-ਜਤਿੰਦਰ ਪਨੂੰ
ਸੰਸਾਰ ਦੇ ਲੋਕ ਇੱਕ ਦੂਸਰੇ ਨਾਲ ਮਜ਼ਾਕ ਕਰਨ ਲਈ ਪਹਿਲੀ ਅਪਰੈਲ ਦਾ ਦਿਨ ਉਡੀਕ ਲੈਂਦੇ ਹਨ, ਪਰ ਜਦੋਂ ਭਾਰਤੀ ਲੋਕਾਂ ਨਾਲ ਮਜ਼ਾਕ ਕਰਨਾ ਹੋਵੇ ਤਾਂ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਹੁਣ ਇੱਕ ਮਜ਼ਾਕ ਜਨਵਰੀ ਦਾ ਚੌਥਾ ਹਫਤਾ ਚੜ੍ਹਦੇ ਸਾਰ ਕਰ ਦਿੱਤਾ ਗਿਆ ਹੈ।
ਸੰਸਾਰ ਪੱਧਰ ਦੀ ਇੱਕ ਪਬਲਿਕ ਰਿਲੇਸ਼ਨ ਫਰਮ ਕਹਿ ਰਹੀ ਹੈ ਕਿ ਸੰਸਾਰ ਦੇ ਭਰੋਸੇਮੰਦ ਦੇਸ਼ਾਂ ਵਿਚ ਭਾਰਤ ਹੁਣ ਦੂਸਰੇ ਨੰਬਰ ਤੱਕ ਜਾ ਚੜ੍ਹਿਆ ਹੈ, ਇਸ ਤੋਂ ਸਿਰਫ ਇੱਕ ਦੇਸ਼ ਹੀ ਉਤੇ ਹੈ, ਬਾਕੀ ਸਾਰਾ ਜਹਾਨ ਇਸ ਦੇ ਥੱਲੇ ਹੈ। ਭਾਰਤ ਵਿਚ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਇਸ ਦਾ ਕਾਰਨ ਦੱਸਿਆ ਗਿਆ ਹੈ। ਮੋਦੀ ਖੁਦ ਵੀ ਜਿੱਥੇ ਜਾਂਦਾ ਹੈ, ਇਹੋ ਕਹਿੰਦਾ ਹੈ ਕਿ ਮੇਰੀ ਕਮਾਨ ਸਾਂਭਣ ਮਗਰੋਂ ਭਾਰਤ ਦਾ ਡੰਕਾ ਵੱਜਣ ਲੱਗ ਪਿਆ ਹੈ। ਡਾæ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਵੀ ਪਹਿਲੇ ਦੋ ਸਾਲ ਡੰਕੇ ਵੱਜਦੇ ਦਿਸਦੇ ਸਨ। ਜਾਰਜ ਬੁੱਸ਼ ਸਮੇਤ ਦੁਨੀਆਂ ਦੀ ਆਰਥਿਕਤਾ ਦੇ ਸਾਰੇ ਮੋਹਰੀ ਆਗੂ ਡਾæ ਮਨਮੋਹਨ ਸਿੰਘ ਨਾਲ ਏਦਾਂ ਹੀ ਜੱਫੀਆਂ ਪਾ ਕੇ ਮਿਲਿਆ ਕਰਦੇ ਸਨ। ਉਨ੍ਹਾਂ ਨੂੰ ਡਾæ ਮਨਮੋਹਨ ਸਿੰਘ ਨਹੀਂ, ਆਪਣੇ ਮਾਲ ਦੇ ਗ੍ਰਾਹਕਾਂ ਦੀ ਲਾਈਨ ਬਣਾ ਕੇ ਖੜੀ ਭਾਰਤ ਦੀ ਇੱਕ ਸੌ ਦਸ ਕਰੋੜ ਤੋਂ ਵੱਧ ਜਨਤਾ ਦਿਸਦੀ ਸੀ। ਹੁਣ ਉਨ੍ਹਾਂ ਦੇ ਭਾਰਤੀ ਗ੍ਰਾਹਕਾਂ ਦੀ ਗਿਣਤੀ ਇੱਕ ਸੌ ਪੰਝੀ ਕਰੋੜ ਤੋਂ ਵੱਧ ਹੋ ਚੁੱਕੀ ਹੈ। ਇਸ ਲਈ ਨਰਿੰਦਰ ਮੋਦੀ ਨਾਲ ਵੀ ਮੋਹ ਹੋਵੇਗਾ। ਫਰਜ਼ ਕਰੋ ਕਿ ਭਲਕ ਨੂੰ ਮੁਲਾਇਮ ਸਿੰਘ ਆ ਜਾਵੇ, ਉਹ ਮੁਲਾਇਮ ਵੱਲ ਵੀ ਹੱਦੋਂ ਵੱਧ ਮੁਲਾਇਮ ਹੋ ਜਾਣਗੇ।
