ਜਦੋਂ ਵੀ ਚਿੱਬੜ ਨੂੰ ਖਰਬੂਜੇ ਦੇ ਭੁਲੇਖੇ ਖਾਣ ਦੀ ਕੋਸ਼ਿਸ਼ ਕਰੋਗੇ, ਮੂੰਹ ਬੇਸੁਆਦਾ ਹੋਵੇਗਾ ਹੀ। ਬੰਦਾ ਕਈ ਵਾਰ ਤੁਰਿਆ ਤਾਂ ਨੱਕ ਦੀ ਸੇਧ ਨੂੰ ਠੀਕ ਹੀ ਹੁੰਦਾ ਪਰ ਲੱਤ ਫਸਾਉਣ ਵਾਲੇ ਆਪਣੇ ਯਤਨ ਵਿਚ ਫਿਰ ਵੀ ਸਫਲ ਹੋ ਗਏ ਹੁੰਦੇ ਹਨ। ਜਦੋਂ ਵੀ ਗਲਤੀ ਕਰ ਕੇ ਨਾ ਮੰਨਣ ਦੀ ਦੂਜੀ ਗਲਤੀ ਕਰੋਗੇ ਤਾਂ ਦੁਨੀਆਂ ਇਹ ਸਮਝਾਉਣ ਵਿਚ ਦੇਰੀ ਨਹੀਂ ਲਾਉਂਦੀ ਕਿ ਨੱਥ ਸਿਰਫ਼ ਜਾਨਵਰਾਂ ਦੇ ਪਾਉਣ ਦੀ ਲੋੜ ਨਹੀਂ ਹੁੰਦੀ। ਹੁਸਨ ਰੱਜਵਾਂ ਮਿਲ ਜਾਵੇ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਸੋਨੇ ਦੀ ਲੰਕਾ ਹੁਣ ਲੁੱਟੀ ਨਹੀਂ ਜਾਵੇਗੀ।
ਇਹ ਲੁੱਟ ਹੀ ਹੁੰਦੀ ਆਈ ਹੈ ਕਿਉਂਕਿ ਰਾਵਣ ਤੇ ਰਾਮ ਸਮਕਾਲੀ ਹੀ ਰਹੇ ਹਨ। ਕਈ ਫਰਾਂਸ ਨੂੰ ਸੋਹਣਾ ਆਖਦੇ ਹਨ, ਕਈ ਉਥੋਂ ਦੇ ਇਤਰ-ਫਲੇਲਾਂ ਦੇ ਮੁਰੀਦ ਹਨ। ਔਰਤਾਂ ਫਰਾਂਸ ਦੀ ਲਿਪਸਟਿਕ ਲਾ ਕੇ ਮਾਣ ਮਹਿਸੂਸ ਕਰਦੀਆਂ ਹਨ ਤੇ ਹੱਸਦੇ ਫਰਾਂਸ ਦੇ ਬੁੱਤ ਵੀ ਹਨ ਪਰ ਹਿਟਲਰ ਪੈਰਿਸ ਨੂੰ ਖੋਖਲਾ ਸਮਝਦਾ ਰਿਹਾ ਹੈ। ਸਾਰੀਆਂ ਦਵਾਈਆਂ ਸਾਰੀਆਂ ਮਰਜ਼ਾਂ ਲਈ ਨਹੀਂ ਹੁੰਦੀਆਂ। ਜਵਾਨੀ ਵਿਚ ਜਦੋਂ ਇਸ਼ਕ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਸਿਆਣੇ ‘ਹਊ ਪਰੇ’ ਤਾਂ ਕਹਿ ਦਿੰਦੇ ਹਨ ਕਿ ਚਲੋ ਇਹ ਦਿਨ ਸਾਰਿਆਂ ‘ਤੇ ਆਉਣੇ ਹੁੰਦੇ ਹਨ, ਇਸ ਲਈ ਨਿੱਕੀਆਂ-ਮੋਟੀਆਂ ਗਲਤੀਆਂ ਆਟੇ ਵਿਚ ਲੂਣ ਬਣ ਜਾਂਦੀਆਂ ਹਨ ਪਰ ਇਹ ਵਾਸ਼ਨਾ ਜਦੋਂ ਸਿਰ ਤੋਂ ਉਤਾਂਹ ਦੀ ਲੰਘਣ ਲੱਗੇ ਤਾਂ ਸਮਾਜ ਇਹ ਸਮਝਾਉਣ ਲੱਗਾ ਵੀ ਦੇਰੀ ਨਹੀਂ ਲਾਉਂਦਾ ਕਿ ਚਾਕੂ ਸਿਰਫ ਆਲੂ ਛਿੱਲਣ ਲਈ ਹੀ ਨਹੀਂ ਹੁੰਦੇ। ਦੋਸਤੀ ਅਤੇ ਦੁਸ਼ਮਣੀ, ਪਿਆਰ ਤੇ ਇਸ਼ਕ ਵਾਂਗ ਹੈ ਤਾਂ ਸਿਰਫ਼ ਰਿਸ਼ਤੇ ਹੀ ਹਨ, ਦੋਹਾਂ ਵਿਚ ਫਰਕ ਉਦੋਂ ਪਤਾ ਲਗਦਾ ਹੈ ਜਦੋਂ ਪਜਾਮੇ ਦੀ ਇਕ ਮੋਹਰੀ ਵਿਚ ਦੋਵੇਂ ਲੱਤਾਂ ਫਸ ਜਾਣ। ਜਾਨ ਵਾਰਨ ਦੀ ਗੱਲ ਸ਼ਾਇਰਾਂ ਨੇ ਸਭ ਤੋਂ ਪਹਿਲਾਂ ਮੁਹੱਬਤ ਲਈ ਸਹੀ ਸਾਬਤ ਕੀਤੀ ਸੀ ਪਰ ਔਰਤ ਕਵਿਤਾ ਹੀ ਰਹੇ ਤਾਂ ਠੀਕ ਹੈ, ਜਦੋਂ ਚੁਟਕਲਾ ਬਣ ਜਾਵੇ, ਉਦੋਂ ਰੂਪ ਤੇ ਵਾਸ਼ਨਾ ਦੋਵੇਂ ਝਗੜ ਪੈਂਦੇ ਹਨ। ਆਹ ਤੁਹਾਨੂੰ ਵੀ ਲੱਗੇਗਾ ਕਿ ਰਿਸ਼ਤੇ ਚੁੱਪ ਨੇ ਪਰ ਕਿਰਦਾਰ ਕਤਲ ਹੋ ਰਹੇ ਹਨ।
