ਧੁੱਪ ਤੋਂ ਬਿਨਾਂ ਧੁੱਪ ਦੀ ਮਹਿਫਿਲ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ ਸਭਾ (ਨਵੀਂ ਦਿੱਲੀ) ਭਾਪਾ ਪ੍ਰੀਤਮ ਸਿੰਘ ਦੇ ਨਵਯੁਗ ਫਾਰਮ ਉਤੇ ਪਿਛਲੇ 26 ਸਾਲ ਤੋਂ ਧੁੱਪ ਦੀ ਮਹੀਫਲ ਲਾਉਂਦੀ ਆ ਰਹੀ ਹੈ। ਮੌਸਮ ਦੀ ਬੇਇਤਬਾਰੀ ਕਾਰਨ ਹੁਣ ਇਹ ਜਨਵਰੀ ਦੇ ਪਹਿਲੇ ਸਪਤਾਹ ਦੀ ਥਾਂ ਦੂਜੇ-ਤੀਜੇ ਸਪਤਾਹ ਲਗਦੀ ਹੈ। ਇਸ ਵਾਰੀ ਦੇ ਮੌਸਮ ਨੇ ਪ੍ਰਬੰਧਕਾਂ ਨੂੰ ਵਖਤ ਪਾਈ ਰੱਖਿਆ ਪਰ ਦਿਨ ਦੇ ਦਿਨ ਵੱਡਾ ਵਿਘਨ ਨਹੀਂ ਪਿਆ।

ਧੁੱਪ ਤਾਂ ਏਨੀ ਨਹੀਂ ਸੀ ਪਰ ਮਿੱਤਰਾਂ ਦੀ ਆਮਦ ਨੇ ਇਸ ਨੂੰ ਧੁਪੀਲੀ ਕਰੀ ਰੱਖਿਆ।
ਇਹ ਪਹਿਲੀ ਵਾਰ ਹੈ ਕਿ ਇਸ ਵਿਚ ਦੋ ਵਾਈਸ ਚਾਂਸਲਰਾਂ ਨੇ ਸ਼ਿਰਕਤ ਕੀਤੀ। ਇਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾਲਾ ਡਾæ ਜਸਪਾਲ ਸਿੰਘ ਤੇ ਦੂਜਾ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਡਾæ ਦੇਵਿੰਦਰ ਦਿਆਲ ਸਿੰਘ ਸੰਧੂ। ਪਹਿਲੇ ਨੂੰ ਸਾਹਿਤ ਸਭਾ ਨੇ ਸਨਮਾਨ ਕਰਨਾ ਸੀ ਅਤੇ ਦੂਜਾ ਸਨਮਾਨ ਕਰਨ ਵਾਲਿਆਂ ਦਾ ਮੁੱਖ ਮਹਿਮਾਨ ਸੀ। ਸਨਮਾਨੇ ਜਾਣ ਵਾਲਿਆਂ ਵਿਚ ਸਾਹਿਤਕ ਪੱਤਰਕਾਰ ਮਨਮੋਹਨ ਬਾਵਾ ਵੀ ਸੀ ਤੇ ਮੀਡੀਆ ਹਸਤੀ ਰਮੇਸ਼ ਵੀ ਸੀ। ਇਸ ਤੋਂ ਪਹਿਲਾਂ ਇਹ ਸਨਮਾਨ ਪ੍ਰਸਿੱਧ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ, ਸਾਰਕ ਪ੍ਰਸਿੱਧ ਸਾਹਿਤਕਾਰ ਅਜੀਤ ਕੌਰ, ਪ੍ਰਮੁੱਖ ਪੱਤਰਕਾਰ ਕੁਲਦੀਪ ਨੱਈਅਰ ਤੇ ਪੰਜਾਬੀ ਅਕਾਦਮੀ ਦਿੱਲੀ ਵਾਲੇ ਡਾæ ਰਵੇਲ ਸਿੰਘ ਨੂੰ ਵੀ ਦਿੱਤਾ ਜਾ ਚੁੱਕਾ ਹੈ। ਸਨਮਾਨ ਵਾਲਾ ਅਮਲ ਧੁੱਪ ਦੀ ਮਹਿਫਿਲ ਦਾ ਧੁਰਾ ਹੁੰਦਾ ਹੈ। ਸਨਮਾਨਿਤ ਸੱਜਣ ਪੰਜਾਬੀ ਸਾਹਿਤ ਤੇ ਸਭਿਆਚਾਰ ਦੀ ਪ੍ਰਫੁਲਿਤਾ ਲਈ ਯੋਗ ਨੁਕਤੇ ਦਸਦੇ ਹਨ। ਗਾਉਣ ਵਾਲੇ ਗੀਤ ਸੁਣਾਉਂਦੇ ਹਨ ਤੇ ਨਾਟਕਾਂ ਵਾਲੇ ਨਾਟਕ ਰਚਾਉਂਦੇ ਹਨ। ਇਸ ਵਾਰੀ ਵਿਸ਼ੇਸ਼ ਬੁਲਾਰੇ ਡਾæ ਜਸਵੰਤ ਸਿੰਘ ਨੇਕੀ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਸਨ। ਕੁਦਰਤੀ ਕਰੋਪੀ ਵਾਲੇ ਠੰਢੇ ਮੌਸਮ ਦੇ ਬਾਵਜੂਦ ਮਹਿਫਿਲ ਕਾਫੀ ਨਿੱਘੀ ਰਹੀ। ਕੁਝ ਇਸ ਕਾਰਨ ਵੀ ਕਿ ਗਰਮਾ-ਗਰਮ ਚਾਹ, ਕਾਫੀ ਤੇ ਲੰਗਰ ਦਾ ਵਧੀਆ ਪ੍ਰਬੰਧ ਤੋਂ ਵੱਡਾ ਅਨੰਦ ਚਾਹ-ਪਾਣੀ ਵੇਲੇ ਸਵਰਗੀ ਖੁਸ਼ਵੰਤ ਸਿੰਘ ਨੂੰ ਰੱਜ ਕੇ ਚੇਤੇ ਕੀਤਾ ਗਿਆ। ਬਹੁਤਾ ਇਸ ਲਈ ਕਿ ਉਸ ਨੇ ਵਧੀਆ ਪੱਤਰਕਾਰੀ ਤੇ ਸਾਹਿਤਕਾਰੀ ਦੇ ਨਾਲ ਨਾਲ ਸਾਨੂੰ ਆਪਣੇ ਆਪ ਉਤੇ ਹੱਸਣ ਦੀ ਜਾਚ ਦੱਸੀ। ਜੇ ਉਹ ਪਹਿਲੀ ਫਰਵਰੀ ਦੀ ਰਾਤ ਤੱਕ ਅਕਾਲ ਚਲਾਣਾ ਨਾ ਕਰਦਾ ਤਾਂ ਉਸ ਨੇ ਆਪਣੀ ਉਮਰ ਦਾ ਸੈਂਕੜਾ ਮਾਰ ਲੈਣਾ ਸੀ।
ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸ਼ਿਰਕਤ ਕਰਨ ਵਾਲਿਆਂ ਦਾ ਸੱਚੇ ਦਿਲੋਂ ਧੰਨਵਾਦੀ ਹਾਂ। 2016 ਦੇ ਜਨਵਰੀ ਮਹੀਨੇ ਫੇਰ ਮਿਲਾਂਗੇ।
ਚੰਡੀਗੜ੍ਹ ਵਿਚ ਪੀਪਲਜ਼ ਕਨਵੈਨਸ਼ਨ ਸੈਂਟਰ: ਪਿਛਲੇ ਸਾਲਾਂ ਵਿਚ ਕਮਿਊਨਿਸਟ ਪਾਰਟੀ ਆਫ ਇੰਡੀਆ (ਚੰਡੀਗੜ੍ਹ) ਨੇ ਨਿਜੀ ਤੇ ਮਿੱਤਰਾਂ ਦੀ ਮਾਇਆ ਦਾ ਦਾਨ ਲੈ ਕੇ ਚੰਡੀਗੜ੍ਹ ਦੇ ਸੈਕਟਰ 36-ਬੀ ਵਿਚ ਇਸਕਾਨ ਮੰਦਿਰ ਦੇ ਪਿੱਛੇ ਦੋ ਵੱਡੇ ਪਲਾਟਾਂ ਵਿਚ ਇੱਕ ਵਧੀਆ ਇਮਾਰਤ ਦੀ ਉਸਾਰੀ ਕਰ ਵਿਖਾਈ ਹੈ। ਉਨ੍ਹਾਂ ਨੇ ਇਸ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ ਦਾ ਨਾਂ ਦਿੱਤਾ ਹੈ। ਇਸ ਵਿਚ ਸੈਮੀਨਾਰ, ਵਰਕਸ਼ਾਪਾਂ, ਸਿਖਲਾਈ ਪ੍ਰੋਗਰਾਮਾਂ ਤੇ ਵੱਡੀਆਂ ਕਨਵੈਨਸ਼ਨਾਂ ਕਰਨ ਦੀਆਂ ਸੁਵਿਧਾਵਾਂ ਦਾ ਖਿਆਲ ਰੱਖਿਆ ਗਿਆ ਹੈ। ਇਥੇ ਵੀਹ, ਪੰਜਾਹ ਤੇ ਨੱਬੇ ਬੰਦਿਆਂ ਦੇ ਛੋਟੇ ਵੱਡੇ ਸੈਮੀਨਾਰਾਂ ਲਈ ਚਾਰ ਸੈਮੀਨਾਰ ਕਮਰੇ ਹਨ, 50-55 ਵਿਅਕਤੀਆਂ ਦੇ ਸਿਖਲਾਈ ਪ੍ਰੋਗਰਾਮਾਂ ਲਈ ਤਿੰਨ ਟਰੇਨਿੰਗ ਕਮਰੇ ਅਤੇ ਦੋ-ਢਾਈ ਸੌ ਸੱਜਣਾਂ ਦੇ ਵੱਡੇ ਸਮਾਗਮ ਰਚਾਉਣ ਲਈ ਇੱਕ ਵੱਡਾ ਆਡੀਟੋਰੀਅਮ।
