ਇਕਬਾਲ ਸਿੰਘ ਜੱਬੋਵਾਲੀਆ
ਰਾਮਗੜ੍ਹੀਆ ਕਾਲਜ ਫਗਵਾੜਾ ਨੇ ਖੇਡਾਂ ਦੇ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਇਥੋਂ ਨਾਮੀ ਪਹਿਲਵਾਨ, ਕਬੱਡੀ ਖਿਡਾਰੀ, ਵੇਟ-ਲਿਫਟਰ ਤੇ ਪਾਵਰ-ਲਿਫਟਰ ਉਭਰੇ। ਸੰਨ੍ਹਵਾਂ ਵਾਲਾ ਹਰਭਜਨ ਸਿੰਘ ਭੱਜੀ ਉਰਫ ਸੰਨ੍ਹਵਾਂ ਵਾਲਾ ਭੱਜੀ ਵੀ ਇਸੇ ਰਾਮਗੜ੍ਹੀਆ ਕਾਲਜ ਦੀ ਪੈਦਾਇਸ਼ ਹੈ ਜਿਸ ਨੇ ਨਾ ਸਿਰਫ ਕਬੱਡੀ ਦੀ ਖੇਡ ਵਿਚ ਵੱਡਾ ਨਾਮਣਾ ਖੱਟਿਆ ਸਗੋਂ ਕਬੱਡੀ ਦੇ ਆਸਰੇ ਪੁਲਿਸ ਵਿਚ ਵੱਡੀਆਂ ਤਰੱਕੀਆਂ ਵੀ ਪਾਈਆਂ।
ਕਬੱਡੀ ਦੇ ਨਾਲ ਨਾਲ ਉਸ ਨੇ ਵੇਟ-ਲਿਫਟਿੰਗ ਕੀਤੀ। ਸਬ-ਇੰਸਪੈਕਟਰ ਬਣਿਆ ਤੇ ਸਬ-ਇੰਸਪੈਕਟਰ ਤੋਂ ਸਿੱਧਾ ਆਈæਪੀæਐਸ਼ ਬਣਿਆ। ਆਈæਪੀæਐਸ਼ ਟੈਸਟ ਵਿਚ ਉਹਨੇ ਅਥਲੈਟਿਕਸ ਦੇ ਸਾਰੇ ਈਵੈਂਟ ਪਹਿਲੇ ਨੰਬਰ Ḕਤੇ ਰਹਿ ਕੇ ਪਾਸ ਕੀਤੇ। ਨੈਸ਼ਨਲ ਪੁਲਿਸ ਅਕੈਡਮੀ ਨੇ Ḕਬੈਸਟ-ਸਪੋਰਟਸਮੈਨḔ ਦਾ ਖਿਤਾਬ ਦੇ ਕੇ Ḕਮਹਾਰਾਜਾ ਕੱਪḔ ਦਿਤਾ। ਸੰਨ੍ਹਵਾਂ ਵਾਲਾ ਭੱਜੀ ਮਾਣ-ਮੱਤਾ ਖਿਡਾਰੀ ਹੀ ਨਹੀਂ ਸਗੋਂ ਸਾਊ, ਯਾਰਾਂ ਦਾ ਯਾਰ ਤੇ ਵਧੀਆ ਇਨਸਾਨ ਵੀ ਹੈ।
ਜਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਸੰਨ੍ਹਵਾਂ ਵਿਚ 1945 ਨੂੰ ਮਾਤਾ ਲਛਮਣ ਕੌਰ ਦੀ ਕੁੱਖੋਂ ਜਨਮਿਆ ਭੱਜੀ ਪਿਤਾ ਗਿਆਨੀ ਅਜੀਤ ਸਿੰਘ ਦੇ ਵਿਹੜੇ ਦਾ ਸ਼ਿੰਗਾਰ ਬਣਿਆ। ਪਿਤਾ ਢਾਡੀ-ਕਲਾ ਦੀ ਮੁਹਾਰਤ ਕਰਕੇ ਢਾਡੀ ਦਰਬਾਰਾਂ ਵਿਚ ਅਕਸਰ ਜਾਂਦੇ ਰਹਿੰਦੇ ਤੇ ਢਾਡੀ-ਵਾਰਾਂ ਦਾ ਮੁਕਾਬਲਾ ਚਲਦਾ। ਅਨੰਦਪੁਰ ਸਾਹਿਬ ਉਨ੍ਹਾਂ ਦਾ ਮੁਕਾਬਲਾ ਦਇਆ ਸਿੰਘ ਦਿਲਬਰ ਨਾਲ ਚਲਦਾ। ਉਨ੍ਹਾਂ ਦੇ ਸਮਕਾਲੀ ਦਇਆ ਸਿੰਘ ਦਿਲਬਰ ਤੋਂ ਇਲਾਵਾ ਪਾਲ ਸਿੰਘ ਪੰਛੀ, ਸੋਹਣ ਸਿੰਘ ਸੀਤਲ, ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸ਼ੌਂਕੀ ਅਤੇ ਚੇਤੇ ਕੰਗਰੌੜ ਵਾਲੇ ਮੋਹਣ ਸਿੰਘ ਸਨ।
ਹਰਭਜਨ ਸਿੰਘ ਭੱਜੀ ਨੇ ਪੰਜਵੀਂ ਤੱਕ ਪੜ੍ਹਾਈ ਪਿੰਡੋਂ ਅਤੇ ਦਸਵੀਂ ਸੰਨ 1961 Ḕਚ ਲਾਗਲੇ ਪਿੰਡ ਫਰਾਲੇ ਤੋਂ ਕੀਤੀ। ਕਾਲਜ ਦੀ ਪੜ੍ਹਾਈ ਲਈ ਰਾਮਗੜ੍ਹੀਆ ਫਗਵਾੜੇ ਜਾ ਦਾਖਲ ਹੋਇਆ। ਉਹਦਾ ਖੇਡ-ਜੀਵਨ ਵੀ ਉਥੋਂ ਹੀ ਸ਼ੁਰੂ ਹੋਇਆ। ਪਿੰਡੋਂ ਸਾਈਕਲ Ḕਤੇ 20 ਕਿਲੋਮੀਟਰ ਜਾਣ ਤੇ 20 ਆਉਣ ਕਰਕੇ ਸਾਈਕਲ ਚਲਾਉਣ ਦੀ ਵਾਹਵਾ ਪ੍ਰੈਕਟਿਸ ਹੋ ਗਈ। ਕਾਲਜ ਦੇ ਸਾਲਾਨਾ ਮੁਕਾਬਲਿਆਂ ਵਿਚ ਭਾਗ ਲੈ ਕੇ ਸਾਈਕਲ-ਰੇਸ ਜਿਤੀ। ਫਿਰ ਸ਼ੌਕ ਕਬੱਡੀ ਵੱਲ ਨੂੰ ਹੋ ਗਿਆ। ਕਾਲਜ ਦੀ ḔਬੀḔ ਟੀਮ ਵਿਚ ਕਬੱਡੀ ਮੈਚ ਖੇਡਣ ਖਜੂਰਲੇ ਗਿਆ। ਤਕੜੀ ਗੇਮ ਕਰਕੇ ਫਿਰ ਉਹਨੂੰ ḔਏḔ ਟੀਮ ਵਿਚ ਵੀ ਖਿਡਾਇਆ ਗਿਆ। ਫਾਈਨਲ ਵਿਚ ਪੜ੍ਹਦਾ ਉਹ ਕਬੱਡੀ ਦਾ ਨਾਮਵਰ ਖਿਡਾਰੀ ਬਣਿਆ। ਕਾਲਜ ਦੀਆਂ ਸਾਲਾਨਾ ਖੇਡਾਂ ਲਾਂਗ-ਜੰਪ, ਹਾਈ-ਜੰਪ, ਟ੍ਰਿੱਪਲ-ਜੰਪ, ਸ਼ਾਟ-ਪੁਟ, ਡਿਸਕਸ-ਥਰੋ ਤੇ ਹੈਮਰ-ਥਰੋ ਦੀਆਂ ਪਹਿਲੀਆਂ ਪੁਜੀਸ਼ਨਾਂ ਲੈ ਕੇ ਕਾਲਜ ਦਾ ਬੈਸਟ ਅਥਲੀਟ ਬਣਿਆ।
ਬਲਾਕਾਂ ਦੇ ਮੈਚਾਂ Ḕਚ ਕਬੱਡੀ ਖੇਡੀ। 60 ਕਿਲੋਗ੍ਰਾਮ ਵਿਚ ਪੰਜਾਬ ਖੇਡਿਆ। 1966 Ḕਚ ਮਾਹਿਲ-ਗਹਿਲਾਂ ਦੇ ਮੈਚ ਖੇਡੇ। ਸ਼ ਦਰਬਾਰਾ ਸਿੰਘ ਉਸ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁੰਦੇ ਸਨ। ਆਪਣੇ ਪਿੰਡ ਸੰਨ੍ਹਵੀਂ ਕਬੱਡੀ ਟੂਰਨਾਮੈਂਟ ਸ਼ੁਰੂ ਕਰਾਏ। ਉਹ ਟੂਰਨਾਮੈਂਟ ਲਗਾਤਾਰ ਚਲਦੇ ਨੂੰ ਪੂਰੇ 45 ਸਾਲ ਹੋ ਗਏ ਹਨ। ਇਸੇ ਪਿੰਡ ਦੇ ਧੰਨਾ, ਹਰਜੀਤ, ਪ੍ਰੀਤੂ ਤੇ ਮਾਸਟਰ ਭਜਨ ਪੁਰਾਣੇ ਖਿਡਾਰੀ ਸਨ।
ਸਾਲ 1965 Ḕਚ ਬੀæਏæ ਅਤੇ ਬੀæਟੀæ ਦਾ ਕੋਰਸ ਕੀਤਾ। ਇਕ ਸਾਲ ਸਰਹਾਲ ਕਾਜ਼ੀਆਂ ਪੜ੍ਹਾਇਆ ਤੇ ਰਾਏਪੁਰ ਡੱਬੀਏ ਪ੍ਰਕਾਸ਼ ਸਿੰਘ ਪਾਸ਼ੀ ਅਤੇ ਜਗਤਪੁਰੀਏ ਗਿਆਨੀ ਬਖਤਾਵਰ ਸਿੰਘ (ਦੋਵੇਂ ਵੱਡੇ ਵੀਰ ਹੈਡਮਾਸਟਰ ਗਿਆਨ ਸਿੰਘ ਦੇ ਜਿਗਰੀ ਦੋਸਤ) ਸਾਥੀ ਅਧਿਆਪਕਾਂ ਦਾ ਸਾਥ ਮਾਣਿਆ। ਸ਼ ਬਖਤਾਵਰ ਸਿੰਘ ਸ਼ੇਰਗਿਲ ਦੇ ਦੱਸਣ ਅਨੁਸਾਰ ਭੱਜੀ ਸੋਹਣਾ-ਸੁਨੱਖਾ ਦਰਸ਼ਨੀ ਜੁਆਨ ਸੀ। ਸਰਹਾਲ ਕਾਜ਼ੀਆਂ ਤੋਂ ਬਾਅਦ 6 ਸਾਲ ਭੱਜੀ ਨੇ ਦੁਸਾਂਝ ਕਲਾਂ ਦੇ ਹਾਈ ਸਕੂਲ ਵਿਚ ਪੜ੍ਹਾਇਆ।
ਉਹਦੇ ਹੋਣਹਾਰ ਵਿਦਿਆਰਥੀਆਂ ਵਿਚੋਂ ਅਮਰੀਕਾ ਦਾ ਪ੍ਰਸਿੱਧ ਬਿਜਨਸਮੈਨ ਜਸਵਿੰਦਰ ਸਿੰਘ ਜੌਹਲ ਦੁਸਾਂਝ ਕਲਾਂ ਦਾ ਵਿਦਿਆਰਥੀ ਹੈ। ਨਿਊ ਯਾਰਕ ਰਹਿੰਦਾ ਲੇਹਲਾਂ ਵਾਲਾ ਨਰਿੰਦਰ ਕੁਮਾਰ ਸ਼ਰਮਾ ਵੀ ਦੁਸਾਂਝ ਕਲੀਂ ਉਹਦਾ ਵਿਦਿਆਰਥੀ ਰਹਿ ਚੁੱਕੈ। ਜੌਹਲ ਦੇ ਨਾਲ ਹੀ ਕੇਵਲ ਕੈਲੇ ਵੱਡੇ ਭਾਰ ਦਾ ਤੇ ਰਾਏਪੁਰ ਡੱਬੀਆ ਜੈਲਾ ਦਰਮਿਆਨੇ ਭਾਰ ਦਾ ਪਹਿਲਵਾਨ। ਨਰਿੰਦਰ ਸ਼ਰਮਾ ਵੀ ਰਾਮਗੜ੍ਹੀਆ ਪੜ੍ਹਦਾ ਯੂਨੀਵਰਸਿਟੀ ਦਾ ਨਾਮਵਰ ਵਾਲੀਬਾਲ ਖਿਡਾਰੀ ਰਹਿ ਚੁੱਕੈ। ਨਰਿੰਦਰ ਸ਼ਰਮਾ ਨੇ ਦੱਸਿਆ ਕਿ ਭੱਜੀ ਬੜਾ ਸੋਹਣਾ-ਸੁਨੱਖਾ, ਲਾਲ ਰੰਗ, ਬਿੱਲੀਆਂ ਅੱਖਾਂ, ਭੂਰੀਆਂ ਮੁੱਛਾਂ-ਦਾਹੜੀ ਤੇ ਬਣਦਾ-ਫਬਦਾ ਜੂੜੇਦਾਰ ਸਰਦਾਰ ਸੀ। ਉਹਨੂੰ ਗੋਲੀ (ਬੁਲੇਟ) ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਦੋਂ ਉਹ ਰੇਡ ਪਾਉਣ ਜਾਂਦਾ ਤਾਂ ਧੁੱਪ Ḕਚ ਉਹਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ, ਲੋਕੀਂ ਰੌਲਾ ਪਾਉਂਦੇ, “ਗੋਲੀ ਜਾਂਦਾ ਉਏ, ਗੋਲੀ ਔਹ ਗਿਆ।” ਦੁਸਾਂਝੀਂ ਮੈਚਾਂ ਵਿਚ ਇਕ ਵਾਰ ਪਹਿਲੀ ਰੇਡ Ḕਤੇ ਭੱਜੀ ਫੜਿਆ ਗਿਆ। ਫਿਰ ਜਿੰਨੀ ਵਾਰ ਉਹ ਸਾਹ ਗਿਆ, ਉਸੇ ਜਾਫੀ ਵਿਚ ਵੱਜਦਾ ਰਿਹਾ ਅਤੇ ਉਸ ਜਾਫੀ ਦੀ ਭੂਤਨੀ ਭੁਲਾ ਦਿਤੀ।
ਖੁਰਦਪੁਰੀਏ ਭੱਜੀ, ਭੱਜੀ ਦਾ ਭਰਾ ਚੰਨਾ, ਬਹਿਰਾਮੀਆ ਅਮਰੀਕ, ਨਡਾਲੇ ਵਾਲਾ ਪ੍ਰੀਤਾ, ਦੇਵੀ ਦਿਆਲ, ਅੱਟੇ ਵਾਲਾ ਦੇਵ, ਬਹਿਰਾਮੀਆ ਬਲਕਾਰ, ਮੱਲਪੁਰੀਆ ਹਰੀ, ਲੁਧਿਆਣੇ ਵਾਲੇ ਅਜੈਬ, ਦਰਸ਼ਨ ਤੇ ਸਿਮਰੂ ਅਤੇ ਅਨੇਕਾਂ ਹੋਰ ਨਾਮਵਰ ਖਿਡਾਰੀਆਂ ਨਾਲ ਮੈਚ ਲਾਏ। ਅੰਮ੍ਰਿਤਸਰ ਦੇ ਸ਼ਿੰਦਾ ਤੇ ਕੁਲਦੀਪ ਸਪੋਰਟਸ ਕਾਲਜ ਜਲੰਧਰ ਵਲੋਂ ਖੇਡਦੇ ਸਨ। 1973 ਵਿਚ ਪਹਿਲੀ ਵਾਰ ਜਦੋਂ ਇੰਗਲੈਂਡ ਦੀ ਟੀਮ ਭਾਰਤ ਖੇਡਣ ਆਈ ਤਾਂ ਅਨੀਹਰ ਵਾਲਾ ਤੋਚੀ ਉਹਦਾ ਕਪਤਾਨ ਸੀ। ਟੀਮ ਵਿਚ ਖੈਰ੍ਹੇ ਮੱਝੇ ਵਾਲਾ ਜੀਤੀ, ਹਿੰਮਤ ਸਿੰਘ ਸੋਹੀ, ਮਲਕੀਤ ਸਿੰਘ ਢੇਸੀ ਅਤੇ ਹੋਰ ਤਕੜੇ ਖਿਡਾਰੀ ਸਨ।
ਵਿਰੋਧੀ ਟੀਮ ਵਿਚ ਪੰਜਾਬ ਵਲੋਂ ਭੱਜੀ ਨੇ ਵੀ ਖੇਡਣਾ ਸੀ ਪਰ ਸਬ-ਇੰਸਪੈਕਟਰ ਦੇ ਇਮਤਿਹਾਨ ਕਰਕੇ ਖੇਡ ਨਾ ਸਕਿਆ। ਕਸਰਤ ਰੋਜ਼ਾਨਾ ਚਲਦੀ। 4-5 ਕਿਲੋਮੀਟਰ ਰੋਜ਼ਾਨਾ ਪਿੰਡੋਂ ਬਹਿਰਾਮ ਤੱਕ ਤੁਰਨਾ। ਹੈਸੀਅਤ ਮੁਤਾਬਕ ਖ਼ੁਰਾਕ ਖਾਧੀ। ਭੱਜੀ ਦੱਸਦਾ ਹੈ ਕਿ ਮੀਟ ਉਸ ਵੇਲੇ ਡੇਢ ਰੁਪਏ ਕਿਲੋ ਸੀ। ਮੀਟ ਜੋਗੇ ਪੈਸੈ ਨਾ ਜੁੜਦੇ। ਬਦਾਮ 6 ਰੁਪਏ ਕਿਲੋ- ਗਰੀਬੀ Ḕਚ ਬਦਾਮ ਲੈਣ ਦੀ ਹਿੰਮਤ ਕਿਥੋਂ?
1970 Ḕਚ ਪਹਿਲੀ ਵਾਰ ਝਿੱਕੇ-ਲਧਾਣੇ ਸੰਨ੍ਹਵਾਂ ਦਾ ਬਹਿਰਾਮ ਨਾਲ ਮੈਚ ਹੋਇਆ। ਸੰਨ੍ਹਵਾਂ ਵਿਚ ਭੱਜੀ, ਭਿੰਦਰ, ਨਿੰਦਰ ਤੇ ਸੁਰਜੀਤ ਪਕੌੜੀ ਖਿਡਾਰੀ ਸਨ। ਬਹਿਰਾਮ ਦੀ ਟੀਮ ਵਿਚ ਬਲਕਾਰ, ਅਮਰੀਕ, ਗੁਣਾਚੌਰੀਆ ਮੋਤਾ, ਥਾਂਦੀਆਂ ਵਾਲਾ ਕੇਹਰ ਸਿੰਘ। ਫਸਵੇਂ ਮੈਚ ਵਿਚ ਭੱਜੀ ਹੁਰੀਂ ਜਿੱਤ ਗਏ। ਫਰਾਲੇ ਮੈਚਾਂ ਵਿਚ ਸੰਨ੍ਹਵਾਂ ਦਾ ਬਹਿਰਾਮ ਨਾਲ ਮੈਚ ਪਿਆ। ਜਗਤਪੁਰ ਵਾਲਾ ਮੁਖਤਿਆਰ ਸਿੰਘ ਮੁਖ ਮਹਿਮਾਨ ਸੀ। ਦੋਵਾਂ ਪਿੰਡਾਂ ਦੀ ਜ਼ਬਰਦਸਤ ਟੱਕਰ ਸੀ। ਮੁਖਤਿਆਰ ਸਿੰਘ ਅਮਰੀਕ ਦੀ ਗੇਮ ਦੀ ਕਾਫੀ ਚਰਚਾ ਕਰ ਰਿਹਾ ਸੀ ਪਰ ਮੈਚ ਭੱਜੀ ਹੋਰਾਂ ਦੀ ਟੀਮ ਜਿੱਤ ਗਈ। ਇਨਾਮਾਂ ਦੀ ਵੰਡ Ḕਤੇ ਭੱਜੀ ਨੂੰ ਟਰਾਫੀ ਫੜਾਉਂਦਿਆਂ ਮੁਖਤਿਆਰ ਸਿੰਘ ਨੇ ਕਿਹਾ ਕਿ ਜਦੋਂ ਵੀ ਕਿਤੇ ਟੀਮ ਜਾਵੇ, ਭੱਜੀ ਜਰੂਰ ਚਾਹੀਦੈ।
ਇਕ ਵਾਰ ਜਲੰਧਰ ਵਲੋਂ ਕਪੂਰਥਲੇ ਪ੍ਰੀਤੇ ਹੁਰਾਂ ਵਿਰੁਧ ਖੇਡਣ ਗਏ। ਜਲੰਧਰ ਦੀ ਟੀਮ ਵਿਚ ਭੱਜੀ, ਅਮਰੀਕ ਬਹਿਰਾਮ, ਬਲਕਾਰ ਬਹਿਰਾਮ, ਚੰਨਾ ਖੁਰਦਪੁਰ ਤੇ ਭਿੰਦਰ ਜਿਹੇ ਖਿਡਾਰੀ ਸਨ ਜਦਕਿ ਕਪੂਰਥਲੇ ਵਿਚ ਪ੍ਰੀਤਾ, ਅਲਬੇਲ, ਸਰਦਾਰਾ, ਬਲਵੀਰ ਤੇ ਹਰਬੰਸ।
ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਮੁਖ ਸੇਵਾਦਾਰ ਬਲਦੇਵ ਮਾਨ ਨੇ ਸੰਨ੍ਹਵਾਂ ਦਾ ਰਾਏਪੁਰ ਡੱਬੇ ਨਾਲ ਥਾਂਦੀਆਂ ਮੈਚ ਵੇਖਿਆ। ਮਾਨ ਹੁਰੀਂ ਉਥੇ ਟੀਮ ḔਬੀḔ ਦਾ ਮੈਚ ਖੇਡਣ ਗਏ ਹੋਏ ਸਨ। ਟਹਿਲਾ ਤੇ ਜੀਤੀ ਜਾਫੀ ਸਨ ਜਦਕਿ ਭੱਜੀ ਤੇ ਪਕੌੜੀ ਰੇਡਰ। ਭੱਜੀ ਨੇ ਦੱਸਿਆ ਕਿ ਟਹਿਲੇ ਤੇ ਜੀਤੀ ਦਾ ਆਪਸੀ ਤਾਲਮੇਲ ਬਹੁਤ ਸੀ। ਮਜਾਲ ਐ ਕਿਤੇ ਡਬਲ-ਟੱਚ ਹੋ ਜਾਵੇ।
ਇਕ ਵਾਰ ਦੁਸਾਂਝੀਂ ਸੰਨ੍ਹਵਾਂ ਦਾ ਸਮਰਾਵਾਂ ਨਾਲ ਸ਼ੋਅ ਮੈਚ ਹੋਇਆ। ਸੰਨ੍ਹਵਾਂ ਵਿਚ ਭੱਜੀ, ਭੁਪਿੰਦਰ ਭਿੰਦੀ ਅਤੇ ਪਕੌੜੀ ਖੇਡ ਰਹੇ ਸਨ। ਸਮਰਾਵਾਂ ਵਾਲਿਆਂ ਨੇ ਵੱਖ ਵੱਖ ਪਿੰਡਾਂ ਦੇ ਜੈਬਾ ਚੀਮਾ, ਮੱਖਣ ਲਿੱਤਰਾਂ, ਮੀਕਾ ਅਤੇ ਹੋਰ ਤਕੜੇ ਖਿਡਾਰੀ ਪਾਏ ਹੋਏ ਸਨ। ਉਹ ਮੈਚ ਭੱਜੀ ਹੁਰਾਂ ਨੇ ਬੜੇ ਜ਼ੋਰ ਨਾਲ ਜਿੱਤਿਆ। ਫਿਰ ਮੰਜਕੀ ਵਾਲਿਆਂ ਨੇ ਹਾਰ ਦਾ ਬਦਲਾ ਲੈਣ ਲਈ ਭੱਜੀ ਹੁਰਾਂ ਨੂੰ ਖੇਡਣ ਦਾ ਸੱਦਾ ਦਿਤਾ। ਦੁਸਾਂਝਾਂ ਵਾਲਿਆਂ ਨੇ ਭੱਜੀ ਹੁਰਾਂ ਨੂੰ ਖਬਰਦਾਰ ਕਰ ਦਿਤਾ ਕਿ ਉਹ ਗੁੰਡਾ-ਕਿਸਮ ਦੇ ਲੋਕੀਂ ਹਨ, ਉਥੇ ਨਾ ਖੇਡਣ ਜਾਣਾ। ਲੜਾਈ-ਝਗੜੇ ਤੋਂ ਦੂਰ ਰਹਿਣ ਲਈ ਉਨ੍ਹਾਂ ਉਥੇ ਖੇਡਣ ਜਾਣਾ ਰੱਦ ਕਰ ਦਿਤਾ। ਲੁਧਿਆਣੇ ਵਾਲਾ ਚਰਨ ਮਲਵਈ ਦੁਸਾਂਝੀਂ ਪੜ੍ਹਾਉਂਦਾ ਸੀ ਤੇ ਕਬੱਡੀ ਦਾ ਵੀ ਤਕੜਾ ਖਿਡਾਰੀ ਸੀ। ਚਹੇੜੂ ਮੈਚ ਆ ਗਏ ਤੇ ਕਹਿੰਦਾ ਭੱਜੀ ਨੂੰ ਦੱਸਣਾ ਕਬੱਡੀ ਕੀ ਹੁੰਦੀ ਐ। ਚਰਨ ਨੂੰ ਆਪਣੀ ਗੇਮ Ḕਤੇ ਘੁਮੰਡ ਸੀ। ਚਰਨ ਦੁਸਾਂਝਾਂ ਵਲੋਂ ਖੇਡ ਰਿਹਾ ਸੀ ਤੇ ਭੱਜੀ ਸੰਨ੍ਹਵਾਂ ਵਲੋਂ। ਚਰਨ ਨੇ ਭੱਜੀ ਨੂੰ ਫੜ੍ਹਨ ਲਈ ਟਿਲ ਲਾ ਲਿਆ। ਭੱਜੀ ਨਾ ਫੜ ਹੋਇਆ। ਮੈਚ ਮੁੱਕੇ Ḕਤੇ ਚਰਨ ਮੂੰਹ ਹੇਠਾਂ ਕਰਕੇ ਗਰਾਊਂਡ ਵਿਚੋਂ ਨਿਕਲਿਆ।
ਇਕ ਵਾਰ ਫਰਾਲੇ ਵਾਲਿਆਂ ਨੇ ਪਿੰਡ ਮੈਚ ਕਰਾਏ। ਭੱਜੀ ਪਿੰਡ ਨਹੀਂ ਸੀ, ਕਿਤੇ ਬਾਹਰ ਗਿਆ ਹੋਇਆ ਸੀ। ਫਰਾਲੇ ਵਾਲਿਆਂ ਦਾ ਰਾਜਪੁਰ ਭਾਈਆਂ (ਰਿਹਾਣਾ ਜੱਟਾਂ ਕੋਲ) ਨਾਲ ਮੈਚ ਪੈ ਗਿਆ। ਰਾਜਪੁਰ ਭਾਈਆਂ ਵਾਲਿਆਂ ਨੇ ਫਰਾਲੇ ਵਾਲੇ ਚੰਗੇ ਕੁੱਟੇ ਤੇ ਚੰਗੇ ਨੰਬਰਾਂ Ḕਤੇ ਹਰਾਏ। ਭੱਜੀ ਪਿੰਡ ਆਇਆ ਤਾਂ ਲੋਕਾਂ ਨੇ ਉਹਨੂੰ ਕਿਹਾ ਤਿਆਰ ਹੋ, ਰਾਜਪੁਰ ਭਾਈਆਂ ਤੋਂ ਹਾਰ ਦਾ ਬਦਲਾ ਲੈਣਾ, ਪਿੰਡ ਦੀ ਬੇਇਜ਼ਤੀ ਕਰ ਕੇ ਗਏ ਨੇ। ਭੱਜੀ ਨੇ ਆਪਣੀ ਸ਼ਰਤ ਦੱਸੀ ਕਿ ਉਹ ਮੈਚ ਤਾਂ ਖੇਡੇਗਾ ਜੇ ਉਹੀ ਖਿਡਾਰੀ ਖੇਡਣਗੇ। ਪਿੰਡ ਵਾਲਿਆਂ ਨੇ ਮੈਚ ਕਰਾਏ ਤੇ ਉਸ ਟੀਮ ਨੂੰ ਸੱਦਾ ਦਿਤਾ। ਭੱਜੀ ਵੀ ਪੂਰਾ ਤਿਆਰ ਸੀ। ਪਿੰਡ ਮੈਚਾਂ ਵਿਚ ਵਿਰੋਧੀਆਂ ਦੀ ਚੰਗੀ ਆਕੜ ਭੰਨੀ।
ਗੁੱਟਾਂ Ḕਚ ਜਾਨ ਪਾਉਣ ਲਈ ਕਬੱਡੀ ਦੇ ਨਾਲ ਨਾਲ ਵੇਟ-ਲਿਫਟਿੰਗ ਵੀ ਕੀਤੀ। ਭਾਰ ਚੁੱਕਣ ਦਾ ਸ਼ੌਕ ਫਿਰ ਪ੍ਰੋਫੈਸ਼ਨ ਬਣ ਗਿਆ। 1969 ਵਿਚ ਚੀਫ ਮਨਿਸਟਰ ਲਛਮਣ ਸਿੰਘ ਗਿੱਲ ਨੇ ਆਪਣੇ ਇਲਾਕੇ ਮੋਗਾ ਲਾਗੇ ਗਲੋਟੀ ਸਟੇਟ ਪੰਚਾਇਤ ਟੂਰਨਾਮੈਂਟ ਕਰਾਏ। ਭੱਜੀ ਹੁਰੀਂ ਜਲੰਧਰ ਵਲੋਂ ਗਲੋਟੀ ਮੈਚ ਖੇਡਣ ਗਏ। ਟੀਮ ਵਿਚ ਭੱਜੀ, ਬਲਕਾਰ, ਅਮਰੀਕ, ਹਕੀਮਪੁਰੀਆ ਮਲਕੀਤ ਤੇ ਭਿੰਦਰ ਸਨ। ਵੇਟ-ਲਿਫਟਿੰਗ ਦੇ ਮੁਕਾਬਲੇ ਵੀ ਹੋ ਰਹੇ ਸਨ। ਸ਼ੁਗਲ-ਸ਼ੁਗਲ ਵਿਚ ਹੀ ਭੱਜੀ ਨੇ ਇਸ ਮੁਕਾਬਲੇ ਵਿਚ ਨਾਂ ਦੇ ਦਿਤਾ ਅਤੇ 60 ਕਿਲੋਗ੍ਰਾਮ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਫਿਰ ਉਹ ਰੈਗੂਲਰ ਮੁਕਾਬਲੇ ਲੜਨ ਲੱਗਾ। ਪਟਿਆਲਾ ਸਟੇਟ ਮੁਕਾਬਲਿਆਂ ਵਿਚ 5 ਸਾਲ 1969 ਤੋਂ 1973 ਤੱਕ ਚੈਂਪੀਅਨ ਬਣਿਆ। ਟੀਚਰ ਬਣ ਕੇ ਸਟੇਟ ਅਤੇ ਨੈਸ਼ਨਲ ਦਾ ਵੇਟ-ਲਿਫਟਿੰਗ ਚੈਂਪੀਅਨ ਬਣਿਆ। 60 ਕਿਲੋਗ੍ਰਾਮ ਭਾਰ ਵਿਚ ਰਹਿ ਕੇ 5 ਸਾਲ ਵੇਟ-ਲਿਫਟਿੰਗ ਕੀਤੀ ਤੇ ਚੈਂਪੀਅਨ ਬਣਦਾ ਰਿਹਾ। ਪਟਿਆਲੇ ਹੁੰਦੇ ਇਨ੍ਹਾਂ ਮੁਕਾਬਲਿਆਂ ਵਿਚ 1963 ਤੋਂ 1969 ਤੱਕ ਚੈਂਪੀਅਨਸ਼ਿਪ ਦਾ ਸਿਹਰਾ ਬੱਝਦਾ ਰਿਹਾ। ਡਾæ ਦਵਿੰਦਰ ਸਿੰਘ ਵਿਰਕ ਉਸ ਵੇਲੇ ਵੇਟ-ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਨ।
ਕਬੱਡੀ ਦਾ ਆਖਰੀ ਮੈਚ ਜਲੰਧਰ ਵਲੋਂ ਅੰਮ੍ਰਿਤਸਰ ਵਿਰੁਧ ਨੂਰਪੁਰ ਬੇਦੀਆਂ ਖੇਡਿਆ। ਬਹਿਰਾਮੀਆ ਅਮਰੀਕ ਤੇ ਜੀਤੀ ਰੇਡਰ ਸਨ। ਸੀਤਾ ਢੇਸੀ ਤੇ ਅਨੀਹਰ ਵਾਲਾ ਤੋਚੀ ਜਾਫੀ ਸਨ। ਭੱਜੀ ਦੋਵੇਂ ਪਾਸੇ ਚਲਦਾ। ਫਾਈਨਲ ਵਿਚ ਜਲੰਧਰ ਜਿੱਤਿਆ। ਉਥੇ ਵੀ ਭਾਰ ਚੁੱਕਿਆ ਤੇ ਚੈਂਪੀਅਨ ਬਣਿਆ।
ਨਵਾਂਸ਼ਹਿਰ ਦਾ ਕਿਸੇ ਵੇਲੇ ਦਾ ਮਸ਼ਹੂਰ ਗੁਰਸ਼ਿੰਦਰ ਸਿੰਘ ਬਿੱਲਾ ਜਲੰਧਰ ਦੇ ਮਸ਼ਹੂਰ Ḕਲੂਥਰ ਸਟੂਡੀਓḔ ‘ਚ ਕਿਸੇ ਵੇਲੇ ਕੰਮ ਕਰਦਾ ਹੁੰਦਾ ਸੀ ਤੇ ਉਹ ਭੱਜੀ ਦੇ ਪਿੰਡ ਸੰਨ੍ਹਵੀਂ ਜਾ ਕੇ ਭਾਰ ਚੁੱਕਦੇ ਦੀਆਂ ਫੋਟੋਆਂ ਖਿੱਚਦਾ ਰਿਹਾ ਹੈ। ਉਹਨੇ ਦੱਸਿਆ, ਮਾਂ ਨੇ ਬੜੀ ਰੂਹ ਨਾਲ ਪਾਲਿਆ ਭੱਜੀ ਨੂੰ। ਬੂਰੀਆਂ ਦਾ ਦੁੱਧ ਪਿਆਇਆ। ਧਾਰਾਂ ਕੱਢਦੀ ਨੇ ਭੱਜੀ ਦੇ ਮੂੰਹ ‘ਚ ਧਾਰਾਂ ਮਾਰਨੀਆਂ। ਇਹ ਗੱਲ 1969 ਦੀ ਹੈ। ਗੁਰਸ਼ਿੰਦਰ ਬਿੱਲਾ ਅੱਜ-ਕੱਲ੍ਹ Ḕਪਿਸਟੂ ਸਟੂਡੀਓ ਪ੍ਰੋਡਕਸ਼ਨḔ ਨਾਂ ਹੇਠ ਪਰਿਵਾਰ ਸਮੇਤ ਟੋਰਾਂਟੋ ਰਹਿ ਰਿਹਾ ਹੈ ਤੇ ਭੱਜੀ ਦੀਆਂ ਖੇਡ-ਬਾਤਾਂ ਅੱਜ ਵੀ ਪਾ ਰਿਹਾ ਹੈ।
ਭੱਜੀ 1973 ਵਿਚ ਦਿੱਲੀ ਪੁਲਿਸ ਵਿਚ ਭਰਤੀ ਹੋਇਆ। ਤਿੰਨ ਸਾਲ ਦੀ ਟਰੇਨਿੰਗ ਵਿਚ ਵੇਟ-ਲਿਫਟਿੰਗ ਦੇ ਮੁਕਾਬਲੇ ਲੜੇ ਤੇ ਦਿੱਲੀ ਦਾ ਨੈਸ਼ਨਲ ਚੈਂਪੀਅਨ ਬਣਿਆ। 1975 Ḕਚ ਇਮਤਿਹਾਨ ਦਿੱਤਾ। ਦਿੱਲੀ ਵਿਚ ਪਹਿਲਾ ਇੰਸਪੈਕਟਰ ਸੀ ਜਿਸ ਨੇ ਯੂæਪੀæਐਸ਼ਸੀ, ਆਈæ ਐਸ਼ ਅਤੇ ਆਈæਪੀæਐਸ਼ ਕੁਆਲੀਫਾਈ ਕੀਤਾ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਭਾਰਤ ਸਰਕਾਰ ਵਲੋਂ ਯੂæਪੀæ ਸਟੇਟ ਅਲਾਟ ਹੋਈ। ਵਧੀਆ ਸੇਵਾਵਾਂ ਕਰਕੇ ਯੂæਪੀæ ਦੇ ਗਵਰਨਰ ਸੂਰਜ ਭਾਨ ਨੇ 1997 Ḕਚ ਪ੍ਰੈਜ਼ੀਡੈਂਟ ਮੈਡਲ ਨਾਲ ਨਿਵਾਜਿਆ।
