ਮਨੁੱਖੀ ਹੱਕਾਂ ਲਈ ਜੂਝਣ ਵਾਲੇ ਮਾਰਟਿਨ ਲੂਥਰ ਕਿੰਗ ਬਾਰੇ ਸ਼ ਚਰਨਜੀਤ ਸਿੰਘ ਪੰਨੂ ਦਾ ਇਹ ਲੇਖ ਬੜਾ ਦਿਲਚਸਪ ਹੈ। ਵ੍ਹਾਈਟ ਹਾਊਸ ਵੱਲ ਜਾ ਰਿਹਾ ਲੇਖਕ ਆਪਣੇ ਆਲੇ-ਦੁਆਲੇ ਨੂੰ ਗਹੁ ਨਾਲ ਵਾਚ ਰਿਹਾ ਹੈ ਅਤੇ ਕਿਸੇ ਕਾਰੀਗਰ ਵਾਂਗ ਕਾਗਜ਼ ਤੇ ਮਨ ਦੀ ਤਖਤੀ ਉਤੇ ਨਾਲੋ-ਨਾਲ ਸ਼ਬਦਾਂ ਦੀ ਚਿਣਾਈ ਕਰੀ ਜਾਂਦਾ ਹੈ।
ਸ਼ਬਦਾਂ ਦੀ ਇਹ ਉਹੀ ਚਿਣਾਈ ਹੈ ਜਿਹੜੀ ‘ਮੇਰੀ ਵ੍ਹਾਈਟ ਹਾਊਸ ਫੇਰੀ’ ਕਿਤਾਬ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਆ ਚੁੱਕੀ ਹੈ। ਇਸ ਲੇਖ ਵਿਚ ਲੇਖਕ ਡਰਾਈਵਰ ਦੇ ਬਹਾਨੇ ਮਾਰਟਿਨ ਲੂਥਰ ਕਿੰਗ ਬਾਰੇ ਭਰਪੂਰ ਜਾਣਕਾਰੀ ਦੇ ਗਿਆ ਹੈ। -ਸੰਪਾਦਕ
ਚਰਨਜੀਤ ਸਿੰਘ ਪੰਨੂ
‘ਅਸਲ ਵਿਚ ਮਾਰਟਿਨ ਲੂਥਰ ਮੇਰਾ ਵਡੇਰਾ ਬਾਬਾ ਪੜਦਾਦਾ ਬੜਾ ਵੱਡਾ ਕ੍ਰਾਂਤੀਕਾਰੀ, ਮੇਰਾ ਆਦਰਸ਼ ਪਾਤਰ ਹੈ ਜਿਸ ਨੇ ਜਰਮਨੀ ਤੋਂ ਆਪਣੀ ਪ੍ਰੋਟੈਸਟੈਂਟ ਸਮਾਜ ਸੁਧਾਰਕ ਲਹਿਰ ਚਲਾਈ ਸੀ। ਉਸ ਨੇ ਚਰਚ ਦੀਆਂ ਫੋਕਟ ਥੋਥੀਆਂ ਮਰਿਆਦਾਵਾਂ ਦਾ ਮਜ਼ਾਕ ਉਡਾਇਆ ਤੇ ਪੋਪ ਪਾਲ ਨੂੰ ਚੈਲੇਂਜ ਕੀਤਾ। ਪੋਪ ਕਹਿੰਦਾ ਸੀ ਕਿ ਤੁਸੀਂ ਮੈਨੂੰ ਧਨ ਦਿਓ, ਮੈਂ ਤੁਹਾਨੂੰ ਬਹਿਸ਼ਤ ਵਿਚ ਪਹੁੰਚਾ ਦਿਆਂਗਾ। ਇਹ ਸ਼ਰਤ ਮਾਰਟਿਨ ਲੂਥਰ ਦੇ ਮੁਆਫ਼ਕ ਨਹੀਂ ਬੈਠੀ ਤੇ ਦੋਹਾਂ ਵਿਚਾਰਧਾਰਾਵਾਂ ਦਾ ਭੇੜ ਸ਼ੁਰੂ ਹੋ ਗਿਆ। ਮਾਰਟਿਨ ਲੂਥਰ ਨੇ ਕਿਹਾ ਕਿ ਮਨੁੱਖ ਚੰਗੇ ਕਰਮ ਕਮਾ ਕੇ ਸਵਰਗ ਵਿਚ ਜਾ ਸਕਦਾ ਹੈ, ਨਾ ਕਿ ਵੱਢੀ ਦੇ ਕੇ। ਉਸ ਨੇ ਕੈਥੋਲਿਕ ਚਰਚ ਦੀਆਂ ਸਰਗਰਮੀਆਂ ਦਾ 95 ਧਾਰਾਵਾਂ ਵਾਲਾ ਚਾਰਟਰ ਬਣਾਇਆ ਜਿਸ ਵਿਚ ਚਰਚ ਨੂੰ ਪਬਲਿਕ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਉਸ ਨੇ ਸ਼ਰੇਆਮ ਕਿਹਾ ਕਿ ਇਹ ਧਾਰਮਿਕ ਸੰਸਥਾ ਰਿਸ਼ਵਤਖੋਰ ਹੈ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਸ ਨੇ ਬਰਾਬਰ ਦਾ ਨਵਾਂ ਧਰਮ ਖੜ੍ਹਾ ਕਰ ਦਿੱਤਾ ਜਿਸ ਦਾ ਨਾਂ ਲੂਥਰਿਜ਼ਮ ਪੈ ਗਿਆ। ਚਰਚ ਨੇ ਉਸ ਦੇ ਸੁਧਾਰਵਾਦੀ ਨੁਕਤਿਆਂ ਦਾ ਮੁਕਾਬਲਾ ਕੀਤਾ ਪਰ ਕਾਮਯਾਬ ਨਾ ਹੋਏ। ਉਸ ਨੂੰ ਕੱਟੜ ਕੈਥੋਲਿਕ ਪਾਦਰੀਆਂ ਨੇ ਗੁੰਮਰਾਹੀਆ ਕਹਿ ਕੇ ਗਿਰਜਾਘਰ ਅੰਦਰ ਹੀ 18 ਫਰਵਰੀ 1546 ਨੂੰ ਮਰਵਾ ਦਿੱਤਾ ਸੀ ਕਿਉਂਕਿ ਉਹ ਉਨ੍ਹਾਂ ਦੇ ਫੋਕੇ ਅਡੰਬਰਾਂ ਦੀ ਡਟ ਕੇ ਨੁਕਤਾਚੀਨੀ ਕਰਦਾ ਸੀ। ਕਿੰਨੀਆਂ ਸਦੀਆਂ ਅਣਮਨੁੱਖੀ ਅੱਤਿਆਚਾਰ, ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨਾਲ ਖੇਡਦਾ ਰਿਹਾ।’
—
‘ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਵੀ ਅਮਰੀਕੀ ਸ਼ਹਿਰੀਆਂ ਅੰਦਰ ਸਮਾਜਕ ਨਾ-ਬਰਾਬਰੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਆਰਥਿਕ ਪਾੜਾ ਮਿਟਾਉਣ ਖ਼ਾਤਰ ਆਪਣੀ ਸਾਰੀ ਜ਼ਿੰਦਗੀ ਝੋਕ ਦਿੱਤੀ। ਉਸ ਦਾ ਸੁਪਨਾ ਸੀ ਕਿ ਹਰ ਜਾਤ, ਧਰਮ, ਨਸਲ ਦੇ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ, ਅਮਰੀਕਾ ਦੀ ਖੁਸ਼ਹਾਲੀ ਵਿਚ ਹਿੱਸੇਦਾਰ ਬਣਨ ਦਾ ਮੌਕਾ ਮਿਲੇ। ਪਛੜੇ ਤੇ ਲਿਤਾੜੇ ਲੋਕਾਂ ਉਤੇ ਤਸ਼ੱਦਦ ਤੇ ਬੇਇਨਸਾਫੀਆਂ ਦਾ ਦਰਦ ਉਸ ਦੇ ਸੀਨੇ ਵਿਚ ਚੋਭ ਲਾਉਂਦਾ ਤੇ ਉਹ ਇਸ ਦੇ ਹੱਲ ਲਈ ਢੰਗ-ਤਰੀਕੇ ਖੋਜਦਾ। ਉਹ ਬੜਾ ਸੁਲਝਿਆ ਨਿਡਰ ਨਿਧੜਕ ਸਮਾਜਕ ਆਗੂ ਸੀ। ਉਸ ਨੇ ਸਮਾਜਕ ਲੋਟੂਆਂ ਤੋਂ ਨਿਰਭੈ ਹੋ ਕੇ ਬਹਾਦਰੀ ਨਾਲ ਇਕਸਾਰ ਬਰਾਬਰ ਸਿਵਲ ਰਾਈਟ ਦੀ ਵਕਾਲਤ ਕੀਤੀæææ।’
ਹੁਣ ਉਸ ਦੀ ਸੂਈ ਅਬਰਾਹਮ ਲਿੰਕਨ ਤੋਂ ਹਟ ਕੇ ਮਾਰਟਿਨ ਲੂਥਰ ਕਿੰਗ ‘ਤੇ ਜਾ ਟਿਕੀ।æææ
ਉਹ 1950 ਤੋਂ 1960 ਦਰਮਿਆਨ ਮਨੁੱਖੀ ਹੱਕਾਂ ਬਾਰੇ ਸੱਤਿਆਗ੍ਰਹਿਆਂ ਦਾ ਸਰਬਰਾਹ ਸੀ। ਇਸੇ ਕਰ ਕੇ ਉਹ ਗ਼ਰੀਬਾਂ ਤੇ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਕਰ ਕੇ ਜਾਣਿਆ ਜਾਂਦਾ ਹੈ। 1963 ਵਿਚ ਦੋ ਲੱਖ ਕਾਲੇ ਲੋਕ ਆਪਣੇ ਨਾਲ ਹੁੰਦੇ ਮਾੜੇ ਸਲੂਕ ਖਿਲਾਫ਼ ਆਪਣੇ ਵਾਜਬ ਨਿਆਇਕ ਹੱਕਾਂ ਲਈ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ ਵਿਚ ਨੈਸ਼ਨਲ ਮਾਲ ‘ਤੇ ਮੁਜ਼ਾਹਰੇ ਵਿਚ ਇਕੱਠੇ ਹੋਏ।æææਡਾਕਟਰ ਮਾਰਟਿਨ ਲੂਥਰ ਕਿੰਗ ਦੀ ਜੋਸ਼ੀਲੀ ਤਕਰੀਰ ‘ਮੇਰਾ ਇੱਕ ਸੁਪਨਾ ਹੈ’ ਨੇ ਸਰਕਾਰ ਦੇ ਕੰਨ ਖੋਲ੍ਹ ਦਿੱਤੇ।
ਰਾਤੀਂ ਸੁੱਤੇ ਪਏ ਮੈਨੂੰ ਸੁਹਣਾ ਖ਼ਾਬ ਆ ਗਿਆ, ਵੈਰੀ ਭੱਜ ਗਏ ਸਾਰੇ, ਇਨਕਲਾਬ ਆ ਗਿਆæææ।
—
