ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971
ਸਰਦਾਰ ਸ਼ਾਮ ਸਿੰਘ ਸਿੱਖ ਰਾਜ ਦੇ ਮਹਾਨ ਜਰਨੈਲ ਸਨ। ਇਨ੍ਹਾਂ ਦਾ ਖਾਨਦਾਨ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਦੇ ਵਡੇਰੇ ਦਾ ਨਾਂ ਕਾਹਨ ਚੰਦ ਸੀ ਅਤੇ ਉਸ ਦੇ ਦੋ ਪੁੱਤਰ ਕੌਰਾ ਤੇ ਗੌਰਾ ਸਨ। ਪੰਜਾਬ ਆ ਕੇ ਇਨ੍ਹਾਂ ਜਗਰਾਵਾਂ ਲਾਗੇ ਪਿੰਡ ਕਾਉਂਕੇ ਵਸਾਇਆ ਜਿਸ ਨੂੰ ਅੱਜ ਕੱਲ੍ਹ ਕਾਉਂਕੇ ਕਲਾਂ ਕਹਿੰਦੇ ਹਨ।
ਮਿਸਲਾਂ ਦਾ ਜ਼ਮਾਨਾ ਸੀ। ਪੰਜਾਬ ਵਿਚ ਸਿੱਖ, ਰਾਜਨੀਤਕ ਸ਼ਕਤੀ ਵਜੋਂ ਉਭਰ ਰਹੇ ਸਨ। ਸਿੱਖਾਂ ਦੀ ਉਭਰ ਰਹੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਕੌਰੇ ਤੇ ਗੌਰੇ ਨੇ ਅੰਮ੍ਰਿਤਸਰ ਪੁੱਜ ਕੇ ਅੰਮ੍ਰਿਤ ਛਕਿਆ ਤੇ ਕੌਰ ਸਿੰਘ ਅਤੇ ਗੌਰ ਸਿੰਘ ਬਣ ਗਏ। ਕੁਝ ਚਿਰ ਬਾਅਦ ਇਨ੍ਹਾਂ ਨੇ ਅਜੋਕੇ ਕਸਬੇ ਅਟਾਰੀ ਤੋਂ ਚੜ੍ਹਦੇ ਪਾਸੇ ਪਿੰਡ ਕਾਉਂਕੇ ਵਸਾਇਆ। ਮੌਜੂਦਾ ਵਸੀ ਅਟਾਰੀ ਤੋਂ ਪਹਿਲਾਂ ਉਥੇ ਥੇਹ ਸੀ। ਇਸ ਥੇਹ ‘ਤੇ ਮਹੰਤ ਰਹਿੰਦੇ ਸਨ ਜਿਨ੍ਹਾਂ ਨੂੰ ਚੋਰਾਂ ਡਾਕੂਆਂ ਨੇ ਕਈ ਵਾਰ ਲੁੱਟਿਆ। ਉਨ੍ਹਾਂ ਮਹੰਤਾਂ ਨੇ ਚੋਰਾਂ ਡਾਕੂਆਂ ਤੋਂ ਤੰਗ ਆ ਕੇ ਕੌਰ ਸਿੰਘ ਤੇ ਗੌਰ ਸਿੰਘ ਨੂੰ ਆਪਣੀ ਰੱਖਿਆ ਲਈ ਬੇਨਤੀ ਕੀਤੀ। ਮਹੰਤਾਂ ਨੇ ਦੋਵਾਂ ਸਰਦਾਰਾਂ ਨੂੰ ਇਸ ਥੇਹ ‘ਤੇ ਤਿੰਨ ਮੰਜ਼ਿਲਾ ਮਕਾਨ ਬਣਾ ਕੇ ਦਿੱਤਾ ਤੇ ਨਾਂ ਰੱਖਿਆ- ਅਟਾਰੀ। ਕਾਉਂਕੇ ਤੋਂ ਉਠ ਕੇ ਸਰਦਾਰਾਂ ਦਾ ਪਰਿਵਾਰ ਅਟਾਰੀ ਆਣ ਵੱਸਿਆ।
ਅੰਮ੍ਰਿਤ ਛਕਣ ਤੋਂ ਬਾਅਦ ਗੌਰ ਸਿੰਘ ਤੇ ਕੌਰ ਸਿੰਘ ਭੰਗੀ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਰੋੜਾਂਵਾਲਾ ਪਾਸ ਨੌਕਰ ਹੋ ਗਏ। 1737 ਈਸਵੀ ਵਿਚ ਅਟਾਰੀ ਦੇ ਉਦਾਲੇ ਗੌਰ ਸਿੰਘ ਨੂੰ 7000 ਰੁਪਏ ਦੀ ਜਾਗੀਰ ਮਿਲੀ। ਗੁਰਬਖਸ਼ ਸਿੰਘ ਦੇ ਮਰਨ ਤੋਂ ਬਾਅਦ ਗੌਰ ਸਿੰਘ, ਲਹਿਣਾ ਸਿੰਘ ਅਤੇ ਗੁਜਰ ਸਿੰਘ ਦਾ ਨੌਕਰ ਹੋ ਗਿਆ। 