ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਬਣ ਗਏ ਹਨ ਜਿਨ੍ਹਾਂ ਨੂੰ ਪਦਮ ਵਿਭੂਸ਼ਨ ਨਾਲ ਨਵਾਜਿਆ ਗਿਆ ਹੈ। ਉਹ 5ਵੀਂ ਵਾਰ ਮੁੱਖ ਮੰਤਰੀ ਬਣੇ ਹਨ ਅਤੇ ਕੇਂਦਰ ਵਿਚ ਖੇਤੀ ਮੰਤਰੀ ਵੀ ਰਹਿ ਚੁੱਕੇ ਹਨ।
ਉਧਰ ਸਿਆਸੀ ਅਤੇ ਬੌਧਿਕ ਹਲਕਿਆਂ ਵਿਚ ਚਰਚਾ ਛਿੜ ਗਈ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸ਼ ਬਾਦਲ ਨੂੰ ਇਹ ਸਨਮਾਨ ਉਨ੍ਹਾਂ ਦੀ ਭਾਜਪਾ ਪ੍ਰਤੀ ਵਫਾਦਾਰੀ ਕਰ ਕੇ ਦਿੱਤਾ ਹੈ। ਯਾਦ ਰਹੇ, 6 ਦਸੰਬਰ 1992 ਨੂੰ ਭਾਜਪਾ ਅਤੇ ਇਸ ਦੀਆਂ ਜੋਟੀਦਾਰ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਇਤਿਹਾਸਕ ਬਾਬਰੀ ਮਸਜਿਦ ਢਾਹੁਣ ਕਰ ਕੇ ਘੱਟ-ਗਿਣਤੀਆਂ ਨਾਲ ਸਬੰਧਤ ਕੋਈ ਵੀ ਆਗੂ, ਸੰਸਥਾ ਜਾਂ ਜਥੇਬੰਦੀ, ਭਾਜਪਾ ਨੂੰ ਮੂੰਹ ਲਾਉਣ ਲਈ ਵੀ ਤਿਆਰ ਨਹੀਂ ਸੀ ਪਰ ਸ਼ ਬਾਦਲ ਨੇ 1996 ਵਿਚ ਨਾ ਸਿਰਫ ਭਾਜਪਾ ਦਾ ਸਾਥ ਦਿੱਤਾ, ਸਗੋਂ ਹੋਰ ਪਾਰਟੀਆਂ ਨੂੰ ਵੀ ਭਾਜਪਾ ਦੇ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਉਦੋਂ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਕੇਂਦਰ ਸਰਕਾਰ ਕਾਇਮ ਹੋਈ ਸੀ ਅਤੇ ਸ਼ ਬਾਦਲ ਨੇ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਐਨæਡੀæਏæ) ਵਿਚ ਹੋਰ ਪਾਰਟੀਆਂ ਦੀ ਆਮਦ ਲਈ ਜੀਅ-ਤੋੜ ਯਤਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ ਬਾਦਲ ਭਾਜਪਾ ਦੇ ਹਰ ਫੈਸਲੇ ਉਤੇ ਅੱਖਾਂ ਮੁੰਦ ਕੇ ਸਹਿਮਤੀ ਦਿੰਦੇ ਰਹੇ ਹਨ। ਐਨæਡੀæਏæ ਵਿਚ ਸ਼ਾਮਲ ਹੋਰ ਖੇਤਰੀ ਪਾਰਟੀਆਂ ਅਕਸਰ ਆਪਣੇ ਸੂਬੇ ਦੀਆਂ ਮੰਗਾਂ ਦੇ ਹਿਸਾਬ ਨਾਲ ਭਾਜਪਾ ਸਰਕਾਰ ਸ਼ਰਤਾਂ ਰੱਖਦੀਆਂ ਰਹੀਆਂ ਹਨ ਪਰ ਸ਼ ਬਾਦਲ ਨੇ ਐਨæਡੀæਏæ ਨੂੰ ਸਦਾ ਹੀ ਬਿਨਾਂ ਸ਼ਰਤ ਹਮਾਇਤ ਦਿੱਤੀ ਅਤੇ ਪੰਜਾਬ ਲਈ ਵੀ ਕੋਈ ਖਾਸ ਇਮਦਾਦ ਕਦੀ ਨਹੀਂ ਮੰਗੀ। ਹਾਂ, ਉਨ੍ਹਾਂ ਪੰਜਾਬ ਦੇ ਕੋਟੇ ਵਿਚੋਂ ਪਹਿਲਾਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਹੁਣ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਮੰਤਰੀ ਜ਼ਰੂਰ ਬਣਵਾ ਲਿਆ ਸੀ।
ਹੁਣ ਕਿਹਾ ਜਾ ਰਿਹਾ ਹੈ ਕਿ ਪਦਮ ਵਿਭੂਸ਼ਨ ਦਾ ਇਹ ਸਨਮਾਨ ਦੋਹਾਂ ਪਾਰਟੀਆਂ ਵਿਚਕਾਰ ਪਈਆਂ ਤਰੇੜਾਂ ਪੂਰਨ ਦਾ ਕੰਮ ਵੀ ਕਰੇਗਾ। ਯਾਦ ਰਹੇ, ਜਦੋਂ ਦਾ ਭਾਜਪਾ ਨੇ ਪੰਜਾਬ ਦੇ ਸਿਆਸੀ ਵਿਚ ਵੱਡੀ ਛਾਲ ਮਾਰਨ ਦਾ ਪ੍ਰੋਗਰਾਮ ਉਲੀਕਿਆ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਵਲੋਂ ਭਾਜਪਾ ਦੀ ਥਾਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਖੁੱਲ੍ਹੀ ਹਮਾਇਤ ਕਰਨ ਕਰ ਕੇ ਦੋਹਾਂ ਪਾਰਟੀਆਂ ਵਿਚਕਾਰ ਪਾੜਾ ਬਹੁਤ ਵਧ ਗਿਆ ਸੀ। ਦੂਜੇ ਬੰਨ੍ਹੇ ਭਾਜਪਾ ਦੀ ਪੰਜਾਬ ਇਕਾਈ ਦੇ ਆਗੂ ਬਾਦਲਾਂ ਦੀ ਕਥਿਤ ਧੱਕੇਸ਼ਾਹੀ ਤੋਂ ਪਹਿਲਾਂ ਹੀ ਅੱਕੇ ਹੋਏ ਸਨ।
ਇਸੇ ਦੌਰਾਨ ਇਹ ਸੂਹ ਵੀ ਮਿਲੀ ਹੈ ਕਿ ਖੁਫੀਆਂ ਏਜੰਸੀਆਂ ਨੇ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਸਾਂਝ ਤੋੜਨ ਤੋਂ ਵਰਜਿਆ ਹੈ। ਇਨ੍ਹਾਂ ਏਜੰਸੀਆਂ ਦਾ ਕਹਿਣਾ ਹੈ ਕਿ ਬਾਦਲਾਂ ਦਾ ਸਾਥ ਛੱਡਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਿਨਾਂ ਸ਼ੱਕ ਕਮਜ਼ੋਰ ਪਵੇਗਾ ਅਤੇ ਇਸ ਸੂਰਤ ਵਿਚ ਗਰਮਖਿਆਲ ਅਕਾਲੀਆਂ ਨੂੰ ਹੱਲਾਸ਼ੇਰੀ ਮਿਲੇਗੀ। ਇਸੇ ਕਰ ਕੇ ਭਾਜਪਾ ਵੀ ਹੁਣ ਅੰਦਰਖਾਤੇ ਅਕਾਲੀ ਦਲ ਨਾਲ ਦੂਰੀ ਵਧਾਉਣ ਦੇ ਰੌਂਅ ਵਿਚ ਨਹੀਂ ਹੈ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਸ਼ ਬਾਦਲ ਨੂੰ ਇਹੀ ਸੁਨੇਹਾ ਦੇਣ ਲਈ ਹੀ ਪਦਮ ਵਿਭੂਸ਼ਨ ਨਾਲ ਨਿਵਾਜਿਆ ਗਿਆ ਹੈ।