ਭਾਰਤੀ ਰੱਸਾ-ਕਸ਼ੀ ਟੀਮ ਦਾ ਉਹ ਮੀਤ ਪ੍ਰਧਾਨ ਹੈ। ਇੰਟਰਨੈਸ਼ਨਲ ਵੇਟ-ਲਿਫਟਿੰਗ ਦੀ ਫਸਟ ਕੈਟੇਗਰੀ ਦਾ ਰੈਫਰੀ ਹੈ ਤੇ ਇਸ ਵਕਤ ਆਲ ਇੰਡੀਆ ਵੇਟ-ਲਿਫਟਿੰਗ ਫੈਡਰੇਸ਼ਨ ਦਾ ਪ੍ਰਧਾਨ ਵੀ ਹੈ। ਉਹਨੂੰ ਸੰਨ 2000 ਵਿਚ ਸਿਡਨੀ, 2006 ਵਿਚ ਕਾਮਨਵੈਲਥ ਖੇਡਾਂ ਸਿਡਨੀ ਅਤੇ ਮੈਲਬੌਰਨ, ਜਪਾਨ, ਕਜ਼ਾਖਿਸਤਾਨ, ਥਾਈਲੈਂਡ ਅਤੇ ਬੀਜਿੰਗ (ਚੀਨ) ਟੀਮਾਂ ਲੈ ਕੇ ਜਾਣ ਦਾ ਮੌਕਾ ਮਿਲਿਆ। ਭਾਰਤੀ ਵੇਟ-ਲਿਫਟਿੰਗ ਪ੍ਰਧਾਨ ਦੀ ਚੋਣ ਲਈ ਵੇਟ-ਲਿਫਟਿੰਗ ਮੁਕਾਬਲੇ Ḕਚ ਆਂਧਰਾ ਪ੍ਰਦੇਸ ਦੇ ਡੀæਜੀæਪੀæ ਅਤੇ ਵੇਟ-ਲਿਫਟਿੰਗ ਪ੍ਰਧਾਨ ਮਿਸਟਰ ਡੋਰਾ ਨੂੰ ਹਰਾਇਆ। ਇਸ ਵਕਤ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈæਓæਏæ) ਦਾ ਮੀਤ ਪ੍ਰਧਾਨ ਹੈ।
ਬਾਬਰੀ ਮਸਜਿਦ ਦੇ ਵਿਵਾਦ ਮੌਕੇ ਅਯੁਧਿਆ ਦੀ ਚਾਰ ਵਾਰ ਪੋਸਟਿੰਗ ਹੋਈ। ਦੋ ਵਾਰ ਐਸ਼ਐਸ਼ਪੀæ, ਇਕ ਵਾਰ ਡੀæਆਈæਜੀæ ਅਤੇ ਚੌਥੀ ਵਾਰ ਆਈæਜੀæ ਬਣ ਕੇ ਗਿਆ। 6 ਦਸੰਬਰ 1992 ਵਿਚ ਬਾਬਰੀ ਮਸਜਿਦ ਢਹਿਣ ਕਰਕੇ ਪਹਿਲੇ ਅਫਸਰ ਨੂੰ ਸਸਪੈਂਡ ਕਰਕੇ ਭੱਜੀ ਨੂੰ ਤਾਇਨਾਤ ਕੀਤਾ ਗਿਆ। ਡਾਕੂਆਂ ਵਿਰੁਧ ਅਪ੍ਰੇਸ਼ਨ Ḕਚ ਨਾਮੀ ਡਕੈਤਾਂ ਦਾ ਖਾਤਮਾ ਕੀਤਾ। ਉਹਨੇ ਹਾਲੇ ਹੋਰ ਤਰੱਕੀ ਕਰਨੀ ਸੀ ਪਰ ਸਿਆਸਤ ਦੀ ਭੇਟ ਚੜ੍ਹ ਗਿਆ। ਮੁਲਾਇਮ ਸਿੰਘ ਦੀ ਸਰਕਾਰ ਹੋਣ ਕਰਕੇ ਤਰੱਕੀ ਦੇ ਹੋਰ ਪੌਡੇ ਨਾ ਚੜ੍ਹ ਸਕਿਆ। ਬੜੀ ਈਮਾਨਦਾਰੀ ਨਾਲ ਬੇਦਾਗ ਰਹਿ ਕੇ ਜੁਅਰਤ ਨਾਲ ਨੌਕਰੀ ਕੀਤੀ। ਨਾ ਕਿਸੇ ਅੱਗੇ ਝੁਕਿਆ, ਤੇ ਨਾ ਹੀ ਕਿਸੇ ਨੂੰ ਝੁਕਾਇਆ।
ਯੂæਪੀæ Ḕਚ ਪੁਲਿਸ ਅਫਸਰ ਹੁੰਦਿਆਂ ਵੀ ਖੇਡ ਦਾ ਸ਼ੌਕ ਨਾ ਛੱਡਿਆ। ਮੇਹਰਦੀਨ, ਬੁੱਧੂ, ਬਿੱਲਾ, ਕੇਹਰ, ਦਾਰਾ ਸਿੰਘ ਤੇ ਹੋਰ ਨਾਮੀ ਪਹਿਲਵਾਨਾਂ ਦੇ ਦੰਗਲ ਕਰਾਏ ਤੇ ਕਬੱਡੀ ਟੂਰਨਾਮੈਂਟ ਸ਼ੁਰੂ ਕਰਾਏ। ਭੱਜੀ ਨੇ ਦਾਰਾ ਸਿੰਘ ਦੁਲਚੀਪੁਰੀਏ ਦੀ ਪਹਿਲਵਾਨੀ ਨੂੰ ਬੜਾ ਪਸੰਦ ਕੀਤਾ। ਪੁਰਾਣੀਆਂ ਯਾਦਾਂ ਦੀ ਰੀਲ ਘੁਮਾਉਂਦਿਆਂ ਭੱਜੀ ਨੇ ਦੱਸਿਆ ਕਿ ਗਰੀਬ ਪਰਿਵਾਰ Ḕਚੋਂ ਹੋਣ ਕਰਕੇ ਪਿੰਡ ਦੇ ਕਿਸੇ ਖਿਡਾਰੀ ਨੇ ਜਾਤੀ-ਸੂਚਕ ਤਾਹਨਾ ਮਾਰਿਆ ਕਿ ਉਹਨੇ ਕੀ ਖੇਡਣਾ? ਚਹੇੜੂ ਮੈਚ ਆ ਗਏ। ਸੰਨ੍ਹਵਾਂ ਦਾ ਦੁਸਾਂਝਾਂ ਨਾਲ ਮੈਚ ਪੈ ਗਿਆ। ਉਹ ਵੀ ਚਹੇੜੂ ਮੈਚ ਵੇਖਣ ਚਲਾ ਗਿਆ। ਦੁਸਾਂਝਾਂ ਦੇ ਖਿਡਾਰੀ ਤਕੜੇ ਸਨ। ਪਿੰਡ ਵਾਲੇ ਉਹਨੂੰ ਕਹਿਣ ਮੈਚ ਖੇਡ, ਅੱਜ ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਉਹਦੇ ਮਨ ਵਿਚ ਵਾਰ ਵਾਰ ਉਹੀ ਤਾਹਨਾ ਆ ਰਿਹਾ ਸੀ। ਕਹਿਣ ਲੱਗਾ, ਮੈਂ ਮੈਚ ਨਹੀਂ ਖੇਡਣਾ। ਮੈਂ ਤਾਂ ਸਿਰਫ ਤੁਹਾਡੇ ਕੁੱਟ ਪੈਂਦੀ ਵੇਖਣ ਆਇਆ ਹਾਂ। ਪਿੰਡ ਵਾਲਿਆਂ ਦੇ ਮਿੰਨਤਾਂ ਕਰਨ Ḕਤੇ ਖੇਡਿਆ ਅਤੇ ਤਕੜੇ ਨੰਬਰਾਂ Ḕਤੇ ਪਿੰਡ ਨੂੰ ਜਿਤਾਇਆ। ਉਹ ਜਾਤਾਂ-ਪਾਤਾਂ ਤੋਂ ਬਹੁਤ ਉਪਰ ਉਠਿਆ ਹੋਇਆ ਹੈ।
ਸੰਨ੍ਹਵਾਂ ਦਾ ਇੰਗਲੈਂਡ ਰਹਿੰਦਾ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਪਿੰਡ ਆਇਆ ਤੇ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਨੇ ਉਹਨੂੰ ਭੱਜੀ ਵਿਰੁਧ ਭੜਕਾ ਦਿਤਾ। ਟਹਿਲਾ ਵੀ ਤਕੜਾ ਖਿਡਾਰੀ ਸੀ। ਭੱਜੀ ਦੀ ਗੇਮ ਵੇਖ ਉਹ ਕਾਇਲ ਹੋ ਗਿਆ। ਸਦਾ ਸਦਾ ਲਈ ਫਿਰ ਉਹ ਭੱਜੀ ਦਾ ਵਧੀਆ ਦੋਸਤ ਬਣ ਗਿਆ। ਪੁਰਾਣੇ ਸਾਥੀ ਦੋਸਤ, ਕਬੱਡੀ ਕੈਂਚੀ ਦੇ ਥੰਮ ਮੱਲਪੁਰੀਏ ਹਰੀ ਨਾਲ ਦਹਾਕਿਆਂ ਦਾ ਪਿਆਰ ਹਾਲੇ ਵੀ ਬਰਕਰਾਰ ਹੈ।
ਸਾਰਾ ਅੱਡਾ-ਗੱਡਾ ਹੁਣ ਉਹਦਾ ਲਖਨਊ ਵਿਚ ਹੈ। ਉਹ ਉਥੋਂ ਦੇ ਸਿੰਘ ਸਭਾ ਗੁਰਦੁਆਰੇ ਦਾ ਚੀਫ-ਪੈਟਰਨ ਹੈ। ਧਾਰਮਿਕ, ਸਮਾਜਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਲੜਕੀਆਂ ਦੇ ਗੁਰੂ ਨਾਨਕ ਕਾਲਜ ਦਾ ਉਹ ਪ੍ਰਧਾਨ ਹੈ। ਯਾਰਾਂ-ਦੋਸਤਾਂ ਦੇ ਵਿਆਹ-ਸ਼ਾਦੀਆਂ ਅਤੇ ਖੁਸ਼ੀ-ਗਮੀ ਦੇ ਸਮਾਗਮਾਂ ਵਿਚ ਜਰੂਰ ਸ਼ਰੀਕ ਹੁੰਦਾ ਹੈ। ਪਿੰਡ ਸੰਨ੍ਹਵੀਂ ਜਰੂਰ ਗੇੜਾ ਮਾਰਦਾ ਹੈ।
ਭੱਜੀ ਦੇ ਮਾਤਾ ਜੀ 95 ਸਾਲਾਂ ਦੇ ਹੋ ਕੇ ਬਿਲਕੁਲ ਤੰਦਰੁਸਤ ਹਨ। 1968 ਵਿਚ ਭੱਜੀ ਹੁਸ਼ਿਆਰਪੁਰ ਲਾਗੇ ਇਕ ਛੋਟੇ ਜਿਹੇ ਪਿੰਡ ਵਿਚ ਸੁਰਿੰਦਰਪਾਲ ਕੌਰ ḔਪਾਲੀḔ ਨਾਲ ਬੜੇ ਲਾਡਾਂ ਨਾਲ ਵਿਆਹਿਆ ਸੀ। ਸੰਨ 2000 ਵਿਚ ਪਾਲੀ ਅਚਾਨਕ ਵਿਛੋੜਾ ਦੇ ਗਈ। ਭੱਜੀ ਨੇ ਆਪਣੀ ਪਤਨੀ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਯੂæਪੀæ ਵਿਚ ਮੁਟਿਆਰਾਂ ਦੇ ਵੇਟ-ਲਿਫਟਿੰਗ ਮੁਕਾਬਲੇ ਕਰਾਏ। ਵਿਆਹ ਤੋਂ ਬਾਅਦ ਵੀ ਗੇਮ ਨਹੀਂ ਛੱਡੀ। ਜਦੋਂ ਮੈਚ ਜਿੱਤ ਕੇ ਆਉਣਾ, ਲੋਕਾਂ ਨੇ ਪਿਤਾ ਨੂੰ ਵਧਾਈਆਂ ਦੇਣੀਆਂ। ਸਿਫਤਾਂ ਸੁਣ ਸੁਣ ਪਾਲੀ ਨੇ ਮਨ ਹੀ ਮਨ ਵਿਚ ਖੁਸ਼ ਹੋਈ ਜਾਣਾ। ਸੱਟਾਂ-ਚੋਟਾਂ ਕਰਕੇ ਭੱਜੀ ਨੇ ਗੇਮ ਛੱਡਣ ਦਾ ਵਿਚਾਰ ਘਰਵਾਲੀ ਨੂੰ ਦੱਸਣਾ। ਗੇਮ ਨਿਰੰਤਰ ਜਾਰੀ ਰੱਖਣ ਦੀ ਉਹਨੇ ਤਾਈਦ ਕਰਨੀ। ਵਿਆਹ ਤੋਂ ਬਾਅਦ ਹੀ ਉਹਨੇ ਵੇਟ-ਲਿਫ਼ਟਿੰਗ ਕੀਤੀ, ਸਟੇਟ ਪੱਧਰ ਦੀ ਕਬੱਡੀ ਖੇਡੀ।
