ਪੰਜਾਬ ਵਿਚ ਅਮਨ ਕਾਨੂੰਨ ਦੀ ਗੱਡੀ ਲੀਹੋਂ ਲੱਥੀ

ਚੰਡੀਗੜ੍ਹ: ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਸੂਬੇ ਵਿਚ ਨਿੱਤ ਦਿਨ ਲੁੱਟ-ਖੋਹ ਤੇ ਕਤਲਾਂ ਦੀਆਂ ਵਾਪਰ ਰਹੀਆਂ ਵਾਰਦਾਤਾਂ ਅੱਗੇ ਪੰਜਾਬ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ।

ਖਾਸ ਕਰਕੇ ਫਗਵਾੜਾ-ਗੁਰਾਇਆ ਸੜਕ Ḕਤੇ ਪਿੰਡ ਜਮਾਲਪੁਰ ਨੇੜੇ 10 ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਸੁੱਖਾ ਕਾਹਲਵਾਂ ਦੀ ਦਿਨ-ਦਿਹਾੜੇ ਹੱਤਿਆ ਨੇ ਪੰਜਾਬ ਪੁਲਿਸ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਦੋ ਗੱਡੀਆਂ ਵਿਚ ਸਵਾਰ ਹਮਲਾਵਰਾਂ ਦੀ ਗਿਣਤੀ ਪੁਲਿਸ ਮੁਲਾਜ਼ਮਾਂ ਦੇ ਬਰਾਬਰ ਸੀ ਪਰ ਪੁਲਿਸ ਵਲੋਂ ਕੋਈ ਜਵਾਬੀ ਕਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਪੁਲਿਸ ਸੁੱਖੇ ਨੂੰ ਬੰਦ ਗੱਡੀ ਵਿਚ ਪੇਸ਼ ਕਰਨ ਲਈ ਲਿਆਉਂਦੀ ਸੀ ਪਰ ਵਾਰਦਾਤ ਵਾਲੇ ਦਿਨ ਪੁਲਿਸ ਨੇ ਉਸ ਨੂੰ ਖੁੱਲ੍ਹੀ ਗੱਡੀ ਵਿਚ ਲਿਜਾ ਰਹੀ ਸੀ। ਪੁਲਿਸ ਦੇ ਇਕ ਵੀ ਕਰਮਚਾਰੀ ਨੂੰ ਕੋਈ ਝਰੀਟ ਤੱਕ ਨਹੀਂ ਆਈ ਜਦੋਂ ਕਿ ਸੁੱਖੇ ਨੂੰ 50 ਗੋਲੀਆਂ ਵੱਜੀਆਂ ਹਨ।
20 ਤੋਂ ਵੱਧ ਕੇਸਾਂ ਵਿਚ ਸ਼ਾਮਲ ਸੁੱਖਾ ਵਾਸੀ ਪਿੰਡ ਕਾਹਲਵਾਂ (ਕਰਤਾਰਪੁਰ) ਕਤਲ ਕੇਸ ਵਿਚ ਨਾਭਾ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਸੀ। ਜਲੰਧਰ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਮਗਰੋਂ ਉਸ ਨੂੰ ਪੁਲਿਸ ਦੀ ਗੱਡੀ ਵਿਚ ਵਾਪਸ ਨਾਭਾ ਜੇਲ੍ਹ ਲਿਜਾਇਆ ਜਾ ਰਿਹਾ ਸੀ। ਜਦੋਂ ਇਹ ਗੱਡੀ ਡਿਵਾਇਨ ਸਕੂਲ ਲਾਗੇ ਪੁੱਜੀ ਤਾਂ ਟਰੈਫਿਕ ਵਿਚ ਰੁਕਾਵਟ ਹੋਣ ਕਰਕੇ ਗੱਡੀ ਰੁਕਦੇ ਸਾਰ ਫਾਰਚੂਨਰ ਤੇ ਸਫ਼ਾਰੀ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਪੁਲਿਸ ਕਰਮਚਾਰੀਆਂ ਦੇ ਹਥਿਆਰ ਖੋਹ ਲਏ ਤੇ ਸੁੱਖੇ ਉਤੇ ਗੱਡੀ ਵਿਚ ਹੀ ਗੋਲੀਆਂ ਦੀ ਵਾਛੜ ਕਰ ਦਿੱਤੀ। ਉਸ ਦੀ ਮੌਕੇ Ḕਤੇ ਮੌਤ ਹੋ ਗਈ। ਹਮਲਾਵਰ ਜਾਂਦੇ ਸਮੇਂ ਪੁਲਿਸ ਦੇ ਹਥਿਆਰ ਲਾਗੇ ਹੀ ਸੁੱਟ ਗਏ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕਪੂਰਥਲਾ ਦੀ ਐਸ਼ਐਸ਼ਪੀæ ਧੰਨਪ੍ਰੀਤ ਕੌਰ ਤੇ ਫਗਵਾੜਾ ਦੇ ਐਸ਼ਪੀæ ਗੁਰਸੇਵਕ ਸਿੰਘ ਦੇ ਤਬਾਦਲੇ ਕੀਤੇ ਹਨ ਤੇ ਦੋ ਏæਐਸ਼ਆਈæ ਬਰਖ਼ਾਸਤ ਕਰ ਦਿੱਤੇ ਹਨ ਪਰ ਪੁਲਿਸ ਵਲੋਂ ਜਵਾਬੀ ਕਾਰਵਾਈ ਨਾ ਕਰਨ Ḕਤੇ ਸਵਾਲ ਖੜ੍ਹੇ ਹੋ ਗਏ ਹਨ। ਸੁੱਖੇ ਦੇ ਰਿਸ਼ਤੇਦਾਰਾਂ ਨੇ ਪੁਲਿਸ Ḕਤੇ ਹਮਲਾਵਰਾਂ ਨਾਲ ਮਿਲੇ ਹੋਣ ਦੇ ਦੋਸ਼ ਲਾਏ ਹਨ।
ਪੰਜਾਬ ਵਿਚ ਅਜਿਹੀ ਘਟਨਾ ਕੋਈ ਨਹੀਂ ਹੈ। ਅਜੇ ਕੁਝ ਦਿਨਾਂ ਪਹਿਲਾਂ ਹੀ ਬਠਿੰਡਾ ਦੇ ਥਾਣੇ ਦੇ ਗੇਟ ਉਪਰ ਅਕਾਲੀ ਕਹਾਉਂਦੇ ਗਰੋਹ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਜਲੰਧਰ ਵਿਚ ਕੁਝ ਸਮਾਂ ਪਹਿਲਾਂ ਦਲਜੀਤ ਭਾਨਾ ਨਾਂ ਦੇ ਮੁਲਜ਼ਮ ਨੇ ਸ਼ਰੇਆਮ ਆਪਣੇ ਵਿਰੁਧ ਭੁਗਤਣ ਵਾਲੇ ਦੋ ਗਵਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸੇ ਭਾਨੇ ਨੇ ਹੁਣ ਫੇਸਬੁੱਕ ਉਪਰ ਸੁੱਖਾ ਕਾਹਲਵਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਛੇਤੀ ਹੀ ਬਦਲਾ ਲੈਣ ਦਾ ਐਲਾਨ ਕੀਤਾ ਹੈ। ਕਈ ਵਾਰਦਾਤਾਂ ਦਾ ਮੁਲਜ਼ਮ ਸੁੱਖਾ ਕਾਹਲਵਾਂ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਸੀ। ਉਥੇ ਉਹ ਫੇਸਬੁੱਕ ਚਲਾਉਂਦਾ ਸੀ ਤੇ ਉਸ ਵਲੋਂ ਕਿਸੇ ਹੋਰ ਕੈਦੀ ਦੀ ਕੁੱਟਮਾਰ ਦੀ ਇਕ ਵੀਡੀਓ ਬਾਹਰ ਆਉਣ ਨਾਲ ਇਹ ਗੱਲ ਵੀ ਸਾਹਮਣੇ ਆਈ ਕਿ ਜੇਲ੍ਹ ਅੰਦਰ ਮੋਬਾਈਲ ਵਰਤੇ ਜਾਂਦੇ ਹਨ। ਸੁੱਖਾ ਕਾਹਲਵਾਂ ਨੂੰ ਇਥੋਂ ਉਚ ਸੁਰੱਖਿਆ ਜੇਲ੍ਹ ਨਾਭਾ ਵਿਚ ਤਾਂ ਬਦਲ ਦਿੱਤਾ ਗਿਆ ਪਰ ਉਸ ਦੀ ਫੇਸਬੁੱਕ Ḕਤੇ ਅਪਡੇਟ ਜਾਰੀ ਰਹੀ।
________________________________________
ਸਿਆਸੀ ਪਾਰਟੀਆਂ ਦੇ ਦਫਤਰ ਬਣੇ ਥਾਣੇ
ਲੰਬੇ ਸਮੇਂ ਤੋਂ ਫੀਲਡ ਵਿਚ ਕੰਮ ਕਰਦੇ ਆ ਰਹੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਥਾਣਿਆਂ ਦੀ ਹਾਲਤ ਇਸ ਸਮੇਂ ਬੇਹੱਦ ਨਿੱਘਰ ਚੁੱਕੀ ਹੈ। ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਕੋਈ ਥਾਣੇਦਾਰ ਜੁਅੱਰਤ ਘੱਟ ਹੀ ਰੱਖਦਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਸਾਰੇ ਥਾਣੇਦਾਰ ਹਲਕਾ ਇੰਚਾਰਜਾਂ ਦੇ ਕਹਿਣ ਉਪਰ ਹੀ ਲਗਾਏ ਜਾਂਦੇ ਹਨ। ਅੱਗੋਂ ਹਰ ਹਲਕਾ ਇੰਚਾਰਜ ਵੋਟ ਖਰਾਬ ਹੋਣ ਦੇ ਡਰੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਨ ਤੋਂ ਸੰਕੋਚ ਕਰਨ ਲਈ ਹੀ ਆਖਦਾ ਹੈ। ਅਜਿਹੀ ਸਥਿਤੀ ਵਿਚ ਥਾਣਿਆਂ ਦੀ ਹਾਲਤ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਵਰਗੀ ਬਣ ਗਈ ਹੈ। ਹਰ ਥਾਣੇਦਾਰ ਦੀ ਕੋਸ਼ਿਸ਼ ਸੀਨੀਅਰ ਪੁਲਿਸ ਅਧਿਕਾਰੀ ਦੀ ਥਾਂ ਆਪਣੇ ਸਿਆਸੀ ਸ਼ਰਨਹਾਰ ਨੂੰ ਖੁਸ਼ ਕਰਨ ਦੀ ਹੀ ਰਹਿੰਦੀ ਹੈ। ਪੁਲਿਸ ਅਧਿਕਾਰੀਆਂ ਅੰਦਰ ਅਹੁਦੇ ਉਪਰ ਟਿਕੇ ਰਹਿਣ ਬਾਰੇ ਪਾਈ ਜਾਣ ਵਾਲੀ ਬੇਯਕੀਨੀ ਵੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਉਲਟੇ ਰੁੱਖ ਪ੍ਰਭਾਵਿਤ ਕਰਦੀ ਹੈ। ਪੰਜਾਬ ਅੰਦਰ 70 ਫ਼ੀਸਦੀ ਜ਼ਿਲ੍ਹਾ ਪੁਲਿਸ ਮੁਖੀ ਇਕ ਸਾਲ ਤੋਂ ਪਹਿਲਾਂ ਹੀ ਫਾਰਗ ਹੁੰਦੇ ਆ ਰਹੇ ਹਨ।