18,600 ਰੁਪਏ ਦੀ ਜਾਗੀਰ ਹੋਰ ਲਈ। ਗੌਰ ਸਿੰਘ ਦੀ ਮੌਤ ਹੋਣ ਪਿਛੋਂ ਉਸ ਦਾ ਲੜਕਾ ਨਿਹਾਲ ਸਿੰਘ, ਸਾਹਿਬ ਸਿੰਘ ਭੰਗੀ ਗੁਜਰਾਤ ਵਾਲੇ ਕੋਲ ਨੌਕਰ ਜਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਤਾਕਤ ਵੇਖ ਕੇ ਭੰਗੀ ਸਰਦਾਰ ਦੀ ਨੌਕਰੀ ਛੱਡ ਕੇ ਉਨ੍ਹਾਂ ਦੀ ਫੌਜ ਵਿਚ ਭਰਤੀ ਹੋ ਗਿਆ। ਮਹਾਰਾਜਾ ਵਲੋਂ ਉਸ ਨੂੰ 1803 ਵਿਚ 54,500 ਰੁਪਏ ਦੀ ਜਾਗੀਰ ਮਿਲੀ। ਉਹ ਮਹਾਰਾਜੇ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿਚ ਸ਼ਾਮਲ ਰਿਹਾ। 1807 ਵਿਚ ਕਸੂਰ ਫਤਹਿ ਕਰ ਕੇ ਪਹਿਲਾ ਨਾਜ਼ਮ ਉਸੇ ਨੂੰ ਥਾਪਿਆ। ਇਸ ਦੀ ਜਾਗੀਰ ਵਧਦੀ-ਵਧਦੀ 306800 ਰੁਪਏ ਤੱਕ ਜਾ ਪਹੁੰਚੀ। 1817 ਵਿਚ ਮਹਾਰਾਜਾ ਆਪਣੇ ਠਹਿਰਨ ਵਾਸਤੇ ਬਣਾਏ ਬੁਰਜ (ਜੋ ਅੱਜ ਖੰਡਰ ਹਾਲਤ ਵਿਚ ਮੌਜੂਦ ਹੈ) ਪਿੰਡ ਵਣੀਂਏ ਕੀ ਵਿਖੇ ਠਹਿਰੇ ਹੋਏ ਸਨ। ਉਨ੍ਹਾਂ ਅਜਿਹੇ ਬੁਰਜ ਲੋਕਾਂ ਦੇ ਦੁੱਖ, ਤਕਲੀਫਾਂ ਤੇ ਸ਼ਿਕਾਇਤਾਂ ਸੁਣਨ ਲਈ ਬਣਾਏ ਹੋਏ ਸਨ। ਉਥੇ ਮਹਾਰਾਜਾ ਸਖ਼ਤ ਬਿਮਾਰ ਪੈ ਗਏ। ਬਚਣ ਦੀ ਕੋਈ ਆਸ ਨਹੀਂ ਸੀ, ਵੈਦ-ਹਕੀਮਾਂ ਨੇ ਜਵਾਬ ਦੇ ਦਿੱਤਾ। ਸ਼ ਸ਼ਾਮ ਸਿੰਘ ਦੇ ਪਿਤਾ ਸ਼ ਨਿਹਾਲ ਸਿੰਘ ਅਟਾਰੀਵਾਲੇ ਨੇ ਮਹਾਰਾਜੇ ਦੇ ਪਲੰਘ ਕੋਲ ਖਲੋ ਕੇ ਵਾਹਿਗੁਰੂ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ, “ਹੇ ਸੱਚੇ ਪਾਤਸ਼ਾਹ! ਮੇਰੀ ਬਾਕੀ ਦੀ ਜ਼ਿੰਦਗੀ ਮਹਾਰਾਜੇ ਨੂੰ ਮਿਲ ਜਾਏ ਤੇ ਇਨ੍ਹਾਂ ਦੀ ਬਿਮਾਰੀ ਮੈਨੂੰ ਲੱਗ ਜਾਏ।” ਅਰਦਾਸ ਸੁਣੀ ਗਈ ਅਤੇ ਮਹਾਰਾਜਾ ਤੰਦਰੁਸਤ ਹੋ ਗਏ ਪਰ ਵਾਪਸ ਅਟਾਰੀ ਆ ਕੇ ਸ਼ ਨਿਹਾਲ ਸਿੰਘ ਬਿਮਾਰ ਪੈ ਗਏ। ਰੱਬ ਦਾ ਕਰਨਾ, ਜਿਸ ਦਿਨ ਮਹਾਰਾਜੇ ਨੇ ਬਿਮਾਰੀ ਤੋਂ ਬਾਅਦ ਪਹਿਲਾ ਇਸ਼ਨਾਨ ਕੀਤਾ, ਸ਼ ਨਿਹਾਲ ਸਿੰਘ ਜਨਵਰੀ 1818 ਨੂੰ ਅਕਾਲ ਚਲਾਣਾ ਕਰ ਗਏ। ਮਹਾਰਾਜਾ ਆਪ ਲਾਹੌਰੋਂ ਚੱਲ ਕੇ ਅਟਾਰੀ ਪਹੁੰਚੇ, ਤੇ ਸ਼ ਨਿਹਾਲ ਸਿੰਘ ਦਾ ਆਪਣੇ ਹੱਥੀਂ ਸਸਕਾਰ ਕੀਤਾ। ਸਸਕਾਰ ਵਾਲੀ ਜਗ੍ਹਾ ‘ਤੇ ਆਲੀਸ਼ਾਨ ਸਮਾਧ ਬਣਾਈ ਜੋ ਅਟਾਰੀ ਵਿਚ ਅੱਜ ਵੀ ਬੜੀ ਚੰਗੀ ਹਾਲਤ ਵਿਚ ਮੌਜੂਦ ਹੈ। ਮਹਾਰਾਜਾ ਨੇ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪੁੱਤਰ ਸ਼ਾਮ ਸਿੰਘ ਨੂੰ ਫੌਜਾਂ ਦਾ ਸਰਦਾਰ ਬਣਾ ਦਿੱਤਾ ਤੇ ਨਾਲ ਹੀ ਸਾਰੀ ਜਾਗੀਰ ਉਸ ਦੇ ਹਵਾਲੇ ਕਰ ਦਿੱਤੀ। ਸਰਦਾਰ ਬਣਨ ਤੋਂ ਬਾਅਦ ਸ਼ ਸ਼ਾਮ ਸਿੰਘ ਨੇ ਆਪਣੀ ਕਮਾਂਡ ਥੱਲੇ ਸਭ ਮੁਹਿੰਮਾਂ ਵਿਚ ਮਹਾਰਾਜੇ ਦਾ ਸਾਥ ਦਿੱਤਾ, ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੀ ਬਹਾਦਰੀ ਦੀ ਧਾਂਕ ਜਮਾਈ।
ਸਿੱਖ ਦਰਬਾਰ ਲਾਹੌਰ ਵਿਚ ਸ਼ ਸ਼ਾਮ ਸਿੰਘ ਦਾ ਪੂਰਾ ਮਾਣ-ਸਤਿਕਾਰ ਸੀ। ਸ਼ ਸ਼ਾਮ ਸਿੰਘ ਨੇ ਆਪਣੀ ਲੜਕੀ ਦਾ ਰਿਸ਼ਤਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਕਰ ਦਿੱਤਾ। 8 ਮਾਰਚ 1837 ਨੂੰ ਬੀਬੀ ਨਾਨਕੀ ਤੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਧੂਮ-ਧਾਮ ਨਾਲ ਹੋਇਆ। ਸ਼ ਸ਼ਾਮ ਸਿੰਘ ਦੇ 15 ਲੱਖ ਰੁਪਏ ਖਰਚ ਹੋਏ। ਰਾਜੇ ਮਹਾਰਾਜੇ ਸਮੇਤ ਅੰਗਰੇਜ਼ ਅਹੁਦੇਦਾਰਾਂ ਦੇ, ਇਸ ਵਿਚ ਸ਼ਾਮਲ ਹੋਏ। ਜਿਹੜਾ ਸਿਹਰਾ ਅੰਮ੍ਰਿਤਸਰ ਦੇ ਜੌਹਰੀ ਨੇ ਕੰਵਰ ਨੌਨਿਹਾਲ ਸਿੰਘ ਲਈ ਬਣਾਇਆ, ਉਹ ਮਹਾਰਾਜਾ ਨੇ ਗੁਰੂ ਘਰ ਦਾ ਅਨਿਨ ਸ਼ਰਧਾਲੂ ਹੋਣ ਕਰ ਕੇ ਕੰਵਰ ਜੀ ਦੇ ਸਿਰ ‘ਤੇ ਬੰਨ੍ਹਣ ਦੀ ਬਜਾਇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਚੜ੍ਹਾ ਦਿੱਤਾ ਜੋ ਅੱਜ ਵੀ ਤੋਸ਼ੇਖਾਨੇ ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਸ਼ਸ਼ੋਭਿਤ ਹੈ।
30 ਅਪਰੈਲ 1837 ਵਿਚ ਸ਼ ਹਰੀ ਸਿੰਘ ਨਲੂਆ ਪਠਾਣਾਂ ਨਾਲ ਲੜਦਿਆਂ ਜਮਰੌਦ ਵਿਖੇ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹੀਦੀ ਦਾ ਮਹਾਰਾਜੇ ਨੂੰ ਬਹੁਤ ਸਦਮਾ ਪਹੁੰਚਿਆ। ਸਾਰੀਆਂ ਜ਼ਿੰਮੇਵਾਰੀਆਂ ਉਨ੍ਹਾਂ ਦੇ ਮੋਢਿਆਂ ‘ਤੇ ਆਣ ਪਈਆਂ। ਨਾਲ ਹੀ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਅਖੀਰ 27 ਜੂਨ 1837 ਨੂੰ ਉਹ ਸੁਰਗਵਾਸ ਹੋ ਗਏ। ਉਨ੍ਹਾਂ ਤੋਂ ਬਾਅਦ ਦਰਬਾਰ ਵਿਚ ਡੋਗਰਿਆਂ ਦੀਆਂ ਸਾਜ਼ਿਸ਼ਾਂ ਤੇ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਨੇ ਖਾਨਾਜੰਗੀ ਨੂੰ ਜਨਮ ਦਿੱਤਾ। ਖੜਕ ਸਿੰਘ ਤੇ ਕੰਵਰ ਨੌਨਿਹਾਲ ਇਨ੍ਹਾਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ। ਉਸ ਵਕਤ ਸ਼ ਸ਼ਾਮ ਸਿੰਘ ਰਾਵਲਪਿੰਡੀ ਆਪਣੀ ਜਾਗੀਰ ‘ਤੇ ਸੀ। ਇਸ ਘਰੇਲੂ ਜੰਗ ਤੋਂ ਤੰਗ ਆ ਕੇ ਸ਼ ਸ਼ਾਮ ਸਿੰਘ ਲਾਹੌਰ ਦਰਬਾਰ ਛੱਡ ਕੇ ਅਟਾਰੀ ਚਲੇ ਗਏ।
