ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਨੂੰ ਸਫਲਤਾ ਦੇ ਰਾਹ ਪੈਣ ਲਈ ਧਾਰਮਿਕ ਕੱਟੜਵਾਦ ਦਾ ਸਾਥ ਛੱਡਣ ਦੀ ਸਲਾਹ ਦਿੱਤੀ ਹੈ। ਤਿੰਨ ਦਿਨਾਂ ਭਾਰਤ ਫੇਰੀ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਬੁਨਿਆਦੀ ਦਸਤਾਵੇਜ਼ਾਂ ਅਤੇ ਭਾਰਤ ਦੇ ਸੰਵਿਧਾਨ- ਦੋਵਾਂ ਵਿਚ ਧਾਰਮਿਕ ਆਜ਼ਾਦੀ ਦਰਜ ਕੀਤੀ ਗਈ ਹੈ ਤੇ ਸਰਕਾਰ ਤੇ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਇਸ ਬੁਨਿਆਦੀ ਅਧਿਕਾਰ ਦੀ ਰਾਖੀ ਕਰੇ।
ਸ੍ਰੀ ਓਬਾਮਾ ਦੀ ਇਹ ਟਿੱਪਣੀ ਕੁਝ ਹਿੰਦੂ ਜਥੇਬੰਦੀਆਂ ਦੇ ਵਿਵਾਦਮਈ ਧਰਮ ਤਬਦੀਲੀ ਅਤੇ ਘਰ ਵਾਪਸੀ ਪ੍ਰੋਗਰਾਮ ਚੱਲਣ ਸਮੇਂ ਆਈ ਹੈ। ਕੱਟੜ ਹਿੰਦੂ ਜਥੇਬੰਦੀ ਰਾਸ਼ਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਦੀਆਂ ਫਿਰਕੂ ਕਾਰਵਾਈਆਂ ਖਿਲਾਫ ਅਮਰੀਕੀ ਸੰਘੀ ਅਦਾਲਤ ਵਿਚ ਸਿੱਖ ਅਧਿਕਾਰ ਸੰਗਠਨ (ਸਿੱਖਸ ਫਾਰ ਜਸਟਿਸ) ਨੇ ਅਰਜ਼ੀ ਵੀ ਦਾਇਰ ਕੀਤੀ ਹੋਈ ਹੈ ਜਿਸ ਵਿਚ ਇਸ ਜਥੇਬੰਦੀ ਨੂੰ ‘ਵਿਦੇਸ਼ੀ ਅਤਿਵਾਦੀ ਸੰਗਠਨ’ ਐਲਾਨਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਬਹਿਸ ਵੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਵਿਚੋਂ ਕੁਝ ਨੇ ਸ੍ਰੀ ਓਬਾਮਾ ਦੇ ‘ਭਾਰਤ ਨੂੰ ਭਾਸ਼ਣੀ ਸਲਾਹਾਂ ਦੇਣ’ ਉਤੇ ਇਤਰਾਜ਼ ਪ੍ਰਗਟਾਇਆ ਹੈ ਤੇ ਕੁਝ ਨੇ ਇਸ ਨੂੰ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਦੱਸਿਆ ਹੈ।
ਸ੍ਰੀ ਓਬਾਮਾ ਦੀ ਇਸ ਸਲਾਹ ਪਿੱਛੋਂ ਕਾਂਗਰਸ ਨੇ ਭਾਜਪਾ ਨੂੰ ਫਿਰਕੂਵਾਦ ਦੇ ਮੁੱਦੇ ‘ਤੇ ਘੇਰ ਲਿਆ ਹੈ। ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁੱਛਿਆ ਹੈ ਕਿ ਉਹ ਹੁਣ ‘ਘਰ ਵਾਪਸੀ’ ਜਿਹੇ ਸਮਾਗਮਾਂ ਬਾਰੇ ਸਾਥੀਆਂ ਨੂੰ ਕੀ ਸਲਾਹ ਦੇਣਗੇ? ਕਾਂਗਰਸ ਆਗੂ ਨੇ ਆਖਿਆ ਕਿ ਕੀ ਸ੍ਰੀ ਮੋਦੀ ਆਪਣੇ ਮਿੱਤਰ ਓਬਾਮਾ ਦੀ ਸਲਾਹ ਮੰਨ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਮੂੰਹ ਬੰਦ ਰੱਖਣ ਲਈ ਕਹਿਣਗੇ ਤੇ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੂੰ ‘ਘਰ ਵਾਪਸੀ’ ਨੂੰ ਜਾਇਜ਼ ਠਹਿਰਾਉਣਾ ਬੰਦ ਕਰਨ ਦੀ ਬੇਨਤੀ ਕਰਨਗੇ!