ਐਸ਼ ਅਸ਼ੋਕ ਭੌਰਾ
ਜਿੱਦਾਂ ਦੇ ਹਾਲਾਤ ਬਣ ਰਹੇ ਹਨ, ਬੰਦਾ ਜਿੰਨਾ ਤਣਾਓ ਵੱਸ ਪੈ ਰਿਹਾ ਹੈ, ਗੁਣ ਗਾਉਣ ਵਾਲੇ ਪਿੱਠ ਘੁਮਾਉਂਦਿਆਂ ਹੀ ਆਲੋਚਨਾ ਕਰਨ ਅਤੇ ਬੁਰਾ ਕਹਿਣ ਦੀ ਜੁਗਾਲੀ ਕਰਨ ਲੱਗ ਪੈਂਦੇ ਨੇ। ਜਿਸ ਤਰ੍ਹਾਂ ਰੋਜ਼ਾਨਾ ਇਖਲਾਕ ਕਤਲ ਹੋ ਰਿਹਾ ਹੈ, ਜਿਸ ਤਰ੍ਹਾਂ ਦੀਆਂ ਅਣ-ਕਿਆਸੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ, ਰਿਸ਼ਤੇ ਜਿਵੇਂ ਬੁਰਕੀਆਂ ਹੋ ਰਹੇ ਹਨ, ਨਸ਼ਿਆਂ ਨੂੰ ਮਨੁੱਖ ਖੁਰਾਕ ਸਮਝਣ ਦੀ ਗਲਤੀ ਕਰਨ ਲੱਗ ਪਿਆ ਹੈ; ਲਗਦਾ ਨਹੀਂ, ਆਪਾਂ ਸਾਰੇ ਪਾਗਲ ਹੋ ਸਕਦੇ ਹਾਂ ਕਿਉਂਕਿ ਪਾਗਲ ਹੋ ਕੇ ਹੀ ਦੁੱਖ ਤਕਲੀਫ਼ ਖਹਿੜਾ ਛੱਡਦੇ ਹਨ।
ਮਨੁੱਖ ਅਕਲਮੰਦ ਕਹਾਉਣ ਦੇ ਚੱਕਰ ਵਿਚ ਆਪਣੀ ਲਿਆਕਤ ਨੂੰ ਦਸ ਗੁਣਾਂ ਵੱਧ ਪ੍ਰਗਟਾਉਣ ਦਾ ਯਤਨ ਕਰ ਰਿਹਾ ਹੈ। ਦੂਜਿਆਂ ਨੂੰ ਮੱਤਾਂ ਤੇ ਨਸੀਹਤਾਂ ਦੇਣ ਵਾਲੇ ਦੀਆਂ ਆਪਣੀਆਂ ਦੋਵੇਂ ਬਾਹਾਂ ਗੁਸਤਾਖੀਆਂ ਦੇ ਵੇਲਣੇ ਵਿਚ ਫਸੀਆਂ ਹੋਈਆਂ ਹਨ। ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਅਕਲਮੰਦ ਬੜਾ ਸੀ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਦੁਨੀਆਂ ਉਹਦੇ ਮਗਰ ਲੱਗ ਸਕਦੀ ਹੈ, ਉਦੋਂ ਵੱਡੀ ਉਮਰ ਨੇ ਉਹਦਾ ਰਾਹ ਰੋਕ ਲਿਆ, ਤੇ ਉਹ ਦੁਨੀਆਂ ਜਿੱਤਣ ਲਈ ਪੈਰ ਪੁੱਟਣ ਤੋਂ ਪਿਛਾਂਹ ਹਟ ਗਿਆ। ਸਿਕੰਦਰ ਨੇ ਇਹ ਗੁਸਤਾਖੀ ਕੀਤੀ ਪਰ ਹਾਰ ਉਹਦੇ ਗਲੇ ਦਾ ਹਾਰ ਬਣ ਗਈ। ਇਸੇ ਲਈ ਦੁਨੀਆਂ ਜਿੱਤਣ ਦਾ ਭਰਮ ਸਿਕੰਦਰ ‘ਤੇ ਆ ਕੇ ਚਕਨਾਚੂਰ ਹੋ ਜਾਂਦਾ ਹੈ। ਕੁਰਾਹੇ ਪਈ ਮਨੁੱਖਤਾ ਸਿਧਾਰਥ ਤੇ ਬੁੱਧ ਲੱਭ ਰਹੀ ਹੈ ਪਰ ਦੁੱਖ ਇਹ ਹੈ ਕਿ ਹਰ ਮੋੜ ‘ਤੇ ਜਾਂ ਤਾਂ ਸ਼ਕੁਨੀ ਟੱਕਰ ਰਿਹਾ ਹੈ, ਜਾਂ ਫ਼ਿਰ ਮੁਹੰਮਦ ਤੁਗਲਕ ‘ਜੀ ਆਇਆਂ’ ਆਖਣ ਦੀ ਉਡੀਕ ਵਿਚ ਹੈ। ਅਸਲ ਵਿਚ ਚੋਰ ਤੇ ਸਾਧ ਗੁਥਮ-ਗੁੱਥਾ ਹੋਣ ਲੱਗ ਪਏ ਹਨ। ਬੰਦੂਕ ਅੱਗੇ ਤਰਕ ਖੁੰਢਾ ਹੋ ਗਿਆ ਹੈ। ਲਗਦਾ ਨਹੀਂ, ਕਬੂਤਰ ਕਾਂ ਨੂੰ ਅੱਖ ਮਾਰ ਕੇ ਉਡਾਰੀ ਭਰਨ ਲੱਗ ਪਏ ਹਨ। ਊਂ ਕਾਰੂੰ ਬਾਦਸ਼ਾਹ ਵਾਂਗ ਹੁਣ ਕਬਰਾਂ ਫਰੋਲ ਕੇ ਵੀ ਕੁਝ ਲੱਭਣ ਦੇ ਅਵਸਰ ਮੁੱਕ ਹੀ ਗਏ ਹਨ।
