ਸਿੱਖਾਂ ਲਈ ਮਸਲਾ ਕੈਲੰਡਰ ਦਾ

ਨਾਨਕਸ਼ਾਹੀ ਕੈਲੰਡਰ ਘੜਨ ਦਾ ਉਪਰਾਲਾ ਕੈਲੰਡਰ ਵਿਗਿਆਨੀ ਸ਼ ਪਾਲ ਸਿੰਘ ਪੁਰੇਵਾਲ ਵਲੋਂ 1994 ਵਿਚ ਅਰੰਭ ਕੀਤਾ ਗਿਆ ਜਿਸ ਉਪਰ ਵਿਚਾਰ-ਵਟਾਂਦਰੇ ਅਤੇ ਸੈਮੀਨਾਰ ਵਗੈਰਾ ਕਰਵਾਉਣ ਪਿਛੋਂ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ।

ਇਸ ਕੈਲੰਡਰ ਨੂੰ 2003 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੁਝ ਤਾਰੀਖਾਂ ਵਿਚ ਅਦਲ-ਬਦਲ ਕਰਨ ਪਿਛੋਂ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਲਾਗੂ ਕੀਤਾ ਗਿਆ। ਤਾਰੀਖਾਂ ਵਿਚ ਇਸ ਅਦਲ-ਬਦਲ ਨੂੰ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਰੂਪ ਵਿਚ ਲਾਗੂ ਕਰਨ ਦੇ ਹਮਾਇਤੀਆਂ ਨੇ ਹਿੰਦੂਵਾਦੀ ਸ਼ਕਤੀਆਂ ਦੇ ਦਬਾਓ ਹੇਠ ਲਾਗੂ ਕੀਤਾ ਗਿਆ ਮਿਲਗੋਭਾ ਕੈਲੰਡਰ ਐਲਾਨਿਆ। ਨਾਨਕਸ਼ਾਹੀ ਕੈਲੰਡਰ ਲਾਗੂ ਕੀਤੇ ਜਾਣ ਦੇ ਸਮੇਂ ਤੋਂ ਹੀ ਇਸ ਬਾਰੇ ਸ਼ੁਰੂ ਹੋਇਆ ਵਿਵਾਦ ਅੱਜ ਵੀ ਜਾਰੀ ਹੈ। ਮਿਸੀਸਾਗਾ, ਕੈਨੇਡਾ ਵਾਸੀ ਸ਼ ਹਜ਼ਾਰਾ ਸਿੰਘ ਨੇ ਇਸ ਕੈਲੰਡਰ ਬਾਰੇ ਇਕ ਵੱਖਰੇ ਨੁਕਤੇ ਤੋਂ ਇਸ ਲੇਖ ਵਿਚ ਵਿਚਾਰ ਉਸਾਰੀ ਕੀਤੀ ਹੈ। ਪੰਜਾਬ ਟਾਈਮਜ਼ ਦਾ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਅਸੀਂ ਇਹ ਲੇਖ ਅਹਿਮ ਮਸਲਿਆਂ ਉਤੇ ਉਸਾਰੂ ਬਹਿਸ ਛੇੜਨ ਦੀ ਆਪਣੀ ਨੀਤੀ ਕਾਰਨ ਛਾਪ ਰਹੇ ਹਾਂ। ਇਸ ਸਬੰਧੀ ਆਏ ਹੋਰ ਉਸਾਰੂ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ
ਫੋਨ: (905)-795-3428

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅਸਲ ਵਿਚ ਕੁਝ ਵੀ ਨਹੀਂਂ ਹੈ ਪਰ ਉਲਝ ਜਾਣ ਕਾਰਨ ਵੱਡਾ ਪਹਾੜ ਬਣਿਆ ਪਿਆ ਹੈ। ਨਾਨਕਸ਼ਾਹੀ ਕੈਲੰਡਰ ਦੇ ਬਾਨੀ ਵਿਦਵਾਨ ਸ਼ ਪਾਲ ਸਿੰਘ ਪੁਰੇਵਾਲ ਦੇ ਯਤਨਾਂ ਸਦਕਾ ਹੁਣ ਕੈਲੰਡਰ ਵਿਗਿਆਨੀਆਂ ਦੀ ਤਾਂ ਭਰਮਾਰ ਹੋਈ ਪਈ ਹੈ ਪਰ ਕੈਲੰਡਰ ਦੀ ਫਾਹੀ ਗਲੋਂ ਲੱਥਣ ਦੀ ਥਾਂ ਸਾਹ ਲੈਣਾ ਵੀ ਔਖਾ ਕੀਤਾ ਹੋਇਆ। ਬਰਖਾਸਤਗੀ ਦੇ ਕਾਰਨ ਤਾਂ ਹੋਰ ਵੀ ਹੋਣਗੇ ਪਰ ਜਥੇਦਾਰ ਨੰਦਗੜ ਦੇ ਸਮੱਰਥਕ ਨੰਦਗੜ ਦੀ ਬਰਖਾਸਤਗੀ ਦਾ ਕਾਰਨ ਕੈਲੰਡਰ ਦੀ ਕੀਤੀ ਹਮਾਇਤ ਦੱਸ ਕੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਖਾਤਿਰ ਕੁਰਬਾਨੀ ਕਰਨ ਵਾਲਾ ਯੋਧਾ ਆਖ ਰਹੇ ਹਨ। ਮੁੱਕਦੀ ਗੱਲ, ਕੈਲੰਡਰ ਦਾ ਮਸਲਾ ਇੱਕ ਵਾਰ ਫਿਰ ਇਸ ਤਰ੍ਹਾਂ ਉਭਰਿਆ ਹੈ ਜਿਵੇ ਕਿ ਇਸ ਤੋਂ ਗੰਭੀਰ ਕੋਈ ਹੋਰ ਮੁੱਦਾ ਹੋਏ ਹੀ ਨਾਂ। ਸਿੱਖ ਜਗਤ ਵਾਸਤੇ ਨਾਂ ਸੁਲਝਣ ਵਾਲੀ ਇਸ ਮਾਮੂਲੀ ਅੜਾਉਣੀ ਦੇ ਕੁਝ ਪੱਖ ਇਸ ਤਰ੍ਹਾਂ ਹਨ:
ਸਿੱਖ ਆਪਣੇ ਬਹੁਤੇ ਪੁਰਬ ਦੇਸੀ ਮਹੀਨਿਆਂ ਅਨੁਸਾਰ ਹੀ ਮਨਾਉਂਦੇ ਸਨ। ਇਸ ਕਾਰਨ ਇਨ੍ਹਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਸਨ। ਦੇਸੀ ਮਹੀਨਿਆਂ ਮੁਤਾਬਕ ਚੱਲਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਅੰਗ੍ਰੇਜ਼ੀ ਕੈਲੰਡਰ ਅਨੁਸਾਰ ਕਦੇ ਤਾਂ ਸਾਲ ਵਿਚ ਦੋ ਵਾਰ ਆ ਜਾਂਦਾ ਅਤੇ ਕਦੇ ਇੱਕ ਵਾਰ ਵੀ ਨਾ ਆਉਂਦਾ। ਆਮ ਸਿੱਖਾਂ ਨੂੰ ਤਾਰੀਖਾਂ ਦਾ ਇਹ ਭੰਬਲਭੂਸਾ ਨਾ ਚੰਗਾ ਲਗਦਾ। ਇਸ ਅਸੁਵਿਧਾ ਕਾਰਨ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਭਾਵਨਾ ਸੀ ਕਿ ਸਾਲ ਵਿਚ ਮਨਾਏ ਜਾਣ ਵਾਲੇ ਇਨ੍ਹਾਂ ਪੁਰਬਾਂ ਦੀਆਂ ਤਾਰੀਖਾਂ ਇੱਕ ਵਾਰ ਪੱਕੀਆਂ ਕਰ ਲਈਆਂ ਜਾਣ। ਇਸ ਤਰ੍ਹਾਂ ਤਾਰੀਖਾਂ ਮੁਕੱਰਰ ਕਰ ਲਏ ਜਾਣ ਨਾਲ ਸਾਰੇ ਸੰਸਾਰ ਵਿਚ ਸਿੱਖਾਂ ਦੇ ਦਿਹਾੜੇ ਮਨਾਉਣ ਸਬੰਧੀ ਤਾਰੀਖਾਂ ਦਾ ਭੰਬਲਭੂਸਾ ਸਦਾ ਵਾਸਤੇ ਖਤਮ ਹੋ ਜਾਣਾ ਸੀ। ਜਦ 1994 ਦੇ ਆਸ ਪਾਸ ਐਡਮੰਟਨ ਵਾਸੀ ਸ਼ ਪੁਰੇਵਾਲ ਨੇ ਐਸਾ ਉਪਰਾਲਾ ਕਰਨ ਦਾ ਬੀੜਾ ਚੁੱਕਿਆ ਤਾਂ ਸਭ ਨੇ ਜੀ ਆਇਆਂ ਕਿਹਾ। ਤਾਰੀਖਾਂ ਵਾਲੇ ਮਸਲੇ ਦੇ ਹੱਲ ਲਈ ਇਤਿਹਾਸਕਾਰਾਂ, ਬੁੱਧੀਜੀਵੀਆਂ ਦੀ ਕਮੇਟੀ ਬਣੀ ਜਿਨ੍ਹਾਂ ਇਤਿਹਾਸਕ ਦਸਤਾਵੇਜ਼ ਖੰਗਾਲ ਕੇ ਦੇਸੀ ਮਹੀਨਿਆਂ ਦੀਆਂ ਤਾਰੀਖਾਂ ਅਨੁਸਾਰ ਅੰਗਰੇਜ਼ੀ ਤਾਰੀਖਾਂ ਲੱਭੀਆਂ ਜਿਸ ਵਿਚ ਸ਼ ਪੁਰੇਵਾਲ ਨੇ ਆਪਣੀ ਕੈਲੰਡਰ ਵਿਗਿਆਨ ਦੀ ਮੁਹਾਰਤ ਦਾ ਭਰਪੂਰ ਯੋਗਦਾਨ ਪਾਇਆ। ਪਰ ਕੈਲੰਡਰ ਦਾ ਪ੍ਰਾਜੈਕਟ ਅਹਿਮ ਸਿੱਖ ਦਿਨਾਂ ਦੀਆਂ ਤਾਰੀਖਾਂ ਨੀਯਤ ਕਰਨ ਤੱਕ ਸੀਮਿਤ ਨਾ ਰਹਿ ਕੇ ਗੁਰਬਾਣੀ ਦਾ ਰੁੱਤਾਂ ਅਨੁਸਾਰ ਤਾਲਮੇਲ ਬਿਠਾਉਣ ਅਤੇ ਵੱਖਰੇ ਕੈਲੰਡਰ ਰਾਹੀਂ ਵੱਖਰੀ ਹਸਤੀ ਦੇ ਨਿਰਮਾਣ ਤੱਕ ਵਧਾ ਲਿਆ ਗਿਆ ਜਿਸ ਦੀ ਪੂਰਤੀ ਲਈ ਸ਼ ਪੁਰੇਵਾਲ ਨੇ ਘਾਲਣਾ ਘਾਲ ਕੇ ਨਵੇ ਚੇਤ, ਵੈਸਾਖ ਘੜੇ। ਇਸ ਤਰ੍ਹਾਂ ਕੁਝ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ਵਾਲਾ ਪ੍ਰਾਜੈਕਟ ਇੱਕ ਨਵੇਂ ਕੈਲੰਡਰ ਘੜਨ ਵਾਲਾ ਵੱਡਾ ਪ੍ਰਾਜੈਕਟ ਬਣ ਗਿਆ ਜਿਸ ਵਾਸਤੇ ਕਈ ਮੀਟਿੰਗਾਂ ਅਤੇ ਸੈਮੀਨਾਰ ਕਰਨੇ ਪਏ ਪਰ ਤਿੰਨ ਦਿਨਾਂ (ਦੀਵਾਲੀ, ਗੁਰੂ ਨਾਨਕ ਦਾ ਜਨਮ ਦਿਨ ਅਤੇ ਹੋਲੇ) ਨੂੰ ਪੁਰਾਣੀਆਂ ਰਵਾਇਤਾਂ ਅਨੁਸਾਰ ਹੀ ਰੱਖਦੇ ਹੋਏ 2003 ਵਿਚ ਸ਼੍ਰæੋਮਣੀ ਕਮੇਟੀ ਵਲੋਂ ਲਾਗੂ ਕਰ ਦਿੱਤਾ ਗਿਆ। ਇਸ ਮਿਲਗੋਭਾ ਕੈਲੰਡਰ ਨੂੰ ਹੀ ਮੂਲ ਨਾਨਕਸ਼ਾਹੀ ਕੈਲੰਡਰ ਵਜੋਂ ਜਾਣਿਆ ਜਾਂਦਾ ਹੈ।
ਕੀ ਸੀ 2003 ਵਾਲਾ ਕੈਲੰਡਰ? ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਹੁਤੇ ਸਿੱਖ ਦਿਨਾਂ ਦੀ ਤਾਰੀਖਾਂ ਤਾਂ ਪੱਕੀਆਂ ਕਰ ਦਿੱਤੀਆਂ ਸਨ ਪਰ ਦੀਵਾਲੀ, ਗੁਰੂ ਨਾਨਕ ਪੁਰਬ ਅਤੇ ਹੋਲੇ ਮੁਹੱਲੇ ਦੀਆਂ ਤਾਰੀਖਾਂ ਪੱਕੀਆਂ ਨਹੀਂ ਸਨ ਕੀਤੀਆਂ ਗਈਆਂ ਕਿਉਂਕਿ ਕੈਲੰਡਰ ਕਮੇਟੀ ਅਨੁਸਾਰ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਕਾਰਨ ਇਨ੍ਹਾਂ ਦਿਨਾਂ ਨੂੰ ਪਹਿਲਾਂ ਵਾਂਗ ਹੀ ਰੱਖਣਾ ਯੋਗ ਸੀ ਪਰ ਬਾਕੀ ਦਿਹਾੜੇ ਅੰਗਰੇਜ਼ੀ ਕੈਲੰਡਰ ਮੁਤਾਬਕ ਹਰ ਸਾਲ ਪੱਕੀਆਂ ਤਾਰੀਖਾਂ ਨੂੰ ਮਨਾਉਣ ਦਾ ਫੈਸਲਾ ਕਰਕੇ ਇੱਕ ਮਿਲਗੋਭਾ ਕੈਲੰਡਰ ਪ੍ਰਵਾਨ ਕਰ ਲਿਆ। 3 ਦਿਨਾਂ ਦੀਆਂ ਤਾਰੀਖਾਂ ਬਦਲਦੀਆਂ ਹੋਣ ਕਾਰਨ ਹਰ ਸਾਲ ਹੀ ਕੋਈ ਨਾਂ ਵਿਵਾਦ ਖੜ੍ਹਾ ਹੋਣ ਲੱਗ ਪਿਆ। ਇਸ ਬਾਰੇ ਆਮ ਸਹਿਮਤੀ ਕਦੇ ਵੀ ਨਾ ਬਣੀ। ਹੈਰਾਨੀ ਦੀ ਗੱਲ ਸੀ ਕਿ ਨਾਨਕ ਦੇ ਨਾਂ ਤੇ ਘੜੇ ਕੈਲੰਡਰ ਵਿਚ ਗੁਰੂ ਨਾਨਕ ਦਾ ਜਨਮ ਦਿਨ ਵੀ ਪੁਰਾਣੀ ਰੀਤ ਮੁਤਾਬਕ ਹੀ ਰਹਿਣ ਦਿੱਤਾ ਗਿਆ।
ਇਸ ਕੈਲੰਡਰ ਵਿਚ ਰਵਾਇਤੀ ਚੇਤ, ਵੈਸਾਖ ਨਾਲੋਂ ਵੱਖਰੇ ਚੇਤ ਵੈਸਾਖ ਵੀ ਘੜੇ ਗਏ। ਨਾਨਕਸ਼ਾਹੀ ਸਾਲ 1 ਚੇਤ (14 ਮਾਰਚ) ਤੋਂ ਸ਼ੁਰੂ ਹੋ ਕੇ 30 ਫੱਗਣ ਤੱਕ (13 ਮਾਰਚ) ਪੂਰੇ 365 ਦਿਨਾਂ ਦਾ ਬਣਾ ਦਿੱਤਾ ਗਿਆ। ਅੰਗਰੇਜ਼ੀ ਕੈਲੰਡਰ ਵਾਂਗ ਹੀ ਲੀਪ ਦਾ ਸਾਲ 366 ਦਿਨਾਂ ਦਾ ਮਿਥ ਲਿਆ ਗਿਆ। ਇਸ ਤਰ੍ਹਾਂ ਤਾਰੀਖਾਂ ਪੱਕੀਆਂ ਕਰਨ ਲੱਗਿਆਂ ਪੰਜਾਬ ਦੇ ਸੱਭਿਆਚਾਰ ਵਿਚ ਦੋ ਤਰ੍ਹਾਂ ਦੇ ਦੇਸੀ ਮਹੀਨੇ ਪ੍ਰਚਲਿਤ ਹੋ ਗਏ। ਇੱਕ ਰਵਾਇਤੀ ਚੇਤ, ਵੈਸਾਖ ਅਤੇ ਦੂਸਰਾ ਨਾਨਕਸ਼ਾਹੀ ਕੈਲੰਡਰ ਵਾਲਾ। ਇਸ ਕਾਰਨ ਸੰਗਰਾਂਦਾਂ ਦਾ ਨਵਾਂ ਭੰਬਲਭੂਸਾ ਪੈਦਾ ਹੋ ਗਿਆ। ਕਹਿਣ ਨੂੰ ਤਾਂ ਸਿੱਖੀ ਵਿਚ ਸੰਗਰਾਂਦਾਂ ਆਦਿ ਦੀ ਕੋਈ ਥਾਂ ਨਹੀਂਂ ਪਰ ਨਾਨਕਸ਼ਾਹੀ ਕੈਲੰਡਰ ਵਿਚ ਵੀ ਸੰਗਰਾਂਦ, ਪੂਰਨਮਾਸ਼ੀ ਅਤੇ ਮੱਸਿਆ ਦੀਆਂ ਤਾਰੀਖਾਂ ਵੀ ਬਾਕਾਇਦਾ ਸ਼ਾਮਿਲ ਕੀਤੀਆਂ ਗਈਆਂ। ਭਾਵੇਂ ਇਸ ਮਿਲਗੋਭਾ ਕੈਲੰਡਰ ਨੇ ਤਾਰੀਖਾਂ ਪੱਕੀਆਂ ਕਰਨ ਵਾਲਾ ਮਸਲਾ ਵੀ ਪੂਰੀ ਤਰ੍ਹਾਂ ਹੱਲ ਨਹੀਂ ਸੀ ਕੀਤਾ, ਫਿਰ ਵੀ ਕਈ ਸਿੱਖ ਹਲਕੇ ਇਸ ਕੈਲੰਡਰ ਨੂੰ ਵੱਖਰੀ ਸਿੱਖ ਹਸਤੀ ਦੇ ਪ੍ਰਤੀਕ ਵਜੋਂ ਦੇਖ ਕੇ ਖੁਸ਼ ਸਨ। ਇਸ ਕੈਲੰਡਰ ਰਾਹੀਂ ਉਹ ਗੁਰਬਾਣੀ ਅਤੇ ਮੌਸਮਾਂ ਦੇ ਤਾਲਮੇਲ ਵਿਚ ਪੈਦਾ ਹੋਣ ਵਾਲੇ ਸੰਭਾਵੀ ਵਿਗਾੜ ਦੇ ਤੌਖਲੇ ਦਾ ਮਸਲਾ ਵੀ ਹੱਲ ਹੋਇਆ ਸਮਝ ਕੇ ਇੱਕ ਸੁਖਦ ਅਹਿਸਾਸ ਮਹਿਸੂਸ ਕਰ ਰਹੇ ਸਨ। ਐਸੇ ਸੱਜਣ 14 ਮਾਰਚ (ਪਹਿਲੀ ਚੇਤ) ਨੂੰ ਸਿੱਖਾਂ ਦਾ ਨਵਾਂ ਸਾਲ ਉਤਸ਼ਾਹ ਨਾਲ ਮਨਾਉਣ ਦੀਆਂ ਆਪੀਲਾਂ ਕਰਦੇ ਸਨ ਪਰ ਇਹ ਕਿਸੇ ਨੇ ਵੀ ਸਪੱਸ਼ਟ ਨਹੀਂ ਕੀਤਾ ਕਿ ਸਿੱਖਾਂ ਵਾਸਤੇ ਅਹਿਮੀਅਤ 14 ਮਾਰਚ ਦੀ ਹੈ ਜਾਂ ਪਹਿਲੀ ਚੇਤ ਦੀ। ਨਵੇਂ ਸਾਲ ਦਾ ਗੁਰੂ ਨਾਨਕ ਜਾਂ ਸਿੱਖ ਇਤਿਹਾਸ ਦੀ ਕਿਸੇ ਵੱਡੀ ਘਟਨਾ ਨਾਲ ਵੀ ਕੋਈ ਸਬੰਧ ਨਾ ਜੋੜਿਆ ਗਿਆ।
ਸ਼ ਪੁਰੇਵਾਲ ਕੈਲੰਡਰ ਦੇ ਮਾਹਿਰ ਸਨ। ਜਿਨ੍ਹਾਂ ਦਾ ਮੁੱਖ ਕੰਮ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਮੁਤਾਬਕ ਈਸਵੀ ਕੈਲੰਡਰ ਦੀਆਂ ਤਾਰੀਖਾਂ ਲੱਭਣਾ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਇੱਕ ਨਵਾਂ ਤੌਖਲਾ ਪ੍ਰਚਲਿਤ ਕਰ ਦਿੱਤਾ ਕਿ ਜਿਸ ਤਰ੍ਹਾਂ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਬਦਲ ਰਹੀਆਂ ਹਨ, ਉਸ ਕਾਰਨ ਕੋਈ 13 ਹਜ਼ਾਰ ਸਾਲਾਂ ਬਾਅਦ ਪੋਹ ਦਾ ਮਹੀਨਾ ਗਰਮੀਆਂ ਵਿਚ ਅਤੇ ਹਾੜ ਦਾ ਮਹੀਨਾ ਸਰਦੀਆਂ ਵਿਚ ਆਉਣ ਲੱਗ ਪਏਗਾ। ਇਸ ਕਾਰਨ ਗੁਰਬਾਣੀ ਵਿਚ ਰੁੱਤਾਂ ਦੇ ਆਏ ਜ਼ਿਕਰ ਗਲਤ ਹੋ ਜਾਣਗੇ। ਗੁਰਬਾਣੀ ਤਾਂ ਪੋਹ ਦੇ ਠੰਢੇ ਅਤੇ ਹਾੜ ਮਹੀਨੇ ਦੇ ਤਪਣ ਦੀ ਗੱਲ ਕਰੇਗੀ ਪਰ ਅਸਲ ਵਿਚ ਪੋਹ ਗਰਮ ਹੋਏਗਾ ਅਤੇ ਹਾੜ ਠੰਢਾ। ਇਸ ਲਈ ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਬਾਰਾਂ ਮਾਹਾ ਅੰਦਰ ਆਏ ਮਹੀਨਿਆਂ ਦੀ ਲੰਬਾਈ ਨੀਯਤ ਕਰਕੇ ਇੱਕ ਨਵਾਂ ਕੈਲੰਡਰ ਘੜਨਾ ਪਏਗਾ (ਕੌਣ ਕਹਿੰਦਾ ਸਿੱਖ ਦੂਰ ਅੰਦੇਸ਼ ਨਹੀਂਂ ਹਨ!)। ਸ਼ ਪੁਰੇਵਾਲ ਦੇ ਇਸ ਤੌਖਲੇ ਕਾਰਨ ਬਹੁਤੇ ਸਿੱਖ ਧੁਰ ਅੰਦਰ ਤੱਕ ਹਿੱਲ ਗਏ ਜਿਨ੍ਹਾਂ ਵਿਚ ਡਾæ ਦਰਸ਼ਨ ਸਿੰਘ ਚੰਡੀਗੜ੍ਹ ਅਤੇ ਡਾæ ਬਲਵੰਤ ਸਿੰਘ ਢਿੱਲੋਂ ਵਰਗੇ ਯੂਨਵਰਸਿਟੀਆਂ ਦੇ ਪ੍ਰੋਫੈਸਰ ਵਿਦਵਾਨ ਵੀ ਸ਼ਾਮਿਲ ਸਨ। ਹੁਣ ਸਭ ਨੂੰ ਤਾਰੀਖਾਂ ਪੱਕੀਆਂ ਕਰਨ ਵਾਲੀ ਸਮੱਸਿਆ ਤਾਂ ਭੁੱਲ ਗਈ ਪਰ ਗੁਰਬਾਣੀ ਦੇ ਝੂਠੇ ਪੈ ਜਾਣ ਦਾ ਡਰ ਸਤਾਉਣ ਲੱਗ ਪਿਆ। ਇਸ ਡਰ ਦੀ ਤੀਬਰਤਾ ਅਜੇ ਤੱਕ ਘਟੀ ਨਹੀਂ। 16 ਜਨਵਰੀ 2015 ਨੂੰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਸੇ ਡਰ ਦੇ ਪ੍ਰਭਾਵ ਹੇਠ ਕਹਿ ਰਹੇ ਸਨ ਕਿ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਕਰਦੇ ਤਾਂ ਗੁਰਬਾਣੀ ਝੂਠੀ ਹੋ ਜਾਏਗੀ ਅਤੇ ਜੇ ਗੁਰਬਾਣੀ ਝੂਠੀ ਹੋ ਗਈ ਤਾਂ ਸਾਡੇ ਪੱਲੇ ਕੀ ਰਹਿ ਗਿਆ? ਆਪਣੀ ਜਾਚੇ ਜਥੇਦਾਰ ਨੰਦਗੜ੍ਹ ਗੁਰਬਾਣੀ ਨੂੰ ਝੂਠੀ ਪੈਣ ਤੋਂ ਬਚਾਉਣ ਦੇ ਯਤਨ ਕਰ ਰਹੇ ਹਨ ਪਰ ਗੁਰਬਾਣੀ ਦੇ ਝੂਠੇ ਪੈ ਜਾਣ ਦੇ ਡਰ ਤੋਂ ਕਾਇਲ ਲੋਕ ਇਹ ਨਹੀਂ ਸਮਝਦੇ ਕਿ ਇਸ ਤਰਕ ਮੁਤਾਬਕ ਤਾਂ ਫਿਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਗੁਰਬਾਣੀ ਪਹਿਲਾਂ ਹੀ ਝੂਠੀ ਪੈ ਚੁੱਕੀ ਹੈ ਕਿਉਂਕਿ ਉਥੇ ਨਾ ਤਾਂ ਪੋਹ ਮਹੀਨੇ ਠੰਢ ਪੈਂਦੀ ਹੈ ਅਤੇ ਨਾ ਹੀ ਹਾੜ ਮਹੀਨੇ ਗਰਮੀ। ਇਸੇ ਤਰ੍ਹਾਂ ਦੱਖਣੀ ਭਾਰਤ ਵਿਚ ਪੋਹ ਠੰਢਾ ਨਹੀਂ ਹੁੰਦਾ ਅਤੇ ਹਿਮਾਚਲ ਵਿਚ ਹਾੜ ਨਹੀਂ ਤਪਦਾ। ਇਸੇ ਤਰ੍ਹਾਂ ਕੱਤੇ ਨੂੰ ਬੀਜਾਈਆਂ ਅਤੇ ਵੈਸਾਖ ਨੂੰ ਵਾਢੀਆਂ ਦੀ ਦਲੀਲ ਦਿੱਤੀ ਜਾਂਦੀ ਹੈ। ਇਹ ਵੀ ਠੀਕ ਨਹੀਂ, ਕਿਉਂਕਿ ਕੈਨੇਡਾ ਵਿਚ ਬੀਜਾਈਆਂ ਵੈਸਾਖ ਜੇਠ ਅਤੇ ਵਾਢੀਆਂ ਅੱਸੂ ਕੱਤੇ ਵਿਚ ਹੁੰਦੀਆਂ ਹਨ, ਇਸ ਲਈ ਕੈਨੇਡਾ ਦੇ ਇਲਾਕੇ ਵਿਚ ਵੀ ਗੁਰਬਾਣੀ ਝੂਠੀ ਪੈ ਜਾਂਦੀ ਹੈ।
