹੇ ਬ੍ਰਾਹਮਣਾਂ ਨੇ ਸਿੱਖ ਗੁਰੂਆਂ ਦੁਆਰਾ ਜਾਤ-ਪਾਤੀ ਢਾਂਚੇ ਅੰਦਰ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਖਿਲਾਫ ਕਾਨਾਫੂਸੀ ਦੀ ਲਗਾਤਾਰ ਮੁਹਿੰਮ ਚਲਾ ਰੱਖੀ ਸੀ।” (ਟ੍ਰਿਨਿਟੀ ਆਫ ਸਿਖਇਜ਼ਮ, ਪ੍ਰੀਤਮ ਸਿੰਘ, ਸਫਾ 6)। “ਕਸੂਰ ਦੇ ਹਿੰਦੂ ਗਵਰਨਰ ਨੇ ਆਪਣੇ ਸ਼ਾਹੀ ਬਾਗ ਅੰਦਰ ਗੁਰੂ ਅਮਰਦਾਸ ਸਾਹਿਬ ਨੂੰ ਡੇਰਾ ਲਾਉਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਜੇ ਉਸ ਨੇ ਅਛੂਤਾਂ ਦਾ ਹੀ ਗੁਰੂ ਬਣਨਾ ਹੈæææਤਾਂ ਮੈਂ ਉਸ ਨੂੰ ਆਪਣੇ ਨਿਵਾਸ ਸਥਾਨ ਦੇ ਨੇੜੇ ਨਹੀਂ ਫਟਕਣ ਦੇਣਾ।” (ਸਿੱਖ ਇਨਕਲਾਬ, ਜਗਜੀਤ ਸਿੰਘ, ਸਫਾ 120)।
ਬਿਪਰ-ਸੰਸਕਾਰੀ ਮਨੋਬਿਰਤੀ, ਸਿੱਖ ਗੁਰੂਆਂ ਖਿਲਾਫ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। “ਦਿੱਲੀ ਦੇ ਇਕ ਹਿੰਦੂ ਖੱਤਰੀ ਵਲੋਂ ਬਾਬੇ ਨਾਨਕ ਵਿਰੁਧ ਸੁਲਤਾਨ ਦੇ ਕੰਨ ਭਰਨ ਦੀ ਕੋਸ਼ਿਸ਼ ਕੀਤੀ ਗਈ। ਗੈਦੇ ਮਰਵਾਹੇ ਦੁਆਰਾ ਹੋਰ ਪੰਡਿਤਾਂ ਖੱਤਰੀਆਂ ਨਾਲ ਰਲ ਕੇ ਗੁਰੂ ਅਮਰਦਾਸ ਸਾਹਿਬ ਨੂੰ ਸਤਾਉਣ ਅਤੇ ਬਾਦਸ਼ਾਹ ਅਕਬਰ ਕੋਲ ਉਨ੍ਹਾਂ ਵਿਰੁਧ ਚੁਗਲੀਆਂ ਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ।” (ਹਰਿੰਦਰ ਸਿੰਘ ਮਹਿਬੂਬ)। ਜਹਾਂਗੀਰ ਬਾਦਸ਼ਾਹ ਦੇ ਸਮੇਂ ਚੰਦੂ ਸ਼ਾਹ ਵਲੋਂ ਬਾਦਸ਼ਾਹ ਨੂੰ ਪਹਿਲਾਂ ਪੰਜਵੇਂ ਪਾਤਸ਼ਾਹ ਖਿਲਾਫ ਅਤੇ ਫਿਰ ਛੇਵੇਂ ਗੁਰੂ ਵਿਰੁਧ ਕਾਰਵਾਈ ਕਰਨ ਲਈ ਉਕਸਾਉਣ ਅਤੇ ਗੁਰੂ ਅਰਜਨ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਿਚ ਮੋਹਰੀ ਰੋਲ ਨਿਭਾਉਣਾ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਗੁਰੂ ਨਾਨਕ ਨੇ ਅਜਿਹੇ ਸਿੱਖ ਸਮਾਜ ਦੀ ਸਥਾਪਨਾ ਕੀਤੀ ਜੋ ਹਿੰਦੂ ਸਮਾਜ ਨਾਲੋਂ ਹਰ ਪੱਖੋਂ ਭਿੰਨ ਸੀ। ਹਿੰਦੂ ਧਰਮ ਅਜਿਹਾ ਧਰਮ ਹੈ ਜਿਸ ਵਿਚ ਹਿੰਦੂਆਂ ਨੇ ਲੋਕਾਂ ਦੀਆਂ ਮਨੋਭਾਵਨਾਵਾਂ ਨੂੰ ਆਪਣੇ ਫਾਇਦੇ ਲਈ ਵਰਤਿਆ। ਗੁਰੂ ਨਾਨਕ ਨੇ ਦੱਬੇ-ਕੁਚਲੇ ਸਮਾਜ ਦੇ ਅੰਧ-ਵਿਸ਼ਵਾਸੀ ਲੋਕਾਂ ਨੂੰ ਹਿੰਦੂ ਧਰਮ ਤੋਂ ਬਾਹਰ ਕੱਢਣ ਲਈ ਬਿਲਕੁਲ ਨਵੇਂ ਸਿਧਾਂਤ ਦਾ ਪ੍ਰਚਾਰ ਕੀਤਾ। “ਉਨ੍ਹਾਂ ਨੇ ਅਜਿਹੇ ਗੁਰਮੁਖ ਪੈਦਾ ਕੀਤੇ ਜੋ ਉਨ੍ਹਾਂ ਦੇ ਮਿਸ਼ਨ ਨਾਲ ਓਤਪੋਤ ਸਨ, ਜੋ ਨਿਰਭੈਅ ਤੇ ਨਿਰਵੈਰ ਸਨ, ਜੋ ਆਪਸ ਵਿਚ ਗੁਰਭਾਈ ਸਨ, ਕੋਈ ਉਚਾ ਨਹੀਂ ਕੋਈ ਨੀਂਵਾ ਨਹੀਂ, ਕੋਈ ਜ਼ੋਰਾਵਰ ਨਹੀਂ, ਕੋਈ ਨਿਤਾਣਾ ਨਹੀਂ, ਕੋਈ ਮਲੇਛ ਨਹੀਂ, ਕੋਈ ਕਾਫ਼ਰ ਨਹੀਂ, ਕੋਈ ਕਬੀਰ ਪੰਥੀ ਨਹੀਂ, ਕੋਈ ਰਵੀਦਾਸੀਆ ਨਹੀਂ; ਬੱਸ ਸਿੱਖ ਹੈ ਜਿਨ੍ਹਾਂ ਦੇ ਆਦਰਸ਼ ਸਾਂਝੇ ਸਨ, ਭਾਵ ਸਾਂਝੇ ਸਨ।” (ਕਿਸ ਬਿਧ ਰੁਲੀ ਪਾਤਸ਼ਾਹੀ, ਅਜਮੇਰ ਸਿੰਘ ਸਫਾ 189)। ਆਮ ਬੰਦੇ ਨੂੰ ਜਾਤ-ਪਾਤੀ ਜਕੜ ਤੋਂ ਮੁਕਤ ਕਰਵਾਉਣਾ ਅਤੇ ਉਸ ਨੂੰ ਜਾਤ-ਪਾਤੀ ਸੰਸਥਾ ਵਿਰੁਧ ਤਿਆਰ ਕਰਨਾ ਗੁਰੂ ਜੀ ਦਾ ਪਹਿਲਾ ਅਤੇ ਅਹਿਮ ਕਦਮ ਸੀ। ਉਨ੍ਹਾਂ ਨੇ ਜਾਤ-ਪਾਤੀ ਵਿਚਾਰਧਾਰਾ ਨੂੰ ਸਿਰਫ ਸ਼ਬਦਾਂ ਰਾਹੀਂ ਹੀ ਨਹੀਂ ਭੰਡਿਆ, ਸਗੋਂ ਹਿੰਦੂ ਸਮਾਜ ਦੇ ਢਾਂਚੇ ਨੂੰ ਤੋੜਨ ਲਈ ਜ਼ਰੂਰੀ ਕਦਮ ਵੀ ਚੁੱਕੇ। ਇਹੀ ਕਾਰਨ ਸੀ ਕਿ ਹਿੰਦੂ ਸਮਾਜ ਦੀਆਂ ਜਾਤ ਅਭਿਮਾਨੀ ਤਾਕਤਾਂ ਨੇ ਸਿੱਖ ਧਰਮ ਅਤੇ ਲਹਿਰ ਖਿਲਾਫ ਮੁਗਲ ਹਾਕਮਾਂ ਦੀ ਪੁਰਜ਼ੋਰ ਹਮਾਇਤ ਕੀਤੀ। ਹਿੰਦੂ ਧਰਮ ਕਰਮ-ਕਾਂਡ, ਜਾਤੀ ਪ੍ਰਥਾ ਅਤੇ ਵਰਣ ਆਸ਼ਰਮ ਵਿਚ ਵਿਸ਼ਵਾਸ ਰੱਖਦਾ ਸੀ; ਹਿੰਦੂ ਧਰਮ ਬ੍ਰਾਹਮਣ ਵਰਗ ਦਾ ਹੱਥ ਠੋਕਾ ਸੀ। ਮਨੁੱਖੀ ਬਰਾਬਰੀ ਨੂੰ ਕੁਦਰਤੀ ਅਤੇ ਰੱਬ ਦੀ ਦੇਣ ਨਹੀਂ ਸੀ ਸਮਝਿਆ ਜਾਂਦਾ। ਵੇਦਾਂ ਦੀ ਸਿਰਜਣਾ ਰੱਬ ਨੇ ਕੀਤੀ ਅਤੇ ਸੰਸਕ੍ਰਿਤੀ ਭਾਸ਼ਾ ਰੱਬੀ ਹੈ। ਗੁਰੂ ਨਾਨਕ ਦਾ ਸੰਕਲਪ ਨਿਆਰਾ ਸੀ। ਇਹ ਹਿੰਦੂ ਧਰਮ ਦੀਆਂ ਪਰੰਪਰਾਵਾਂ ਅਤੇ ਵਿਚਾਰਧਾਰਵਾਂ ਉਪਰ ਸਿੱਧਾ ਹਮਲਾ ਸੀ। ਗੁਰੂ ਜੀ ਨੇ ਜਾਤ-ਪਾਤ ਨੂੰ ਝੂਠੀ ਮਨਮਤਿ ਕਹਿ ਕੇ ਨਕਾਰਿਆ,
ਮਜਨੁ ਝੂਠਾ ਚੰਡਾਲ ਕਾ
ਫੋਕਟ ਚਾਰ ਸੀਂਗਾਰ॥
ਝੂਠੀ ਮਨ ਦੀ ਮਤਿ ਹੈ
ਕਰਣੀ ਬਾਦਿ ਬਿਬਾਦੁ॥
ਝੂਠੇ ਵਿਚਿ ਅਹੰਕਰਣੁ ਹੈ
ਖਸਮ ਨ ਪਾਵੈ ਸਾਦੁ॥
ਉਨ੍ਹਾਂ ਨੇ ‘ਨੀਚਾ’ ਤੋਂ ਵੀ ਨੀਚ ਜਾਤ ਨਾਲ ਆਪਣੇ ਆਪ ਨੂੰ ਜੋੜਿਆ।
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥
(ਗੁਰੂ ਗ੍ਰੰਥ ਸਾਹਿਬ, ਪੰਨਾ 15)
ਸਨਾਤਨੀ ਧਰਮ ਅਨੁਸਾਰ ਕੁਦਰਤ ਨੇ ਮਨੁੱਖ ਨੂੰ ਬਰਾਬਰੀ ਦਾ ਦਰਜਾ ਨਹੀਂ ਦਿੱਤਾ। ਕੋਈ ਬੌਧਿਕ ਤੌਰ ‘ਤੇ ਬਲਵਾਨ ਹੈ, ਕੋਈ ਸਰੀਰਕ ਤੌਰ ‘ਤੇ। ਮਨੁੱਖ ਅਸੂਲੀ ਤੌਰ ‘ਤੇ ਬਰਾਬਰ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਵਿਚਾਲੇ ਨਾ-ਬਰਾਬਰੀ ਸਦਾ ਕਾਇਮ ਰਹਿੰਦੀ ਹੈ। ਮਨੁੱਖ ਜਮਾਂਦੂਰ ਹੀ ਨਾ-ਬਰਾਬਰ ਹਨ ਅਤੇ ਉਨ੍ਹਾਂ ਵਿਚਕਾਰ ਫਰਕ ਉਨਾ ਹੀ ਹੈ, ਜਿੰਨਾ ਕੁੱਤੇ ਤੇ ਬੰਦੇ ਵਿਚਕਾਰ। ਹਿੰਦੂ ਧਰਮ ਅਨੁਸਾਰ ਪਰਮਾਤਮਾ ਵਿਸ਼ਵ-ਵਿਆਪੀ ਪਿਤਾ ਦੇ ਸਮਾਨ ਨਹੀਂ, ਸਗੋਂ ਨਾ-ਬਰਾਬਰੀ ਵਰਗਾਂ ਦਾ ਰਚਨਹਾਰਾ ਹੈ। ਪਰਜਾਪਤੀ ਨੇ ਸ਼ੂਦਰਾਂ ਨੂੰ ਦੂਜੀਆਂ ਜਾਤਾਂ ਦਾ ਗੁਲਾਮ ਬਣਾ ਕੇ ਪੈਦਾ ਕੀਤਾ ਹੈ। ਹਰ ਇਕ ਨੂੰ ਅਜਿਹੀ ਪਦਵੀ ਨਹੀਂ ਮਿਲ ਸਕਦੀ ਕਿਉਂਕਿ ਦੇਵਤੇ ਹਰ ਇਕ ਨਾਲ ਸਾਂਝ ਨਹੀਂ ਰੱਖਦੇ। ਕੇਵਲ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਹੀ ਇਸ ਦਾ ਹੱਕਦਾਰ ਹੈ ਕਿਉਂਕਿ ਉਹ ਹੀ ਕੁਰਬਾਨੀ ਕਰ ਸਕਦੇ ਹਨ। ਆਰੀਅਨ ਤੋਂ ਬਿਨਾਂ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਵਤੇ ਨਾਰਾਜ਼ ਹੁੰਦੇ ਹਨ। ਮਨੂੰ ਅਨੁਸਾਰ ਬ੍ਰਾਹਮਣ ਭਾਵੇਂ ਪੜ੍ਹਿਆ-ਲਿਖਿਆ ਹੋਵੇ ਜਾਂ ਨਾ; ਤੇ ਭਾਵੇਂ ਮਾੜੇ ਕੰਮ ਕਰਨ ਵਾਲਾ ਹੀ ਹੋਵੇ, ਉਹ ਫਿਰ ਵੀ ਵੱਡਾ ਦੇਵਤਾ ਹੈ। ਹਿੰਦੂਆਂ ਦੇ ਜਾਤ-ਪਾਤੀ ਸਮਾਜ ਨੇ ਆਪਣੀ ਹੀ ਕਿਸਮ ਦੀ ਗੁਲਾਮੀ ਦਾ ਨਮੂਨਾ ਘੜ ਲਿਆ ਸੀ ਜਿਸ ਨਾਲ ਸਾਰੀਆਂ ਜਾਤਾਂ ਸਮੁੱਚੇ ਜਾਤ-ਪਾਤੀ ਸਮਾਜ ਦੀਆਂ ਗੁਲਾਮ ਹੋ ਨਿਬੜੀਆਂ। ਰਾਜਾ ਤੜਕੇ ਉਠ ਕੇ ਬ੍ਰਾਹਮਣ ਨੂੰ ਪ੍ਰਣਾਮ ਕਰੇ। ਸੜਕ ਉਤੇ ਜੇ ਬ੍ਰਾਹਮਣ ਤੇ ਬਾਦਸ਼ਾਹ ਇਕੱਠੇ ਗੁਜ਼ਰਦੇ ਹੋਣ, ਤਾਂ ਸੜਕ ਬ੍ਰਾਹਮਣ ਦੀ ਸਮਝੀ ਜਾਏਗੀ। ਮਰਾਠਾ ਲੀਡਰ ਸ਼ਿਵਾ ਜੀ ਆਪਣੀ ਜਾਤ ਦੇ ਰੁਤਬੇ ਨੂੰ ਵਾਜਿਬ ਠਹਿਰਾਉਣ ਲਈ ਬ੍ਰਾਹਮਣਾਂ ਦੇ ਤਰਲੇ ਕਰਦਾ ਰਿਹਾ। ਰਾਜਪੂਤਾਂ ਨੇ ਵੀ ਬ੍ਰਾਹਮਣਾਂ ਦੀ ਅਧੀਨਗੀ ਸਵੀਕਾਰ ਕੀਤੀ।
ਹਿੰਦੂ ਸਮਾਜ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਜਾਤ-ਪਾਤੀ ਸੰਸਥਾ ਦੇ ਪੂਰਨ ਖਾਤਮਾ ਤਾਂ ਹੀ ਸੰਭਵ ਸੀ, ਜੇ ਨਵੇਂ ਸਮਾਜ ਦੀ ਸਥਾਪਨਾ ਕੀਤੀ ਜਾਵੇ। ਗੁਰੂ ਨਾਨਕ ਸਾਹਿਬ ਨੇ ਇੰਜ ਹੀ ਕੀਤਾ। ਉਨ੍ਹਾਂ ਨੇ ਇਸ ਸੰਸਥਾ ਦਾ ਖਾਤਮਾ ਅੰਸ਼ਕ ਰੂਪ ਵਿਚ ਨਹੀਂ ਕੀਤਾ ਸਗੋਂ ਇਸ ਨੂੰ ਜੜ੍ਹੋਂ ਹੀ ਪੁੱਟ ਸੁੱਟਿਆ। ਨਵੇਂ ਸਮਾਜ ਵਿਚ ‘ਸਭੇ ਸਾਝੀਵਾਲ ਸਦਾਇਨਿ’ ਦੀ ਆਵਾਜ਼ ਦਿੱਤੀ। ਜਾਤ-ਪਾਤੀ ਲਾਹਣਤ ਦਾ ਖਾਤਮਾ ਮਨੁੱਖਤਾ ਦੀ ਮਕਤੀ ਲਈ ਜ਼ਰੂਰੀ ਸੀ। ਸਾਂਝੇ ਲੰਗਰ ਨੂੰ ਸੁਧਰਵਾਦੀ ਕਦਮ ਵਜੋਂ ਲੈਣ ਦੀ ਥਾਂਵੇਂ, ਗੁਰੂ ਸਾਹਿਬ ਨੇ ਇਸ ਨੂੰ ਉਚੇ ਰੂਹਾਨੀ ਅਰਥ ਪ੍ਰਦਾਨ ਕੀਤੇ। “ਇਹ ਸਿੱਖਾਂ ਦੀ ਗੁਰੂ ਵੱਲ ਸ਼ਰਧਾ ਦਾ ਠੋਸ ਸੰਸਥਾਈ ਰੂਪ ਸੀ। ਲੰਗਰ ਗੁਰੂ ਦਾ ਸੀ। ਗੁਰੂ ਵਿਚ ਵਿਸ਼ਵਾਸ ਗੁਰੂ ਲਈ ਵਫ਼ਾਦਾਰੀ, ਉਸ ਅੱਗੇ ਤਨ ਮਨ ਧਨ ਅਰਪਣ ਦਾ ਅਭਿਆਸ ਸੀ। ਇਹ ਸਿੱਖਾਂ ਲਈ ਕੁਰਬਾਨੀ ਦਾ ਪਹਿਲਾ ਸਬਕ ਸੀ, ਹੰਕਾਰ ਨੂੰ ਕੱਟਣ ਦਾ ਵਸੀਲਾ ਸੀ, ਸਿੱਖ ਹੋਣ ਦਾ ਟੈਸਟ ਸੀ।” (ਸਿੱਖ ਲਹਿਰ, ਪ੍ਰੋæ ਕਿਸ਼ਨ ਸਿੰਘ, ਸਫਾ 28-29)।
ਗੁਰੂ ਨਾਨਕ ਨੇ ਆਪਣਾ ਮਿਸ਼ਨ ਜਾਰੀ ਰੱਖਣ ਅਤੇ ਬ੍ਰਾਹਮਣੀ ਧਰਮ ਤੋਂ ਪੂਰੀ ਤਰ੍ਹਾਂ ਤੋੜ-ਵਿਛੋੜਾ ਕਰਨ ਹਿੱਤ, ਗੁਰੂ ਅੰਗਦ ਨੂੰ ਆਪਣੇ ਦੂਜੇ ਰੂਪ ਵਿਚ ਜ਼ਿੰਮੇਵਾਰੀ ਸੌਂਪੀ। ਸਿੱਖ ਮਿਸ਼ਨ ਦੀ ਜੋਤ ਜਗਾਈ ਰੱਖਣਾ ਉਨ੍ਹਾਂ ਦੀ ਮੁਢਲੀ ਅਤੇ ਪਹਿਲੀ ਜ਼ਿੰਮੇਵਾਰੀ ਸੀ। ਗੁਰੂ ਨਾਨਕ ਸਾਹਿਬ ਨੇ ਆਪ ਸੇਵਕ ਵਜੋਂ ਗੁਰੂ ਦੇ ਚਰਨਾਂ ‘ਤੇ ਮੱਥਾ ਟੇਕਿਆ। ਗੁਰੂ ਸੇਵਕ ਵਿਚ ਲੀਨ ਹੋ ਗਿਆ, ਜੋਤ ਵਿਚ ਜੋਤ ਰਲੀ। “ਜੇ ਗੁਰੂ ਸਾਹਿਬ ਉਤਰਾਧਿਕਾਰੀ ਛੱਡੇ ਬਿਨਾਂ ਜੋਤੀ ਜੋਤਿ ਸਮਾ ਜਾਂਦੇ, ਤਾਂ ਅੱਜ ਸਿੱਖ ਧਰਮ ਨਾ ਹੁੰਦਾ। ਵਧ ਤੋਂ ਵੱਧ ਕਬੀਰ ਪੰਥ ਹੀ ਹੁੰਦਾ। (ਸਿੱਖ ਮਤ ਦਾ ਪਰਿਵਰਤਨ, ਗੋਕਲ ਚੰਦ ਨਾਰੰਗ, ਸਫਾ 15)। ਉਤਰਾਧਿਕਾਰੀ ਦੀ ਗੈਰ-ਹਾਜ਼ਰੀ ਵਿਚ ਬ੍ਰਾਹਮਣਵਾਦ ਨੇ ਉਭਰਦੇ ਸਿੱਖ ਧਰਮ ਦਾ ਮੁਢੋਂ ਹੀ ਬੀਨਾਸ ਕਰ ਦੇਣਾ ਸੀ, ਜਿਵੇਂ ਬੁੱਧ ਮਤ ਅਤੇ ਜੈਨ ਮਤ ਨਾਲ ਹੋਇਆ।
