ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਨੇਮਾਂ ਲਈ ਕਮੇਟੀ ਬਣਾਈ

ਅੰਮ੍ਰਿਤਸਰ: ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਨਾਲ ਪੈਦੇ ਹੋਏ ਵਿਵਾਦ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਉਮਰ ਹੱਦ ਤੈਅ ਕਰਨ ਤੇ ਉਨ੍ਹਾਂ ਬਾਰੇ ਨਿਯਮ ਤੇ ਉਪ ਨਿਯਮ ਬਣਾਉਣ ਲਈ ਵਿਦਵਾਨਾਂ Ḕਤੇ ਆਧਾਰਤ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।

ਪੰਥਕ ਜਥੇਬੰਦੀਆਂ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਸਨ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਲਾਉਣ ਤੇ ਹਟਾਉਣ, ਉਨ੍ਹਾਂ ਦੀ ਉਮਰ ਹੱਦ ਤੈਅ ਕਰਨ ਤੇ ਉਨ੍ਹਾਂ ਦੇ ਅਧਿਕਾਰ ਖੇਤਰ ਬਾਰੇ ਨਿਯਮ ਬਣਾਏ ਜਾਣ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਮੇਟੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ, ਡਾæ ਕਿਰਪਾਲ ਸਿੰਘ ਚੰਡੀਗੜ੍ਹ, ਡਾæ ਪ੍ਰਿਥੀਪਾਲ ਸਿੰਘ ਕਪੂਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾæ ਬਲਵੰਤ ਸਿੰਘ ਢਿੱਲੋਂ ਤੇ ਡਾæ ਬਲਕਾਰ ਸਿੰਘ ਪਟਿਆਲਾ ਸ਼ਾਮਲ ਹਨ।
ਉਧਰ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਨਿਯਮ ਤਿਆਰ ਕਰਨ ਸਮੇਂ ਸਿੱਖ ਜਥੇਬੰਦੀਆਂ ਤੇ ਸ਼ਖਸੀਅਤਾਂ ਦੀ ਵੀ ਰਾਏ ਲਈ ਜਾਵੇ ਤਾਂ ਜੋ ਬਾਅਦ ਵਿਚ ਕੋਈ ਵਿਰੋਧ ਨਾ ਹੋਵੇ। ਇਸ ਬਾਰੇ ਕਮੇਟੀ ਮੈਂਬਰ ਤੇ ਸਿੱਖ ਵਿਦਵਾਨ ਡਾæ ਬਲਵੰਤ ਸਿੰਘ ਢਿੱਲੋਂ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਤਾਇਨਾਤ ਹਨ, ਨੇ ਆਖਿਆ ਕਿ ਉਹ ਇਸ ਹੱਕ ਵਿਚ ਹਨ ਕਿ ਇਨ੍ਹਾਂ ਉਚ ਪਦਵੀਆਂ Ḕਤੇ ਤਾਇਨਾਤ ਸ਼ਖਸੀਅਤਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਆਦਿ ਬਾਰੇ ਨਿਯਮ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿਚ ਇਨ੍ਹਾਂ ਦੀ ਵਿਦਿਅਕ ਯੋਗਤਾ, ਤਜਰਬਾ, ਸੂਝ-ਬੂਝ, ਕਿਰਦਾਰ, ਅਗਵਾਈ ਕਰਨ ਦੀ ਸਮਰੱਥਾ ਆਦਿ ਸ਼ਾਮਲ ਕੀਤੇ ਜਾਣ ਤੇ ਇਨ੍ਹਾਂ ਨਿਯਮਾਂ ਦੇ ਆਧਾਰ Ḕਤੇ ਹੀ ਭਵਿੱਖ ਵਿਚ ਇਨ੍ਹਾਂ ਉਚ ਪਦਵੀਆਂ Ḕਤੇ ਜਥੇਦਾਰਾਂ ਦੀ ਨਿਯੁਕਤੀ ਹੋਵੇ। ਉਨ੍ਹਾਂ ਆਖਿਆ ਕਿ ਨਿਯਮ ਬਣਾਉਣ ਤੋਂ ਬਾਅਦ ਇਨ੍ਹਾਂ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ।
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਇਹ ਮਾਮਲਾ ਕੌਮ ਦੇ ਆਗੂ ਦੀ ਚੋਣ ਨਾਲ ਜੁੜਿਆ ਹੋਇਆ ਹੈ, ਇਸ ਲਈ ਨਿਯਮ ਤੈਅ ਕਰਨ ਸਮੇਂ ਸਿੱਖ ਜਥੇਬੰਦੀਆਂ ਤੇ ਵਿਦਵਾਨਾਂ ਦੀ ਸਹਿਮਤੀ ਵੀ ਲਈ ਜਾਣੀ ਚਾਹੀਦੀ ਹੈ। ਜਥੇਦਾਰਾਂ ਦੀ ਨਿਯੁਕਤੀ ਲਈ ਸਿਰਫ ਇਕੱਲੇ ਸ਼੍ਰੋਮਣੀ ਕਮੇਟੀ ਕੋਲ ਹੀ ਹੱਕ ਨਾ ਹੋਣ ਸਗੋਂ ਜਥੇਦਾਰਾਂ ਦੀ ਨਿਯੁਕਤੀ ਪੰਥਕ ਤਰੀਕੇ ਨਾਲ ਸਮੂਹ ਰਜ਼ਾਮੰਦੀ ਨਾਲ ਹੋਵੇ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਮੁੱਖ ਗ੍ਰੰਥੀ ਤੇ ਜਥੇਦਾਰ ਦਾ ਇਕੋ ਅਹੁਦਾ ਹੁੰਦਾ ਸੀ ਪਰ 1970 ਤੋਂ ਬਾਅਦ ਇਨ੍ਹਾਂ ਨੂੰ ਦੋ ਅਹੁਦਿਆਂ ਵਿਚ ਵੰਡ ਦਿੱਤਾ ਗਿਆ। ਇਹ ਵੰਡ 1980 ਵਿਚ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਕੀਤੀ ਗਈ ਸੀ ਜਿਸ ਨਾਲ ਇਨ੍ਹਾਂ ਦੋ ਅਹੁਦਿਆਂ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ।
ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਕਮੇਟੀ ਨਿਯਮਾਂ ਦਾ ਖਰੜਾ ਤਿਆਰ ਕਰੇ ਤੇ ਇਸ ਨੂੰ ਸਿੱਖ ਜਥੇਬੰਦੀਆਂ ਦੀ ਸਹਿਮਤੀ ਲੈਣ ਲਈ ਸਿੱਖ ਸੰਗਤ ਵਿਚ ਵੰਡ ਦਿੱਤਾ ਜਾਵੇ। ਇਹ ਖਰੜਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾਵੇ ਤੇ ਸਹਿਮਤੀ ਲੈਣ ਮਗਰੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਆਦਿ ਬਾਰੇ ਨਿਯਮ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਜਥੇਬੰਦੀ ਵਲੋਂ 12 ਸਾਲ ਪਹਿਲਾਂ ਇਸ ਬਾਰੇ ਇਕ ਖਰੜਾ ਤਿਆਰ ਕੀਤਾ ਗਿਆ ਸੀ, ਜੋ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਸੌਂਪਿਆ ਗਿਆ ਸੀ। ਇਹ ਖਰੜਾ ਪੰਜ ਮੈਂਬਰੀ ਕਮੇਟੀ ਨੂੰ ਵੀ ਸੌਂਪਿਆ ਜਾਵੇਗਾ ਤਾਂ ਜੋ ਕਮੇਟੀ ਇਸ ਖਰੜੇ ਦਾ ਵੀ ਅਧਿਐਨ ਕਰ ਸਕੇ।
____________________________________________________
ਨੰਦਗੜ੍ਹ ਨੂੰ ਸਰੂਪ ਤੋਂ ਨਾਂਹ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚØਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼ੁਕਰਾਨੇ ਦਾ ਅਖੰਡ ਪਾਠ ਕਰਵਾਉਣ ਲਈ ਪਾਵਨ ਸਰੂਪ ਨਾ ਦੇਣ ਵਾਲੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ। ਉਨ੍ਹਾਂ ਆਖਿਆ ਕਿ ਨਿਯੁਕਤੀ ਤੇ ਸੇਵਾਮੁਕਤੀ ਨਿੱਤ ਦੀ ਕਾਰਵਾਈ ਹੈ ਪਰ ਕਿਸੇ ਨੂੰ ਸਹਿਜ ਪਾਠ ਜਾਂ ਅਖੰਡ ਪਾਠ ਕਰਨ ਤੋਂ ਰੋਕਣਾ ਅਪਰਾਧ ਹੈ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਪੂਰੀ ਤਰ੍ਹਾਂ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਤ ਹਨ ਤੇ ਅਜਿਹੇ ਕਿਸੇ ਸ਼ਖਸ ਨੂੰ ਸਹਿਜ ਪਾਠ ਕਰਨ ਲਈ ਪਾਵਨ ਸਰੂਪ ਦੇਣ ਤੋਂ ਰੋਕਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ।