ਫਲਸਤੀਨ ਦਾ ਸ਼ਰਾਰਤੀ ਬੱਚਾ

ਹਮਾਸ ਦਾ ਬੇਟਾ-4
ਫਲਸਤੀਨੀਆਂ ਦੀ ਜੁਝਾਰੂ ਜਥੇਬੰਦੀ ‘ਹਮਾਸ’ ਦੇ ਮੋਢੀ ਲੀਡਰਾਂ ਵਿਚੋਂ ਇਕ, ਸ਼ੇਖ ਹਸਨ ਯੂਸਫ ਦੇ ਪੁੱਤਰ ਮੋਸਾਬ ਹਸਨ ਯੂਸਫ (ਜਨਮ 1978) ਨੇ ਆਪਣੀ ਸਵੈ-ਜੀਵਨੀ ‘ਸਨ ਆਫ ਹਮਾਸ’ ਵਿਚ ਬੜੇ ਅਹਿਮ ਖੁਲਾਸੇ ਕੀਤੇ ਹਨ। ਫਲਸਤੀਨ ਲਈ ਜੂਝ ਰਹੇ ਲੋਕਾਂ ਨੇ ਇਸ ਕਿਤਾਬ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਹੈ ਪਰ ਪੱਛਮੀ ਜਗਤ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਹੈ।

ਮੋਸਾਬ ਅੱਜ ਕੱਲ੍ਹ ਅਮਰੀਕਾ ਵਿਚ ਰਹਿ ਰਿਹਾ ਹੈ। ਇਜ਼ਰਾਈਲ ਲਈ ਜਾਸੂਸੀ ਕਰਨ ਬਾਰੇ ਉਸ ਦੇ ਕਿੱਸੇ ਚਰਚਾ ਵਿਚ ਰਹੇ ਹਨ। ਸਾਲ 2012 ਵਿਚ ਛਪੀ ਇਸ ਕਿਤਾਬ ਦੇ ਆਧਾਰ ‘ਤੇ ਉਘੇ ਸਿੱਖ ਚਿੰਤਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਹ ਖਾਸ ਟਿੱਪਣੀ ਕੀਤੀ ਹੈ। ਇਸ ਲੇਖ ਵਿਚ ਉਨ੍ਹਾਂ ਇਸ ਕਿਤਾਬ, ਲੇਖਕ ਮੋਸਾਬ ਹਸਨ ਯੂਸਫ, ਫਲਸਤੀਨ ਅਤੇ ਇਜ਼ਰਾਈਲ ਬਾਬਤ ਤੱਥ ਉਜਾਗਰ ਕੀਤੇ ਹਨ। ਪਹਿਲਾਂ ਤੁਸੀਂ ਪੜ੍ਹ ਚੁੱਕੇ ਹੋ ਕਿ ਸ਼ਾਂਤ ਸੁਭਾਅ ਵਾਲਾ ਸ਼ੇਖ ਹਸਨ ਯੂਸਫ ਹੌਲੀ-ਹੌਲੀ ਜਹਾਦ ਵੱਲ ਸਰਕ ਜਾਂਦਾ ਹੈ ਅਤੇ ਮਗਰ ਮਗਰ ਉਸ ਦਾ ਪੁੱਤਰ ਮੋਸਾਬ ਹਸਨ ਯੂਸਫ ਵੀ ਤੁਰ ਰਿਹਾ ਹੈ। ਫਿਰ ਇਕ ਦਿਨ ਮੋਸਾਬ, ਹਮਾਸ ਵਲੋਂ ਵਿੱਢੇ ਜਹਾਦ ਦੀਆਂ ਤੱਦੀਆਂ ਦੇਖ-ਸੁਣ ਕੇ ਵਿਲਕ ਉਠਦਾ ਹੈ ਅਤੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਹੋ ਜਾਂਦਾ ਹੈ। ਇਹੀ ਨਹੀਂ, ਉਹ ਇਜ਼ਰਾਈਲ ਦੇ ਖੁਫੀਆ ਏਜੰਟ ਕਪਤਾਨ ਲੋਈ ਨਾਲ ਰਲ ਕੇ ਹਮਾਸ ਬਾਰੇ ਸਾਰੀ ਸੂਹ ਇਜ਼ਰਾਈਲ ਨੂੰ ਦੇਈ ਜਾਂਦਾ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

ਹਮਾਸ ਦਾ ਲੱਕ ਤੋੜਨ ਵਿਚ ਇਜ਼ਰਾਈਲ ਨਹੀਂ, ਯਾਸਰ ਅਰਾਫਾਤ ਕਾਮਯਾਬ ਹੋ ਗਿਆ। ਲੀਡਰ ਜਾਂ ਮਾਰੇ ਗਏ ਜਾਂ ਬੰਦੀ ਬਣਾ ਲਏ। ਰਿਹਾ ਹੋਏ ਮੁੰਡੇ ਥੱਕ ਕੇ ਘਰ ਬੈਠ ਗਏ। ਇਥੋਂ ਤਕ ਕਿ ਸ਼ੇਖ ਹਸਨ ਸਿਆਸਤ ਤੋਂ ਕਿਨਾਰਾ ਕਰ ਕੇ ਮਸਜਿਦ ਅਤੇ ਅਧਿਆਪਨ ਦੇ ਕੰਮੀਂ ਲੱਗ ਗਿਆ।
25 ਜੁਲਾਈ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਪ੍ਰਧਾਨਗੀ ਹੇਠ ਕੈਂਪ ਡੇਵਿਡ ਨਾਮ ਦਾ ਸਿਖਰ ਸੰਮੇਲਨ ਹੋਇਆ ਜਿਸ ਵਿਚ ਯਾਸਰ ਅਰਾਫਾਤ ਤੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਰਾਕ ਸ਼ਾਮਲ ਹੋਏ। ਬਰਾਕ ਨੇ ਪੇਸ਼ਕਸ਼ ਕੀਤੀ ਕਿ ਵੈਸਟ ਬੈਂਕ ਦਾ 90%, ਸਾਰੀ ਗਾਜ਼ਾ ਪੱਟੀ ਇਲਾਕਾ ਤੇ ਪੂਰਬੀ ਯੋਰੋਸ਼ਲਮ ਇਸ ਦੀ ਰਾਜਧਾਨੀ ਵਜੋਂ ਫਲਸਤੀਨ ਵਾਸਤੇ ਛੱਡਣ ਲਈ ਤਿਆਰ ਹਾਂ। ਉਜੜ ਚੁਕੇ ਲੋਕਾਂ ਨੂੰ ਰਾਹਤ ਦੇਣ ਲਈ ਕੌਮਾਂਤਰੀ ਫੰਡ ਬਜਟ ਵਿਚ ਰੱਖਿਆ ਜਾਵੇਗਾ। ਇਸ ਪੇਸ਼ਕਸ਼ ਨਾਲ ਫਲਸਤੀਨ ਵਿਚ ਸਥਾਈ ਅਮਨ ਹੋ ਸਕਦਾ ਸੀ ਪਰ ਯਾਸਰ ਅਰਾਫਾਤ ਮੰਨਿਆ ਨਹੀਂ। ਉਸ ਦੀ ਮੰਗ ਸੀ, 1967 ਤੋਂ ਪਹਿਲਾਂ ਕਬਜ਼ੇ ਵਾਲਾ ਸਾਰਾ ਫਲਸਤੀਨ ਛੱਡੋ। ਉਸ ਨੂੰ ਪਤਾ ਸੀ, ਉਸ ਦੀ ਇਹ ਮੰਗ ਮੰਨੀ ਨਹੀਂ ਜਾਵੇਗੀ। ਉਸ ਕੋਲ ਬੇਸ਼ੁਮਾਰ ਧਨ ਆ ਰਿਹਾ ਸੀ, ਉਹ ਵੱਡਾ ਸਿਆਸੀ ਲੀਡਰ ਹੋ ਗਿਆ ਸੀ, ਸੰਧੀ ਕਰ ਕੇ ਉਸ ਦੀ ਸ਼ਾਨੋ-ਸ਼ੌਕਤ ਮੱਧਮ ਪੈ ਜਾਏਗੀ। ਗਰਮਦਲੀਆਂ ਵਿਚ ਉਹ ਹੋਰ ਬਹਾਦਰ ਸਾਬਤ ਹੋ ਗਿਆ ਜਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅੰਗੂਠਾ ਦਿਖਾ ਦਿੱਤਾ ਯਾਨਿ ਉਹ ਸਾਰੀ ਦੁਨੀਆਂ ਵਿਰੁਧ ਲੜਨ ਲਈ ਤਿਆਰ ਹੈ। ਟੀæਵੀæ ਉਪਰ ਉਸ ਦਾ ਭਾਸ਼ਣ ਇਸ ਸ਼ੈਲੀ ਵਿਚ ਸੀ ਜਿਵਂੇ ਉਹ ਫਲਸਤੀਨ ਦਾ ਚੀ ਗਵੇਰਾ ਹੋਵੇ। ਉਸ ਦੀ ਸ਼ੁਹਰਤ ਦੀ ਭੁੱਖ ਕਦੀ ਮੰਦੀ ਨਹੀਂ ਪਈ। ਉਹ ਚਾਹੁੰਦਾ ਸੀ, ਇਤਿਹਾਸਕ ਪਾਠ ਪੋਥੀਆਂ ਵਿਚ ਹੀਰੋ ਵਾਂਗ ਉਸ ਦੇ ਕਾਰਨਾਮੇ ਲਿਖੇ ਹੋਣ। ਉਹ ਫਲਸਤੀਨੀ ਖੂਨ ਵਗਣਾ ਰੋਕ ਸਕਦਾ ਸੀ, ਰੋਕਿਆ ਨਹੀਂ।
ਯੋਰੋਸ਼ਲਮ ਵਿਚਲੀ ਅਲ-ਅਕਸ ਮਸਜਿਦ ਫਲਸਤੀਨੀਆਂ ਲਈ ਬੜੀ ਪਵਿਤਰ ਥਾਂ ਹੈ। ਖਬਰ ਨਸ਼ਰ ਹੋਈ ਕਿ ਇਜ਼ਰਾਈਲ ਦਾ ਜਰਨੈਲ ਸ਼ਾਰੋਂ ਇਸ ਮਸਜਿਦ ਵਿਚ ਜਾਏਗਾ। ਸ਼ੇਖ ਹਸਨ ਨੇ ਬਿਆਨ ਦਿੱਤਾ ਕਿ ਸ਼ਾਰੋਂ ਨੂੰ ਮਸਜਿਦ ਵਿਚ ਜਾਣ ਤੋਂ ਰੋਕਾਂਗੇ। ਉਥੇ ਮੌਕੇ Ḕਤੇ ਮੋਸਾਬ ਨਾਲ ਸ਼ੇਖ ਪੁੱਜਾ। ਮਿਥੇ ਸਮੇਂ Ḕਤੇ ਸ਼ਾਰੋਂ ਇਕ ਹਜ਼ਾਰ ਕਮਾਂਡੋਆਂ ਨਾਲ ਆਇਆ, ਦਰਵਾਜ਼ੇ ਵਿਚ ਸ਼ੇਖ ਉਸ ਨੂੰ ਰੋਕਣ ਲਈ ਹਾਜ਼ਰ ਸੀ। ਉਹ ਅੰਦਰ ਗਿਆ ਹੀ ਨਹੀਂ, ਬੱਸ ਦਰਵਾਜ਼ੇ Ḕਤੇ ਨਜ਼ਰ ਮਾਰੀ ਅਤੇ ਪਰਤ ਗਿਆ। ਪਿਉ-ਪੁੱਤਰ ਆਪਣੇ ਪਿੰਡ ਵੱਲ ਕਾਰ ਵਿਚ ਰਵਾਨਾ ਹੋ ਗਏ। ਰਸਤੇ ਵਿਚ ਮੋਸਾਬ ਨੇ ਪੁੱਛਿਆ, “ਇਹ ਕੀ ਹੋਇਆ ਅੱਬੂ?” ਅੱਬੂ ਹੱਸ ਪਿਆ, “ਵੱਡੀ ਖੇਡ ਖੇਡੀ ਗਈ। ਹੁਣ ਯਾਸਰ ਅਰਾਫਾਤ ਸ਼ਬਦਾਂ ਦੇ ਅੰਗਿਆਰ ਬਰਸਾਏਗਾ, ਹਿੰਸਾ ਵਧੇਗੀ ਤੇ ਹਿੰਸਾ ਦਾ ਦੋਸ਼ ਮੇਰੇ ਉਪਰ, ਹਮਾਸ ਉਪਰ ਮੜ੍ਹੇਗਾ।”
“ਫਿਰ ਤੁਸੀਂ ਕਿਉਂ ਇਸ ਤਾਣੀ ਵਿਚ ਉਲਝੇ?”