ਹੁਣ ਇੱਥੇ ਕਿਹੜਾ ਕੈਲੰਡਰ ਵਰਤਿਆ ਜਾਏ? ਕੀ ਗੁਰਬਾਣੀ ਇੱਕ ਖਾਸ ਇਲਾਕੇ ਲਈ ਹੈ? ਅਸਲ ਵਿਚ ਇਹ ਨਿਰਮੂਲ ਤੌਖਲਾ ਗੁਰਬਾਣੀ ਦੇ ਵਡੇਰੇ ਸੱਚ ਨੂੰ ਆਪਣੀ ਸੀਮਿਤ ਸਮਝ ਦੇ ਮੇਚ ਦਾ ਬਣਾਉਣ ਕਾਰਨ ਪੈਦਾ ਹੋਇਆ ਜਿਸ ਦਾ ਮੂਲ ਕਾਰਨ ਕੈਲੰਡਰ ਦੇ ਮਾਹਿਰ ਨੂੰ ਗੁਰਬਾਣੀ ਦਾ ਵੀ ਮਾਹਿਰ ਮੰਨ ਲਏ ਜਾਣ ਦੀ ਕੀਤੀ ਗਈ ਉਕਾਈ ਸੀ। ਇਹ ਜ਼ਰੂਰੀ ਨਹੀਂ ਕਿ ਹਸਪਤਾਲ ਦੀ ਵਧੀਆ ਇਮਾਰਤ ਬਣਾਉਣ ਵਾਲਾ ਇਮਾਰਤਸਾਜ਼ ਮਾਹਿਰ ਡਾਕਟਰ ਵੀ ਹੋਏ। ਸ਼ ਪੁਰੇਵਾਲ ਕੈਲੰਡਰ ਦੇ ਗਿਆਤਾ ਸਨ ਨਾ ਕਿ ਗੁਰਮਿਤ ਦੇ। ਸੋ, ਗੁਰਬਾਣੀ ਨੂੰ ਰੁੱਤਾਂ ਅਨਸਾਰ ਠੀਕ ਰੱਖਣ ਦੇ ਗਲਤ ਨੁਕਤੇ ਨੇ ਨਵਾਂ ਕੈਲੰਡਰ ਘੜਨ ਦੀ ਲੋੜ ਪੈਦਾ ਕਰ ਦਿੱਤੀ, ਜਿਸ ਦੀ ਕੋਈ ਜ਼ਰੂਰਤ ਹੈ ਹੀ ਨਹੀਂ ਸੀ ਕਿਉਂਕਿ ਗੁਰਬਾਣੀ ਦਾ ਸੱਚ ਸਰਬਵਿਆਪੀ ਹੈ, ਇਸ ਨੂੰ ਇੱਕ ਖਿੱਤੇ ਤੱਕ ਸੀਮਤ ਕਰਕੇ ਦੇਖਣਾ ਜਾਂ ਸਮਝਣਾ ਨਾਦਾਨੀ ਹੈ ਪਰ ਸ਼ ਪੁਰੇਵਾਲ ਵਲੋਂ ਇਸ ਤੌਖਲੇ ਨੂੰ ਲੋੜੋਂ ਵੱਧ ਤੂਲ ਦਿੱਤੇ ਜਾਣ ਕਾਰਨ ਚੰਗੇ ਭਲੇ ਬੁੱਧੀਜੀਵੀ ਵੀ ਇਸ ਡਰ ਦੇ ਸ਼ਿਕਾਰ ਹੋ ਗਏ ਅਤੇ ਅਜੇ ਵੀ ਇਸ ਭੈਅ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ।
ਸਿੱਖਾਂ ਦਾ ਇੱਕ ਵਰਗ ਇਸ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਤੀਕ ਸਮਝ ਕੇ ਇਸ ਨੂੰ “ਹਮ ਹਿੰਦੂ ਨਹੀਂਂ” ਦਾ ਆਖਰੀ ਐਲਾਨ ਜਾਣਦਾ ਹੈ। ਉਨ੍ਹਾਂ ਵਾਸਤੇ ਤਾਰੀਖਾਂ ਦੇ ਝਮੇਲੇ ਤੋਂ ਮੁਕਤ ਹੋਣਾ ਇੰਨਾ ਅਹਿਮ ਨਹੀਂ ਜਿੰਨਾ ਸਿੱਖਾਂ ਦਾ ਹਿੰਦੂਆਂ ਨਾਲੋਂ ਨਾੜੂਆ ਕੱਟੇ ਜਾਣ ਦੇ ਯਤਨ ਕਰਨਾ। ਉਨ੍ਹਾਂ ਲਈ ਇਹ ਜ਼ਰੂਰੀ ਨਹੀਂ ਕਿ ਕੈਲੰਡਰ ਵਿਚ ਕੀ ਹੋਏ, ਉਹ ਸਿਰਫ ਵੱਖਰਾ ਕੈਲੰਡਰ ਚਾਹੁੰਦੇ ਹਨ ਭਾਵੇਂ ਇਹ ਕੇਵਲ ਕਹਿਣ ਨੂੰ ਹੀ ਹੋਏ, ਜਿਵੇਂ ਹਿੰਦੂ ਮੈਰਿਜ ਐਕਟ ਦੇ ਤੱਤ ਨਾਲ ਬਹੁਤਾ ਲੈਣ-ਦੇਣ ਨਹੀਂ ਪਰ ਨਾਂ ਨਾਲ ਖਿਝ ਹੈ। ਇਸ ਲਈ ਵੱਖਰਾ ਅਨੰਦ ਮੈਰਿਜ ਐਕਟ ਹੋਣਾ ਚਾਹੀਦਾ ਹੈ ਜਿਸ ਦਾ ਪੂਰਾ ਤੱਤ ਭਾਵੇਂ ਹਿੰਦੂ ਐਕਟ ਵਾਲਾ ਹੀ ਕਿਉਂ ਨਾ ਹੋਏ। ਇਸ ਸੋਚ ਦੇ ਸਿੱਖਾਂ ਵਾਸਤੇ ਕੈਲੰਡਰ ਤਾਰੀਖਾਂ ਦਾ ਸਾਧਨ ਘੱਟ ਪਰ ਵੱਖਰੀ ਪਛਾਣ ਦਾ ਸੁਖਦ ਅਹਿਸਾਸ ਕਰਾਉਣ ਵਾਲਾ ਜ਼ਿਆਦਾ ਹੈ। ਪਰ ਕੋਈ ਵੀ ਇਹ ਨਹੀਂ ਸੋਚਦਾ ਕਿ ਵੱਖਰੀ ਪਛਾਣ ਬਣਾਉਣ ਲਈ ਵੱਖਰੇ ਕੈਲੰਡਰ ਦੀ ਥਾਂ ਕੁਝ ਦਿਨ ਵੱਖਰੇ ਮਨਾਉਣ ਦਾ ਹੀਆ ਵੀ ਕਰਨਾ ਪਏਗਾ। ਮਿਸਾਲ ਵਜੋਂ, ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣੀ ਬੰਦ ਕਰਨੀ ਪਏਗੀ, ਗੁਰੂ ਨਾਨਕ ਦਾ ਪੁਰਬ ਪੂਰਨਮਾਸ਼ੀ ਨਾਲੋਂ ਤੋੜਨਾ ਪਏਗਾ, ਹੋਲੇ ਦਾ ਦਿਨ ਨੀਯਤ ਕਰਨਾ ਪਏਗਾ ਅਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਨਾਲੋਂ ਤੋੜਨ ਦਾ ਜੇਰਾ ਕਰਨਾ ਪਵੇਗਾ। ਐਸਾ ਨਾ ਕਰਨ ਦੀ ਸੂਰਤ ਵਿਚ ਕੰਧ ‘ਤੇ ਟੰਗਿਆ ਕੋਈ ਵੀ ਕੈਲੰਡਰ ਵੱਖਰੀ ਪਛਾਣ ਦਾ ਪ੍ਰਤੀਕ ਨਹੀਂ ਹੋ ਸਕਦਾ ਕਿਉਂਕਿ ਪਛਾਣ ਅਮਲਾਂ ਨਾਲ ਬਣਦੀ ਹੈ ਨਾ ਕਿ ਕੈਲੰਡਰਾਂ ਨਾਲ। ਉਂਜ ਵੀ ਮਿਲਗੋਭਾ ਕਿਸਮ ਦਾ ਕੈਲੰਡਰ ਵੱਖਰੀ ਪਛਾਣ ਕਾਇਮ ਕਰਨ ਦੀ ਸਮਰੱਥਾ ਨਹੀਂ ਰੱਖਦਾ। ਜਿਸ ਕੈਲੰਡਰ ਵਿਚ 3 ਦਿਨ ਪੱਕੇ ਨਾ ਕੀਤੇ ਹੋਣ, ਉਸ ਕਾਰਨ ਵੱਖਰੇ ਬਖੇੜੇ ਤਾਂ ਖੜੇ ਹੋ ਸਕਦੇ ਹਨ ਪਰ ਵੱਖਰੀ ਪਛਾਣ ਪੈਦਾ ਨਹੀਂ ਹੋ ਸਕਦੀ।
ਕੀ ਵੱਖਰੇ ਕੈਲੰਡਰ ਦੀ ਲੋੜ ਹੈ ਵੀ? ਕੈਲੰਡਰ ਦੁਨਿਆਵੀ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਤਾਰੀਖਾਂ ਦੀ ਜਾਣਕਾਰੀ ਦਾ ਸਾਧਨ ਹਨ। ਸਿੱਖਾਂ ਦੇ ਸਭ ਕਾਰਜ ਪ੍ਰਚਲਿਤ ਈਸਵੀ ਕੈਲੰਡਰ ਦੀ ਵਰਤੋਂ ਨਾਲ ਰਾਸ ਆ ਸਕਦੇ ਹਨ। ਇਸ ਲਈ ਨਵੇਂ ਕੈਲੰਡਰ ਦੀ ਘਾੜਤ ਘੜਨ ਦੀ ਜ਼ਰੂਰਤ ਹੀ ਨਹੀਂ ਸੀ। ਇੰਜ ਲਗਦਾ ਹੈ ਜਿਵੇਂ ਸ਼ ਪੁਰੇਵਾਲ ਨੇ ਰੁੱਤਾਂ ਅਤੇ ਗੁਰਬਾਣੀ ਦਾ ਤਾਲਮੇਲ ਵਿਗੜ ਜਾਣ ਦਾ ਖੌਫ ਖੜਾ ਕਰਕੇ ਨਵਾਂ ਕੈਲੰਡਰ ਘੜਨ ਦੀ ਲੋੜ ਮਹਿਸੂਸ ਕਰਵਾ ਕੇ ਗੰਜਿਆਂ ਨੂੰ ਕੰਘੀਆਂ ਵੇਚਣ ਵਾਲੀ ਗੱਲ ਕੀਤੀ ਹੋਏ। ਵੱਖਰੀ ਪਛਾਣ ਵਾਲਾ ਮਸਲਾ ਵੀ ਨਵੇਂ ਕੈਲੰਡਰ ਦੇ ਖਲਜਗਣ ਵਿਚ ਪੈਣ ਤੋਂ ਬਿਨਾ ਸਹਿਜੇ ਹੀ ਹੱਲ ਕੀਤਾ ਜਾ ਸਕਦਾ ਹੈ। ਜੇਕਰ ਸਾਰਾ ਜ਼ੋਰ ਲਾ ਕੇ ਕੈਲੰਡਰ ਬਣਾ ਵੀ ਲਿਆ ਜਾਂਦਾ ਹੈ ਤਾਂ ਇਸ ਦੀ ਰੋਜ਼ਾਨਾ ਜ਼ਿੰਦਗੀ ਵਿਚ ਤਾਂ ਵਰਤੋਂ ਫਿਰ ਵੀ ਨਹੀਂ ਹੋ ਸਕੇਗੀ। ਅਸੀਂ ਸਾਰੇ ਕਾਰ ਵਿਹਾਰ ਤਾਂ ਈਸਵੀ ਕੈਲੰਡਰ ਮੁਤਾਬਕ ਹੀ ਕਰਦੇ ਹਾਂ ਅਤੇ ਕਰਦੇ ਰਹਾਂਗੇ।
ਕੈਲੰਡਰ ਵਿਵਾਦ ਦੇ ਦੁਰਪ੍ਰਭਾਵ? ਕੈਲੰਡਰ ਦੀ ਨਿਰਮੂਲ ਅਤੇ ਬੇਲੋੜੀ ਬਹਿਸ ਵਿਚ ਕੋਈ 20 ਸਾਲ ਦਾ ਸਮਾਂ ਅਤੇ ਸ਼ਕਤੀ ਹੀ ਵਿਅਰਥ ਨਹੀਂ ਗਈ ਸਗੋਂ ਇਸ ਵਿਵਾਦ ਕਾਰਨ ਭਾਈਚਾਰੇ ਵਿਚ ਇੱਕ ਹੋਰ ਵੰਡ ਪੈਦਾ ਹੋ ਗਈ। ਖਰਾਬ ਰਹੇ ਹਾਲਾਤ ਦੌਰਾਨ ਜਦੋਂ ਬੰਦੂਕ ਨੇ ਅਕਲ ਅੱਗੇ ਲਾਈ ਹੋਈ ਸੀ, ਉਦੋਂ ਹੀ ਸਿੱਖ ਪੰਥ ਦੇ ਵਿਹੜੇ ਵਿਚ ਬੌਧਿਕ ਰੇਗਿਸਤਾਨ ਪਸਰਨਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਕੈਲੰਡਰ ਵਰਗੇ ਨਿਗੂਣੇ ਮੁੱਦਿਆਂ ਦੇ ਮੋਢੇ ਚੜ੍ਹ ਕੇ ਹੋਰ ਦੂਣ ਸਵਾਇਆ ਹੋ ਗਿਆ ਹੈ। ਇਸ ਸਮੇਂ ਨੂੰ ਕਿਸੇ ਚੰਗੀ ਭਵਿੱਖੀ ਨੀਤੀ ਦੀ ਘਾੜਤ ਲੇਖੇ ਲਾਇਆ ਜਾ ਸਕਦਾ ਸੀ।