ਆਖਿਰ ਦਲੀਪ ਸਿੰਘ ਨੂੰ ਗੱਦੀ ‘ਤੇ ਬਿਠਾਇਆ ਗਿਆ। ਮਹਾਰਾਣੀ ਜਿੰਦ ਕੌਰ ਉਸ ਦੀ ਸਰਪ੍ਰਸਤ ਬਣੀ। ਮਹਾਰਾਣੀ ਜਿੰਦਾਂ ਬੜੀ ਸੂਝਵਾਨ ਔਰਤ ਸੀ। ਘਰ ਪਾਟਾ ਹੋਇਆ ਸੀ। ਸ਼ ਸ਼ਾਮ ਸਿੰਘ ਤੇ ਮਹਾਰਾਣੀ ਜਿੰਦਾਂ ਲੜਾਈ ਕਰਨਾ ਨਹੀਂ ਸੀ ਚਾਹੁੰਦੇ ਪਰ ਲਾਲ ਸਿੰਘ ਤੇ ਤੇਜ਼ ਸਿੰਘ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਉਹ ਖਾਲਸਾ ਫੌਜ ਨੂੰ ਤਬਾਹ ਕਰਵਾ ਕੇ ਆਪ ਆਪਣੀ ਮਰਜ਼ੀ ਦਾ ਰਾਜ ਚਾਹੁੰਦੇ ਸਨ। ਨਵੰਬਰ 1845 ਦੇ ਅਰੰਭ ਵਿਚ ਸਿੱਖ ਸਰਦਾਰਾਂ ਤੇ ਫੌਜੀ ਪੰਚਾਂ ਦੀ ਸਭਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ ਹੋਈ। ਲਾਲ ਸਿੰਘ ਤੇ ਤੇਜ਼ ਸਿੰਘ ਦੇ ਭੜਕਾਏ ਹੋਏ ਫੌਜੀ ਪੰਚ ਲੜਾਈ ਦੇ ਹਾਮੀ ਸਨ। ਅੰਤ ਬਹੁ-ਸੰਮਤੀ ਲੜਾਈ ਲੜਨ ਵਾਲਿਆਂ ਦੀ ਹੋਈ। ਇਸ ਤੋਂ ਬਾਅਦ ਦੋ ਲੜਾਈਆਂ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਹੋਈਆਂ ਅਤੇ ਲਾਲ ਸਿੰਘ ਤੇ ਤੇਜ਼ ਸਿੰਘ ਦੀ ਗੱਦਾਰੀ ਕਾਰਨ ਸਿੱਖ ਫੌਜਾਂ ਹਾਰ ਗਈਆਂ। ਸ਼ ਸ਼ਾਮ ਸਿੰਘ ਅਟਾਰੀਵਾਲਾ, ਅਟਾਰੀ ਵਿਚ ਬੈਠਾ ਜੰਗ ਦੀਆਂ ਖਬਰਾਂ ਰੋਜ਼ ਸੁਣਦਾ ਰਹਿੰਦਾ ਸੀ। ਮੁਦਕੀ ਤੇ ਫੇਰੂ ਸ਼ਹਿਰ ਦੀਆਂ ਹਾਰਾਂ ਉਹਦੇ ਸੀਨੇ ਵਿਚ ਕੰਡੇ ਵਾਂਗ ਰੜਕ ਰਹੀਆਂ ਸੀ। ਮਹਾਰਾਣੀ ਜਿੰਦਾਂ ਨੇ ਚਾਰ-ਚੁਫ਼ੇਰੇ ਨਜ਼ਰ ਦੌੜਾਈ ਤਾਂ ਸਿਰਫ਼ ਸ਼ ਸ਼ਾਮ ਸਿੰਘ ਹੀ ਉਸ ਨੂੰ ਨਜ਼ਰ ਆਇਆ ਜੋ ਸਿੱਖ ਰਾਜ ਦੀ ਡੁੱਬਦੀ ਬੇੜੀ ਨੂੰ ਬੰਨੇ ਲਾ ਸਕਦਾ ਸੀ। ਉਸ ਨੇ ਰੋਹ ਭਰੀ ਚਿੱਠੀ ਆਪਣੇ ਹਰਕਾਰੇ ਰਾਹੀਂ ਸ਼ਾਮ ਸਿੰਘ ਨੂੰ ਭੇਜੀ ਜਿਸ ਦਾ ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਕਲਮ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੈ,
ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ,
ਬੈਠ ਰਿਹੈਂ ਕੀ ਚਿੱਤ ਵਿਚ ਧਾਰ ਸਿੰਘਾ!
ਦੋਵੇਂ ਜੰਗ ‘ਮੁਦਕੀ’ ‘ਫੇਰੂ ਸ਼ਹਿਰ’ ਵਾਲੇ,
ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ!
ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦੇਂਦਾ?
ਜਿਉਂਦੀ ਹੁੰਦੀ ਜੇ ਅੱਜ ‘ਸਰਕਾਰ’ ਸਿੰਘਾ!
ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋ ਗਈ,
ਐਪਰ ਆਪਣੇ ਹੋ ਗਏ ਗੱਦਾਰ ਸਿੰਘਾ!