‘ਗ਼ੁਲਾਮੀ ਦਾ ਧੱਬਾ ਸਦੀਆਂ ਤੱਕ ਇਕੱਲੇ ਅਮਰੀਕਾ ਹੀ ਨਹੀਂ, ਸਾਰੀ ਦੁਨੀਆਂ ਦਾ ਮੱਥਾ ਡੰਗਦਾ ਰਿਹਾ।’ ਫਿਰ ਉਸ ਦੇ ਟੈਲੀਫ਼ੋਨ ਦੀ ਘੰਟੀ ਨੇ ਉਸ ਦੀ ਕਹਾਣੀ ਬਰੇਕ ਕਰ ਦਿੱਤੀ, ਤੇ ਉਹ ਸੁਣਨ ਲਈ ਪਾਸੇ ਹੋ ਗਿਆ।
—
ਨੇੜੇ ਪਾਰਕ ਕੰਢੇ ਦਸ ਵੀਹ ਲੋਕਾਂ ਦੇ ਇਕੱਠ ਵੱਲ ਮੇਰੇ ਪੈਰ ਵਧ ਗਏ। ਪਤਲਾ ਮਾੜਕੂ ਜਿਹਾ ਕਲਾਕਾਰ ਜਾਪਦਾ ਕਾਲਾ, ਮਜਮਾ ਲਾਈ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।æææ
‘ਜੁਲਾਈ 1704 ਵਿਚ ਆਜ਼ਾਦੀ ਦੇ ਐਲਾਨ ਨਾਲ ਆਜ਼ਾਦ ਅਮਰੀਕਾ ਹੋਂਦ ਵਿਚ ਆਇਆ। ਅਮਰੀਕੀ ਲੋਕ ਆਜ਼ਾਦ ਹੋ ਗਏ ਪਰ ਆਜ਼ਾਦੀ ਦਾ ਇਹ ਅੰਮ੍ਰਿਤ ਕਾਲੇ ਲੋਕਾਂ ਦੀ ਪਹੁੰਚ ਤੋਂ ਇਨਕਾਰੀ ਹੋ ਗਿਆ। ਨੀਗਰੋ ਗੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਅਣਤੋਲਿਆ ਯੋਗਦਾਨ ਹੋਣ ਦੇ ਬਾਵਜੂਦ, ਇਹ ਗੁਲਾਮ ਦੇ ਗੁਲਾਮ ਹੀ ਰਹੇ। ਆਜ਼ਾਦ ਅਮਰੀਕਾ ਦੇ ਸਾਮੰਤੀ ਸਮਾਜ ਵਿਚ ਅਜੇ ਵੀ ਉਹ ਨੀਚ ਜਾਤੀ ਸਮਝ ਕੇ ਦੁਰਕਾਰੇ ਜਾਂਦੇ ਸਨ। ਉਹ ਆਪਣੇ ਜ਼ਿਮੀਂਦਾਰ ਮਾਲਕਾਂ ਹੱਥੋਂ ਅਤਿਆਚਾਰ ਅਤੇ ਦਰਿੰਦਗੀ ਦਾ ਸ਼ਿਕਾਰ ਹੁੰਦੇ ਰਹੇ। ਜਦ ਵੀ ਕਦੇ ਉਨ੍ਹਾਂ ਆਪਣਾ ਸਿਰ ਜਾਂ ਜ਼ਬਾਨ ਕੱਢਣ ਦੀ ਕੋਸ਼ਿਸ਼ ਕੀਤੀ, ਸਾਮਰਾਜੀ ਤਾਕਤਾਂ ਨੇ ਉਨ੍ਹਾਂ ਦੇ ਵਿਦਰੋਹ ਬੜੀ ਕਰੂਰਤਾ ਨਾਲ ਕੁਚਲਣ ਦੇ ਹੁਕਮ ਚਾੜ੍ਹ ਦਿੱਤੇ। ਪਿਤਾ ਪੁਰਖੀ ਖਾਨਦਾਨਾਂ ਤੋਂ ਲੈ ਕੇ ਹੁਣ ਤੱਕ ਉਹ ਆਪਣੇ ਮਾਲਕਾਂ ਦੀ ਬੰਧੂਆ ਮਜ਼ਦੂਰੀ ਕਰਦੇ ਰਹੇ। ਉਸ ਤੋਂ ਬਾਅਦ ਵੀ ਕਈ ਵੇਰਾਂ ਸੱਤਿਆਗ੍ਰਹਿ ਹੁੰਦੇ ਰਹੇ, ਤੇ ਅਖੀਰ ਸਭ ਜਾਤਾਂ ਧਰਮਾਂ ਦੇ ਅਮਰੀਕੀ ਲੋਕਾਂ ਨੂੰ ਬਰਾਬਰ ਦੇ ਹੱਕ ਮਿਲ ਗਏ। ਅਮਰੀਕੀ ਇਨਕਲਾਬ ਪਿੱਛੋਂ ਯਹੂਦੀਆਂ ਨੂੰ ਬਰਾਬਰ ਸ਼ਹਿਰੀ ਹੱਕ ਮਿਲ ਗਏ, ਪਰ ਬੰਦੀ ਵਪਾਰ ਜਾਰੀ ਰਿਹਾ। ਇਸ ਵਪਾਰ ਵਿਚ ਕੱਝ ਅਮੀਰ ਯਹੂਦੀ ਵੀ ਸ਼ਾਮਲ ਸਨ।æææ
ਉਸ ਭਿਅੰਕਰ ਮਹਾਂਕਾਲ ਵਿਚ ਅਫਰੀਕਾ ਤੋਂ ਇੱਕ ਨੀਗਰੋ ਗੁਲਾਮ 100 ਗੈਲਨ ਰੰਮ, 100 ਪੌਂਡ ਬਾਰੂਦ ਜਾਂ 20 ਡਾਲਰ ਬਦਲੇ ਖਰੀਦਿਆ ਜਾਂਦਾ ਸੀ, ਤੇ ਅਮਰੀਕਾ ਪਹੁੰਚ ਕੇ ਉਸ ਦਾ ਮੁੱਲ ਸੌ ਗੁਣਾ ਵਧ ਜਾਂਦਾ ਸੀ। ਡੰਗਰਾਂ ਵਾਂਗ ਉਨ੍ਹਾਂ ਦੇ ਸਰੀਰ ‘ਤੇ ਗਰਮ ਲੋਹੇ ਨਾਲ ਪਛਾਣ ਨੰਬਰ (ਚਿੱਪ) ਦੇ ਠੱਪੇ ਲਗਾਏ ਜਾਂਦੇ ਸਨ। ਸਿਰਫ 1756 ਦੇ ਇੱਕ ਸਾਲ ਵਿਚ ਨਿਊ-ਪੋਰਟ ਸ਼ਹਿਰ ਵਿਚ 4697 ਅਫਰੀਕੀ ਵੇਚੇ ਤੇ ਖਰੀਦੇ ਗਏ। 1661 ਤੋਂ 1774 ਦੇ 113 ਸਾਲਾ ਬੰਦੀ-ਵਪਾਰ ਵਿਚ ਗਿਆਰਾਂ ਕਰੋੜ ਅਫਰੀਕੀ ਕਾਲੇ ਲੋਕ ਜਹਾਜਾਂ ‘ਤੇ ਲੱਦ ਕੇ ਯੂਰਪੀ ਬਸਤੀਆਂ ਨੂੰ ਸਮੱਗਲ ਕੀਤੇ ਗਏ ਜਿਨ੍ਹਾਂ ਵਿਚੋਂ ਕੇਵਲ ਇੱਕ ਕਰੋੜ ਦਸ ਲੱਖ ਮੁਕਾਮ ‘ਤੇ ਪਹੁੰਚੇ; ਬਾਕੀ ਰਸਤੇ ਵਿਚ ਹੀ ਮਰ-ਖਪ ਗਏ। ਬਾਅਦ ਵਿਚ 113 ਸਾਲਾਂ ਦੇ ਯਹੂਦੀ ਜ਼ੁਲਮਾਂ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਉਨ੍ਹਾਂ ਕਈ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਜ਼ੁਲਮਾਂ ਦੀ ਦਾਸਤਾਨ ਕੁਰੇਦ ਕੇ, ਖੋਜ ਕਰ ਕੇ ਆਉਂਦੀਆਂ ਪੁਸ਼ਤਾਂ ਲਈ ਸੰਭਾਲਣ ਦਾ ਪਰਉਪਕਾਰ ਕਰ ਛੱਡਿਆ ਹੈ।’
ਸਾਫ ਜ਼ਾਹਿਰ ਸੀ, ਇਹ ਪਛੜੇ ਲੋਕ (ਸਰਕਾਰ ਦੇ ਨਿਯਮਾਂ ਅਨੁਸਾਰ ਭਾਈਵਾਲ) ਅਜੇ ਵੀ ਆਪਣੇ ਹੱਕ ਪ੍ਰਾਪਤ ਕਰਨ ਲਈ ਜੂਝ ਰਹੇ ਹਨ।
‘ਵੇਖਿਆ! ਸੁਣ ਲਿਆ ਤੁਸੀਂ? ਕਿੰਗ ਜੂਨੀਅਰ ਦੀਆਂ ਤੋਪੇ-ਤੋੜ ਤਕਰੀਰਾਂ ਨੇ ਇਨ੍ਹਾਂ ਸਾਮਰਾਜੀਆਂ ਦੇ ਸੀਨੇ ਛਲਣੀ ਕਰ ਦਿੱਤੇ।’
—
‘ਅਮਰੀਕਾ ਵਿਚ ਰਹਿਣ ਵਾਲੇ ਕਾਲਿਆਂ ਨਾਲ ਬਹੁਤ ਮਾੜੀ ਹੋਈ। ਸ਼ੁਰੂ ਤੋਂ ਉਨ੍ਹਾਂ ਨੂੰ ਗੁਲਾਮ ਬਣਾ ਕੇ ਇੱਥੇ ਲਿਆਂਦਾ ਜਾਂਦਾ ਰਿਹਾ। ਔਰਤਾਂ, ਮਰਦਾਂ, ਬੱਚਿਆਂ ਦੀ ਮੰਡੀ ਵਿਚ ਇਹ ਉਚੇ-ਲੰਮੇ ਕੱਦ ਕਾਠ ਵਾਲੇ ਕਾਲੇ ਵਿਕਦੇ ਰਹੇ, ਇਨ੍ਹਾਂ ਦੀ ਬੋਲੀ ਲੱਗਦੀ ਰਹੀ। ਜਿਹੜਾ ਮਰਜ਼ੀ ਵੱਧ ਬੋਲੀ ਦੇ ਕੇ ਲੈ ਜਾਏ ਤੇ ਆਪਣਾ ਮਨਭਾਉਂਦਾ ਕੰਮ ਕਰਵਾਏ। ਪਸ਼ੂਆਂ ਵਾਂਗ ਇਹ ਕਿੱਲਿਆਂ ਨਾਲ ਬੱਧੇ ਜਾਂਦੇ ਰਹੇ। ਪਸ਼ੂਆਂ ਵਾਂਗ ਵੇਚੇ ਖਰੀਦੇ ਜਾਂਦੇ। ਇਨ੍ਹਾਂ ਦੀ ਆਪਣੀ ਕੋਈ ਆਵਾਜ਼ ਹੀ ਨਹੀਂ ਸੀ। ਸਦੀਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੇ ਵੀ ਅੰਗਰੇਜ਼ਾਂ ਦਾ ਬੋਰੀਆ-ਬਿਸਤਰਾ ਗੋਲ ਕਰਾਉਣ ਵਿਚ ਅਮਰੀਕੀ ਲੋਕਾਂ ਨਾਲ ਡਟ ਕੇ ਹੱਥ ਵਟਾਇਆ ਤੇ ਅਨੇਕਾਂ ਕਸ਼ਟ ਸਹਾਰੇ।
ਸਦੀਆਂ ਤੋਂ ਦੱਬੇ ਕੁਚਲੇ ਲਿਤਾੜੇ ਲੋਕਾਂ ਦੀ ਬਾਂਹ ਫੜਨ ਦੀ ਕਿਸੇ ਨੇ ਜੁਰਅਤ ਨਹੀਂ ਕੀਤੀ। ਜੇ ਕੀਤੀ ਹੈ ਤਾਂ ਉਸ ਨੂੰ ਸਰਮਾਏਦਾਰੀ ਦੀ ਗੋਲੀ ਨੇ ਫੁੰਡ ਦਿੱਤਾ। ਉਹ ਸ਼ੇਰ ਬਹਾਦਰ ਅਖੀਰ ਇਨ੍ਹਾਂ ਮੁਤਅੱਸਬ ਲੋਕਾਂ ਦੇ ਜਾਤੀ ਵਿਤਕਰੇ ਤੇ ਨਫਰਤ ਦਾ ਸ਼ਿਕਾਰ ਹੋ ਗਿਆ। ਉਸ ਨੂੰ ਕੱਟੜ ਦਵੈਸ਼ੀ ਗੋਰੇ ਨੇ ਚਾਰ ਅਪਰੈਲ 1968 ਨੂੰ ਘਾਤ ਲਗਾ ਕੇ ਗੋਲੀਆਂ ਮਾਰੀਆਂ ਅਤੇ ਉਸ ਦੀ ਜ਼ਬਾਨ ਹਮੇਸ਼ਾ ਲਈ ਬੰਦ ਕਰ ਦਿੱਤੀ। ਉਹ ਸਾਰੀ ਹਯਾਤੀ ਮਨੁੱਖ ਦੇ ਸਰਵੋਤਮ ਅਧਿਕਾਰਾਂ ਦੀ ਵਕਾਲਤ ਕਰਦਾ ਰਿਹਾ। ਉਹ ਸਿਸਟਮ ਵਿਚਲੀ ਅਰਾਜਕਤਾ, ਧਿੰਗੋਜ਼ੋਰੀ ਤੇ ਬਦ-ਇੰਤਜ਼ਾਮੀ ਦਾ ਸ਼ਿਕਾਰ ਹੋ ਗਿਆ ਜਿਸ ਦੇ ਖਿਲਾਫ ਉਹ ਸਾਰੀ ਉਮਰ ਲੜਦਾ ਰਿਹਾ। ਸੱਚ ਕਦੇ ਮਰਦਾ ਨਹੀਂæææ ਸੱਚ ਦੀ ਆਵਾਜ਼ ਕਦੇ ਦਮ ਨਹੀਂ ਤੋੜ ਸਕਦੀæææਮਸੀਹੇ ਦੇ ਮਰਨ ਤੋਂ ਬਾਅਦ ਵੀ ਇਹ ਲਹਿਰ ਪ੍ਰਚੰਡ ਰੂਪ ਧਾਰ ਕੇ ਕਾਤਲਾਂ ਦਾ ਪਿੱਛਾ ਕਰ ਰਹੀ ਹੈ ਤੇ ਕਰਦੀ ਰਹੇਗੀ। ਵੇਖੋ! ਵੇਖੋ! ਉਹ ਜਿਉਂਦਾ ਹੈæææਉਸ ਦੀ ਨਰੋਈ ਸੋਚ ਜਿੰਦਾ ਹੈæææਉਹ ਅਜੇ ਵੀ ਜਿਉਂਦਾ ਹੈ। ਮਿਲੀਅਨ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਹੈ।æææ
ਲੋਕ ਉਸ ਦੀ ਸੋਚ ਨੂੰ ਅੱਗੇ ਵਧਾਉਂਦੇ, ਆਪਣੇ ਸੰਵਿਧਾਨਕ ਹੱਕਾਂ ਬਾਰੇ ਜਾਗੇ ਹਨ। ਸਰਕਾਰ ਦੇ ਕੰਨ ਖੜ੍ਹੇ ਹੋਏ ਹਨæææਇਸ ਪਛੜੇ ਵਰਗ ਵਾਸਤੇ ਰਾਖਵੇਂਕਰਨ ਦੀ ਮੰਗ ਉਠੀ ਹੈ ਤੇ ਸਰਕਾਰ ਪੱਧਰ ‘ਤੇ ਇਸ ਬਾਰੇ ਵਿਚਾਰ ਚੱਲ ਰਹੀ ਹੈ। ਤਾਜ਼ਾ ਸਰਵੇਖਣ ਅਨੁਸਾਰ ਇਸ ਬਹਾਦਰ ਪਛੜੀ ਹੋਈ ਨੀਗਰੋ ਸ਼੍ਰੇਣੀ ਦੇ 27æ2 ਫੀਸਦੀ ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰ ਰਹੇ ਹਨ। ਅਜੇ ਵੀ ਇਨ੍ਹਾਂ ਦੀ ਔਸਤਨ ਹਾਲਤ ਬਹੁਤੀ ਚੰਗੀ ਨਹੀਂ। ਇਨ੍ਹਾਂ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਸਰਕਾਰੇ ਦਰਬਾਰੇ ਕੱਝ ਰਿਆਇਤਾਂ ਦੇਣ ਬਾਰੇ ਵਿਚਾਰ-ਵਟਾਂਦਰਾ ਸਿਖਰ ਵੱਲ ਵਧ ਰਿਹਾ ਹੈ। ਓਬਾਮਾ ਦੇ ਆਉਣ ਕਰ ਕੇ ਇਨ੍ਹਾਂ ਦੇ ਡੰਗ ਕੁਝ ਤਿੱਖੇ ਹੋ ਗਏ ਹਨ। ਹੁਣ ਇਹ ਲੋਕ ਗਿਣ ਗਿਣ ਕੇ ਬਦਲੇ ਲੈ ਰਹੇ ਹਨ।’
ਉਹ ਟੇਪ-ਰਿਕਾਰਡ ਵਾਂਗ ਰਟਿਆ-ਰਟਾਇਆ ਆਪਣਾ ਭਾਸ਼ਣ ਦਿੰਦਾ ਰਿਹਾ, ਮੈਂ ਮੰਤਰ-ਮੁਗਧ ਹੋ ਕੇ ਇਕਾਗਰਤਾ ਨਾਲ ਆਪਣੇ ਨੋਟ ਬਣਾਉਂਦਾ ਰਿਹਾ। ਡਰਾਈਵਰ ਦੇ ਫਿਲਾਸਫਰਾਂ ਵਰਗੇ ਵਿਖਿਆਨ ਨੇ ਮੈਨੂੰ ਚਕਾਚੌਂਧ ਕਰ ਦਿੱਤਾ ਕਿ ਉਹ ਜਿੰਨਾ ਕੁ ਭੋਲਾ ਜਾਪਦਾ ਹੈ, ਅੰਦਰੋਂ ਉਨਾ ਹੀ ਗੋਲਾ ਹੈ। ਉਸ ਨੂੰ ਆਪਣੇ ਇਤਿਹਾਸਕ ਵਿਰਸੇ ਦੀ ਪੂਰੀ ਸੋਝੀ ਹੈ ਅਤੇ ਆਪਣੇ ਅਧਿਕਾਰਾਂ ਪ੍ਰਤੀ ਉਹ ਪੂਰਾ ਜਾਗਰੂਕ ਹੈ।
—
ਡਾæ ਮਾਰਟਿਨ ਲੂਥਰ ਕਿੰਗ ਜੂਨੀਅਰ ਮੈਮੋਰੀਅਲ
ਸਿਵਲ ਰਾਈਟਸ ਲੀਡਰ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਹਰ ਅਮਰੀਕੀ ਵਾਸਤੇ ਇਕਸਾਰ ਆਜ਼ਾਦੀ, ਅਵਸਰ ਅਤੇ ਇਨਸਾਫ ਦੀ ਵਕਾਲਤ ਕੀਤੀ। ਉਨ੍ਹਾਂ ਸਮਾਜ ਵਿਚ ਕਾਣੀ ਵੰਡ ਤੇ ਨਾ-ਬਰਾਬਰੀ ਖਿਲਾਫ ਸੰਘਰਸ਼ ਅਰੰਭਿਆ ਤੇ ਅਖੀਰ ਆਪਣੇ ਹੱਕ ਲੈਣ ਤੱਕ ਇਹ ਘੋਲ ਜਾਰੀ ਰੱਖਿਆ। ਭੂਮੀਪਤੀਆਂ ਦੀ ਅੱਯਾਸ਼ੀ ਭਰਪੂਰ ਜੀਵਨ-ਸ਼ੈਲੀ ਦੇ ਪੋਤੜੇ ਫੋਲਣ ਵਾਲੇ ਰੋਹਲੇ ਲੈਕਚਰ ਦੇਣ ਵਿਚ ਸਮਰੱਥ ਉਹ ਸਿਰੇ ਦਾ ਬੁਲਾਰਾ ਮੰਨਿਆ ਜਾਂਦਾ ਸੀ। ਉਸ ਦੀਆਂ ਤਕਰੀਰਾਂ ਨੇ ਸਾਮਰਾਜੀਆਂ ਦੇ ਸੀਨੇ ਛਲਣੀ ਕਰ ਦਿੱਤੇ।
ਸਮਾਜ ਦੇ ਬੁੱਧੀਜੀਵੀ ਵਰਗ ਦਾ ਵੱਡਾ ਭਾਗ ਉਸ ਨੂੰ ਗਹੁ ਨਾਲ ਸੁਣਦਾ, ਉਸ ਦਾ ਅਨੁਯਾਈ ਬਣ ਗਿਆ। ਉਹ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਲੋਕ ਇਸ਼ਟ ਵਾਂਗ ਉਸ ਦੇ ਮੂੰਹੋਂ ਨਿਕਲਣ ਵਾਲੇ ਪ੍ਰਵਚਨ ਸੁਣਨ ਦੇ ਅਮਲੀ ਹੋ ਗਏ। ਉਸ ਦੀ ਅਗਵਾਈ ਵਿਚ 28 ਅਗਸਤ 1963 ਨੂੰ ਢਾਈ ਲੱਖ ਲੋਕ ਆਪਣੀਆਂ ਨੌਕਰੀਆਂ ਅਤੇ ਆਜ਼ਾਦੀ ਦੀ ਬਰਾਬਰੀ ਦੇ ਹੱਕ ਵਾਸਤੇ ਮੁਜ਼ਾਹਰਾ ਕਰਦੇ ਇਕੱਠੇ ਹੋਏ। ਅਬਰਾਹਮ ਲਿੰਕਨ ਦੀ ਸਮਾਧ ‘ਤੇ ਦਿੱਤਾ ਉਸ ਦਾ ਭਾਸ਼ਣ ‘ਮੇਰਾ ਇੱਕ ਸੁਪਨਾ ਹੈ’ ਅਮਰੀਕੀ ਇਤਿਹਾਸ ਦਾ ਯਾਦਗਾਰੀ ਦਸਤਾਵੇਜ਼ ਬਣ ਗਿਆ। ਕਵਿਤਾ ਵਰਗੇ ਇਸ ਭਾਸ਼ਣ ਵਿਚ ਉਸ ਨੇ ਕਿਹਾ, “ਮੇਰਾ ਇੱਕ ਸੁਪਨਾ ਹੈ ਕਿ ਮੇਰਾ ਇਹ ਰਾਸ਼ਟਰ ਤਰੱਕੀਆਂ ਦੀਆਂ ਪੁਲਾਂਘਾਂ ਪੁੱਟੇ ਤੇ ‘ਸਭ ਲੋਕ ਰੱਬ ਵਲੋਂ ਬਰਾਬਰ ਪੈਦਾ ਕੀਤੇ ਗਏ ਹਨ’ ਦੇ ਸਿਧਾਂਤ ਨੂੰ ਸਮਝੇ ਤੇ ਅਪਨਾਏ। ਮੇਰਾ ਇਹ ਸੁਪਨਾ ਹੈ ਕਿ ਮੇਰੇ ਚਾਰੇ ਬੱਚੇ ਆਉਣ ਵਾਲੇ ਦਿਨਾਂ ਵਿਚ ਚਮੜੀ ਦੇ ਰੰਗ, ਭੇਦ ਦੇ ਵਿਤਕਰੇ ਤੋਂ ਨਹੀਂ, ਬਲਕਿ ਉਨ੍ਹਾਂ ਦੀ ਸਮਰੱਥਾ ਤੇ ਲਿਆਕਤ ਤੋਂ ਜਾਣੇ ਪਛਾਣੇ ਜਾਣ।”
