ਪੰਜਾਬੀ ਫ਼ਿਲਮਾਂ ਦੀ ਭਰਮਾਰ ਰਹੀ ਸਾਲ 2012 ‘ਚ

ਸਵਰਨ ਸਿੰਘ ਟਹਿਣਾ
ਫੋਨ: 91-98141-78883
ਕੇਹਾ ਦੌਰ ਆ ਗਿਆ ਸੀ ਵਿਚ-ਵਿਚਾਲੇ, ਜਦੋਂ ਪੰਜਾਬੀ ਫ਼ਿਲਮਾਂ ਸਾਲ ‘ਚ ਮਸੀਂ ਇੱਕ ਜਾਂ ਦੋ ਰਿਲੀਜ਼ ਹੁੰਦੀਆਂ ਸਨ ਤੇ ਦਰਸ਼ਕ ਉਨ੍ਹਾਂ ਟੁੱਚ-ਘੜੁੱਚ ਫ਼ਿਲਮਾਂ ਨੂੰ ਦੇਖ ਕੇ ਆਪੋ-ਆਪਣੀ ਧਾਰਨਾ ਬਣਾਉਂਦੇ ਰਹਿੰਦੇ ਸਨ। ਕਿਸੇ ਦੀ ਧਾਰਨਾ ਹੁੰਦੀ ਸੀ, ‘ਚਲੋ ਨਾ ਬਣਾਉਣ ਨਾਲੋਂ ਤਾਂ ਇਹੋ ਜਿਹੀਆਂ ਫ਼ਿਲਮਾਂ ਹੀ ਚੰਗੀਆਂæææ।’ ਕੋਈ ਆਖਦਾ, ‘ਏਦਾਂ ਦੀਆਂ ਫ਼ਿਲਮਾਂ ਤੋਂ ਵੀ ਕੀ ਕਰਾਉਣਾ।’
ਪਰ ਚੰਗੇ ਬੱਜਟ ਦੀਆਂ ਫ਼ਿਲਮਾਂ ਬਣਾਉਂਦਾ ਕੌਣ ਤੇ ਕਿਵੇਂ? ਸਭ ਨੂੰ ਜਾਪਦਾ ਸੀ ਕਿ ਇਹ ਘਾਟੇਵੰਦਾ ਕੰਮ ਏ। ਫਿਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਹੋਣ ਲੱਗਾ, ਨਵੇਂ ਤਜਰਬੇ ਹੋਏ ਤੇ ਪ੍ਰਾਪਤ ਹੋਈ ਸਫ਼ਲਤਾ ਨੇ ਚੁੱਪ ਵੱਟੀ ਬੈਠੇ ਸਾਰੇ ਪ੍ਰੋਡਿਊਸਰਾਂ, ਡਾਇਰੈਕਟਰਾਂ, ਇਥੋਂ ਕਿ ਹੋਰ ਕੰਮਕਾਜੀ ਲੋਕਾਂ ਨੂੰ ਵੀ ਜਾਪਣ ਲੱਗ ਗਿਆ ਕਿ ਏਸ ਜੂਏ ਵਿਚ ਜਿੱਤਣ ਦੀ ਸੰਭਾਵਨਾ ਬਾਕੀ ਖੇਡਾਂ ਨਾਲੋਂ ਜ਼ਿਆਦਾ ਏ। ਪਿਛਲੇ ਤਿੰਨ ਕੁ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਜਿੰਨੀ ਵੱਡੀ ਗਿਣਤੀ ਵਿਚ ਬਣ ਰਹੀਆਂ ਨੇ, ਉਨ੍ਹਾਂ ਨੇ ਸਿਨੇਮਾ ਪ੍ਰੇਮੀਆਂ ਦੇ ਦਿਮਾਗ਼ ਵਿਚ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਨੇ।
ਅੱਜ ਹਾਲਾਤ ਇਹ ਨੇ ਕਿ ਸ਼ਾਇਦ ਹੀ ਕੋਈ ਸ਼ੁੱਕਰਵਾਰ ਅਜਿਹਾ ਹੋਵੇਗਾ, ਜਦੋਂ ਪੰਜਾਬੀ ਫ਼ਿਲਮ ਰਿਲੀਜ਼ ਨਾ ਹੁੰਦੀ ਹੋਵੇ। ਕਈ ਫ਼ਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਮੰਨੀਆਂ ਜਾਣ ਲੱਗਦੀਆਂ ਨੇ ਤੇ ਕਈਆਂ ਦੇ ਪ੍ਰੋਮੋ ਦੇਖ ਕੇ ਸਿੱਟਾ ਕੱਢ ਲਿਆ ਜਾਂਦੈ ਕਿ ਇਹਨੂੰ ਖਰਚ ਕੀਤੇ ਪੈਸੇ ਦਾ ਚੌਥਾ ਹਿੱਸਾ ਵੀ ਵਸੂਲ ਨਹੀਂ ਹੋਣਾ। ਫਿਰ ਵੀ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਅੱਜ ਹੀਰੋ ਬਣਨ ਦੀ ਕਾਹਲ ਛਿੜੀ ਹੋਈ ਏ ਤੇ ਪੰਜਾਬ ਦੇ 70 ਫ਼ੀਸਦੀ ਗਵੱਈਏ ਹੀਰੋ ਬਣ ਗਏ ਨੇ ਜਾਂ ਇਸ ਰਾਹ ‘ਤੇ ਤੁਰੇ ਹੋਏ ਨੇ। ਪਰ ਚਾਲੂ ਵਰ੍ਹੇ ਵਿਚ ਮਸੀਂ ਤਿੰਨ-ਚਾਰ ਫ਼ਿਲਮਾਂ ਅਜਿਹੀਆਂ ਰਿਲੀਜ਼ ਹੋਈਆਂ, ਜਿਨ੍ਹਾਂ ਨੇ ਸਿਨੇਮਾ ਘਰ ਵਿਚੋਂ ਬਾਹਰ ਨਿਕਲਦੇ ਦਰਸ਼ਕਾਂ ਦੇ ਚਿਹਰੇ ਟਹਿਕਦੇ ਦਿਖਾਏ, ਨਹੀਂ ਤਾਂ ਬਹੁਤੀਆਂ ਫ਼ਿਲਮਾਂ ਦੇਖ ਕੇ ਬਾਹਰ ਆਉਂਦੇ ਦਰਸ਼ਕ ਖੁਦ ਨੂੰ ਲੁੱਟੇ-ਲੁੱਟੇ ਮਹਿਸੂਸ ਕਰਦੇ ਰਹੇ।
70 ਦੇ ਕਰੀਬ ਫ਼ਿਲਮਾਂ ਕਤਾਰ ‘ਚ
ਏਸ ਸਾਲ ਛੋਟੀਆਂ-ਵੱਡੀਆਂ ਤਿੰਨ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਤੇ ਇੱਕ ਅਨੁਮਾਨ ਮੁਤਾਬਕ 70 ਦੇ ਕਰੀਬ ਦੀ ਸ਼ੂਟਿੰਗ ਚੱਲ ਰਹੀ ਹੈ। ਫ਼ਲਾਪ ਫ਼ਿਲਮ ਦੇ ਨਿਰਮਾਤਾਵਾਂ, ਨਿਰਦੇਸ਼ਕਾਂ, ਹੀਰੋ, ਹੀਰੋਇਨ ਨੇ ਆਪਣੀ ਅਸਫ਼ਲਤਾ ਦਾ ਮੁਲਾਂਕਣ ਕਰਨ ਦੀ ਥਾਂ ਕਈ ਅਜਿਹੇ ਕਾਰਨਾਂ ‘ਤੇ ਆਢਾ ਧਰ ਲਿਆ, ਜਿਨ੍ਹਾਂ ਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ ਸੀ। ਬਹੁਤਿਆਂ ਨੇ ਪ੍ਰਚਾਰ ਦੀ ਘਾਟ ਵਿਚ ਨੁਕਸ ਕੱਢਿਆ, ਕਿਸੇ ਨੇ ਡਾਇਰੈਕਟਰ ਦੇ ਮਾੜੇ ਨਿਰਦੇਸ਼ਨ ‘ਤੇ ਸਾਰਾ ਤੋੜਾ ਝਾੜ ਦਿੱਤਾ, ਕਿਸੇ ਨੇ ਪ੍ਰੋਡਿਊਸਰ ਨੂੰ ਨਿੰਦਿਆ ਤੇ ਕਿਸੇ ਨੇ ਹੀਰੋਇਨ ਦੀਆਂ ਮੂੜਮੱਤੀਆਂ ਦਾ ਖਿਲਾਰਾ ਪਾ ਦਿੱਤਾ। ਪਰ ਅਸਲੀਅਤ ਇਹ ਸੀ ਕਿ ਅਸਫ਼ਲ ਫ਼ਿਲਮਾਂ ਲਈ ਪੂਰੀ ਟੀਮ ਹੀ ਜ਼ਿੰਮੇਵਾਰ ਸੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਅਣਸਿੱਖੇ ਅਦਾਕਾਰਾਂ ਦੀ ਸੀ, ਜਿਨ੍ਹਾਂ ਨੂੰ ਕੰਜੂਸੀ ਜਾਂ ਸਮਝੌਤੇ ਤਹਿਤ ਫ਼ਿਲਮ ਵਿਚ ਲਿਆ ਗਿਆ ਸੀ।
‘ਜੱਟ ਐਂਡ ਜੂਲੀਅਟ’ ਤੇ ‘ਕੈਰੀ ਆਨ ਜੱਟਾ’ ਨੇ ਮਚਾਈ ਤਰਥੱਲੀ
ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੱਟ ਐਂਡ ਜੂਲੀਅਟ’ ਨੇ ਇਸ ਸਾਲ ਸਭ ਤੋਂ ਵੱਧ ਬਿਜ਼ਨੈਸ ਕੀਤਾ। ਦਰਸ਼ਕਾਂ ਦਾ ਕਹਿਣਾ ਸੀ ਕਿ ਜਿੰਮੀ ਸ਼ੇਰਗਿੱਲ ਤੋਂ ਬਾਅਦ ਦਿਲਜੀਤ ਹੀ ਅਜਿਹਾ ਅਦਾਕਾਰ ਹੋ ਨਿੱਬੜਿਆ, ਜਿਹੜਾ ਫ਼ਿਲਮ ਦੇ ਕਿਸੇ ਵੀ ਦ੍ਰਿਸ਼ ਵਿਚ ਥਿੜਕਿਆ ਨਹੀਂ ਤੇ ਜਿਸ ਨੇ ਆਪਣੀ ਕਾਮੇਡੀ ਨਾਲ ਅਸਲ ਕਾਮੇਡੀਅਨਾਂ ਨੂੰ ਬਰਾਬਰ ਦੀ ਟੱਕਰ ਦਿੱਤੀ। ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਨੂੰ ਵੀ ਦਿਲਜੀਤ ਨੇ ਖੁਦ ‘ਤੇ ਭਾਰੂ ਨਹੀਂ ਹੋਣ ਦਿੱਤਾ ਤੇ ਫ਼ਿਲਮ ਰਿਲੀਜ਼ ਕਰਨ ਵਾਲੀ ਕੰਪਨੀ ਦੇ ਵਾਰੇ-ਨਿਆਰੇ ਹੋ ਗਏ। ਵਿਚ-ਵਿਚਾਲੇ ਖ਼ਬਰਾਂ ਇਹ ਵੀ ਆਈਆਂ ਕਿ ਇਸ ਨੂੰ ਹਿੰਦੀ ਵਿਚ ਵੀ ਡੱਬ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਦਿਲਜੀਤ ਆਪਣੀ ਨਵੀਂ ਫ਼ਿਲਮ ‘ਜੱਟ ਐਂਡ ਜੂਲੀਅਟ-2’ ਦੀ ਸ਼ੂਟਿੰਗ ਵਿਚ ਰੁੱਝ ਚੁੱਕਾ ਹੈ।
ਏਸੇ ਤਰ੍ਹਾਂ ‘ਮਿਰਜ਼ਾ’ ਫ਼ਿਲਮ ਦੀ ਅਸਫ਼ਲਤਾ ਤੋਂ ਬਾਅਦ ਬਤੌਰ ਹੀਰੋ ਗਿੱਪੀ ਗਰੇਵਾਲ ਦੀ ‘ਕੈਰੀ ਆਨ ਜੱਟਾ’ ਰਿਲੀਜ਼ ਹੋਈ, ਜਿਸ ਵਿਚ ਇੰਟਰਵਲ ਤੋਂ ਬਾਅਦ ਹਾਸੇ ਦਾ ਅਜਿਹਾ ਤੁੜਕਾ ਲੱਗਾ ਕਿ ਫ਼ਿਲਮ ਚੱਲ ਨਿਕਲੀ। ਇਹ ਫ਼ਿਲਮ ‘ਜੱਟ ਐਂਡ ਜੂਲੀਅਟ’ ਜਿੰਨਾ ਵੱਡਾ ਮਾਰਕਾ ਭਾਵੇਂ ਨਾ ਮਾਰ ਸਕੀ ਹੋਵੇ, ਪਰ ਫਿਰ ਵੀ ਸਫ਼ਲ ਰਹੀ। ਇਸ ਫ਼ਿਲਮ ਦਾ ਸਿਹਰਾ ਦਰਸ਼ਕਾਂ ਨੇ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿੱਲੋਂ ਸਿਰ ਬੰਨ੍ਹਿਆ।
‘ਦੇਸੀ ਰੋਮੀਓ’ ਤੇ ‘ਰੌਲਾ ਪੈ ਗਿਆ’ ਦਾ ਹਾਲ
ਇਸ ਸਾਲ ਰਿਲੀਜ਼ ਹੋਈਆਂ ਘੱਟ ਬੱਜਟ ਵਾਲੀਆਂ ਫ਼ਿਲਮਾਂ ਨੂੰ ਵੀ ਸਫ਼ਲ ਫ਼ਿਲਮਾਂ ਦੀ ਕਤਾਰ ਵਿਚ ਜ਼ਰੂਰ ਸ਼ਾਮਲ ਕੀਤਾ ਗਿਆ। ਬੱਬੂ ਮਾਨ ਦੀ ਬੇਹੱਦ ਘੱਟ ਬੱਜਟ ਵਾਲੀ ਫ਼ਿਲਮ ‘ਦੇਸੀ ਰੋਮੀਓ’ ਵਿਚ ਭੁਪਿੰਦਰ ਗਿੱਲ ਤੇ ਹਰਜੀਤ ਹਰਮਨ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਗਈ ਤੇ ਹਰਮਨ ਹੁਣ ਆਪਣੀ ਨਵੀਂ ਫ਼ਿਲਮ ਦੀ ਵਿਉਂਤਬੰਦੀ ਵਿਚ ਜੁਟ ਗਿਆ ਹੈ। ਭੁਪਿੰਦਰ ਗਿੱਲ ਨੇ ‘ਦੇਸੀ ਮੁੰਡੇ’ ਵਿਚ ਅਹਿਮ ਰੋਲ ਕਰ ਲਿਆ ਹੈ। ਏਸੇ ਤਰ੍ਹਾਂ ਰਵਿੰਦਰ ਗਰੇਵਾਲ ਦੀ ਫ਼ਿਲਮ ਤੋਂ ਦਰਸ਼ਕਾਂ ਨੂੰ ਬਹੁਤੀਆਂ ਉਮੀਦਾਂ ਨਹੀਂ ਸਨ, ਪਰ ਫ਼ਿਲਮ ਨੂੰ ਠੀਕ-ਠਾਕ ਹੁੰਗਾਰਾ ਮਿਲ ਗਿਆ। ਸਫ਼ਲਤਾ ਤੋਂ ਖੁਸ਼ ਗਰੇਵਾਲ ਨੇ ਨਾਲ ਦੀ ਨਾਲ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ।
ਰਿਲੀਜ਼ ਲਈ ਤਿਆਰ ਫ਼ਿਲਮਾਂ
ਇਸ ਵੇਲ਼ੇ ਦਿਲਜੀਤ ਦੋਸਾਂਝ (ਸਾਡੀ ਲਵ ਸਟੋਰੀ), ਹਨੀ ਸਿੰਘ ਤੇ ਅਮਰਿੰਦਰ ਗਿੱਲ (ਤੂੰ ਮੇਰਾ ਬਾਈ, ਮੈਂ ਤੇਰਾ ਬਾਈ), ਗਿੱਪੀ ਗਰੇਵਾਲ (ਸਿੰਘ ਵਰਸਿਜ਼ ਕੌਰ), ਸਰਬਜੀਤ ਚੀਮਾ (‘ਵੈਲਕਮ ਟੂ ਪੰਜਾਬ’ ਤੇ ‘ਪੰਜਾਬ ਬੋਲਦਾ ਹੈ’), ਪ੍ਰੀਤ ਹਰਪਾਲ (ਡੌਂਟ ਵਰੀ ਯਾਰਾ), ਕੇæ ਐਸ਼ ਮੱਖਣ (ਸੱਜਣ), ਰੌਸ਼ਨ ਪ੍ਰਿੰਸ (ਫੇਰ ਮਾਮਲਾ ਗੜਬੜ ਹੈ), ਮਿਸ ਪੂਜਾ (ਪੂਜਾ ਕਿਵੇਂ ਆਂ), ਭੁਪਿੰਦਰ ਗਿੱਲ (ਦੇਸੀ ਮੁੰਡੇ), ਗੀਤਾ ਜ਼ੈਲਦਾਰ (ਵਿਆਹ ਸੱਤਰ ਕਿਲੋਮੀਟਰ) ਸਮੇਤ ਅਨੇਕਾਂ ਗ਼ੈਰ ਗਾਇਕ ਨਾਇਕਾਂ ਦੀਆਂ ਫ਼ਿਲਮਾਂ ਰਿਲੀਜ਼ ਹੋਣ ਲਈ ਪਰ ਤੋਲ ਰਹੀਆਂ ਨੇ।
ਜਿਹੜੇ ਗਾਇਕਾਂ ਦੀਆਂ ਪਿਛਲੀਆਂ ਫ਼ਿਲਮਾਂ ਕਾਮਯਾਬ ਰਹੀਆਂ, ਉਨ੍ਹਾਂ ਵਲੋਂ ਆਪਣਾ ਮੁੱਲ ਬਹੁਤ ਜ਼ਿਆਦਾ ਵਧਾ ਦਿੱਤਾ ਹੋਣ ਕਰਕੇ ਪ੍ਰੋਡਿਊਸਰ ਘੱਟ ਪੈਸੇ ਲੈਣ ਵਾਲੇ ਗ਼ੈਰ ਗਾਇਕ ਹੀਰੋ ਲੈਣ ਨੂੰ ਤਰਜ਼ੀਹ ਦੇਣ ਲੱਗੇ ਹਨ, ਕਿਉਂਕਿ ਸਭ ਦੀ ਸੋਚ ਇੱਕੋ ਗੱਲ ‘ਤੇ ਟਿਕੀ ਹੋਈ ਹੈ ਕਿ ਜੇ ਘੱਟ ਬੱਜਟ ਵਿਚ ਫ਼ਿਲਮ ਬਣੇਗੀ ਤਾਂ ਉਹ ਡਿੱਗਦੀ-ਢਹਿੰਦੀ ਓਨਾ ਕੁ ਦਾ ਕਾਰੋਬਾਰ ਜ਼ਰੂਰ ਕਰ ਜਾਵੇਗੀ, ਜਿੰਨਾ ਖਰਚ ਕੀਤਾ ਹੋਵੇਗਾ। ਪਰ ਜੇ ਫ਼ਿਲਮ ਤਿੰਨ ਕਰੋੜ ਦੇ ਬੱਜਟ ਨੂੰ ਟੱਪ ਜਾਂਦੀ ਹੈ ਤਾਂ ਇਸ ਦੀ ਸਫ਼ਲਤਾ ਦੀ ਉਮੀਦ ਧੁੰਦਲੀ ਹੋ ਜਾਂਦੀ ਹੈ ਤੇ ਜਿਹੜੀ ਪੰਜ ਕਰੋੜ ਨੂੰ ਪਾਰ ਕਰੇ, ਉਹ ਤਾਂ ਸਿੱਧਾ-ਸਿੱਧਾ ਰਿਸਕ ਹੀ ਹੈ।
ਕਾਮੇਡੀਅਨਾਂ ਦਾ ਫਿੱਟ ਬੈਠਾ
ਇਸ ਸਾਲ ਬਣੀਆਂ ਜ਼ਿਆਦਾਤਰ ਫ਼ਿਲਮਾਂ ਸਮਾਜਿਕ ਸਰੋਕਾਰਾਂ ਨਾਲੋਂ ਦੂਰ ਸਨ, ਕਿਉਂਕਿ ਇਨ੍ਹਾਂ ਨੂੰ ‘ਫੁੱਲ ਮਨੋਰੰਜਨ’ ਦੇ ਨਾਂ ਹੇਠ ਰਿਲੀਜ਼ ਕੀਤਾ ਜਾਂਦਾ ਸੀ। ਬਹੁਤੀਆਂ ਫ਼ਿਲਮਾਂ ਦੇ ਵਿਸ਼ੇ ਕਾਲਜ ਨਾਲ ਸਬੰਧਤ ਰਹੇ ਤੇ ਉਹਦੇ ਨਾਲੋਂ ਵੀ ਜ਼ਿਆਦਾ ਕਾਮੇਡੀ ਨਾਲ ਸਬੰਧਤ। ਸਿੱਟੇ ਵਜੋਂ ਕੱਲ੍ਹ ਤੱਕ ਕੈਸਿਟਾਂ ਜਾਂ ਰਿਐਲਟੀ ਸ਼ੋਆਂ ਵਿਚ ਕਾਮੇਡੀ ਕਰਨ ਵਾਲਿਆਂ ਨੂੰ ਧੜਾਧੜ ਬਣ ਰਹੀਆਂ ਫ਼ਿਲਮਾਂ ਦਾ ਬੇਹੱਦ ਲਾਭ ਹੋਣਾ ਸ਼ੁਰੂ ਹੋਇਆ। ਪੂਰਾ ਸਾਲ ਜਿੱਥੇ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਰਾਣਾ ਰਣਬੀਰ ਤੇ ਕਰਮਜੀਤ ਅਨਮੋਲ ਫ਼ਿਲਮਾਂ ਦੀਆਂ ਸ਼ੂਟਿੰਗਾਂ ‘ਚ ਰੁੱਝੇ ਰਹੇ, ਉਥੇ ਕਈ ਫ਼ਿਲਮਾਂ ਅਜਿਹੀਆਂ ਵੀ ਆਈਆਂ, ਜਿਨ੍ਹਾਂ ਨੂੰ ਪਸੰਦ ਸਿਰਫ਼ ਇਨ੍ਹਾਂ ਕਾਮੇਡੀਅਨਾਂ ਕਰਕੇ ਹੀ ਕੀਤਾ ਗਿਆ। ਕਾਮੇਡੀਅਨਾਂ ਦਾ ਕਹਿਣਾ ਹੈ ਕਿ ਜਿਵੇਂ ਕਲਾਕਾਰਾਂ ਦਾ ਸੀਜ਼ਨ ਇਕਦਮ ਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇਨ੍ਹੀਂ ਦਿਨੀਂ ਸਾਡਾ ਸੀਜ਼ਨ ਚੱਲ ਰਿਹਾ ਹੈ ਅਤੇ ਸਾਨੂੰ ਮੂੰਹੋਂ ਮੰਗੇ ਪੈਸੇ ਵੀ ਮਿਲ ਰਹੇ ਹਨ। ਇਹ ਵੀ ਸੱਚ ਹੈ ਕਿ ਕਾਮੇਡੀ ਫ਼ਿਲਮਾਂ ਪ੍ਰਤੀ ਦਰਸ਼ਕਾਂ ਦੀ ਜ਼ਿਆਦਾ ਮੰਗ ਹੈ।
ਰਿਲੀਜ਼ ਫ਼ਿਲਮਾਂ ਦਾ ਹਾਲ
ਏਸ ਸਾਲ ‘ਪਿਓਰ ਪੰਜਾਬੀ’, ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’, ‘ਦਿਲ ਤੈਨੂੰ ਕਰਦਾ ਏ ਪਿਆਰ’, ‘ਰਹਿਮਤਾਂ’, ‘ਮਿਰਜ਼ਾ-ਦ ਅਨਟੋਲਡ ਸਟੋਰੀ’, ‘ਟੌਹਰ ਮਿੱਤਰਾਂ ਦੀ’, ‘ਆਪਾਂ ਫੇਰ ਮਿਲਾਂਗੇ’, ‘ਰਹੇ ਚੜ੍ਹਦੀ ਕਲਾ ਪੰਜਾਬ ਦੀ’, ‘ਕਬੱਡੀ ਵੰਨਸ ਅਗੇਨ’, ‘ਸਿਰਫਿਰੇ’, ‘ਪਿੰਕੀ ਮੋਗੇ ਵਾਲੀ’, ‘ਅੰਨੇ ਘੋੜੇ ਦਾ ਦਾਨ’, ‘ਯਾਰ ਪ੍ਰਦੇਸੀ’, ‘ਅੱਜ ਦੇ ਰਾਂਝੇ’, ‘ਬੁਰਰਰਰਾ’ ਸਮੇਤ ਕਈ ਹੋਰ ਫ਼ਿਲਮਾਂ ਰਿਲੀਜ਼ ਹੋਈਆਂ।
‘ਮਿਰਜ਼ਾ’ ਦਾ ਪ੍ਰਚਾਰ ਧੂਮ-ਧੜੱਕੇ ਨਾਲ ਕੀਤਾ ਗਿਆ, ਪਰ ਦਰਸ਼ਕਾਂ ਨੇ ਪਹਿਲੇ ਦਿਨ ਹੀ ਫ਼ਿਲਮ ਨੂੰ ਨਕਾਰ ਦਿੱਤਾ। ‘ਟੌਹਰ ਮਿੱਤਰਾਂ ਦੀ’ ਫ਼ਿਲਮ ਚੰਗੀ ਸੀ, ਪਰ ਪ੍ਰਚਾਰ ਦੀ ਕਮੀ ਕਰਕੇ ਫ਼ਿਲਮ ਨਾ ਚੱਲ ਸਕੀ। ‘ਕਬੱਡੀ ਵੰਨਸ ਅਗੇਨ’ ਵਿਚ ਵਰਿੰਦਰ ਘੁੰਮਣ ਨੂੰ ਬਤੌਰ ਕਬੱਡੀ ਖਿਡਾਰੀ ਪੇਸ਼ ਕੀਤਾ ਗਿਆ, ਪਰ ਉਹ ਬਾਡੀ ਬਿਲਡਰ ਹੋਣ ਕਰਕੇ ਓਨਾ ਨਾ ਜਚ ਸਕਿਆ। ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ‘ਸਿਰਫਿਰੇ’ ਫ਼ਿਲਮ ਦਾ ਪ੍ਰਚਾਰ ਚੰਗਾ ਹੋਇਆ, ਪਰ ਇਸ ਵਿਚਲੀਆਂ ਨੰਗੀਆਂ ਗੱਲਾਂ ਦਰਸ਼ਕਾਂ ਨੂੰ ਪਸੰਦ ਨਾ ਆਈਆਂ। ‘ਪਿੰਕੀ ਮੋਗੇ ਵਾਲੀ’ ਤੋਂ ਉਮੀਦਾਂ ਬਹੁਤ ਸਨ, ਪਰ ਫ਼ਿਲਮ ਵਿਚ ਹਾਸੇ, ਰੋਮਾਂਸ, ਐਕਸ਼ਨ ਨਾਂ ਦੀ ਕੋਈ ਵੀ ਚੀਜ਼ ਨਾ ਹੋਣ ਕਰਕੇ ਗੱਲ ਨਾ ਬਣੀ। ‘ਅੱਜ ਦੇ ਰਾਂਝੇ’ ਫ਼ਿਲਮ ਵਧੀਆ ਬਣੀ ਸੀ, ਪਰ ਇਸ ਨਾਲ ਵੀ ‘ਟੌਹਰ ਮਿੱਤਰਾਂ ਦੀ’ ਵਾਲਾ ਹਾਲ ਹੋਇਆ। ਪ੍ਰਚਾਰ ਦੀ ਘਾਟ ਕਰਕੇ ਇਹ ਫ਼ਿਲਮ ਉਹ ਜਲਵਾ ਨਾ ਦਿਖਾ ਸਕੀ, ਜੇਹਾ ਗੁਰਪ੍ਰੀਤ ਘੁੱਗੀ ਦੀਆਂ ਫ਼ਿਲਮਾਂ ਦਿਖਾ ਸਕਦੀਆਂ ਹਨ। ‘ਬੁਰਰਰਰਾ’ ਫ਼ਿਲਮ ਨੂੰ ਦਰਸ਼ਕਾਂ ਠੀਕ ਪਿਆਰ ਦਿੱਤਾ। ਇਸ ਫ਼ਿਲਮ ਵਿਚ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਅਤੇ ਹਰੀਸ਼ ਨੇ ਵਧੀਆ ਕੰਮ ਕੀਤਾ।
ਜਸਪਾਲ ਭੱਟੀ ਦੇ ਜਾਣ ਦਾ ਦੁੱਖ
ਇਸ ਸਾਲ ਪ੍ਰਸਿੱਧ ਕਾਮੇਡੀਅਨ ਜਸਪਾਲ ਭੱਟੀ ਦਾ ਵਿਛੋੜਾ ਉਨ੍ਹਾਂ ਦੀ ਫ਼ਿਲਮ ਦੀ ਰਿਲੀਜ਼ਿੰਗ ਤੋਂ ਦੋ ਦਿਨ ਪਹਿਲਾਂ ਪੈ ਗਿਆ। ਉਹ ਬਠਿੰਡਾ ਤੋਂ ਜਲੰਧਰ ਆ ਰਹੇ ਸਨ ਤਾਂ ਜੁ ਅਗਲੇ ਦਿਨ ਆਪਣੀ ਨਵੀਂ ਰਿਲੀਜ਼ ਹੋਣ ਵਾਲੀ ਫ਼ਿਲਮ ‘ਪਾਵਰ ਕੱਟ’ ਦੀ ਪ੍ਰੈਸ ਕਾਨਫਰੰਸ ਕਰ ਲੈਣ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਗੱਡੀ ਵਿਚ ਉਨ੍ਹਾਂ ਨਾਲ ਸਵਾਰ ਮੈਨੇਜਰ ਨਵਨੀਤ ਜੋਸ਼ੀ ਵੀ ਚੱਲ ਵਸੇ। ਜਸਪਾਲ ਭੱਟੀ ਦੀ ਫ਼ਿਲਮ ਨੂੰ ਦਰਸ਼ਕਾਂ ਸ਼ਰਧਾਂਜਲੀ ਵਜੋਂ ਪਿਆਰ ਦਿੱਤਾ। ਭੱਟੀ ਦੀ ਆਖਰੀ ਫ਼ਿਲਮ ਸਮਾਜ ਲਈ ਸੁਨੇਹਾ ਹੋ ਨਿੱਬੜੀ, ਕਿਉਂਕਿ ਇਸ ਵਿਚ ਪੰਜਾਬ ਵਿਚ ਲੱਗਦੇ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਉਭਾਰਿਆ ਗਿਆ ਸੀ।
ਗਾਇਕਾਂ ਦੀਆਂ ਉਡਾਰੀਆਂ
ਪੰਜਾਬ ਦੇ ਲਗਭਗ ਸਭ ਗਾਇਕਾਂ ਨੇ ਇਸ ਵਰ੍ਹੇ ਕਸਮਾਂ ਖਾ ਲਈਆਂ ਕਿ ਜੇ ਸਾਨੂੰ ਫ਼ਿਲਮ ਦੀ ਪੇਸ਼ਕਸ਼ ਆ ਗਈ ਤਾਂ ਨਾਂਹ ਨਹੀਂ ਕਰਨੀ। ਇਸ ਸਾਲ ਉਨ੍ਹਾਂ ਕਲਾਕਾਰਾਂ ਦੀਆਂ ਫ਼ਿਲਮਾਂ ਵੀ ਰਿਲੀਜ਼ ਹੋ ਗਈਆਂ, ਜਿਨ੍ਹਾਂ ਨੂੰ ਖੇਤਰੀ ਗਾਇਕ ਮੰਨਿਆ ਜਾਂਦਾ ਹੈ। ਇਸ ਸਾਲ ਬਹੁਤ ਸਾਰੇ ਕਲਾਕਾਰਾਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਐਲਬਮਾਂ ਵੱਲ ਧਿਆਨ ਘੱਟ ਦੇਣਾ ਹੈ, ਕਿਉਂਕਿ ਐਲਬਮਾਂ ਨੂੰ ਖਰੀਦਦਾ ਕੋਈ ਨਹੀਂ। ਇੱਕ ਚੰਗੀ ਐਲਬਮ ‘ਤੇ ਪੰਜਾਹ ਤੋਂ ਸੱਤਰ ਲੱਖ ਤੱਕ ਦਾ ਖਰਚ ਹੁੰਦਾ ਹੈ ਅਤੇ ਏਨੇ ਪੈਸਿਆਂ ਨੂੰ ਡਬਲ ਕਰਕੇ ਖਰਚਿਆ ਜਾਵੇ ਤਾਂ ਪੂਰੀ ਫ਼ਿਲਮ ਬਣ ਜਾਂਦੀ ਹੈ। ਕਲਾਕਾਰ ਅਕਸਰ ਕਹਿੰਦੇ ਸਨ ਕਿ ਢਾਈ ਘੰਟੇ ਦੀ ਫ਼ਿਲਮ ਡੇਢ ਕਰੋੜ ‘ਚ ਬਣ ਜਾਂਦੀ ਹੈ, ਜੀਹਦੇ ਵਿਚ ਪੰਜ-ਛੇ ਗੀਤਾਂ ਦੇ ਵੀਡੀਓ ਵੀ ਬਣ ਜਾਂਦੇ ਨੇ। ਇਸ ਸੋਚ ਦਾ ਇੱਕੜ-ਦੁੱਕੜ ਕਲਾਕਾਰਾਂ ਨੂੰ ਲਾਭ ਹੋਇਆ, ਪਰ ਬਹੁਤਿਆਂ ਦਾ ਨੁਕਸਾਨ ਹੀ ਹੋਇਆ। ਚਾਰ ਜਣੇ ਰਲ ਕੇ ਪੰਜਾਹ-ਪੰਜਾਹ ਲੱਖ ਤਾਂ ਪਾ ਲੈਂਦੇ ਰਹੇ, ਪਰ ਤਜਰਬੇ ਦੀ ਘਾਟ ਕਾਰਨ ਉਨ੍ਹਾਂ ਨਾਲ ਹਰ ਮੋੜ ‘ਤੇ ਪੁੱਠੀ ਪੈਂਦੀ ਰਹੀ।
ਪ੍ਰਾਪਰਟੀ ਡੀਲਰ ਬਣੇ ਪ੍ਰੋਡਿਊਸਰ
ਅਕਾਲੀ-ਭਾਜਪਾ ਸਰਕਾਰ ਦੁਬਾਰਾ ਸੱਤਾ ਵਿਚ ਆਉਣ ਕਰਕੇ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਇੱਕ ਥਾਂ ਟਿਕ ਕੇ ਖੜ੍ਹ ਗਏ। ਦੂਜਾ ਸਭ ਤੋਂ ਵੱਡਾ ਨੁਕਸਾਨ ਸ਼ਹਿਰੀ ਖੇਤਰਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਹੋਇਆ। ਸਿੱਟੇ ਵਜੋਂ ਪੰਜਾਬ ਦੇ ਕਈ ਪ੍ਰਾਪਰਟੀ ਡੀਲਰਾਂ ਨੇ ਪਾਸਾ ਪਲਟਿਆ ਤੇ ਜ਼ਮੀਨਾਂ ਦੀ ਮੰਦੀ ਦੇ ਚੱਲਦਿਆਂ ਪੰਜਾਬੀ ਫ਼ਿਲਮਾਂ ‘ਤੇ ਪੈਸਾ ਲਾਉਣ ਬਾਰੇ ਸੋਚ ਲਿਆ। ਤਿੰਨ-ਚਾਰ ਅਜਿਹੀਆਂ ਫ਼ਿਲਮਾਂ ਆਈਆਂ, ਜਿਨ੍ਹਾਂ ‘ਤੇ ਜ਼ਮੀਨਾਂ ਖਰੀਦਣ-ਵੇਚਣ ਵਾਲਿਆਂ ਦਾ ਪੈਸਾ ਲੱਗਾ ਸੀ, ਪਰ ਉਹ ਸਫ਼ਲ ਨਾ ਹੋ ਸਕੀਆਂ। ਇਸ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਜ਼ਮੀਨ ਦੇ ਕਾਰੋਬਾਰ ਵਾਲਿਆਂ ਨੂੰ ਫ਼ਿਲਮੀ ਖੇਤਰ ਬਾਰੇ ਕੋਈ ਖਾਸ ਤਜਰਬਾ ਨਹੀਂ ਸੀ।
ਇੱਕ-ਦੋ ਫ਼ਿਲਮਾਂ ਦਾ ਇਸ ਸਾਲ ਵਿਵਾਦ ਵੀ ਸੁਣਿਆ ਗਿਆ। ਫ਼ਿਲਮ ਦੇ ਹਿੱਸੇਦਾਰ ਫ਼ਿਲਮ ਦੀ ਅਸਫ਼ਲਤਾ ਮਗਰੋਂ ਆਪਸ ਵਿਚ ਫ਼ਸ ਪੈਂਦੇ, ਕਿਉਂਕਿ ਸਭ ਹਿੱਸੇਦਾਰ ਸਮਝਦੇ ਕਿ ਫ਼ਿਲਮ ਬਹੁਤ ਚੱਲੀ ਹੈ। ਪਰ ਹਕੀਕਤ ਕੁਝ ਹੋਰ ਹੁੰਦੀ ਸੀ, ਜਿਸ ਕਰਕੇ ਕਈਆਂ ਦਾ ਮਾਮਲਾ ਥਾਣਿਆਂ ਤੱਕ ਵੀ ਪਹੁੰਚਿਆ।
ਦਰਸ਼ਕਾਂ ਨਾਲ ਧੋਖੇ
