ਮ੍ਰਿਤਕ ਸਰੀਰ ਜਲ ਪ੍ਰਵਾਹ ਕਰਨ ਦੇ ਪ੍ਰਭਾਵਾਂ ਅਤੇ ਸਿੱਟਿਆਂ ਬਾਰੇ ਸ਼ ਮਝੈਲ ਸਿੰਘ ਸਰਾਂ ਨੇ ਇਹ ਭਾਵਪੂਰਤ ਲੇਖ ‘ਪੰਜਾਬ ਟਾਈਮਜ਼’ ਲਈ ਲਿਖ ਭੇਜਿਆ ਹੈ। ਉਨ੍ਹਾਂ ਦਲੀਲਾਂ ਸਹਿਤ ਦੱਸਣ ਦਾ ਯਤਨ ਕੀਤਾ ਹੈ ਕਿ ਮ੍ਰਿਤਕ ਸਰੀਰ, ਜਲ ਪ੍ਰਵਾਹ ਕਰਨ ਦੀ ਕਾਰਵਾਈ ਕਿੰਨੀ ਖਤਰਨਾਕ ਹੈ
ਅਤੇ ਇਸ ਨਾਲ ਹੋਇਆ ਜਲ ਪ੍ਰਦੂਸ਼ਣ ਹੋਰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਗਰਮਤਿ ਦੇ ਪੱਖ ਤੋਂ ਵੀ ਇਹ ਮਸਲਾ ਵਿਚਾਰ ਅਧੀਨ ਲਿਆਂਦਾ ਹੈ। ਇਹ ਵਿਚਾਰ-ਉਤੇਜਿਤ ਲੇਖ ਅਸੀਂ ਆਪਣੇ ਪਾਠਕਾਂ ਦੀ ਕਚਹਿਰੀ ਵਿਚ ਰੱਖ ਰਹੇ ਹਾਂ। -ਸੰਪਾਦਕ
ਮਝੈਲ ਸਿੰਘ ਸਰਾਂ
ਪਹਿਲੀ ਜਨਵਰੀ ਨੂੰ ਜਿਥੇ ਸਮੁੱਚਾ ਸੰਸਾਰ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ, ਉਥੇ ਸਿੱਖ ਜਗਤ ਵਿਚ ਸੋਗੀ ਖ਼ਬਰ ਆ ਗਈ ਕਿ ਹੰਸਾਲੀ ਵਾਲੇ ਸੰਤ ਅਜੀਤ ਸਿੰਘ ਪ੍ਰਲੋਕ ਸਿਧਾਰ ਗਏ ਹਨ। ਇਹ ਖ਼ਬਰ ਪੰਜਾਬੀ ਚੈਨਲਾਂ ‘ਤੇ ਸੰਤਾਂ ਦੇ ਮ੍ਰਿਤਕ ਸਰੀਰ ਨੂੰ ਦਿਖਾ ਕੇ ਨਸ਼ਰ ਕੀਤੀ ਜਾਂਦੀ ਰਹੀ, ਜਦ ਤੱਕ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਨਾ ਕੀਤਾ ਗਿਆ। ਸਿੱਖਾਂ ਦੇ ਸਿਰਮੌਰ ਧਾਰਮਿਕ ਲੀਡਰਾਂ ਨੇ ਸੰਤਾਂ ਦੇ ਅਕਾਲ ਚਲਾਣੇ ‘ਤੇ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸੰਤਾਂ ਦੇ ਜਲ ਪ੍ਰਵਾਹ ਵਕਤ ਹੋਏ ਅਥਾਹ ਇਕੱਠ ਤੋਂ ਜ਼ਾਹਿਰ ਸੀ ਕਿ ਉਨ੍ਹਾਂ ਦੇ ਸੇਵਕ ਬਹੁਤ ਹਨ। ਇਥੇ ਆਪਾਂ ਇਹ ਵਿਚਾਰ ਕਰਨੀ ਹੈ ਕਿ ਸੰਤਾਂ ਦੇ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਹੀ ਕਿਉਂ ਕੀਤਾ ਜਾਂਦਾ ਹੈ? ਕੀ ਜਲ ਪ੍ਰਵਾਹ ਗੁਰਮਤਿ ਤੇ ਕੁਦਰਤੀ ਵਾਤਾਵਰਨ ਮੁਤਾਬਕ ਸਹੀ ਹੈ?
ਹਰ ਧਰਮ ਦੇ ਸਮਾਜ ਨੇ ਜਨਮ ਤੋਂ ਮਰਨ ਤੱਕ ਕੁਝ ਸਿਧਾਂਤ ਬਣਾਏ ਹੋਏ ਹਨ ਜਿਸ ਮੁਤਾਬਕ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ। ਬਾਕੀ ਧਰਮਾਂ ਬਾਰੇ ਤਾਂ ਮੇਰਾ ਕੋਈ ਦਾਅਵਾ ਨਹੀਂ ਪਰ ਸਿੱਖਾਂ ਨੇ ਆਪਣੇ ਲਈ ਗੁਰਬਾਣੀ ਦੀ ਲੋਅ, ਗੁਰੂ ਸਾਹਿਬਾਨ ਦੇ ਖੁਦ ਦੇ ਜੀਵਨ ਦੇ ਨਾਲ-ਨਾਲ ਕੁਦਰਤ ਦੇ ਨਿਯਮਾਂ ਨੂੰ ਵੀ ਧਿਆਨ ਗੋਚਰੇ ਰੱਖਦਿਆਂ ਲਿਖਤੀ ਰੂਪ ਵਿਚ ਇਹ ਸਿਧਾਂਤ ਬਣਾ ਲਏ ਜਿਸ ਨੂੰ ‘ਸਿੱਖ ਰਹਿਤ ਮਰਿਆਦਾ’ ਦਾ ਨਾਮ ਦਿੱਤਾ ਗਿਆ ਹੈ। ਇਹ ਮਰਿਆਦਾ ਬਣਾਉਂਦੇ ਵਕਤ ਸਿੱਖਾਂ ਨਾਲ ਸਬੰਧਤ ਹਰ ਧਿਰ ਤੋਂ ਸਲਾਹ ਹੀ ਨਹੀਂ, ਬਲਕਿ ਪ੍ਰਵਾਨਗੀ ਵੀ ਲਈ ਗਈ, ਤੇ ਇਹ ਮਰਿਆਦਾ ਹਰ ਸਿੱਖ ਲਈ ਲਾਜ਼ਮੀ ਵੀ ਹੋ ਗਈ, ਕਿਉਂ ਜੋ ਇਹਨੂੰ ਅੰਤਿਮ ਪ੍ਰਵਾਨਗੀ ਸ੍ਰੀ ਅਕਾਲ ਤਖਤ ਤੋਂ ਮਿਲੀ ਹੋਈ ਹੈ। ਇਸ ਰਹਿਤ ਮਰਿਆਦਾ ਨੇ ਬਹੁ-ਗਿਣਤੀ ਭਾਰਤੀ ਹਿੰਦੂ ਸਮਾਜ ਦੇ ਸੂਤਕ-ਪਾਤਕ ਵਰਗੇ ਪਿਛਾਖੜ ਕਿਸਮ ਦੇ ਸਿਧਾਂਤ ਦਰ-ਕਿਨਾਰ ਕਰ ਦਿੱਤੇ। ਹਿੰਦੂ ਧਰਮ ਦਾ ਪ੍ਰੋਹਿਤ ਵਰਗ ਸਮਾਜ ਨੂੰ ਮਰਗ ਦੀਆਂ ਰਸਮਾਂ ਵਿਚ ਬੁਰੀ ਤਰ੍ਹਾਂ ਉਲਝਾ ਕੇ ਰੱਜ ਕੇ ਲੁੱਟਦਾ ਹੈ। ਇਸ ਲੁੱਟ ਨੂੰ ਸਭ ਤੋਂ ਪਹਿਲਾਂ ਬਰੇਕ ਲਾਈ ਗੁਰੂ ਨਾਨਕ ਦੇਵ ਜੀ ਨੇ, ਫਿਰ ਤੀਜੇ ਗੁਰੂ ਅਮਰ ਦਾਸ ਜੀ ਨੇ ਤਾਂ ‘ਸਦੁ’ ਤੇ ਅਲਾਹੁਣੀਆਂ ਉਚਾਰ ਕੇ ਸਿੱਖਾਂ ਨੂੰ ਹਿੰਦੂ ਬੰਧੇਜ ਤੋਂ ਮੁਕਤ ਕਰਾ ਦਿਤਾ। ਇਨ੍ਹਾਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਕੇ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਨੂੰ ਸਦੀਵੀ ਤੌਰ ‘ਤੇ ਐਲਾਨੀਆ ਵੱਖਰੀ ਸਿੱਖ ਕੌਮ ਬਣਾ ਦਿੱਤਾ।
ਸਿੱਖ ਰਹਿਤ ਮਰਿਆਦਾ ਵਿਚ ਮ੍ਰਿਤਕ ਸਰੀਰ ਨੂੰ ਕਿਵੇਂ ਸਮੇਟਣਾ ਹੈ, ਬਾਰੇ ਬੜੇ ਸਿੱਧੇ ਤੇ ਸਪਸ਼ਟ ਤਰੀਕੇ ਨਾਲ ਲਿਖਿਆ ਹੋਇਆ ਕਿ ਹਰ ਸਿੱਖ ਭਾਵੇਂ ਮਰਦ ਹੋਵੇ ਭਾਵੇਂ ਇਸਤਰੀ, ਉਮਰ ਮੁਤਾਬਕ ਭਾਵੇਂ ਬੱਚਾ ਹੀ ਕਿਉਂ ਨਾ ਹੋਵੇ, ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰ ਕੇ ਸਸਕਾਰ ਕਰਨਾ ਲਾਜ਼ਮੀ ਹੈ, ਤੇ ਫਿਰ ਅੰਗੀਠਾ ਸਮੇਟ ਦੇਣਾ ਹੁੰਦਾ। ਰਹਿਤ ਮਰਿਆਦਾ ਬਣਾਉਣ ਵਕਤ ਸਿੱਖਾਂ ਨੇ ਅਗਨੀ ਸਸਕਾਰ ਨੂੰ ਐਵੇਂ ਨਹੀਂ ਚੁਣਿਆ। ਪੂਰੀ ਸਿੱਖ ਇਤਿਹਾਸ ਦੀ, ਗੁਰੂ ਸਾਹਿਬਾਨ ਦੇ ਜੀਵਨ ਦੀ ਖੋਜ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਤੇ ਉਸ ਵਿਚ ਦਿੱਤੀ ਸਿੱਖਿਆ ਨੂੰ ਕੁਦਰਤੀ ਵਾਤਾਵਰਨ ਨੂੰ ਪੂਰਾ ਧਿਆਨ ਵਿਚ ਰੱਖ ਕੇ ਫੈਸਲਾ ਕੀਤਾ। ਸਿੱਖ ਇਤਿਹਾਸ ਤੇ ਗੁਰੂ ਇਤਿਹਾਸ ਮ੍ਰਿਤਕ ਸਰੀਰ ਦੇ ਅਗਨ ਭੇਟ ਕਰਨ ਬਾਰੇ ਕੁਝ ਮਿਸਾਲਾਂ ਲੈਂਦੇ ਹਾਂ ਜਿਹੜੀਆਂ ਰਹਿਤ ਮਰਿਆਦਾ ਤਿਆਰ ਕਰਦੇ ਸਮੇਂ ਸਿੱਖਾਂ ਦੇ ਹਿਰਦੇ ਵਿਚ ਵਸੀਆਂ ਹੋਈਆਂ ਸਨ। ਪਹਿਲੇ ਗੁਰੂ ਜੀ ਵਲੋਂ ਅਗਲੇ ਗੁਰੂ ਨੂੰ ਗੁਰਿਆਈ ਬਖਸ਼ਣ ਉਪਰੰਤ ਜਦੋਂ ਸਰੀਰਕ ਚੋਲਾ ਤਿਆਗਿਆ ਜਾਂਦਾ ਤਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੌਜੂਦਾ ਗੁਰੂ ਅਗਨ ਭੇਟ ਕਰ ਦਿੰਦੇ ਸਨ। ਦੂਜੀ ਮਿਸਾਲ ਲੈਂਦੇ ਹਾਂ ਬਾਬਾ ਬੁੱਢਾ ਜੀ ਦੀ। ਸਿੱਖ ਇਤਿਹਾਸ ਵਿਚ ਉਨ੍ਹਾਂ ਵਰਗਾ ਬ੍ਰਹਮਗਿਆਨੀ ਮਹਾਂਪੁਰਖ ਸ਼ਾਇਦ ਕੋਈ ਵਿਰਲਾ ਹੀ ਹੋਇਆ ਹੈ। ਉਹ ਇਕੱਲੇ ਅਜਿਹੇ ਮਹਾਂਪੁਰਖ ਹੋਏ ਜਿਨ੍ਹਾਂ ਤੋਂ ਖੁਦ ਗੁਰੂ ਪਰਿਵਾਰ ਬਖਸ਼ਿਸ਼ਾਂ ਪ੍ਰਾਪਤ ਕਰਨ ਗਏ, ਜਿਨ੍ਹਾਂ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਰਸਮਾਂ ਨਿਭਾਉਣ ਦਾ ਸੁਭਾਗ ਮਿਲਿਆ। ਜਦੋਂ ਉਨ੍ਹਾਂ ਆਪਣਾ ਸਰੀਰ ਛੱਡਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਆਪਣੇ ਹੱਥੀਂ ਉਸ ਬ੍ਰਹਮ ਗਿਆਨੀ ਦਾ ਅਗਨ ਸਸਕਾਰ ਕੀਤਾ।
ਅਗਲੀ ਜਿਹੜੀ ਮਿਸਾਲ ਆਪਾਂ ਸਾਂਝੀ ਕਰਾਂਗੇ, ਇਹ ਸ਼ਾਇਦ ਸਾਡੇ ਮਨਾਂ ਨੂੰ ਇਹ ਸੋਚਣ ਲਈ ਜ਼ਰੂਰ ਮਜਬੂਰ ਕਰੇਗੀ ਕਿ ਅਗਨੀ ਸਸਕਾਰ ਹੀ ਸਿੱਖਾਂ ਨੇ ਆਪਣੀ ਰਹਿਤ ਮਰਿਆਦਾ ਵਿਚ ਕਿਉਂ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਵਿਚ ਸ਼ਹੀਦੀ ਤੋਂ ਬਾਅਦ ਕਿਵੇਂ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਜੀ ਦੇ ਧੜ ਨੂੰ ਆਪਣੀ ਜਾਨ ਤਲੀ ‘ਤੇ ਰੱਖ ਕੇ ਚੁੱਕਿਆ, ਤੇ ਉਨ੍ਹਾਂ ਦੇ ਪਵਿੱਤਰ ਧੜ ਦਾ ਸਸਕਾਰ ਆਪਣੇ ਘਰ ਦੇ ਅੰਦਰ ਹੀ, ਘਰ ਨੂੰ ਅੱਗ ਲਾ ਕੇ ਕੀਤਾ। ਉਹ ਜਾਣਦਾ ਸੀ ਕਿ ਸਿੱਖੀ ਸਿਧਾਂਤ ਵਿਚ ਸਰੀਰ ਨੂੰ ਅਗਨ ਭੇਟ ਕਰਨਾ ਹੀ ਜ਼ਰੂਰੀ ਹੈ। ਜੇ ਉਹ ਚਾਹੁੰਦਾ ਤਾਂ ਗੁਰੂ ਜੀ ਦੇ ਧੜ ਨੂੰ ਯਮਨਾ ਦਰਿਆ ਵਿਚ ਵੀ ਜਲ ਪ੍ਰਵਾਹ ਕਰ ਦਿੰਦਾ, ਯਮਨਾ ਦਿੱਲੀ ਦੇ ਵਿਚੀਂ ਹੀ ਤਾਂ ਵਗਦੀ ਸੀ, ਨਾਲੇ ਕਿਲ੍ਹੇ ਵਰਗਾ ਬਣਿਆ ਆਪਣਾ ਘਰ ਬਚਾ ਲੈਂਦਾ। ਭਾਈ ਜੈਤਾ ਗੁਰੂ ਜੀ ਦੇ ਸੀਸ (ਸਿਰ) ਨੂੰ ਲੈ ਕੇ ਸੈਂਕੜੇ ਮੀਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਉਹ ਵੀ ਰਸਤੇ ਵਿਚ ਕਿਸੇ ਦਰਿਆ ਵਿਚ ਜਲ ਪ੍ਰਵਾਹ ਕਰ ਸਕਦਾ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਤਾਂ ਬਿਲਕੁਲ ਨਾਲ ਖਹਿ ਕੇ ਸਤਲੁਜ ਵਹਿੰਦਾ। ਗੁਰੂ ਗੋਬਿੰਦ ਸਿੰਘ ਨੇ ਕਿਉਂ ਨਾ ਕੀਤਾ ਜਲ ਪ੍ਰਵਾਹ? ਸਿਰਫ ਅਗਨੀ ਸਸਕਾਰ ਕੀਤਾ, ਕਿਉਂ? ਕਿਉਂਕਿ ਇਹੋ ਹੀ ਸਿੱਖ ਸਿਧਾਂਤ ਸੀ। ਭਾਈ ਟੋਡਰ ਮੱਲ ਨੂੰ ਕਿਉਂ ਵੱਡੀ ਕੀਮਤ ਚੁਕਾਉਣੀ ਪਈ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਹਿੱਤ ਸੂਬਾ ਸਰਹਿੰਦ ਤੋਂ ਜ਼ਮੀਨ ਲੈਣ ਲਈ? ਉਹ ਵੀ ਤਾਂ ਰਾਤ-ਬਰਾਤੇ ਤਿੰਨੇ ਸਰੀਰ ਚੁੱਕ ਕੇ ਦਰਿਆ ਵਿਚ ਜਲ ਪ੍ਰਵਾਹ ਕਰ ਸਕਦਾ ਸੀ। ਨਹੀਂ ਕੀਤਾ ਉਸ ਨੇ ਇਸ ਤਰ੍ਹਾਂ, ਕਿਉਂਕਿ ਸਿੱਖੀ ਸੋਚ ‘ਤੇ ਖੜ੍ਹਾ ਇਨਸਾਨ ਜਾਣਦਾ ਹੈ ਕਿ ਗੁਰਮਤਿ ਮੁਤਾਬਕ ਹਰ ਸਿੱਖ ਦੇ ਪੰਜ ਭੂਤਕ ਸਰੀਰ ਦਾ ਕੇਵਲ ਅਗਨੀ ਸਸਕਾਰ ਹੀ ਹੋਣਾ।
ਇਸ ਇਤਿਹਾਸ ਨੂੰ ਸਿੱਖ ਰਹਿਤ ਮਰਿਆਦਾ ਲਿਖਣ ਵਾਲੇ ਕਿਸੇ ਵੀ ਹਾਲਾਤ ਵਿਚ ਅੱਖੋਂ ਪਰੋਖੇ ਨਹੀਂ ਸੀ ਕਰ ਸਕਦੇ, ਤਾਂ ਹੀ ਅਗਨੀ ਸਸਕਾਰ ਮਰਿਆਦਾ ਦਾ ਹਿੱਸਾ ਬਣਿਆ ਪਰ ਹੁਣ ਖੁਦ ਹੀ ਗੁਰੂ ਦੇ ਵੱਡੇ ਸਿੱਖ ਕਹਾਉਂਦੇ, ਆਪਣੇ ਸੰਤ ਜੀ ਦੀ ਮ੍ਰਿਤਕ ਦੇਹ ਨੂੰ ਸਿੱਖ ਰਹਿਤ ਮਰਿਆਦਾ ਦੇ ਉਲਟ ਜਾ ਕੇ ਦਰਿਆ ਵਿਚ ਜਲ ਪ੍ਰਵਾਹ ਕਰਦੇ ਹਨ, ਤਾਂ ਇਹ ਗੁਰੂ ਦੇ ਸਿੱਖ ਕਿਵੇਂ ਕਹਾ ਸਕਦੇ ਹਨ? ਇਹ ਕਿਉਂ ਗੁਰੂ ਜੀ ਦੇ ਦਰਸਾਏ ਰਸਤੇ ਤੋਂ ਉਲਟ ਚੱਲ ਰਹੇ ਆ? ਜਲ ਪ੍ਰਵਾਹ ਕਿਹੜੀ ਰਹਿਤ ਮਰਿਆਦਾ ਵਿਚ ਆਉਂਦਾ ਹੈ? ਅਗਨੀ ਸਸਕਾਰ ਕਰਨ ਵਿਚ ਕੀ ਹਰਜ ਆ ਭਲਾ? ਕੀ ਸੰਤ ਸਿੱਖ ਨਹੀਂ ਹੁੰਦਾ?