ਦਿੱਲੀ ਦੇ ਸਿਰੀ ਫ਼ੋਰਟ ਆਡੀਟੋਰੀਅਮ ਵਿਚ ਆਪਣੇ 35 ਮਿੰਟਾਂ ਦੇ ਭਾਸ਼ਣ ਵਿਚ ਸ੍ਰੀ ਓਬਾਮਾ ਨੇ ਅਮਰੀਕਾ ਵਿਚ ਸਵਾਮੀ ਵਿਵੇਕਾਨੰਦ ਦੇ ‘ਅਮਰੀਕਾ ਦੇ ਭੈਣੋਂ ਤੇ ਭਰਾਵੋ’ ਤੋਂ ਸ਼ੁਰੂ ਕੀਤੇ ਗਏ ਇਤਿਹਾਸਕ ਸੰਬੋਧਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਸਵਾਮੀ ਵਿਵੇਕਾਨੰਦ ਦੇ ਅੰਦਾਜ਼ ਵਿਚ ‘ਭਾਰਤ ਦੇ ਭੈਣੋਂ ਤੇ ਭਰਾਵੋ’ ਕਹਿੰਦਿਆਂ ਭਾਰਤ ਦੇ ਲੋਕਾਂ ਨੂੰ ਮੁਖ਼ਾਤਬ ਹੋ ਰਹੇ ਹਨ। ਫ਼ਿਰਕਾਪ੍ਰਸਤੀ ਜਾਂ ਹੋਰ ਕਿਸੇ ਗੱਲ ਦੇ ਆਧਾਰ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਵਿਰੁਧ ਸਾਨੂੰ ਚੌਕਸ ਹੋਣਾ ਪਵੇਗਾ। ਉਨ੍ਹਾਂ ਕਿਹਾ, “ਤੁਹਾਡੇ ਸੰਵਿਧਾਨ ਦੀ ਧਾਰਾ 25 ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ ਆਪਣੀ ਪਸੰਦ ਦੇ ਧਰਮ ਦਾ ਪਾਲਣ ਤੇ ਪ੍ਰਚਾਰ ਕਰਨ ਦਾ ਹੱਕ ਹੈ। ਦੇਸ਼ ਤਾਂ ਹੀ ਸਫ਼ਲ ਹੁੰਦੇ ਹਨ ਜਦੋਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ। ਕੋਈ ਵੀ ਸਮਾਜ ਇਨਸਾਨ ਦੇ ਬੁਰੇ ਪੱਖ ਤੋਂ ਅਣਛੋਹਿਆ ਨਹੀਂ ਹੈ ਤੇ ਅਕਸਰ ਧਰਮ ਦਾ ਪ੍ਰਯੋਗ ਇਸ ਲਈ ਹੁੰਦਾ ਹੈ।”
ਸ੍ਰੀ ਓਬਾਮਾ ਨੇ ਭਾਰਤ ਦੌਰੇ ਦੇ ਆਖਰੀ ਦਿਨ ਔਰਤਾਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਔਰਤਾਂ ਸੜਕਾਂ ਤੇ ਬੱਸਾਂ ‘ਚ ਸਫ਼ਰ ਕਰਦਿਆਂ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਪਰੇਡ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਔਰਤਾਂ ਦੇ ਹੁਨਰ ‘ਤੇ ਖੁਸ਼ੀ ਪ੍ਰਗਟ ਕੀਤੀ।
________________________________________________________
ਬਰਾਕ ਓਬਾਮਾ ਦੀ ਫੇਰੀ ਨੇੜਤਾ ਵਧਾਉਣ ਵਾਲੀ ਕਰਾਰ