ਇਸ ਸਾਲ ਕਈ ਫ਼ਿਲਮਾਂ ਇਹੋ ਜਿਹੀਆਂ ਰਿਲੀਜ਼ ਹੋਈਆਂ, ਜਿਨ੍ਹਾਂ ਵਿਚ ਦਰਸ਼ਕਾਂ ਨਾਲ ਸਪੱਸ਼ਟ ਧੋਖਾ ਕੀਤਾ ਗਿਆ ਦਿਖਾਈ ਦਿੱਤਾ। ਦਰਸ਼ਕਾਂ ਨੂੰ ਕਨੇਡਾ ਦੀ ਲੋਕੇਸ਼ਨ ਦੱਸੀ ਗਈ, ਪਰ ਉਹ ਥਾਂ ਹੁੰਦੀ ਚੰਡੀਗੜ੍ਹ ਜਾਂ ਹੋਰ ਖੇਤਰ ਦੀ ਸੀ। ਏਸੇ ਤਰ੍ਹਾਂ ਇੱਕ-ਦੋ ਫ਼ਿਲਮਾਂ ਵਿਚ ਇੰਗਲੈਂਡ ਜਾਂ ਹੋਰ ਵਿਦੇਸ਼ੀ ਥਾਂਵਾਂ ਦੇ ਮੈਦਾਨ ਹੋਣ ਦੀ ਗੱਲ ਕੀਤੀ ਗਈ, ਪਰ ਉਹ ਮੈਦਾਨ ਹੁੰਦੇ ਪੰਜਾਬ ਦੇ ਹੀ ਸਨ, ਬਸ ਉਨ੍ਹਾਂ ਨੂੰ ਸਾਫ਼-ਸੁਥਰਾ ਕਰਕੇ ਇੰਜ ਭੁਲੇਖਾ ਪਾ ਦਿੱਤਾ ਜਾਂਦਾ ਸੀ ਕਿ ਦਰਸ਼ਕ ਸਮਝੇ ਫ਼ਿਲਮ ਦੀ ਪੂਰੀ ਟੀਮ ਫ਼ਲਾਣੇ ਮੁਲਕ ਜਾ ਕੇ ਸ਼ੂਟਿੰਗ ਕਰਕੇ ਆਈ ਏ।
ਕਈ ਪ੍ਰੋਡਿਊਸਰਾਂ ਨੇ ਅੰਬੈਸੀਆਂ ਨਾਲ ਵੀ ਧੋਖੇ ਕਰਨੇ ਚਾਹੇ ਕਿ ਬਾਹਰ ਜਾ ਕੇ ਫ਼ਿਲਮ ਦਾ ਕੁਝ ਹਿੱਸਾ ਸ਼ੂਟ ਕਰਦੇ ਹਾਂ, ‘ਪੁੰਨ ਨਾਲੇ ਫ਼ਲੀਆਂ’ ਵਾਲੀ ਗੱਲ ਹੋ ਜਾਵੇਗੀ। ਉਧਰ ਚਾਰ ਬੰਦੇ ਵੀ ਫੁਰਰ ਕਰ ਆਵਾਂਗੇ ਤੇ ਫਿਲਮ ਵੀ ਸੋਹਣੀ ਬਣ ਜਾਵੇਗੀ, ਪਰ ਅੰਬੈਸੀਆਂ ਨੇ ਇਨ੍ਹਾਂ ਲੋਕਾਂ ਦੀ ਸੋਚ ਸਫ਼ਲ ਨਾ ਹੋਣ ਦਿੱਤੀ।
ਮੁੜ ਗੁਆਚਣ ਲੱਗਾ ਦਰਸ਼ਕਾਂ ਦਾ ਭਰੋਸਾ
ਏਨੀ ਵੱਡੀ ਗਿਣਤੀ ਵਿਚ ਬਣ ਰਹੀਆਂ ਪੰਜਾਬੀ ਫ਼ਿਲਮਾਂ ਕਰਕੇ ਦਰਸ਼ਕ ਮੁੜ ਸ਼ਸ਼ੋਪੰਜ ‘ਚ ਪੈ ਗਏ ਨੇ ਕਿ ਆਖਰ ਕਿਹੜੀ ਪੰਜਾਬੀ ਫ਼ਿਲਮ ਦੇਖੀ ਜਾਵੇ ਤੇ ਕਿਹੜੀ ਛੱਡੀਏ। ਪਰ ਇੱਕ ਫ਼ਿਲਮ ਦੇ ਹਿੱਟ ਹੋਣ ਮਗਰੋਂ ਜਿਸ ਤਰ੍ਹਾਂ 5-5, 7-7 ਫ਼ਿਲਮਾਂ ਲਗਾਤਾਰ ਮੂਧੇ ਮੂੰਹ ਡਿੱਗੀਆਂ ਨੇ, ਉਸ ਤੋਂ ਲਗਦਾ ਹੈ ਕਿ ਦਰਸ਼ਕ ਬਹੁਤ ਜਲਦ ਪੰਜਾਬੀ ਫ਼ਿਲਮਾਂ ਵਿਚ ਪੈ ਰਹੇ ਏਸ ਗਾਹ ਤੋਂ ਉਕਤਾ ਜਾਣਗੇ।
ਅਖੀਰ ‘ਤੇ ਨਤੀਜਾ ਇਹੀ ਨਿਕਲਦਾ ਏ ਕਿ ਭਵਿੱਖ ਵਿਚ ਦਰਸ਼ਕ ਸਿਰਫ਼ ਉਸੇ ਫ਼ਿਲਮ ਨੂੰ ਪਿਆਰ ਦਿਆ ਕਰਨਗੇ, ਜਿਸ ਦੀ ਕਹਾਣੀ, ਅਦਾਕਾਰੀ, ਕਾਮੇਡੀ ਅਤੇ ਸਕਰੀਨ ਪਲੇਅ ਚੰਗਾ ਹੋਵੇਗਾ। ਫ਼ਿਲਮ ਬਣਾ ਕੇ ਸਿਰਫ਼ ਮਸ਼ਹੂਰੀ ਖੱਟਣ ਦੇ ਚਾਹਵਾਨਾਂ ਨੂੰ ਕੱਲ੍ਹ ਵੀ ਮੂੰਹ ਦੀ ਖਾਣੀ ਪੈਂਦੀ ਸੀ ਤੇ ਅਗਲੇ ਸਾਲ ਵੀ ਖਾਣੀ ਪਵੇਗੀ, ਇਸ ਗੱਲ ਦਾ ਯਕੀਨ ਹੈ।

Be the first to comment

Leave a Reply

Your email address will not be published.