ਦੇਸ਼ ਧ੍ਰੋਹੀ ਵਜ਼ੀਰ ਜਰਨੈਲ ਰਲ ਕੇ,
ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ।
ਚਾਈਂ-ਚਾਈਂ ਗੁਲਾਮੀ ਦੀਆਂ ਬੇੜੀਆਂ ਪਾ,
ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ।
ਅਜੇ ਸਮਾਂ ਹਈ ਵਕਤ ਸੰਭਾਲ ਸਿੰਘਾ,
ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ।
ਲਹਿੰਦੀ ਦਿਸੇ ‘ਰਣਜੀਤ’ ਦੀ ਪੱਗ ਮੈਨੂੰ,
ਮੋਏ ਮਿੱਤਰ ਦੀ ਯੋਧਿਆ! ਆਨ ਰੱਖ ਲੈ।
ਸ਼ ਸ਼ਾਮ ਸਿੰਘ ਨੇ ਚਿੱਠੀ ਪੜ੍ਹੀ। ਚਿੱਠੀ ਵਿਚ ਦੋਹਾਂ ਲੜਾਈਆਂ ਦਾ ਵੇਰਵਾ ਤੇ ਖਾਲਸਾ ਫੌਜ ਦੇ ਹਾਰ ਦੇ ਕਾਰਨ ਸਾਫ-ਸਾਫ ਲਿਖੇ ਹੋਏ ਸਨ। ਜਗੀਰਦਾਰ ਹੋਣ ਕਰ ਕੇ ਸ਼ ਸ਼ਾਮ ਸਿੰਘ ਕੋਲ ਕੁਝ ਉਸ ਦੀ ਨਿੱਜੀ ਫੌਜ ਸੀ, ਕੁਝ ਦੇਸ਼ ਤੋਂ ਮਰ ਮਿਟਣ ਵਾਲੇ ਸੂਰਮੇ ਲਾਹੌਰ ਦਰਬਾਰ ਦੀ ਭਰਾ-ਮਾਰੂ ਲੜਾਈ ਤੋਂ ਤੰਗ ਆ ਕੇ ਆਪਣੇ ਘਰਾਂ ਵਿਚ ਬੈਠ ਗਏ ਸਨ। ਸ਼ ਸ਼ਾਮ ਸਿੰਘ ਨੇ ਉਨ੍ਹਾਂ ਨੂੰ ਵੀ ਚਿੱਠੀਆਂ ਪਾ ਕੇ ਅਟਾਰੀ ਸੱਦ ਲਿਆ। ਉਹ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਖਰੀ ਯਤਨ ਕਰਨ ਲਈ ਆਪਣੇ ਮੁੱਠੀ ਭਰ ਜਾਂਬਾਜ਼ਾਂ ਨੂੰ ਨਾਲ ਲੈ ਕੇ ਸਭਰਾਵਾਂ ਦੇ ਮੈਦਾਨ ਨੂੰ ਤੁਰ ਪਿਆ।
10 ਫਰਵਰੀ 1846 ਨੂੰ ਸੂਰਜ ਅਜੇ ਚੜ੍ਹਨ ਵਾਲਾ ਸੀ। ਰਾਜਾ ਗੁਲਾਬ ਸਿੰਘ ਨਾਲ ਹੋਏ ਗੁਪਤ ਸਮਝੌਤੇ ਕਾਰਨ ਅੰਗਰੇਜ਼ਾਂ ਦੇ ਹੌਸਲੇ ਬੁਲੰਦ ਸਨ। ਉਨ੍ਹਾਂ ਦਾ ਜੰਗੀ ਸਾਮਾਨ ਮੈਦਾਨ ਵਿਚ ਪਹੁੰਚ ਚੁੱਕਾ ਸੀ। ਸ਼ ਸ਼ਾਮ ਸਿੰਘ ਵੀ ਸਭਰਾਵਾਂ ਦੇ ਮੈਦਾਨ ਵਿਚ ਪਹੁੰਚ ਗਿਆ। ਉਸ ਨੇ ਮੋਰਚੇ ਦੀਆਂ ਸਾਰੀਆਂ ਤੋਪਾਂ ਦਾ ਮੁਆਇਨਾ ਕੀਤਾ। ਸਭਰਾਵਾਂ ਵਿਚ ਕੱਚਾ ਕਿਲ੍ਹਾ ਉਸਾਰਿਆ ਜਿਸ ਦਾ ਨਾਂ ਫ਼ਤਿਹਗੜ੍ਹ ਰੱਖਿਆ। ਗੱਦਾਰ ਲਾਲ ਸਿੰਘ ਤੇ ਤੇਜ਼ ਸਿੰਘ ਨੇ ਸ਼ਾਮ ਸਿੰਘ ਨੂੰ ਕਿਹਾ ਕਿ ‘ਅਸੀਂ ਜੰਗ ਜਿੱਤ ਨਹੀਂ ਸਕਾਂਗੇ।’ ਸ਼ ਸ਼ਾਮ ਸਿੰਘ ਨੇ ਕਿਹਾ ਕਿ ‘ਮੈਂ ਅਟਾਰੀਓਂ ਅਰਦਾਸ ਕਰ ਕੇ ਤੁਰਿਆਂ ਕਿ ਜਾਂ ਜੰਗ ਜਿੱਤ ਕੇ ਅਟਾਰੀ ਵਾਪਸ ਜਾਵਾਂਗਾ, ਜਾਂ ਸ਼ਹੀਦ ਹੋ ਕੇ।’ ਗੱਦਾਰ ਤੇਜ਼ ਸਿੰਘ ਨੇ ਸਾਰਾ ਜੰਗੀ ਨਕਸ਼ਾ ਅੰਗਰੇਜ਼ਾਂ ਨੂੰ ਭੇਜ ਦਿੱਤਾ। ਜਦ ਜਰਨੈਲ ਹੀ ਦੁਸ਼ਮਣ ਨਾਲ ਰਲ ਜਾਣ, ਤਾਂ ਜਿੱਤ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਸ ਵੇਲੇ ਫਿਰੋਜ਼ਪੁਰ ਵਿਚ ਸਿਰਫ਼ 7000 ਫੌਜੀ ਸਨ। ਜੇ ਸਿੱਖ ਉਸ ਵੇਲੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ ਸਦਾ ਵਾਸਤੇ ਹਾਰ ਜਾਂਦੇ ਤੇ ਜੰਗ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ।