ਹਸਪਤਾਲ ਵਿਚ ਰੋਗੀ ਨੂੰ ਰੋਗੀ ਹੀ ਟੱਕਰਦਾ ਹੈ। ਦੋਵੇਂ ਕਿਉਂਕਿ ਮੌਤ ਤੋਂ ਬਚਣ ਲਈ ਸੰਘਰਸ਼ ਕਰਨ ਦੀ ਸਾਂਝੀ ਕੋਸ਼ਿਸ਼ ਕਰ ਰਹੇ ਹੁੰਦੇ ਹਨ, ਇਸ ਲਈ ਰਿਸ਼ਤੇਦਾਰ ਵਾਂਗ ਮਿਲਣ ਲਗਦੇ ਹਨ। ਉਨ੍ਹਾਂ ਦੀ ਇਕ ਹੋਰ ਨੇੜਤਾ ਜਾਂ ਡਾਕਟਰਾਂ ਨਾਲ ਹੁੰਦੀ ਹੈ ਜਾਂ ਜਮਦੂਤਾਂ ਨਾਲ; ਪਰ ਆਹ ਪੜ੍ਹ ਕੇ ਤੁਹਾਨੂੰ ਵੀ ਲੱਗੇਗਾ ਕਿ ਤੰਦਰੁਸਤ ਲੋਕਾਂ ਨੂੰ ਡਾਕਟਰ ਤੇ ਹਸਪਤਾਲ ਕਿਉਂ ਵਾਜਾਂ ਮਾਰ ਰਹੇ ਹੁੰਦੇ ਹਨ:
ਤੰਗ ਵਿਹੜਾ ਬੰਦਿਆਂ ਨਾਲ ਘੱਟ, ਬੀਬੀਆਂ ਨਾਲ ਵੱਧ ਭਰਿਆ ਹੋਇਆ ਸੀ। ਦੋ ਛੋਟੇ-ਛੋਟੇ ਬੱਚੇ ਲੇਰਾਂ ਮਾਰ ਕੇ ਰੋ ਰਹੇ ਸਨ। ਇਕ ਨੁੱਕਰੇ ਵਾਲ ਖਿਲਾਰ ਕੇ ਬੈਠੀ ਤੇ ਦੁਹੱਥੜੀਂ ਪਿੱਟ ਰਹੀ ਪਵਿੱਤਰ ਕੌਰ ਦੇ ਵੈਣ ਚੰਗੇ ਭਲੇ ਦੀਆਂ ਅੱਖਾਂ ਵਿਚ ਹੰਝੂ ਲਿਆ ਰਹੇ ਸਨ। ਪਵਿੱਤਰ ਨੂੰ ਵਾਰ-ਵਾਰ ਦੰਦਲ ਪੈ ਰਹੀ ਸੀ। ਮਸਾਂ ਦੰਦ ਚਮਚੇ ਨਾਲ ਖੋਲ੍ਹ ਕੇ ਬੂੰਦ ਪਾਣੀ ਦੀ ਅੰਦਰ ਲੰਘਦੀ, ਤੇ ਅਗਲੇ ਪਲ ਫਿਰ ਲੰਮੀ ਲੇਰ ਨਿਕਲਦੀ, “ਵੇ ਮੈਂ ਤਾਂ ਤੇਰੇ ਗੁੱਟ ‘ਤੇ ਸਾਰੀ ਉਮਰ ਰੱਖੜੀ ਬੰਨ੍ਹਦੀ ਰਹੀ, ਪਈ ਭੈਣਾਂ ਦੇ ਵੀਰ ਰਾਖੇ ਹੁੰਦੇ। ਪਾਪੀਆæææਤੂੰ ਭੈਣ-ਭਰਾ ਦੇ ਰਿਸ਼ਤੇ ਨੂੰ ਫੂਕ’ਤਾ। ਮੈਨੂੰ ਸਿਰੋਂ ਰੰਡੀ ਕਰਨ ਵਾਲਿਆæææਤੈਨੂੰ ਲੋਕ ਲਾਹਣਤਾਂ ਪਾਉਣਗੇæææਹਾਏ ਮੈਂ ਕੀ ਕਰੂੰਗੀ। ਕਿਵੇਂ ਇਹ ਗਿੱਲਾ ਪੀਹਣ ਢੋਆਂਗੀæææਧੀਆਂ ਕਿਥੋਂ ਵਿਆਹਵਾਂਗੀæææਭੈਣ ਦੀ ਹਾਅ ਪੈ ਜੂ। ਤੂੰ ਵੀ ਸਾਰੀ ਉਮਰ ਜੇਲ੍ਹਾਂ ਵਿਚ ਰੁਲੇਂææ ਫਾਹੇ ਲੱਗ ਜਾਏ ਇੱਦਾਂ ਦਾ ਭਰਾæææਹਾਏ ਉਏ ਮੇਰਿਆਂ ਡਾਢਿਆ ਰੱਬਾæææ।” ਤੇ ਨਾਲ ਹੀ ਵਿਲਕਦੀ ਪਵਿੱਤਰ ਫਿਰ ਗਮ ਵਿਚ ਗੁੱਟ ਹੋ ਜਾਂਦੀ।
ਕੋਲ ਬੈਠੀਆਂ ਬੀਬੀਆਂ ਸਿਰ ਪਲੋਸਦੀਆਂ, “ਧੀਏ ਧੀਰਜ ਬੰਨ੍ਹ, ਮਰਦ ਬਣ। ਇਨ੍ਹਾਂ ਦੋ ਧੀਆਂ ਵੱਲ ਦੇਖ਼ææ।”
ਪਵਿੱਤਰ ਦੇ ਪਤੀ ਭਜਨ ਸਿੰਘ ਦਾ ਕਤਲ ਹੋ ਗਿਆ ਸੀ। ਅੱਜ ਉਸ ਦੀ ਲਾਸ਼ ਪੰਦਰਾਂ ਦਿਨ ਪਿਛੋਂ ਗੰਦੇ ਨਾਲੇ ਵਿਚੋਂ ਮਿਲੀ ਸੀ ਜਿਸ ਨੂੰ ਪੋਸਟ-ਮਾਰਟਮ ਮਗਰੋਂ ਲਿਆਂਦਾ ਜਾਣਾ ਸੀ। ਕੁਝ ਲੋਕ ਸ਼ਮਸ਼ਾਨਘਾਟ ਵਿਚ ਬਾਲਣ ਸੁੱਟਣ ਦਾ ਪ੍ਰਬੰਧ ਕਰਨ ਵਿਚ ਲੱਗੇ ਹੋਏ ਸਨ। ਕਈ ਭਜਨ ਸਿੰਘ ਦੇ ਨਹਾ ਕੇ ਪਾਉਣ ਵਾਲੇ ਲੀੜਿਆਂ ਦਾ ਇੰਤਜ਼ਾਮ ਕਰ ਰਹੇ ਸਨ। ਰਿਸ਼ਤੇਦਾਰਾਂ ਦਾ ਆਉਣਾ ਜਾਰੀ ਸੀ।
ਅਸਲ ਵਿਚ ਜੀਜੇ ਦੇ ਕਤਲ ਦਾ ਇਲਜ਼ਾਮ ਸਾਲੇ ਰਾਮ ਸਿੰਘ ‘ਤੇ ਲੱਗ ਰਿਹਾ ਸੀ। ਪਵਿੱਤਰ ਕੌਰ ਨੇ ਪੁਲਿਸ ਕੋਲ ਬਿਆਨਾਂ ਵਿਚ ਕਿਹਾ ਸੀ ਕਿ ਉਸ ਦਾ ਭਰਾ ਘਰ ਆਇਆ, ਦੋਹਾਂ ਨੇ ‘ਕੱਠਿਆ ਸ਼ਰਾਬ ਪੀਤੀ, ਤੇ ਜਾਣ ਲੱਗਾ ਉਹ ਭਜਨ ਸਿੰਘ ਨੂੰ ਵੀ ਨਾਲ ਲੈ ਗਿਆ। ਅਗਲੇ ਦਿਨ ਰਾਮ ਸਿੰਘ ਤਾਂ ਦੁਬਈ ਚਲਾ ਗਿਆ ਪਰ ਭਜਨ ਸਿੰਘ ਘਰ ਨਾ ਪਰਤਿਆ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਜਨ ਸਿੰਘ ਆਪਣੇ ਸੱਸ-ਸਹੁਰੇ ਦੀ ਛੇ ਕਨਾਲ ਜ਼ਮੀਨ ਵਿਚੋਂ ਰਾਮ ਸਿੰਘ ਤੋਂ ਅੱਧ ਮੰਗਦਾ ਸੀ, ਇਸੇ ਲਈ ਉਸ ਦਾ ਕਤਲ ਕੀਤਾ ਗਿਆ ਲਗਦਾ ਹੈ, ਤੇ ਜਦੋਂ ਅੱਜ ਪੁਲਿਸ ਨੇ ਇਕ ਸੂਹ ‘ਤੇ ਭਜਨ ਸਿੰਘ ਦੀ ਲਾਸ਼ ਗੰਦੇ ਨਾਲੇ ਵਿਚੋਂ ਬਰਾਮਦ ਕੀਤੀ ਤਾਂ ਕਤਲ ਤਸਦੀਕ ਹੋ ਗਿਆ ਸੀ।
ਇਕ ਪਾਸੇ ਬੈਠੀਆਂ ਗੁਆਂਢਣਾਂ ਚੁੰਜ ਚਰਚਾ ਕਰ ਰਹੀਆਂ ਸਨ, ‘ਲੁੱਚਾ ਨਿਕਲਿਆ ਬਦਮਾਸ਼ ਤੇ ਕਾਤਲ ਰਾਮ ਸਿੰਘ। ਭੱਜੀ (ਭਜਨ ਸਿੰਘ) ਨੂੰ ਵੱਢ ਕੇ ਕੀ ਮਿਲਿਆ? ਇਹ ਤਾਂ ਵਿਚਾਰਾ ਦੇਵਤਾ ਸੀæææਨੀ ਇਕ ਦਿਨ ਭੈਣ ਨਾਲ ਲੜੇæææਮੈਂ ਤਾਂ ਆਪਣੇ ਚੁਬਾਰੇ ਦੇ ਜੰਗਲੇ ਨਾਲ ਲੱਗ ਕੇ ਸੁਣਾਂæææਅਖੇ ਤੇਰਾ ਚਾਲ-ਚਲਣ ਠੀਕ ਨਹੀਂæææਤੂੰ ਘਰ ਓਪਰੇ ਮਰਦ ਬੁਲਾਉਂਦੀ ਏਂæææਸ਼ਾਮੇ ਨਾਲ ਤੇਰੇ ਸਬੰਧ ਨੇæææ।’
ਇਕ ਹੋਰ ਪੁੱਛ ਰਹੀ ਸੀ, ‘ਨੀ ਸ਼ਾਮਾ ਭਲਾ ਕੌਣ?’
ਉਹ ਸਲੇਮ ਟਾਬਰੀ ਵਾਲਾ ਨੀ ਇਕ ਮੁੰਡਾ ਇਨ੍ਹਾਂ ਦੇ ਘਰ ਆਉਂਦਾ ਹੁੰਦਾ ਸੀæææਗੋਰਾ ਜਿਹਾ ਅੱਖੋਂ ਬਿੱਲਾ।’
‘ਊਂ ਭੈਣੇ ਗੁੱਸਾ ਨਾ ਕਰੀਂ, ਵੜਿਆ ਤਾਂ ਇਥੇ ਹੀ ਰਹਿੰਦਾ ਸੀæææਦਾਲ ਵਿਚ ਕਾਲਾ ਤਾਂ ਸੀ ਕੁਝæææਭੱਜੀ ਤਾਂ ਵਿਚਾਰਾ ਗਊ ਸੀ, ਰਾਤ ਨੂੰ ਫੈਕਟਰੀ ਵਿਚ ਕੰਮ ਕਰਨ ਚਲਾ ਜਾਂਦਾ ਸੀæææਇਹਨੂੰ ਕੀ ਪਤਾ ਹੋਣਾæææਦਿਨੇ ਸੁੱਤਾ ਰਹਿੰਦਾ ਸੀ।’
ਇਕ ਹੋਰ ਆਖ ਰਹੀ ਸੀ, ‘ਨੀ ਨਖਸਮੀਓਂæææਕਾਹਨੂੰ ਗੰਗਾ ਵਰਗੀ ਪਵਿੱਤਰ, ਪਵਿੱਤਰ ਦੀ ਖੇਹ ਉਡਾਉਨੀਆਂæææਜੇ ਇਹ ਗੱਲ ਹੁੰਦੀ ਤਾਂ ਭੈਣ ਦੇ ਗਿੱਟੇ ਛਿੱਲਦਾ, ਵਿਚਾਰੇ ਭੱਜੀ ਦਾ ਕੀ ਕਸੂਰ ਸੀ।’
ਤੇ ਵਿਚੇ ਦੂਜੇ ਪਾਸੇ ਘੁਸਰ-ਫੁਸਰ ਹੋਈ ਜਾਂਦੀ, ‘ਸ਼ਾਮਾ ਤਾਂ ਵਿਚਾਰਾ ਉਸੇ ਦਿਨ ਦਾ ਭੱਜੀ ਨੂੰ ਲੱਭਣ ਵਿਚ ਦਿਨ ਰਾਤ ਨ੍ਹੀਂ ਸੁੱਤਾ ਹੋਣਾæææਲਗਦਾ ਤਾਂ ਨਹੀਂ ਇੱਦਾਂ ਦਾ, ਪਰ ਅੱਜ ਕੱਲ੍ਹ ਕੀ ਪਤਾ ਲਗਦਾ ਕਿਸੇ ਦਾ।’
ਘਰ ਦੇ ਤੰਗ ਵਿਹੜੇ ਦੀ ਦੂਜੀ ਨੁੱਕਰੇ ਬੈਠੇ ਕੁਝ ਸਿਆਣੇ ਲੋਕ ਆਪੋ ਆਪਣੀਆਂ ਵਿਚਾਰਾਂ ਵਿਚ ਮਸਤ ਸਨ, ‘ਬਈ ਆਹ ਅਖੀਰ ਦੇਖੀ ਆ ਕਲਯੁੱਗ ਦੀ। ਭਰਾ ਵੀ ਭੈਣ ਦਾ ਘਰ ਫੂਕਣ ਤੁਰ ਪਏ ਨੇ ਦੋ ਫਰਲਾਂਗ ਜ਼ਮੀਨ ਦੀ ਖਾਤਰ। ਪਈ ਜੇ ਭੱਜੀ ਹਿੱਸਾ ਵੀ ਮੰਗਦਾ, ਨਾ ਦੇਹ। ਜਾਨੋਂ ਕਾਹਨੂੰ ਮਾਰਨਾ ਸੀ ਵਿਚਾਰੇ ਨੂੰæææਨਾਲੇ ਬੜਾ ਸ਼ੈਤਾਨ ਨਿਕਲਿਆ, ਮਾਰ ਕੇ ਭੱਜ ਗਿਆ ਦੁਬਈæææਨਾਲੇ ਕੋਈ ਪੁੱਛੇ, ਪਈ ਸਾਡੀ ਪੁਲਿਸ ਤਾਂ ‘ਮਰੀਕਾ ਵਿਚੋਂ ਲੱਭ ਲਿਆਉਂਦੀ ਆæææਤੂੰ ਤਾਂ ਨਾਲ ਬੈਠਾਂ ਦੁਬਈæææਤੇਰੇ ਤਾਂ ਪੋਤੜੇ ਲੱਭ ਲਿਆਊ ਪੁਲਿਸ।’
ਕੁਝ ਕੋਲ ਬੈਠੇ ਹੋਰ ਗੁਆਂਢੀ ਇਹ ਵੀ ਆਖੀ ਜਾਂਦੇ, ‘ਬਾਈ ਹੁਣੇ ਪਤਾ ਲੱਗਾ ਪਵਿੱਤਰ ਤੋਂ, ਪਈ ਛੇ ਕਨਾਲ ਜ਼ਮੀਨ ਦਾ ਰੌਲਾ ਆ। ਊਂ ਇਥੇ ਆਉਂਦਾ ਜਾਂਦਾ ਸੀ, ਇੱਦਾਂ ਦਾ ਲਗਦਾ ਤਾਂ ਨਹੀਂ ਰਾਮ ਸਿੰਘæææਜਦੋਂ ਆਉਣਾ, ਜੀਜਾ ਸਾਲਾ ‘ਕੱਠੇ ਆਉਂਦੇ ਸਨ। ਕਦੇ ਨਹੀਂ ਸੁਣਿਆ ਸੀ ਬੋਲ-ਬਰਾਲਾ ਕੋਈæææਚਲੋ ਰੱਬ ਈ ਜਾਣੇ, ਕੀ ਪਤਾ ਲਗਦਾ ਕਿਸੇ ਦਾ। ਹੋਇਆ ਬਈ ਊਂ ਮਾੜਾ ਬਹੁਤ ਆ। ਭੱਜੀ ਤਾਂ ਪੂਰਾ ਗਊ ਸੀ, ਬੀਬਾ ਬੰਦਾæææਉਚਾ ਨੀਵਾਂ ਤਾਂ ਕਦੇ ਬੋਲਦਾ ਦੇਖਿਆ ਹੀ ਨਹੀਂ ਸੀ।’
ਤੇ ਘਰ ਦੀ ਹਰ ਨੁੱਕਰੇ ਜਿੰਨੇ ਲੋਕ, ਉਨੀਆਂ ਗੱਲਾਂ। ਜਦ ਨੂੰ ਆ ਗਿਆ ਸੁਨੇਹਾ ਕਿ ਲਾਸ਼ ਪੁਲਿਸ ਸਿੱਧੀ ਸ਼ਾਮਸ਼ਾਨਘਾਟ ਲੈ ਕੇ ਆ ਰਹੀ ਆæææਹਾਲਤ ਖਰਾਬ ਆ, ਨਹਾਉਣਾ-ਧੋਣ ਔਖਾ ਹੈ।æææਸਾਰੇ ਉਥੇ ਹੀ ਪੁੱਜ ਜਾਣ।
ਬਿਨਾਂ ਮੁਰਦੇ ਤੋਂ ਲੋਕ ਸ਼ਮਸ਼ਾਨਘਾਟ ਵੱਲ ਤੁਰੇ ਜਾ ਰਹੇ ਸਨ। ਕੁਝ ਇਕ ਦੇ ਹੱਥ ਵਿਚ ਕੱਫਣ ਤਾਂ ਸਨ ਪਰ ਅਰਥੀ ਨਾਲ ਨਹੀਂ ਸੀ। ਉਧਰ, ਪਵਿੱਤਰ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀæææਚਾਰ-ਪੰਜ ਔਰਤਾਂ ਨੇ ਉਹਨੂੰ ਸਹਾਰਾ ਦਿੱਤਾ ਹੋਇਆ ਸੀ। ਦੋਵੇਂ ਧੀਆਂ ਨਾਲ ਹੀ ਵਿਲਕ ਰਹੀਆਂ ਸਨ।
‘ਹਾਏ ਵੇ ਤੇਰੀ ਵੀ ਲਾਸ਼ ਕਿਤੇ ਬਕਸੇ ਵਿਚ ਬੰਦ ਹੋ ਕੇ ਆਵੇ ਦੁਬਈ ਤੋਂæææਪਿਓ ਨੇ ਤੇਰਾ ਨਾਂ ਏ ਗਲਤ ਰੱਖਿਆ ਰਾਮ ਸਿੰਘæææਤੂੰ ਤਾਂ ਪਾਪੀ ਨਿਕਲਿਆæææਹਾਏ ਵੇ ਉਜਾੜ’ਤੀ ਵਸਦੀ ਭੈਣ ਕਲਯੁਗੀ ਭਰਾ ਨੇæææ।’ ਰੋ-ਰੋ ਕੇ ਬੈਠੇ ਸੰਘ ਵਿਚੋਂ ਇਹ ਆਵਾਜ਼ਾਂ ਮੱਧਮ ਜਿਹੀਆਂ ਹੋ ਰਹੀਆਂ ਸਨ, ਤੇ ਨਾਲ ਹੀ ਸਿਵਿਆਂ ਦੇ ਰਾਹ ਵਿਚ ਪਵਿੱਤਰ ਕੌਰ ਬੇਹੋਸ਼ ਹੋ ਕੇ ਡਿਗ ਪਈæææਮੂੰਹ ‘ਤੇ ਪਾਣੀ ਸੁੱਟਿਆ, ਮਸਾਂ ਦੰਦ ਪੱਟੇ। ਔਰਤਾਂ ਬਥੇਰਾ ਕਹਿਣ, ਦਿਲ ਕਰੜਾ ਕਰ, ਪਰ ਵਿਚਾਰੀ ਦੇ ਸਰੀਰ ਵਿਚ ਤਾਂ ਜਾਨ ਜਿਵੇਂ ਮਾਸਾ ਨਾ ਹੋਵੇ।
ਭਜਨ ਸਿੰਘ ਨੂੰ ਅਗਨ ਭੇਟ ਕਰ ਦਿੱਤਾ ਗਿਆ। ਪਵਿੱਤਰ ਨੇ ਬਥੇਰਾ ਕਿਹਾ ਕਿ ਮੇਰੇ ਸਿਰ ਦੇ ਸਾਂਈਂ ਦਾ ਮੂੰਹ ਦੇਖ ਲੈਣ ਦਿਓ ਪਰ ਦੇਖਣ ਵਾਲਾ ਬਚਿਆ ਹੀ ਕੁਝ ਨਹੀਂ ਸੀ। ਉਹਦੀ ਨੀਮ ਪਾਗਲਾਂ ਵਾਲੀ ਹਾਲਤ ਵੇਖੀ ਨਹੀਂ ਜਾਂਦੀ ਸੀ।
ਚਿਤਾ ਵਿਚੋਂ ਜਿਉਂ ਹੀ ਲਾਟਾਂ ਉਚੀਆਂ ਉਠੀਆਂ, ਥਾਣੇਦਾਰ ਨੇ ਸਰਪੰਚ ਨੂੰ ‘ਵਾਜ ਮਾਰ ਕੇ ਕਿਹਾ, ‘ਸਰਪੰਚ ਸਾਹਿਬ, ਅਸੀਂ ਪਵਿੱਤਰ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੇ ਹਾਂ। ਭਜਨ ਸਿੰਘ ਦਾ ਕਾਤਲ ਰਾਮ ਸਿੰਘ ਨਹੀਂ, ਉਹਦੀ ਪਤਨੀ ਪਵਿੱਤਰ ਕੌਰ ਹੈ।’ ਤੇ ਨਾਲ ਹੀ ਹੱਥਕੜੀ ਲੱਗੇ ਸ਼ਾਮੇ ਨੂੰ ਗੱਡੀ ਵਿਚੋਂ ਉਤਾਰ ਕੇ ਦੱਸਿਆ, ‘ਇਹ ਹੈ ਇਹਦਾ ਪ੍ਰੇਮੀ ਜਿਸ ਨੇ ਭਜਨ ਸਿੰਘ ਨੂੰ ਮਾਰ ਕੇ ਲਾਸ਼ ਖੁਰਦ-ਬੁਰਦ ਕਰਨ ਲਈ ਗੰਦੇ ਨਾਲੇ ਵਿਚ ਸੁੱਟੀ ਸੀ।’
ਸ਼ਮਸ਼ਾਨਘਾਟ ਵਿਚ ਲੋਕਾਂ ਦੇ ਚਿਹਰਿਆਂ ‘ਤੇ ਗਮ ਦੀ ਥਾਂ ਹੈਰਾਨੀ ਭੜਕ ਪਈ ਸੀ, ‘ਇਹ ਕਿਵੇਂ?’ ਗੰਗਾ ਪਿਹੋਏ ਵੱਲ ਪੁੱਠੀ ਕਾਹਤੋਂ ਵਗਣ ਲੱਗੀ ਪਈ? ਤੇ ਉਧਰ ਗੱਡੀ ਵਿਚੋਂ ਦੋ ਔਰਤ ਪੁਲਿਸ ਕਰਮਚਾਰੀਆਂ ਨੇ ਸਹਾਰਾ ਭਾਲਦੀ ਪਵਿੱਤਰ ਕੌਰ ਨੂੰ ‘ਡਰਾਮੇਬਾਜ਼, ਠਗਣੀ, ਪਖੰਡਣ, ਬਦਮਾਸ਼ ਔਰਤ’ ਆਖਦਿਆਂ ਧੂਹ ਕੇ ਸ਼ਾਮੇ ਦੇ ਨਾਲ ਹੀ ਗੱਡੀ ਵਿਚ ਸੁੱਟ ਲਿਆ ਸੀ।
ਲੋਕੀ ਸੋਚ ਰਹੇ ਸਨ, ‘ਹੁਣ ਬੱਚੀਆਂ ਦਾ ਕੀ ਬਣੇਂਗਾ?’