ਗੁਰੂ ਨਾਨਕ ਨੇ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦੇਣ ਦੇ ਮੰਤਵ ਨਾਲ ਅਤੇ ਬ੍ਰਾਹਮਣੀ ਧਰਮ ਤੋਂ ਵਖਰੇਵਾਂ ਪਾਉਣ ਲਈ ਆਪਣੇ ਸਿੱਖਾਂ ਅੰਦਰ ਨਵੀਂ ਰੀਤ ਚਲਾਈ। ਸਿੱਖ ਇਕ-ਦੂਜੇ ਨੂੰ ਮਿਲਣ ਸਮੇਂ ਰਾਮ-ਰਾਮ ਕਹਿਣ ਦੀ ਬਜਾਏ ‘ਸਤਿ ਕਰਤਾਰ’ ਕਹਿਣ ਲੱਗੇ। ਸਿੱਖ ਸਿਧਾਂਤਾਂ ਨੇ ਹਿੰਦੂਆਂ ਅੰਦਰ ਬੇਅਰਾਮੀ ਪੈਦਾ ਕਰ ਦਿੱਤੀ ਸੀ। ਸਿੱਖ ਗੁਰੂਆਂ ਖਿਲਾਫ ਸਿੱਖ ਮਰਿਆਦਾ ਦੇ ਖਿਲਾਫ ਨਫਰਤ ਤੇ ਦੁਸ਼ਮਣੀ ਦੇ ਭਾਵ ਪੈਦਾ ਹੋਣੇ ਸੁਭਾਵਿਕ ਹੀ ਸੀ। ਦਿੱਲੀ ਦੇ ਇਕ ਖੱਤਰੀ ਹਿੰਦੂ ਨੇ ਸੁਲਤਾਨ ਕੋਲ ਗੁਰੂ ਨਾਨਕ ਦੀ ਸ਼ਿਕਾਇਤ ਕੀਤੀ ਕਿ ਉਹ ਨਾ ਵੇਦਾਂ ਨੂੰ ਮੰਨਦਾ ਹੈ ਅਤੇ ਨਾ ਹੀ ਕਤੇਬਾਂ ਨੂੰ। ਦਵੈਤ, ਈਰਖਾ, ਵੈਰ, ਭੈਅ, ਕਾਇਰਤਾ, ਮੰਦ ਭਾਵਨਾ ਅਤੇ ਨਫ਼ਰਤ ਦੀਆਂ ਚੰਗਿਆੜੀਆਂ ਵਿਚ ਭਸਮ ਹੋਣੇ ਵਾਲੇ ਹਿੰਦੂਆਂ ਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਤੱਕ ਆਪਣੀ ਦੁਸ਼ਮਣੀ ਦੇ ਅਗਨੀ ਬਾਣ ਚਲਾਏ। ਸਿੱਖ ਗੁਰੂਆਂ ਨੂੰ ਪਤਾ ਸੀ ਕਿ ਸਿੱਖੀ ਨੂੰ ਘੁੰਮਣ-ਘੇਰਿਆਂ ਵਾਲੇ ਰਾਹਾਂ ਵਿਚੋਂ ਗੁਜ਼ਰਨਾ ਪੈਣਾ ਹੈ, ਜਿਥੇ ਪੈਰ-ਪੈਰ ‘ਤੇ ਸਾਜ਼ਿਸ਼ਾਂ, ਬੇਰਹਿਮ ਤੋਹਮਤਾਂ ਅਤੇ ਖੌਫ਼ਨਾਕ ਦਹਿਸ਼ਤਾਂ ਦਾ ਪਹਿਰਾ ਹੈ।
ਖਾਲਸਾ ਪੰਥ ਦੇ ਲੰਮੇ ਇਤਿਹਾਸ ਵਿਚ ਬ੍ਰਾਹਮਣਵਾਦ ਦਾ ਕਾਲਾ ਪ੍ਰਛਾਵਾਂ ਲਗਾਤਾਰ ਆਪਣਾ ਮਾਰੂ ਅਸਰ ਦਿਖਾਉਂਦਾ ਰਿਹਾ। ਜੀਵਨ ਦੀ ਮੌਲਿਕ ਤਾਜ਼ਗੀ ਨੂੰ ਤੋੜ ਸੁੱਟਣ ਵਾਲਾ ਅੰਸ਼ ਬ੍ਰਾਹਮਣਵਾਦ ਦੀ ਕੋਝੀ ਫਿਤਰਤ ਹੈ। ਬਿਪਰ ਸੰਸਕਾਰ, ਸਿਮਰਨ, ਦੁਆ, ਸਿਜਦੇ, ਸਿਦਕ ਅਤੇ ਇਲਾਹੀ ਨੂਰ ਦੇ ਅਮਲਾਂ ਨੂੰ ਬੁੱਤ ਪੂਜਾ ਅਤੇ ਪਸ਼ੂ-ਬਿਰਤੀ ਦੇ ਢਾਂਚੇ ਵਿਚ ਢਾਲਦਾ ਰਿਹਾ ਹੈ। ਬ੍ਰਾਹਮਣਵਾਦ ਸਦੀਆਂ ਤੱਕ ਢੀਠਤਾਈ ਦਿਖਾਉਂਦਾ ਰਿਹਾ ਹੈ। ਹਾਰਨ ਪਿਛੋਂ ਦੇਖਣ ਨੂੰ ਝੁਕਦਾ ਜ਼ਰੂਰ ਹੈ, ਪਰ ਆਪਣੀ ਫ਼ਿਤਰਤ ਤੋਂ ਕਿਨਾਰਾ ਨਹੀਂ ਕਰਦਾ। ਆਪਣੇ ਸੰਪਰਕ ਵਿਚ ਆਈ ਜ਼ਿੰਦਗੀ ਵਿਚ ਈਰਖਾ, ਦੁਸ਼ਮਣੀ ਅਤੇ ਨਫਰਤ ਦੇ ਬੀ ਬੀਜਦਾ ਹੈ। ਇਸ ਦਾ ਇਹ ਚੇਤਨ ਕੁਝ ਕੁ ਸਾਲਾਂ ਦਾ ਹੀ ਨਹੀਂ ਹੁੰਦਾ, ਸਗੋਂ ਚਿਰਜੀਵੀ ਹੁੰਦਾ ਹੈ।
ਲੋਕਾਂ ਅੰਦਰ ਭਾਵਾਂ ਦੀ ਸਾਂਝ ਪੈਦਾ ਕਰਨ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਦੀ ਗੱਲ ਲੋਕਾਂ ਦੀ ਮਾਂ ਬੋਲੀ ਵਿਚ ਕੀਤੀ ਜਾਵੇ। ਧਰਮ ਹਿੱਤ ਕਾਰਜਾਂ ਲਈ ਇਹ ਅਤਿ ਜ਼ਰੂਰੀ ਹੈ। ਮਾਂ ਬੋਲੀ ਲੋਕਾਂ ਦੇ ਦਿਲਾਂ ਵਿਚ ਡੂੰਘੀ ਉਤਰਦੀ ਹੈ ਅਤੇ ਉਨ੍ਹਾਂ ਦੇ ਹਿਰਦਿਆਂ ਨੂੰ ਛੂੰਹਦੀ ਹੈ। ਬ੍ਰਾਹਮਣਾਂ ਨੇ ਲੋਕਾਂ ਦੇ ਮਨਾਂ ਵਿਚ ਹੈਂਕੜ ਅਤੇ ਚੌਧਰ ਕਾਇਮ ਕਰਨ ਲਈ ਲੋਕਾਂ ਦੀ ਮਾਂ ਬੋਲੀ ਨੂੰ ਦੁਤਕਾਰਦੇ ਹੋਏ ਆਪਣੇ ਗ੍ਰੰਥਾਂ ਦੀ ਰਚਨਾ ਸੰਸਕ੍ਰਿਤ ਵਿਚ ਕੀਤੀ। ਆਮ ਲੋਕਾਂ ਨੂੰ ਗਿਆਨ ਵਿਹੂਣੇ ਰੱਖਣ ਲਈ ਬ੍ਰਾਹਮਣਾਂ ਦੀ ਇਹ ਸੋਚੀ ਸਮਝੀ ਸਕੀਮ ਸੀ। ਬੁੱਧ ਮੱਤ ਨੇ ਇਸ ਦਾ ਭਰਪੂਰ ਵਿਰੋਧ ਕੀਤਾ ਤੇ ਪਾਲੀ ਨੂੰ ਲੋਕਾਂ ਦੀ ਭਾਸ਼ਾ ਬਣਾਇਆ। ਮਹਾਤਮਾ ਬੁੱਧ ਦੀ ਮੌਤ ਪਿਛੋਂ ਬੁੱਧ ਮਤ ਵੀ ਇਸ ਦਲਦਲ ਵਿਚ ਧਸ ਗਿਆ। ਗੁਰੂ ਨਾਨਕ ਦੇ ਉਤਰਾਧਿਕਾਰੀ ਗੁਰੂ ਅੰਗਦ ਦੇਵ ਨੇ ਬ੍ਰਾਹਮਣੀ ਰੀਤ ਨੂੰ ਰੱਦ ਕਰਦਿਆਂ ਧਰਮ ਉਪਦੇਸ਼ ਲਈ ਉਸ ਭਾਸ਼ਾ (ਗੁਰਮੁਖੀ) ਦਾ ਇਸਤੇਮਾਲ ਕੀਤਾ ਜਿਸ ਨੂੰ ਲੋਕ ਸਹਿਜ ਨਾਲ ਅਤੇ ਸੌਖੀ ਤਰ੍ਹਾਂ ਸਮਝ ਸਕਦੇ ਸਨ। ਇਹ ਬ੍ਰਾਹਮਣਵਾਦ ਦੀ ਹੈਂਕੜ ਅਤੇ ਚੌਧਰ ਉਪਰ ਭਾਰੀ ਸੱਟ ਸੀ। ਗੁਰਮੁਖੀ ਲਿਪੀ ਹੋਂਦ ਵਿਚ ਆਉਣ ਨਾਲ ਬ੍ਰਾਹਮਣਵਾਦ ਦੀ ਪੀੜਾ ਹੋਰ ਤਿੱਖੀ ਹੋ ਗਈ। ਹਿੰਦੂ ਮਨ ਨੇ ਸਿੱਖਾਂ ਨੂੰ ਕਦੇ ਵੀ ਵੱਖਰਾ ਭਾਈਚਾਰਾ ਨਹੀਂ ਮੰਨਿਆ। ਸਿੱਖਾਂ ਵਲੋਂ ਦੇਵ ਭਾਸ਼ਾ (ਸੰਸਕ੍ਰਿਤ) ਨੂੰ ਛੱਡ ਕੇ ਗੁਰਮੁਖੀ ਲਿਪੀ ਅਪਣਾ ਲੈਣ ਦੇ ਗੁਨਾਹ ਨੂੰ ਉਨ੍ਹਾਂ ਨੇ ਕਦੀ ਮੁਆਫ ਨਹੀਂ ਕੀਤਾ। “ਗੁਰੂ ਨਾਨਕ ਦੇ ਸਿੱਖ ਸੰਸਕ੍ਰਿਤ ਭਾਸ਼ਾ ਦਾ ਕੋਈ ਆਦਰ ਨਹੀਂ ਕਰਦੇ ਜਿਹੜੀ ਹਿੰਦੂਆਂ ਅਨੁਸਾਰ ਦੇਵਤਿਆਂ ਦੀ ਭਾਸ਼ਾ ਹੈ।” (ਮੋਹਸਿਨ ਫਾਕੀ ਕਰਤਾ ਦਾਬਿਸਤਾਨ-ਮਜਾਹਿਬ) ਅੱਜ ਵੀ ਆਰੀਆ ਸਮਾਜੀਆਂ ਤੋਂ ਲੈ ਕੇ ਸਨਾਤਕੀਆਂ ਤੱਕ, ਦਾਯਾਨੰਦ ਤੋਂ ਲੈ ਕੇ ਗਾਂਧੀ ਤੱਕ, ਹਰ ਵੰਨਗੀ ਦੇ ਹਿੰਦੂਆਂ ਨੇ ਗੁਰਮੁਖੀ ਵਿਰੁਧ ਆਪਣੇ ਮਨ ਦੀ ਭੜਾਸ ਕੱਢਣ ਦਾ ਕੋਈ ਮੌਕਾ ਅਜਾਈਂ ਨਹੀਂ ਜਾਣ ਦਿੱਤਾ। “ਗੁਰਮੁਖੀ ਲਿਪੀ ਗਾਂਧੀ ਨੂੰ ਵਿਹੁ ਵਰਗੀ ਜਾਪਦੀ ਸੀ। ਉਸ ਦੇ ਮਨ ਅੰਦਰ ਇਹ ਵਹਿਮ ਡੂੰਘਾ ਘਰ ਕਰ ਗਿਆ ਸੀ ਕਿ ਸਿੱਖੀ ਵਾਂਗ ਹੀ, ਗੁਰਮੁਖੀ ਲਿਪੀ ਦੀ ਘਾੜਤ ਵੀ ਸਿੱਖਾਂ ਨੂੰ ਹਿੰਦੂਆਂ ਨਾਲੋਂ ਨਿਖੇੜਨ ਲਈ ਹੀ ਘੜੀ ਗਈ ਸੀ।” (ਅਜਮੇਰ ਸਿੰਘ) ਉਸ ਨੂੰ ਗੁਰਮੁਖੀ ਲਿਪੀ ਅੰਦਰ ਕੋਈ ਖੂਬੀ ਨਜ਼ਰ ਨਹੀਂ ਸੀ ਆਉਂਦੀ। ਰਾਜ ਕੁਮਾਰੀ ਅੰਮ੍ਰਿਤ ਕੌਰ ਨੂੰ ਲਿਖੇ ਪੱਤਰ (14 ਨਵੰਬਰ 1936) ਵਿਚ ਉਸ ਨੇ ਆਪਣੇ ਮਨ ਦੀ ਇਹ ਫਿਰਕੂ ਮੁਰਾਦ ਸਾਫ਼ ਤੌਰ ‘ਤੇ ਪ੍ਰਗਟ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਗੁਰਮੁਖੀ ਲਿਪੀ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਜਗ੍ਹਾ ਦੇਵਨਾਗਰੀ ਲਿਪੀ ਅਪਣਾ ਲੈਣੀ ਚਾਹੀਦੀ ਹੈ।” (ਕੁਲੈਕਟਡ ਵਰਕਸ ਆਫ ਐਮæ ਗਾਂਧੀ, ਜਿਲਦ 64, ਸਫਾ 41)। ਪੰਜਾਬੀ ਸੂਬੇ ਦੀ ਸਥਾਪਨਾ ਸਮੇਂ ਜਦੋਂ ਬੋਲੀ ਦੇ ਆਧਾਰ ‘ਤੇ ਸੂਬੇ ਦੀ ਵੰਡ ਦਾ ਪ੍ਰਸ਼ਨ ਪੈਦਾ ਹੋਇਆ, ਤਾਂ ਡਾæ ਕਾਲੀਚਰਨ, ਲਾਲਾ ਜਗਤ ਨਰਾਇਣ ਅਤੇ ਹੋਰ ਹਿੰਦੂ ਨੇਤਾਵਾਂ ਨੇ ਹਿੰਦੂਆਂ ਨੂੰ ਪੰਜਾਬੀ ਛੱਡ ਕੇ ਹਿੰਦੀ ਨੂੰ ਆਪਣੀ ਮਾਤਾ ਭਾਸ਼ਾ ਵਜੋਂ ਮਾਨਤਾ ਦਿਵਾAਣ ਲਈ ਕਿਹਾ। ਹਿੰਦੂ ਨੇਤਾਵਾਂ ਨੇ ਨਾ ਗੁਰੂ ਦੀ ਬਾਣੀ ਪੜ੍ਹੀ, ਨਾ ਸਰਵਣ ਕੀਤੀ, ਨਾ ਗੁਰੂਆਂ ਦੇ ਜੀਵਨ ਬਿਰਤਾਂਤ ਪੜ੍ਹੇ ਜਾਂ ਸਰਵਣ ਕੀਤੇ, ਉਨ੍ਹਾਂ ਦੇ ਮਨਾਂ ਅੰਦਰ ਗੁਰੂਆਂ ਦੇ ਰਾਹ ਉਤੇ ਚੱਲਣ ਦੀ ਆਰਜ਼ੂ ਕਿਵੇਂ ਪੈਦਾ ਹੋ ਸਕਦੀ ਸੀ। ਨਫ਼ਰਤ, ਈਰਖਾ ਅਤੇ ਵੈਰ ਭਾਵ ਦੀ ਭਾਵਨਾ ਜ਼ਰੂਰ ਪੈਦਾ ਹੋ ਗਈ ਸੀ। “ਸਾਵਰਕਰ ਤੋਂ ਲੈ ਕੇ ਗਾਂਧੀ ਤੇ ਨਹਿਰੂ ਤੱਕ, ਸਾਰੀ ਹਿੰਦੂ ਲੀਡਰਸ਼ਿਪ ਸਿੱਖਾਂ ਨੂੰ ਹਿੰਦੂ ਸਮਾਜ ਦਾ ਅੰਗ ਮੰਨ ਕੇ ਚੱਲਦੀ ਸੀ ਅਤੇ ਸਿੱਖ ਪੰਥ ਦੀ ਅੱਡਰੀ ਪਛਾਣ ਨੂੰ ਖੋਰਾ ਲਾ ਕੇ, ਇਸ ਨੂੰ ਹਿੰਦੂ ਸਮਾਜ ਅੰਦਰ ਜ਼ਜਬ ਕਰ ਲੈਣ ਦੀ ਰਣਨੀਤੀ ਦੀ ਅਡੋਲ ਧਾਰਨੀ ਸੀ।” (ਕਿਸ ਬਿਧ ਰੁਲੀ ਪਾਤਸ਼ਾਹੀ, ਅਜਮੇਰ ਸਿੰਘ)
ਗੁਰੂ ਅਮਰਦਾਸ (1552-1674)
ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਗੁਰੂ ਅੰਗਦ ਦੇਵ ਨੇ ਆਪਣੇ ਅੰਤਮ ਸਮੇਂ ਆਪਣੇ ਪੁੱਤਰਾਂ ਦਾਤੂ ਅਤੇ ਦਾਸ ਨੂੰ ਨਜ਼ਰ-ਅੰਦਾਜ਼ ਕਰ ਕੇ ਅਮਰਦਾਸ ਨੂੰ ਗੁਰਿਆਈ ਬਖਸ਼ੀ। ਗੁਰੂ ਅੰਗਦ ਦੇਵ 1552 ਨੂੰ ਜੋਤੀ ਜੋਤ ਸਮਾ ਗਏ ਅਤੇ ਗੁਰੂ ਅਮਰਦਾਸ ਗੁਰਗੱਦੀ ਦੇ ਵਾਰਸ ਬਣੇ। ਗੁਰੂ ਜੀ ਦਾ ਸਭ ਤੋਂ ਜ਼ਰੂਰੀ ਕੰਮ ਸੀ ਬ੍ਰਾਹਮਣਵਾਦ ਦੁਆਰੇ ਵਿਛਾਏ ਫੋਕੇ ਕਰਮ-ਕਾਂਡਾਂ ਦਾ ਜਾਲ ਕੱਟਣਾ, ਗੁਰੂ ਜੀ ਨੇ ਸਿੱਖਾਂ ਦੀ ਰੂਹਾਨੀ ਤਰੱਕੀ ਤੇ ਮੁਕਤੀ ਲਈ ਠੋਸ ਕਦਮ ਉਠਾਏ। ਉਸ ਸਮੇਂ ਦੇ ਹਿੰਦੂ ਸਮਾਜ ਅੰਦਰ ਹਰ ਰਸਮ ਵੇਦਾਂ ਵਿਚੋਂ ਮੰਤਰ ਉਚਾਰਨ ਨਾਲ ਹੀ ਪੂਰੀ ਹੁੰਦੀ ਸੀ। ਵੇਦਾਂ ਦਾ ਉਚਾਰਨ ਕੇਵਲ ਬ੍ਰਾਹਮਣ ਹੀ ਕਰ ਸਕਦਾ ਸੀ। ਬੇਵੱਸ ਅਤੇ ਭੁੱਲੇ ਭਟਕੇ ਲੋਕ ਪੁਜਾਰੀ ਜਮਾਤ ਦੇ ਮੁਥਾਜ ਬਣੇ ਹੋਏ ਸਨ। ਇਸ ਮੁਥਾਜੀ ਨੂੰ ਦੂਰ ਕਰਨ ਹਿੱਤ ਗੁਰੂ ਜੀ ਨੇ ਵੇਦਾਂ ਦੇ ਉਚਾਰਨ ਦੀ ਰੀਤ ਬੰਦ ਕਰ ਕੇ ਸਾਰੀਆਂ ਰੀਤਾਂ ਗੁਰਬਾਣੀ ਦੀ ਸਹਾਇਤਾ ਨਾਲ ਕਰਨ ਦੀ ਰੀਤ ਚਾਲੂ ਕੀਤੀ। ਹਰ ਰਸਮ ਇੰਨੀ ਸਰਲ ਬਣਾ ਦਿੱਤੀ ਕਿ ਪੁਜਾਰੀ ਜਮਾਤ ਦੀ ਲੋੜ ਹੀ ਨਹੀਂ ਰਹੀ। ਜਨਮ, ਵਿਆਹ ਸ਼ਾਦੀ ਤੇ ਮੌਤ ਜੀਵਨ ਦੇ ਅਹਿਮ ਮੌਕੇ ਹੁੰਦੇ ਹਨ। ਇਨ੍ਹਾਂ ਰਸਮਾਂ ਨੂੰ ਗੁਰਬਾਣੀ ਦੇ ਸਿਧਾਂਤ ਅਨੁਸਾਰ ਹੀ ਕੀਤਾ ਜਾਣ ਲੱਗਿਆ। ਬ੍ਰਾਹਮਣੀ ਰਸਮਾਂ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਗਈਆਂ। ਮਰਨ ਸਮੇਂ ਗਰੁੜ ਪੁਰਾਣ ਪੜ੍ਹਨ ਲਈ ਪੰਡਿਤ ਨੂੰ ਬੁਲਾਉਣ ਦੀ ਰੀਤ ਖਤਮ ਕਰ ਦਿੱਤੀ। ਪੰਡਿਤਾਂ ਦੀ ਭੇਟਾ ਵੀ ਖਤਮ ਕੀਤੀ ਅਤੇ ਦੀਵੇ ਬਾਲਣੇ ਵੀ ਬੰਦ। ਗੰਗਾ ਵਿਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਰੀਤ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। (ਗੁਰੂ ਅਮਰਦਾਸ: ਲਾਈਫ ਐਂਡ ਥੌਟ, ਫੌਜਾ ਸਿੰਘ)। ਗੁਰੂ ਜੀ ਨੇ ਹਿੰਦੂ ਫ਼ਿਲਾਸਫੀ ਦੇ ਛੇ ਦਰਸ਼ਨਾਂ ਨੂੰ ਗੁਰੂ ਨਾਨਕ ਦੀ ਧਾਰਮਿਕ ਪ੍ਰਣਾਲੀ ਦੇ ਮੁਕਾਬਲੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ:
ਹਰਿ ਦਰਸਨੁ ਪਾਵੈ ਵਡਭਾਗਿ॥
ਗੁਰ ਕੈ ਸਬਦਿ ਸਚੈ ਬੈਰਾਗਿ॥
ਖਟੁ ਦਰਸਨੁ ਵਰਤੈ ਵਰਤਾਰਾ॥
ਗੁਰ ਕਾ ਦਰਸਨੁ ਅਗਮ ਅਪਾਰਾ॥
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ॥
ਸਾਚਾ ਆਪਿ ਵਸੈ ਮਨ ਸੋਇ॥
ਗੁਰ ਦਰਸਨਿ ਉਧਰੈ ਸੰਸਾਰਾ॥
ਜੇ ਕੋ ਲਾਏ ਭਾਉ ਪਿਅਰਾ॥
“ਗੁਰੂ ਸਾਹਿਬ ਨੇ ਵਿਸਾਖੀ, ਮਾਘੀ ਤੇ ਦੀਵਾਲੀ ਆਦਿ ਤਿਉਹਾਰਾਂ ਤੇ ਮੇਲਿਆਂ ਦਾ ਰਵਾਇਤੀ ਰੂਪ ਬਦਲ ਕੇ ਇਨ੍ਹਾਂ ਨੂੰ ਸਿੱਖ ਧਰਮ ਦੇ ਪ੍ਰਚਾਰ, ਫੈਲਾਓ ਤੇ ਜਥੇਬੰਦੀ ਦੀ ਮਜ਼ਬੂਤੀ ਦੇ ਸਾਧਨ ਬਣਾਇਆ। ਉਨ੍ਹਾਂ ਨੇ ਇਨ੍ਹਾਂ ਮੇਲਿਆਂ ਉਤੇ ਲੰਗਰ ਲਗਵਾਏ, ਦੀਵਾਨ ਸਜਾਏ, ਕੀਰਤਨ ਅਤੇ ਇਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਮਿਲਣੀ ਦਾ ਮੌਕਾ ਬਣਾਇਆ।” (ਸਿੱਖ ਲਹਿਰ, ਪ੍ਰੋæ ਕਿਸ਼ਨ ਸਿੰਘ, ਸਫਾ 34)।
ਗੁਰੂ ਜੀ ਦੀ ਸੰਗਤ ਮਾਣਨ ਲਈ ਹਰ ਕਿਸੇ ਲਈ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਜ਼ਰੂਰੀ ਕਰਾਰ ਦੇ ਦਿੱਤਾ ਗਿਆ। ਮਨੁੱਖੀ ਭਾਈਚਾਰੇ ਅਤੇ ਸਭ ਲਈ ਬਰਾਬਰੀ ਦਾ ਇਹ ਅਹਿਮ ਕਦਮ ਸੀ। ਇਸ ਨਾਲ ਹਿੰਦੂ ਸਮਾਜ ਨਾਲੋਂ ਸਿੱਖ ਸਮਾਜ ਦੇ ਵਖਰੇਵੇਂ ਦੀਆਂ ਹੱਦਾਂ ਹੋਰ ਗੂੜ੍ਹੀਆਂ ਹੋ ਗਈਆਂ। ਗੁਰੂ ਅਮਰਦਾਸ ਦੁਆਰਾ ਪੁੱਟੇ ਇਨ੍ਹਾਂ ਪ੍ਰਭਾਵਸ਼ਾਲੀ ਕਦਮਾਂ ਨੇ ਹਿੰਦੂ ਸਮਾਜ ਦੇ ਕੁਲੀਨ ਵਰਗਾਂ ਅੰਦਰ ਗੁਰੂ ਪ੍ਰਤੀ ਦੁਸ਼ਮਣੀ ਤੇ ਵਿਰੋਧ ਦੇ ਭਾਵ ਹੋਰ ਤਿੱਖੇ ਕਰ ਦਿੱਤੇ। ਅਕਬਰ ਦੇ ਸਮੇਂ ਜਦੋਂ ਰਾਜ ਸੱਤਾ ਵਿਚ ਹਿੰਦੂ ਵਰਗ ਦੀ ਚੋਖੀ ਪ੍ਰਤੀਤ ਹੋ ਗਈ ਸੀ, ਤਾਂ ਉਨ੍ਹਾਂ ਨੇ ਗੁਰੂ ਜੀ ਦੇ ਖਿਲਾਫ਼ ਘਿਨਾਉਣੀਆਂ ਹਰਕਤਾਂ ਆਰੰਭ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਵਰਣ ਆਸ਼ਰਮ ਦੀ ਉਲੰਘਣਾ ਕਰਨ, ਵੇਦਾਂ ਦਾ ਨਿਰਾਦਰ ਕਰਨ ਅਤੇ ਬ੍ਰਾਹਮਣਾਂ ਖਿਲਾਫ਼ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। 1566-67 ਵਿਚ ਜਦ ਅਕਬਰ ਲਾਹੌਰ ਠਹਿਰਿਆ ਹੋਇਆ ਸੀ, ਤਾਂ ਬ੍ਰਾਹਮਣਾਂ ਅਤੇ ਪੱਤਰੀਆਂ ਦੇ ਵਫ਼ਦ ਨੇ ਗੁਰੂ ਜੀ ਵਿਰੁਧ ਸ਼ਿਕਾਇਤ ਕੀਤੀ।
“ਗੋਬਿੰਦਵਾਲ ਦਾ ਇਕ ਅਮਰਦਾਸ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ। ਉਸ ਨੇ ਹਿੰਦੂਆਂ ਦੀਆਂ ਧਾਰਮਿਕ ਤੇ ਸਮਾਜੀ ਰੀਤਾਂ ਤਿਆਗ ਦਿੱਤੀਆਂ ਹਨ ਅਤੇ ਚਾਰ ਵਰਣਾਂ ਦੇ ਭੇਦ ਖਤਮ ਕਰ ਦਿੱਤੇ ਹਨ। ਅਜਿਹੀ ਉਲਟੀ ਗੱਲ ਪਹਿਲਾਂ ਚਾਰ ਯੁੱਗਾਂ ਵਿਚ ਕਦੇ ਸੁਣਨ ਵਿਚ ਨਹੀਂ ਸੀ ਆਈ। ਹੁਣ ਨਾ ਆਰਤੀ ਉਤਾਰੀ ਜਾਂਦੀ ਹੈ, ਨਾ ਗਾਇਤਰੀ ਅੰਤਰ ਪੜ੍ਹਿਆ ਜਾਂਦਾ ਹੈ, ਨਾ ਪਿਤਰਾਂ ਨੂੰ ਪਾਣੀ ਚੜ੍ਹਾਇਆ ਜਾਂਦਾ ਹੈ, ਨਾ ਤੀਰਥਾਂ ਦੀ ਯਾਤਰਾ ਕੀਤੀ ਜਾਂਦੀ ਹੈ, ਨਾ ਮਰਨ ਉਪਰੰਤ ਹਿੰਦੂ ਸੰਸਕਾਰਾਂ ਦਾ ਪਾਲਣ ਕੀਤਾ ਜਾਂਦਾ ਹੈ, ਨਾ ਦੇਵਤਿਆਂ ਨੂੰ ਪੂਜਿਆ ਜਾਂਦਾ ਹੈ। ਗੁਰੂ ਅਮਰਦਾਸ ਨੇ ਇਨ੍ਹਾਂ ਸਾਰੇ ਹਿੰਦੂ ਰਸਮਾਂ ਰਿਵਾਜ਼ਾਂ ਦਾ ਤਿਆਗ ਕਰ ਦਿੱਤਾ ਹੈ ਅਤੇ ਰਾਮ-ਰਾਮ ਦੀ ਜਗ੍ਹਾ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਦੀ ਜੋਗੀਆਂ, ਜਤੀਆਂ ਤੇ ਬ੍ਰਾਹਮਣਾਂ ਵਿਚ ਕੋਈ ਸ਼ਰਧਾ ਨਹੀਂ ਰਹੀ। ਉਹ ਦੇਵੀ ਦੇਵਤਿਆਂ ਦੀ ਪੂਜਾ ਨਾ ਆਪ ਕਰਦਾ ਹੈ ਅਤੇ ਨਾ ਆਪਣੇ ਸੇਵਕਾਂ ਨੂੰ ਕਰਨ ਦਿੰਦਾ ਹੈ। ਉਸ ਨੇ ਆਪਣੇ ਸ਼ਰਧਾਲੂਆਂ- ਜੱਟਾਂ, ਮਰਾਸੀਆਂ, ਮੁਸਲਮਾਨਾਂ, ਬ੍ਰਾਹਮਣਾਂ, ਖੱਤਰੀਆਂ, ਦੁਕਾਨਦਾਰਾਂ, ਜਮਾਂਦਾਰਾਂ, ਨਾਈਆਂ, ਧੋਬੀਆਂ, ਅਤੇ ਤਰਖਾਣਾਂ ਆਦਿ ਸਭ ਨੂੰ ਇਕੋ ਪੰਗਤ ਵਿਚ ਬਿਠਾ ਕੇ ਭੋਜਨ ਛਕਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੇ ਵੱਖਰੀ ਰੀਤ ਚਲਾ ਦਿੱਤੀ ਹੈ। ਅਸੀਂ ਤੁਹਾਡੇ ਮੂਹਰੇ ਫਰਿਆਦ ਕਰਦੇ ਹਾਂ ਅਤੇ ਸ਼ਹਿਨਸ਼ਾਹ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਜੇ ਉਸ ਨੂੰ ਹੁਣੇ ਨਕੇਲ ਨਾ ਪਾਈ ਗਈ, ਤਾਂ ਬਾਅਦ ਵਿਚ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।” (ਗੁਰੂ ਅਮਰਦਾਸ, ਫੌਜਾ ਸਿੰਘ, ਸਫਾ 313)।
ਭਾਈ ਜੇਠਾ ਜੀ ਰਾਹੀਂ ਅਕਬਰ ਨੇ ਗੁਰੂ ਜੀ ਨੂੰ ਆਪਣੇ ਵਲੋਂ ਉਚੇਚਾ ਸਤਿਕਾਰ ਭੇਜਿਆ। “ਜਾਤ ਅਭਿਮਾਨੀ ਹਿੰਦੂਆਂ ਨੇ ਆਪਣੀ ਮਲੀਨ ਭਾਵਨਾ ਨੂੰ ਜਾਰੀ ਰੱਖਿਆ ਅਤੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਮੁਗਲ ਹਕੂਮਤ ਦੇ ਹੇਠਲੇ ਕਰਿੰਦਿਆਂ ਨੂੰ ਰਿਸ਼ਵਤਾਂ ਚਾੜ੍ਹਨ ਦੇ ਭ੍ਰਿਸ਼ਟ ਤੌਰ-ਤਰੀਕੇ ਅਪਣਾ ਲਏ।” (ਹਿਸਟਰੀ ਆਫ ਸਿੱਖਸ, ਜਿਲਦ 1, ਖੁਸ਼ਵੰਤ ਸਿੰਘ, ਸਫਾ 54)।
ਗੁਰੂ ਰਾਮਦਾਸ
ਸਿੱਖਾਂ ਨੂੰ ਹਿੰਦੂ ਤੀਰਥਾਂ ਵਲੋਂ ਮੋੜਨਾ ਗੁਰੂ ਜੀ ਲਈ ਬਹੁਤ ਜ਼ਰੂਰੀ ਸੀ। ਅਜਿਹਾ ਕੀਤੇ ਬਿਨਾਂ ਸਿੱਖਾਂ ਨੂੰ ਵਿਚਾਰਧਾਰਾ ਅਤੇ ਅਮਲ ਦੇ ਪੱਧਰ ‘ਤੇ ਬ੍ਰਾਹਮਣਵਾਦ ਦੇ ਦੁਸ਼ਟ ਪ੍ਰਭਾਵਾਂ ਤੋਂ ਮੁਕਤ ਨਹੀਂ ਸੀ ਕੀਤਾ ਜਾ ਸਕਦਾ। ਗੁਰੂ ਜੀ ਨੇ ਅਮਲੀ ਕਦਮ ਪੁੱਟਦੇ ਹੋਏ ਇਕ ਨਵਾਂ ਸ਼ਹਿਰ ਵਸਾਇਆ ਜਿਸ ਨੂੰ ਪਹਿਲਾਂ ‘ਚੱਕ ਗੁਰੂ ਕਾ’ ਅਤੇ ਬਾਅਦ ਵਿਚ ਜਾ ਕੇ ਅੰਮ੍ਰਿਤਸਰ ਕਿਹਾ ਜਾਣ ਲੱਗਿਆ। ਇਸ ਦੇ ਕੇਂਦਰ ਵਿਚ ਸਰੋਵਰ ਦੀ ਉਸਾਰੀ ਕੀਤੀ ਜੋ ਹੌਲੀ-ਹੌਲੀ ਸਿੱਖਾਂ ਲਈ ਤੀਰਥ ਅਸਥਾਨ ਦਾ ਮੁੱਖ ਕੇਂਦਰ ਬਣ ਗਿਆ। ਇਸ ਤਰ੍ਹਾਂ ਸਿੱਖਾਂ ਨੂੰ ਹਿੰਦੂ ਤੀਰਥ ਅਸਥਾਨ ਹਰਿਦੁਆਰ ਜਾਣ ਤੋਂ ਵਰਜਿਆ।
ਗੁਰੂ ਜੀ ਦੁਆਰਾ ਲਾਵਾਂ ਦੀ ਰਚਨਾ (ਰਾਗ ਸੂਹੀ ਮਹਲਾ 4, ਪੰਨਾ 773-74) ਕੀਤੀ ਗਈ। ਸਿੱਖਾਂ ਵਲੋਂ ਵੇਦੀ ਦੁਆਰਾ ਫੇਰਿਆਂ ਦੀ ਰਸਮ ਛੱਡ ਕੇ ਆਨੰਦ ਕਾਰਜ ਦੀ ਰਸਮ ਅਪਣਾ ਲੈਣ ਨਾਲ, ਉਨ੍ਹਾਂ ਦਾ ਹਿੰਦੂ ਸਮਾਜ ਨਾਲੋਂ ਨਾਤਾ ਟੁੱਟ ਗਿਆ। ਜਾਤ ਅਭਿਮਾਨੀ ਹਿੰਦੂਆਂ ਨੇ ਚੁਗਲੀਆਂ ਤੇ ਸ਼ਿਕਾਇਤਾਂ ਜ਼ਰੀਏ ਗੁਰੂ ਪੰਥ ਦੇ ਰਾਹ ਵਿਚ ਅਨੇਕਾਂ ਭਟਕਾਊ ਕਾਰਵਾਈਆਂ ਕੀਤੀਆਂ ਜਿਸ ਦਾ ਸਿੱਟਾ ਗੁਰੂ ਅਰਜਨ ਦੇਵ ਦੇ ਸ਼ਹੀਦੀ ਵਿਚ ਨਿਕਲਿਆ।