ਬਾਰੂਦ ਦੀ ਸਪਲਾਈ ਲਈ ਦਰਿਆ ‘ਤੇ ਬੇੜੀਆਂ ਦਾ ਆਰਜ਼ੀ ਪੁਲ ਤਿਆਰ ਕੀਤਾ। 10 ਫਰਵਰੀ 1846 ਨੂੰ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਦਾਗੀਆਂ। ਅੱਗਿਉਂ ਸਿੱਖਾਂ ਨੇ ਵੀ ਤੋੜੇ ਦਾਗੇ। ਦੋਹਾਂ ਪਾਸਿਆਂ ਤੋਂ ਅੱਗ ਵਰ੍ਹਨ ਲੱਗੀ। ਤਿੰਨ ਘੰਟੇ ਘਮਸਾਣ ਦਾ ਯੁੱਧ ਹੁੰਦਾ ਰਿਹਾ। ਸੋ ਗੱਫ਼ ਨੇ ਚਾਰ ਪਲਟਣਾਂ (ਦਸਵੀਂ ਪੈਦਲ, ਮਲਕਾ ਦੀ 53ਵੀਂ ਪੈਦਲ, 43ਵੀਂ ਦੇਸੀ ਤੇ 49ਵੀਂ ਦੇਸੀ ਸਣੇ ਤੋਪਖਾਨੇ) ਨਵੀਂਆਂ ਜੋ ਅੱਗੇ ਕਿਸੇ ਲੜਾਈ ਵਿਚ ਸਿੱਖਾਂ ਨਾਲ ਨਹੀਂ ਸਨ ਲੜੀਆਂ, ਸਿੱਖਾਂ ‘ਤੇ ਹਮਲਾ ਕਰਨ ਵਾਸਤੇ ਤਜਵੀਜ਼ ਕੀਤੀਆਂ। ਅੰਗਰੇਜ਼ ਵਾਰ-ਵਾਰ ਹਮਲਾ ਕਰਦੇ ਰਹੇ ਤੇ ਖਾਲਸਾ ਫੌਜ ਦੀ ਫੌਲਾਦੀ ਕੰਧ ਨਾਲ ਟੱਕਰ ਖਾ ਕੇ ਵਾਪਸ ਮੁੜਦੇ। ਗਿਆਨੀ ਸੋਹਣ ਸਿੰਘ ਘੁਕੇਵਾਲੀਆਂ ਨੇ ਇਸ ਭਿਆਨਕ ਲੜਾਈ ਦੇ ਦ੍ਰਿਸ਼ ਇਸ ਤਰ੍ਹਾਂ ਕਲਮਬੰਦ ਕੀਤਾ ਹੈ,
ਇਧਰ ਚੜ੍ਹਿਆ ਸ਼ਾਮ ਸਿੰਘ ਗੱਫ਼ ਦੂਜੇ ਪਾਸੇ,
ਵਾਟਰਲੂ ਦੇ ਮੈਦਾਨ ਵਿਚ ਪਾ ਤਗਮੇ ਖਾਸੇ।
ਫਿਰਦੇ ਘੋੜੇ ਹਿਣਕਦੇ ਸ਼ੀਂਹ ਖੂਨ ਪਿਆਸੇ,
ਅੰਬਰ ਹਾਥੀ ਚੀਕਿਆ ਧੂੰ ਚੜ੍ਹਿਆ ਨਾਸੇ।
ਤੜ-ਤੜ ਚੱਲਣ ਗੋਲੀਆਂ ਜਿਉਂ ਮਹਿਲੀਂ ਹਾਸੇ,
ਰੱਤ ਪੀਣ ਕਲਯੋਗਣਾਂ ਭਰ-ਭਰ ਕੇ ਕਾਸੇ।
ਜਿਵੇਂ ਅੱਗ ਲੱਗੀ ਗੰਧਕਾਂ ਪੈ ਪੈਣ ਪਟਾਕੇ,
ਰਣ ਵਿਚ ਡਿਗਣ ਸੂਰਮੇ ਹੋ ਆਸੇ-ਪਾਸੇ।
‘ਜੰਗਨਾਮਾਂ ਸਿੰਘਾਂ ਤੇ ਫਰੰਗੀਆਂ’ ਵਿਚ ਸ਼ਾਹ ਮੁਹੰਮਦ ਸ਼ ਸ਼ਾਮ ਸਿੰਘ ਦੀ ਬਹਾਦਰੀ ਬਾਰੇ ਇਸ ਤਰ੍ਹਾਂ ਬਿਆਨ ਕਰਦਾ ਹੈ,
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਜਦ ਲਾਲ ਸਿੰਘ ਤੇ ਤੇਜ਼ ਸਿੰਘ ਨੇ ਵੇਖਿਆ ਕਿ ਖਾਲਸਾ ਫੌਜ ਬੜੀ ਬਹਾਦਰੀ ਨਾਲ ਸ਼ ਸ਼ਾਮ ਸਿੰਘ ਦੀ ਕਮਾਂਡ ਥੱਲੇ ਲੜ ਰਹੀ ਹੈ ਤੇ ਉਨ੍ਹਾਂ ਤਾਂ ਅੰਗਰੇਜ਼ਾਂ ਨੂੰ ਜਿਤਾਉਣ ਦਾ ‘ਵਾਇਦਾ’ ਕੀਤਾ ਹੋਇਆ ਹੈ; ਉਨ੍ਹਾਂ ਬਾਰੂਦ ਭਰੀਆਂ ਬੇੜੀਆਂ ਦਰਿਆ ਵਿਚ ਡੋਬ ਦਿੱਤੀਆਂ। ਬਾਰੂਦ ਦੀ ਥਾਂ ਪੇਟੀਆਂ ਵਿਚ ਸਰ੍ਹੋਂ ਤੇ ਰੇਤ ਭੇਜ ਦਿੱਤੀ। ਬੇੜੀਆਂ ਦਾ ਬਣਾਇਆ ਆਰਜ਼ੀ ਪੁਲ ਵੀ ਤੋੜ ਦਿੱਤਾ ਅਤੇ ਆਪਣੇ ਹਮਾਇਤੀ ਫੌਜੀਆਂ ਨਾਲ ਮੈਦਾਨ ਵਿਚੋਂ ਭੱਜ ਗਏ। ਬੰਦੂਕਚੀਆਂ ਨੂੰ ਬਾਰੂਦ ਮਿਲਣਾ ਬੰਦ ਹੋ ਗਿਆ ਸੀ। ਦੂਰ-ਮਾਰੂ ਤੋਪਾਂ ਦੇ ਗੋਲੇ ਅੰਗਰੇਜ਼ੀ ਫੌਜ ਦੇ ਉਪਰ ਦੀ ਅਗਲੇ ਪਾਸੇ ਜਾ ਕੇ ਪੈਂਦੇ ਸਨ ਕਿਉਂਕਿ ਉਨ੍ਹਾਂ ਤੋਪਾਂ ਦੇ ਚਲਾਉਣ ਵਾਲੇ ਮੁਸਲਮਾਨ ਸਨ ਜੋ ਤੋਪਾਂ ਦੇ ਮੂੰਹ ਉਚੇ ਕਰ ਕੇ ਚਲਾਉਂਦੇ ਸਨ ਤਾਂ ਜੋ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਵਿਚ ਤੋਪਾਂ ਹੌਲੀ-ਹੌਲੀ ਚਲਣੋਂ ਬੰਦ ਹੋ ਗਈਆਂ। ਇੰਨੇ ਤੱਕ ਅੰਗਰੇਜ਼ ਫੌਜਾਂ ਦੋ-ਤਿੰਨ ਥਾਂਵਾਂ ਤੋਂ ਸਿੱਖਾਂ ਦੇ ਮੋਰਚੇ ਵਿਚ ਦਾਖਲ ਹੋ ਗਈਆਂ। ਸਿੱਖ ਵੀ ਲੱਗੇ ਆਸੇ-ਪਾਸੇ ਹੋਣ, ਐਨ ਉਸੇ ਵੇਲੇ ਸ਼ ਸ਼ਾਮ ਸਿੰਘ ਅਟਾਰੀਵਾਲਾ ਅਗਲੇ ਮੋਰਚੇ ‘ਤੇ ਪਹੁੰਚ ਗਿਆ। ਚਿੱਟਾ ਨੂਰਾਨੀ ਦਾੜ੍ਹਾ, ਚਿੱਟੀ ਪੁਸ਼ਾਕ ਵਿਚ ਸਜਿਆ ਹੋਇਆ ਉਹ ਸਫ਼ੈਦ ਘੋੜੇ ਉਤੇ ਸੋਭ ਰਿਹਾ ਸੀ। ਉਹ ਮੋਰਚੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸ਼ਹੀਦੀ ਤੋਂ ਬਿਨਾਂ ਹੋਰ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ। ਉਹ ਕੌਮੀ ਪ੍ਰਵਾਨਾ, ਅਣਖ ਦਾ ਪੁਤਲਾ ਦੁਸ਼ਮਣ ਅੱਗੇ ਕਾਇਰਾਂ ਵਾਂਗ ਸੁੱਟਣ ਦੀ ਥਾਂ ਸ਼ਹੀਦੀ ਪਾਉਣੀ ਚਾਹੁੰਦਾ ਸੀ। ਅਸਲਾ ਮੁੱਕ ਜਾਣ ਕਰ ਕੇ ਤਲਵਾਰ ਮਿਆਨੋਂ ਕੱਢ ਕੇ ਵੈਰੀਆਂ ਦੇ ਸੱਥਰ ਵਿਛਾ ਦਿੱਤੇ। ਇਸੇ ਦੌਰਾਨ ਸ਼ ਸ਼ਾਮ ਸਿੰਘ 7 ਗੋਲੀਆਂ ਛਾਤੀ ਵਿਚ ਖਾ ਕੇ ਘੋੜੇ ਤੋਂ ਥੱਲੇ ਡਿੱਗ ਪਿਆ। ਉਹ ਆਜ਼ਾਦੀ ਦਾ ਪੁਜਾਰੀ, ਦੇਸ਼ ਤੋਂ ਮਰ ਮਿਟਣ ਵਾਲਾ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਜਾ ਵੱਸਿਆ। ਉਸ ਦੀ ਸ਼ਹਾਦਤ ਦੀ ਖਬਰ ਉਸ ਦੇ ਸਈਸ ਵਹਾਬੀ ਖਾਨ ਨੇ ਘਰ ਜਾ ਸੁਣਾਈ ਜਿਸ ਬਾਰੇ ਢਾਡੀ ਕੁਲਵੰਤ ਸਿੰਘ ਬੀæਏæ ਨੇ ਇਉਂ ਲਿਖਿਆ ਹੈ,
ਆਣ ਵਹਾਬੀ ਖਾਨ ਨੇ ਜਾਂ ਖਬਰ ਸੁਣਾਈ।
ਸਰਦਾਰ ਤੇਰਾ ਸਰਦਾਰਨੀ ਕਰ ਗਿਆ ਚੜ੍ਹਾਈ।
ਮਰਦਾਂ ਵਾਂਗੂ ਲੜਦਿਆਂ ਸ਼ਹਾਦਤ ਪਾਈ।
ਜਿਧਰ ਫਿਰ ਗਿਆ ਦਲਾਂ ਵਿਚ ਕਰ ਗਿਆ ਸਫਾਈ।
ਨਾ ਪਿਛੇ ਮੁੜ ਕੇ ਵੇਖਿਆ ਨਾ ਕੰਡ ਵਿਖਾਈ।
ਜਦ ਦਾਰੂ ਸਿੱਕਾ ਮੁਕਿਆ ਫਿਰ ਤੇਗ ਉਠਾਈ।
ਵਿਚ ਸਭਰਾਵਾਂ ਲਹੂ ਦੀ ਇਹ ਕਾਂਗ ਵਿਖਾਈ।
‘ਕੁਲਵੰਤ ਸਿੰਘ’ ਸਰਦਾਰ ਨੇ ਸਿਰ ਨਾਲ ਨਿਭਾਈ।
ਸ਼ ਸ਼ਾਮ ਸਿੰਘ ਸਭਰਾਵਾਂ ਦੇ ਮੈਦਾਨ ਵਿਚ ਸ਼ਹਾਦਤ ਦਾ ਜਾਮ ਪੀ ਗਿਆ ਤਾਂ ਅੰਗਰੇਜ਼ ਅਫ਼ਸਰਾਂ ਨੇ ਕੇਵਲ ਸ਼ ਸ਼ਾਮ ਸਿੰਘ ਅਟਾਰੀਵਾਲਾ ਦੀ ਦੇਹ ਹੀ ਮੈਦਾਨ ਵਿਚੋਂ ਚੁੱਕਣ ਦਿੱਤੀ। ਦੁਸ਼ਮਣ ਦੇ ਮਨ ਵਿਚ ਵੀ ਦੇਸ਼ ਦੀ ਆਜ਼ਾਦੀ ਵਾਸਤੇ ਮਰ ਮਿਟਣ ਵਾਲਿਆਂ ਦੀ ਸ਼ਹੀਦੀ ਦਾ ਮਾਣ-ਸਤਿਕਾਰ ਹੋਇਆ ਕਰਦਾ ਹੈ। ਸਰਦਾਰ ਦੀ ਦੇਹ ਅਟਾਰੀ ਪਹੁੰਚਾਈ ਗਈ। ਚਿਤਾ ਤਿਆਰ ਕੀਤੀ ਗਈ। ਉਸ ਦੀ ਸਰਦਾਰਨੀ ਜਿਸ ਨੂੰ ਲੋਕ ਦਾਸਾਂ ਦੇ ਨਾਮ ਨਾਲ ਸੱਦਦੇ ਸਨ, ਸਰਦਾਰ ਸ਼ਾਮ ਸਿੰਘ ਨਾਲ ਸਤੀ ਹੋ ਗਈ। ਇਹ ਪੰਜਾਬ ਵਿਚ ਆਖਰੀ ਸਤੀ ਸੀ। ਵੈਸੇ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਇਸ ਦਾ ਖੰਡਨ ਕੀਤਾ ਹੈ। ਅਟਾਰੀ ਵਿਚ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ। ਜਿਸ ਜਗ੍ਹਾ ‘ਤੇ ਉਸ ਦੇ ਵਾਰਸ ਅਤੇ ਇਲਾਕੇ ਦੀਆਂ ਸੰਗਤਾਂ ਸ਼ਰਧਾ ਨਾਲ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ 10 ਫਰਵਰੀ ਨੂੰ ਮਨਾਉਂਦੀਆਂ ਹਨ।
ਸ਼ ਸ਼ਾਮ ਸਿੰਘ ਦਾ ਬਣਾਇਆ ਕਿਲ੍ਹਾ ਮੌਜੂਦ ਸੀ। ਮੈਂ ਚੌਥੀ ਜਮਾਤ ਦਾ ਇਮਤਿਹਾਨ ਉਸੇ ਕਿਲ੍ਹੇ ਵਿਚ ਦਿੱਤਾ ਸੀ। ਕੰਧਾਂ ਉਤੇ ਬੜੀ ਵਧੀਆ ਚਿਤਰਕਾਰੀ ਅਤੇ ਗੁਰੂਆਂ ਦੇ ਚਿੱਤਰ ਬਣੇ ਹੋਏ ਸਨ, ਪਰ ਸਾਂਭ-ਸੰਭਾਲ ਨਾ ਹੋਣ ਕਰ ਕੇ ਕਿਲ੍ਹਾ ਢਹਿ-ਢੇਰੀ ਹੋ ਗਿਆ। ਨਿੱਕੀਆਂ ਇੱਟਾਂ ਲੋਕੀਂ ਰੋੜੀ ਬਣਾਉਣ ਵਾਸਤੇ ਲੈ ਗਏ। ਅੱਜ ਕੱਲ੍ਹ ਲੋਕਾਂ ਨੇ ਉਸ ਜਗ੍ਹਾ ‘ਤੇ ਆਲੀਸ਼ਾਨ ਮਕਾਨ ਖੜ੍ਹੇ ਕਰ ਦਿੱਤੇ ਹਨ। ਸਰਦਾਰ ਦੇ ਪੁਰਾਣੇ ਮਹਿਲ ਵੀ ਖਸਤਾ ਹਾਲਤ ਵਿਚ ਹਨ ਪਰ ਸ਼ ਹਰਜੀਤ ਸਿੰਘ ਦੇ ਲੜਕੇ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਸੁਘੜ ਸਿਆਣੀ ਨੂੰਹ ਹਰਪ੍ਰਿਆ ਨੇ ਪੁਰਾਣੇ ਮਕਾਨ ਨੂੰ ਨਿੱਕੀਆਂ ਇੱਟਾਂ ਨਾਲ ਆਧੁਨਿਕ ਮਕਾਨ ਦੀ ਸ਼ਕਲ ਦਿੱਤੀ ਹੈ। ਉਨ੍ਹਾਂ ਸਰਦਾਰ ਸ਼ਾਮ ਸਿੰਘ ਦੇ ਮਹਿਲ ਦੀ ਪਰੰਪਰਾ ਵੀ ਕਾਇਮ ਰੱਖੀ ਹੈ, ਨਹੀਂ ਤਾਂ ਅੱਜ ਕੱਲ੍ਹ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸੰਗਮਰਮਰ ਥੱਲੇ ਦਫ਼ਨ ਕਰ ਦਿੱਤਾ ਹੈ।
ਅੱਜ ਲੋੜ ਹੈ, ਇਤਿਹਾਸਕ ਇਮਾਰਤਾਂ ਨੂੰ ਉਨ੍ਹਾਂ ਦੀ ਅਸਲ ਸ਼ਕਲ ਵਿਚ ਕਾਇਮ ਰੱਖਣ ਦੀ। ਸਰਕਾਰ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ।