ਇਹੁ ਜਨਮ ਤੁਮ੍ਹਾਰੇ ਲੇਖੇ

ਭਗਤ ਪੂਰਨ ਸਿੰਘ ਦੇ ਜੀਵਨ ਨੂੰ ਆਧਾਰ ਬਣਾ ਕੇ ਬਣਾਈ ਪੰਜਾਬੀ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਵਿਚ ਜਦੋਂ ਮੁਟਿਆਰ ਧੀ ਆਪਣੀ ਮਾਂ ਨੂੰ ਆਪਣੀ ਧੀ ਵਾਂਗ ਸਾਂਭਦੀ ਹੈ, ਤਾਂ ਰਿਸ਼ਤਿਆਂ ਦੀ ਇਸ ਜਗ-ਮਗ ਦੇ ਅਸਲ ਤੇ ਡੂੰਘੇ ਝਲਕਾਰਿਆਂ ਦੀ ਸਮਝ ਪੈਣ ਲਗਦੀ ਹੈ।

ਨਿਰਦੇਸ਼ਕ ਹਰਜੀਤ ਸਿੰਘ ਨੇ ਇਸ ਫਿਲਮ ਰਾਹੀਂ ਇਕੱਲੇ ਭਗਤ ਪੂਰਨ ਸਿੰਘ ਦੀ ਜੀਵਨ ਕਹਾਣੀ ਦੀ ਹੀ ਬਾਤ ਨਹੀਂ ਪਾਈ, ਸਗੋਂ ਮਨੁੱਖਤਾ ਲਈ ਰੀਣ-ਰੀਣ ਜੀਅ ਰਹੇ ਜਿਊੜਿਆਂ ਨੂੰ ਸਲਾਮੀ ਦਿੱਤੀ ਹੈ। ਭਗਤ ਪੂਰਨ ਸਿੰਘ ਦੇ ਕਿਰਦਾਰ ਵਿਚ ਅਦਾਕਾਰ ਪਵਨ ਮਲਹੋਤਰਾ ਖੂਬ ਨਿਖਰਿਆ ਹੈ। ਅਦਾਕਾਰੀ ਦੇ ਖੇਤਰ ਵਿਚ ਉਹ ਆਪਣੀ ਪ੍ਰਤਿਭਾ ਦਾ ਲੋਹਾ ਪਹਿਲਾਂ ਹੀ ਮੰਨਵਾ ਚੁੱਕਾ ਹੈ, ਪਰ ਉਹਨੇ ਜਿਸ ਢੰਗ ਅਤੇ ਲਗਨ ਨਾਲ ਇਸ ਫਿਲਮ ਵਿਚ ਭਗਤ ਪੂਰਨ ਸਿੰਘ ਦੇ ਕਿਰਦਾਰ ਨੂੰ ਜੀਵਿਆ ਹੈ, ਉਸ ਦੇ ਲਈ ਉਹ ਵਾਕਿਆ ਹੀ ਸ਼ਾਬਾਸ਼ ਦਾ ਹੱਕਦਾਰ ਹੈ। ਇਸ ਕਿਰਦਾਰ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ ਜਿਹੜੀ ਫਿਲਮ ਵਿਚ ਥਾਂ ਪੁਰ ਥਾਂ ਝਾਤੀਆਂ ਮਾਰਦੀ ਦਿਸਦੀ ਹੈ।
ਭਗਤ ਪੂਰਨ ਸਿੰਘ ਦਾ ਜਨਮ 20ਵੀਂ ਸਦੀ ਦੇ ਆਰੰਭ ਵਿਚ ਉਸ ਵਕਤ ਹੋਇਆ (4 ਜੂਨ, 1904) ਸੀ ਜਦੋਂ ਪੰਜਾਬ ਵਿਚ ਸਿਆਸੀ ਉਥਲ-ਪੁਥਲ ਚੋਖੀ-ਚੰਗੀ ਹੋ ਰਹੀ ਸੀ, ਪਰ ਉਸ ਦੀ ਮਾਂ ਨੇ ਬਹੁਤ ਔਖੇ ਹਾਲਾਤ ਵਿਚ ਇਸ ਬਾਲ ਨੂੰ ਇਸ ਦੁਨੀਆਂ ਉਤੇ ਸਾਹ ਦਿਵਾਇਆ ਸੀ। ਰੱਬ ਉਤੇ ਡੋਰੀਆਂ ਰੱਖਣ ਵਾਲੀ ਮਾਂ ਨੇ ਆਪਣੇ ਇਸ ਲਾਡਲੇ ਦਾ ਨਾਂ ਰਾਮਜੀ ਦਾਸ ਰੱਖਿਆ। ਘਰ ਦੇ ਹਾਲਾਤ ਇੰਨੇ ਖਰਾਬ ਸਨ ਕਿ ਮਾਂ ਦੇ ਕਿਤੇ ਪੈਰ ਨਹੀਂ ਸਨ ਲੱਗ ਸਕੇ। ਇਨ੍ਹਾਂ ਹਾਲਾਤ ਦਾ ਮਾਰਿਆ ਬਾਲ ਰਾਮਜੀ ਦਾਸ ਪੜ੍ਹ ਵੀ ਨਾ ਸਕਿਆ, ਪਰ ਵੱਡਾ ਹੋ ਕੇ ਅਤੇ ਪੂਰਨ ਸਿੰਘ ਬਣ ਕੇ ਉਹਨੇ ਜਿਹੜੀ ਮਿਸਾਲ ਕਾਇਮ ਕੀਤੀ, ਉਸ ਤਰ੍ਹਾਂ ਦੀ ਮਿਸਾਲ ਦੁਨੀਆਂ ਭਰ ਵਿਚ ਵਿਰਲੀ-ਟਾਵੀਂ ਹੀ ਮਿਲਦੀ ਹੈ। ਇਸ ਸੰਸਾਰ ਵਿਚ ਹਰ ਪਾਸੇ ਉਸ ਦੀ ਨਿਸ਼ਕਾਮ ਸੇਵਾ ਦੀ ਚਰਚਾ ਚੱਲੀ। ਦੂਰੋਂ-ਦੂਰੋਂ ਲੋਕ ਉਸ ਦੀ ਇਸ ਸੇਵਾ ਕਾਰਨ ਖਿੜੇ ਫੁੱਲਾਂ ਦੀ ਮਹਿਕ ਸੰਭਾਲਣ ਆਉਂਦੇ। ਉਹਨੇ ਬੇਸਹਾਰਿਆਂ ਨੂੰ ਜਿਸ ਤਰ੍ਹਾਂ ਸਹਾਰਾ ਦਿੱਤਾ ਅਤੇ ਹਰ ਔਖੀ ਘੜੀ ਵੇਲੇ ਚੱਟਾਨ ਵਾਂਗ ਡਟ ਕੇ ਖਲੋਏ, ਉਸ ਨੇ ਸੇਵਾ ਦੀ ਇਸ ਮਹਿਕ ਨੂੰ ਦੂਣ-ਸਵਾਈ ਕਰ ਦਿੱਤਾ। ਇਸੇ ਕਰ ਕੇ ਸਰਕਾਰ ਨੇ ਵੀ ਉਨ੍ਹਾਂ ਨੂੰ 1979 ਵਿਚ ਪਦਮਸ੍ਰੀ ਦੇ ਇਨਾਮ ਨਾਲ ਨਵਾਜਿਆ, ਪਰ ਜਦੋਂ ਸਰਕਾਰ ਦੀਆਂ ਫੌਜਾਂ ਨੇ 1984 ਵਿਚ ਸ੍ਰੀ ਹਰਿਮੰਦਿਰ ਸਾਹਿਬ ਉਤੇ ਚੜ੍ਹਾਈ ਕੀਤੀ, ਤਾਂ ਉਨ੍ਹਾਂ ਸਰਕਾਰ ਦਾ ਉਹ ਇਨਾਮ ਵਾਪਸ ਮੋੜ ਦਿੱਤਾ। ਇਹੀ ਨਹੀਂ, ਖਾੜਕੂਆਂ ਦੇ ਸੰਘਰਸ਼ ਬਾਰੇ ਸਵਾਲ ਵੀ ਕੀਤੇ।
