ਕਹਾਣੀ ਇਉਂ ਤੁਰੀ-7
ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਐਤਕੀਂ ਉਨ੍ਹਾਂ ਕਰਤਾਰੀ ਪਲਾਂ ਦੀਆਂ ਗੱਲਾਂ ਛੋਹੀਆਂ ਹਨ ਜਦੋਂ ਉਨ੍ਹਾਂ ਅੰਦਰਲਾ ਲੇਖਕ ਦੀਵੇ ਦੀ ਲਾਟ ਵਾਂਗ ਬਲਦਾ ਹੈ ਅਤੇ ਕੋਰੇ ਕਾਗਜ਼ ਉਤੇ ਸ਼ਬਦਾਂ ਦੀ ਲੋਅ ਬਿਖੇਰਦਾ ਹੈ। ਆਪਣੀਆਂ ਰਚਨਾਵਾਂ ਦੇ ਇਸੇ ਨਿਵੇਕਲੇ ਰੰਗ ਕਰ ਕੇ, ਪੰਜਾਬੀ ਕਹਾਣੀ ਜਗਤ ਵਿਚ ਉਨ੍ਹਾਂ ਦਾ ਨਿਆਰਾ ਤੇ ਨਰੋਆ ਸਥਾਨ ਹੈ।
ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ, ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਹਰ ਕਹਾਣੀ ਦੇ ਬੀ, ਫੁਟਾਲੇ ਅਤੇ ਵਿਕਾਸ ਦੀ ਵੱਖਰੀ, ਆਪਣੀ ਹੀ ਕਹਾਣੀ ਹੁੰਦੀ ਹੈ। ਆਪਣੀਆਂ ਸਾਰੀਆਂ ਕਹਾਣੀਆਂ ਉਤੇ ਨਜ਼ਰ ਮਾਰਦਾ ਹਾਂ ਤਾਂ ਇਸ ਨਜ਼ਰੀਏ ਤੋਂ ਮੈਂ ਉਨ੍ਹਾਂ ਨੂੰ ਚਾਰ ਕੋਟੀਆਂ ਵਿਚ ਆਉਂਦੀਆਂ ਦੇਖਦਾ ਹਾਂ।
ਕੁਝ ਕਹਾਣੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਜ਼ਿੰਦਗੀ ਸੰਪੂਰਨ ਰੂਪ ਵਿਚ ਰਚਦੀ ਹੈ ਅਤੇ ਲੇਖਕ ਬੱਸ ਉਨ੍ਹਾਂ ਨੂੰ ਸਾਹਿਤਕ ਭਾਸ਼ਾ ਵਿਚ ਕਾਗ਼ਜ਼ ਉਤੇ ਉਤਾਰਦਾ ਹੈ। ਉਹਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇਨ੍ਹਾਂ ਕਹਾਣੀਆਂ ਦੀ ਕਥਾ ਉਸਾਰਨ ਵਿਚ ਲੇਖਕ ਨੂੰ ਕਲਪਨਾ ਦੀ ਮਿੱਸ ਵੀ ਬਹੁਤੀ ਨਹੀਂ ਮਿਲਾਉਣੀ ਪੈਂਦੀ। ਕੁਝ ਕਹਾਣੀਆਂ ਜ਼ਿੰਦਗੀ ਨੇ ਕਾਫ਼ੀ ਹੱਦ ਤੱਕ ਲਿਖੀਆਂ ਤੇ ਫੇਰ ਪੂਰੀਆਂ ਕਰਨ ਵਾਸਤੇ ਮੇਰੇ ਹਵਾਲੇ ਕਰ ਦਿੱਤੀਆਂ। ਇਨ੍ਹਾਂ ਵਿਚ ਚੰਗੀਆਂ ਕਹਾਣੀਆਂ ਬਣਨ ਦੀ ਸੰਭਾਵਨਾ ਤਾਂ ਪੂਰੀ ਸੀ ਪਰ ਇਨ੍ਹਾਂ ਦੀ ਅਧੂਰੀ ਹੋਂਦ ਦੀਆਂ ਖਾਲੀ ਥਾਂਵਾਂ ਭਰ ਕੇ ਉਨ੍ਹਾਂ ਨੂੰ ਸੰਪੂਰਨ ਕਾਇਆ ਬਖ਼ਸ਼ਣ ਦਾ ਤੇ ਉਨ੍ਹਾਂ ਦੇ ਨੈਣ-ਨਕਸ਼ ਤਰਾਸ਼ਣ ਦਾ ਕੰਮ ਮੇਰੇ ਜ਼ਿੰਮੇ ਸੀ। ਕੁਝ ਕਹਾਣੀਆਂ ਦਾ ਕੇਵਲ ਬੀ ਹੀ ਹੱਥ ਲਗਦਾ ਹੈ। ਉਹਨੂੰ ਖ਼ੁਸ਼ਬੂਦਾਰ ਫੁੱਲਾਂ ਤੇ ਰਸਦਾਰ ਫਲਾਂ ਨਾਲ ਲੱਦਿਆ ਹੋਇਆ ਬਿਰਛ ਬਣਾਉਣਾ ਲੇਖਕ ਉਤੇ ਨਿਰਭਰ ਹੁੰਦਾ ਹੈ। ਇਸ ਵਿਚ ਕਥਾ ਦੀ ਉਸਾਰੀ, ਪਾਤਰਾਂ ਦੀ ਸਿਰਜਣਾ, ਵਾਰਤਾਲਾਪ, ਆਦਿ ਵਿਚ ਲੇਖਕ ਦੀ ਕਲਪਨਾ ਨੇ ਵੱਡੀ ਭੂਮਿਕਾ ਨਿਭਾਉਣੀ ਹੁੰਦੀ ਹੈ। ਕੁਝ ਕਹਾਣੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਨਾ ਕਿਸੇ ਘਟਨਾ ਦੀਆਂ ਜਾਈਆਂ ਹੁੰਦੀਆਂ ਹਨ ਅਤੇ ਨਾ ਕਿਸੇ ਵਿਅਕਤੀ ਵਿਚੋਂ ਵਿਗਸਦੀਆਂ ਹਨ। ਉਨ੍ਹਾਂ ਦਾ ਜਨਮਦਾਤਾ ਕੋਈ ਵਿਚਾਰ ਹੁੰਦਾ ਹੈ ਜੋ ਲੇਖਕ ਦੇ ਮਨ-ਅੰਬਰ ਨੂੰ ਸਾਉਣ ਦੀ ਘਟਾ ਵਾਂਗ ਮੱਲ ਲੈਂਦਾ ਹੈ। ਕਲਪਨਾ ਦੀ ਮਧਾਣੀ ਇਸ ਦੁੱਧ-ਤਰਲ ਵਿਚਾਰ ਵਿਚੋਂ ਸਿਰੜੀ ਤੇ ਸਿਦਕੀ ਮਨ-ਮੰਥਨ ਨਾਲ ਮੱਖਣ ਵਰਗੀ ਕਹਾਣੀ ਕੱਢਣ ਦਾ ਕਾਰਨਾਮਾ ਕਰ ਦਿਖਾਉਂਦੀ ਹੈ।
ਵੈਸੇ ਕਿਸੇ ਕਹਾਣੀ ਦਾ ਮੂਲ ਕੋਈ ਘਟਨਾ ਹੈ ਜਾਂ ਵਿਅਕਤੀ ਜਾਂ ਫੇਰ ਕੋਈ ਵਿਚਾਰ ਅਤੇ ਉਸ ਵਿਚ ਅਸਲੀਅਤ ਕਿੰਨੀ ਹੈ ਤੇ ਕਲਪਨਾ ਕਿੰਨੀ, ਇਸ ਗੱਲ ਦਾ ਪਾਠਕ ਨਾਲ ਕੋਈ ਬਹੁਤਾ ਵਾਸਤਾ ਨਹੀਂ ਹੁੰਦਾ। ਉਹਦਾ ਮਤਲਬ ਤਾਂ ਤਿਆਰ ਖੀਰ ਖਾਣ ਤੱਕ ਹੁੰਦਾ ਹੈ, ਉਸ ਵਿਚ ਕੀ ਕੀ, ਕਿੰਨਾ ਕਿੰਨਾ ਤੇ ਕਿਵੇਂ ਕਿਵੇਂ ਪਾਇਆ ਗਿਆ ਹੈ, ਇਹਤੋਂ ਉਹਨੇ ਕੀ ਲੈਣਾ ਹੈ। ਕਹਾਣੀ ਦਾ ਮੂਲ ਕੁਝ ਵੀ ਹੋਵੇ ਅਤੇ ਉਸ ਵਿਚ ਕਲਪਨਾ ਤੇ ਯਥਾਰਥ ਦੀ ਮਿੱਸ ਕਿੰਨੀ ਵੀ ਹੋਵੇ, ਉਹ ਪਾਠਕ ਨੂੰ ਕਹਾਣੀ ਵਜੋਂ ਪ੍ਰਵਾਨ ਹੋਣੀ ਚਾਹੀਦੀ ਹੈ। ਜਦੋਂ ਕੋਈ ਲੇਖਕ ਆਪਣੀ ਮੰਨਣ ਵਿਚ ਨਾ ਆਉਂਦੀ ਕਹਾਣੀ ਬਾਰੇ ਪਾਠਕ ਦੇ ਕਿੰਤੂ ਦੇ ਉਤਰ ਵਿਚ ਕਹਿੰਦਾ ਹੈ ਕਿ ਇਹ ਤਾਂ ਹੂਬਹੂ ਇਸੇ ਤਰ੍ਹਾਂ ਵਾਪਰੀ ਸੀ, ਇਹ ਉਹਦੀ ਸਭ ਤੋਂ ਕਮਜ਼ੋਰ ਦਲੀਲ ਹੁੰਦੀ ਹੈ। ਜ਼ਿੰਦਗੀ ਬੇਤੁਕੀ ਤੇ ਬੇਸੁਰੀ ਹੋ ਸਕਦੀ ਹੈ ਪਰ ਕਹਾਣੀ ਨੂੰ ਬੇਤੁਕੀ ਤੇ ਬੇਸੁਰੀ ਹੋਣਾ ਵਾਰਾ ਨਹੀਂ ਖਾਂਦਾ। ਕਹਾਣੀ ਜੀਵਨ ਵਿਚੋਂ ਲਈ ਜਾਂਦੀ ਹੈ ਪਰ ਜੀਵਨ ਦਾ ਸ਼ੀਸ਼ੇ-ਦਿਸਦਾ ਉਤਾਰਾ ਨਹੀਂ ਹੁੰਦੀ।
ਮੈਂ ਆਪਣੇ ਲਿਖਣ-ਕਾਰਜ ਦੀ ਤੁਲਨਾ ਕਾਲੇ ਇਲਮ ਨਾਲ ਕਰਦਾ ਹਾਂ। ਜੋ ਕੁਝ ਮੈਂ ਕਾਲੇ ਇਲਮ ਬਾਰੇ ਸੁਣਿਆ ਹੈ ਤੇ ਜੋ ਕੁਝ ਆਪਣੇ ਰਚਣਈ ਅਨੁਭਵ ਤੋਂ ਜਾਣਿਆ ਹੈ, ਇਨ੍ਹਾਂ ਦੋਵਾਂ ਵਿਚ ਮੈਨੂੰ ਦੋ ਪੱਖਾਂ ਤੋਂ ਬਹੁਤ ਸਮਾਨਤਾ ਲਗਦੀ ਹੈ। ਜੇ ਹੋਰ ਲੇਖਕਾਂ ਤੋਂ ਇਹ ਸਵਾਲ ਪੁੱਛਿਆ ਜਾਵੇ, ਉਨ੍ਹਾਂ ਦਾ ਵਿਚਾਰ ਪਤਾ ਨਹੀਂ ਕੀ ਹੋਵੇ। ਇਕ ਤਾਂ ਜਦੋਂ ਮੈਂ ਮਨ ਵਿਚ ਸਿਰਜੀ ਜਾ ਚੁੱਕੀ ਕਹਾਣੀ ਮੁਕੰਮਲ ਇਕਾਂਤ ਤੇ ਖ਼ਾਮੋਸ਼ੀ ਵਿਚ ਲਿਖਣ ਬੈਠਦਾ ਹਾਂ, ਨਾਟਕੀ ਮੰਚ ਵਾਂਗ ਸਾਰੇ ਪਾਤਰ ਆਪਣੀ ਆਪਣੀ ਭੂਮਿਕਾ ਅਨੁਸਾਰ ਪ੍ਰਗਟ ਹੁੰਦੇ ਤੇ ਲੋਪ ਹੁੰਦੇ ਦੇਖਦਾ ਹਾਂ। ਇਉਂ ਹੀ ਸਭ ਘਟਨਾਵਾਂ ਸਾਹਮਣੇ ਵਾਪਰਦੀਆਂ ਮਹਿਸੂਸ ਕਰਦਾ ਹਾਂ। ਜੇ ਕਿਸੇ ਅੱਤ ਦੀ ਮਜਬੂਰੀ ਕਾਰਨ ਘਰਦਿਆਂ ਨੂੰ ਦਰਵਾਜ਼ਾ ਖੜਕਾਉਣਾ ਪੈ ਜਾਵੇ, ਜਿਹੜਾ ਉਹ ਵਾਹ ਲਗਦੀ ਖੜਕਾਉਂਦੇ ਨਹੀਂ, ਇਹ ਸੰਸਾਰ ਇਕ ਛਿਣ ਵਿਚ ਲੋਪ ਹੋ ਜਾਂਦਾ ਹੈ।