ਨਵੀਂ ਦਿੱਲੀ: ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਤੇ ਅਮਰੀਕਾ ਦੇ ਸਰਬੋਤਮ ਭਾਈਵਾਲ ਬਣਨ ਦਾ ਦਾਅਵਾ ਕੀਤਾ ਹੈ। ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਓਬਾਮਾ ਦੀ ਭਾਰਤ ਫੇਰੀ ਦੋਵਾਂ ਮੁਲਕਾਂ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਠੋਸ ਕਦਮ ਚੁੱਕਣ ਵੱਲ ਸੇਧਿਤ ਰਹੀ ਹੈ। ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਪਿਛਲੇ ਸੱਤ ਸਾਲਾਂ ਤੋਂ ਚੱਲੀ ਆ ਰਹੀ ਖੜੋਤ ਤੋੜਨ ਪੱਖੋਂ ਇਸ ਫੇਰੀ ਨੂੰ ਨਵੇਂ ਅਧਿਆਇ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਪਰਮਾਣੂ ਸਮਝੌਤੇ ‘ਤੇ ਅਮਲ ਲਈ ਰਾਹ ਪੱਧਰਾ ਹੋਣ ਤੋਂ ਇਲਾਵਾ ਦੁਵੱਲੇ ਰੱਖਿਆ ਸਮਝੌਤੇ ਨੂੰ 10 ਸਾਲਾਂ ਲਈ ਹੋਰ ਨਵਿਆਉਣ, ਭਾਰਤ ਵਿਚ ਆਧੁਨਿਕ ਜੈੱਟ ਜਹਾਜ਼ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ, ਅਤਿਵਾਦ ਦੇ ਮੁੱਦੇ ਉਤੇ ਸਹਿਯੋਗ ਕਰਨ, ਵਾਤਾਵਰਨ ਬਚਾਉਣ, ਦੁਵੱਲਾ ਵਪਾਰ 60 ਅਰਬ ਤੋਂ ਵਧਾ ਕੇ 100 ਅਰਬ ਤੱਕ ਲਿਜਾਣ ਤੇ ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ਸੰਘ ਵਿਚ ਭਾਰਤ ਲਈ ਸਥਾਈ ਸੀਟ ਦੇ ਮਾਮਲੇ ‘ਤੇ ਹਮਾਇਤ ਦੇਣ ਦੇ ਮਹੱਤਵਪੂਰਨ ਅਹਿਦ ਵੀ ਇਸ ਮੌਕੇ ਦੋਵਾਂ ਮੁਲਕਾਂ ਦਰਮਿਆਨ ਹੋਏ ਹਨ। ਸ੍ਰੀ ਓਬਾਮਾ ਦੀ ਫੇਰੀ ਦੋਵਾਂ ਦੇਸ਼ਾਂ ਵਿਚ ਨੇੜਤਾ ਵਧਾਉਣ ਦੇ ਪੱਖੋਂ ਵੀ ਸਾਰਥਕ ਰਹੀ ਹੈ ਭਾਵੇਂ ਇਸ ਤੋਂ ਇਹ ਪ੍ਰਭਾਵ ਵੀ ਉਭਰਿਆ ਹੈ ਕਿ ਭਾਰਤ ਦਾ ਝੁਕਾਅ ਆਪਣੀ ਗੁੱਟ ਨਿਰਲੇਪ ਨੀਤੀ ਤੋਂ ਕੁਝ ਕਿਨਾਰਾ ਕਰਦੇ ਹੋਏ ਅਮਰੀਕਾ ਵੱਲ ਵਧ ਰਿਹਾ ਹੈ। ਅਤਿਵਾਦ ਦੇ ਮੁੱਦੇ ‘ਤੇ ਅਮਰੀਕੀ ਸਹਿਯੋਗ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਕਿਸੇ ਹੱਦ ਤੇਕ ਠੱਲ੍ਹ ਪਾਉਣ ਦਾ ਸਬੱਬ ਬਣ ਸਕਦਾ ਹੈ।
ਜਲਵਾਯੂ ਤਬਦੀਲੀ ਮੁਤਾਬਕ ਢਲਣ ਲਈ ਮਦਦ ਦੀ ਪੇਸ਼ਕਸ਼ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਭਾਰਤ ਜਿਹੇ ਮੁਲਕ ਸਵੱਛ ਬਾਲਣ ਨੂੰ ਤਰਜੀਹ ਨਹੀਂ ਦਿੰਦੇ, ਉਨੀ ਦੇਰ ਤੱਕ ਦੁਨੀਆਂ ਨੂੰ ਜਲਵਾਯੂ ਤਬਦੀਲੀ ਦੇ ਮੁੱਦੇ ਨਾਲ ਸਿੱਝਣ ਵਿਚ ਸਫਲਤਾ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਆਲਮੀ ਭਿਆਲ ਬਣਨ ਦਾ ਮਤਲਬ ਹੈ, ਆਲਮੀ ਚੁਣੌਤੀਆਂ ਨਾਲ ਸਿੱਝਣਾ; ਇਸ ਦੇ ਨਾਲ ਹੀ ਉਨ੍ਹਾਂ ਖ਼ਬਰਦਾਰ ਕੀਤਾ ਕਿ ਸਮੁੰਦਰ ਦੀ ਸਤਹਿ ਵਿਚ ਵਾਧੇ, ਹਿਮਾਲਿਆ ਦੇ ਗਲੇਸ਼ੀਅਰ ਪਿਘਲਣ, ਮੌਨਸੂਨ ਬਾਰੇ ਬੇਯਕੀਨੀ ਤੇ ਚੱਕਰਵਾਤੀ ਤੂਫਾਨਾਂ ਦੀ ਸਭ ਤੋਂ ਵੱਧ ਮਾਰ ਭਾਰਤ ਨੂੰ ਸਹਿਣ ਕਰਨੀ ਪਵੇਗੀ। ਉਧਰ ਦੁਵੱਲੇ ਵਿੱਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਨੂੰ ਸਮਾਜਕ ਸੁਰੱਖਿਆ ਸਮਝੌਤੇ ਤੇ ਦੁਵੱਲੀ ਨਿਵੇਸ਼ ਸੰਧੀ ਬਾਰੇ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਓਬਾਮਾ ਤੇ ਉਹ (ਮੋਦੀ) ਇਸ ਗੱਲ ‘ਤੇ ਸਹਿਮਤ ਹਨ ਕਿ ਦੋਵਾਂ ਦੇਸ਼ਾਂ ਵਿਚ ਰਣਨੀਤਕ ਭਾਈਵਾਲੀ ਦੀ ਸਫਲਤਾ ਲਈ ਮਜ਼ਬੂਤ ਤੇ ਵਧਦੇ ਵਿੱਤੀ ਸਬੰਧ ਅਹਿਮ ਹਨ। ਦੋਵੇਂ ਪਾਸੇ ਵਪਾਰ ਦਾ ਵਾਤਾਵਰਨ ਸੁਧਰ ਰਿਹਾ ਹੈ। ਮੌਕਿਆਂ ਦੀ ਨਿਸ਼ਾਨਦੇਹੀ ਲਈ ਦੋਵੇਂ ਧਿਰਾਂ ਨੇ ਕਈ ਪ੍ਰਭਾਵਸ਼ਾਲੀ ਦੁਵੱਲੇ ਢਾਂਚੇ ਵਿਕਸਤ ਕੀਤੇ ਹਨ।