ਵਾਤਾਵਰਨ ਬਾਰੇ ਉਨ੍ਹਾਂ ਸੁਚੇਤ ਹੋ ਕੇ ਰੁੱਖ ਲਾਉਣ ਦਾ ਹੋਕਾ ਲਾਇਆ। ਉਨ੍ਹਾਂ ਆਖਿਆ ਕਿ ਸਾਰੇ ਪੰਜਾਬੀਆਂ ਨੂੰ ਬੋਹੜ, ਪਿੱਪਲ ਅਤੇ ਨਿੰਮ ਦੇ ਦਰੱਖਤ ਜਿੰਨੇ ਵੀ ਲਾ ਸਕਣ, ਲਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਵਿਚ ਆ ਰਹੇ ਵਿਗਾੜ ਘਟਾਏ ਜਾ ਸਕਣ। ਉਨ੍ਹਾਂ ਦੀ ਇਸ ਸਮੁੱਚੀ ਕਹਾਣੀ ਨੂੰ ਨਿਰਦੇਸ਼ਕ ਹਰਜੀਤ ਸਿੰਘ ਨੇ ਸੱਚਮੁੱਚ, ਸਮੁੱਚ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਨਿਰਦੇਸ਼ਕ ਕਹਾਣੀ ਵਿਚ ਉਗੜ-ਦੁਗੜਾਪਣ ਦੂਰ ਕਰਨ ਵਿਚ ਰਤਾ ਕੁ ਖੁੰਝ ਗਿਆ ਹੈ। ਜੇ ਕਿਤੇ ਉਹ ਕਹਾਣੀ ਦੀ ਲੜੀ ਨੂੰ ਹੋਰ ਰਵਾਨੀ ਨਾਲ ਪੇਸ਼ ਕਰਦਾ ਤਾਂ ਬਿਨਾਂ ਸ਼ੱਕ ਇਹ ਫਿਲਮ ਸ਼ਾਹਕਾਰ ਫਿਲਮ ਬਣ ਜਾਣੀ ਸੀ। ਸ਼ਰਧਾ ਵਜੋਂ ਹਰ ਬੰਦਾ ਇਹ ਫਿਲਮ ਦੇਖਣਾ ਚਾਹੇਗਾ, ਪਰ ਮਸਲਾ ਕਲਾ ਰਾਹੀਂ ਲੋਕਾਂ ਦੇ ਦਿਲਾਂ ਉਤੇ ਦਸਤਕ ਦੇਣ ਦਾ ਹੈ। ਜਿੰਨੀ ਜ਼ੋਰਦਾਰ ਸ਼ਖਸੀਅਤ ਭਗਤ ਪੂਰਨ ਸਿੰਘ ਦੀ ਹੈ, ਇਹ ਫਿਲਮ ਉਸ ਤੋਂ ਕਿਤੇ ਉਰ੍ਹਾਂ ਰਹਿ ਗਈ ਹੈ। ਫਿਰ ਵੀ ਫਿਲਮ ਦਾ ਸੁਨੇਹਾ ਬੜਾ ਅਸਰਦਾਰ ਹੈ ਅਤੇ ਬਹੁਤ ਥਾਈਂ ਫਿਲਮ ਬਹੁਤ ਉਚੀ ਉਡਾਣ ਭਰਦੀ ਹੈ।