ਕੀਤੇ ਕਰਮਾਂ ਨੇ ਕਰਮ ਬਣਾਉਣੇ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪਰਮਾਤਮਾ ਨੇ ਪਤਾ ਨਹੀਂ ਕਦੋਂ ਕਿਹੜਿਆਂ ਰੰਗਾਂ ਵਿਚ ਰੰਗ ਦੇਣਾ ਹੈ! ਸਦਾ ਮੈਂ-ਮੈਂ ਕਰਦੇ ਬੰਦੇ, ਚਹੁੰ ਸਾਹਾਂ ਲਈ ਹੱਥ ਜੋੜਨ ਲੱਗ ਪੈਂਦੇ ਹਨ। ਪਤਾ ਨਹੀਂ ਕਦੋਂ, ਗਰੀਬੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਬੰਦਾ ਸ਼ਾਹੂਕਾਰ ਬਣ ਜਾਂਦਾ ਹੈ। ਮਾਪਿਆਂ ਦਾ ਲਾਡਲਾ ਪੁੱਤ ਪਤਾ ਨਹੀਂ ਕਦੋਂ ਨਸ਼ਿਆਂ ਦੀ ਕਿਸ਼ਤੀ ਵਿਚ ਸਵਾਰ ਹੋ ਕੇ ਅੱਧ ਸਮੁੰਦਰ ਆਖਰੀ ਗੋਤਾ ਲਾ ਜਾਵੇ।

ਇਹ ਵੀ ਨਹੀਂ ਪਤਾ ਕਿ ਘਰ ਜੰਮੀ ਧੀ ਮਾਪਿਆਂ ਦਾ ਸਿਰ ਉਚਾ ਚੁੱਕਣ ਨਾਲ ਚਾਚਿਆਂ-ਮਾਮਿਆਂ ਦੀ ਵੀ ਪੱਗ ਉਚੀ ਕਰ ਦੇਵੇ। ਸਮੇਂ ਦੇ ਗੇੜ ਦਾ ਕੋਈ ਪਤਾ ਨਹੀਂ। ਕਈ ਬਾਹਰਲੀਆਂ ਚੀਜ਼ਾਂ ਨੂੰ ਤਰਸਦੇ ਰਹੇ ਤੇ ਪੁੱਤ ਬਾਹਰੋਂ ਜਾ ਕੇ ਉਹੀ ਚੀਜ਼ਾਂ ਗਰੀਬਾਂ ਨੂੰ ਦਾਨ ਕਰਦੇ ਹਨ। ਕਈ ਸਾਰੀ ਉਮਰ ਵਿਆਜ ਇਕੱਠਾ ਕਰਦੇ ਰਹੇ, ਪਰ ਨਾ ਜਿਉਂਦਿਆਂ ਲੋਕਾਂ ਦੀ ਸੋਭਾ ਖੱਟੀ, ਤੇ ਨਾ ਮਰ ਕੇ ਕਿਸੇ ਨੇ ਜਿਉਣ ਦਿੱਤਾ। ਧੀ-ਪੁੱਤ ਤੋਂ ਖਾਲੀ ਗਏ ਇਕ ਵਿਆਜੜੀਏ ਦੀ ਕਹਾਣੀ ਦੀ ਗੰਢ ਖੋਲ੍ਹਦਾ ਹਾਂ,
ਜੈਲਾ ਖੇਤੀਬਾੜੀ ਦਾ ਤਾਂ ਪੂਰਾ ਕਾਰੀਗਰ ਸੀ ਪਰ ਕੰਜੂਸ ਤੇ ਵਹਿਮੀ ਸੀ। ਭਰਾਵਾਂ ਵਿਚੋਂ ਚੌਥੇ ਨੰਬਰ ‘ਤੇ ਸੀ ਅਤੇ ਉਹਦੇ ਵਿਆਹ ਦੀ ਵਾਰੀ ਤਿੰਨਾਂ ਤੋਂ ਬਾਅਦ ਹੀ ਆਈ। ਭਰਾਵਾਂ ਦਾ ਆਪਸੀ ਪਿਆਰ ਤੇ ਇਤਫ਼ਾਕ ਸੀ। ਵੱਡਾ ਖੁੱਲ੍ਹਾ ਘਰ। ਚਾਰੇ ਭਰਾ ਖੇਤੀਂ ਕੰਮ ਕਰਦੇ ਤੇ ਘਰ ਦੀਆਂ ਚਾਰੇ ਸੁਆਣੀਆਂ ਪਸ਼ੂਆਂ ਦੀ ਦੇਖ-ਭਾਲ ਕਰਦੀਆਂ। ਜੈਲੇ ਹੋਰੀਂ ਹਰ ਸਾਲ ਦੋ-ਤਿੰਨ ਕਿੱਲੇ ਜ਼ਮੀਨ ਦੇ ਬੈਅ ਲੈ ਲੈਂਦੇ। ਸਮਾਂ ਲੰਘਦਾ ਗਿਆ। ਜਦੋਂ ਉਨ੍ਹਾਂ ਦਾ ਬਾਪੂ ਜਹਾਨੋਂ ਤੁਰ ਗਿਆ ਤਾਂ ਘਰ ਦੀਆਂ ਵੰਡੀਆਂ ਪੈ ਗਈਆਂ। ਚਾਰੇ ਭਰਾਵਾਂ ਨੂੰ ਦਸ-ਦਸ ਕਿੱਲੇ ਆਏ।
ਤਿੰਨਾਂ ਭਰਾਵਾਂ ਦੇ ਤਾਂ ਨਿਆਣੇ ਹੋ ਗਏ ਸਨ ਪਰ ਜੈਲੇ ਦੇ ਵਿਹੜੇ ਨਿਆਣੇ ਨੇ ਕਿਲਕਾਰੀ ਨਾ ਮਾਰੀ। ਉਹ ਅਤੇ ਉਹਦੀ ਘਰਵਾਲੀ ਪਾਲੋ ਇਸ ਗੱਲੋਂ ਦੁਖੀ ਸਨ। ਉਨ੍ਹਾਂ ਕੋਈ ਸਾਧ-ਸੰਤ ਨਹੀਂ ਛੱਡਿਆ, ਡਾਕਟਰੀ ਇਲਾਜ ਵੀ ਕਰਵਾਇਆ ਪਰ ਪਾਲੋ ਦੀ ਕੁੱਖ ਹਰੀ ਨਾ ਹੋਈ। ਪੈਸੇ-ਧੇਲੇ ਵਲੋਂ ਜੈਲੇ ਨੂੰ ਕੋਈ ਤੋਟ ਨਹੀਂ ਸੀ। ਰੁਪਏ ਹੋਰ ਨਾਲ ਜੁੜਦੇ ਗਏ ਪਰ ਵਿਹੜਾ ਖਾਲੀ ਰਿਹਾ। ਹੌਲੀ-ਹੌਲੀ ਜੈਲਾ ਪਿੰਡ ਵਿਚ ਲੋਕਾਂ ਨੂੰ ਵਿਆਜ ‘ਤੇ ਪੈਸਾ ਦੇਣ ਲੱਗ ਪਿਆ। ਰਮਦਾਸੀਆ ਮੁਹੱਲਾ ਤਾਂ ਉਹਨੇ ਸਾਰਾ ਹੀ ਆਪਣੇ ਕਰਜ਼ੇ ਥੱਲੇ ਨੱਪ ਲਿਆ ਸੀ। ਦੁੱਧ ਪਾਉਣ ਦੇ ਨਾਲ-ਨਾਲ ਮੱਝਾਂ ਦਾ ਵਪਾਰ ਵੀ ਕਰੀ ਜਾਂਦਾ। ਖਰਚਾ ਕੋਈ ਹੈ ਨਹੀਂ ਸੀ।
ਸਮਾਂ ਅਗਾਂਹ ਤੁਰਿਆ, ਪਾਲੋ ਦੀ ਮਾਂ ਬਣਨ ਵਾਲੀ ਵੱਤ ਨਿਕਲ ਗਈ। ਉਧਰ ਜੈਲੇ ਦੇ ਭਰਾਵਾਂ ਦੇ ਦੋ-ਦੋ ਮੁੰਡੇ ਤੇ ਕੁੜੀਆਂ ਹੋਈਆਂ। ਭਰਾ ਜੈਲੇ ਨੂੰ ਕਹਿਣ, ‘ਦੱਸ ਕਿਹੜਾ ਲੈਣਾ ਹੈ, ਜਾਂ ਕਿਹੜੀ ਧੀ ਲੈਣੀ ਹੈ।’ ਜੇ ਜੈਲਾ ਤਿਆਰ ਹੁੰਦਾ ਤਾਂ ਪਾਲੋ ਨਾ ਮੰਨਦੀ। ਜੇ ਪਾਲੋ ਆਪਣਾ ਭਤੀਜਾ ਲਿਆ ਕੇ ਵਿਆਹੁਣਾ ਚਾਹੁੰਦੀ, ਤਾਂ ਭਰਾਵਾਂ ਦਾ ਚੁੱਕਿਆ ਜੈਲਾ ਜਵਾਬ ਦੇ ਜਾਂਦਾ। ਇਕ ਵਾਰੀ ਤਾਂ ਜੈਲੇ ਦੇ ਭਰਾਵਾਂ ਨੇ ਦੂਜੇ ਵਿਆਹ ਲਈ ਵੀ ਕਿਹਾ। ਖੈਰ! ਜੈਲਾ ਬਾਪ ਤਾਂ ਨਾ ਬਣਿਆ ਪਰ ਪਿੰਡ ਵਾਲਿਆਂ ਨੇ ਜੈਲਾ ਵਿਆਜੜੀਆਂ ਬਣਾ ਦਿੱਤਾ। ਜਿਉਂ-ਜਿਉਂ ਵਿਆਜ ਇਕੱਠਾ ਕਰਦਾ ਗਿਆ, ਆਪ ਗਰੀਬ ਹੁੰਦਾ ਗਿਆ। ਨਾ ਚੰਗਾ ਕੱਪੜਾ ਪਾਇਆ, ਨਾ ਚੰਗਾ ਖਾਧਾ। ਦੋ ਕੱਪ ਦੁੱਧ ਦੇ ਰੱਖ ਕੇ ਸਾਰਾ ਦੁੱਧ ਡੇਅਰੀ ਪਾ ਦੇਣਾ, ਨਾ ਕਿਤੇ ਜਾਣਾ ਨਾ ਆਉਣਾ। ਜਦੋਂ ਕਿਸੇ ਲੋੜਵੰਦ ਨੂੰ ਰੁਪਏ ਵਿਆਜ ‘ਤੇ ਦੇ ਕੇ ਅਗਲੇ ਦਾ ਗਲ ਘੁੱਟਣਾ, ਤਾਂ ਜੈਲੇ ਨੇ ਸੋਚਣਾ, ‘ਇਕ ਮੁਰਗੀ ਹੋਰ ਕਾਬੂ ਆ ਗਈ ਹੈ।’
ਫਿਰ ਜੈਲੇ ਦੇ ਭਰਾਵਾਂ ਨੇ ਆਪਣੇ ਧੀਆਂ-ਪੁੱਤ ਵਿਆਹੁਣੇ ਸ਼ੁਰੂ ਕਰ ਦਿੱਤੇ। ਪੁੱਤ ਚਾਚੇ ਦੀ ਜ਼ਮੀਨ ਨੂੰ ਦੇਖ ਕੇ ਮੁੱਛਾਂ ਚਾੜ੍ਹਦੇ। ਉਹ ਸਮਝਦੇ, ਜਦੋਂ ਜੈਲਾ ਤੇ ਪਾਲੋ ਮਰ ਗਏ, ਸਾਰੀ ਜ਼ਮੀਨ ਉਨ੍ਹਾਂ ਨੂੰ ਹੀ ਆਉਣੀ ਹੈ। ਉਹ ਇਸੇ ਆਸ ‘ਤੇ ਆਪਣਾ ਕੰਮ ਵੀ ਘੱਟ ਕਰ ਗਏ ਤੇ ਨਸ਼ੇ ਨੂੰ ਮੂੰਹ ਮਾਰਨ ਲੱਗ ਪਏ। ਇਕ ਦਿਨ ਆਪਸੀ ਲੜਾਈ ਵਿਚ ਜੈਲੇ ਦਾ ਭਤੀਜਾ ਮਾਰਿਆ ਗਿਆ ਤੇ ਦੂਜੇ ਨੂੰ ਸਜ਼ਾ ਹੋ ਗਈ। ਜੈਲੇ ਨੇ ਅਜੇ ਖੇਤੀਬਾੜੀ ਨਹੀਂ ਸੀ ਛੱਡੀ। ਉਹ ਬਹੁਤਾ ਕੰਮ ਹੱਥੀਂ ਕਰਦਾ ਸੀ। ਉਸ ਦੇ ਕਈ ਹਾਣੀਆਂ ਨੇ ਕਹਿਣਾ, ‘ਜੈਲਿਆ! ਕਿਉਂ ਮਰਦਾ ਖੱਪਦਾ ਰਹਿੰਨਾ ਏਂ, ਗੁਰਦੁਆਰੇ ਜਾਇਆ ਕਰ, ਅਗਲਾ ਜਨਮ ਸਫ਼ਲਾ ਕਰ ਲੈ’ ਜੈਲੇ ਨੇ ਮੂੰਹ ਕੁਨੀਨ ਖਾਧੇ ਵਰਗਾ ਕਰ ਲੈਣਾ। ਸੱਚ ਹੈ, ਬਿਨ ਕਰਮਾਂ ਗੁਰੂ ਦੀ ਸੰਗਤ ਵੀ ਨਹੀਂ ਲੱਭਦੀ! ਦੋਵੇਂ ਜੀਅ ਕਦੇ ਗੁਰਦੁਆਰੇ ਨਹੀਂ ਸਨ ਗਏ। ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਉਨ੍ਹਾਂ ਦੇ ਰੁਪਏ ਦਾ ਕਿਸੇ ਨੂੰ ਸਹਾਰਾ ਨਹੀਂ ਸੀ। ਕੋਈ ਗਰੀਬ-ਗੁਰਬਾ ਵਿਆਜ ਦੇ ਕੇ ਹੀ ਇਹ ਸਹਾਰਾ ਲੈ ਸਕਦਾ ਸੀ।
ਥੋੜ੍ਹੇ ਸਮੇਂ ਵਿਚ ਹੀ ਜੈਲੇ ਦੇ ਤਿੰਨੇ ਭਰਾ ਸਦੀਵੀ ਵਿਛੋੜਾ ਦੇ ਗਏ। ਅਗਾਂਹ ਪੁੱਤਾਂ ਵਿਚ ਵੀ ਇਤਫ਼ਾਕ ਘਟ ਗਿਆ। ਉਨ੍ਹਾਂ ਦਾ ਆਰਥਿਕ ਪਖੋਂ ਟੁੱਟ ਜਾਣਾ ਉਨ੍ਹਾਂ ਨੂੰ ਜੈਲੇ ਵੱਲ ਦੇਖਣ ਲਈ ਮਜਬੂਰ ਕਰਦਾ। ਉਹ ਸੋਚਦੇ, ਦਾਦਾ ਕਦੋਂ ਮਰੇ ਤੇ ਉਨ੍ਹਾਂ ਨੂੰ ਜ਼ਮੀਨ ਆਵੇ। ਉਹ ਜੈਲੇ ਦੀ ਜ਼ਮੀਨ ਦੇਖਦੇ-ਦੇਖਦੇ ਆਪਣੀ ਵਲੋਂ ਵੀ ਹੱਥ ਧੋ ਬੈਠੇ। ਜਦੋਂ ਖੇਤ ਹੀ ਨਹੀਂ ਜਾਣਾ, ਸਮੇਂ ਸਿਰ ਕੰਮ ਨਹੀਂ ਕਰਨਾ, ਤਾਂ ਖੇਤ ਨੇ ਆਪ ਫਸਲ ਥੋੜ੍ਹਾ ਪੈਦਾ ਕਰਨੀ ਸੀ! ਉਤੋਂ ਮਾੜੀ ਕਿਸਮਤ, ਜੈਲੇ ਦੇ ਦੋ ਭਤੀਜੇ ਖਾੜਕੂਆਂ ਦੀ ਗੋਲੀ ਦਾ ਸ਼ਿਕਾਰ ਹੋ ਗਏ; ਉਹ ਘਰੇ ਸ਼ਰਾਬ ਕੱਢ ਕੇ ਜੁ ਵੇਚਦੇ ਸੀ। ਜੈਲਾ ਦੁਖੀ ਕਿ ਰੱਬ ਨੇ ਕੋਈ ਪੁੱਤ ਨਹੀਂ ਦਿੱਤਾ, ਤੇ ਦੂਜੇ ਪਾਸੇ ਦਿੱਤੇ ਹੋਏ ਲੈ ਗਿਆ ਸੀ।
ਲੋੜਵੰਦਾਂ ਦੇ ਅੰਗੂਠੇ ਲਵਾ-ਲਵਾ, ਪਰਨੋਟਾਂ ਨਾਲ ਜੈਲੇ ਦਾ ਵੱਡਾ ਟਰੰਕ ਭਰ ਗਿਆ। ਪਰਮਾਤਮਾ ਦੇ ਰੰਗ ਪਾਲੋ ਅਚਾਨਕ ਦਿਲ ਦੇ ਦੌਰੇ ਕਰ ਕੇ ਤੁਰ ਗਈ। ਜੈਲੇ ਲਈ ਦੁਨੀਆਂ ਸੁੰਨੀ ਹੋ ਗਈ। ਭਤੀਜੇ ਕਹਿੰਦੇ, ‘ਚਾਚਾ! ਬੰਦੇ ਦਾ ਕੀ ਪਤਾ, ਕਦੋਂ ਦੁਨੀਆਂ ਛੱਡ ਜਾਵੇ, ਤੂੰ ਜ਼ਮੀਨ ਦੀ ਵਸੀਅਤ ਸਾਡੇ ਨਾਂ ਕਰਵਾ ਦੇ।’ ਇਹ ਗੱਲ ਸੁਣ ਕੇ ਜੈਲੇ ਨੂੰ ਬਹੁਤ ਗੁੱਸਾ ਆਇਆ ਪਰ ਉਹ ਚੁੱਪ ਕਰ ਰਿਹਾ। ਇਕ ਭਤੀਜ-ਨੂੰਹ ਉਹਨੂੰ ਰੋਟੀ ਫੜਾ ਜਾਂਦੀ। ਜੈਲੇ ਨੇ ਮੱਝਾਂ ਵੇਚ ਦਿੱਤੀਆਂ ਤੇ ਜ਼ਮੀਨ ਕਿਸੇ ਹੋਰ ਨੂੰ ਠੇਕੇ ‘ਤੇ ਦੇ ਦਿੱਤੀ। ਭਤੀਜਿਆਂ ਤੋਂ ਉਸ ਨੂੰ ਮਾਮਲਾ ਮਿਲਣ ਦੀ ਆਸ ਨਹੀਂ ਸੀ। ਇਕ ਰਾਤ ਭਤੀਜੇ ਕੰਧ ਟੱਪ ਕੇ ਆ ਗਏ ਕਿ ਚਾਚੇ ਦਾ ਕੰਮ ਤਮਾਮ ਕਰ ਦੇਈਏ। ਉਸ ਰਾਤ ਉਸ ਕੋਲ ਉਹਦਾ ਕੋਈ ਪੁਰਾਣਾ ਬੇਲੀ ਆਇਆ ਹੋਇਆ ਸੀ। ਸੋ, ਭਤੀਜਿਆਂ ਦਾ ਧਾਵਾ ਖਾਲੀ ਗਿਆ। ਪਤਾ ਜੈਲੇ ਨੂੰ ਵੀ ਲੱਗ ਗਿਆ ਸੀ ਕਿ ਭਤੀਜੇ ਉਹਦਾ ਕੀਰਤਨ ਸੋਹਿਲਾ ਪੜ੍ਹਨ ਆਏ ਸੀ। ਫਿਰ ਉਸ ਨੇ ਆਪਣੇ ਯਕੀਨ ਵਾਲਾ ਮਜ਼੍ਹਬੀ ਸਿੰਘ ਪੱਕਾ ਹੀ ਆਪਣੇ ਨਾਲ ਰੱਖ ਲਿਆ। ਜੈਲਾ ਰੋਟੀ ਵੀ ਉਹਦੇ ਘਰੋਂ ਹੀ ਖਾਂਦਾ। ਹੁਣ ਉਸ ਨੂੰ ਭਤੀਜ-ਨੂੰਹ ‘ਤੇ ਵੀ ਇਤਬਾਰ ਨਹੀਂ ਸੀ ਰਿਹਾ। ਉਹ ਡਰਦਾ ਸੀ ਕਿ ਕੁਝ ਪਾ ਕੇ ਨਾ ਦੇ ਦੇਣ। ਕਈਆਂ ਨੇ ਜੈਲੇ ਨੂੰ ਕਿਹਾ, ‘ਜੈਲਿਆ! ਹੁਣ ਦਾਨ-ਪੁੰਨ ਕਰ ਲੈ, ਮਾਇਆ ਇਥੇ ਹੀ ਰਹਿ ਜਾਣੀ ਹੈ,’ ਪਰ ਦਾਨ-ਪੁੰਨ ਵੀ ਕਰਮਾਂ ਵਾਲੇ ਹੀ ਕਰਦੇ ਨੇ। ਜੈਲੇ ਨੇ ਤਾਂ ਪਾਲੋ ਮੁੱਕੀ ਤੋਂ ਮਸਾਂ ਸਹਿਜ ਪਾਠ ਕਰਵਾਇਆ ਸੀ।
ਜੈਲੇ ਦੇ ਦੋ ਪਲਾਟ ਸੜਕ ਨਾਲ ਲਗਦੇ ਸਨ। ਕੈਨੇਡਾ ਤੋਂ ਗਿਆ ਇਕ ਬੰਦਾ ਉਹ ਪਲਾਟ ਖਰੀਦ ਕੇ ਕੋਠੀ ਪਾਉਣੀ ਚਾਹੁੰਦਾ ਸੀ। ਉਸ ਨੇ ਸਿੱਧੀ ਗੱਲ ਕਰਨ ਲਈ ਜੈਲੇ ਦਾ ਬੂਹਾ ਖੜਕਾਇਆ, ਜੈਲੇ ਤੋਂ ਪਲਾਟ ਖਰੀਦਣ ਵਾਸਤੇ ਪੁੱਛਿਆ। ਜੈਲਾ ਅੱਗਿਉਂ ਉਸ ਦੇ ਗਲ ਪੈ ਗਿਆ, ‘ਤੂੰ ਮੈਨੂੰ ਪੁੱਛਿਆ ਕਿਵੇਂ? ਜੇ ਮੇਰੇ ਕੋਈ ਪੁੱਤ-ਧੀ ਨਹੀਂ ਹੈ, ਇਸ ਦਾ ਇਹ ਮਤਲਬ ਨਹੀਂ ਕਿ ਤੂੰ ਕਿਸੇ ਦੀਆਂ ਜ਼ਮੀਨਾਂ ਦੀ ਬੋਲੀ ਲਾਉਂਦਾ ਫਿਰੇਂ। ਆਪਣੀ ਕੈਨੇਡਾ ਜੇਬ ਵਿਚ ਰੱਖ, ਜੇ ਆਪਣੀ ਜ਼ਮੀਨ ਵੇਚਣੀ ਹੈ ਤਾਂ ਮੈਨੂੰ ਲਿਖਾ ਬੈਅ।’ ਉਹ ਬੰਦਾ ਉਨ੍ਹੀਂ ਪੈਰੀਂ ਵਾਪਸ ਮੁੜ ਗਿਆ।
ਜਿਉਂ-ਜਿਉਂ ਜੈਲੇ ਦੀ ਉਮਰ ਸਾਹਾਂ ਦੇ ਖਾਤਮੇ ਵੱਲ ਵਧਦੀ ਗਈ, ਤਿਉਂ-ਤਿਉਂ ਵਿਆਜ ਥੱਲੇ ਆਏ ਗਰੀਬ ਖੁਸ਼ੀ ਵੱਲ ਵਧਦੇ ਗਏ। ਉਹ ਸੋਚਦੇ, ਜਿਸ ਦਿਨ ਬੁੱਢਾ ਮਰ ਗਿਆ, ਪਰਨੋਟਾਂ ਦਾ ਵੀ ਨਾਲ ਹੀ ਸਸਕਾਰ ਹੋ ਜਾਣਾ ਹੈ। ਫਿਰ ਉਹ ਦਿਨ ਆ ਗਿਆ ਜਿਸ ਦਿਨ ਦੀ ਉਡੀਕ ਸਾਰੇ ਗਰੀਬ ਕਰ ਰਹੇ ਸਨ। ਜੈਲਾ ਅਚਾਨਕ ਬਿਮਾਰ ਹੋ ਗਿਆ, ਉਸ ਨੂੰ ਸ਼ਹਿਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜੈਲੇ ਦੇ ਸਹੁਰੀਂ ਵੀ ਸੁਨੇਹਾ ਘੱਲ ਦਿੱਤਾ ਗਿਆ। ਪਾਲੋ ਦੇ ਭਤੀਜੇ ਵੀ ਆ ਗਏ, ਵਿਆਜ ਨਾਲ ਇਕੱਠੀ ਕੀਤੀ ਰਕਮ ਦੇ ਮਾਲਕ ਬਣਨ ਲਈ। ਜੈਲੇ ਦੇ ਭਤੀਜੇ ਵੀ ਜੈਲੇ ਦਾ ਮੰਜਾ ਨੱਪ ਕੇ ਬੈਠ ਗਏ। ਡਾਕਟਰ ਕਹਿੰਦਾ, ਖੂਨ ਦੀ ਬੋਤਲ ਚਾਹੀਦੀ ਹੈ ਤਾਂ ਸਾਰੇ ਚੁੱਪ ਹੋ ਗਏ। ਕਿਸੇ ਨੇ ਖੂਨ ਦੀ ਬੋਤਲ ਨਾ ਦਿੱਤੀ। ਸਾਰੇ ਸੋਚਦੇ ਕਿ ਜੇ ਉਨ੍ਹਾਂ ਖੂਨ ਦੇ ਦਿੱਤਾ, ਤਾਂ ਇਹਨੇ ਬਚ ਜਾਣਾ! ਫਿਰ ਉਸੇ ਮਜ਼੍ਹਬੀ ਸਿੰਘ ਨੇ ਬਾਂਹ ਅਗੇ ਕਰ ਦਿੱਤੀ ਤੇ ਜੈਲਾ ਮੌਤ ਦੇ ਮੂੰਹੋਂ ਬਚ ਗਿਆ।