ਅਗਲੇ ਦਿਨ ਜਦੋਂ ਪੁਲਿਸ ਪਵਿੱਤਰ ਕੌਰ ਨੂੰ ਲੈ ਕੇ ਪਿੰਡ ਆਈ ਤਾਂ ਇਕ ਦਿਨ ਪਹਿਲਾਂ ਵਿਲਕਣ ਤੇ ਰੋ-ਰੋ ਕੇ ਪਾਗਲ ਹੋਣ ਵਾਲੀ ਪਵਿੱਤਰ ਨੀਵੀਂ ਪਾ ਕੇ ਬੋਹੜ ਹੇਠਾਂ ਸਰਪੰਚ ਸਰਦਾਰਾ ਸਿੰਘ ਦੀ ਹਾਜ਼ਰੀ ਵਿਚ ਜੁੜੀ ਪਰ੍ਹਿਆ ਵਿਚ ਬੁੱਤ ਬਣ ਕੇ ਖੜ੍ਹੀ ਸੀ।
ਥਾਣੇਦਾਰ ਬਿਸ਼ਨ ਸਿੰਘ ਨੇ ਦੱਸਿਆ, ‘ਪਵਿੱਤਰ ਨਾਂ ਦੀ ਇਸ ਔਰਤ ਨੇ ਕੀਤਾ ਕੀ ਹੈ, ਸੁਣੋæææਸ਼ਾਮ ਨੂੰ ਜਦੋਂ ਚੁਬਾਰੇ ਵਿਚ ਬੈਠੇ ਭਜਨ ਸਿੰਘ ਤੇ ਰਾਮ ਸਿੰਘ ‘ਕੱਠੇ ਦਾਰੂ ਪੀ ਰਹੇ ਸਨ, ਤਾਂ ਪੀਤੀ ਵਿਚ ਭਜਨ ਸਿੰਘ ਰੋ ਪਿਆæææ”ਰਾਮ ਸਿੰਘ ਮੈਂ ਖੂਹ-ਖਾਤਾ ਗੰਦਾ ਕਰ ਦਿਆਂਗਾæææਤੇਰੀ ਭੈਣ ਨਹੀਂ ਹਟਦੀæææਇਹਨੇ ਪੁੱਠੇ ਪੈਰ ਚੁੱਕ ਲਏ ਆæææਸ਼ਾਮੇ ਨਾਲ ਇਹਦੇ ਗਲਤ ਸਬੰਧ ਆæææਸਮਝਾ ਕੇ ਤੂੰ ਵੀ ਦੇਖ ਲਿਆ ਪਰ ਇਹ ਜਿਣਸ ਹਟਣ ਵਾਲੀ ਨਹੀਂæææਕੁਛ ਕਰ, ਨਹੀਂ ਤਾਂ ਮੈਂ ਇਸ ਜਨਾਨੀ ਤੋਂ ਅੱਕੇ ਨੇ ਫਾਹਾ ਲੈ ਲੈਣਾ, ਜਾਂ ਖੂਹ-ਟੋਭੇ ਵਿਚ ਛਾਲ ਮਾਰ ਕੇ ਮਰ ਜਾਣਾæææਸ਼ਰ੍ਹੇਆਮ ਘਰ ਵੜਿਆ ਰਹਿੰਦਾ, ਕੁਝ ਕਹਾਂ ਤਾਂ ਖਾਣ ਨੂੰ ਪੈਂਦੀ ਆ।”
ਰਾਮ ਸਿੰਘ ਅੰਦਰ ਅਣਖ ਜਾਗ ਪਈ। ਉਹ ਬੋਲਿਆ, “ਫ਼ਿਕਰ ਨਾ ਕਰ। ਉਹ ਸਾਲਾ ਮੇਰਾ ਕਰਿਆਨੇ ਦੀ ਦੁਕਾਨ ‘ਤੇ ਹੀ ਹੁੰਦਾ ਨਾ?”
“ਆਹੋ।”
“ਲੈ ਫਿਰ ਕੱਲ੍ਹ ਨੂੰ ਦੁਬਈ ਜਾਣ ਤੋਂ ਪਹਿਲਾਂ ਸਾਲੇ ਕੁੱਤੇ ਦਾ ਕੰਮ ਕਰਾ ਕੇ ਹੀ ਜਾਵਾਂਗਾ।”
“ਕਰ ਕੁਛæææਕਰ ਕੁਛæææ।” ਭਜਨ ਸਿੰਘ ਵਿਲਕਿਆ।
ਤੇ ਪਵਿੱਤਰ ਇਹ ਸਾਰਾ ਕੁਝ ਪੌੜੀਆਂ ਵਿਚ ਖੜ੍ਹੀ ਸੁਣਦੀ ਰਹੀ। ਉਹਨੇ ਉਦੋਂ ਹੀ ਹੇਠਾਂ ਆ ਕੇ ਸ਼ਾਮੇ ਨੂੰ ਫੋਨ ਮਿਲਾ ਕੇ ਕਿਹਾ, “ਇਸ ਤੋਂ ਪਹਿਲਾਂ ਕਿ ਮੇਰਾ ਭਰਾ ਤੇ ਭਜਨ ਸਿੰਘ ਤੇਰਾ ਕੁਛ ਕਰਨ, ਤੂੰ ਕੁਛ ਕਰ ਲੈæææਭਰਾ ਦੀ ਵੱਢ ਖਾਣਿਆਂ ਨਾਲ ਯਾਰੀ ਆ।”
ਦੇਰ ਰਾਤ ਜਦੋਂ ਰਾਮ ਸਿੰਘ ਘਰੋਂ ਗਿਆ, ਸ਼ਾਮੇ ਨੇ ਕਿਸੇ ਹੋਰ ਨੂੰ ਗਿਣੀ-ਮਿਥੀ ਸਾਜ਼ਿਸ਼ ਨਾਲ ਭੇਜਿਆ ਕਿ ਭਜਨ ਸਿੰਘ ਨੂੰ ਹੁਣੇ ਫੈਕਟਰੀ ਵਿਚ ਮਾਲਕਾਂ ਨੇ ਬੁਲਾਇਆæææਮਸ਼ੀਨ ਕੰਮ ਨਹੀਂ ਕਰਦੀæææਉਹ ਤਾਂ ਆਖੇ, ਅੱਜ ਮੇਰੀ ਛੁੱਟੀ ਆ, ਨਹੀਂ ਜਾਣਾ; ਪਰ ਪਵਿੱਤਰ ਕਹੇ- ਜਾਹæææਮਾਲਕ ਤੇਰਾ ਇੰਨਾ ਖਿਆਲ ਰੱਖਦੇ ਆæææਤੇ ਭਰੋਸਾ ਕਰ ਕੇ ਭਜਨ ਸਿੰਘ ਬਾਹਰ ਸ਼ਰਾਬੀ ਹਾਲਤ ਵਿਚ ਗੱਡੀ ਵਿਚ ਬਹਿ ਗਿਆ। ਬੈਠਦੇ ਸਾਰ ਹੀ ਉਹਦਾ ਤਾਂ ਪਹਿਲਾਂ ਹੀ ਤਿਆਰ ਬੈਠੇ ਦੋ ਜਣਿਆਂ ਨੇ ਗਲਾ ਘੁੱਟ ਕੇ ਕਰ’ਤਾ ਕੰਮ।æææਤੇ ਅੱਧੀ ਰਾਤ ਨੂੰ ਜਦੋਂ ਰਾਮ ਸਿੰਘ ਦੇ ਘਰ ਇਹ ਕਾਤਲ ਪੁੱਜੇ ਤਾਂ ਉਥੇ ਜਿੰਦਰਾ ਲੱਗਾ ਹੋਇਆ ਸੀ। ਰਾਮ ਸਿੰਘ ਉਦਣ ਪਰਿਵਾਰ ਨਾਲ ਸਹੁਰੀਂ ਚਲਾ ਗਿਆ ਸੀ।
ਅੱਧੀ ਰਾਤੀਂ ਜਦੋਂ ਸ਼ਾਮਾ ਪਵਿੱਤਰ ਕੌਰ ਕੋਲ ਘਰ ਪਹੁੰਚਿਆ, ਤਾਂ ਉਹਨੇ ਪੁੱਛਿਆ, “ਕਿਵੇਂ ਰਿਹਾ?”
“ਭਰਾ ਤੇਰਾ ਬਚ ਗਿਆæææਖਸਮ ਤੇਰੇ ਦਾ ਕਰ’ਤਾ ਕੰਮæææ।”
“ਤੇ ਲਾਸ਼?”
“ਗੰਦੇ ਨਾਲੇ ਵਿਚ।”
ਤੇ ਕੱਲ੍ਹ ਪਿੱਟਣ ਦਾ ਡਰਾਮਾ ਕਰਨ ਵਾਲੀ ਔਰਤ ਨੇ ਸ਼ਾਮੇ ਦੇ ਗਲ ਬਾਹਾਂ ਪਾ ਕੇ ਆਖਿਆ ਸੀ, “ਅੱਜ ਹੋਈ ਆਂ ਸ਼ਾਮਿਆ ਤੇਰੀ।”
æææਮਾਂ ਨੂੰ ਤਾਂ ਲਗਦਾ ਸੀ ਕਿ ਸੱਤ ਸਾਲਾਂ ਦੀ ਧੀ ਰਜਨੀ ਸੌਂ ਗਈ ਆ ਪਰ ਉਸ ਦੀ ਜਾਗ ਨੇ ਹੀ ਪੁਲਿਸ ਨੂੰ ਸਿਰੇ ਤੱਕ ਪਹੁੰਚਣ ਲਈ ਸੁਰਾਗ ਦਿੱਤਾ ਸੀ।
ਕਹਿੰਦੇ ਨੇ, ਜਦੋਂ ਦਿਮਾਗ਼ ਦੇ ਜੋੜ ਖੁੱਲ੍ਹ ਜਾਣ, ਤਾਂ ਰੱਬ ਵੀ ਇਨ੍ਹਾਂ ਨੂੰ ਕੱਸਣ ਵਾਲੀ ਚਾਬੀ ਗੁਆ ਲੈਂਦਾ ਹੈ।
______________________
ਗੱਲ ਬਣੀ ਕਿ ਨਹੀਂ
ਫਿਲਮਾਂ ‘ਚ ਰੱਬ!
ਦੀਵਾ ਭਰਿਆ ਤੇਲ ਦਾ, ਬੱਤੀ ਲੈ ਗਿਆ ਸਾਧ।
ਵੇਲਾ ਹੱਥੋਂ ਲੰਘ ਜੂ, ਹੁਣ ਤਾਂ ਬੰਦਿਆ ਜਾਗ।
ਟੱਲੀਆਂ-ਛੈਣੇ ਛਣਕਦੇ, ਚਿਮਟੇ ਪਾਉਂਦੇ ਸ਼ੋਰ,
ਊਂ ਇਹ ਵੱਜੀ ਜਾਂਵਦਾ, ਹੈ ਭੈਰਵੀ ਰਾਗ।
ਭਾਗੋ ਧੂਹ ਕੇ ਲੈ ਗਈ ਦੇ ਗੁੱਗਲ ਦਾ ਸੇਕ,
ਫੇਰ ਵੀ ਨਹੀਂਓਂ ਜਾਗਦੇ ਭਾਗ ਸਿਹੁੰ ਦੇ ਭਾਗ।
ਨਿਓਲਾ ਬੈਠਾ ਝੂਰਦਾ, ਖੋਹ ਲਏ ਸਭ ਹਥਿਆਰ,
ਤਾਂ ਭੂਤਰਿਆ ਫਿਰ ਰਿਹੈ ਕੌਡੀਆਂ ਵਾਲਾ ਨਾਗ।
ਫਿਲਮਾਂ ਦੇ ਵਿਚ ਬਣ ਗਿਆ ਮੂਰਖ ਕਿੱਦਾਂ ਰੱਬ,
ਲੋਕੀਂ ਸਿੰਗ ਫਸਾਉਣਗੇ ਨਵਾਂ ਪਾ ਗਿਆ ਜੱਭ।
ਤਿਤਲੀ ਬੈਠੀ ਫੁੱਲ ‘ਤੇ, ਭੌਰੇ ਮਾਰੀ ਅੱਖ,
ਉਹ ਤਾਂ ਛੇਤੀ ਉਡ ਗਿਆ, ਲੜੀ ਭੂੰਡ ਦੇ ਮੱਖ।
ਬੱਕਰੀ ਚੀਕਾਂ ਮਾਰਦੀ, ਬੱਕਰਾ ਮਾਰੇ ਲੇਰ,
ਗਾਂ ਸਮੇਂ ਸਿਰ ਸੂ ਪਈ, ਪੈਂਦੀ ਨਹੀਂਓਂ ਜੇਰ।
ਬਾਬੇ ਪੂਰੇ ਮੁਸ਼ਕ ਗਏ ਤਾਂ ਡੇਰਿਆਂ ਦਾ ਜ਼ੋਰ,
ਇਕੋ ਖੁੱਡ ‘ਚੋਂ ਨਿਕਲਦੇ ḔਭੌਰੇḔ ਸਾਧ ਤੇ ਚੋਰ।
-ਐਸ਼ ਅਸ਼ੋਕ ਭੌਰਾ