ਕੇਂਦਰ ਨੇ ਪੰਜਾਬ ਸਰਕਾਰ ਨੂੰ ਨਮੋਸ਼ੀ ਤੋਂ ਬਚਾਇਆ

ਚੰਡੀਗੜ੍ਹ: ਪਿਛਲੇ ਅੱਠ ਮਹੀਨਿਆਂ ਤੋਂ ਪੰਜਾਬ ਨੂੰ ਅਣਦੇਖਿਆ ਕਰ ਰਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਕੁਝ ਰਾਹਤ ਦਿੱਤੀ ਹੈ। ਕੇਂਦਰ ਨੇ ਪੰਜਾਬ ਨੂੰ 18,000 ਕਰੋੜ ਦਾ ਸੜਕੀ ਪੈਕੇਜ ਦੇਣ ਦਾ ਐਲਾਨ ਕੀਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਭਾਈਵਾਲ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੂਬਾ ਸਰਕਾਰ ਨੂੰ ਇਹ ਪਹਿਲਾ ਤੋਹਫਾ ਮਿਲਿਆ ਹੈ।

ਕੇਂਦਰ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਪ੍ਰਤੀ ਬੇਰੁਖੀ ਵਾਲਾ ਵਤੀਰਾ ਬਣਾਈ ਰੱਖਿਆ ਹੈ।
ਇਸ ਤੋਂ ਪਹਿਲਾਂ ਝੋਨੇ ਦੀ ਖਰੀਦ ਲਈ ਸਮੇਂ ਸਿਰ ਪੈਸੇ ਜਾਰੀ ਨਾ ਕਰਨ ਤੇ ਫਿਰ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਦੇਣ ਤੋਂ ਨਾਂਹ ਕਰਨ ਨਾਲ ਬਾਦਲ ਸਰਕਾਰ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਪਏ ਸੋਕੇ ਨੂੰ ਮੁੱਖ ਰੱਖਦਿਆਂ ਵੀ ਮੁਆਵਜ਼ਾ ਦੇਣ ਤੋਂ ਜਵਾਬ ਦੇ ਦਿੱਤਾ ਗਿਆ। ਫਿਰ ਰਹਿੰਦੀ-ਖੂੰਹਦੀ ਕਸਰ ਯੂਰੀਏ ਦੀ ਕਮੀ ਨੇ ਪੂਰੀ ਕਰ ਦਿੱਤੀ। ਇਸ ਕਾਰਨ ਸੂਬੇ ਵਿਚ ਨਵੀਂ ਸਰਕਾਰ ਬਾਰੇ ਉਦਾਸੀਨਤਾ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਪਰ ਹੁਣ ਕੇਂਦਰ ਵਲੋਂ ਬਾਦਲ ਸਰਕਾਰ ਨੂੰ ਕੁਝ ਰਾਹਤ ਦਿੱਤੀ ਗਈ ਹੈ।
ਕੇਂਦਰੀ ਸੜਕ, ਟਰਾਂਸਪੋਰਟ ਤੇ ਸ਼ਿਪਿੰਗ ਮੰਤਰੀ ਨਿਤਿਨ ਗਡਕਰੀ ਵਲੋਂ ਬਠਿੰਡੇ ਆ ਕੇ ਪੰਜਾਬ ਲਈ 18,000 ਕਰੋੜ ਦੇ ਸੜਕੀ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸ ਪੈਕੇਜ ਅਧੀਨ ਪੰਜ ਰੇਲਵੇ ਓਵਰ ਬ੍ਰਿਜ ਤੇ ਸੈਂਕੜੇ ਕਿਲੋਮੀਟਰ ਨਵੇਂ ਕੌਮੀ ਸੜਕ ਮਾਰਗ ਬਣਨਗੇ। ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਪ੍ਰਾਜੈਕਟਾਂ Ḕਤੇ ਕੰਮ ਇਸ ਸਾਲ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਅਰੰਭ ਹੋ ਜਾਏਗਾ। ਬਠਿੰਡਾ ਦੇ ਖੇਡ ਸਟੇਡੀਅਮ ਵਿਚ ਉਨ੍ਹਾਂ ਨੇ 3342 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੱਤ ਸੜਕੀ ਪ੍ਰਾਜੈਕਟਾਂ ਦਾ ਇਲੈਕਟ੍ਰੋਨਿਕ ਵਿਧੀ ਨਾਲ ਬਟਨ ਦਬਾ ਕੇ ਨੀਂਹ-ਪੱਥਰ ਵੀ ਰੱਖਿਆ। ਇਸ ਮੌਕੇ ਸ੍ਰੀ ਗਡਕਰੀ ਨੇ ਇਹ ਵੀ ਐਲਾਨ ਕੀਤਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਕੌਮੀ ਮਾਰਗ ਨਾਲ ਜੋੜਨ ਲਈ ਮੁੱਦਕੀ ਤੋਂ ਤਖ਼ਤ ਸਾਹਿਬ ਤੱਕ 455 ਕਿਲੋਮੀਟਰ ਸੜਕ ਬਣਾਈ ਜਾਏਗੀ।