ਮਗਰੋਂ ਜੈਲੇ ਦੇ ਭਤੀਜਿਆਂ ਕਈ ਵਾਰ ਉਸ ਨੂੰ ਟਿਕਾਣੇ ਲਾਉਣ ਦੀ ਵਿਉਂਤ ਬਣਾਈ, ਪਰ ਸਿਰੇ ਨਾ ਚੜ੍ਹੀ। ਇਕ ਦਿਨ ਉਹ ਮਜ਼੍ਹਬੀ ਸਿੰਘ ਕਹਿੰਦਾ, ‘ਸਰਦਾਰਾ! ਸਾਰੀ ਉਮਰ ਗੁਰੂ ਘਰ ਨਹੀਂ ਗਿਆ, ਚੱਲ ਉਥੇ ਹੋ ਆਈਏ,’ ਤੇ ਦੋਵੇਂ ਗੁਰਦੁਆਰੇ ਪਹੁੰਚੇ ਗਏ। ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਜੈਲਾ ਉਸ ਦੀਆਂ ਬਾਹਾਂ ਵਿਚ ਦਮ ਤੋੜ ਗਿਆ। ਸਾਰੇ ਪਿੰਡ ਵਿਚ ਖਬਰ ਪਹੁੰਚ ਗਈ ਕਿ ਜੈਲਾ ਵਿਆਜੜੀਆ ਮਰ ਗਿਆ ਹੈ। ਸਕੀਰੀਆਂ ਵਿਚ ਸੁਨੇਹੇ ਘੱਲੇ ਗਏ। ਪਾਲੋ ਦੇ ਭਤੀਜੇ ਵੀ ਆ ਗਏ। ਸਸਕਾਰ ਤੋਂ ਪਹਿਲਾਂ ਹੀ ਘੁਸਰ-ਮੁਸਰ ਹੋਣ ਲੱਗ ਪਈ। ਜੈਲੇ ਦੇ ਟਰੰਕ ਫਰੋਲੇ ਗਏ। ਉਨ੍ਹਾਂ ਵਿਚੋਂ ਵਸੀਅਤ ਮਿਲੀ ਕਿ ਅੱਧੀ ਜ਼ਮੀਨ ਦੇ ਮਾਲਕ ਜੈਲੇ ਦੇ ਭਤੀਜੇ ਤੇ ਅੱਧੀ ਜ਼ਮੀਨ ਦੇ ਮਾਲਕ ਪਾਲੋ ਦੇ ਭਤੀਜੇ ਹੋਣਗੇ। ਜੈਲੇ ਦੀ ਇਸ ਵਸੀਅਤ ਤੋਂ ਦੋਵਾਂ ਧਿਰਾਂ ਹੀ ਨਾ ਖੁਸ਼ ਹੋਈਆਂ। ਦੋਵਾਂ ਧਿਰਾਂ ਨੇ ਦੁਸ਼ਮਣ ਵਾਂਗ ਜੈਲੇ ਦਾ ਸਸਕਾਰ ਕਰ ਦਿੱਤਾ। ਭੋਗ ਤੋਂ ਬਾਅਦ ਜੈਲੇ ਦਾ ਟਰੰਕ ਖੋਲ੍ਹਿਆ ਗਿਆ। ਪਾਲੋ ਦੇ ਭਤੀਜਿਆਂ ਨੇ ਸਾਰੇ ਪਰਨੋਟਾਂ ਵਾਲਿਆਂ ਨੂੰ ਸੱਦ ਲਿਆ ਤੇ ਸਾਰਿਆਂ ਦੇ ਸਾਹਮਣੇ ਪਰਨੋਟ ਪਾੜਨੇ ਚਾਹੇ, ਪਰ ਜੈਲੇ ਦੇ ਭਤੀਜੇ ਪਰਨੋਟਾਂ ਉਤੇ ਆਪਣਾ ਹੱਕ ਜਿਤਾਉਣ ਲੱਗੇ। ਆਖਰਕਾਰ ਪਰਨੋਟ ਸੜ ਕੇ ਸੁਆਹ ਹੋ ਚੁੱਕੇ ਸਨ।
ਜੈਲੇ ਤੇ ਪਾਲੋ ਵਲੋਂ ਇਕੱਠਾ ਕੀਤਾ ਸੋਨਾ ਨਹੀਂ ਸੀ ਮਿਲਿਆ। ਸਾਰਾ ਘਰ ਪੁੱਟ ਸੁੱਟਿਆ। ਬੈਂਕ ਵਿਚਲੀ ਰਕਮ ਵੀ ਗਾਇਬ ਸੀ। ਜ਼ਮੀਨ ਨੂੰ ਲੈ ਕੇ ਕੇਸ ਕਹਿਚਰੀਆਂ ਵਿਚ ਚੱਲਣ ਲੱਗਿਆ। ਪੂਰੇ ਸਤਾਰਾਂ ਸਾਲ ਕੇਸ ਚੱਲਿਆ। ਇਸ ਦੌਰਾਨ ਜੈਲੇ ਦੇ ਭਤੀਜਿਆਂ ਦੇ ਸੱਤ ਕਿੱਲੇ ਬੈਅ ਹੋ ਗਏ। ਇਸੇ ਤਰ੍ਹਾਂ ਪਾਲੋ ਦੇ ਭਤੀਜਿਆਂ ਦੇ ਚਾਰ ਕਿਲੇ ਬੈਅ ਹੋ ਗਏ, ਤੇ ਦੋ ਜਵਾਨ ਪੁੱਤ ਤੁਰ ਗਏ। ਅਖੀਰ ਫੈਸਲਾ ਉਹੀ ਹੋਇਆ ਜੋ ਜੈਲਾ ਕਰ ਕੇ ਗਿਆ ਸੀ। ਜ਼ਮੀਨ ਦੋਵਾਂ ਧਿਰਾਂ ਨੇ ਇਕੱਠਿਆਂ ਵੇਚ ਦਿੱਤੀ ਤੇ ਪੈਸੇ ਵੰਡ ਲਏ।
ਫਿਰ ਇਕ ਦਿਨ ਸੋਨੇ ਅਤੇ ਪੈਸਿਆਂ ਦਾ ਭੇਤ ਉਸ ਮਜ਼੍ਹਬੀ ਸਿੰਘ ਨੇ ਖੋਲ੍ਹ ਦਿੱਤਾ। ਜੈਲਾ ਮਰਨ ਤੋਂ ਪਹਿਲਾਂ ਸਭ ਕੁਝ ਉਹਨੂੰ ਦੇ ਗਿਆ ਸੀ, ਉਹਦੀ ਕੀਤੀ ਸੇਵਾ ਦਾ ਫ਼ਲ ਉਹਨੂੰ ਦੇ ਗਿਆ ਸੀ। ਦੋਵਾਂ ਧਿਰਾਂ ਦੇ ਦੰਦ ਜੁੜ ਗਏ ਕਿ ਉਨ੍ਹਾਂ ਦਾ ਤਾਂ ਹੱਕ ਜਤਾਉਣ ਦਾ ਤਰੀਕਾ ਹੀ ਗਲਤ ਸੀ! ਜੇ ਕਿਤੇ ਉਹ ਖੁਦ ਸੇਵਾ ਕਰ ਕੇ ਜੈਲੇ ਦਾ ਦਿਲ ਜਿੱਤ ਲੈਂਦੇ, ਤਾਂ ਗੱਲ ਕੁਝ ਹੋਰ ਹੁੰਦੀ। ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਜੈਲੇ ਦਾ ਘਰ ਤੇ ਪਲਾਟ ਸਕੂਲ ਵਾਸਤੇ ਦਾਨ ਕਰ ਕੇ ਬੋਰਡ ‘ਤੇ ਲਿਖਾ ਦਿੱਤਾ, ‘ਜੈਲਾ ਸਿੰਘ ਪਬਲਿਕ ਸਕੂਲ।’
ਸਵੇਰੇ ਦੇ ਭੁੱਲੇ ਸ਼ਾਮ ਨੂੰ ਘਰ ਆ ਗਏ!