ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਰਥਿਕ ਤੰਗੀਆਂ ਵਿਚ ਉਲਝੀ ਪੰਜਾਬ ਦੀ ਅਕਾਲੀ-ਭਾਜਪਾ ਨੇ ਅਮਰੀਕੀ ਕੰਪਨੀ ਤੋਂ 40 ਕਰੋੜ ਦਾ ਹੈਲੀਕਾਪਟਰ ਖਰੀਦਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ‘ਬੈੱਲ-429’ ਮਾਡਲ ਹੈਲੀਕਾਪਟਰ ਕੰਪਨੀ ਵੱਲੋਂ ਭੇਜ ਦਿੱਤਾ ਗਿਆ ਹੈ। ਕਸਟਮ ਤੇ ਹੋਰ ਕੇਂਦਰੀ ਵਿਭਾਗਾਂ ਵੱਲੋਂ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਲੈਣ ਤੋਂ ਬਾਅਦ ਇਹ ਨਵਾਂ ਹੈਲੀਕਾਪਟਰ ਅਗਲੇ ਸਾਲ ਜਨਵਰੀ ਮਹੀਨੇ ਪੰਜਾਬ ਸਰਕਾਰ ਦੇ ਹਵਾਲੇ ਹੋਵੇਗਾ।
ਪੰਜਾਬ ਸਰਕਾਰ ਇਸ ਸਮੇਂ ਗੰਭੀਰ ਮਾਲੀ ਸੰਕਟ ਵਿਚ ਘਿਰੀ ਹੋਈ ਹੈ। ਰਾਜ ਸਰਕਾਰ ਨੇ ਸਿੱਖਿਆ, ਸਿਹਤ ਤੇ ਹੋਰ ਕਈ ਮਹੱਤਵਪੂਰਨ ਖੇਤਰਾਂ ਦੀਆਂ ਗਰਾਂਟਾਂ ਜਾਰੀ ਨਹੀਂ ਕੀਤੀਆਂ। ਮਾਲੀ ਸੰਕਟ ਕਾਰਨ ਇਸ ਸਮੇਂ 2500 ਕਰੋੜ ਰੁਪਏ ਦੇ ਬਿਲ ਖ਼ਜ਼ਾਨੇ ਵਿਚ ਰੁਕੇ ਪਏ ਹਨ। ਵਿੱਤ ਵਿਭਾਗ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੈੱਸ ਜਾਰੀ ਕਰਨ ਲਈ 160 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ ਸੀ ਪਰ ਖ਼ਜ਼ਾਨੇ ਵਿਚ ਪੈਸਾ ਨਾ ਹੋਣ ਕਾਰਨ ਇਹ ਪੈਸਾ ਜਾਰੀ ਨਹੀਂ ਕੀਤਾ ਜਾ ਸਕਿਆ। ਇਸੇ ਤਰ੍ਹਾਂ ਕੌਮੀ ਦਿਹਾਤੀ ਸਿਹਤ ਮਿਸ਼ਨ ਅਧੀਨ ਕੇਂਦਰੀ ਗਰਾਂਟ ਵਿੱਚ ਪਾਏ ਜਾਣ ਵਾਲੇ 25 ਫੀਸਦੀ ਯੋਗਦਾਨ ਲਈ 175 ਕਰੋੜ ਰੁਪਏ ਦਾ ਵੀ ਕੋਈ ਬੰਦੋਬਸਤ ਨਹੀਂ ਹੋ ਸਕਿਆ। ਮਾਲੀ ਸੰਕਟ ਦੇ ਚਲਦਿਆਂ ਹੈਲੀਕਾਪਟਰ ਲਈ ਤਕਰੀਬਨ 40 ਕਰੋੜ ਰੁਪਏ ਖਰਚ ਕਰਨਾ ਤੇ ਕਬੱਡੀ ਕੱਪ ਉਪਰ ਸਰਕਾਰੀ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਖਰਚਣਾ ਪ੍ਰਸ਼ਾਸਕੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਵੇਂ ਸਾਲ ਤੋਂ ਰਾਜ ਸਰਕਾਰ ਦੀ ਆਪਣੀ ਮਾਲਕੀ ਵਾਲੇ ਹੈਲੀਕਾਪਟਰ ‘ਤੇ ਸਫ਼ਰ ਕਰਿਆ ਕਰਨਗੇ। ਪੰਜਾਬ ਸਰਕਾਰ ਨੇ ਇਸ ਸਮੇਂ ਪ੍ਰਾਈਵੇਟ ਕੰਪਨੀ ‘ਗਲੋਬਲ ਵੈਕਟਰਾ ਦਾ ਸੱਤ ਸੀਟਾਂ ਵਾਲਾ ਹੈਲੀਕਾਪਟਰ ਕਿਰਾਏ ਉਪਰ ਲਿਆ ਹੋਇਆ ਹੈ। ਇਸ ਹੈਲੀਕਾਪਟਰ ‘ਤੇ ਰਾਜਪਾਲ ਸ਼ਿਵਰਾਜ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੀ ਆਮ ਤੌਰ ‘ਤੇ ਸਫ਼ਰ ਕਰਦੇ ਹਨ।
ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਗਗਨਦੀਪ ਸਿੰਘ ਬਰਾੜ ਤੇ ਵਿਭਾਗ ਦੇ ਸਲਾਹਕਾਰ ਕੈਪਟਨ ਅਭੈ ਚੰਦਰਾ ਪਿਛਲੇ ਦਿਨੀਂ ਜਾ ਕੇ ਹੈਲੀਕਾਪਟਰ ਦਾ ਮੁਆਇਨਾ ਕਰਕੇ ਆਏ ਹਨ। ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਦੋ ਘੰਟੇ ਹੈਲੀਕਾਪਟਰ ਵਿਚ ਸਫ਼ਰ ਕੀਤਾ। ਤਕਨੀਕੀ ਤੌਰ ‘ਤੇ ਪਰਖਣ ਤੋਂ ਬਾਅਦ ਕੰਪਨੀ ਨੇ ਹੈਲੀਕਾਪਟਰ ਨੂੰ ਪੈਕ ਕਰਕੇ ਭਾਰਤ ਭੇਜ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਖਰੀਦਣ ਦੀ ਯੋਜਨਾ ਪਿਛਲੇ ਕਈ ਸਾਲਾਂ ਤੋਂ ਬਣਾਈ ਜਾ ਰਹੀ ਸੀ।
ਮਾਲੀ ਸੰਕਟ ਦੇ ਚਲਦਿਆਂ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਣ ਤੋਂ ਪਰਹੇਜ਼ ਕੀਤਾ ਜਾ ਰਿਹਾ ਸੀ। ਅਕਾਲੀ-ਭਾਜਪਾ ਗੱਠਜੋੜ ਦੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਅਗਸਤ ਦੌਰਾਨ ਨਵਾਂ ਹੈਲੀਕਾਪਟਰ ਖਰੀਦਣ ਦਾ ਫੈਸਲਾ ਕੀਤਾ ਸੀ। ਅਮਰੀਕਨ ਕੰਪਨੀ ਦਾ ਇਹ ਹੈਲੀਕਾਪਟਰ ਆਧੁਨਿਕ ਕਿਸਮ ਦਾ ਹੋਵੇਗਾ। ਹਨੇਰੇ ਤੇ ਖ਼ਰਾਬ ਮੌਸਮ ਦੌਰਾਨ ਵੀ ਉਡਾਣ ਭਰ ਸਕੇਗਾ। ਹੈਲੀਕਾਪਟਰ ਵਿਚ ਸੁਰੱਖਿਆ ਪੱਖ ਤੋਂ ਨਵੇਂ ਯੰਤਰ ਫਿੱਟ ਹੋਣਗੇ। ਨਵੇਂ ਹੈਲੀਕਾਪਟਰ ਦੀ ਕੀਮਤ ਤਕਰੀਬਨ 40 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਚੰਡੀਗੜ੍ਹ ਹਵਾਈ ਅੱਡੇ ‘ਤੇ ਹੈਲੀਕਾਪਟਰ ਦੀ ਪਾਰਕਿੰਗ ਲਈ ਕਈ ਸਾਲਾਂ ਤੋਂ ਹੈਂਗ ਕਿਰਾਏ ‘ਤੇ ਲਿਆ ਹੋਇਆ ਹੈ। ਰਾਜ ਸਰਕਾਰ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਜਨਤਕ ਖੇਤਰ ਦੀ ਕੰਪਨੀ ਪਵਨ ਹੰਸ ਦਾ ਹੈਲੀਕਾਪਟਰ ਕਿਰਾਏ ‘ਤੇ ਲਿਆ ਹੋਇਆ ਸੀ ਪਰ ਦੋ ਕੁ ਸਾਲ ਪਹਿਲਾਂ ਉਨ੍ਹਾਂ ਦਾ ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਸਰਕਾਰ ਨੇ ਗਲੋਬਲ ਵੈਕਟਰਾ ਨਾਮੀ ਕੰਪਨੀ ਦਾ ਹੈਲੀਕਾਪਟਰ ਕਿਰਾਏ ‘ਤੇ ਲੈ ਲਿਆ ਸੀ। ਇਸ ਹੈਲੀਕਾਪਟਰ ਦਾ ਕਿਰਾਇਆ ਸਰਕਾਰ ਵੱਲੋਂ 1 ਲੱਖ 40 ਹਜ਼ਾਰ ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਅਦਾ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਪ੍ਰਤੀ ਮਹੀਨਾ 30 ਤੋਂ 35 ਘੰਟੇ ਦੇ ਦਰਮਿਆਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਨੂੰ ਆਪਣਾ ਹੈਲੀਕਾਪਟਰ ਕਿਰਾਏ ਦੇ ਹੈਲੀਕਾਪਟਰ ਨਾਲੋਂ ਸਸਤਾ ਪਵੇਗਾ।
Leave a Reply