“ਮੈਂ ਸ਼ਾਰੋਂ ਨੂੰ ਰੋਕਣ ਨਾ ਜਾਂਦਾ ਤਾਂ ਇਸ ਦਾ ਅਰਥ ਹੋਣਾ ਸੀ ਯਹੂਦੀ ਜੋ ਮਰਜ਼ੀ ਮਸਜਿਦਾਂ ਵਿਚ ਕਰਦੇ ਫਿਰਨ, ਫਲਸਤੀਨੀਆਂ ਵਿਚ ਰੋਕਣ ਦੀ ਤਾਕਤ ਈ ਨਹੀਂ ਰਹੀ।”
ਉਹੀ ਗੱਲ ਹੋਈ। ਲੋਕ ਗੁੱਸੇ ਵਿਚ ਆ ਗਏ, ਹਿੰਸਾ ਮੁੜ ਸ਼ੁਰੂ ਹੋ ਗਈ। ਨਵਾਂ ਅਲ-ਅਕਸ ਸ਼ਹੀਦ ਗਰੁਪ ਹੋਂਦ ਵਿਚ ਆ ਗਿਆ। ਮੋਸਾਬ ਨੇ ਦ੍ਰਿੜ ਇਰਾਦਾ ਕਰ ਲਿਆ ਕਿ ਹਿੰਸਾ, ਪ੍ਰਤੀਹਿੰਸਾ ਰੋਕੇਗਾ। ਯਾਸਰ ਅਰਾਫਾਤ ਦੀ ਯਹੂਦੀਆਂ ਨੂੰ ਫਿਰ ਲੋੜ ਪੈ ਗਈ ਕਿ ਹਿੰਸਾ ਦਬਾਏ। ਅਲ-ਅਕਸ ਗਰੁਪ ਨੇ ਕਾਰ-ਬੰਬਾਂ, ਬੱਸ-ਬੰਬਾਂ, ਮਨੁੱਖੀ-ਬੰਬਾਂ ਦੀ ਹਨ੍ਹੇਰੀ ਲਿਆ ਦਿੱਤੀ। ਇਜ਼ਰਾਈਲ ਦੀ ਪੁਲਿਸ ਦੇ ਖੁਫੀਆ ਵਿੰਗ ਨੂੰ ਕੁਝ ਨਹੀਂ ਸੀ ਸੁੱਝ ਰਿਹਾ।
ਇਕ ਦਿਨ ਕਪਤਾਨ ਲੋਈ ਨੇ ਮੋਸਾਬ ਨੂੰ ਬੁਲਾਇਆ ਤੇ ਕਿਹਾ, “ਖਬਰ ਮਿਲੀ ਹੈ ਕਿ ਮਾਹਿਰ ਉਦੇ ਨਾਂ ਦੇ ਬੰਦੇ ਕੋਲ ਕੁਝ ਅਜਨਬੀ ਆਉਂਦੇ-ਜਾਂਦੇ ਹਨ। ਪਤਾ ਕਰ ਉਹ ਕੌਣ ਹਨ ਤੇ ਉਦੇ ਨਾਲ ਉਨ੍ਹਾਂ ਦਾ ਕੀ ਲਿੰਕ ਹੈ। ਸਿਰਫ ਤੂੰ ਇਹ ਕਰ ਸਕਦੈਂ।” ਮੋਸਾਬ ਉਦੇ ਨੂੰ ਜਾਣਦਾ ਸੀ। ਉਹ ਹਮਾਸ ਦੀ ਸੈਨਾ ਦਾ ਕਮਾਂਡਰ ਸੀ। ਜੇਲ੍ਹਾਂ ਵਿਚਲਾ ਟਾਰਚਰ ਉਸ ਦੀ ਆਗਿਆ ਨਾਲ ਹੁੰਦਾ ਸੀ, ਉਸ ਨੂੰ ਰਿਪੋਰਟ ਭੇਜੀ ਜਾਂਦੀ ਹੁੰਦੀ। ਸ਼ਾਇਦ ਆਤਮਘਾਤੀ ਦਸਤੇ ਵੀ ਉਸੇ ਦੇ ਸਨ।
ਮੋਸਾਬ ਨੇ ਕਾਰ ਸਟਾਰਟ ਕੀਤੀ ਤੇ ਉਦੇ ਦੀ ਦੋ-ਮੰਜ਼ਲੀ ਕੋਠੀ ਤੋਂ ਰਤਾ ਹਟ ਕੇ ਉਸ ਦੇ ਗੇਟ ਵੱਲ ਦੇਖਣ ਲੱਗਾ। ਅੱਧੇ ਕੁ ਘੰਟੇ ਬਾਅਦ ਏæਕੇæ ਸੰਤਾਲੀ ਰਫਲਾਂ ਹੱਥਾਂ ਵਿਚ ਫੜੀ ਕਈ ਜਣੇ ਬਾਹਰ ਨਿਕਲੇ ਤੇ ਹਰੇ ਰੰਗ ਦੀ ਜਿਪਸੀ ਵਿਚ ਸਵਾਰ ਹੋ ਕੇ ਤੁਰ ਗਏ। ਮੋਸਾਬ ਨੇ ਆਪਣੀ ਕਾਰ ਰਤਾ ਕੁ ਹਟਵੀਂ ਪਿਛੇ-ਪਿਛੇ ਲਾ ਲਈ ਪਰ ਥੋੜ੍ਹੀ ਦੇਰ ਬਾਅਦ ਉਹ ਗੁੰਮ ਹੋ ਗਏ। ਜਿਪਸੀ ਉਪਰ ਇਜ਼ਰਾਈਲੀ ਟੈਗ ਚਿਪਕਾਏ ਹੋਏ ਸਨ। ਹੁਣ ਮੋਸਾਬ ਨੂੰ ਅਕਲ ਆਈ ਕਿ ਇਹ ਤਾਂ ਬਹੁਤ ਵੱਡੇ ਪੱਧਰ ਦਾ ਕੰਮ ਸੀ ਜੋ ਉਹਨੇ ਇਕੱਲੇ ਨੇ ਹੀ ਵਿੱਢ ਲਿਆ ਹੈ। ਇਸ ਵਾਸਤੇ ਤਾਂ ਸੈਟੇਲਾਈਟ ਕੈਮਰੇ, ਹੈਲੀਕਾਪਟਰ ਦੀ ਨਿਗਰਾਨੀ ਤੇ ਹਥਿਆਰਬੰਦ ਬੰਦਿਆਂ ਦਾ ਗ੍ਰੋਹ ਮੁਕਾਬਲੇ ਲਈ ਚਾਹੀਦਾ ਹੈ। ਸ਼ੱਕ ਪੈ ਜਾਂਦਾ ਤਾਂ ਅਗਲਿਆਂ ਗੋਲੀ ਮਾਰ ਦੇਣੀ ਸੀ। ਗੁੰਮ ਹੋਣ ਦਾ ਅਫਸੋਸ ਤਾਂ ਹੋਇਆ ਪਰ ਖੁਸ਼ ਵੀ ਹੋਇਆ ਕਿ ਜਾਨ ਬਚੀ।
ਅਗਲੀ ਸਵੇਰ ਉਹ ਸਰਵਿਸ ਸਟੇਸ਼ਨ Ḕਤੇ ਕਾਰ ਧੁਆਣ ਗਿਆ। ਕਮਾਲ, ਉਹੀ ਹਰੀ ਜਿਪਸੀ, ਉਹੀ ਕੱਲ੍ਹ ਵਾਲੇ ਬੰਦੇ ਜਿਪਸੀ ਧੁਆ ਰਹੇ। ਇਹ ਕੋਈ ਖੁਦਾਈ ਕ੍ਰਿਸ਼ਮਾ ਹੈ? ਇਨ੍ਹਾਂ ਨੂੰ ਤਾਂ ਮੋਸਾਬ ਜਾਣਦਾ ਹੈ, ਇਹ ਯਾਸਰ ਅਰਾਫਾਤ ਦੇ ਅੰਗ ਰੱਖਿਅਕ ਹਨ। ਉਹ ਅੱਬਾ ਨਾਲ ਕਿਸੇ ਮੀਟਿੰਗ ਲਈ ਜਾਂਦਾ, ਇਹ ਅਰਾਫਾਤ ਦੇ ਪਿਛੇ ਖਲੋਤੇ ਹੁੰਦੇ। ਜਦੋਂ ਉਹ ਚਲੇ ਗਏ, ਸਰਵਿਸ ਸਟੇਸ਼ਨ ਵਾਲੇ ਤੋਂ ਪੁੱਛਿਆ, “ਤੁਸੀਂ ਇਨ੍ਹਾਂ ਨੂੰ ਜਾਣਦੇ ਹੋ?” ਕੋਈ ਹੋਰ ਇਹ ਸਵਾਲ ਪੁੱਛਦਾ ਤਾਂ ਸਰਵਿਸਮੈਨ ਸ਼ਾਇਦ ਟਾਲ ਦਿੰਦਾ ਪਰ ਸ਼ੇਖ ਹਸਨ ਦੇ ਬੇਟੇ ਨੂੰ ਦੱਸਣਾ ਜ਼ਰੂਰੀ ਹੈ, “ਇਹ ਅਰਾਫਾਤ ਦੀ ਫੋਰਸ ਹੈ, ਇਥੇ ਬਿਟੁਨੀਆਂ ਵਿਚ ਰਹਿੰਦੇ ਹਨ।” ਮੋਸਾਬ ਹੋਰ ਵੀ ਉਲਝਣ ਵਿਚ ਪੈ ਗਿਆ, ਉਦੇ ਕੋਲ ਇਨ੍ਹਾਂ ਨੂੰ ਕੀ ਕੰਮ? ਇਹ ਅਰਾਫਾਤ ਕੋਲ ਰਹਿਣ ਦੀ ਥਾਂ ਸ਼ੇਖ ਹਸਨ ਦੇ ਘਰ ਨੇੜੇ ਕਿਉਂ ਰਹਿੰਦੇ ਨੇ? ਮੋਸਾਬ ਬਿਟੁਨੀਆਂ ਇਲਾਕੇ ਵੱਲ ਡ੍ਰਾਈਵ ਕਰਦਾ ਗਿਆ, ਉਹੀ ਜਿਪਸੀ ਇਕ ਘਰ ਦੇ ਬਾਹਰ ਖੜ੍ਹੀ ਦੇਖੀ। ਪਰੇ ਹਟ ਕੇ ਕਪਤਾਨ ਲੋਈ ਨਾਲ ਫੋਨ ਮਿਲਾਇਆ ਤੇ ਕਿਹਾ, “ਅਜਨਬੀ ਲੱਭ ਲਏ ਹਨ।” ਇਸੇ ਕਾਰ ਵਿਚੋਂ ਕਈ ਵਾਰ ਵੈਸਟ ਬੈਂਕ ਤੇ ਫਾਇਰਿੰਗ ਹੋਈ ਸੀ। ਸਾਰੀ ਗੱਲ ਸਾਫ ਹੋ ਗਈ। ਅਲ-ਅਕਸ ਗਰੁਪ ਜਿਹੜਾ ਮਾਰੋ-ਮਾਰ ਕਰਦਾ ਫਿਰਦਾ ਸੀ, ਯਾਸਰ ਅਰਾਫਾਤ ਦੇ ਕਮਾਂਡੋ ਹਨ। ਵਾਰਦਾਤਾਂ ਆਪ ਕਰਵਾ ਰਿਹੈ, ਪਾਈ ਜਾ ਰਿਹੈ ਹਮਾਸ ਦੇ ਖਾਤੇ ਵਿਚ। ਸੁਰਾਗ ਮਿਲ ਗਿਆ। ਹੁਣ ਖੌਫਨਾਕ ਬੰਬਾਰੀ ਬੰਦ ਹੋਏਗੀ, ਸੱਪ ਦੀ ਸਿਰੀ ਮਿਧੀ ਜਾਏਗੀ।
ਸੱਦਾਮ ਹੁਸੈਨ ਨੇ ਫਲਸਤੀਨੀਆਂ ਨੂੰ ਸਾਢੇ ਤਿੰਨ ਕਰੋੜ ਡਾਲਰ ਸਹਾਇਤਾ ਫੰਡ ਦਿੱਤਾ। ਜਿਹੜਾ ਲੜਦਾ ਮਾਰਿਆ ਗਿਆ, ਉਸ ਦੇ ਪਰਿਵਾਰ ਨੂੰ ਦਸ ਹਜ਼ਾਰ ਡਾਲਰ ਤੇ ਮਨੁੱਖੀ ਬੰਬ ਦੇ ਪਰਿਵਾਰ ਨੂੰ ਪੱਚੀ ਹਜ਼ਾਰ ਡਾਲਰ।