ਪੰਜਾਬ ਲਈ ਐਲਾਨੇ ਵਿਸ਼ੇਸ਼ ਸੜਕ ਪੈਕੇਜ ਵਿਚ ਚਾਰ ਨਵੇਂ ਕੌਮੀ ਮਾਰਗ ਵੀ ਸ਼ਾਮਲ ਹਨ ਜੋ ਕਿ ਫਗਵਾੜਾ-ਹੁਸ਼ਿਆਰਪੁਰ, ਅੰਮ੍ਰਿਤਸਰ ਤੋਂ ਲੈ ਕੇ ਹਿਮਾਚਲ ਸੀਮਾ ਤੱਕ, ਖਰੜ, ਬਨੂੜ, ਤੇਪਲਾ ਰੋਡ ਤੇ ਮੁੱਦਕੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਹਨ। ਇਸੇ ਤਰ੍ਹਾਂ ਚੰਡੀਗੜ੍ਹ-ਲੁਧਿਆਣਾ ਤੇ ਬਠਿੰਡਾ ਤੋਂ ਅੰਮ੍ਰਿਤਸਰ ਮੁੱਖ ਸੜਕ ਨੂੰ ਚਹੁੰਮਾਰਗੀ ਬਣਾਇਆ ਜਾਣਾ ਹੈ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਨ੍ਹਾਂ ਸੜਕ ਪ੍ਰਾਜੈਕਟਾਂ ਦੇ ਸਿਰੇ ਲੱਗਣ ਨਾਲ ਪੰਜਾਬ ਦੇ ਸਾਰੇ ਮੁੱਖ ਸ਼ਹਿਰ ਚਾਰ ਚਾਰ ਤੇ ਛੇ-ਛੇ ਲੇਨ ਸੜਕੀਂ ਨੈਟਵਰਕ ਨਾਲ ਜੁੜ ਜਾਣਗੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ 900 ਕਰੋੜ ਰੁਪਏ ਦਾ ਖਾਲ਼ੇ ਪੱਕੇ ਕਰਨ ਦਾ ਪ੍ਰਾਜੈਕਟ ਵੀ ਮਨਜ਼ੂਰ ਕਰ ਦਿੱਤਾ ਹੈ। ਸ੍ਰੀ ਗਡਕਰੀ ਵਲੋਂ ਬਹੁ-ਕਰੋੜੀ ਪ੍ਰਾਜੈਕਟ ਦੇ ਰੱਖੇ ਨੀਂਹ ਪੱਥਰ ਵਿਚ ਸੱਤ ਹਾਈਵੇ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਵਿਚ ਪਟਿਆਲਾ ਬਾਈਪਾਸ ਚਹੁੰਮਾਰਗੀ (279æ68 ਕਰੋੜ), ਸੰਗਰੂਰ ਤੋਂ ਧਨੌਲਾ ਬਾਈਪਾਸ (319æ80 ਕਰੋੜ ਰੁਪਏ), ਪਟਿਆਲਾ ਤੋਂ ਸੰਗਰੂਰ ਚਹੁੰਮਾਰਗੀ (486æ75 ਕਰੋੜ), ਸੰਗਰੂਰ ਤੋਂ ਤਪਾ ਚਹੁੰਮਾਰਗੀ (483æ38 ਕਰੋੜ), ਤਪਾ ਤੋਂ ਬਠਿੰਡਾ ਚਹੁੰਮਾਰਗੀ (620æ28 ਕਰੋੜ), ਸੰਗਰੂਰ ਤੋਂ ਦੁਗਾਲ ਕਲਾਂ ਚਹੁੰਮਾਰਗੀ (546æ43 ਕਰੋੜ) ਤੇ ਦੁਗਾਲ ਕਲਾਂ ਤੋਂ ਪੰਜਾਬ ਹਰਿਆਣਾ ਬਾਰਡਰ ਤੱਕ ਚਹੁੰਮਾਰਗੀ (605æ35 ਕਰੋੜ) ਸ਼ਾਮਲ ਹਨ।
__________________________________________________
ਹੋਰ ਗੱਫਿਆਂ ਦਾ ਭਰੋਸਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਸੂਬੇ ਦੇ ਬੁਨਿਆਦੀ ਢਾਂਚੇ ਲਈ ਕੇਂਦਰ ਵਲੋਂ ਖੁੱਲ੍ਹੇ ਮਨ ਨਾਲ ਸਹਾਇਤਾ ਦਿੱਤੀ ਜਾਏਗੀ। ਉਨ੍ਹਾਂ ਵਲੋਂ ਵਿਸਾਖੀ Ḕਤੇ ਬਠਿੰਡਾ ਤੋਂ ਅੰਮ੍ਰਿਤਸਰ ਤੱਕ ਚਾਰ-ਮਾਰਗੀ ਸੜਕ ਦਾ ਨੀਂਹ-ਪੱਥਰ ਵੀ ਰੱਖੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਵਲੋਂ 3342 ਕਰੋੜ ਦੀ ਲਾਗਤ ਨਾਲ ਇਹ ਸੜਕ ਮਾਰਗ ਈæਪੀæਸੀ ਸਿਸਟਮ ਤਹਿਤ ਬਣਾਏ ਜਾ ਰਹੇ ਹਨ।