ਕਾਲੇ ਇਲਮ ਨਾਲ ਆਪਣੇ ਲਿਖਣ-ਕਾਰਜ ਦੀ ਦੂਜੀ ਸਮਾਨਤਾ ਮੈਨੂੰ ਸਮਾਪਤੀ ਤੋਂ ਮਗਰੋਂ ਦੀ ਲਗਦੀ ਹੈ। ਕਾਲੇ ਇਲਮ ਵਾਲੇ ਆਪਣੇ ਜਾਦੂ-ਟੂਣੇ ਦੀ ਸਮਾਪਤੀ ਮਗਰੋਂ ਵਾਸਤਵਿਕ ਸੰਸਾਰ ਵਿਚ ਆ ਕੇ ਕੁਝ ਸਮੇਂ ਲਈ ਖ਼ਿਲਾਅ ਜਿਹਾ, ਹੌਲਾਪਨ ਜਿਹਾ, ਕੁਝ ਕੁਝ ਓਪਰਾਪਨ ਜਿਹਾ ਮਹਿਸੂਸ ਕਰਦੇ ਹਨ। ਕਹਾਣੀ ਸੰਪੂਰਨ ਕਰ ਲੈਣ ਮਗਰੋਂ ਕੁਝ ਸਮੇਂ ਲਈ ਕੁਝ ਅਜਿਹੀ ਹੀ ਹਾਲਤ ਮੈਂ ਵੀ ਮਹਿਸੂਸ ਕਰਦਾ ਹਾਂ। ਇਹ ਗੱਲ ਮੈਂ ਨਿਹਚੇ ਨਾਲ ਕਹਿ ਸਕਦਾ ਹਾਂ ਕਿ ਕਹਾਣੀ ਲਿਖਣ ਸਮੇਂ ਮੈਂ ਜੋ ਹੁੰਦਾ ਹਾਂ, ਉਹ ਉਹ ਨਹੀਂ ਹੁੰਦਾ ਜੋ ਸਾਧਾਰਨ ਜੀਵਨ ਵਿਚ ਹੁੰਦਾ ਹਾਂ। ਬਹੁਤੇ ਲੇਖਕਾਂ ਦਾ ਅਨੁਭਵ ਵੀ, ਸ਼ਾਇਦ, ਇਹੋ ਹੀ ਹੋਵੇਗਾ। ਜਦੋਂ ਮੈਂ ਆਪਣੀ ਕੋਈ ਵੀ ਰਚਨਾ ਚਿਰ ਮਗਰੋਂ ਪੜ੍ਹਦਾ ਹਾਂ, ਅਕਸਰ ਉਹਦੀਆਂ ਬਰੀਕੀਆਂ, ਉਹਦੇ ਬਿਰਤਾਂਤ, ਭਾਸ਼ਾ, ਵਾਰਤਾਲਾਪ, ਪਾਤਰਾਂ, ਘਟਨਾਵਾਂ, ਆਦਿ ਬਾਰੇ ਹੈਰਾਨ ਹੁੰਦਾ ਹਾਂ, ਕੀ ਇਸ ਸਭ ਕੁਝ ਦਾ ਕਰਤਾਰ ਮੈਂ ਹੀ ਹਾਂ? ਇਹੋ ਕਾਰਨ ਹੈ ਕਿ ਮੈਂ ਆਪਣੀ ਪੁਸਤਕ ’51 ਕਹਾਣੀਆਂ’ ਦਾ ਸਮਰਪਣ ਇਨ੍ਹਾਂ ਸ਼ਬਦਾਂ ਵਿਚ ਕੀਤਾ ਸੀ, “ਆਪਣੇ ਦੂਜੇ ਰੂਪ ਦੇ ਨਾਂ, ਜੋ ਰਚਨਾ-ਕਾਰਜ ਦੇ ਅਰੰਭ ਸਮੇਂ ਕਰਤਾਰੀ ਸ਼ਕਤੀ ਨਾਲ ਪ੍ਰਗਟ ਹੋ ਕੇ ਰਚਨਾ-ਸੰਪੂਰਨਤਾ ਦੇ ਨਾਲ ਹੀ ਲੋਪ ਹੋ ਜਾਂਦਾ ਹੈ!”