ਪਹਿਲੀ ਜੂਨ 2001 ਨੂੰ ਬੱਚਿਆਂ ਦੀ ਇਕ ਟੋਲੀ ਡਿਸਕੋ ਦੇਖਣ ਵਾਸਤੇ ਟਿਕਟਾਂ ਲੈਣ ਲਈ ਖਲੋਤੀ ਸੀ। ਸਾਰੇ ਖੁਸ਼। ਹੱਸ ਰਹੇ, ਮਜ਼ਾਕ ਕਰ ਰਹੇ। ਬਹੁਤੇ ਰੂਸ ਵਿਚੋਂ ਆਏ ਰਫਿਊਜੀਆਂ ਦੇ ਬੱਚੇ ਸਨ। ਇਸ ਕਤਾਰ ਵਿਚ ਸੱਯਦ ਹੋਤਾਰੀ ਨਾਮ ਦਾ ਇਕ ਮੁੰਡਾ ਵੀ ਬੰਬ ਬੰਨ੍ਹੀ ਖਲੋਤਾ ਸੀ। ਬੰਬ ਚਲਾ ਦਿੱਤਾ, 21 ਮੌਤਾਂ ਹੋਈਆਂ ਤੇ 132 ਜ਼ਖਮੀ। ਇਸ ਮੁੰਡੇ ਦੇ ਪਿਉ ਨੂੰ ਗਵਾਂਢੀ ਨੇ ਵਧਾਈ ਦਿੱਤੀ, ਪਿਉ ਨੇ ਕਿਹਾ, “ਮੇਰੇ ਤਿੰਨ ਮੁੰਡੇ ਹੋਰ ਨੇ, ਮੇਰੀ ਇੱਛਾ ਹੈ ਕਿ ਉਹ ਵੀ ਦੇਸ ਅਤੇ ਦੀਨ ਲਈ ਇਵੇਂ ਸ਼ਹੀਦ ਹੋਣ।”
ਹਮਾਸ ਦੇ ਲੀਡਰ ਇਕ-ਇਕ ਕਰ ਕੇ ਪੁਲਿਸ ਨੇ ਮਾਰਨੇ ਸ਼ੁਰੂ ਕਰ ਦਿੱਤੇ। ਸਾਰੇ ਅੰਡਰਗਰਾਊਂਡ ਹੋ ਗਏ। ਮੋਸਾਬ ਨੇ ਕਿਹਾ, “ਅੱਬੂ ਤੁਹਾਡਾ ਘਰ ਵਿਚ ਰਹਿਣਾ ਠੀਕ ਨਹੀਂ, ਮੈਂ ਤੁਹਾਨੂੰ ਕਿਸੇ ਸਹੀ ਟਿਕਾਣੇ Ḕਤੇ ਰੱਖਾਂਗਾ।” ਅੱਬੂ ਨੇ ਪਹਿਲੋਂ ਇਨਕਾਰ ਕੀਤਾ, ਫਿਰ ਮੰਨ ਗਿਆ। ਮੋਸਾਬ ਅੱਬੂ ਨੂੰ ਬਚਾਉਣਾ ਚਾਹੁੰਦਾ ਸੀ, ਖੁਫੀਆ ਪੁਲਿਸ ਵੀ ਉਸ ਨੂੰ ਬਚਾਉਣਾ ਚਾਹੁੰਦੀ ਸੀ, ਕਿਉਂਕਿ ਮੋਸਾਬ ਰਾਹੀਂ ਸੂਚਨਾ ਮਿਲ ਰਹੀ ਸੀ। ਇਕ ਹੋਟਲ ਵਿਚ ਕਮਰਾ ਲੈ ਦਿੱਤਾ। ਮੈਨੇਜਰ ਨੂੰ ਸੂਚਨਾ ਗੁਪਤ ਰੱਖਣ ਲਈ ਕਹਿ ਦਿੱਤਾ, ਤੇ ਨਾਲੇ ਕਿਹਾ ਕਿ ਹਰ ਰੋਜ਼ ਕਮਰਾ ਬਦਲਣਾ ਹੋਵੇਗਾ। ਹੁਣ ਅੱਬੂ ਦਾ ਬਾਹਰਲੀ ਦੁਨੀਆਂ ਨਾਲ ਸੰਪਰਕ ਕੇਵਲ ਮੋਸਾਬ ਰਾਹੀਂ ਸੀ।
ਮੋਸਾਬ ਨੇ ਰਫਲ ਲੈ ਲਈ ਤੇ ਅੱਬੂ ਦੀ ਥਾਂ ਹਮਾਸ ਦੀਆਂ ਗਤੀਵਿਧੀਆਂ ਕੰਟਰੋਲ ਕਰਨ ਲੱਗਾ। ਮਰਨ ਉਪਰੰਤ ਮਨੁੱਖੀ ਬੰਬਾਂ ਦੀ ਪਛਾਣ ਤਾਂ ਹੋ ਜਾਂਦੀ ਪਰ ਬੰਬ ਬਣਦੇ ਕਿਥੇ ਹਨ, ਬਣਾਉਂਦਾ ਕੌਣ ਹੈ, ਕਿਸੇ ਨੂੰ ਪਤਾ ਨਹੀਂ। ਅਮਰੀਕਾ ਦੀ ਸੀæਆਈæਏæ ਨੇ ਪਤਾ ਲਾ ਲਿਆ। ਅਬਦੁੱਲਾ ਬੁਗਤੀ ਤੇ ਬਿਲਾਲ ਬੁਗਤੀ ਸਨ। ਸਿਰਨਾਵਾਂ ਅਰਾਫਾਤ ਨੂੰ ਦੇ ਦਿੱਤਾ, ਦੋਵੇਂ ਗ੍ਰਿਫਤਾਰ ਕਰ ਲਏ। ਅਰਾਫਾਤ ਉਨ੍ਹਾਂ ਨੂੰ ਫੜਨ ਦੀ ਬਜਾਇ ਤਮਗੇ ਦੇਣੇ ਚਾਹੁੰਦਾ ਸੀ ਪਰ ਅਮਰੀਕਾ ਤੋਂ ਭਾਰੀ ਫੰਡ ਲੈਂਦਾ ਸੀ, ਟਾਲ ਕਿਵੇਂ ਸਕਦਾ ਸੀ!
ਗਿਆਰਾਂ ਸਤੰਬਰ 2001 ਨੂੰ ਅਲ-ਕਾਇਦਾ ਨੇ ਚਾਰ ਜੈਟ ਜਹਾਜ ਅਗਵਾ ਕਰ ਕੇ ਦੋ ਵਾਸ਼ਿੰਗਟਨ ਦੇ ਵਿਸ਼ਵ ਟਰੇਡ ਸੈਂਟਰਾਂ ਵਿਚ ਮਾਰੇ, ਇਕ ਸਮਰਸੈਟ ਕਾਉਂਟੀ ਵਿਚ ਤੇ ਇਕ ਖੇਤਾਂ ਵਿਚ ਡੇਗਿਆ। ਕੁੱਲ 2973 ਬੰਦੇ ਮਰੇ। ਫਲਸਤੀਨੀ ਬੱਚਿਆਂ ਨੇ ਗਾਜ਼ਾ ਪੱਟੀ ਵਿਚ ਇਸ ਘਟਨਾ Ḕਤੇ ਜਸ਼ਨ ਮਨਾਏ। ਸਾਰੀ ਦੁਨੀਆਂ ਅਤਿਵਾਦ ਦੇ ਖਾਤਮੇ ਲਈ ਇਕ ਹੋ ਗਈ।
ਮਾਰਚ 2002 ਦੀ ਇਕ ਰਾਤ ਮੋਸਾਬ ਦੇ ਘਰ ਕੁਝ ਅਜਨਬੀ ਆਏ। ਦਰਵਾਜ਼ਾ ਖੜਕਾਇਆ, ਮੋਸਾਬ ਨੇ ਬੂਹਾ ਖੋਲ੍ਹਣ ਤੋਂ ਪਹਿਲਾ ਪੁੱਛਿਆ, “ਕੀ ਗੱਲ ਹੈ?” ਉਨ੍ਹਾਂ ਕਿਹਾ, “ਸ਼ੇਖ ਹਸਨ ਦਾ ਪਤਾ ਟਿਕਾਣਾ ਦੱਸੋ, ਮਿਲਣੈ।” ਮੋਸਾਬ ਨੇ ਪੁੱਛਿਆ, “ਕੀ ਕੰਮ ਹੈ?” ਉਨ੍ਹਾਂ ਕਿਹਾ, “ਅਸੀਂ ਪੰਜ ਮਨੁੱਖੀ ਬੰਬ ਹਾਂ, ਜਾਰਡਨ ਤੋਂ ਆਏ ਹਾਂ। ਜਿਥੇ ਅਸੀਂ ਰੁਕਣਾ ਸੀ, ਸਾਡਾ ਉਹ ਬੰਦਾ ਗ੍ਰਿਫਤਾਰ ਕਰ ਲਿਆ।” ਮੋਸਾਬ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘਾ ਲਏ। ਉਨ੍ਹਾਂ ਦੱਸਿਆ, “ਸਾਡੀ ਕਾਰ ਵਿਚ ਬਹੁਤ ਸਾਰੇ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਹੈ, ਉਹ ਵੀ ਸਹੀ ਥਾਂ Ḕਤੇ ਛੁਪਾਉਣੀ ਹੈ।” ਮੋਸਾਬ ਨੇ ਕਾਰ ਆਪਣੇ ਗੈਰਜ ਵਿਚ ਲੁਕਾ ਦਿੱਤੀ, ਉਨ੍ਹਾਂ ਨੂੰ ਖਾਣ-ਪੀਣ ਲਈ ਪੈਸੇ ਵੀ ਦਿੱਤੇ। ਹੋਟਲ ਵਿਚ ਠਹਿਰਨ ਚਲੇ ਗਏ। ਮੋਸਾਬ ਨੇ ਕਪਤਾਨ ਲੋਈ ਨਾਲ ਗੱਲ ਕੀਤੀ, ਉਹ ਦੰਗ ਰਹਿ ਗਿਆ। ਚੱਲਣ ਤੋਂ ਪਹਿਲਾਂ ਆਤਮਘਾਤੀ ਬੰਬ ਪਹਿਲੀ ਵਾਰ ਮਿਲੇ। ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਆਗਿਆ ਦੇ ਦਿੱਤੀ ਕਿ ਮਾਰ ਦਿਉ। ਮੋਸਾਬ ਅੜ ਗਿਆ, “ਨਹੀਂ, ਮੈਂ ਕਤਲਾਂ ਦੇ ਖਿਲਾਫ ਆਂ, ਚਾਹੇ ਕਿਸੇ ਵਲੋਂ ਕਿਉਂ ਨਾ ਹੋਣ। ਮੈਨੂੰ ਪਤੈ ਇਹ ਖਤਰਨਾਕ ਨੇ ਪਰ ਇਨ੍ਹਾਂ ਨੂੰ ਪਤਾ ਈ ਨੀ ਇਹ ਕੀ ਕਰ ਰਹੇ ਨੇ।”
“ਕੀ ਕਿਹਾ? ਸਾਨੂੰ ਹੁਕਮ ਦੇ ਰਿਹੈਂ ਮੋਸਾਬ?” ਕਪਤਾਨ ਲੋਈ ਨੇ ਪੁੱਛਿਆ।
“ਨਹੀਂ ਹੁਕਮ ਨਹੀਂ, ਜੇ ਤੁਸੀਂ ਮੇਰੀ ਗੱਲ ਨਾ ਮੰਨੀ, ਮੈਂ ਤੁਹਾਡੇ ਨਾਲੋਂ ਰਾਬਤਾ ਤੋੜ ਲਵਾਂਗਾ। ਮੈਂ ਬਾਈਬਲ ਪੜ੍ਹ ਰਿਹਾਂ। ਅੱਲਾ ਕਤਲਾਂ ਦੀ ਆਗਿਆ ਦੇ ਦਿੰਦੈ, ਯਸੂ ਨਹੀਂ ਦਿੰਦਾ।”
