ਬਾਦਲ ਪਰਿਵਾਰ ਨੂੰ ਸਿੱਖਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਦੱਸਿਆ

ਚੰਡੀਗੜ੍ਹ: ਬੇਅੰਤ ਸਿੰਘ ਹੱਤਿਆ ਕਾਂਡ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਦਿੱਲੀ ਵਿਚ ਉਮਰ ਕੈਦ ਭੋਗ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਨੇ ਇਕ ਪੱਤਰ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਲਈ ਮੌਜੂਦਾ ਸਿੱਖ ਲੀਡਰਸ਼ਿਪ ਜ਼ਿੰਮੇਵਾਰ ਹੈ।

ਪੰਜਾਬ ਤੇ ਹਰਿਆਣੇ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇਥੇ ਗੁਰਦੁਆਰਾ ਸ਼ਾਹਪੁਰ (ਸੈਕਟਰ-38) ਵਿਚ ਮੀਟਿੰਗ ਕਰਕੇ ਹਵਾਰਾ ਵਲੋਂ ਜਾਰੀ ਕੀਤੇ ਪੱਤਰ ਦੀ ਪ੍ਰੋੜ੍ਹਤਾ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੂੰ ਚੱਲਦਾ ਕਰਨ ਦਾ ਟੀਚਾ ਮਿਥਿਆ।
ਪੱਤਰ ਅਨੁਸਾਰ ਪੰਜਾਬ ਨਸ਼ਿਆਂ ਵਿਚ ਧਸ ਰਿਹਾ ਹੈ, ਸਿੱਖ ਨੌਜਵਾਨ ਪਤਿਤ ਹੋ ਰਹੇ ਹਨ, ਸੱਭਿਆਚਾਰ ਦੇ ਨਾਂ ਹੇਠ ਨੰਗੇ ਨਾਚ ਕੀਤੇ ਜਾ ਰਹੇ ਹਨ, ਸੱਚੇ ਸੌਦੇ ਵਰਗੇ ਡੇਰੇ ਪਸਰ ਰਹੇ ਹਨ, ਧਰਮ ਤਬਦੀਲੀ ਦੀ ਮੁਹਿੰਮ ਚੱਲ ਰਹੀ ਹੈ ਤੇ ਸਿੱਖਾਂ Ḕਤੇ ਆਰæਐਸ਼ਐਸ਼ ਦੇ ਫ਼ੈਸਲੇ ਥੋਪੇ ਜਾ ਰਹੇ ਹਨ। ਪੱਤਰ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਿੱਖ ਕੌਮ ਨੂੰ ਨਿਗਲਣ ਲਈ ਆਰæਐਸ਼ਐਸ਼ ਤੇ ਖ਼ੁਫ਼ੀਆ ਏਜੰਸੀਆਂ ਪੂਰੇ ਭਾਰਤ ਵਿਚ ਭਾਜਪਾ ਨੂੰ ਵਾਗਡੋਰ ਸੌਂਪਣ ਲਈ ਯਤਨਸ਼ੀਲ ਹਨ ਜਿਸ ਲਈ ਪੂਰੀ ਤਰ੍ਹਾਂ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਮੀਟਿੰਗ ਵਿਚ ਸ਼ਾਮਲ ਦਲ ਖ਼ਾਲਸਾ, ਪੰਚ ਪ੍ਰਧਾਨੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥਾ, ਗੁਰੂ ਆਸਰਾ ਟਰੱਸਟ ਆਦਿ ਦੇ ਪ੍ਰਤੀਨਿਧਾਂ, ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਸਬੰਧਤ ਵਕੀਲਾਂ ਤੇ ਸਿੱਖ ਬੁੱਧੀਜੀਵੀਆਂ ਨੇ ਲੰਮੀ ਵਿਚਾਰ-ਚਰਚਾ ਦੌਰਾਨ ਦੋਸ਼ ਲਾਇਆ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਛਾਂਟੀ ਕਰਨ, ਸੰਵਿਧਾਨ ਦੀ ਧਾਰਾ 25-ਬੀ, ਬੰਦੀ ਸਿੱਖਾਂ ਦੀ ਰਿਹਾਈ ਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦਿਆਂ ਲਈ ਬਾਦਲ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਮੌਜੂਦਾ ਲੀਡਰਸ਼ਿਪ ਸਿੱਖ ਸਿਧਾਂਤਾਂ ਤੋਂ ਮੂੰਹ ਫੇਰ ਗਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦਾ ਅਕਸ ਨਿਖਾਰਨ ਦੀ ਥਾਂ ਵਿਗਾੜ ਰਹੀ ਹੈ। ਇਸ ਕਾਰਨ ਮੌਜੂਦਾ ਲੀਡਰਸ਼ਿਪ ਨੂੰ ਬਦਲੇ ਬਿਨਾਂ ਸਿੱਖ ਕੌਮ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਸੰਭਵ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਮੌਕੇ ਜਿਥੇ ਪ੍ਰਕਾਸ਼ ਸਿੰਘ ਬਾਦਲ ਸਰਕਾਰ Ḕਤੇ ਕਾਬਜ਼ ਹਨ ਉਥੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਨ੍ਹਾਂ ਦੇ ਇਸ਼ਾਰਿਆਂ Ḕਤੇ ਹੀ ਚੱਲਦੀ ਹੈ।
ਇਸ ਲਈ ਸਿੱਖ ਕੌਮ ਦੀਆਂ ਸਮੁੱਚੀਆਂ ਸਮੱਸਿਆਵਾਂ ਲਈ ਸਿੱਧੇ ਤੌਰ Ḕਤੇ ਸ੍ਰੀ ਬਾਦਲ ਜ਼ਿੰਮੇਵਾਰ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸ੍ਰੀ ਬਾਦਲ ਸਿਰਫ਼ ਆਪਣੇ ਪਰਿਵਾਰ ਦੀ ਸੱਤਾ ਦੀ ਭੁੱਖ ਨੂੰ ਦੂਰ ਕਰਨ ਲਈ ਹੀ ਯਤਨਸ਼ੀਲ ਹਨ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹਵਾਰਾ ਦੇ ਪੱਤਰ ਨੂੰ ਪ੍ਰਵਾਨ ਕਰਦਿਆਂ ਸਮੂਹ ਸਿੱਖ ਜਥੇਬੰਦੀਆਂ ਨੇ ਏਕੇ ਦੇ ਰਾਹ ਪੈਣ ਦਾ ਫ਼ੈਸਲਾ ਲਿਆ ਹੈ।
ਇਸ ਤਹਿਤ ਮੀਟਿੰਗਾਂ ਦਾ ਦੌਰ ਛੱਡ ਕੇ ਪਿੰਡ-ਪਿੰਡ ਵਿਚ ਪੰਥਕ ਸੈਮੀਨਰ ਕਰਵਾਏ ਜਾਣਗੇ। ਇਸ ਦਾ ਮੁੱਢ ਦੋ ਫਰਵਰੀ ਨੂੰ ਪਿੰਡ ਮੈਣਮਾਜਰੀ (ਫ਼ਤਹਿਗੜ੍ਹ ਸਾਹਿਬ) ਵਿਚ ਸੈਮੀਨਰ ਕਰਕੇ ਬੰਨ੍ਹਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਥਕ ਏਕੇ ਦੇ ਹਾਮੀ ਹਨ ਤੇ ਪੰਥਕ ਪਾਰਲੀਮੈਂਟ ਬੋਰਡ ਬਣਾ ਕੇ ਚੋਣਾਂ ਦੌਰਾਨ ਬਾਦਲ ਦਲ ਵਿਰੁਧ ਸਾਂਝੇ ਉਮੀਦਵਾਰ ਉਤਾਰਨ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ। ਮੀਟਿੰਗ ਵਿਚ ਹਰਿਆਣਾ ਤੋਂ ਜਗਦੀਸ਼ ਸਿੰਘ ਝੀਂਡਾ, ਜੋਗਾ ਸਿੰਘ, ਸਵਰਨ ਸਿੰਘ ਰਤੀਆ, ਮਹਿੰਦਰ ਸਿੰਘ, ਮਨਮੋਹਨ ਸਿੰਘ ਤੇ ਹਰਮਨਪ੍ਰੀਤ ਸਿੰਘ ਅਤੇ ਸਾਬਕਾ ਆਈæਏæਐਸ਼ ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ ਗਰੇਵਾਲ, ਸਤਨਾਮ ਸਿੰਘ ਪਾਉਂਟਾ ਸਾਹਿਬ ਆਦਿ ਹਾਜ਼ਰ ਸਨ।