ਮਜੀਠੀਆ ਨੂੰ ਤਲਬ ਕਰਨ ਵਾਲੇ ਈæਡੀæ ਅਧਿਕਾਰੀ ਦੇ ਤਬਾਦਲੇ Ḕਤੇ ਰੋਕ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਸੋਂ ਪੁੱਛ-ਪੜਤਾਲ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਦੇ ਇਕ ਅਧਿਕਾਰੀ ਨਿਰੰਜਣ ਸਿੰਘ ਦੇ ਤਬਾਦਲੇ Ḕਤੇ ਰੋਕ ਲਗਾ ਦਿੱਤੀ ਹੈ।

ਉਚ ਅਦਾਲਤ ਦੇ ਇਕ ਡਿਵੀਜ਼ਨ ਬੈਂਚ ਨੇ ਤਬਾਦਲੇ Ḕਤੇ ਰੋਕ ਲਾਉਣ ਦੇ ਨਾਲ-ਨਾਲ ਤਬਾਦਲੇ ਬਾਰੇ ਰਿਕਾਰਡ ਵੀ ਤਲਬ ਕਰ ਲਿਆ ਹੈ। ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਦੀਪਕ ਸਿੱਬਲ ਦੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਦੋ ਫਰਵਰੀ ਦਾ ਦਿਨ ਮੁਕੱਰਰ ਕੀਤਾ ਹੈ। ਅਧਿਕਾਰੀ ਦੇ ਤਬਾਦਲੇ ਨੂੰ ਚੁਣੌਤੀ ਦੇਣ ਲਈ ਐਡਵੋਕੇਟ ਨਵਕਿਰਨ ਸਿੰਘ ਨੇ ਪਟੀਸ਼ਨ ਪਾਈ ਹੈ।
ਐਡਵੋਕੇਟ ਨਵਕਿਰਨ ਸਿੰਘ ਨੇ ਗੈਰ ਸਰਕਾਰੀ ਸੰਸਥਾ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਹਵਾਲੇ ਨਾਲ ਪਟੀਸ਼ਨ ਪਾ ਕੇ ਕਿਹਾ ਕਿ ਇਸ ਤਬਾਦਲੇ ਨਾਲ ਈæਡੀæ ਵਲੋਂ ਪੰਜਾਬ ਵਿਚ 6000 ਕਰੋੜ ਰੁਪਏ ਦੇ ਨਸ਼ਾ ਕਾਰੋਬਾਰ ਦੀ ਕੀਤੀ ਜਾ ਰਹੀ ਜਾਂਚ ਵਿਚ ਵਿਘਨ ਪੈ ਜਾਵੇਗਾ। ਤਬਾਦਲਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਜਾਂਚ ਆਪਣੇ ਆਖਰੀ ਪੜਾਅ Ḕਤੇ ਪੁੱਜ ਚੁੱਕੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਨਿਰੰਜਣ ਸਿੰਘ ਦਾ ਤਬਾਦਲਾ ਨਾ ਤਾਂ ਜਨਤਕ ਹਿੱਤ ਵਿਚ ਹੈ ਤੇ ਨਾ ਹੀ ਨਿਆਂ ਦੇ। ਮਾਮਲੇ ਦੀ ਜਾਂਚ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਦੀ ਬਦਲੀ ਕਰਨ ਨਾਲ ਕਈ ਸ਼ੰਕੇ ਪੈਦਾ ਹੋ ਰਹੇ ਹਨ। ਸ੍ਰੀ ਨਿਰੰਜਣ ਸਿੰਘ ਦਾ ਜਲੰਧਰ ਤੋਂ ਕੋਲਕਾਤਾ ਤਬਾਦਲਾ ਕਰ ਦਿੱਤਾ ਗਿਆ ਸੀ। ਇਸੇ ਅਧਿਕਾਰੀ ਨੇ ਈæਡੀæ ਦੇ ਕੁਝ ਹੋਰ ਅਧਿਕਾਰੀਆਂ ਨਾਲ ਮਿਲ ਕੇ ਸ੍ਰੀ ਮਜੀਠੀਆ ਪਾਸੋਂ ਜਲੰਧਰ ਵਿਚ ਤਕਰੀਬਨ ਚਾਰ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਸੀ। ਪੰਜਾਬ ਦਾ ਇਹ ਮੰਤਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ। ਪਟੀਸ਼ਨਰ ਨੇ ਉਚ ਅਦਾਲਤ ਨੂੰ ਦੱਸਿਆ ਕਿ ਕੇਸ Ḕਤੇ 2-ਜੀ ਸਪੈਕਟ੍ਰਮ ਘਪਲੇ ਵਿਚ ਜਦੋਂ ਜਾਂਚ ਅਧਿਕਾਰੀ ਬਦਲ ਦਿੱਤੇ ਗਏ ਸਨ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਬਦਲੀਆਂ ਨਿਆਂ ਦੇ ਹਿੱਤ ਵਿਚ ਨਹੀਂ ਹਨ। ਸਰਵਉਚ ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ ਅਧਿਕਾਰੀਆਂ ਦੀਆਂ ਬਦਲੀਆਂ ਰੋਕ ਕੇ ਕਿਹਾ ਸੀ, ਜਦੋਂ ਤੱਕ ਸੁਣਵਾਈ ਮੁਕੰਮਲ ਨਹੀਂ ਹੋ ਜਾਂਦੀ ਅਧਿਕਾਰੀ ਨਹੀਂ ਬਦਲੇ ਜਾਣਗੇ।
ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿਚ ਵੀ ਅਜਿਹਾ ਹੀ ਹੈ। ਪੰਜਾਬ ਵਿਚ ਨਸ਼ੇ ਦੇ ਮਾਮਲੇ ਵਿਚ ਈæਡੀæ ਵਲੋਂ ਹੁਣ ਤੱਕ 50 ਤੋਂ ਵੱਧ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ ਤੇ ਜਾਂਚ ਆਖਰੀ ਪੜਾਅ Ḕਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ ਅਧਿਕਾਰੀ ਨੂੰ ਬਦਲਣ ਨਾਲ ਜਾਂਚ ਕੁਰਾਹੇ ਪੈ ਸਕਦੀ ਹੈ। ਈæਡੀæ ਅਧਿਕਾਰੀ ਦੇ ਤਬਾਦਲੇ ਨਾਲ ਕਾਫੀ ਵਿਵਾਦ ਖੜ੍ਹਾ ਹੋਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ḔਆਪḔ ਦੀ ਸੂਬਾਈ ਲੀਡਰਸ਼ਿਪ ਨੇ ਕੇਂਦਰ ਵਿਚਲੀ ਨਰੇਂਦਰ ਮੋਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਤਬਾਦਲੇ ਕਾਰਨ ਆਲੋਚਨਾ ਕੀਤੀ ਸੀ। ਈæਡੀæ ਵਿਭਾਗ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਧੀਨ ਹੈ। ਸ੍ਰੀ ਜੇਤਲੀ ਜਦੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੇ ਸਨ ਤਾਂ ਸ੍ਰੀ ਮਜੀਠੀਆ ਉਨ੍ਹਾਂ ਦੀ ਚੋਣ ਮੁਹਿੰਮ ਦੇ ਮੁਖੀ ਸਨ ਪਰ ਸ੍ਰੀ ਜੇਤਲੀ ਚੋਣ ਹਾਰ ਗਏ ਸਨ। ਈæਡੀæ ਦੇ ਅਧਿਕਾਰੀਆਂ ਨੇ ਹਾਲ ਹੀ ਦੌਰਾਨ ਦਿੱਲੀ ਵਿਚ ਆਪਣੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ।
_______________________________________
ਈæਡੀæ ਦੀ ਪੰਜਾਬ ਪੁਲਿਸ ਨੂੰ ਕਲੀਨ ਚਿੱਟ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੇ ਬਹੁ-ਕਰੋੜੀ ਕਾਰੋਬਾਰ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਦੇ ਕੁਝ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪੰਜਾਬ ਪੁਲਿਸ ਵਲੋਂ ਡਰਾਉਣ-ਧਮਕਾਉਣ ਤੇ ਫੋਨ ਟੈਪ ਕਰਨ ਦੇ ਲਾਏ ਦੋਸ਼ ਵਿਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਹ ਕਲੀਨ ਚਿੱਟ ਕਿਸੇ ਹੋਰ ਨੇ ਨਹੀਂ ਸਗੋਂ ਈæਡੀæ ਦੇ ਉਚ ਅਧਿਕਾਰੀਆਂ ਨੇ ਦਿੱਤੀ ਹੈ। ਇਸ ਨਾਲ ਇਸ ਕੇਸ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਈæਡੀæ ਅਧਿਕਾਰੀਆਂ ਨੇ ਹੀ ਧਮਕਾਉਣ ਤੇ ਫੋਨ ਟੈਪ ਕਰਨ ਵਰਗੇ ਗੰਭੀਰ ਦੋਸ਼ ਲਾਏ ਸਨ। ਪੰਜਾਬ ਪੁਲਿਸ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਇਸ ਮਾਮਲੇ ਵਿਚ ਜੂਨੀਅਰ ਅਧਿਕਾਰੀਆਂ ਕਾਰਨ ਕੁਝ ਗਲਤਫਹਿਮੀਆਂ ਹੋਣ ਕਾਰਨ ਮੁੱਦਾ ਗਲਤ ਰੰਗਤ ਲੈ ਗਿਆ। ਈæਡੀæ ਅਧਿਕਾਰੀ, ਜਿਹੜੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਸੋਂ ਪੁੱਛਗਿੱਛ ਕਰਨ ਤੇ ਸਬੰਧਤ ਜਾਂਚ ਵਿਚ ਸ਼ਾਮਲ ਸਨ, ਨੇ ਕਿਹਾ ਸੀ ਕਿ ਪੁਲਿਸ ਉਨ੍ਹਾਂ ਦੇ ਫੋਨ ਟੈਪ ਕਰ ਰਹੀ ਹੈ।