ਪੁਲਿਸ ਨੂੰ ਮੰਨਣਾ ਪਿਆ, ਕਿਉਂਕਿ ਮੋਸਾਬ ਨੂੰ ਗੁਆਉਣਾ ਹਾਨੀਕਾਰਕ ਹੋਵੇਗਾ। ਮੋਸਾਬ ਨੇ ਉਨ੍ਹਾਂ ਦੇ ਕਮਰੇ ਵਿਚ ਮਾਈਕ ਟਿਕਾ ਦਿੱਤੇ ਜਿਹੜੇ ਕਿਸੇ ਨੂੰ ਨਹੀਂ ਸਨ ਦਿਸਦੇ। ਉਨ੍ਹਾਂ ਦੀ ਹਰ ਗੱਲ ਖੁਫੀਆ ਪੁਲਿਸ ਅਤੇ ਮੋਸਾਬ ਸੁਣ ਰਹੇ ਸਨ, ਰਿਕਾਰਡ ਕਰ ਰਹੇ ਸਨ। ਉਨ੍ਹਾਂ ਵਿਚੋਂ ਹਰ ਕੋਈ ਚਾਹੁੰਦਾ ਸੀ ਕਿ ਸਭ ਤੋਂ ਪਹਿਲਾਂ ਉਹ ਮਰੇ ਤਾਂ ਕਿ ਦੋਸਤਾਂ ਦੀ ਮੌਤ ਦਾ ਦੁੱਖ ਨਾ ਹੋਵੇ। ਗੱਲਾਂ ਕਰਦੇ-ਕਰਦੇ ਸੌਂ ਗਏ। ਘੁਰਾੜਿਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਭ ਨੇ ਬੰਬ ਵਾਲੀ ਬੈਲਟ ਲੱਕ ਦੁਆਲੇ ਬੰਨ੍ਹੀ ਹੋਈ ਸੀ। ਰਤਾ ਕੁ ਬੇਧਿਆਨੀ ਹੋਈ, ਉਹ ਬੰਬ ਚਲਾਉਣ ਵਿਚ ਸਕਿੰਟ ਲਾਉਣਗੇ। ਸੜਕ ਵਾਲੇ ਪਾਸੇ ਬਾਲਕੋਨੀ ਵਿਚ ਖੁੱਲ੍ਹਦਾ ਦਰਵਾਜ਼ਾ ਉਡਾਉਣ ਵਾਸਤੇ ਬੰਬ ਰੱਖ ਦਿੱਤਾ। ਇਸ਼ਾਰਾ ਹੋਇਆ, ਬੰਬ ਚੱਲਿਆ, ਦਰਵਾਜ਼ਾ ਟੁੱਟਿਆ ਤੇ ਕਮਾਂਡੋ ਟੁੱਟ ਕੇ ਪੈ ਗਏ। ਇਕ ਮੁੰਡੇ ਨੇ ਬੰਦੂਕ ਚੁੱਕੀ ਤੇ ਉਪਰੋਂ ਹੇਠ ਛਾਲ ਮਾਰ ਦਿੱਤੀ। ਧਰਤੀ ਉਤੇ ਪੁੱਜਣ ਤੋਂ ਪਹਿਲਾਂ ਹਵਾ ਵਿਚ ਹੀ ਉਹ ਗੋਲੀਆਂ ਨਾਲ ਛਲਣੀ ਹੋ ਗਿਆ। ਹੱਥ ਪਿਛੇ ਬੰਨ੍ਹੀ ਜਦੋਂ ਪੁਲਿਸ ਉਨ੍ਹਾਂ ਚਾਰਾਂ ਨੂੰ ਲਿਜਾ ਰਹੀ ਸੀ, ਇਕ ਨੇ ਕਿਹਾ, “ਮੋਸਾਬ ਨੇ ਕਾਰਾ ਕਰਵਾਇਐ।” ਮੋਸਾਬ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਹੁਣ ਉਹ ਵੀ ਬਚ ਨਹੀਂ ਸਕੇਗਾ।
ਕਪਤਾਨ ਲੋਈ ਨੇ ਹੱਲ ਲੱਭ ਲਿਆ, ਕਿਹਾ, “ਇਨ੍ਹਾਂ ਚਾਰਾਂ ਵਿਚੋਂ ਤਿੰਨ ਨੂੰ ਜੇਲ੍ਹ ਬੰਦ ਕਰਾਂਗੇ, ਇਕ ਨੂੰ ਆਪਣੇ ਘਰ ਜਾਣ ਦੀ ਆਗਿਆ ਦਿਆਂਗੇ; ਖਬਰ ਦਿਆਂਗੇ ਕਿ ਜਿਸ ਬੰਦੇ ਨੇ ਫੜਵਾਏ, ਉਸ ਨੂੰ ਮੁਆਫ ਕਰ ਦਿੱਤਾ।” ਮੋਸਾਬ ਨੂੰ ਬਚਾਉਣਾ ਪੁਲਿਸ ਲਈ ਅਹਿਮ ਸੀ, ਜੇਲ੍ਹ ਵਿਚ ਠੀਕ ਰਹੇ ਪਰ ਉਹ ਮੰਨਦਾ ਨਹੀਂ ਸੀ, ਕਿਉਂਕਿ ਅੱਬਾ ਦੀ ਜਾਨ ਨੂੰ ਘੱਟ ਖਤਰਾ ਨਹੀਂ ਸੀ, ਉਹ ਇਕੱਲਾ ਅੱਬੂ ਦਾ ਸਹਾਰਾ ਹੈ।
ਕਪਤਾਨ ਲੋਈ ਨੇ ਕਿਹਾ, “ਦੂਜਾ ਤਰੀਕਾ ਇਹ ਹੈ ਕਿ ਸਾਬਤ ਕਰੀਏ, ਮੋਸਾਬ ਖਤਰਨਾਕ ਖਾੜਕੂ ਹੈ। ਉਸ ਦੀ ਗ੍ਰਿਫਤਾਰੀ ਦਾ ਡਰਾਮਾ ਰਿਕਾਰਡ ਕਰ ਕੇ ਟੀæਵੀæ Ḕਤੇ ਦਿਖਾਇਆ ਜਾਵੇ। ਸਭ ਕੁਝ ਤੈਅ ਹੋ ਗਿਆ। ਮੋਸਾਬ ਮਾਂ ਕੋਲ ਜਾਏ, ਘਰੋਂ ਗ੍ਰਿਫਤਾਰੀ ਦਿਖਾਉਣੀ ਹੋਵੇਗੀ ਪਰ ਪਲੈਨ ਮੁਤਾਬਕ ਫੌਜ ਦੇ ਘਰ ਪੁੱਜਣ ਤੋਂ ਪਹਿਲਾਂ ਮੋਸਾਬ ਕਿਧਰੇ ਨਿਕਲ ਜਾਏਗਾ। ਉਸ ਦੇ ਘਰ ਦੇ ਬਾਹਰ ਹਵਾਈ ਫਾਇਰਿੰਗ ਹੋਏਗੀ, ਲਾਊਡ ਸਪੀਕਰ ਵਿਚ ਕਿਹਾ ਜਾਏਗਾ ਕਿ ਹੱਥ ਖੜ੍ਹੇ ਕਰ ਕੇ ਮੋਸਾਬ ਬਾਹਰ ਆਏ। ਇਹ ਸਾਰਾ ਡਰਾਮਾ ਦੁਨੀਆਂ ਨੇ ਦੇਖਿਆ। ਮੋਸਾਬ ਆਪਣੇ ਪਿਤਾ ਦੀ ਹਿਫਾਜ਼ਤ ਕਰੇ, ਫੌਜ ਤੋਂ ਬਚ ਕੇ ਰਹੇ, ਤੇ ਲੋੜੀਂਦੀ ਸੂਚਨਾ ਕਪਤਾਨ ਲੋਈ ਨੂੰ ਦਿੰਦਾ ਰਹੇ।
ਆਖਰ ਹਾਲਾਤ ਖਤਰਨਾਕ ਹੋ ਗਏ। ਖਾੜਕੂਆਂ ਦੀਆਂ ਕਈ ਟੋਲੀਆਂ ਸਨ ਜੋ ਇਕ ਦੂਜੀ Ḕਤੇ ਇਤਬਾਰ ਨਹੀਂ ਸਨ ਕਰਦੀਆਂ। ਫੌਜ ਅਤੇ ਪੁਲਿਸ ਵਿਚ ਸ਼ਰੀਕੇਬਾਜ਼ੀ ਸੀ। ਮੋਸਾਬ ਅਤੇ ਅੱਬੂ ਦਾ ਲੁਕ ਛੁਪ ਕੇ ਰਹਿਣਾ ਘਾਤਕ ਸਾਬਤ ਹੋ ਸਕਦਾ ਸੀ। ਮੋਸਾਬ ਨੇ ਕਪਤਾਨ ਲੋਈ ਨਾਲ ਗੱਲ ਕੀਤੀ। ਉਹ ਵੀ ਸਹਿਮਤ ਸੀ ਕਿ ਦੋਵਾਂ ਦੀ ਹਿਫਾਜ਼ਤ ਵਾਸਤੇ ਗ੍ਰਿਫਤਾਰੀ ਕਰਨੀ ਪਵੇਗੀ। ਮੋਸਾਬ ਨੇ ਮਾਂ ਨੂੰ ਕਿਹਾ, “ਅੰਮੀ, ਅੱਬੂ ਨੂੰ ਮਿਲ ਆਉ।” ਸਿਰਨਾਵਾਂ ਦੇ ਦਿੱਤਾ। ਮਾਂ ਦੇ ਪਿਛੇ ਪੁਲਿਸ ਲੱਗ ਗਈ। ਫੌਜ ਆ ਗਈ, ਸਾਇਰਨ ਵੱਜ ਗਏ। ਐਲਾਨ ਹੋਇਆ, ਕੋਈ ਘਰੋਂ ਬਾਹਰ ਨਾ ਨਿਕਲੇ। ਕੀ ਹੋ ਰਿਹੈ, ਦੇਖਣ ਲਈ ਇਕ ਬੰਦਾ ਝਾਕਿਆ। ਫੌਜੀ ਨੇ ਕਿਹਾ, “ਅੰਦਰ ਹੋ ਜਾ, ਮਰ ਜਾਏਂਗਾ।” ਇਹ ਬੰਦਾ ਬੁਗਤੀ ਸੀ ਜਿਸ ਨੇ ਅਣਗਿਣਤ ਇਜ਼ਰਾਈਲੀ ਕਤਲ ਕਰਵਾਏ ਸਨ ਪਰ ਫੌਜੀ ਉਹਨੂੰ ਜਾਣਦੇ ਨਹੀਂ ਸਨ, ਨਾ ਹੀ ਬੁਗਤੀ ਨੂੰ ਪਤਾ ਸੀ ਸ਼ੇਖ ਹਸਨ ਉਹਦੇ ਨੇੜੇ ਰਹਿ ਰਿਹੈ। ਕੁਝ ਦਿਨਾਂ ਪਿਛੋਂ ਮੋਸਾਬ ਨੂੰ ਫੜ ਲਿਆ। ਪਿਉ ਪੁਤਰ ਤਫਤੀਸ਼ ਕੇਂਦਰ ‘ਚ ਇਕੱਠੇ ਕਰ ਦਿੱਤੇ। ਨਾ ਸਖਤੀ ਕਰਨੀ ਸੀ, ਨਾ ਪੁੱਛ-ਗਿੱਛ। ਅੱਬੂ ਨੂੰ ਇਸ ਨਾਟਕ ਦਾ ਕੋਈ ਇਲਮ ਨਹੀਂ।
ਜੇਲ੍ਹ ਵਿਚ ਈਸਾਈ ਨਜ਼ਰਬੰਦ ਆਮਨਾ ਮਿਲਿਆ। ਉਸ ਦਾ ਯਹੂਦੀ ਪਿਤਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ। ਮੋਸਾਬ ਨੇ ਪੁੱਛਿਆ, “ਇਥੇ ਕਿਵੇਂ?” ਉਸ ਨੇ ਦੱਸਿਆ, “ਮੈਂ ਯਹੂਦੀ ਸਾਂ, ਮੇਰੀ ਪਤਨੀ ਈਸਾਈ ਹੈ, ਦੋ ਬੱਚੇ ਹਨ। ਨਵੀਂ ਬਾਈਬਲ ਦਾ ਅਸਰ ਵੀ ਸੀ ਤੇ ਮੇਰੀ ਪਤਨੀ ਦਾ ਵੀ, ਮੈਂ ਈਸਾਈ ਹੋ ਗਿਆ। ਮੁੰਡਿਆਂ ਲਈ ਤਿੰਨ ਸਾਲ ਤੇ ਕੁੜੀਆਂ ਲਈ ਦੋ ਸਾਲ ਫੌਜ ਦੀ ਨੌਕਰੀ ਇਜ਼ਰਾਈਲ ਵਿਚ ਲਾਜ਼ਮੀ ਹੈ। ਮੈਨੂੰ ਭਰਤੀ ਦਾ ਨੋਟਿਸ ਮਿਲਿਆ। ਫਿਰ ਦੂਜਾ ਨੋਟਿਸ, ਫਿਰ ਤੀਜਾ। ਮੈਂ ਸਿਵਲੀਅਨ ਲੋਕਾਂ ਨੂੰ ਮਾਰ ਨਹੀਂ ਸਕਦਾ। ਜੇ ਕੋਈ ਕਹੇ ਕਿ ਦੌੜੇ ਜਾਂਦੇ ਬੱਚੇ ਦੇ ਸਿਰ ਵਿਚ ਨਹੀਂ, ਲੱਤ ਵਿਚ ਗੋਲੀ ਮਾਰ, ਮੈਂ ਇਹ ਵੀ ਨਹੀਂ ਕਰ ਸਕਦਾ। ਹੁਕਮ-ਅਦੂਲੀ ਦੇ ਦੋਸ਼ ਵਿਚ ਅੰਦਰ ਕਰ ਦਿੱਤਾ।” ਮੋਸਾਬ ਲਈ ਅਜੀਬ ਸਥਿਤੀ ਸੀ, ਕੋਈ ਈਸਾਈ ਇਸ ਲਈ ਬੰਦੀ ਹੈ ਕਿਉਂਕਿ ਇਜ਼ਰਾਈਲ ਨਾਲ ਮਿਲ ਕੇ ਨਹੀਂ ਚੱਲਦਾ। ਮੋਸਾਬ ਵੀ ਬੰਦੀ ਹੈ ਬੇਸ਼ਕ ਦੋਵਾਂ ਦੇ ਕਾਰਨ ਵੱਖ-ਵੱਖ ਹਨ। ਮੋਸਾਬ ਯਹੂਦੀਆਂ ਨੂੰ ਬਚਾ ਰਿਹਾ ਸੀ, ਆਮਨਾ ਫਲਸਤੀਨੀ ਮੁਸਲਮਾਨਾਂ ਨੂੰ।
