ਕਾਰਟੂਨਿਸਟ ਆਰæਕੇæ ਲਕਸ਼ਮਨ ਦਾ ਸਿਰਜਿਆ ‘ਆਮ ਆਦਮੀ’ ਪੂਰੇ ਪੰਜ ਦਹਾਕੇ, ਹਰ ਸਵੇਰ ਅਖਬਾਰ ਦੇ ਜ਼ਰੀਏ ‘ਆਮ ਆਦਮੀਆਂ’ ਦੇ ਦਰਾਂ ਉਤੇ ਦਸਤਕ ਦਿੰਦਾ ਰਿਹਾ। ਉਸ ਦੇ ਬਹੁਤੇ ਪ੍ਰਸ਼ੰਸਕ ਅਖਬਾਰ ਦੀ ਸ਼ੁਰੂਆਤ ਉਹਦੇ ‘ਆਮ ਆਦਮੀ’ ਨਾਲ ਗੱਲ ਕਰ ਕੇ ਹੀ ਸ਼ੁਰੂ ਕਰਦੇ ਸਨ। ਤੇ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਸੀ।
æææਅਸਲ ਵਿਚ ਲਕਸ਼ਮਨ ਖੂਬਸੂਰਤ ਅਤੇ ਤਰਤੀਬਵਾਰ ਲਕੀਰਾਂ ਵਾਹੁਣ ਦੇ ਨਾਲ-ਨਾਲ ਸ਼ਬਦਾਂ ਦਾ ਜਾਦੂਗਰ ਵੀ ਸੀ। ਉਸ ਦੀਆਂ ਵਾਹੀਆਂ ਲਕੀਰਾਂ ਅਤੇ ਸ਼ਬਦ ਮਿਲ ਕੇ ਅਜਿਹਾ ਫਿਊਜ਼ਨ ਪੈਦਾ ਕਰਦੇ ਸਨ ਕਿ ਪੜ੍ਹਨ/ਦੇਖਣ ਵਾਲੇ ਦੇ ਜ਼ਹਿਨ ਦੇ ਮਾਨੋ ਕਪਾਟ ਹੀ ਖੁੱਲ੍ਹ ਜਾਂਦੇ।
ਸੱਤ ਭੈਣ-ਭਰਾਵਾਂ ਵਿਚੋਂ ਇਕ ਆਰæਕੇæ ਲਕਸ਼ਮਨ ਦੀ ਡਰਾਇੰਗ ਸ਼ੁਰੂ ਤੋਂ ਹੀ ਚੰਗੀ ਸੀ। ‘ਪੰਚ’, ‘ਟਿਟ ਬਿਟਸ’, ‘ਸਟ੍ਰੈਂਡ’ ਅਤੇ ‘ਬਾਈਸਟੈਂਡਰ’ ਵਰਗੇ ਪਰਚੇ ਜਿਨ੍ਹਾਂ ਵਿਚ ਖੂਬ ਮੂਰਤਾਂ ਛਪਦੀਆਂ ਸਨ, ਉਹਨੂੰ ਬਹੁਤ ਖਿੱਚ ਪਾਉਂਦੇ ਸਨ। ਫਿਰ ਜਦੋਂ ਉਸ ਨੇ ਬ੍ਰਿਟਿਸ਼ ਕਾਰਟੂਨਿਸਟ ਸਰ ਡੇਵਿਡ ਲੋਅ ਦੀ ਕਲਾ ਦਾ ਰੰਗ ਦੇਖਿਆ, ਉਹ ਇਸੇ ਰਾਹ ਦਾ ਰਾਹੀ ਹੋ ਗਿਆ। ਆਪਣੀ ਸਵੈ-ਜੀਵਨੀ ‘ਦਿ ਟਨਲ ਆਫ ਟਾਈਮ’ ਵਿਚ ਉਸ ਨੇ ਆਪਣੀਆਂ ਇਨ੍ਹਾਂ ਮੁਢਲੀਆਂ ਰੁਚੀਆਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ। ਆਪਣੇ ਕਮਰੇ ਦੀ ਤਾਕੀ ਵਿਚੋਂ ਜੋ ਵੀ ਝਾਕੀ ਉਸ ਦੇ ਜ਼ਹਿਨ ਵਿਚ ਉਤਰ ਜਾਂਦੀ, ਉਹ ਝੱਟ ਉਸ ਨੂੰ ਕਾਗਜ਼ ਉਤੇ ਉਤਾਰਨ ਦਾ ਯਤਨ ਕਰਦਾ। ਇਸੇ ਕੋਸ਼ਿਸ਼ ਵਿਚ ਸੁੱਕੇ ਪੱਤੇ ਅਤੇ ਕਿਰਲੀਆਂ ਉਸ ਦੀ ਕਾਪੀ ਉਤੇ ਅਕਸਰ ਬਣਦੀਆਂ ਰਹਿੰਦੀਆਂ। ਇਕ ਵਾਰ ਉਹਨੇ ਲੱਕੜਾਂ ਪਾੜਦੇ ਕਾਮੇ ਦਾ ਚਿੱਤਰ ਉਲੀਕਿਆ ਅਤੇ ਫਿਰ ਕਾਂ ਦਾ ਚਿੱਤਰ ਵੱਖ-ਵੱਖ ਕੋਣ ਤੋਂ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬਾਅਦ ਵਿਚ ਇਹੀ ਕਾਂ ਉਸ ਦੇ ਬਹੁਤੇ ਕਾਰਟੂਨਾਂ ਵਿਚ ਨਜ਼ਰੀਂ ਪੈਂਦਾ ਰਿਹਾ, ਲਗਾਤਾਰ।
ਅਧਿਆਪਕ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਸੁਪਨਿਆਂ ਨੂੰ ਲੱਗੇ ਖੰਭ ਇਕ ਵਾਰ ਤਾਂ ਟੁੱਟ ਗਏ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸਕੂਲ ਦੀ ਪੜ੍ਹਾਈ ਮੁਕਾ ਲਈ। ਉਹਨੇ ਆਪਣੇ ਸੁਪਨਿਆਂ ਦੀ ਉਡਾਣ ਮੁੜ ਭਰਨ ਲਈ ਮੁੰਬਈ ਦੇ ਮਸ਼ਹੂਰ ਜੇæਜੇæ ਸਕੂਲ ਆਫ ਆਰਟਸ ਵਿਚ ਦਾਖਲ ਹੋਣ ਲਈ ਅਰਜ਼ੀ ਦਿੱਤੀ ਪਰ ਉਸ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਉਸ ਵਿਚ ਉਹ ਪ੍ਰਤਿਭਾ ਨਹੀਂ ਜੋ ਉਸ ਨੂੰ ਸੰਸਥਾ ਵਿਚ ਦਾਖਲ ਹੋਣ ਦੇ ਹਾਣ ਦਾ ਬਣਾਵੇ। ਇਕ ਵਾਰ ਫਿਰ ਉਹਦਾ ਦਿਲ ਟੁੱਟ ਗਿਆ ਪਰ ਉਹਨੇ ਮੈਸੂਰ ਯੂਨੀਵਰਸਿਟੀ ਤੋਂ ਬੈਚਲਰ ਆਫ ਆਰਟਸ ਕਰ ਲਈ ਅਤੇ ‘ਬਲਟਿਜ਼’ ਅਤੇ ‘ਸਵਰਾਜਯਾ’ ਵਰਗੇ ਪਰਚਿਆਂ ਵਿਚ ਕਾਰਟੂਨ ਭੇਜਦਾ ਰਿਹਾ। ਫਿਰ ਉਹਨੂੰ ‘ਫ੍ਰੀ ਪ੍ਰੈਸ ਜਰਨਲ’ ਵਿਚ ਬਤੌਰ ਸਿਆਸੀ ਕਾਰਟੂਨਿਸਟ ਨੌਕਰੀ ਮਿਲ ਗਈ ਅਤੇ ਇਸ ਤੋਂ ਬਾਅਦ ‘ਟਾਈਜ਼ ਆਫ ਇੰਡੀਆ’ ਨਾਲ ਜੁੜਨ ਮਗਰੋਂ ਤਾਂ ਉਹ ਹਰ ਪਾਸੇ ਛਾ ਗਿਆ। ਉਮਰ ਦੇ ਅਖੀਰ ਤੱਕ ਕਾਰਟੂਨ ਵਾਹੁੰਦਾ ਲਕਸ਼ਮਨ 24 ਅਕਤੂਬਰ 1921 ਨੂੰ ਜੰਮਿਆ ਸੀ ਅਤੇ 26 ਜਨਵਰੀ 2015 ਨੂੰ ਸਦੀਵੀ ਅਲਵਿਦਾ ਆਖ ਗਿਆ।
-ਆਮਨਾ ਸਿੰਘ