ਉਸ ਦੀ ਭਵਿੱਖਵਾਣੀ ਸੱਚ ਹੋ ਰਹੀ ਹੈ। ਹੁਣ ਛੂਤ-ਛਾਤ ਤੇ ਜਾਤੀ ਵਿਤਕਰੇ ਦੀ ਬੰਦਿਸ਼ ਇੰਨੀ ਸਖ਼ਤੀ ਨਾਲ ਲਾਗੂ ਕੀਤੀ ਜਾਂਦੀ ਹੈ ਕਿ ਕੋਈ ਵੀ ਹੰਕਾਰੀ ਪੁਰਖ ਕਿਸੇ ਬਾਰੇ ਮੰਦਭਾਵਨਾ ਭਰਪੂਰ ਮੰਦਾ ਨਫ਼ਰਤ ਵਾਲਾ ਸ਼ਬਦ ਨਹੀਂ ਬੋਲ ਸਕਦਾ। ਬਾਸਕਟਬਾਲ ਕਲਿੱਪਰ ਲੀਗ ਲਾਸ-ਏਂਜਲਸ ਦਾ ਮਾਲਕ ਤੇ ਸੀæਈæਓæ ਡੋਨਾਲਡ ਸਟਰਲਿੰਗ ਜਿਸ ਨੇ ਅਫਰੀਕੀ-ਅਮਰੀਕੀ ਖਿਡਾਰੀਆਂ ਵਾਸਤੇ ਜਾਤੀ ਟਿੱਪਣੀ ਕੀਤੀ ਸੀ, ਨੂੰ ਸਜ਼ਾ ਵਜੋਂ ਇਸ ਅਹੁਦੇ ਤੋਂ ਜ਼ਿੰਦਗੀ ਭਰ ਲਈ ਮੁਕਤ ਕਰ ਦਿੱਤਾ ਗਿਆ ਤੇ ਦੁਬਾਰਾ ਕਿਤੇ ਵੀ ਅਜਿਹੇ ਅਹੁਦੇ ਵਾਸਤੇ ਨਾਅਹਿਲ ਕਰਾਰ ਦਿੱਤਾ ਗਿਆ ਹੈ।
ਸਿਵਲ ਰਾਈਟਸ ਬਾਰੇ ਕੀਤੇ ਉਸ ਦੇ ਕੰਮ ਨੇ ਅਧਿਕਾਰੀਆਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਕਦਰਦਾਨਾਂ ਦੀਆਂ ਨਜ਼ਰਾਂ ਵਿਚ ਚੜ੍ਹ ਗਿਆ। ਪੈਂਤੀ ਸਾਲ ਦੀ ਛੋਟੀ ਜਿਹੀ ਉਮਰ ਵਿਚ ਉਸ ਦੀਆਂ ਸੇਵਾਵਾਂ ਦੀ ਸਲਾਮੀ ਵਜੋਂ 1963 ਵਿਚ ਉਸ ਨੂੰ ਨੋਬੇਲ ਪ੍ਰਾਈਜ਼ ਨਾਲ ਨਿਵਾਜਿਆ ਗਿਆ। ਇਹ ਮਾਨਤਾ ਸਰਮਾਏਦਾਰਾਂ ਨੂੰ ਹਜ਼ਮ ਨਾ ਹੋਈ। ਚਾਰ ਅਪਰੈਲ 1968 ਨੂੰ ਇਨਸਾਫ਼ ਤੇ ਸਮਾਜਕ ਬਰਾਬਰੀ ਦੇ ਦੋਖੀ ਹਤਿਆਰਿਆਂ ਵਲੋਂ ਆਪਣੀਆਂ ਕਰੂਰ ਕਾਰਸਤਾਨੀਆਂ ਦੇ ਰਸਤੇ ‘ਚੋਂ ਹਟਾਉਣ ਵਾਸਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਨਿਰਸੰਦੇਹ ਇਹ ਨਸਲੀ ਕਤਲ ਸੀ ਜਿਸ ਦਾ ਅਮਰੀਕਾ ਦੀ ਪਬਲਿਕ ਨੂੰ ਬੜਾ ਭਾਰਾ ਮੁੱਲ ਤਾਰਨਾ ਪਿਆ। ਇਸ ਘਿਨਾਉਣੀ ਵਾਰਦਾਤ ਤੋਂ ਬਾਅਦ ਅਮਰੀਕਾ ਭਰ ਦੇ ਅਫ਼ਰੀਕੀ-ਅਮਰੀਕੀ ਭੜਕ ਉਠੇ ਤੇ ਮਸ਼ਾਲਾਂ ਲੈ ਕੇ ਸੜਕਾਂ ‘ਤੇ ਉਤਰ ਆਏ। ਰੋਹ ਵਿਚ ਆਏ ਲੋਕਾਂ ਨੇ ਜ਼ੋਰਦਾਰ ਮੁਜ਼ਾਹਰੇ ਤੇ ਹੁੱਲੜਬਾਜ਼ੀ ਮਚਾਈ ਰੱਖੀ। ਤਿੰਨ ਦਿਨਾਂ ਤੱਕ ਮੱਚੇ ਅੱਗ ਦੇ ਭਾਂਬੜਾਂ ਨਾਲ ਤਬਾਹੀ ਹੁੰਦੀ ਰਹੀ।
ਵਾਸ਼ਿੰਗਟਨ ਡੀæਸੀæ ਵਿਖੇ ਵੀਹ ਹਜ਼ਾਰ ਲੋਕਾਂ ਦੇ ਹਜੂਮ ਨੇ ਘਰਾਂ, ਬਾਜ਼ਾਰਾਂ, ਦਫ਼ਤਰਾਂ ਦੀ ਰੱਜ ਕੇ ਤੋੜ-ਭੰਨ ਕੀਤੀ ਤੇ ਖ਼ੂਬ ਲੁੱਟ-ਮਾਰ ਕੀਤੀ। ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ, ਇਮਾਰਤਾਂ ਦੇ ਦਰਵਾਜ਼ੇ, ਸ਼ੀਸ਼ੇ, ਖਿੜਕੀਆਂ ਭੰਨ ਕੇ ਅੱਗ ਦੇ ਹਵਾਲੇ ਕਰ ਦਿੱਤੇ। ਸਟੋਰ ਮਾਲ ਲੁੱਟ ਲਏ। ਬਾਰਾਂ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਤੇ ਸੈਂਕੜੇ ਜ਼ਖਮੀ ਹੋਏ। ਮੱਧ ਵਰਗ ਦੇ ਸ਼ਰੀਫ਼ ਲੋਕ ਹੁੱਲੜਬਾਜ਼ਾਂ ਤੋਂ ਡਰਦੇ ਉਥੋਂ ਪਲਾਇਨ ਕਰ ਗਏ। ਸਿਵਲ ਲੋਕਾਂ ਨੂੰ ਕੰਟਰੋਲ ਕਰਨ ਵਾਸਤੇ ਪ੍ਰੈਜ਼ੀਡੈਂਟ ਲਿੰਡਨ ਜੌਹਨਸਨ ਨੇ ਫ਼ੌਜ ਬੁਲਾਈ, ਪਰ ਉਹ ਵੀ ਉਨ੍ਹਾਂ ਨੂੰ ਸ਼ਾਂਤ ਕਰਨ ਜਾਂ ਦਬਾਉਣ ਵਿਚ ਕਾਮਯਾਬ ਨਾ ਹੋ ਸਕੀ। ਅਖੀਰ ਉਹ ਆਪਣੀ ਮਨਮਰਜ਼ੀ ਨਾਲ ਪੂਰੀ ਵਾਹ ਲਾ ਕੇ ਠੱਲ੍ਹ ਗਏ। ਸਾਲ 1814 ਦੇ ਬਰਤਾਨਵੀ ਹਮਲੇ ਵਾਂਗ ਵਾਸ਼ਿੰਗਟਨ ਡੀæਸੀæ ਇਕ ਵਾਰ ਫਿਰ ਅੱਗ ਦੇ ਛੁਹਲ਼ਿਆਂ ਨਾਲ ਢਹਿ ਢੇਰੀ ਹੋ ਗਿਆ। ਇਸ ਉਪੱਦਰ ਵਿਚ ਪੰਦਰਾਂ ਮਿਲੀਅਨ ਡਾਲਰਾਂ ਦਾ ਨਾਪੂਰਨਯੋਗ ਨੁਕਸਾਨ ਹੋਇਆ। ਪਹਿਲਾਂ ਹੀ ਆਰਥਿਕ ਮਜਬੂਰੀਆਂ ਥੱਲੇ ਪਿਸਿਆ ਅਮਰੀਕੀ ਸਿਸਟਮ ਇਸ ਭਿਅੰਕਰ ਤਬਾਹੀ ਨੇ ਖੋਖਲਾ ਤੇ ਖੋਲ਼ਾ ਕਰ ਦਿੱਤਾ। 6300 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰੀ ਮਸ਼ੀਨਰੀ ਨੂੰ ਮੁੜ ਲੀਹਾਂ ‘ਤੇ ਲਿਆਉਣ ਵਾਸਤੇ ਕਈ ਸਾਲ ਲੱਗ ਗਏ।
—
ਡਾæ ਮਾਰਟਿਨ ਲੂਥਰ ਕਿੰਗ ਦੀਆਂ ਕੌਮੀ ਤੇ ਕੌਮਾਂਤਰੀ ਪ੍ਰਾਪਤੀਆਂ ਕਰ ਕੇ ਉਸ ਦੇ ਸਨਮਾਨ ਵਜੋਂ ਇਹ ਯਾਦਗਾਰ ਸਥਾਪਤ ਕੀਤੀ ਗਈ ਹੈ। ਇਸ 30 ਫੁੱਟ ਉਚੇ ਦੇਅ ਕੱਦ ਬੁੱਤ ‘ਸਟੋਨ ਆਫ਼ ਹੋਪ’ ਉਤੇ ਉਸ ਦੀਆਂ ਚੋਣਵੀਆਂ ਤਕਰੀਰਾਂ ਉਕਰੀਆਂ ਹੋਈਆਂ ਹਨ। ਇਹ ਯਾਦਗਾਰ ਫਰੈਂਕਲਿਨ ਰੂਜ਼ਵੈਲਟ ਦੇ ਨੇੜੇ, ਅਬਰਾਹਮ ਲਿੰਕਨ ਤੇ ਜੈਫਰਸਨ ਦੀਆਂ ਸਮਾਧੀਆਂ ਦੇ ਵਿਚਕਾਰ ਨੈਸ਼ਨਲ ਮਾਲ ਦੀ ਕੇਂਦਰੀ ਜਗ੍ਹਾ ‘ਤੇ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਕਾਂਗਰਸ ਨੇ ਉਨ੍ਹਾਂ ਦੀ ਢੁਕਵੀਂ ਯਾਦਗਾਰ ਬਣਾਉਣ ਦੇ ਪ੍ਰਸਤਾਵ ਨੂੰ 1996 ਵਿਚ ਮਨਜ਼ੂਰੀ ਦੇ ਦਿੱਤੀ। ‘ਬਿਲਡ ਦੀ ਡਰੀਮ’ ਯਾਨਿ ‘ਸੁਪਨੇ ਸਿਰਜੋ’ ਜੈਕਾਰੇ ਵਾਲੇ ਇਸ ਪ੍ਰਾਜੈਕਟ ਵਾਸਤੇ ਇੱਕ ਸੌ ਵੀਹ ਮਿਲੀਅਨ ਡਾਲਰਾਂ ਦਾ ਬਜਟ ਪਾਸ ਕੀਤਾ ਗਿਆ ਸੀ।
ਇਸ ਮਾਲ ਖੇਤਰ ਵਿਚ ਇਹ ਇਕੱਲੀ ਹੀ ਨਾਨ-ਪ੍ਰੈਜ਼ੀਡੈਂਟ ਸ਼ਖ਼ਸੀਅਤ ਹੈ ਜਿਸ ਨੂੰ ਸਾਰੇ ਪ੍ਰਧਾਨਾਂ ਦੇ ਵਿਚਕਾਰ ਬਿਠਾ ਕੇ ਸਨਮਾਨ ਦਿੱਤਾ ਗਿਆ ਹੈ। ਇਹ 22 ਅਗਸਤ 2011 ਨੂੰ ਲੋਕ-ਅਰਪਣ ਕੀਤਾ ਗਿਆ ਸੀ।