ਛੇ ਮਹੀਨਿਆਂ ਦੀ ਸਜ਼ਾ ਸੁਣਾ ਕੇ ਮੋਸਾਬ ਨੂੰ ਜੇਲ੍ਹ ਭੇਜ ਦਿੱਤਾ। ਜਿਸ ਜੇਲ੍ਹ ਵਿਚ ਭੇਜਿਆ, ਉਹ ਮਾਰੂਥਲ ਵਿਚ ਸੀ ਜਿਥੇ ਗਿੱਦੜਾਂ, ਬਘਿਆੜਾਂ ਅਤੇ ਚੀਤਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ। ਇਸ ਜੇਲ੍ਹ ਵਿਚੋਂ ਕੈਦੀਆਂ ਦੇ ਭੱਜਣ ਦੀਆਂ ਵਾਰਦਾਤਾਂ ਕਈਆਂ ਨੇ ਸੁਣਾਈਆਂ ਪਰ ਬਚ ਕੇ ਕੋਈ ਘਰ ਪੁਜਾ ਹੋਵੇ, ਨਹੀਂ ਸੁਣਿਆ। ਗਰਮੀਆਂ ਵਿਚ ਤੰਦੂਰ ਤੇ ਸਰਦੀਆਂ ਵਿਚ ਬਰਫਾਨੀ ਠੱਕਾ।
ਇਕ ਸਵੇਰ ਮੋਸਾਬ ਨੇ ਦੋ ਕੈਦੀ ਚਾਹ ਬਣਾਉਂਦੇ ਦੇਖੇ। ਉਹ ਕਿਤਾਬਾਂ ਦੇ ਬਾਲਣ ਨਾਲ ਅੱਗ ਮਚਾ ਰਹੇ ਸਨ। ਇਕ ਡੱਬੇ ਵਿਚ ਰੈਡਕਰਾਸ ਵਲੋਂ ਭੇਜੇ ਨਾਵਲਾਂ ਤੇ ਕਹਾਣੀਆਂ ਦੀਆਂ ਕਿਤਾਬਾਂ ਸਨ। ਮੋਸਾਬ ਨੂੰ ਗੁੱਸਾ ਆਇਆ ਤੇ ਡੱਬਾ ਚੁੱਕ ਲਿਆ। ਇਕ ਕੈਦੀ ਨੇ ਕਿਹਾ, “ਚਾਹ ਬਣਾਉਣੀ ਐ ਤਾਂ ਪੰਜ ਚਾਰ ਲੈ ਜਾ, ਸਾਰਾ ਡੱਬਾ ਕਿਉਂ ਧੂਹ ਰਿਹੈਂ?” ਮੋਸਾਬ ਨੇ ਕਿਹਾ, “ਤੁਹਾਡੇ ਲਈ ਬਾਲਣ ਦਾ ਪ੍ਰਬੰਧ ਕਰ ਦਿਆਂਗਾ। ਇਹ ਕੀਮਤੀ ਕਿਤਾਬਾਂ ਪੜ੍ਹਨ ਵਾਸਤੇ ਰੱਬ ਨੇ ਭੇਜੀਆਂ ਨੇ।” ਕੈਦੀਆਂ ਨੇ ਕਿਹਾ, “ਇਹ ਈਸਾਈਆਂ ਦੀਆਂ ਕਿਤਾਬਾਂ ਤੂੰ ਕਿਉਂ ਪੜ੍ਹੇਂਗਾ?” ਮੋਸਾਬ ਨੇ ਕਿਹਾ, “ਈਸਾਈਆਂ ਦੀਆਂ ਨਹੀਂ, ਇਹ Ḕਨਿਊ ਯਾਰਕ ਟਾਈਮਜ਼Ḕ ਅਖਬਾਰ ਦੀਆਂ ਸਭ ਤੋਂ ਵਧੀਕ ਵਿਕਣ ਵਾਲੀਆਂ ਕਿਤਾਬਾਂ ਨੇ।”
ਕੈਦ ਭੁਗਤੀ ਤੇ ਘਰ ਆ ਗਿਆ। ਹੁਣ ਫਲਸਤੀਨੀ ਗੁਰੀਲਿਆਂ ਤੋਂ ਖਤਰਾ ਨਹੀਂ, ਹਮਾਸ ਦਾ ਲੀਡਰ ਕੈਦ ਕੱਟ ਆਇਆ ਹੈ। ਲੁਕ ਛਿਪ ਕੇ ਰਹਿਣ ਦੀ ਲੋੜ ਨਹੀਂ, ਇਜ਼ਰਾਈਲ ਦੀ ਖੁਫੀਆ ਪੁਲਿਸ ਨਾਲ ਮਿਲ ਕੇ ਚੱਲ ਰਿਹੈ। ਪਤਾ ਲੱਗਾ ਕਿ ਮਾਰਚ ਵਿਚ ਅਬਦੁਲਾ ਬੁਗਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ 66 ਬੰਦੇ ਕਤਲ ਕੀਤੇ ਤੇ 500 ਦੇ ਕਰੀਬ ਜ਼ਖਮੀ। ਇਸ ਤੋਂ ਵੀ ਵਧੀਕ ਮਾਰੇ ਸਨ ਪਰ ਪੁਲਿਸ ਕੋਲ ਬਾਕੀਆਂ ਦੇ ਸਬੂਤ ਨਹੀਂ ਸਨ। ਜੱਜ ਨੇ 67 ਉਮਰ ਕੈਦਾਂ ਦੀ ਸਜ਼ਾ ਦਿੱਤੀ। ਇਕ ਬੰਦੇ ਮਗਰ ਇਕ ਉਮਰ ਕੈਦ, ਇਕ ਉਮਰ ਕੈਦ ਜ਼ਖਮੀਆਂ ਕਾਰਨ। ਬੁਗਤੀ ਜੱਜ ਵਲ ਦੇਖ ਕੇ ਦਹਾੜਿਆ, “ਤੈਨੂੰ ਵੀ ਨਹੀਂ ਛੱਡਾਂਗਾ। ਕੈਦ ਵਿਚ ਬੰਦੀਆਂ ਨੂੰ ਬੰਬ ਬਣਾਉਣ ਦੀ ਜਾਚ ਸਿਖਾਵਾਂਗਾ।” ਸੁਣ ਕੇ ਜੱਜ ਨੇ ਹੁਕਮ ਸੁਣਾਇਆ, “ਇਸ ਨੂੰ ਇਕੱਲਿਆਂ ਸੈਲ ਵਿਚ ਬੰਦ ਰੱਖਣਾ।”
ਸਾਲ 2004 ਵਿਚ ਅਕਤੂਬਰ ਦੇ ਅਖੀਰਲੇ ਹਫਤੇ ਅਰਾਫਾਤ ਬਿਮਾਰ ਹੋ ਗਿਆ, ਸੁਣਿਆ ਕਿ ਫਲੂ ਹੋ ਗਿਐ। ਇਲਾਜ ਲਈ ਪੈਰਿਸ ਲੈ ਗਏ ਜਿਥੇ 75 ਸਾਲ ਦੀ ਉਮਰ ਭੋਗ ਕੇ ਉਹ 11 ਨਵੰਬਰ ਨੂੰ ਮਰ ਗਿਆ। ਕੁਝ ਕਹਿੰਦੇ ਸਨ ਜ਼ਹਿਰ ਦਿੱਤਾ ਗਿਆ, ਕੁਝ ਦਾ ਆਖਣਾ ਸੀ ਏਡਜ਼ ਨਾਲ ਮਰਿਐ। ਹਫਤੇ ਬਾਅਦ ਸ਼ੇਖ ਹਸਨ ਨੂੰ ਰਿਹਾ ਕਰ ਦਿੱਤਾ। ਖੁਫੀਆ ਏਜੰਸੀ ਨੇ ਸ਼ੇਖ ਨੂੰ ਕਿਹਾ, “ਯਾਸਰ ਅਰਾਫਾਤ ਨਹੀਂ ਰਿਹਾ ਸ਼ੇਖ ਹਸਨ, ਉਸ ਦੀ ਥਾਂ ਵੀ ਤੁਸੀਂ ਸੰਭਾਲੋ। ਬਹੁਤ ਖੂਨ ਵਗ ਚੁੱਕਿਐ, ਹੁਣ ਬੰਦ ਕਰੀਏ। ਤੁਸੀਂ ਭਲੇ ਮੁਸਲਮਾਨ ਹੋ, ਮੁਸਲਮਾਨਾਂ ਅਤੇ ਯਹੂਦੀਆਂ ਨੂੰ ਬਚਾਉ।”
“ਵੈਸਟ ਬੈਂਕ ਦਾ ਇਲਾਕਾ ਛੱਡ ਦਿਉ ਤੇ ਫਲਸਤੀਨ ਨੂੰ ਖੁਦਮੁਖਤਾਰ ਸਟੇਟ ਦਾ ਰੁਤਬਾ ਦਿਉ, ਠੀਕ ਹੋ ਜਾਏਗਾ।” ਸ਼ੇਖ ਨੇ ਕਿਹਾ। ਸ਼ੇਖ ਜਾਣਦਾ ਸੀ, ਇਜ਼ਰਾਈਲੀ ਜਾਣਦੇ ਸਨ ਕਿ ਹਮਾਸ ਇੰਨੇ ਕੁ ਨਾਲ ਨਹੀਂ ਮੰਨੇਗੀ।
ਰਿਹਾਈ ਵਕਤ ਮੋਸਾਬ, ਅੱਬੂ ਦੀ ਜੇਲ੍ਹ ਦੇ ਦਰਵਾਜ਼ੇ ਉਪਰ ਘਰ ਲਿਜਾਣ ਵਾਸਤੇ ਆਇਆ ਹੋਇਆ ਸੀ। ਅੱਬੂ ਨੇ ਕਿਹਾ, “ਘਰ ਜਾਣ ਤੋਂ ਪਹਿਲੋਂ ਯਾਸਰ ਅਰਾਫਾਤ ਦੀ ਕਬਰ ਉਪਰ ਜਾ ਕੇ ਫਾਤਿਹਾ ਪੜ੍ਹਾਂਗੇ।”
ਪੀæਐਲ਼ਓæ ਦੇ ਮੈਂਬਰ ਬੇਚੈਨ ਸਨ ਕਿ ਹੁਣ ਹਮਾਸ ਤਾਕਤਵਰ ਹੋ ਜਾਏਗੀ ਪਰ ਹਮਾਸ ਦੇ ਲੀਡਰ ਕੌਣ ਹਨ? ਸ਼ੇਖ ਹਸਨ ਲੀਡਰ ਨਹੀਂ। ਵੱਡੇ-ਵੱਡੇ ਖਾੜਕੂ ਮਾਰੇ ਜਾ ਚੁਕੇ ਸਨ ਜਾਂ ਜੇਲ੍ਹਾਂ ਵਿਚ ਸਨ ਪਰ ਉਹ ਵੀ ਸਾਰੇ ਵਰਕਰ ਸਨ, ਲੀਡਰ ਕੌਣ ਹੈ? ਨਾ ਖੁਫੀਆ ਮਹਿਕਮੇ ਨੂੰ ਪਤਾ ਹਮਾਸ ਦਾ ਲੀਡਰ ਕੌਣ ਹੈ, ਨਾ ਸ਼ੇਖ ਹਸਨ ਨੂੰ।
ਇਕ ਦਿਨ ਸ਼ੇਖ ਹਸਨ ਨੇ ਬੇਟੇ ਨੂੰ ਕਿਹਾ, “ਮੋਸਾਬ ਮੇਰਾ ਜੀ ਕਰਦੈ ਮੈਂ ਆਪਣਾ ਦਫਤਰ ਬੰਦ ਕਰ ਦਿਆਂ। ਬੇਵਾ ਔਰਤਾਂ, ਯਤੀਮ ਬੱਚੇ, ਖੁਆਰ ਮਾਂਵਾਂ ਮੈਥੋਂ ਮਦਦ ਮੰਗਦੇ ਹਨ, ਮੈਂ ਕੀ ਕਰ ਸਕਦਾਂ?”
