ਚੁਰਾਸੀ ਕਤਲੇਆਮ: ਨੰਗਲੋਈ ਸਟੇਸ਼ਨ ‘ਤੇ 28 ਸਿੱਖ ਫ਼ੌਜੀ ਬਣੇ ਸ਼ਿਕਾਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): 1984 ਦੇ ਸਿੱਖ ਕਤਲੇਆਮ ਦੌਰਾਨ 28 ਸਿੱਖ ਫੌਜੀ ਅਫਸਰਾਂ ਤੇ ਜਵਾਨਾਂ ਦਾ ਦਿੱਲੀ ਦੇ ਰੇਲਵੇ ਸਟੇਸ਼ਨ ਉਪਰ ਕਤਲੇਆਮ ਕੀਤਾ ਗਿਆ ਸੀ। ਇਸ ਦੁਖਾਂਤ ਦੇ 28 ਸਾਲਾਂ ਬਾਅਦ ਇਹ ਖੁਲਾਸਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਏਆਈਐਸਐਸਐਫ) ਵੱਲੋਂ ਕੀਤਾ ਗਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਹਿਲੀ ਨਵੰਬਰ 1984 ਨੂੰ ਦਿੱਲੀ ਦੇ ਤੁਗਲਕਾਬਾਦ ਨੰਗਲੋਈ ਰੇਲਵੇ ਸਟੇਸ਼ਨ ਉਪਰ ਸਿੱਖ ਵਿਰੋਧੀ ਦੰਗਾਕਾਰੀਆਂ ਨੇ 63 ਸਿੱਖਾਂ ਨੂੰ ਕਤਲ ਤੇ ਜ਼ਖਮੀ ਕੀਤਾ ਸੀ। ਇਨ੍ਹਾਂ ਵਿਚ 28 ਸਿੱਖ ਫੌਜੀ ਵੀ ਸ਼ਾਮਲ ਸਨ।
ਇਸ ਘਟਨਾ ਦੇ 28 ਸਾਲ ਪੁਰਾਣੇ ਹਾਸਲ ਕੀਤੇ ਦਸਤਾਵੇਜ਼ਾਂ ਅਨੁਸਾਰ ਇਸ ਕਤਲੇਆਮ ਦੀ ਬਕਾਇਦਾ ਪਹਿਲੀ ਨਵੰਬਰ 1984 ਨੂੰ ਰੇਲਵੇ ਪੁਲਿਸ (ਜੀਆਰਪੀ) ਦਿੱਲੀ ਵਲੋਂ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147 ਤੇ 148 (ਦੰਗੇ ਕਰਨ), 201 (ਲਾਸ਼ ਖੁਰਦ-ਬੁਰਦ ਕਰਨ), 302 (ਕਤਲ) ਤੇ 295 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ। ਜੀਆਰਪੀ ਦੀ ਹੁਣ ਤੱਕ ਦੀ ਪੜਤਾਲ ਅਨੁਸਾਰ ਏਨਾ ਵੱਡਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਵਿਚੋਂ ਉਹ 28 ਸਾਲਾਂ ਬਾਅਦ ਕਿਸੇ ਇਕ ਵਿਅਕਤੀ ਨੂੰ ਵੀ ਪਛਾਣਨ ਤੋਂ ਅਸਮਰੱਥ ਰਹੀ ਹੈ ਤੇ ਇਸ ਆਧਾਰ ‘ਤੇ ਇਸ ਕਤਲੋਗਾਰਤ ਮਾਮਲੇ ਦੀ ਅਹਿਮ ਐਫਆਈਆਰ ਨੂੰ ਦਾਖਲ ਦਫਤਰ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੈਡਰੇਸ਼ਨ 1984 ਦੇ ਦੰਗਿਆਂ ਦੌਰਾਨ ਹੋਂਦ ਚਿੱਲੜ (ਹਰਿਆਣਾ), ਗੁੜਗਾਓਂ, ਪਟੌਦੀ, ਕਨੀਨਾ ਮੰਡੀ, ਰਿਵਾੜੀ, ਤਲਵਾੜਾ ਟਾਊਨਸ਼ਿਪ ਸਲਾਰ ਡੈਮ, ਰਿਆਸੀ ਜੰਮੂ, ਬੇਕਾਰੋ ਵਿਚ ਸਿੱਖਾਂ ਦੇ ਵਿਆਪਕ ਪੱਧਰ ‘ਤੇ ਹੋਏ ਕਤਲੇਆਮ ਦੇ ਖੁਲਾਸੇ ਕਰ ਚੁੱਕੀ ਹੈ।ਫੈਡਰੇਸ਼ਨ ਵੱਲੋਂ ਅੱਜ ਜਾਰੀ ਦਸਤਾਵੇਜ਼ਾਂ ਅਨੁਸਾਰ ਤੁਗਲਕਾਬਾਦ ਨੰਗਲੋਈ ਰੇਲਵੇ ਸਟੇਸ਼ਨ ਦਿੱਲੀ ਵਿਖੇ ਪਹਿਲੀ ਨਵੰਬਰ ਨੂੰ ਵਾਪਰੇ ਕਤਲੇਆਮ ਦੌਰਾਨ ਸ਼ਹੀਦ ਹੋਏ 28 ਸਿੱਖ ਫੌਜੀ ਅਫਸਰਾਂ ਤੇ ਜਵਾਨਾਂ ਵਿਚ ਲੈਫਟੀਨੈਂਟ ਕਰਨਲ ਏ ਐਸ ਆਨੰਦ (74 ਆਰਮਡ ਰੈਜੀਮੈਂਟ), ਫਲਾਈਟ ਲੈਫਟੀਨੈਂਟ ਹਰਿੰਦਰ ਸਿੰਘ, ਕੈਪਟਨ ਆਈ ਪੀ ਐਸ ਬਿੰਦਰਾ (63 ਕੈਵਲਰੀ), ਮੇਜਰ ਸੁਖਜਿੰਦਰ ਸਿੰਘ (150 ਫੀਲਡ ਰੈਜੀਮੈਂਟ), ਕੈਪਟਨ ਐਸ ਐਸ ਗਿੱਲ (89 ਆਰਮਡ ਰੈਜੀਮੈਂਟ), ਸੂਬੇਦਾਰ ਰਣਜੀਤ ਸਿੰਘ (22 ਸਿੱਖ ਬਟਾਲੀਅਨ), ਸੂਬੇਦਾਰ ਦਰਸ਼ਨ ਸਿੰਘ (ਇੰਟੈਲੀਜੈਂਸ ਕੋਰਪਸ), ਕੈਪਟਨ ਯੂ ਪੀ ਐਸ ਸੱਜਲ, ਸੂਬੇਦਾਰ ਅਨੂਪ ਸਿੰਘ (ਸਿਗਨਲ ਕੋਰਪਸ), ਨਾਇਬ ਸੂਬੇਦਾਰ ਸੁਰਜੀਤ ਸਿੰਘ (1 ਸਿੱਖ ਲਾਈਟ ਇਨਫੈਨਟਰੀ) ਫੌਜੀ ਅਧਿਕਾਰੀ ਤੇ ਜਵਾਨ ਸ਼ਾਮਲ ਸਨ।
ਇਨ੍ਹਾਂ ਦਸਤਾਵੇਜ਼ਾਂ ਅਨੁਸਾਰ 1 ਨਵੰਬਰ, 1984 ਨੂੰ ਇਸ ਰੇਲਵੇ ਸਟੇਸ਼ਨ ਉਪਰ ਕੁੱਲ 63 ਸਿੱਖਾਂ ਨੂੰ ਦੰਗਾਕਾਰੀਆਂ ਨੇ ਕਤਲ/ਜ਼ਖ਼ਮੀ ਕੀਤਾ ਸੀ। ਇਸ ਦੌਰਾਨ ਕਤਲ ਕੀਤੇ ਕਈ ਫੌਜੀਆਂ ਨੂੰ ਲਾਵਾਰਸ ਐਲਾਨ ਕੇ ਪੁਲਿਸ ਨੇ ਆਪਣੇ ਪੱਧਰ ‘ਤੇ ਹੀ ਸਸਕਾਰ ਕਰ ਦਿੱਤਾ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਇਸ ਕਤਲੇਆਮ ਦੀ ਹੁਣ ਤੱਕ ਹਾਸਲ ਜਾਣਕਾਰੀ ਅਨੁਸਾਰ ਤੁਗਲਕਾਬਾਦ ਨੰਗਲੋਈ ਰੇਲਵੇ ਸਟੇਸ਼ਨ ‘ਤੇ ਇਨ੍ਹਾਂ 63 ਪੀੜਤਾਂ ਵਿਚ 28 ਫੌਜੀ ਅਫਸਰ ਤੇ ਜਵਾਨ ਸਨ। ਇਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਹ ਘਟਨਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਵਾਪਰੀ ਸੀ। ਇਸ ਮੌਕੇ ਰੇਲਵੇ ਸਟੇਸ਼ਨ ਉਪਰ ਇਕੱਠੀ ਹੋਈ ਭੀੜ ਰੇਲ ਗੱਡੀਆਂ ਵਿਚੋਂ ਸਿੱਖਾਂ ਨੂੰ ਚੁਣ-ਚੁਣ ਕੇ ਮਾਰ ਰਹੀ ਸੀ।
ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੋਂ ਮੰਗ ਕੀਤੀ ਕਿ ਇਨ੍ਹਾਂ ਫੌਜੀਆਂ ਦੇ ਕਾਤਲਾਂ ਦੀ ਭਾਲ ਲਈ ਵਿਸ਼ੇਸ਼ ਜੁਡੀਸ਼ੀਅਲ ਕਮਿਸ਼ਨ ਸਥਾਪਤ ਕੀਤਾ ਜਾਵੇ ਤੇ 28 ਸਾਲਾਂ ਬਾਅਦ ਵੀ 28 ਫੌਜੀਆਂ ਦੇ ਕਾਤਲਾਂ ਉਪਰ ਪਰਦਾ ਪਾਉਣ ਵਾਲੀਆਂ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਘੜੀ ਸਾਜ਼ਿਸ਼ ਦਾ ਪਤਾ ਲਾਇਆ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਫੌਜੀਆਂ ਨੂੰ ਜੰਗੀ ਸ਼ਹੀਦ ਮੰਨ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚ ਪੁਰਸਕਾਰਾਂ ਨਾਲ ਸਨਮਾਨਤ ਕਰਕੇ ਨੌਕਰੀਆਂ ਦਿੱਤੀਆਂ ਜਾਣ। ਇਸ ਗੰਭੀਰ ਮੁੱਦੇ ਉਪਰ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਸ਼ੋਕ ਮਤਾ ਪਾਸ ਕਰਨ ਦੀ ਮੰਗ ਵੀ ਕੀਤੀ ਗਈ ਹੈ।

Be the first to comment

Leave a Reply

Your email address will not be published.