ਭਾਰਤ ਸਾਡਾ ਦੇਸ਼ ਹੈ, ਜੇ ਇਸ ਦੀ ਭਰੋਸੇਮੰਦੀ ਵਧ ਜਾਵੇ ਤਾਂ ਸਾਨੂੰ ਵੀ ਖੁਸ਼ੀ ਹੋਵੇਗੀ ਪਰ ਅਸੀਂ ਸੰਸਾਰ ਦੇ ਵਪਾਰੀਆਂ ਦੀਆਂ ਸਿਫਤਾਂ ਨਾਲ ਖੁਸ਼ ਨਾ ਹੋਈਏ। ਆਪਣੇ ਘਰ ਦੀਆਂ ਹਕੀਕਤਾਂ ਦਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ। ਇਸ ਦੇਸ਼ ਵਿਚ ਕੋਈ ਵੀ ਕੰਮ ਹੋਵੇ, ਲੋਕ ਉਸ ਨੂੰ ਪਹਿਲੇ ਦਿਨੋਂ ਹੀ ਇਸ ਕਰ ਕੇ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਨ ਕਿ ਉਨ੍ਹਾਂ ਨੇ ਕੌੜੇ ਤਜਰਬੇ ਬਹੁਤ ਹੰਢਾਏ ਹੋਏ ਹਨ। ਸੰਸਾਰ ਦੇ ਭਰੋਸੇ ਜਿੱਤਣ ਦੇ ਦਾਅਵੇ ਕਰਨ ਤੋਂ ਪਹਿਲਾਂ ਕਿਸੇ ਵੀ ਸਰਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਲੋਕਾਂ ਦਾ ਸਿਰਫ ਆਪਣੀ ਅਗਵਾਈ ਵਿਚ ਨਹੀਂ, ਇਸ ਦੇਸ਼ ਦੇ ਸਿਸਟਮ ਵਿਚ ਭਰੋਸਾ ਪੈਦਾ ਕਰੇ। ਹਾਲੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਜਾਪਦੀ।
ਭਾਰਤ ਵਿਚ ਜਿਹੜੇ ਬੜੇ ਨਾਮਣੇ ਵਾਲੇ ਪ੍ਰਧਾਨ ਮੰਤਰੀ ਬਣੇ ਸਨ, ਡਾæ ਮਨਮੋਹਨ ਸਿੰਘ ਉਨ੍ਹਾਂ ਵਿਚੋਂ ਸੀ, ਜਿਸ ਦੇ ਇਸ ਅਹੁਦੇ ਤੱਕ ਪਹੁੰਚਣ ਤੋਂ ਪਹਿਲਾਂ ਬਹੁਤ ਵੱਡੇ ਅਰਥ ਸ਼ਾਸਤਰੀ ਵਜੋਂ ਸੰਸਾਰ ਭਰ ਵਿਚ ਚਰਚਾ ਹੁੰਦੀ ਸੀ ਕਿ ਇਹ ਆਦਮੀ ਸਿਰੇ ਦਾ ਕਾਬਲ ਵੀ ਹੈ ਤੇ ਸਿਰੇ ਦਾ ਇਮਾਨਦਾਰ ਵੀ। ਫਿਰ ਕੀ ਹੋਇਆ ਸੀ? ਭਾਰਤ ਦੇ ਇਤਿਹਾਸ ਵਿਚ ਉਸ ਦਾ ਰਾਜ ਸਭ ਤੋਂ ਭ੍ਰਿਸ਼ਟ ਦੌਰ ਬਣ ਗਿਆ ਅਤੇ ਕਿਸੇ ਗੱਲ ਵਿਚ ਕਿਸੇ ਨੂੰ ਭਰੋਸਾ ਨਹੀਂ ਸੀ ਰਹਿ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੁੰਦਾ ਸੀ। ਉਸ ਬਾਰੇ ਵੀ ਜਿਹੜਾ ਮਰਜ਼ੀ ਹੋਰ ਦੋਸ਼ ਕੋਈ ਲਾਈ ਜਾਵੇ, ਇਹ ਦੋਸ਼ ਉਦੋਂ ਤੱਕ ਨਹੀਂ ਸੀ ਲੱਗਾ ਕਿ ਉਸ ਨੇ ਖੁਦ ਕੋਈ ਭ੍ਰਿਸ਼ਟਾਚਾਰ ਕੀਤਾ ਹੈ, ਪਰ ਰਾਜ ਦੀ ਕਮਾਨ ਸੰਭਾਲਦੇ ਸਾਰ ਉਸ ਦੇ ਸਾਥੀਆਂ ਦੇ ਇੱਕ ਤੋਂ ਇੱਕ ਚੜ੍ਹਦੇ ਘੋਟਾਲੇ ਸਾਹਮਣੇ ਆ ਗਏ ਤੇ ਪਰਿਵਾਰ ਦੇ ਦੋ ਜੀਆਂ ਦੇ ਨਾਂ ਵੀ ਭ੍ਰਿਸ਼ਟਾਚਾਰ ਦੇ ਦੋ ਕਿੱਸਿਆਂ ਨਾਲ ਜੁੜ ਗਏ ਸਨ। ਵਾਜਪਾਈ ਸਰਕਾਰ ਬਣੀ ਨੂੰ ਤਿੰਨ ਮਹੀਨੇ ਨਹੀਂ ਸੀ ਹੋਏ, ਜਦੋਂ ਉਸ ਸਰਕਾਰ ਦਾ ਆਰਥਿਕ ਮਾਮਲਿਆਂ ਦਾ ਸਲਾਹਕਾਰ ਮੋਹਨ ਗੁਰੂਸਵਾਮੀ ਇਹ ਦੋਸ਼ ਲਾ ਕੇ ਅਹੁਦਾ ਛੱਡ ਗਿਆ ਸੀ ਕਿ ਏਨੇ ਸਮੇਂ ਦੌਰਾਨ ਹੀ ਸਰਕਾਰ ਵਿਚਲੇ ਕੁਝ ਲੋਕ ਹਜ਼ਾਰਾਂ ਕਰੋੜ ਦਾ ਭ੍ਰਿਸ਼ਟਾਚਾਰ ਕਰ ਗਏ ਹਨ ਅਤੇ ਉਨ੍ਹਾਂ ਭ੍ਰਿਸ਼ਟ ਲੋਕਾਂ ਵਿਚ ਵਾਜਪਾਈ ਪਰਿਵਾਰ ਦੇ ਇੱਕ ਜੀਅ ਦਾ ਨਾਂ ਸੀ। ਬਾਈ ਸੌ ਗੈਸ ਏਜੰਸੀਆਂ ਤੇ ਪੈਟਰੋਲ ਪੰਪ ਉਸ ਸਰਕਾਰ ਨੇ ਅਲਾਟ ਕੀਤੇ ਸਨ ਤੇ ਫਿਰ ਜਦੋਂ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ, ਉਹ ਸਾਰੇ ਰੱਦ ਕਰਨੇ ਪਏ ਸਨ। ਉਨ੍ਹਾਂ ਪੰਪਾਂ ਵਿਚੋਂ ਇੱਕ ਉਦੋਂ ਇੱਕ ਰਾਜ ਦੇ ਭਾਜਪਾ ਮੁੱਖ ਮੰਤਰੀ ਵਲੋਂ ਜਲੰਧਰ ਵਿਚ ਵੀ ਲਾਇਆ ਗਿਆ ਸੀ, ਪਰ ਬੰਦ ਕਰਨਾ ਪੈ ਗਿਆ ਸੀ। ਹੁਣ ਵੀ ਸਰਕਾਰ ਉਸੇ ਭਾਜਪਾ ਦੀ ਹੈ।
ਕੁਝ ਲੋਕ ਕਹਿੰਦੇ ਹਨ ਕਿ ਸਰਕਾਰ ਭਾਵੇਂ ਉਸੇ ਪਾਰਟੀ ਦੀ ਹੈ ਪਰ ਸਰਕਾਰ ਦਾ ਮੁਖੀ ਹੁਣ ਨਰਿੰਦਰ ਮੋਦੀ ਹੈ, ਜਿਹੜਾ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਹੀਂ ਕਰਦਾ। ਨਰਿੰਦਰ ਮੋਦੀ ਨੇ ਕੁਝ ਜਲਸਿਆਂ ਵਿਚ ਖੁਦ ਵੀ ਇਹ ਕਿਹਾ ਸੀ ਕਿ ਮੈਂ ਭਲਾ ਕਿਸ ਦੇ ਲਈ ਭ੍ਰਿਸ਼ਟਾਚਾਰ ਕਰੂੰਗਾ? ਕਹਿਣ ਤੋਂ ਭਾਵ ਇਹ ਕਿ ਲੋਕ ਸੇਵਾ ਨੂੰ ਸਮਰਪਿਤ ਹੋਣ ਲਈ ਪਤਨੀ ਨੂੰ ਸੰਤਾਲੀ ਸਾਲ ਪਹਿਲਾਂ ਨਮਸਤੇ ਕਹਿ ਆਇਆ ਸਾਂ, ਬੱਚੇ ਕੋਈ ਹੈ ਨਹੀਂ, ਭ੍ਰਿਸ਼ਟਾਚਾਰ ਕਿਸ ਲਈ ਕਰਨਾ ਹੈ? ਮੋਦੀ ਸਾਹਿਬ ਨੇ ਵਿਆਹ ਕਰਾਉਣ ਪਿੱਛੋਂ ਲੋਕ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ, ਵਾਜਪਾਈ ਨੇ ਵਿਆਹ ਹੀ ਨਹੀਂ ਸੀ ਕਰਵਾਇਆ ਪਰ ਉਨ੍ਹਾਂ ਨਾਲ ਉਹ ਲੋਕ ਜੁੜ ਗਏ ਸਨ, ਜਿਨ੍ਹਾਂ ਨੂੰ ਪੈਸੇ ਦੀ ਲੋੜ ਸੀ ਅਤੇ ਵਾਜਪਾਈ ਨੇ ਕਿਸੇ ਨੂੰ ਉਦਾਂ ਹੀ ਨਹੀਂ ਸੀ ਰੋਕਿਆ, ਜਿਵੇਂ ਮਨਮੋਹਨ ਸਿੰਘ ਕਿਸੇ ਭ੍ਰਿਸ਼ਟ ਸਾਥੀ ਨੂੰ ਮਾਲ ਕਮਾਉਂਦੇ ਨੂੰ ਨਹੀਂ ਸੀ ਰੋਕਦਾ। ਭ੍ਰਿਸ਼ਟਾਚਾਰ ਹੁੰਦਾ ਵੇਖ ਕੇ ਚੁੱਪ ਰਹਿਣ ਦੀ ਆਦਤ ਮੋਦੀ ਸਾਹਿਬ ਨੂੰ ਵੀ ਹੈ।
ਸੰਸਾਰ ਵਿਚ ਡੰਕਾ ਵੱਜਣ ਤੋਂ ਪਹਿਲਾਂ ਨਰਿੰਦਰ ਮੋਦੀ ਦਾ ਗੁਜਰਾਤ ਵਿਚ ਡੰਕਾ ਵੱਜਿਆ ਸੀ। ਹਾਲੇ ਵੀ ਉਸ ਰਾਜ ਵਿਚ ਉਸ ਦਾ ਪੂਰਾ ਵਜ੍ਹਕਾ ਹੈ। ਨਾਲ ਇਹ ਵੀ ਹਕੀਕਤ ਹੈ ਕਿ ਉਸ ਦੇ ਮੰਤਰੀ ਉਥੇ ਵੀ ਭ੍ਰਿਸ਼ਟਾਚਾਰ ਕਰਦੇ ਸਨ ਤੇ ਦੋ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਸਜ਼ਾ ਉਦੋਂ ਹੋਈ ਸੀ, ਜਦੋਂ ਮੋਦੀ ਹਾਲੇ ਉਸ ਰਾਜ ਵਿਚ ਸਨ, ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਦੌੜ ਸ਼ੁਰੂ ਨਹੀਂ ਸੀ ਹੋਈ। ਫਿਰ ਜਦੋਂ ਦੇਸ਼ ਭਰ ਵਿਚ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਆਗੂ ਮੰਨ ਕੇ ਚੋਣ ਮੁਹਿੰਮ ਸ਼ੁਰੂ ਕੀਤੀ ਤੇ ਹਰ ਗੱਲ ਉਨ੍ਹਾਂ ਦੀ ਮਰਜ਼ੀ ਦੀ ਮੁਥਾਜ ਹੋ ਗਈ, ਉਦੋਂ ਅਗਲੀ ਹਕੀਕਤ ਸਾਹਮਣੇ ਆ ਗਈ। ਭਾਰਤ ਦੀ ਪਾਰਲੀਮੈਂਟ ਦੇ ਕੁਝ ਮੈਂਬਰ ਸਵਾਲ ਕਰਨ ਬਦਲੇ ਪੈਸੇ ਲੈਣ ਦੇ ਸਕੈਂਡਲ ਵਿਚ ਇੱਕ ਵਾਰ ਫਸ ਗਏ ਸਨ। ਉਨ੍ਹਾਂ ਗਿਆਰਾਂ ਬੇਈਮਾਨਾਂ ਵਿਚ ਛੇ ਇਕੱਲੀ ਭਾਜਪਾ ਦੇ ਸਨ, ਕਹਿਣ ਤੋਂ ਭਾਵ ਭ੍ਰਿਸ਼ਟਾਚਾਰੀਆਂ ਵਿਚ ਬਹੁ-ਗਿਣਤੀ ਇਸ ਪਾਰਟੀ ਵਾਲਿਆਂ ਦੀ ਸੀ, ਤੇ ਉਨ੍ਹਾਂ ਵਿਚੋਂ ਲੋਕ ਸਭਾ ਵਾਲੇ ਛੇ ਜਣਿਆਂ ਨੂੰ ਮੈਂਬਰੀ ਤੋਂ ਬਰਖਾਸਤ ਕਰਨ ਦਾ ਮਤਾ ਸਰਬ-ਸੰਮਤੀ ਨਾਲ ਪਾਸ ਹੋਇਆ ਸੀ। ਰਾਜ ਸਭਾ ਮੈਂਬਰ ਨਿੰਦਾ ਕਰਨ ਨਾਲ ਛੱਡ ਦਿੱਤੇ ਗਏ ਸਨ। ਲੋਕ ਸਭਾ ਦੇ ਜਿਨ੍ਹਾਂ ਮੈਂਬਰਾਂ ਨੂੰ ਉਦੋਂ ਬਰਖਾਸਤ ਕੀਤਾ ਗਿਆ, ਫਿਰ ਉਨ੍ਹਾਂ ਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਸੀ ਦਿੱਤੀ ਪਰ ਜਦੋਂ ਮੋਦੀ ਸਾਹਿਬ ਦੇ ਹੱਥ ਕਮਾਨ ਆਈ ਤਾਂ ਉਨ੍ਹਾਂ ਬੇਈਮਾਨਾਂ ਵਿਚੋਂ ਇੱਕ ਜਣੇ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਟਿਕਟ ਦੇ ਕੇ ਸਨਮਾਨ ਬਹਾਲ ਕਰਨ ਦਾ ਉਹ ਯਤਨ ਕੀਤਾ ਗਿਆ, ਜਿਹੜਾ ਲੋਕਾਂ ਨੇ ਉਸ ਨੂੰ ਹਰਾ ਕੇ ਗਲਤ ਸਾਬਤ ਕਰ ਦਿੱਤਾ ਸੀ। ਏਦਾਂ ਦੇ ਬਥੇਰੇ ਹੋਰ ਸੱਜਣ ਗਿਣਾਏ ਜਾ ਸਕਦੇ ਹਨ, ਜਿਹੜੇ ਭ੍ਰਿਸ਼ਟ ਵੀ ਹਨ ਅਤੇ ਉਹ ਮੋਦੀ-ਮੁਰੀਦ ਵੀ ਮੰਨੇ ਜਾ ਸਕਦੇ ਹਨ।
ਕਰਨਾਟਕਾ ਦੇ ਇੱਕ ਸੱਜਣ ਦਾ ਕਿੱਸਾ ਤਾਂ ਉਚੇਚਾ ਗਿਣਾਉਣਾ ਪੈਂਦਾ ਹੈ। ਉਸ ਰਾਜ ਵਿਚ ਜਦੋਂ ਲੋਕਪਾਲ ਦੇ ਅਹੁਦੇ ਦੀ ਸਿਰਜਣਾ ਕੀਤੀ ਗਈ, ਭਾਜਪਾ ਦੀ ਸਰਕਾਰ ਸੀ ਤੇ ਭਾਜਪਾ ਦੀ ਮਰਜ਼ੀ ਨਾਲ ਜਸਟਿਸ ਸੰਤੋਸ਼ ਹੇਗੜੇ ਨੂੰ ਲੋਕਪਾਲ ਲਾਇਆ ਗਿਆ ਸੀ। ਉਸ ਨੇ ਭ੍ਰਿਸ਼ਟਾਚਾਰ ਦੇ ਕਿੱਸੇ ਫਰੋਲੇ ਤਾਂ ਭਾਜਪਾ ਦਾ ਮੁੱਖ ਮੰਤਰੀ ਯੇਦੀਯੁਰੱਪਾ ਫਸ ਗਿਆ। ਪਹਿਲਾਂ ਉਹ ਅਹੁਦਾ ਛੱਡਣਾ ਨਹੀਂ ਸੀ ਮੰਨਦਾ, ਫਿਰ ਆਪਣੀ ਮਰਜ਼ੀ ਦਾ ਮੁੱਖ ਮੰਤਰੀ ਬਣਵਾ ਕੇ ਪਾਸੇ ਹੋਣ ਦੇ ਬਾਅਦ ਜੇਲ੍ਹ ਵੀ ਚਲਾ ਗਿਆ। ਪਾਰਟੀ ਨੇ ਕਲੰਕੀ ਸਮਝ ਕੇ ਉਸ ਨੂੰ ਲਾਂਭੇ ਕਰ ਛੱਡਿਆ। ਮੋਦੀ ਦੇ ਭਾਜਪਾ ਦੀ ਕਮਾਨ ਸੰਭਾਲਣ ਪਿੱਛੋਂ ਉਹੋ ਯੇਦੀਯੁਰੱਪਾ ਮੁੜ ਕੇ ਭਾਜਪਾ ਵਿਚ ਆ ਗਿਆ, ਤੇ ਸਿਰਫ ਆ ਨਹੀਂ ਗਿਆ, ਸਗੋਂ ਉਸ ਨੂੰ ਛਾ ਗਿਆ ਕਹਿਣਾ ਚਾਹੀਦਾ ਹੈ। ਕਰਨਾਟਕਾ ਬਾਰੇ ਕੋਈ ਵੀ ਫੈਸਲਾ ਹੁਣ ਯੇਦੀਯੁਰੱਪਾ ਦੀ ਮਰਜ਼ੀ ਪੁੱਛ ਕੇ ਕੀਤਾ ਜਾਂਦਾ ਹੈ। ਮੋਦੀ ਸਾਹਿਬ ਦੀ ਇਮਾਨਦਾਰੀ ਦੇ ਚੌਖਟੇ ਵਿਚ ਯੇਦੀਯੁਰੱਪਾ ਫਿੱਟ ਕਿਵੇਂ ਬੈਠ ਗਿਆ ਹੈ?
ਪਿਛਲਾ ਤਜਰਬਾ ਇਹ ਵੀ ਹੈ ਕਿ ਮਹਾਰਾਸ਼ਟਰ ਵਿਚ ਅਮਰੀਕੀ ਕੰਪਨੀ ਐਨਰਾਨ ਦੇ ਬਿਜਲੀ ਪ੍ਰਾਜੈਕਟ ਦਾ ਵਿਰੋਧ ਭਾਜਪਾ ਅਤੇ ਸ਼ਿਵ ਸੈਨਾ ਇਹ ਕਹਿ ਕੇ ਕਰਦੀਆਂ ਸਨ ਕਿ ਇਸ ਵਿਚ ਕਰੋੜਾਂ ਦਾ ਭ੍ਰਿਸ਼ਟਾਚਾਰ ਹੈ। ਸਿਰਫ ਤੇਰਾਂ ਦਿਨਾਂ ਦੀ ਵਾਜਪਾਈ ਦੀ ਆਰਜ਼ੀ ਸਰਕਾਰ ਨੇ ਉਹੋ ਪ੍ਰਾਜੈਕਟ ਕਾਹਲੀ ਵਿਚ ਪਾਸ ਕਰ ਦਿੱਤਾ ਸੀ। ਏਦਾਂ ਕਰਨ ਲਈ ਵਾਜਪਾਈ ਸਰਕਾਰ ਨੇ ਭਰੋਸੇ ਦਾ ਵੋਟ ਵੀ ਨਹੀਂ ਸੀ ਉਡੀਕਿਆ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਫੌਜ ਦੀ ਲੋੜ ਲਈ ਟੈਟਰਾ ਟਰੱਕ ਖਰੀਦਣ ਦੀ ਤਜਵੀਜ਼ ਇਸ ਲਈ ਸਿਰੇ ਨਹੀਂ ਸੀ ਚੜ੍ਹੀ ਕਿ ਫੌਜ ਦੇ ਮੁਖੀ ਜਨਰਲ ਵੀæ ਕੇæ ਸਿੰਘ ਨੇ ਕਹਿ ਦਿੱਤਾ ਸੀ ਕਿ ਮੈਨੂੰ ਇਸ ਖਰੀਦ ਵਿਚ ਚੌਦਾਂ ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਹੈ। ਉਦੋਂ ਸਭ ਤੋਂ ਤਿੱਖਾ ਵਿਰੋਧ ਭਾਜਪਾ ਨੇ ਕੀਤਾ ਤੇ ਇਸ ਸੌਦੇ ਨੂੰ ਭ੍ਰਿਸ਼ਟਾਚਾਰ ਦੀ ਜੜ੍ਹ ਕਿਹਾ ਸੀ। ਹੁਣ ਨਰਿੰਦਰ ਮੋਦੀ ਸਰਕਾਰ ਦੇ ਵਕਤ ਉਸੇ ਟੈਟਰਾ ਟਰੱਕ ਸੌਦੇ ਦੀ ਗੱਲਬਾਤ ਚੱਲ ਪਈ ਹੈ, ਕੰਪਨੀ ਵੀ ਉਹੋ ਹੈ, ਟਰੱਕ ਵੀ ਉਹੋ ਤੇ ਉਦੋਂ ਭ੍ਰਿਸ਼ਟਾਚਾਰ ਦਾ ਰੌਲਾ ਪਾਉਣ ਵਾਲਾ ਸਾਬਕਾ ਜਨਰਲ ਵੀæ ਕੇæ ਸਿੰਘ ਹੁਣ ਨਰਿੰਦਰ ਮੋਦੀ ਸਰਕਾਰ ਦਾ ਮੰਤਰੀ ਹੈ। ਹੁਣ ਇਹ ਤਜਵੀਜ਼ ਵੀ ਪੇਸ਼ ਹੋ ਗਈ ਹੈ ਕਿ ਅੱਗੋਂ ਲਈ ਭ੍ਰਿਸ਼ਟਾਚਾਰ ਦਾ ਰੌਲਾ ਮੁਕਾਉਣ ਲਈ ਫੌਜੀ ਸਾਮਾਨ ਖਰੀਦਣ ਵਾਸਤੇ ਜਿਨ੍ਹਾਂ ਵਿਦੇਸ਼ੀ ਕੰਪਨੀਆਂ ਨਾਲ ਗੱਲ ਕਰਨੀ ਹੋਵੇ, ਉਨ੍ਹਾਂ ਨੂੰ ਏਜੰਟ ਰੱਖਣ ਦੀ ਖੁੱਲ੍ਹ ਦੇ ਦਿੱਤੀ ਜਾਵੇਗੀ। ਉਹ ਏਜੰਟ ਜਦੋਂ ਕੁਝ ਕਮਾਉਣਗੇ ਤਾਂ ਜਿਨ੍ਹਾਂ ਦੇ ਰਾਹੀਂ ਕਮਾਉਣਗੇ, ਉਨ੍ਹਾਂ ਦਾ ਹਿੱਸਾ-ਪੱਤੀ ਵੀ ਆਰਾਮ ਨਾਲ ਨਿਕਲਦਾ ਰਹੇਗਾ।
ਤਾਜ਼ਾ ਕਹਾਣੀ ਇਹ ਹੈ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਸਾਂਝੀ ਸਰਕਾਰ ਬਣੀ ਨੂੰ ਹਾਲੇ ਸੌ ਦਿਨ ਵੀ ਨਹੀਂ ਹੋਏ ਤੇ ਸ਼ਿਵ ਸੈਨਾ ਨੇ ਇਹ ਦੋਸ਼ ਲਾ ਦਿੱਤਾ ਹੈ ਕਿ ਭਾਜਪਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ‘ਦੋ ਨੰਬਰ’ ਦੀ ਕਮਾਈ ਕਰ ਰਿਹਾ ਹੈ। ਦਿੱਲੀ ਵਿਚ ਬੈਠੀ ਇਸ ਪਾਰਟੀ ਦੀ ਹਾਈ ਕਮਾਨ ਨੇ ਗੱਲ ਹੀ ਨਹੀਂ ਗੌਲੀ, ਕਿਉਂਕਿ ਗੌਲਣ ਤੋਂ ਬਿਨਾਂ ਵੀ ਉਸ ਰਾਜ ਵਿਚ ਹੁੰਦੀ ਹਰ ਗੱਲ ਮੋਦੀ ਸਾਹਿਬ ਤੱਕ ਸਾਰਿਆਂ ਨੂੰ ਪਤਾ ਹੈ।
ਕਮਾਲ ਦੀ ਇੱਕ ਗੱਲ ਦੱਸਣੀ ਅਸੀਂ ਖੁੰਝ ਹੀ ਚੱਲੇ ਸਾਂ। ਪਿਛਲੀਆਂ ਸਾਰੀਆਂ ਸਰਕਾਰਾਂ ਦੇ ਵਕਤ ਇਹ ਰੌਲਾ ਪੈਂਦਾ ਰਿਹਾ ਕਿ ਭਾਰਤ ਵਿਚ ਕੁਝ ਜਾਲ੍ਹੀ ਯੂਨੀਵਰਸਿਟੀਆਂ ਚੱਲਦੀਆਂ ਹਨ ਪਰ ਸਰਕਾਰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸਮਝਦੀ। ਮੋਦੀ ਸਰਕਾਰ ਦੇ ਆਉਣ ਪਿੱਛੋਂ ਸਤੰਬਰ 2014 ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਇਹੋ ਜਿਹੀਆਂ 21 ਯੂਨੀਵਰਸਿਟੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਨੌਂ ਸਿਰਫ ਉਤਰ ਪ੍ਰਦੇਸ਼ ਦੀਆਂ ਤੇ ਪੰਜ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹਨ। ਬਿਹਾਰ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੀ ਇੱਕ-ਇੱਕ ਹੈ। ਚਾਰ ਮਹੀਨੇ ਗੁਜ਼ਰ ਗਏ, ਨਰਿੰਦਰ ਮੋਦੀ ਦੀ ਸਰਕਾਰ ਨੇ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਸਪੱਸ਼ਟ ਲਿਖਿਆ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਜਾਲ੍ਹੀ ਮੰਨੀਆਂ ਜਾਣਗੀਆਂ। ਕਾਰਵਾਈ ਕਰਨ ਦਾ ਕੰਮ ਜਿਸ ਕੇਂਦਰੀ ਸਿੱਖਿਆ ਮੰਤਰੀ ਸਿਮ੍ਰਤੀ ਇਰਾਨੀ ਨੇ ਕਰਨਾ ਹੈ, ਉਸ ਦੇ ਆਪਣੇ ਪੜ੍ਹਾਈ ਦੇ ਸਰਟੀਫਿਕੇਟ ਹਰ ਚੋਣ ਦਾ ਨਾਮਜ਼ਦਗੀ ਫਾਰਮ ਭਰਨ ਵੇਲੇ ਬਦਲ ਜਾਂਦੇ ਹਨ, ਅਤੇ ਉਹ ਫਿਰ ਵੀ ਕੇਂਦਰ ਦੀ ਮਾਣਯੋਗ ਮੰਤਰੀ ਹੈ।
ਭਾਰਤ ਸਾਡਾ ਦੇਸ਼ ਹੈ, ਸਾਡੇ ਬਾਪ-ਦਾਦੇ ਵਾਲਾ ਦੇਸ਼ ਹੈ, ਇਸ ਨਾਲ ਸਾਡਾ ਮੋਹ ਹੈ ਅਤੇ ਇਸ ਨੂੰ ਸੰਸਾਰ ਦੀ ਕੋਈ ਸੰਸਥਾ ਭਰੋਸੇ ਦੇ ਲਾਇਕ ਮੰਨੇ ਤਾਂ ਸਾਡਾ ਸੀਨਾ ਨਰਿੰਦਰ ਮੋਦੀ ਵਾਂਗ ਛਪੰਜਾ ਇੰਚ ਨਾ ਸਹੀ, ਭਾਵੇਂ ਛੱਤੀ ਇੰਚ ਚੌੜਾ ਹੀ ਹੁੰਦਾ ਹੋਵੇ ਪਰ ਭਰੋਸੇ ਯੋਗਤਾ ਦਾ ਸਰਟੀਫਿਕੇਟ ਭਰੋਸੇ ਵਾਲਾ ਚਾਹੀਦਾ ਹੈ। ਜਦੋਂ ਸਭ ਨੂੰ ਪਤਾ ਹੈ ਕਿ ਇਹ ਸਰਟੀਫਿਕੇਟ ਇੱਕ ਪਬਲਿਕ ਰਿਲੇਸ਼ਨ ਫਰਮ ਜਾਰੀ ਕਰਦੀ ਪਈ ਹੈ ਅਤੇ ਉਹ ਇਸ ਨਾਲ ਭਾਰਤ ਦੇ ਲੋਕਾਂ ਨੂੰ ਇਹ ਫੂਕ ਛਕਾ ਰਹੀ ਹੈ ਕਿ ਨਰਿੰਦਰ ਮੋਦੀ ਦੇ ਆਉਣ ਮਗਰੋਂ ਤੁਹਾਡੀ ਭਰੋਸੇ ਯੋਗਤਾ ਵਧ ਗਈ ਹੈ ਤਾਂ ਇਹ ਇੱਕ ਮਜ਼ਾਕ ਵੀ ਹੈ ਤੇ ਮੱਛੀ ਫਸਾਉਣ ਲਈ ਕੁੰਡੀ ਨੂੰ ਲੱਗੇ ਹੋਏ ਚੋਗੇ ਵਾਂਗ ਗ੍ਰਾਹਕ ਫਸਾਉਣ ਦਾ ਚੋਗਾ ਵੀ।