“ਪਰ ਅੱਬੂ ਮੀਡੀਆ ਤੁਹਾਨੂੰ ਕਿਥੇ ਮਿਲਿਆ ਕਰੇਗਾ ਫਿਰ?”
“ਮੈਂ ਮੀਡੀਏ ਤੋਂ ਕੀ ਲੈਣੈ?”
“ਪਰ ਤੁਸੀਂ ਹਮਾਸ ਦੇ ਲੀਡਰ ਹੋ।”
“ਮੈਂ ਹਮਾਸ ਦਾ ਲੀਡਰ ਨਹੀਂ ਹਾਂ।”
“ਪਰ ਤੁਸੀਂ ਹਮਾਸ ਦੀ ਨੀਂਹ ਰੱਖੀ ਸੀ, ਤੁਸੀਂ ਬਾਨੀ ਹੋ।”
“ਨੀਂਹ ਰੱਖੀ ਸੀ ਜ਼ਰੂਰ ਪਰ ਮੈਂ ਲੀਡਰ ਨਹੀਂ। ਮੈਨੂੰ ਪਤਾ ਹੀ ਨਹੀਂ ਇਹ ਹੋਈ ਕੀ ਜਾਂਦੈ ਚਾਰੇ ਪਾਸੇ, ਦਿਨ ਰਾਤ।”
ਜੇ ਮੋਸਾਬ ਅਤੇ ਸ਼ੇਖ ਹਸਨ ਨੂੰ ਨਹੀਂ ਪਤਾ ਹਮਾਸ ਦੀ ਲੀਡਰਸ਼ਿਪ ਕਿਥੇ ਹੈ, ਫਿਰ ਹੋਰ ਕਿਸ ਨੂੰ ਪਤਾ ਹੈ? ਸ਼ੇਖ ਹਸਨ ਦਾ ਦਿਲ ਸਵੀਕਾਰ ਕਰ ਚੁਕਾ ਸੀ ਕਿ ਇਜ਼ਰਾਈਲ ਸਟੇਟ ਕਾਇਮ ਰਹੇਗੀ ਪਰ ਫਲਸਤੀਨ ਦੀ ਹੋਂਦ ਵੀ ਰਹਿਣੀ ਚਾਹੀਦੀ ਹੈ। ਅਮਨ ਚਾਹੁੰਦਾ ਸੀ ਪਰ ਇਸ ਦੀ ਚਾਬੀ ਨਹੀਂ ਲੱਭਦੀ ਸੀ। ਯਾਸਰ ਅਰਾਫਾਤ ਦਾ ਕੋਈ ਉਤਰਾਧਿਕਾਰੀ ਨਹੀਂ ਸੀ। ਉਸ ਨੇ ਕਿਸੇ Ḕਤੇ ਇਤਬਾਰ ਹੀ ਨਹੀਂ ਸੀ ਕੀਤਾ, ਸਾਰੇ ਬੈਂਕ ਖਾਤੇ ਉਸ ਦੇ ਨਿਜੀ ਸਨ।
ਪੱਛਮੀ ਦੇਸਾਂ ਨੇ ਫਲਸਤੀਨ ਵਿਚ ਚੋਣਾਂ ਕਰਵਾਉਣ ਦਾ ਸੁਝਾਅ ਰੱਖਿਆ। ਸ਼ੇਖ ਹਸਨ ਨੂੰ ਪਤਾ ਸੀ ਉਸ ਦੀ ਇੱਜ਼ਤ ਕਾਰਨ ਹਮਾਸ ਚੋਣਾਂ ਜਿੱਤੇਗੀ ਪਰ ਫਿਰ ਕਰੇਗੀ ਕੀ? ਉਸ ਦੇ ਕੰਟਰੋਲ ਵਿਚ ਕੁਝ ਵੀ ਨਹੀਂ, ਇਹ ਹੋਰ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਸਰਕਾਰ ਬਣਾ ਕੇ ਹਮਾਸ ਇਜ਼ਰਾਈਲ ਵਿਰੁਧ ਯੁੱਧ ਦਾ ਐਲਾਨ ਕਰ ਸਕਦੀ ਹੈ। ਉਧਰ ਹਮਾਸ ਦੇ ਵੋਟਰਾਂ ਨੂੰ ਸਬਕ ਸਿਖਾਉਣ ਲਈ ਇਜ਼ਰਾਈਲ ਚੜ੍ਹਾਈ ਕਰ ਸਕਦਾ ਹੈ। ਸੋਚਦੇ ਸਨ, ਵੋਟਾਂ ਬਾਅਦ ਅਮਨ ਪਰਤੇ ਪਰ ਉਲਟ ਹੋਣ ਦੀ ਵਧੀਕ ਸੰਭਾਵਨਾ ਹੈ।
ਸ਼ੇਖ ਹਸਨ ਨੂੰ ਪੀæਐਲ਼ਓæ ਦੇ ਬੰਦਿਆਂ ਦੇ ਭ੍ਰਿਸ਼ਟ ਹੋਣ ਦਾ ਪਤਾ ਸੀ, ਤੇ ਹਮਾਸ ਦੇ ਬੰਦੂਕਧਾਰੀ ਬੰਦੇ ਮੂਰਖ ਅਤੇ ਜ਼ਾਲਮ ਸਨ, ਇਨ੍ਹਾਂ ਦੇ ਹੱਥ ਸਰਕਾਰ ਦੇ ਦਈਏ?
ਇਕ ਦਿਨ ਕਪਤਾਨ ਲੋਈ ਨੂੰ ਮੋਸਾਬ ਨੇ ਕਿਹਾ, “ਮੇਰਾ ਜੀ ਕਰਦੈ ਮੈਂ ਈਸਾਈ ਹੋ ਜਾਵਾਂ।” ਲੋਈ ਨੇ ਕਿਹਾ, “ਤੂੰ ਜੋ ਮਰਜ਼ੀ ਹੋ ਜਾ, ਅਸੀਂ ਇਸ ਵਿਚ ਦਖਲ ਨੀ ਦੇਣਾ ਪਰ ਇਹ ਗੱਲ ਕਿਸੇ ਨੂੰ ਪਤਾ ਲੱਗ ਗਈ ਤਾਂ ਤੂੰ ਮੁਸੀਬਤ ਵਿਚ ਫਸ ਜਾਏਂਗਾ। ਨਾਲੇ ਤੇਰੇ ਅੱਬੂ ਦੀ ਬਦਨਾਮੀ ਹੋ ਜਾਏਗੀ।” ਇਨ੍ਹਾਂ ਅਫਸਰਾਂ ਨੂੰ ਇਹ ਫਿਕਰ ਸੀ ਕਿ ਫਿਰ ਇਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲ ਸਕੇਗੀ ਜੇ ਮੋਸਾਬ ਹਮਾਸ ਨਾਲੋਂ ਕੱਟਿਆ ਗਿਆ।
ਅਮਰੀਕੀ ਈਸਾਈਆਂ ਦੀ ਇਕ ਟੋਲੀ ਯੋਰੋਸ਼ਲਮ ਦੇ ਗਿਰਜੇ ਵਿਚ ਪ੍ਰਾਰਥਨਾ ਕਰਨ ਆਈ। ਆਪਣੇ ਇਕ ਮਿੱਤਰ ਨਾਲ ਮੋਸਾਬ ਉਥੇ ਗਿਆ ਹੋਇਆ ਸੀ। ਇਕ ਕੁੜੀ ਨਾਲ ਦੋਸਤੀ ਹੋ ਗਈ ਤੇ ਦੱਸਿਆ ਕਿ ਉਹ ਯਸੂ ਦਾ ਮੁਰੀਦ ਹੈ।
“ਤੂੰ ਬਪਤਿਸਮਾਂ ਲੈ ਲਿਐ?”
“ਨਹੀਂ, ਅਜੇ ਨਹੀਂ।”
“ਕਿਉਂ?”
“ਤੂੰ ਬਪਤਿਸਮਾਂ ਦੇ ਸਕਦੀ ਐਂ?”
“ਹਾਂ, ਕਿਉਂ ਨਹੀਂ?”
“ਤੇ ਖਬਰ ਕਿਸੇ ਨੂੰ ਦੱਸੇਂਗੀ ਤਾਂ ਨਹੀਂ?”