ਚੰਡੀਗੜ੍ਹ ਦਾ ਸੈਕਟਰ 36 ਆਪਣੇ ਤਿੰਨ ਬਾਗਾਂ ਕਰਕੇ ਜਾਣਿਆ ਜਾਂਦਾ ਸੀ। ਪਿਛਲੇ ਕੁਝ ਸਮੇਂ ਤੋਂ ਇਥੋਂ ਦੇ ਅਲੀਔਇ ਫਰਾਂਸੇ ਦੀਆਂ ਗਤੀਵਿਧੀਆਂ ਨੇ ਲੋਕਾਂ ਦਾ ਚੋਖਾ ਧਿਆਨ ਖਿਚਿਆ ਹੈ। ਇਸ ਦੀਆਂ ਗਤੀਵਿਧੀਆਂ ਨੂੰ ਨਵੀਂ ਦਿੱਲੀ ਦੇ ਫਰਾਂਸੀਸੀ ਦੂਤਾਵਾਸ ਤੇ ਫਰਾਂਸ ਸਰਕਾਰ ਦਾ ਥਾਪੜਾ ਹੈ। ਕੱਲ ਦੀ ਗੱਲ ਹੈ ਕਿ ਸਾਡੇ ਸੁਪ੍ਰਸਿੱਧ ਮੂਰਤੀਕਾਰ ਸ਼ਿਵ ਸਿੰਘ ਦਾ ਰੂਬਰੂ ਪ੍ਰੋਗਰਾਮ ਏਨਾ ਦਿਲਚਸਪ ਸੀ ਕਿ ਸ਼ਿਵ ਸਿੰਘ ਦੀ ਵਧੀਆ ਪੇਸ਼ਕਾਰੀ ਸਦਕਾ ਪਰਦੇ ਉਤੇ ਦੇਖੀਆਂ ਜਾ ਰਹੀਆਂ ਮੂਰਤੀਆਂ ਵੀ ਅੰਦਰੋਂ ਬੋਲਦੀਆਂ ਜਾਪਦੀਆਂ ਸਨ। ਪੀਪਲਜ਼ ਕਨਵੈਨਸ਼ਨ ਸੈਂਟਰ ਕੀ ਪੇਸ਼ ਕਰੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਮੇਰੀ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਵਿਚ ਕਾਂਗਰਸ ਪਾਰਟੀ ਦਾ ਨੌਜਵਾਨ ਨੇਤਾ ਰਾਹੁਲ ਗਾਂਧੀ ਇਥੇ ਦਲਿਤ ਬੁਧੀਜੀਵੀਆਂ ਨੂੰ ਸੰਬੋਧਨ ਹੋਇਆ ਸੀ ਤੇ ਰਾਸ਼ਟਰੀ ਪੱਧਰ ਦਾ ਪੁਲਿਸ ਅਧਿਕਾਰੀ ਕੇæਪੀæਐਸ਼ ਗਿੱਲ ਆਮ ਆਦਮੀ ਬਨਾਮ ਸੁਰਖਸ਼ਾ ਸੰਕਲਪ ਉਤੇ ਬੋਲ ਕੇ ਗਿਆ ਹੈ। ਨਵੀਂ ਦਿੱਲੀ ਤੋਂ ਸੀਨੀਅਰ ਪੁਲਿਸ ਅਧਿਕਾਰੀ ਅਤੇ ਨਾਟਕਕਾਰ ਸਵਰਾਜ ਬੀਰ ਵੀ ਇਥੇ ਆਪਣੇ ਸਹਿਕਰਮੀਆਂ ਨਾਲ ਵੱਡੀ ਬੈਠਕ ਰਚਾ ਕੇ ਗਿਆ ਹੈ।
ਜੇ ਹੋਰ ਜਾਣਨਾ ਚਾਹੋ ਤਾਂ ਇਥੇ ਸਮਾਗਮਾਂ ਨਾਲ ਸਬੰਧਤ ਮਹਿਮਾਨਾਂ ਦੇ ਰਹਿਣ ਲਈ ਨਵੇਂ ਤੇ ਵਧੀਆ 10 ਕਮਰੇ ਹਨ।
ਅੰਤਿਕਾ: ਅਹਿਮਦ ਫਰਾਜ਼
ਮੁਝ ਸੇ ਗੁਰੇਜ਼ ਹੈ ਤੋ ਹਰ ਰਾਸਤਾ ਬਦਲ
ਮੈਂ ਸੰਗ-ਏ ਰਾਹ ਹੂੰ ਤੋਂ ਸਭ ਰਾਸਤੋਂ ਮੇਂ ਹੂੰ।
ਬਦਲਾ ਨਾ ਮੇਰੇ ਬਾਅਦ ਭੀ ਮੌਜ਼ੂ-ਏ-ਗੁਫਤਗੂ
ਮੈਂ ਜਾ ਚੁਕਾ ਹੂੰ ਫਿਰ ਭੀ ਤੇਰੀ ਮਹਿਫਿਲੋਂ ਮੇਂ ਹੂੰ।