ਮੈਂ ਬਹੁਤਾ ਰਚਨਾ-ਕਾਰਜ ਮਨ, ਦਿਮਾਗ, ਕਲਪਨਾ, ਚਿੰਤਨ-ਮੰਥਨ ਉਤੇ ਹੀ ਛਡਦਾ ਹਾਂ। ਇਸ ਪੜਾਅ ਨੂੰ ਪਾਰ ਕਰਨ ਦਾ ਕੋਈ ਬੱਝਵਾਂ ਸਮਾਂ ਨਹੀਂ ਹੋ ਸਕਦਾ। ਕਈ ਵਾਰ ਤਾਂ ਕਿਸੇ ਘਟਨਾ, ਕਿਸੇ ਗੱਲ ਦੇ ਪ੍ਰਭਾਵ ਹੇਠ ਕਹਾਣੀ ਇਉਂ ਫੁਰਦੀ ਹੈ ਜਿਵੇਂ ਹਨੇਰੇ ਕਮਰੇ ਵਿਚ ਅਚਾਨਕ ਬਲਬ ਜਗ ਪਵੇ। ਸਭ ਕੁਝ ਸਪਸ਼ਟ ਹੋ ਜਾਂਦਾ ਹੈ ਤੇ ਕਹਾਣੀ ਝੱਟ ਲਿਖੀ ਜਾਂਦੀ ਹੈ ਪਰ ਆਮ ਕਰ ਕੇ ਕਹਾਣੀ ਦਾ ਇਹ ਪੜਾਅ ਵੱਧ-ਘੱਟ ਲੰਮਾ ਸਮਾਂ ਲੈਂਦਾ ਹੈ, ਮਨ ਵਿਚ ਬੀ ਪੈਣ ਤੋਂ ਮਗਰੋਂ ਕੁਝ ਦਿਨ, ਕੁਝ ਮਹੀਨੇ, ਕੁਝ ਸਾਲ, ਕਦੀ ਕਦੀ ਤਾਂ ਦਹਾਕੇ ਵੀ। ਇਸ ਸਮੇਂ ਦੌਰਾਨ ਕਹਾਣੀ ਕਦੀ ਚੇਤੇ ਦੀ ਤਹਿ ਦੇ ਹੇਠਾਂ ਬੈਠ ਜਾਂਦੀ ਹੈ ਤੇ ਕਦੀ ਜਦੋਂ ਫੇਰ ਉਭਰ ਆਉਂਦੀ ਹੈ, ਮਨ ਉਸ ਉਤੇ ਫੇਰ ਕੰਮ ਕਰਨ ਲੱਗ ਜਾਂਦਾ ਹੈ। ਇਸੇ ਕਰ ਕੇ ਕੋਈ ਕਹਾਣੀ ਲਿਖਣ ਵਿਚ ਲੱਗਿਆ ਸਮਾਂ ਕੇਵਲ ਉਸੇ ਨੂੰ ਨਹੀਂ ਸਮਝਿਆ ਜਾਣਾ ਚਾਹੀਦਾ ਜਿੰਨੇ ਵਿਚ ਉਹ ਕਾਗ਼ਜ਼ ਉਤੇ ਉਤਾਰੀ ਗਈ ਹੈ, ਮਨ-ਮੰਥਨ ਦਾ ਸਮਾਂ ਵੀ ਇਸ ਵਿਚ ਜੋੜਿਆ ਜਾਣਾ ਚਾਹੀਦਾ ਹੈ।
ਅਸਲ ਵਿਚ ਇਹ ਕਾਰਜ ਬੱਚਿਆਂ ਦੀ ਛੋਟੇ-ਵੱਡੇ, ਅਘੜ-ਦੁਘੜੇ ਟੁਕੜੇ ਜੋੜ ਕੇ ਵਧੀਆ ਤਸਵੀਰ ਬਣਾਉਣ ਵਾਲੀ ਜਿਗਸਾਅ ਖੇਡ ਵਾਂਗ ਹੈ। ਪਾਤਰਾਂ, ਘਟਨਾਵਾਂ, ਭਾਵਨਾਵਾਂ, ਵਿਚਾਰਾਂ ਦਾ ਸਮੂਹ ਖ਼ੂਬਸੂਰਤ ਇਕਾਈ ਵਿਚ ਜੋੜਨਾ ਪੈਂਦਾ ਹੈ। ਜੇ ਜਿਗਸਾਅ ਦੇ ਟੁਕੜੇ ਠੀਕ ਨਾ ਜੁੜਨ ਦੀ ਸੂਰਤ ਵਿਚ ਖੱਪੇ ਛੱਡ ਕੇ ਬੇਢਬੇ ਜੋੜ ਦਿੱਤੇ ਜਾਣ, ਸਮਝ ਲਵੋ, ਕੀ ਹੋਵੇਗਾ। ਮਨ ਵਿਚ ਕਹਾਣੀ ਸਪਸ਼ਟ ਹੋ ਜਾਣ ਮਗਰੋਂ ਮੈਂ ਤਾਂ ਪੂਰੀ ਕਹਾਣੀ, ਜੇ ਕੋਈ ਅਣਕਿਆਸਿਆ ਵਿਘਨ ਨਾ ਪੈ ਜਾਵੇ, ਇਕੋ ਵਾਰ ਬੈਠ ਕੇ ਕਾਗਜ਼ ਉਤੇ ਉਤਾਰ ਲੈਂਦਾ ਹਾਂ। ਫੇਰ ਉਸ ਦੀ ਨੋਕ-ਪਲਕ ਸੰਵਾਰੀ ਜਾ ਸਕਦੀ ਹੈ, ਭਾਸ਼ਾ ਨੂੰ ਕੁਝ ਹੋਰ ਲਿਸ਼ਕਾਇਆ ਜਾ ਸਕਦਾ ਹੈ, ਪ੍ਰਭਾਵ ਨੂੰ ਤਿੱਖਾ ਕਰਨ ਲਈ ਕਿਤੋਂ ਕਿਤੋਂ ਰੇਤਿਆ-ਰੰਦਿਆ ਜਾ ਸਕਦਾ ਹੈ ਪਰ ਉਸ ਵਿਚ ਕੋਈ ਵੱਡੀਆਂ ਤਬਦੀਲੀਆਂ ਦੀ ਗੁੰਜਾਇਸ਼ ਉਕਾ ਹੀ ਨਹੀਂ ਹੁੰਦੀ।
ਇਹ ਗੱਲ ਅਬਰਾਹਮ ਲਿੰਕਨ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਦੱਸੀ ਜਾ ਸਕਦੀ। ਉਹਨੇ ਕਿਹਾ ਸੀ, “ਜੇ ਬ੍ਰਿਛ ਕੱਟਣ ਲਈ ਮੇਰੇ ਕੋਲ ਅੱਠ ਘੰਟੇ ਦਾ ਸਮਾਂ ਹੋਵੇ, ਛੇ ਘੰਟੇ ਮੈਂ ਕੁਹਾੜਾ ਰੇਤਣ ਉਤੇ ਲਾਵਾਂਗਾ।” ਕਹਾਣੀਕਾਰ ਨੂੰ ਵੀ ਬਹੁਤਾ ਸਮਾਂ ਕੁਹਾੜਾ ਰੇਤਣ ਉਤੇ, ਭਾਵ ਕਹਾਣੀ ਮਨ ਵਿਚ ਸਪਸ਼ਟ ਕਰਨ ਉਤੇ ਲਾਉਣਾ ਚਾਹੀਦਾ ਹੈ, ਫੇਰ ਬਿਰਛ ਕੱਟਣ ਵਿਚ, ਭਾਵ ਕਹਾਣੀ ਕਾਗ਼ਜ਼ ਉਤੇ ਉਤਾਰਨ ਵਿਚ ਬਹੁਤਾ ਸਮਾਂ ਨਹੀਂ ਲਗਦਾ। ਨਾਲੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਕੋ ਬ੍ਰਿਛ ਵਾਰ ਵਾਰ ਨਹੀਂ ਕੱਟਿਆ ਜਾ ਸਕਦਾ। ਇਸ ਗੱਲ ਦੀ ਪੁਸ਼ਟੀ ਚਾਹੀਦੀ ਹੈ ਤਾਂ ਵਿਗਿਆਨ ਗਲਪ ਦੇ ਪ੍ਰਸਿੱਧ ਲੇਖਕ, ਐਸਥਰ ਫ਼ਰੀਜ਼ਨਰ ਦੀ ਗੱਲ ਸੁਣ ਲਵੋ, “ਕਹਾਣੀ ਨੂੰ ਸੰਪੂਰਨਤਾ ਵੱਲ ਇਉਂ ਲੈ ਕੇ ਜਾਉ ਜਿਵੇਂ ਤੁਸੀਂ ਬਗੀਚਾ ਉਗਾਉਂਦੇ ਹੋ। ਸਬੱਬ ਨਾਲ ਦੋਵੇਂ ਪਲਾਟਾਂ ਉਤੇ ਵਿਗਸਦੇ ਹਨ। ਜ਼ਮੀਨ ਵਿਚ ਖੁਰਪਾ ਖੋਭਣ ਤੋਂ ਵੀ ਪਹਿਲਾਂ ਫ਼ੈਸਲਾ ਕਰੋ ਕਿ ਤੁਸੀਂ ਉਗਾਉਣਾ ਕੀ ਹੈ। ਅੰਤ ਨੂੰ ਤੁਸੀਂ ਕੀ ਪ੍ਰਾਪਤ ਕਰਨਾ ਹੈ ਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਕੇ ਹੀ ਅਰੰਭ ਕਰੋ।”
ਇਸਤਰੀ ਸਬੰਧੀ ਮੇਰਾ ਨਜ਼ਰੀਆ ਬਹੁਤੇ ਲੇਖਕਾਂ ਨਾਲੋਂ ਵੱਖਰਾ ਹੈ। ਲੇਖਕ ਲਈ ਜ਼ਰੂਰੀ ਹੈ ਕਿ ਰਚਨਾ ਕਰਦਿਆਂ ਇਹੋ ਜਿਹੇ ਮਾਮਲਿਆਂ ਵਿਚ ਅਨੁਪਾਤ ਦਾ ਪੱਲਾ ਨਾ ਛੱਡੇ। ਆਪਣੀ ਗੱਲ ਸਪਸ਼ਟ ਕਰਨ ਲਈ ਮੈਨੂੰ ਕੁਝ ਸਾਲ ਪਹਿਲਾਂ ਇੰਗਲੈਂਡ ਤੋਂ ਆਈ ਇਕ ਇਸਤਰੀ ਪਾਠਕ ਦੀ ਚਿੱਠੀ ਇਥੇ ਦੇ ਦੇਣੀ ਹੀ ਕਾਫੀ ਰਹੇਗੀ, “ਇਕ ਦਿਨ ਮੈਂ ਲਾਇਬਰੇਰੀ ਦੇ ਪੰਜਾਬੀ ਸੈਕਸ਼ਨ ਵਿਚ ਪੜ੍ਹਨ ਲਈ ਕੋਈ ਕਿਤਾਬ ਲੱਭ ਰਹੀ ਸੀ ਤਾਂ ਅਚਾਨਕ ਮੈਨੂੰ ਤੁਹਾਡੀ ਕਿਤਾਬ ‘ਧਰਤੀ ਦੀਆਂ ਧੀਆਂ’ ਨਜ਼ਰ ਆਈ। ਕਿਤਾਬ ਦੇ ਪਿਛਲੇ ਪਾਸੇ ਤੁਹਾਡੀ ਤਸਵੀਰ ਸੀ ਅਤੇ ਨਾਲ ਹੀ ਤੁਸੀਂ ਲਿਖਿਆ ਹੋਇਆ ਸੀ, ‘ਇਸਤਰੀ ਮਾਂ ਹੈ, ਭੈਣ ਹੈ, ਪਤਨੀ ਹੈ, ਪ੍ਰੇਮਿਕਾ ਹੈ, ਧੀ ਹੈ। ਇਸ ਦੇ ਸਾਰੇ ਰੂਪਾਂ ਨੇ ਮੇਰੇ ਮਨ ਵਿਚ ਸ਼ਰਧਾ ਭਰੀ ਹੈ।’ ਇਹ ਸਤਰਾਂ ਮੈਨੂੰ ਬੇਹੱਦ ਚੰਗੀਆਂ ਲੱਗੀਆਂ। ਮੈਨੂੰ ਆਪਣਾ ਆਪ ਉਚੀ ਟੀਸੀ ਉਤੇ ਖੜ੍ਹਾ ਨਜ਼ਰ ਆਇਆ। ਮੇਰਾ ਮਨ ਅਨੋਖੇ ਮਾਣ ਨਾਲ ਭਰ ਗਿਆ। ਜਾਪਿਆ ਜਿਵੇਂ ਕਿਸੇ ਨੇ ਮੇਰੇ ਇਸਤਰੀ ਹੋਣ ਦੀ ਹੋਂਦ ਨੂੰ ਪਛਾਣ ਲਿਆ ਹੁੰਦਾ ਹੈ। ਇਕਦਮ ਮੈਂ ਕਿਤਾਬ ਦੇ ਇਸ ਪਾਸੇ ਨੂੰ ਮੱਥੇ ਨਾਲ ਲਾ ਲਿਆ। ਉਸ ਵਕਤ ਮੇਰੇ ਕੋਲ ਹੀ ਖੜ੍ਹਾ ਲਾਇਬਰੇਰੀ ਦਾ ਅੰਗਰੇਜ਼ ਕਰਮਚਾਰੀ ਸ਼ੈਲਫ ਉਤੇ ਕਿਤਾਬਾਂ ਠੀਕ ਕਰ ਕੇ ਰੱਖ ਰਿਹਾ ਸੀ। ਉਹਨੇ ਬੜਾ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਅਤੇ ਤੁਹਾਡੀ ਦਾੜ੍ਹੀ-ਪੱਗ ਵਾਲੀ ਤਸਵੀਰ ਨੂੰ ਦੇਖਦਿਆਂ ਮੁਸਕਰਾ ਕੇ ਆਖਣ ਲੱਗਿਆ, ‘ਇਹ ਕੋਈ ਸਾਧੂ-ਮਹਾਤਮਾ ਹੈ?’ ਮੈਂ ਦੱਸਿਆ ਕਿ ਮੈਂ ਤਸਵੀਰ ਨੂੰ ਨਮਸਕਾਰ ਨਹੀਂ ਕਰ ਰਹੀ, ਮੈਂ ਤਾਂ ਇਸਤਰੀ ਬਾਰੇ ਲਿਖੇ ਖ਼ੂਬਸੂਰਤ ਖ਼ਿਆਲਾਂ ਨੂੰ ਨਮਸਕਾਰ ਕਰ ਰਹੀ ਹਾਂ। ਜਦੋਂ ਮੈਂ ਅੰਗਰੇਜ਼ੀ ਵਿਚ ਟਰਾਂਸਲੇਸ਼ਨ ਕਰ ਕੇ ਉਹਨੂੰ ਦੱਸਿਆ ਤਾਂ ਉਹ ਬੜਾ ਖ਼ੁਸ਼ ਹੋਇਆ ਤੇ ਇਕਦਮ ਬੋਲਿਆ, ‘ਉਤਮ ਵਿਚਾਰ! ਮੈਂ ਸੋਚਿਆ, ਤੁਸੀਂ ਕਿਸੇ ਸੰਤ ਨੂੰ ਮੱਥਾ ਟੇਕ ਰਹੇ ਹੋ। ਤੁਸੀਂ ਇੰਡੀਅਨ ਲੋਕ ਤਾਂ, ਸੁਣਿਆ ਹੈ, ਆਪਣੀਆਂ ਕੁੜੀਆਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹੋ ਅਤੇ ਸਾਧਾਂ-ਸੰਤਾਂ ਦੀ ਪੂਜਾ ਨੂੰ ਜ਼ਿਆਦਾ ਮਹੱਤਵ ਦਿੰਦੇ ਹੋ’!”
ਜੇ ਲੇਖਕ ਇਸਤਰੀ ਨੂੰ ਜਾਇਦਾਦ ਸਮਝਣ ਵਾਲੀ ਜਗੀਰੂ ਸੋਚ ਜਾਂ ਮੰਡੀ ਦਾ ਮਾਲ ਸਮਝਣ ਵਾਲੀ ਪੂੰਜੀਵਾਦੀ ਸੋਚ ਦਾ ਮਾਲਕ ਹੋਵੇਗਾ, ਉਹਦੇ ਲਈ ਇਸਤਰੀ ਵਸਤ ਤੋਂ ਵੱਧ ਕੁਝ ਨਹੀਂ ਹੋਵੇਗੀ ਪਰ ਮਾਨਵੀ ਸੋਚ ਦਾ ਮਾਲਕ ਅੱਗੇਵਧੂ ਸਾਹਿਤਕਾਰ ਇਸਤਰੀ ਪਾਤਰ ਨੂੰ ਚਿੱਕੜ ਵਿਚ ਨਹੀਂ ਸੁੱਟੇਗਾ ਸਗੋਂ ਉਸ ਦੇ ਤਿਲ੍ਹਕਣ ਦੇ ਕਾਰਨਾਂ ਤੱਕ ਜਾਵੇਗਾ।
(ਚਲਦਾ)