“ਜੇ ਨਹੀਂ ਦੱਸਣਾ ਤਾਂ ਨਹੀਂ ਦੱਸਾਂਗੀ। ਚੱਲ ਬੀਚ Ḕਤੇ ਚੱਲੀਏ।”
ਦੋਵੇਂ ਬੀਚ ‘ਤੇ ਗਏ। ਸੈਨ ਡੀਆਗੋ ਤੋਂ ਆਈ ਕੁੜੀ ਨਾਲ ਤਲਅਵੀਵ ਸਾਗਰ ਕੰਢੇ ਹਮਾਸ ਦੇ ਬਾਨੀ ਸ਼ੇਖ ਯੂਸਫ ਦਾ ਜੇਠਾ ਪੁੱਤਰ ਬਪਤਿਸਮਾਂ ਲੈਣ ਆਇਐ, ਕਿਸੇ ਦੇ ਖਾਬੋ-ਖਿਆਲ ਵਿਚ ਵੀ ਨਹੀਂ। ਮੋਸਾਬ ਈਸਾਈ ਹੋ ਗਿਆ।
23 ਸਤੰਬਰ 2005 ਨੂੰ ਮੋਸਾਬ ਆਪਣੀ ਕਾਰ ਵਿਚ ਅੱਬਾ ਨੂੰ ਲਈ ਕਿਧਰੇ ਜਾ ਰਿਹਾ ਸੀ ਤਾਂ ਫੋਨ ਆਇਆ, “ਇਹ ਕੀ ਹੋ ਰਿਹੈ ਸ਼ੇਖ ਹਸਨ?” ਸ਼ੇਖ ਨੇ ਪੁੱਛਿਆ, “ਕੀ ਹੋ ਰਿਹੈ?” ਆਵਾਜ਼ ਆਈ, “ਜਿਬਾਲੀਆ ਕਸਬੇ ਦੇ ਰਫਿਊਜੀ ਕਾਰਵਾਂ ਉਪਰ ਇਜ਼ਰਾਈਲ ਨੇ ਬੰਬ ਸੁੱਟ ਦਿਤੈ। ਬਹੁਤ ਮੌਤਾਂ ਹੋਈਆਂ, ਮੈਂ ਅੱਖੀਂ ਦੇਖਿਐ। ਜਹਾਜ ਵਿਚੋਂ ਮਿਜ਼ਾਈਲਾਂ ਹੇਠਾਂ ਡਿੱਗੀਆਂ। ਇਜ਼ਰਾਈਲ ਨੇ ਅਮਨ ਸੰਧੀ ਤੋੜ ਦਿੱਤੀ।” ਸ਼ੇਖ ਹਸਨ ਨੂੰ ਟੀæਵੀæ ਕੈਮਰਿਆਂ ਨੇ ਘੇਰ ਲਿਆ, ਉਸ ਨੇ ਕਿਹਾ, “ਇਜ਼ਰਾਈਲ ਨੇ ਧੋਖਾ ਦਿਤੈ, ਸੰਧੀ ਤੋੜੀ ਹੈ, ਮੈਂ ਕੌਮਾਂਤਰੀ ਪੜਤਾਲ ਦੀ ਮੰਗ ਕਰਦਾ ਹਾਂ।”
ਮੋਸਾਬ ਨੇ ਇਕ ਪਾਸੇ ਜਾ ਕੇ ਲੋਈ ਨੂੰ ਫੋਨ ਕੀਤਾ। ਲੋਈ ਨੇ ਕਿਹਾ, ਤੂੰ ਟੀæਵੀæ ਚੈਨਲ ਦੇਖ। ਮਿਸਾਈਲ ਉਪਰੋਂ ਹੇਠਾਂ ਨਹੀਂ ਡਿਗੀ, ਹੇਠੋਂ ਉਪਰ ਵੱਲ ਜਾ ਰਹੀ ਹੈ। ਇਹ ਹਮਾਸ ਦਾ ਕਾਰਾ ਹੈ। ਮੋਸਾਬ ਨੇ ਅੱਬੂ ਨੂੰ ਵੀਡੀਓ ਦਿਖਾਈ, ਸਾਫ ਦਿਸ ਰਿਹੈ, ਕਾਫਲੇ ਦੇ ਪਿਛੇ ਪਿਛੇ ਇਕ ਵੈਨ ਜਾ ਰਹੀ ਹੈ। ਵੈਨ ਹਮਾਸ ਦੀ ਹੈ, ਵੈਨ ਵਿਚੋਂ ਮਿਸਾਈਲ ਉਪਰ ਜਾ ਰਹੀ ਹੈ। ਪੰਦਰਾਂ ਬੰਦੇ ਮਰੇ। ਇਜ਼ਰਾਈਲ ਨੂੰ ਬਦਨਾਮ ਕਰਨ ਲਈ ਕਾਰਾ ਕੀਤਾ ਗਿਆ। ਸ਼ੇਖ ਹਸਨ ਹੈਰਾਨ ਰਹਿ ਗਿਆ।
ਜੋ ਮੋਸਾਬ ਅਤੇ ਸ਼ੇਖ ਹਸਨ ਨੂੰ ਪਤਾ ਲੱਗ ਗਿਆ, ਉਹ ਖਾੜਕੂਆਂ ਨੂੰ ਪਤਾ ਨਾ ਲੱਗਾ। ਕਿਉਂਕਿ ਇਜ਼ਰਾਈਲ ਨੇ ਮਿਸਾਈਲ ਸੁੱਟੀ ਹੈ, ਗਾਜ਼ਾ ਪੱਟੀ ਵਿਚ ਚਾਲੀ ਥਾਂਵਾਂ ‘ਤੇ ਹਮਾਸ ਨੇ ਬੰਬ ਧਮਾਕੇ ਕੀਤੇ। ਇਜ਼ਰਾਈਲ ਦੀ ਕੈਬਨਿਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਮਨ-ਸੰਧੀ ਵਾਪਸ ਲੈ ਲਈ।
ਲੋਈ ਦਾ ਫੋਨ ਆਇਆ, ਤੁਹਾਡੇ ਅੱਬੂ ਨੂੰ ਗ੍ਰਿਫਤਰ ਕਰਨਾ ਪਏਗਾ।
Ḕਕਿਉਂ?Ḕ ਮੋਸਾਬ ਨੇ ਪੁੱਛਿਆ।
Ḕਸ਼ੇਖ ਹਸਨ ਨੇ ਇਜ਼ਰਾਈਲ ਖਿਲਾਫ ਗਲਤ ਬਿਆਨ ਦਿੱਤਾ ਜਿਸ ਦੀ ਭੜਕਾਹਟ ਕਾਰਨ ਚਾਲੀ ਬੰਬ ਧਮਾਕੇ ਹੋਏ। ਤੁਹਾਨੂੰ ਦੋਵਾਂ ਨੂੰ ਜੇਲ੍ਹ ਜਾਣਾ ਪਏਗਾ।Ḕ
ਦੋਵੇਂ ਗ੍ਰਿਫਤਾਰ ਕਰ ਲਏ। ਮੋਸਾਬ ਇਸ ਗੱਲੋਂ ਖੁਸ਼ ਸੀ ਕਿ ਉਸ ਦੇ ਅੱਬੂ ਨੂੰ ਬੈਠਣ ਵਾਸਤੇ ਕੁਰਸੀ ਦੇ ਦਿੱਤੀ। ਮੋਸਾਬ ਫਰਸ਼ ‘ਤੇ ਬੈਠ ਗਿਆ। ਸੈਂਕੜੇ ਗ੍ਰਿਫਤਾਰੀਆਂ ਹੋਈਆਂ। ਕ੍ਰਿਸਮਸ ਡੇ 25 ਦਸੰਬਰ 2005 ਨੂੰ ਮੋਸਾਬ ਤਿੰਨ ਮਹੀਨਿਆਂ ਦੀ ਕੈਦ ਕੱਟ ਕੇ ਰਿਹਾ ਹੋ ਗਿਆ, ਇਹ ਪ੍ਰਸੰਗ ਲਿਖੇ ਜਾਣ ਤੱਕ ਉਸ ਦਾ ਅੱਬਾ ਜੇਲ੍ਹ ਵਿਚ ਸੀ।
ਫਲਸਤੀਨ ਵਿਚ ਲੋਕ ਸਭਾ ਚੋਣਾ ਦਾ ਐਲਾਨ ਹੋ ਗਿਆ। ਅੱਬੂ ਗੈਰਹਾਜ਼ਰ ਸੀ ਤਾਂ ਮੋਸਾਬ ਕੋਲ ਫੋਨ ਖੜਕਣ ਲੱਗੇ। ਹਰੇਕ ਖਾੜਕੂ ਟਿਕਟ ਦਾ ਹੱਕਦਾਰ ਸੀ। ਮੋਸਾਬ ਆਖਦਾ, ਉਸ ਦਾ ਚੋਣਾਂ ਨਾਲ ਕੋਈ ਲੈਣ-ਦੇਣ ਨਹੀਂ, ਨਾ ਉਸ ਦਾ ਅੱਬੂ ਚੋਣ ਲੜੇਗਾ। ਏæਪੀæ (ਐਸੋਸਿਏਟਡ ਪ੍ਰੈਸ) ਰਾਹੀਂ ਸ਼ੇਖ ਨੇ ਐਲਾਨ ਕਰ ਦਿੱਤਾ ਕਿ ਉਸ ਦਾ ਚੋਣਾਂ ਨਾਲ ਕੋਈ ਲੈਣ-ਦੇਣ ਨਹੀਂ। ਜੇ ਸ਼ੇਖ ਹਮਾਇਤ ਨਹੀਂ ਕਰੇਗਾ ਤਾਂ ਹਮਾਸ ਚੋਣ ਕਿਵੇਂ ਜਿਤੇਗੀ? ਮੋਸਾਬ ਉਪਰ ਦਬਾਉ ਪਾਇਆ ਐਲਾਨ ਕਰ, ਕਿ ਏæਪੀæ ਦੀ ਖਬਰ ਗਲਤ ਹੈ। ਮੋਸਾਬ ਨੇ ਕਿਹਾ, ਕੀ ਇਸਲਾਮ ਝੂਠ ਬੋਲਣ ਦੀ ਆਗਿਆ ਦਿੰਦੈ? ਫਿਰ ਇਹ ਕਹੋ ਕਿ ਸਿਆਸਤ ਦਾ ਕੋਈ ਧਰਮ-ਧੁਰਮ ਨਹੀਂ ਹੁੰਦਾ। ਫਿਰ ਇਕ ਕਾਲ ਆਈ- ਮੋਸਾਬ ਪ੍ਰੈਸ ਕਾਨਫਰੰਸ ਸੱਦ ਕੇ ਚੋਣਾਂ ਵਿਚ ਹਮਾਸ ਦੀ ਹਮਾਇਤ ਦਾ ਐਲਾਨ ਕਰ, ਨਹੀਂ ਤੈਨੂੰ ਗੋਲੀ ਮਾਰ ਦਿਆਂਗੇ। ਮੋਸਾਬ ਨੇ ਕਿਹਾ, ਆ ਜਾਹ, ਗੋਲੀ ਖਾਣ ਲਈ ਤਿਆਰ ਹਾਂ। ਲੋਈ ਨੂੰ ਫੋਨ ਨੰਬਰ ਦੱਸ ਦਿੱਤਾ। ਘੰਟੇ ਅੰਦਰ ਧਮਕੀ ਦੇਣ ਵਾਲਾ ਗ੍ਰਿਫਤਾਰ ਕਰ ਲਿਆ।
ਮਰਜ਼ੀ ਦੇ ਖਿਲਾਫ ਚੋਣ ਪੋਸਟਰਾਂ ਉਪਰ ਸ਼ੇਖ ਹਸਨ ਦੀ ਫੋਟੋ ਛਾਪੀ ਗਈ। ਉਸ ਦੀ ਸ਼ਖਸੀਅਤ ਦਾ ਸਤਿਕਾਰ ਹੀ ਇੰਨਾ ਸੀ ਕਿ ਹਮਾਸ ਜਿੱਤ ਕੇ ਪਾਰਲੀਮੈਂਟ ਵਿਚ ਚਲੀ ਗਈ।
ਆਖਰ ਮੋਸਾਬ ਨੇ ਲੋਈ ਨੂੰ ਫੋਨ Ḕਤੇ ਆਪਣਾ ਫੈਸਲਾ ਸੁਣਾ ਦਿੱਤਾ, “ਮੈਂ 27 ਸਾਲ ਦਾ ਹੋ ਗਿਆਂ। ਹੁਣ ਤੁਹਾਡੇ ਨਾਲ ਰਲ ਕੇ ਹੋਰ ਕੰਮ ਨਹੀਂ ਕਰਾਂਗਾ। ਲਗਦੈ ਉਮਰ ਦਾ ਤੀਜਾ ਹਿਸਾ ਜ਼ਾਇਆ ਕਰ ਲਿਆ। ਮੈਂ ਕੀ ਖੱਟਿਆ? ਕੀ ਅਮਨ ਸ਼ਾਂਤੀ ਹੋ ਗਈ? ਗ੍ਰਿਫਤਾਰੀਆਂ ਅਤੇ ਕਤਲਾਂ ਨਾਲ ਸ਼ਾਂਤੀ ਨਹੀਂ ਹੋ ਸਕਦੀ। ਮੈਂ ਤੁਹਾਡਾ ਆਦਰ ਕਰਦਾਂ ਪਰ ਹੁਣ ਹੋਰ ਨਹੀਂ।” ਲੋਈ ਨੇ ਕਿਹਾ, “ਮੈਂ ਆਪਣੇ ਸਟਾਫ ਨਾਲ ਸਲਾਹ ਕਰ ਕੇ ਫੋਨ ਕਰਾਂਗਾ।”
ਲੋਈ ਦਾ ਫੋਨ ਆਇਆ, “ਕਮਿਊਨੀਕੇਸ਼ਨ ਕੰਪਨੀ ਤੈਨੂੰ ਜਿਥੇ ਫਲਸਤੀਨ ਵਿਚ ਚਾਹੇਂ, ਬ੍ਰਾਂਚ ਦੇਣ ਲਈ ਤਿਆਰ ਹੈ। ਖਰਚਾ ਸਾਰਾ ਅਸੀਂ ਕਰਾਂਗੇ। ਮਨਜ਼ੂਰ?”