ਹੱਲ ਕੀ ਹੈ? ਕੈਲੰਡਰ ਨਾਲ ਕੋਈ ਵੱਡੀ ਸਮੱਸਿਆ ਜੁੜੀ ਹੋਈ ਨਹੀਂ ਸੀ। ਬੁਨਿਆਦੀ ਤਕਲੀਫ ਤਾਰੀਖਾਂ ਦਾ ਬਦਲਦੇ ਰਹਿਣ ਕਾਰਨ ਆ ਰਹੀਆਂ ਮਾਮੂਲੀ ਦਿੱਕਤਾਂ ਸਨ, ਜਿਨ੍ਹਾਂ ਦੇ ਹੱਲ ਲਈ ਹਰ ਸਾਲ ਮਨਾਏ ਜਾਣ ਵਾਲੇ 10-12 ਅਹਿਮ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰ ਲਈਆਂ ਜਾਣੀਆਂ ਚਾਹੀਦੀਆਂ ਸਨ ਅਤੇ ਬਾਕੀ ਸਭ ਕੁਝ ਸਥਾਨਕ ਲੋਕਾਂ ਨੂੰ ਆਪੋ ਆਪਣੀ ਸਹੂਲਤ ਮੁਤਾਬਕ ਕਰ ਲੈਣ ਲਈ ਕਹਿ ਦੇਣਾ ਚਾਹੀਦਾ ਸੀ। ਜਿਵੇਂ ਕਿ ਗੁਰੂਆਂ ਦੇ ਪੁਰਬ ਤਾਂ ਸਾਰੇ ਸੰਸਾਰ ਵਿਚ ਮਨਾਏ ਜਾਂਦੇ ਹਨ, ਇਸ ਲਈ ਇਹ ਤਾਰੀਖਾਂ ਪੱਕੀਆਂ ਹੋ ਜਾਣ ਨਾਲ ਸਭ ਨੂੰ ਸੌਖਾ ਹੋ ਜਾਏਗਾ ਪਰ ਬਾਬੇ ਬੁੱਢੇ ਦਾ ਜਨਮ ਦਿਨ ਤਾਂ ਸਾਰੇ ਸੰਸਾਰ ਵਿਚ ਨਹੀਂ ਮਨਾਇਆ ਜਾਂਦਾ, ਇਸ ਲਈ ਐਸੇ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ‘ਤੇ ਜ਼ੋਰ ਲਾਉਣ ਨਾਲੋਂ ਸਥਾਨਕ ਲੋਕਾਂ ਉਪਰ ਛੱਡ ਦੇਣਾ ਯੋਗ ਹੋਏਗਾ। ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਿਠਾਉਣ ਲਈ ਕੈਲੰਡਰ ਬਣਾਉਣ ਵਾਲਾ ਫੁਰਨਾ ਗੈਰ ਸਿਧਾਂਤਕ ਹੋਣ ਕਾਰਨ ਛੱਡ ਦੇਣਾ ਵਾਜਿਬ ਹੋਏਗਾ।
ਜਿਨ੍ਹਾਂ ਵੱਖਰੀ ਪਛਾਣ ਦੇ ਯਤਨ ਕਰਨੇ ਹਨ, ਉਨ੍ਹਾਂ ਲਈ ਵੱਖਰਾ ਕੈਲੰਡਰ ਯੋਗ ਰਾਹ ਸਾਬਿਤ ਨਹੀਂ ਹੋਇਆ। ਉਨ੍ਹਾਂ ਨੂੰ ਵੱਖਰੀ ਪਛਾਣ ਲਈ ਵੱਡੇ ਯਤਨ ਕਰਨੇ ਪੈਣਗੇ। ਜਿਨ੍ਹਾਂ ਵਿਚ ਲੋਕਾਂ ਨੂੰ ਵੱਡੀਆਂ ਤਬਦੀਲੀਆਂ, ਜਿਵੇਂ ਦੀਵਾਲੀ, ਪੂਰਨਮਾਸ਼ੀ, ਮੱਸਿਆ ਆਦਿ ਤੋਂ ਮੁਕਤ ਹੋਣ, ਗੁਰੂ ਨਾਨਕ ਦਾ ਪੁਰਬ ਪੁਰਨਮਾਸ਼ੀ ਨਾਲੋਂ ਅਲੱਗ ਕਰਨ, ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਨਾਲੋਂ ਅਲੱਗ ਕਰਨ, ਹੋਲੇ ਦਾ ਦਿਨ ਮੁਕੱਰਰ ਕਰਨ ਅਤੇ ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣਾ ਬੰਦ ਕਰਨ ਆਦਿ ਵਾਸਤੇ ਤਿਆਰ ਕਰਨਾ ਹੋਏਗਾ ਕਿਉਂਕਿ ਵੱਖਰੀ ਪਛਾਣ ਵੱਖਰੇ ਕਰਮ ਕਰਨ ਨਾਲ ਬਣਦੀ ਹੈ ਨਾ ਕਿ ਕੰਧ ਉਪਰ ਟੰਗੇ ਕਿਸੇ ਕੈਲੰਡਰ ਨਾਲ।