ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਾਈਕਮਾਨ ਨੂੰ ਲਲਕਾਰ

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਵਿਚ Ḕਲਲਕਾਰ ਰੈਲੀḔ ਮੌਕੇ ਹੋਏ ਜ਼ਬਰਦਸਤ ਇਕੱਠ ਨੇ ਕਾਂਗਰਸ ਹਾਈਕਮਾਨ ਨੂੰ ਪ੍ਰਦੇਸ਼ ਲੀਡਰਸ਼ਿੱਪ ਵਿਚ ਛੇਤੀ ਤਬਦੀਲੀ ਕਰਨ ਦਾ ਸਖਤ ਸੁਨੇਹਾ ਦਿੱਤਾ ਹੈ। ਭਾਵੇਂ ਇਹ ਰੈਲੀ ਨਸ਼ਿਆਂ ਖਿਲਾਫ ਦੱਸੀ ਜਾ ਰਹੀ ਹੈ ਪਰ ਇਸ ਰਾਹੀਂ ਕੈਪਟਨ ਨੇ ਆਪਣੀ ਤਾਕਤ ਵੀ ਵਿਖਾਈ ਹੈ ਤੇ ਹਾਈਕਮਾਨ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਸੂਬੇ ਦੀ ਕਮਾਨ ਦੇਣ ਲਈ ਗਲਤੀ ਦਾ ਅਹਿਸਾਸ ਵੀ ਕਰਵਾ ਦਿੱਤਾ ਹੈ।

ਰੈਲੀ ਵਿਚ ਸ਼ਾਮਲ ਤਿੰਨ ਦਰਜਨ ਵਿਧਾਇਕਾਂ ਤੇ ਲੋਕ ਸਭਾ ਮੈਂਬਰਾਂ ਦੀ ਹਾਜ਼ਰੀ ਨੇ ਪ੍ਰਤਾਪ ਸਿੰਘ ਬਾਜਵਾ ਦੀ ਸਿਆਸੀ ਹਾਲਤ ਕਾਫ਼ੀ ਕਮਜ਼ੋਰ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਤੋਂ ਬਾਅਦ ਇਹ ਵੀ ਆਖ ਦਿੱਤਾ ਹੈ ਕਿ ਕਹਿਣਾ ਗਲਤ ਹੈ ਕਿ ਕਾਂਗਰਸ ਵਿਚ ਫੁੱਟ ਹੈ। ਕਾਂਗਰਸ ਦੇ 43 ਵਿਚੋਂ 35 ਵਿਧਾਇਕ, 60 ਸਾਬਕਾ ਵਿਧਾਇਕ, ਕਈ ਕੇਂਦਰੀ ਮੰਤਰੀ ਤੇ ਕਈ ਸਾਬਕਾ ਪ੍ਰਧਾਨ ਰੈਲੀ ਵਿਚ ਸ਼ਾਮਲ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਕਦੇ ਵੀ ਇਸ ਤੋਂ ਪਹਿਲਾਂ ਇੰਨੀ ਇਕਜੁੱਟ ਦਿਖਾਈ ਨਹੀਂ ਦਿੱਤੀ।
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਪਾਰਟੀ ਦੇ ਲੋਕ ਸਭਾ ਵਿਚ ਉਪ ਨੇਤਾ ਕੈਪਟਨ ਵਲੋਂ ਆਪਣੇ ਲੋਕ ਸਭਾ ਹਲਕੇ ਵਿਚ ਕੀਤੀ ਰੈਲੀ ਨੂੰ ਚੁਣੌਤੀ ਵਜੋਂ ਦੇਖ ਰਹੀ ਹੈ ਕਿਉਂਕਿ ਕੈਪਟਨ ਵਲੋਂ ਆਪਣੀ ਰੈਲੀ ਵਿਚੋਂ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਵਲੋਂ ਨਿਯੁਕਤ ਕੀਤੇ ਪ੍ਰਧਾਨ ਬਾਜਵਾ ਨੂੰ ਬਾਹਰ ਰੱਖ ਕੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹਾਈਕਮਾਨ ਵਲੋਂ ਥਾਪਿਆ ਪ੍ਰਧਾਨ ਪ੍ਰਵਾਨ ਨਹੀਂ ਹੈ। ਰੈਲੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਡਾæ ਸ਼ਕੀਲ ਅਹਿਮਦ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਉਂਜ ਕੈਪਟਨ ਤਾਂ ਪਿਛਲੇ ਸਮੇਂ ਹਰੀਸ਼ ਚੌਧਰੀ ਵਿਰੁਧ ਬਿਆਨਬਾਜ਼ੀ ਵੀ ਕਰ ਚੁੱਕੇ ਹਨ।
ਸੂਤਰਾਂ ਅਨੁਸਾਰ ਕਾਂਗਰਸ ਦਾ ਦਿੱਲੀ ਦਰਬਾਰ ਮਹਿਸੂਸ ਕਰ ਰਿਹਾ ਹੈ ਕਿ ਇਸ ਰੈਲੀ ਰਾਹੀਂ ਹਾਈਕਮਾਂਡ ਉਪਰ ਦਬਾਅ ਪਾ ਕੇ ਸ਼ ਬਾਜਵਾ ਨੂੰ ਚੱਲਦਾ ਕਰਨ ਤੇ ਪੰਜਾਬ ਦੀ ਕਮਾਂਡ ਕੈਪਟਨ ਦੇ ਹੱਥ ਸੌਂਪਣ ਦਾ ਸੁਨੇਹਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ ਰੈਲੀ ਦੌਰਾਨ ਬਹੁਤੇ ਆਗੂਆਂ ਨੇ ਸਿੱਧੇ-ਅਸਿੱਧੇ ਢੰਗ ਨਾਲ ਪੰਜਾਬ ਕਾਂਗਰਸ ਦੀ ਵਾਂਗਡੋਰ ਕੈਪਟਨ ਦੇ ਹੱਥ ਸੌਂਪਣ ਦੀ ਹੀ ਆਵਾਜ਼ ਉਠਾਈ ਸੀ। ਕੈਪਟਨ ਨੇ ਇਸ ਰੈਲੀ ਰਾਹੀਂ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਆਖਿਆ ਸੀ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਵੇਗੀ। ਹੁਣ ਰਾਹੁਲ ਗਾਂਧੀ ਵਲੋਂ ਮਾਰਚ ਵਿਚ ਪੰਜਾਬ ਵਿਚ ਰੈਲੀ ਕਰਨ ਦਾ ਫੈਸਲਾ ਕਰਕੇ ਕੈਪਟਨ ਖੇਮੇ ਨੂੰ ਆਪਣੇ ਪਹਿਲੇ ਸਟੈਂਡ ਉਪਰ ਹੀ ਕਾਇਮ ਰਹਿਣ ਦਾ ਸੰਕੇਤ ਦੇ ਦਿੱਤਾ ਹੈ, ਜਿਸ ਕਾਰਨ ਭਵਿੱਖ ਵਿਚ ਇਸ ਮੁੱਦੇ ਉਪਰ ਪੰਜਾਬ ਕਾਂਗਰਸ ਦਾ ਵਿਵਾਦ ਹੋਰ ਗੰਭੀਰ ਹੋ ਸਕਦਾ ਹੈ। ਹੁਣ ਜੇਕਰ ਕਾਂਗਰਸ ਹਾਈਕਮਾਨ ਅਮਰਿੰਦਰ ਸਿੰਘ ਵਿਰੁਧ ਕੋਈ ਕਦਮ ਚੁਕਦੀ ਹੈ ਤਾਂ ਪੰਜਾਬ ਵਿਚ ਵੀ ਕਾਂਗਰਸ ਦਾ ਆਂਧਰਾ ਪ੍ਰਦੇਸ਼ ਵਾਲਾ ਹਾਲ ਹੋ ਸਕਦਾ ਹੈ ਜਿਥੇ ਲੋਕ ਆਧਾਰ ਵਾਲੇ ਨੇਤਾ ਜਗਨ ਨਾਥ ਰੈਡੀ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਨੇ ਉਸ ਸੂਬੇ ਨੂੰ ਆਪਣੇ ਹੱਥੋਂ ਗੁਆ ਲਿਆ ਸੀ ਤੇ ਹਿਮਾਚਲ ਪ੍ਰਦੇਸ਼ ਵਿਚ ਨਾ ਚਾਹੁੰਦੇ ਹੋਏ ਵੀ ਵੀਰਭੱਦਰ ਸਿੰਘ ਨੂੰ ਕਮਾਂਡ ਦੇ ਕੇ ਆਪਣੀ ਸਰਕਾਰ ਬਣਾ ਲਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਅਰੁਣ ਜੇਤਲੀ ਨੂੰ ਹਰਾ ਕੇ ਆਪਣਾ ਪਾਰਟੀ ਅੰਦਰ ਕੱਦ ਹੋਰ ਵਧਾ ਲਿਆ ਤੇ ਲਲਕਾਰ ਰੈਲੀ ਨੇ ਕੈਪਟਨ ਨੂੰ ਹੋਰ ਜ਼ਿਆਦਾ ਮਜ਼ਬੂਤ ਤੇ ਪ੍ਰਵਾਨਤ ਆਗੂ ਬਣਾ ਦਿੱਤਾ ਹੈ। ਰਾਹੁਲ ਗਾਂਧੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਬਣਾ ਕੇ ਪੂਰੀ ਤਾਕਤ ਵੀ ਦਿੱਤੀ ਪਰ ਉਹ ਪੰਜਾਬ ਦੇ ਕਿਸੇ ਵੀ ਵਿਧਾਇਕ ਤੇ ਲੋਕ ਸਭਾ ਮੈਂਬਰ ਨੂੰ ਆਪਣੇ ਨਾਲ ਨਹੀਂ ਲਾ ਸਕੇ। ਆਪਣਾ ਧੜਾ ਬਣਾਉਣ ਦੇ ਚੱਕਰ ਵਿਚ ਉਨ੍ਹਾਂ ਪਾਰਟੀ ਦੇ ਸਾਰੇ ਸੀਨੀਅਰ ਲੀਡਰਾਂ ਨੂੰ ਵੀ ਨਾਰਾਜ਼ ਕਰ ਲਿਆ। ਉਹ ਪੰਜਾਬ ਵਿਚ ਕਿਸੇ ਵੀ ਕੈਪਟਨ ਪੱਖੀ ਆਗੂ ਨੂੰ ਤਾਂ ਕੀ, ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਆਪਣੇ ਨਾਲ ਮਿਲਾਉਣ ਵਿਚ ਸਫ਼ਲ ਨਹੀ ਹੋ ਸਕੇ। ਰਾਹੁਲ ਗਾਂਧੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਨਾਰਾਜ਼ ਦੱਸੇ ਜਾਂਦੇ ਹਨ ਪਰ ਹਾਲਾਤ ਮੁਤਾਬਕ ਉਨ੍ਹਾਂ ਨੂੰ ਨਜ਼ਰਅੰਦਾਜ ਕਰਨਾ ਵੀ ਕਾਂਗਰਸ ਹਾਈਕਮਾਨ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ। ਕਾਂਗਰਸ ਹਾਈਕਮਾਨ ਕਿਸੇ ਵਿਚਕਾਰਲੇ ਰਸਤੇ ਦੀ ਭਾਲ ਵਿਚ ਹੈ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਨਾਰਾਜ਼ ਨਾ ਹੋਣ ਤੇ ਪ੍ਰਧਾਨਗੀ ਵੀ ਕਿਸੇ ਦੂਜੇ ਨੂੰ ਦੇ ਦਿੱਤੀ ਜਾਵੇ।
_________________________________________________
ਨਸ਼ਿਆਂ ਦੇ ਖਾਤਮੇ ਲਈ ਬਾਦਲ ਪਹਿਲਾਂ ਅਕਾਲੀਆਂ ਖਿਲਾਫ ਕਾਰਵਾਈ ਕਰਨ: ਕੈਪਟਨ
Ḕਲਲਕਾਰ ਰੈਲੀḔ ਵਿਚ ਹੁਮ-ਹੁਮਾ ਕੇ ਪੁੱਜੇ ਤਕਰੀਬਨ 70 ਹਜ਼ਾਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਸ਼ਿਆਂ ਵਿਰੁਧ ਰੈਲੀਆਂ ਕਰ ਕੇ ਪਖੰਡ ਕਰ ਰਹੇ ਹਨ ਜਦਕਿ ਨਸ਼ਿਆਂ ਦੇ ਮੁੱਦੇ ਖ਼ਾਸਕਰ ਸਿੰਥੈਟਿਕ ਡਰੱਗਜ਼ ਦੀ ਤਸਕਰੀ ਦੇ ਮਾਮਲੇ ਵਿਚ ਅਕਾਲੀ ਲੀਡਰਾਂ ਦੇ ਸ਼ਰੇਆਮ ਨਾਂ ਆਏ ਹਨ। ਨਸ਼ਿਆਂ ਦੇ ਮੁੱਦੇ Ḕਤੇ ਅਕਾਲੀ ਲੀਡਰ ਦੋਗਲੀ ਨੀਤੀ Ḕਤੇ ਚੱਲ ਰਹੇ ਹਨ। ਜੇਕਰ ਪੰਜਾਬ ਸਰਕਾਰ ਸਚਮੁੱਚ ਹੀ ਨਸ਼ਿਆਂ ਦੀ ਰੋਕਥਾਮ ਚਾਹੁੰਦੀ ਹੈ ਤਾਂ ਪਹਿਲਾਂ ਉਨ੍ਹਾਂ ਅਕਾਲੀ ਲੀਡਰਾਂ ਵਿਰੁਧ ਕਾਰਵਾਈ ਕਰੇ ਜਿਨ੍ਹਾਂ ਦੇ ਨਾਂ ਨਸ਼ਿਆਂ ਦੀ ਤਸਕਰੀ ਵਿਚ ਆ ਰਹੇ ਹਨ। ਕੈਪਟਨ ਨੇ ਕਿਹਾ ਕਿ ਡਰੱਗ ਕੇਸ ਦੀ ਜਾਂਚ ਨੂੰ ਲਟਕਾਉਣ ਲਈ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਇਸ ਕੇਸ ਦੀ ਜਾਂਚ ਕਰ ਰਹੇ ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ ਦੀ ਬਦਲੀ ਕਰ ਦਿੱਤੀ ਗਈ ਤੇ ਹੁਣ ਈਡੀ ਅਧਿਕਾਰੀ ਨਿਰੰਜਣ ਸਿੰਘ ਨੂੰ ਬਦਲ ਦਿੱਤਾ ਗਿਆ ਹੈ। ਜੇਕਰ ਪ੍ਰਕਾਸ਼ ਸਿੰਘ ਬਾਦਲ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਸੁਹਿਰਦ ਹਨ ਤਾਂ ਸਭ ਤੋ ਪਹਿਲਾਂ ਕੈਬਨਿਟ ਮੰਤਰੀ ਬਿਕਰਮ ਸਿੰਘ, ਅਵਿਨਾਸ਼ ਚੰਦਰ ਅਤੇ ਸਵਰਨ ਸਿੰਘ ਫਿਲੋਰ ਵਿਰੁਧ ਕਾਰਵਾਈ ਕਰਨ।
_______________________________________________
ਬਾਜਵਾ ਵਲੋਂ ਵੀ ਤਾਕਤ ਵਿਖਾਉਣ ਦੀਆਂ ਤਿਆਰੀਆਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਖੇਮੇ ਵਲੋਂ ਅੰਮ੍ਰਿਤਸਰ ਵਿਚ ਕੀਤੀ ḔਲਲਕਾਰḔ ਰੈਲੀ ਦੇ ਜਵਾਬ ਵਿਚ ਮਾਰਚ ਮਹੀਨੇ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਰੈਲੀ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਜਵਾ ਖੇਮੇ ਨੇ ਇਹ ਰੈਲੀ ਕੈਪਟਨ ਦੀ ḔਲਲਕਾਰḔ ਰੈਲੀ ਤੋਂ ਵੱਡੀ ਕਰਨ ਦਾ ਟੀਚਾ ਮਿਥਿਆ ਹੈ। ਇਹ ਰੈਲੀ ਮੋਗਾ ਵਿਚ ਮਾਰਚ ਦੇ ਅਖੀਰਲੇ ਹਫਤੇ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੀਆਂ ਦੋਵਾਂ ਧਿਰਾਂ ਵਿਚਾਲੇ ਰੈਲੀਆਂ ਦੇ ਮੁਕਾਬਲੇ ਹੋਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਦੂਸਰੇ ਪਾਸੇ ਕੈਪਟਨ ਖੇਮੇ ਵਲੋਂ ਅਗਲੇ ਦਿਨੀਂ ਜੰਤਰ-ਮੰਤਰ ਦਿੱਲੀ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।