“ਮੈਂ ਕਿਸੇ ਬਾਹਰਲੇ ਦੇਸ ਜਾ ਕੇ ਵੱਸਾਂਗਾ।”
ਲੋਈ ਨੇ ਕਿਹਾ, “ਠੀਕ ਐ, ਇੰਗਲੈਂਡ ਭੇਜ ਦਿੰਨੇ ਆਂ। ਸਾਰਾ ਖਰਚਾ ਸਾਡਾ, ਇਕ ਸਾਲ ਉਥੇ ਰਹਿ ਕੇ ਪਰਤ ਆ।”
“ਨਹੀਂ, ਮੈਂ ਅਮਰੀਕਾ ਜਾਵਾਂਗਾ ਤੇ ਫਿਰ ਪਰਤਾਂਗਾ ਨਹੀਂ।” ਫੋਨ Ḕਤੇ ਇਹ ਸੰਵਾਦ ਟਾਪ ਬਰਾਸ ਇੰਟੈਲੀਜੈਂਸ ਨੇ ਸੁਣਿਆ। ਕੁਝ ਦਿਨਾਂ ਬਾਅਦ ਲੋਈ ਦਾ ਫੋਨ ਫਿਰ ਆਇਆ, “ਠੀਕ ਐ। ਤੈਨੂੰ ਅਮਰੀਕਾ ਪੁਚਾ ਦਿੰਨੇ ਆਂ ਪਰ ਵਾਪਸ ਆ ਜਾਈਂ। ਤੈਨੂੰ ਪਤੈ ਮੋਸਾਬ, ਅਸੀਂ ਹਮਾਸ ਦੇ ਮੈਂਬਰਾਂ ਨੂੰ ਫਲਸਤੀਨ ਦਾ ਬਾਰਡਰ ਨਹੀਂ ਟੱਪਣ ਦਿੰਦੇ। ਤੂੰ ਵਕੀਲ ਕਰ, ਅਰਜ਼ੀ ਪਾ ਕਿ ਇਲਾਜ ਕਰਾਉਣ ਚੱਲਿਐਂ। ਇਉਂ ਤੇਰੇ Ḕਤੇ ਕੋਈ ਸ਼ੱਕ ਨਹੀਂ ਕਰੇਗਾ।”
ਅਦਾਲਤ ਵਿਚ ਅਰਜ਼ੀ ਪਾ ਦਿੱਤੀ, ਪੁਲਿਸ ਨੇ ਇਤਰਾਜ਼ ਨਹੀਂ ਕੀਤਾ, ਆਗਿਆ ਮਿਲ ਗਈ। ਮਾਂ ਇਹ ਖਬਰ ਸੁਣ ਕੇ ਖੁਸ਼ ਵੀ ਹੋਈ ਕਿ ਉਸ ਦਾ ਬੇਟਾ ਆਖਰ ਸੁੱਖ ਦਾ ਸਾਹ ਲਏਗਾ; ਦੁਖੀ ਵੀ ਹੋਈ, ਅੱਬੂ ਜੇਲ੍ਹ ਵਿਚ ਹੈ ਤੇ ਜ਼ਿੰਮੇਵਾਰ ਬੇਟਾ ਵਿਛੜ ਰਿਹਾ ਹੈ। ਸਾਰੀ ਰਾਤ ਗੱਲਾਂ ਕਰਦੇ ਰਹੇ। ਸਵੇਰ ਹੋਈ। ਜਿਹੜੀ ਬਾਈਬਲ ਵਰ੍ਹਿਆਂ ਤੋਂ ਪੜ੍ਹ ਰਿਹਾ ਸੀ, ਆਪਣੇ ਦੋਸਤ ਜਮਾਲ ਨੂੰ ਸੌਂਪੀ, “ਇਸ ਤੋਂ ਕੀਮਤੀ ਮੇਰੇ ਕੋਲ ਕੁਝ ਨਹੀਂ। ਇਹਨੂੰ ਕੇਵਲ ਪੜ੍ਹੀ ਨਾ, ਅਮਲ ਵੀ ਕਰੀਂ।”
ਪੈਰਿਸ ਦੇ ਰਸਤੇ ਉਹ ਕੈਲੀਫੋਰਨੀਆ ਪੁੱਜ ਗਿਆ। ਇਜ਼ਰਾਈਲ ਦਾ ਇਕ ਪੱਤਰਕਾਰ ਮਿਲ ਗਿਆ ਜਿਸ ਨੂੰ ਜੁਲਾਈ 2008 ਵਿਚ ਧਰਮ ਬਦਲੀ ਦੀ ਕਹਾਣੀ ਸੁਣਾਈ। ਇਹ ਖਬਰ ਪੱਛਮ ਵਲੋਂ ਨਹੀਂ ਜਾਣੀ ਚਾਹੀਦੀ, ਇਜ਼ਰਾਈਲ ਦੇ ਅਖਬਾਰ ਵਿਚ ਛਪੇ। ਉਸ ਨੇ ਕਹਾਣੀ ਦਾ ਸਿਰਲੇਖ ਰੱਖਿਆ- ਸ਼ਰਾਰਤੀ ਬੱਚਾ। ਕੁਦਰਤੀ ਹੈ, ਮਾਪਿਆਂ, ਭੈਣਾਂ, ਭਰਾਵਾਂ ਦੇ ਦਿਲ ਉਤੇ ਗਹਿਰੀ ਸੱਟ ਵੱਜੀ। ਜਿਗਰੀ ਦੋਸਤ ਜਮਾਲ ਦੇ ਵਿਆਹ ਵਿਚ ਸ਼ਾਮਲ ਹੋਣ ਸਾਰੇ ਜਣੇ ਗਏ। ਅੰਮੀ ਦਾ ਦਿਲ ਉਪਰ ਕਾਬੂ ਨਾ ਰਿਹਾ। ਜਮਾਲ ਸਮੇਤ ਸਾਰੇ ਜ਼ਾਰ-ਜ਼ਾਰ ਰੋਏ। ਜਮਾਲ ਦੇ ਵਿਆਹ ਬਾਅਦ ਖਬਰ ਛਪਦੀ ਠੀਕ ਸੀ। ਖੁਸ਼ੀ ਮੌਕੇ ਮਾਤਮ ਛਾ ਗਿਆ। ਅੱਬੂ ਨੂੰ ਜੇਲ੍ਹ ਵਿਚ ਖਬਰ ਮਿਲੀ, ਬੱਚਿਆਂ ਵਾਂਗ ਉਚੀ-ਉਚੀ ਰੋਇਆ। ਕੈਦੀ ਇਕੱਠੇ ਹੋ ਕੇ ਕਹਿਣ ਲੱਗੇ, “ਅਸੀਂ ਸਾਰੇ ਤੁਹਾਡੇ ਹੀ ਤਾਂ ਬੇਟੇ ਹਾਂ, ਕੀ ਇਹ ਸਹੀ ਨਹੀਂ ਅੱਬੂ ਹਸਨ? ਧੀਰਜ ਰੱਖੋ।” ਗਾਰਦ ਦੇ ਸਿਪਾਹੀ ਵੀ ਰੋਏ।
ਮੋਸਾਬ ਦਾ ਚਾਚਾ ਸ਼ੇਖ ਹਸਨ ਭਰਾ ਨੂੰ ਮਿਲਣ ਆਇਆ, ਕਿਹਾ, “ਇਸ ਕਾਫਰ ਨੂੰ ਬੇਦਖਲ ਕਰ ਦਿਉ।” ਅੱਬੂ ਨੇ ਇਨਕਾਰ ਕਰ ਦਿੱਤਾ। ਉਹ ਜਾਣਦਾ ਸੀ, ਜਿਉਂ ਹੀ ਬੇਦਖਲ ਕੀਤਾ, ਹਮਾਸ ਦੇ ਖਾੜਕੂ ਮਾਰ ਦੇਣਗੇ। ਸ਼ੇਖ ਹਸਨ ਦੇ ਬੇਟੇ ਨੂੰ ਕੁਝ ਨਹੀਂ ਹੋਵੇਗਾ। ਹਰ ਹਫਤੇ ਮਾਂ ਨਾਲ ਗੱਲ ਕਰਦਾ, ਸੋਚਦਾ ਅੱਬੂ ਨਾਲ ਉਦੋਂ ਗੱਲ ਕਰਾਂਗਾ ਜਦੋਂ ਰਿਹਾ ਹੋਏ। ਮਾਂ ਨੇ ਕਿਹਾ, “ਜੇਲ੍ਹ ਵਿਚ ਮੋਬਾਈਲ ਦੀ ਆਗਿਆ ਮਿਲ ਗਈ ਹੈ, ਗੱਲ ਕਰ ਲੈ।” ਨੰਬਰ ਦੇ ਦਿੱਤਾ। ਅੱਬੂ ਨੂੰ ਫੋਨ ਮਿਲਾਇਆ, ਅੱਬੂ ਦੀ ਆਵਾਜ਼ ਪਛਾਣ ਲਈ, “ਮੈਂ ਮੋਸਾਬ ਹਾਂ ਅੱਬੂ, ਤੁਹਾਡਾ ਬੇਟਾ।” ਦੋਵੇਂ ਰੋ ਪਏ। “ਕਿਵੇਂ ਐਂ ਮੋਸਾਬ?” “ਮੈਂ ਜਿਵੇਂ ਹਾਂ ਸੋ ਹਾਂ, ਤੁਸੀਂ ਦੱਸੋ ਕਿਵੇਂ ਹੋ?” “ਜਿਥੇ ਅੱਲ੍ਹਾ ਰੱਖੇ, ਜਿਵੇਂ ਅੱਲ੍ਹਾ ਰੱਖੇ।” ਅੱਬਾ ਨੂੰ ਸਭ ਦੱਸ ਦਿੱਤਾ ਕਿ ਦਸ ਸਾਲ ਤੋਂ ਖੁਫੀਆ ਵਿੰਗ ਨਾਲ ਕੰਮ ਕਰਦਿਆਂ ਤੁਹਾਨੂੰ ਬਚਾ ਕੇ ਰੱਖਿਆ। ਅੱਜ ਵੀ ਅੱਬਾ ਜੇਲ੍ਹ ਵਿਚ ਇਸ ਕਰ ਕੇ ਹੈ ਕਿਉਂਕਿ ਉਸ ਨੂੰ ਬਚਾਉਣ ਵਾਸਤੇ ਮੋਸਾਬ ਨਹੀਂ। ਇਜ਼ਰਾਈਲ ਪੁਲਿਸ ਦੀ ਹਿੱਟ ਲਿਸਟ ਉਤੇ ਨੰਬਰ ਇਕ ਸ਼ੇਖ ਹਸਨ ਯੂਸਫ ਸੀ।
ਉਸ ਨੇ ਇਹ ਸਭ ਪੈਸੇ ਖਾਤਰ ਕੀਤਾ? ਉਹ ਕਮਿਊਨੀਕੇਸ਼ਨ ਦੀ ਕੰਪਨੀ ਰਾਹੀਂ ਅੰਨ੍ਹਾ ਪੈਸਾ ਕਮਾ ਸਕਦਾ ਸੀ! ਸ਼ੁਹਰਤ ਤੇ ਤਾਕਤ ਵਾਸਤੇ? ਹਮਾਸ ਵਿਚ ਨੰਬਰ ਇਕ ਲੀਡਰ ਮੋਸਾਬ ਹੀ ਸੀ, ਉਹਨੇ ਤਾਕਤ ਦਾ ਨਸ਼ਾ ਦੇਖ ਲਿਆ ਸੀ। ਦੋ ਘਰਾਂ ਦਾ ਮਾਲਕ ਅਮਰੀਕਾ ਵਿਚ ਕਿਰਾਏ Ḕਤੇ ਰਹਿ ਰਿਹਾ ਹੈ, ਦਿਹਾੜੀਆਂ ਕਰ ਰਿਹਾ ਹੈ। ਆਪ-ਬੀਤੀ ਲਿਖਣ ਸਦਕਾ ਉਸ ਨੂੰ ਗੋਲੀ ਵੱਜ ਸਕਦੀ ਹੈ। ਫਿਦਾਈਨ, ਫਤਿਹ, ਅਲ-ਕਾਇਦਾ, ਹਮਾਸ, ਤਾਲਿਬਾਨ ਦੁਨੀਆਂ ਵਿਚ ਕਿਥੇ ਨਹੀਂ?æææ

ਮੋਸਾਬ ਦੀ ਕਿਤਾਬ ਪੜ੍ਹਨ ਪਿਛੋਂ ਮੈਨੂੰ ਲੱਗਾ, ਇਹ ਕਿਤਾਬ ਭਲੇ ਈਸਾਈ ਦਾ ਇਕਬਾਲੀਆ ਬਿਆਨ ਹੈ। ਗੁਨਾਹਗਾਰ ਈਸਾਈ ਪਾਦਰੀ ਅੱਗੇ ਇਕਬਾਲ ਕਰ ਕੇ ਪਛਤਾਵਾ ਕਰਦੇ ਹਨ; ਉਨ੍ਹਾਂ ਦੇ ਗੁਨਾਹ ਬਖਸ਼ੇ ਜਾਂਦੇ ਹਨ, ਜੇ ਸੱਚ ਬੋਲਿਆ ਹੋਵੇ। ਇਸ ਕਿਤਾਬ ਸਦਕਾ ਉਹਦੀ ਤੇ ਉਹਦੇ ਖਾਨਦਾਨ ਦੀ ਬਦਨਾਮੀ ਹੋਈ, ਤਾਂ ਕੀ; ਹੁੰਦੀ ਹੈ ਤਾਂ ਹੋਵੇ, ਉਹਨੇ ਸੰਸਾਰ ਅੱਗੇ, ਰੱਬ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਪਛਤਾਵਾ ਕਰ ਦਿੱਤਾ ਹੈ, ਇਕਬਾਲੀਆ ਬਿਆਨ ਦੇ ਦਿੱਤਾ ਹੈ।
(ਸਮਾਪਤ)