ਜ਼ਿੰਦਗੀ Ḕਚ ਆਏ ਉਤਰਾਅ-ਚੜ੍ਹਾਅ ਦੇ ਬਾਵਜੂਦ ਉਹ ਹਮੇਸ਼ਾ ਚੜ੍ਹਦੀ ਕਲਾ Ḕਚ ਰਹਿੰਦੈ। ਸੰਤੁਸ਼ਟ ਹੈ। ਦੋ ਬੇਟੇ ਇਕ ਬੇਟੀ। ਇਕ ਬੇਟਾ ਕੈਨੇਡਾ ਸੈਟਲ ਹੈ ਤੇ ਦੂਜਾ ਪਿਤਾ ਦੇ ਨਾਲ ਯੂæਪੀæ Ḕਚ ਆਰਕੀਟੈਕਟ ਲੱਗਾ ਹੋਇਐ। ਬੇਟੀ ਗੁਰਿੰਦਰਜੀਤ ਕੌਰ ਸਿੰਮੀ ਆਪਣੇ ਘਰ ਪਟਨਾ (ਬਿਹਾਰ) ਵਿਚ ਖ਼ੁਸ਼ ਹੈ। ਦਾਮਾਦ ਪਟਨਾ ਬਿਹਾਰ ਜੰਗਲਾਤ ਮਹਿਕਮੇ ਵਿਚ ਅਫਸਰ ਲੱਗਾ ਹੋਇਐ। ਬਿੱਲੇ ਦੇ ਨਾਂ ਨਾਲ ਜਾਣਿਆ ਜਾਂਦਾ ਛੋਟਾ ਭਰਾ ਇਕਬਾਲ ਸਿੰਘ ਬਿੱਲਾ ਡੀæਏæਵੀæ ਕਾਲਜ ਹੁਸ਼ਿਆਰਪੁਰ ਦਾ ਤਕੜਾ ਕਬੱਡੀ ਖਿਡਾਰੀ ਰਹਿ ਚੁੱਕੈ। ਇਸ ਵਕਤ ਉਹ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹੈ। ਦੋ ਭੈਣਾਂ ਨਿਊ ਯਾਰਕ ਰਹਿੰਦੀਆਂ ਹਨ। ਪਿਤਾ 2002 ਵਿਚ ਵਿਛੋੜਾ ਦੇ ਗਏ ਸਨ।
ਪਿੰਡ ਵਿਚ 7ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਨਾਂ Ḕਤੇ ਬਣੇ ਗੁਰਦੁਆਰੇ ਦੇ ਪਿਛਲੇ ਪਾਸੇ ਸਕੂਲ ਬਣਿਆ ਹੋਇਆ ਹੈ। ਭੱਜੀ ਕਿਸੇ ਹੋਣਹਾਰ ਗਰੀਬ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ ਆਪਣੇ ਸਿਰ ਲੈਂਦਾ ਹੈ ਤਾਂ ਕਿ ਕਿਸੇ ਗਰੀਬ ਦੇ ਕੰਮ ਆ ਸਕੇ। ਉਹਨੂੰ ਆਪਣਾ ਤੰਗੀਆਂ-ਤੁਰਸ਼ੀਆਂ ਵਾਲਾ ਬਚਪਨ ਵੀ ਯਾਦ ਹੈ। ਦਸਵੀਂ ਕਲਾਸ ਵਿਚ ਬੜਾ ਛੋਟਾ ਤੇ ਹਲਕਾ ਕੱਦ ਹੁੰਦਾ ਸੀ। ਮੁਕੰਦਪੁਰ ਦਸਵੀਂ ਦੇ ਇਮਤਿਹਾਨ ਦੇਣ ਗਿਆ ਤਾਂ ਸੁਪਰਡੈਂਟ ਕਹਿੰਦਾ ਕਿ ਤੂੰ ਹਾਲੇ ਨਿਆਣਾ, ਇਹ ਦਸਵੀਂ ਦੇ ਪੇਪਰ ਹਨ। ਆਪਣੇ ਸਰਟੀਫਿਕੇਟ ਵਿਖਾ ਕੇ ਉਹਨੇ ਟੈਸਟ ਦਿਤਾ। ਨਤੀਜਾ ਅਇਆ ਤਾਂ ਫਸਟ-ਡਵੀਜ਼ਨ। ਗਣਿਤ ਵਿਸ਼ੇ ਵਿਚੋਂ 99% ਨੰਬਰ ਆਏ।
ਸਾਲ 2014 ਦੀਆਂ ਲਖਨਊ ਪੁਲਿਸ ਖੇਡਾਂ ਵਿਚ ਉਹ ਮੁਖ ਮਹਿਮਾਨ ਸੀ। ਜ਼ਿੰਦਗੀ ਦੀਆਂ ਢੇਰ ਪ੍ਰਾਪਤੀਆਂ ਕਰਕੇ ਵਡਮੁੱਲਾ ਮਾਣ ਬਖਸ਼ਿਆ ਗਿਆ। ਹਰਭਜਨ ਸਿੰਘ ਭੱਜੀ ਦਾ ਉਠ ਰਹੇ ਨਵੇਂ ਖਿਡਾਰੀਆਂ ਨੂੰ ਸੁਨੇਹਾ ਹੈ ਕਿ ਸਾਫ਼-ਸੁਥਰੀ ਖੇਡ ਖੇਡੋ। ਨਸ਼ਿਆਂ ਤੋਂ ਦੂਰ ਰਹੋ। ਪੰਜਾਬ ਸਰਕਾਰ ਵਲੋਂ ਕਬੱਡੀ ਲੀਗਾਂ ਜਾਂ ਵਿਸ਼ਵ ਕਬੱਡੀ ਕੱਪ ਕਰਾਉਣਾ ਕਾਬਲੇ-ਤਾਰੀਫ ਹੈ ਪਰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ Ḕਤੇ ਨਸ਼ਿਆਂ ਦਾ ਭਾਰੂ ਹੋਣਾ ਦੁਖ ਵਾਲੀ ਗੱਲ ਹੈ। ਹਰਭਜਨ ਸਿੰਘ ਭੱਜੀ ਨਾਲ ਫੋਨ: 91-94150-06845 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਨਸ਼ਿਆਂ ਨੂੰ ਠੱਲ ਪਾ ਦੇਵੋ,
ਕਹਿ ਦਿਓ ਪੰਜਾਬ ਸਰਕਾਰ ਤਾਈਂ।
ਚਿੱਟੇ ਨੇ ਗੱਭਰੂ ਮਾਰ ਦਿਤੇ,
ਪਹੁੰਚ ਕਰੋ ਕੋਈ ਸਰਕਾਰ ਤਾਈਂ।
ਗਾਮੇ, ਬੁੱਧੂ, ਪ੍ਰੀਤੇ, ਬੱਲ ਗਏ ਕਿਥੇ,
ਜਾ ਕੇ ਪੁਛੋ ਸਰਕਾਰ ਤਾਈਂ।
ਫਿਰੇ ਤੜਫਦਾ ḔਜੱਬੋਵਾਲੀਆḔ ਪੰਜਾਬ ਲਈ,
ਚਲਦੀ ਰਹੇਗੀ ਕਲਮ ਖਿਡਾਰੀਆਂ,
ਪਹਿਲਵਾਨਾਂ ਦੇ ਸਤਿਕਾਰ ਤਾਈਂ।