ਇਹ ਤਾਂ ਸਨ ਕੁਝ ਵਿਚਾਰਾਂ ਜਿਹੜੀਆਂ ਰਹਿਤ ਬਾਰੇ ਸਨ; ਹੁਣ ਅਗਲਾ ਪੱਖ ਜਿਹੜਾ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਕਰਨ ਵਿਚ ਖਤਰਨਾਕ ਲੱਗਿਆ ਹੈ, ਉਹ ਹੈ ਵਾਤਾਵਰਨ ਦਾ ਪ੍ਰਦੂਸ਼ਣ। ਹਿੰਦੋਸਤਾਨ ਵਿਚ ਗੰਗਾ ਦਰਿਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਅੱਜ ਇਹੋ ਗੰਗਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆਵਾਂ ਵਿਚੋਂ ਇਕ ਹੈ। ਕਿਉਂ ਹੈ ਭਲਾ? ਵੱਡਾ ਕਾਰਨ ਇਹੀ ਹੈ ਕਿ ਮੁਕਤੀ ਖਾਤਰ ਹਿੰਦੂਆਂ ਦਾ ਆਪਣੇ ਜੀਆਂ ਦੀ ਮੌਤ ਤੋਂ ਬਾਅਦ ਸਰੀਰ ਨੂੰ ਗੰਗਾ ਭੇਟ ਕਰ ਦੇਣਾ। ਸਰੀਰ ਗਲ-ਸੜ ਕੇ ਪਾਣੀ ਨੂੰ ਇੰਨਾ ਗੰਧਲਾ ਕਰ ਦਿੰਦਾ ਹੈ ਕਿ ਪੀਣਯੋਗ ਨਹੀਂ ਰਹਿੰਦਾ। ਸਭ ਜਾਣਦੇ ਹਨ ਕਿ ਪਾਣੀ ਦਾ ਆਪਣਾ ਸੁਭਾਅ ਹੈ, ਇਹ ਆਪਣੇ ਵਿਚ ਡਿੱਗੇ ਮ੍ਰਿਤਕ ਸਰੀਰ ਨੂੰ ਛੇਤੀ ਤੋਂ ਛੇਤੀ ਬਾਹਰ ਕੱਢ ਦਿੰਦਾ ਹੈ। ਤਾਂ ਹੀ ਤਾਂ ਡੁੱਬਿਆ ਸਰੀਰ ਤੀਜੇ ਦਿਨ ਫੁੱਲ ਕੇ ਤੈਰਨ ਲੱਗ ਜਾਂਦਾ। ਡੁੱਬਣ ਤੋਂ ਲੈ ਕੇ ਤੈਰਨ ਤੱਕ ਸਰੀਰ ਵਿਚ ਕਈ ਰਸਾਇਣਕ ਤਬਦੀਲੀਆਂ ਆਉਂਦੀਆਂ, ਕਈ ਖਤਰਨਾਕ ਬੈਕਟੀਰੀਆ ਪੈਦਾ ਹੁੰਦੇ। ਆਮ ਤੌਰ ‘ਤੇ ਤੈਰਦੀਆਂ ਲਾਸ਼ਾਂ ਕੱਢ ਕੇ ਦਬਾ ਦਿੱਤੀਆਂ ਜਾਂਦੀਆਂ ਜਾਂ ਸਸਕਾਰ ਕਰ ਦਿੱਤਾ ਜਾਂਦਾ। ਜਿਸ ਤਰੀਕੇ ਨਾਲ ਸਾਡੇ ਸਿੱਖ, ਸੰਤਾਂ ਦੇ ਸਰੀਰਾਂ ਨੂੰ ਜਲ ਪ੍ਰਵਾਹ ਕਰਦੇ ਆ, ਇਹ ਬਹੁਤ ਖਤਰਨਾਕ ਹੁੰਦਾ। ਸਰੀਰ ਨੂੰ ਬਕਸੇ ਵਿਚ ਪਾ ਕੇ ਵਿਚ ਭਾਰ ਰੱਖ ਦਿੱਤਾ ਜਾਂਦਾ ਹੈ ਤੇ ਬਕਸੇ ਵਿਚ ਕੁਝ ਛੇਕ ਕਰ ਦਿੱਤੇ ਜਾਂਦੇ, ਤਾਂ ਕਿ ਇਹ ਕਦੇ ਵੀ ਤੈਰ ਨਾ ਸਕੇ। ਸਰੀਰ ਭਾਵੇਂ ਆਮ ਆਦਮੀ ਦਾ ਹੋਵੇ ਭਾਵੇਂ ਸੰਤ ਦਾ, ਇਹਨੇ ਗਲਣਾ-ਸੜਨਾ ਤਾਂ ਹੈ ਈ; ਇਹ ਕੁਦਰਤ ਦਾ ਨਿਯਮ ਹੈ। ਇਸ ਤਰ੍ਹਾਂ ਜਲ ਪ੍ਰਵਾਹ ਕੀਤਾ ਸੰਤ ਦਾ ਸਰੀਰ ਬਕਸੇ ਵਿਚ ਹੀ ਸੜਦਾ ਰਹਿੰਦਾ ਹੈ ਤੇ ਛੇਕਾਂ ਰਾਹੀਂ ਬੋਟੀ-ਬੋਟੀ ਮਾਸ ਦੀ ਬਾਹਰ ਨਿਕਲ ਕੇ ਪਾਣੀ ਨੂੰ ਕਈ ਮਹੀਨੇ ਗੰਧਲਾ ਕਰਦਾ ਰਹਿੰਦਾ ਹੈ। ਹੱਡੀਆਂ ਤਾਂ ਕਦੇ ਵੀ ਨਹੀਂ ਨਿਕਲਦੀਆਂ। ਬੜਾ ਲੰਮਾ ਚਿਰ ਇਹ ਪਾਣੀ ਨੂੰ ਪ੍ਰਦੂਸ਼ਿਤ ਕਰਦੀਆਂ ਰਹਿੰਦੀਆਂ ਹਨ। ਜੱਗ ਜਾਣਦਾ ਹੈ ਕਿ ਸਤਲੁਜ ਦਰਿਆ ਵਿਚੋਂ ਨਿਕਲਦੀਆਂ ਨਹਿਰਾਂ, ਸਿਰਫ ਸਿੰਜਾਈ ਲਈ ਹੀ ਪਾਣੀ ਨਹੀਂ ਮੁਹੱਈਆ ਕਰਾਉਂਦੀਆਂ, ਸਗੋਂ ਇਨਸਾਨਾਂ ਦੇ ਪੀਣ ਲਈ ਪਾਣੀ ਦਾ ਵੀ ਇਹੋ ਸਾਧਨ ਹਨ। ਤੇ ਇਹਨੂੰ ਪਲੀਤ ਕਰਨਾ ਕਿਥੋਂ ਦੀ ਸਮਝਦਾਰੀ ਮੰਨੀ ਜਾਵੇ? ਨਾਲੇ ਲੰਮੀ ਉਮਰ ਤੱਕ ਤਾਂ ਸਰੀਰ ਨੂੰ ਕਈ ਬਿਮਾਰੀਆਂ ਨੇ ਵੀ ਜਕੜਿਆ ਹੁੰਦਾ, ਬਿਮਾਰੀ ਖਾਧਾ ਮ੍ਰਿਤਕ ਸਰੀਰ ਤਾਂ ਪਾਣੀ ਰਾਹੀਂ ਉਹੋ ਬਿਮਾਰੀਆਂ ਅੱਗੇ ਫੈਲਾਉਂਦਾ। ਉਦਾਂ ਕਿਹਾ ਜਾਂਦਾ ਕਿ ਸੰਤਾਂ ਮਹਾਂਪੁਰਖਾਂ ਨੇ ਤਾਂ ਆਪਣੇ ਸੇਵਕਾਂ ਦੀਆਂ ਕਈ ਬਿਮਾਰੀਆਂ ਆਪਣੇ ਸਰੀਰ ‘ਤੇ ਲੈ ਕੇ ਉਨ੍ਹਾਂ ਨੂੰ ਰਾਜ਼ੀ ਕੀਤਾ ਹੁੰਦਾ; ਮੇਰੇ ਮੰਨਣ ਜਾਂ ਨਾ ਮੰਨਣ ਨਾਲ ਕੀ ਫਰਕ ਪੈਂਦਾ, ਪਰ ਸੰਤ ਹੰਸਾਲੀ ਵਾਲਿਆਂ ਬਾਰੇ ਮੇਰੇ ਬਹੁਤ ਪਿਆਰੇ ਗੁਰਮੁਖ ਸੁਹਿਰਦ ਮਿੱਤਰ ਨੇ ਮੈਨੂੰ ਦੱਸਿਆ ਕਿ ਉਸ ਨੇ ਇਨ੍ਹਾਂ ਸੰਤਾਂ ਦੀ ਇਕ ਵੀਡੀਓ ਇੰਟਰਨੈਟ ‘ਤੇ ਦੇਖੀ ਜਿਸ ਵਿਚ ਇਹ ਸੰਤ ਗੁਰਮਤਿ ਦਾ ਪ੍ਰਚਾਰ ਕਰਦੇ ਇਹ ਸੁਣਾ ਰਹੇ ਸਨ ਕਿ ਇਕ ਵਾਰ ਕੋਈ ਮੁਟਿਆਰ ਉਨ੍ਹਾਂ ਨੂੰ ਕਹਿੰਦੀ ਕਿ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ। ਕਾਰਨ ਪੁੱਛਣ ‘ਤੇ ਕਹਿੰਦੀ ਕਿ ਮੇਰੇ ਮੂੰਹ ‘ਤੇ ਮੋਹਕੇ ਬਹੁਤ ਨਿਕਲੇ ਹੋਏ ਹਨ, ਕੋਈ ਲੜਕਾ ਪਸੰਦ ਨਹੀਂ ਕਰਦਾ, ਤਾਂ ਸੰਤ ਕਹਿੰਦੇ ਕਿ ਆਹ ਕਿਹੜੀ ਵੱਡੀ ਗੱਲ ਆ ਧੀਏ! ਤੇਰੇ ਮੋਹਕੇ ਮੈਂ ਲੈ ਲੈਨਾਂ, ਤੇ ਉਸ ਤੋਂ ਬਾਅਦ ਉਸ ਮੁਟਿਆਰ ਦੇ ਮੋਹਕੇ ਠੀਕ ਹੋ ਗਏ ਤੇ ਉਹੋ ਮੋਹਕੇ ਸੰਤ ਜੀ ਦੇ ਮੂੰਹ ‘ਤੇ ਨਿਕਲ ਆਏ ਜਿਹੜੇ ਆਪਾਂ ਸਾਰਿਆਂ ਨੇ ਟੀæਵੀæ ‘ਤੇ ਉਨ੍ਹਾਂ ਦੇ ਅਕਾਲ ਚਲਾਉਣੇ ਤੋਂ ਬਾਅਦ ਦਿਖਾਈਆਂ ਵੀਡੀਓ ਵਿਚ ਦੇਖੇ। ਇਸ ਤਰ੍ਹਾਂ ਇਨ੍ਹਾਂ ਸੰਤਾਂ ਨੇ ਆਪਣੇ ਹੋਰ ਸੇਵਕਾਂ ਦੀਆਂ ਕਈ ਬਿਮਾਰੀਆਂ ਆਪਣੇ ਸਰੀਰ ‘ਤੇ ਲਈਆਂ ਹੋਣੀਆਂ, ਤੇ ਇੰਨੇ ਵੱਡੇ ਦਿਆਲੂ ਸੰਤਾਂ ਦੀ ਮ੍ਰਿਤਕ ਦੇਹ ਨੂੰ ਉਹਦੇ ਸੇਵਕਾਂ ਵਲੋਂ ਸਤਲੁਜ ਵਿਚ ਜਲ ਪ੍ਰਵਾਹ ਕਰ ਕੇ ਮੁੜ ਉਹੋ ਬਿਮਾਰੀਆਂ ਹੋਰ ਲੋਕਾਂ ਵਿਚ ਵੰਡਣ ਦਾ ਸਬੱਬ ਬਣਾ ਦਿੱਤਾ। ਉਦਾਂ ਤਾਂ ਇਨ੍ਹਾਂ ਸੰਤ ਮਹਾਂਪੁਰਖਾਂ ਵਲੋਂ ਸੁਨਾਮੀ ਰੋਕਣ ਬਾਰੇ ਵੀ ਮੈਂ ਕਿਤੇ ਪੜ੍ਹਿਆ-ਸੁਣਿਆ ਹੋਇਆ!
ਸੰਤਾਂ ਦੇ ਕਿਸੇ ਸ਼ਰਧਾਲੂ ਨੇ ਮੈਨੂੰ ਜਲ ਪ੍ਰਵਾਹ ਕਰਨ ਬਾਰੇ ਜਿਹੜੀ ਦਲੀਲ ਦਿੱਤੀ, ਉਹ ਇਸ ਤਰ੍ਹਾਂ ਹੈ ਕਿ ਸੰਤ ਚਾਹੁੰਦੇ ਹਨ ਕਿ ਮਰਨ ਉਪਰੰਤ ਵੀ ਉਨ੍ਹਾਂ ਦਾ ਸਰੀਰ ਦਰਿਆ ਦੀਆਂ ਮੱਛੀਆਂ ਦੇ ਖਾਣ ਦੇ ਕੰਮ ਆਵੇ, ਸਾੜਨ ਦਾ ਕੋਈ ਫਾਇਦਾ ਨਹੀਂ। ਜੇ ਇਹ ਗੱਲ ਹੈ ਤਾਂ ਇਹ ਹੋਰ ਵੀ ਖਤਰਨਾਕ ਹੈ, ਕਿਉਂਕਿ ਗਲਿਆ-ਸੜਿਆ ਸੜ੍ਹਿਆਂਦ ਮਾਰਦਾ ਮਾਸ ਮੱਛੀਆਂ ਲਈ ਵੀ ਬਹੁਤ ਮਾਰੂ ਹੁੰਦਾ ਹੈ। ਫਿਰ ਕਿਉਂ ਜੀਵ ਹੱਤਿਆ ਕਰਦੇ ਆ ਜਲ ਪ੍ਰਵਾਹ ਕਰ ਕੇ? ਨਾਲੇ ਮੱਛੀਆਂ ਵੀ ਮਨੁੱਖਾਂ ਦੇ ਖਾਣ ਲਈ ਫੜੀਆਂ ਜਾਂਦੀਆਂ ਤੇ ਬਿਮਾਰੀ ਵਾਲਾ ਮਾਸ ਖਾ ਕੇ ਪਲੀਆਂ ਮੱਛੀਆਂ ਅੱਗੇ ਤੰਦਰੁਸਤ ਇਨਸਾਨਾਂ ਨੂੰ ਬਿਮਾਰ ਕਰ ਕੇ ਮਾਰਨਗੀਆਂ। ਦਰਿਆਵਾਂ ਦੇ ਪਾਣੀ ਨੂੰ ਪਲੀਤ ਕਰਨਾ ਜਿਥੇ ਕਾਨੂੰਨੀ ਜੁਰਮ ਹੈ, ਉਥੇ ਇਹ ਗੁਰਮਤਿ ਦੇ ਵੀ ਉਲਟ ਹੈ। ਗੁਰਬਾਣੀ ਵਿਚ ਦਰਿਆਵਾਂ ਦਾ ਬੜੀ ਵਾਰੀ ਜ਼ਿਕਰ ਆਉਂਦਾ। ਕੋਈ ਵੀ ਮਿਸਾਲ ਦੇ ਕੇ ਜਦੋਂ ਗੁਰੂ ਜੀ ਗੁਰਮਤਿ ਦੀ ਸੋਝੀ ਕਰਾਉਂਦੇ ਹਨ ਤਾਂ ਕਾਦਰ ਦੀ ਕੁਦਰਤ ਦੇ ਸੋਮਿਆਂ ਦਾ ਜ਼ਿਕਰ ਕਰਦੇ ਹਨ। ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਝ ਦੀ ਵਾਰ ਵਿਚ ਜੋ ਸ਼ਬਦ ਰਚਿਆ, ਦਰਿਆਵਾਂ ਨੂੰ ਦੋਸਤ ਕਿਹਾ- Ḕਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥Ḕ ਤੇ ਪਾਣੀ ਨੂੰ ਪਿਤਾ ਵਰਗਾ ਦਰਜਾ ਦਿੱਤਾ ਹੋਇਆ। ਭਲਾ ਕੋਈ ਬੰਦਾ ਆਪਣੇ ਪਿਤਾ ਤੇ ਦੋਸਤ ਨੂੰ ਵੀ ਗੰਦਾ ਕਰਦਾ? ਨਹੀਂ ਨਾ ਕਰਦਾ, ਜੇ ਅਕ੍ਰਿਤਘਣ ਨਾ ਹੋਏ ਤਾਂ; ਫਿਰ ਜਿਹੜੇ ਦਾਅਵਾ ਕਰਦੇ ਆ ਕਿ ਵਾਹਦ ਸੰਤ ਹੀ ਸਾਰੀ ਜ਼ਿੰਦਗੀ ਗੁਰਮਤਿ ਦਾ ਸਹੀ ਪ੍ਰਚਾਰ ਕਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਰਹੇ, ਫਿਰ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਕਿਉਂ ਜਲ ਪ੍ਰਵਾਹ ਕਰ ਕੇ ਗੁਰਮਤਿ ਤੋਂ ਤੋੜਦੇ? ਸਮਝ ਨਹੀਂ ਲੱਗਦੀ ਕਿ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਹਦੇ ਵੱਲ ਕੋਈ ਤਵੱਜੋ ਕਿਉਂ ਨਹੀਂ ਦਿੰਦਾ। ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜਾ ਦਰਿਆਵਾਂ ਤੇ ਬੇਈਆਂ ਸਾਫ ਕਰਾਉਣ ਲਈ ਪੂਰਾ ਜ਼ੋਰ ਲਾਉਂਦਾ, ਉਹ ਆਪਣੇ ਹੀ ਸੰਤ-ਭਾਈ ਦੀ ਮ੍ਰਿਤਕ ਦੇਹ ਨੂੰ ਦਰਿਆ ਵਿਚ ਜਲ ਪ੍ਰਵਾਹ ਕਰਨ ਦੀ ਆਗਿਆ ਕਿਉਂ ਦਿੰਦਾ? ਗੁਰੂਆਂ ਦੀ ਵਿਰਾਸਤ ਸੰਭਾਲੀ ਬੈਠੇ ਜਥੇਦਾਰ ਖੁਦ ਜਾ ਕੇ ਗੁਰਮਤਿ ਤੋਂ ਉਲਟ ਜਲ ਪ੍ਰਵਾਹ ਕਰਾਉਂਦੇ ਹਨ, ਕੀ ਹੱਕ ਬਣਦਾ ਇਨ੍ਹਾਂ ਦਾ ਗੁਰੂ ਸਾਹਿਬਾਨ ਦੇ ਸਜਾਏ ਤਖ਼ਤਾਂ ‘ਤੇ ਬੈਠਣ ਦਾ?
ਮੇਰਾ ਆਹ ਲਿਖਣ ਦਾ ਮਕਸਦ ਸੰਤ ਮਹਾਂਪੁਰਸ਼ ਦੀ ਦੇਹ ਦਾ ਨਿਰਾਦਰ ਕਰਨਾ ਨਾ ਸਮਝਿਆ ਜਾਵੇ, ਬਲਕਿ ਮੈਂ ਤਾਂ ਉਸ ਨਿਰਾਦਰ ਵੱਲ ਉਂਗਲੀ ਕੀਤੀ ਹੈ ਜਿਹੜਾ ਸੰਤਾਂ ਦੀ ਦੇਹ ਨੂੰ ਜਲ ਪ੍ਰਵਾਹ ਕਰ ਕੇ ਕੀਤਾ।