ਬਲਜੀਤ ਬਾਸੀ
ਮਧ ਏਸ਼ਿਆਈ ਦੇਸਾਂ ਨਾਲ ਭਾਰਤ ਦੇ ਆਦਾਨ-ਪ੍ਰਦਾਨ ਵਾਲੇ ਸਬੰਧ ਚਿਰਕਾਲ ਤੋਂ ਚਲੇ ਆਉਂਦੇ ਹਨ ਪਰ ਗਿਆਰਵੀਂ-ਬਾਰ੍ਹਵੀਂ ਸਦੀ ਤੋਂ ਮੁਸਲਮਾਨਾਂ ਦੇ ਸਿਧੇ ਸ਼ਾਸਨ ਨਾਲ ਉਨ੍ਹਾਂ ਦੀ ਸਭਿਅਤਾ ਦਾ ਇਥੇ ਦੀ ਜ਼ਿੰਦਗੀ ਦੇ ਵਿਭਿੰਨ ਪੱਖਾਂ ‘ਤੇ ਡੂੰਘਾ ਅਸਰ ਪਿਆ। ਤੇਰਵ੍ਹੀਂ ਸਦੀ ਦੇ ਸ਼ੁਰੂ ਵਿਚ ਕੁਤਬ ਦੀਨ ਐਬਕ ਨੇ ਭਾਰਤ ‘ਤੇ ਆਪਣੀ ਹਕੂਮਤ ਜਮਾ ਲਈ।
ਦਿੱਲੀ ਦੇ ਤਖਤ ‘ਤੇ ਸੁਲਤਾਨ ਕਹਾਉਂਦੇ ਪੰਜ ਮਮੂਲਕ ਵੰਸ਼ ਦੇ ਬਾਦਸ਼ਾਹਾਂ ਨੇ ਰਾਜ ਕੀਤਾ। ਇਹ ਸ਼ਾਸਕ ਭਾਵੇਂ ਤੁਰਕ ਤੇ ਅਫਗਾਨੀ ਮੂਲ ਦੇ ਸਨ ਪਰ ਸਭਿਆਚਾਰਕ ਤੌਰ ‘ਤੇ ਇਨ੍ਹਾਂ ਉਤੇ ਇਰਾਨ ਦਾ ਦਬਦਬਾ ਸੀ। ਇਨ੍ਹਾਂ ਇਸਲਾਮਿਕ ਦੇਸ਼ਾਂ ਦੀਆਂ ਇਮਾਰਤਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਵਿਚ ਆਮ ਤੌਰ ‘ਤੇ ਮਹਿਰਾਬ, ਮੀਨਾਰ ਅਤੇ ਗੁੰਬਦ ਹੁੰਦੇ ਸਨ ਜੋ ਕਿ ਭਾਰਤੀ ਇਮਾਰਤਾਂ ਵਿਚ ਗਾਇਬ ਸਨ।
ਇਸਲਾਮੀ ਪ੍ਰਵੇਸ਼ ਨਾਲ ਭਾਰਤੀ ਇਮਾਰਤਸਾਜ਼ੀ ਵਿਚ ਵੀ ਇਹ ਨਕਸ਼ ਉਭਰਨ ਲੱਗੇ। ਭਾਰਤ ਦੇ ਆਖਰੀ ਰਾਜੇ ਨੂੰ ਹਰਾਉਣ ਪਿਛੋਂ ਕੁਤਬ ਦੀਨ ਐਬਕ ਨੇ 1193 ਵਿਚ ਆਪਣੀ ਜਿੱਤ ਦੇ ਜਸ਼ਨ ਵਿਚ ਕੁਤਬ ਮੀਨਾਰ ਬਣਵਾਉਣਾ ਸ਼ੁਰੂ ਕੀਤਾ। ਬਾਅਦ ਦੇ ਸੁਲਤਾਨਾਂ ਇਲਤਮੁਸ਼ ਅਤੇ ਫਿਰੋਜ਼ ਸ਼ਾਹ ਤੁਗਲਕ ਨੇ ਇਸ ਦੀਆਂ ਪੰਜ ਮੰਜ਼ਿਲਾਂ ਨੂੰ ਪੂਰਿਆਂ ਕੀਤਾ। 74 ਮੀਟਰ ਉਚਾਈ ਵਾਲੀ ਇਹ ਮੀਨਾਰ ਦੁਨੀਆਂ ਵਿਚ ਸਭ ਤੋਂ ਵੱਡੀ ਹੈ। ਇਸ ਵਿਚ ਲਾਲ ਪੱਥਰ, ਸੰਗਮਰਮਰ ਅਤੇ ਆਮ ਪੱਥਰ ਦੀ ਵਰਤੋਂ ਕੀਤੀ ਗਈ ਹੈ। ਇਹ ਮੀਨਾਰ ਪੱਛਮੀ ਅਫਗਾਨਿਸਤਾਨ ਦੀ ਮੀਨਾਰ-ਏ-ਜਾਮ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ। ਦੋਵਾਂ ਮੀਨਾਰਾਂ ਨਾਲ ਮਸਜਿਦਾਂ ਵੀ ਜੁੜੀਆਂ ਹੋਈਆਂ ਹਨ। ਹੈਦਰਾਬਾਦ ਦਾ ਚਾਰ ਮੀਨਾਰਾਂ ਵਾਲਾ ਸਮਾਰਕ ਚਾਰ-ਮੀਨਾਰ 1591 ਵਿਚ ਮੁਹੰਮਦ ਕੁਲੀ ਕੁਤਬ ਸ਼ਾਹ ਨੇ ਬਣਵਾਇਆ ਸੀ।
1916 ਵਿਚ ਵਜ਼ੀਰ ਸੁਲਤਾਨ ਵਲੋਂ ਚਲਾਈ ਹੈਦਰਾਬਾਦ ਵਿਚ ਹੀ ਸਥਿਤ ‘ਵਜ਼ੀਰ ਸੁਲਤਾਨ ਤਮਾਖੂ ਕੰਪਨੀ’ ਵਲੋਂ ਚਾਰ ਮੀਨਾਰ ਨਾਂ ਦੀ ਸਿਗਰਟ ਵੀ ਬਣਾਈ ਜਾ ਰਹੀ ਹੈ। ਕਹਿੰਦੇ ਹਨ ਕਿ ਨਿਜ਼ਾਮ ਹੈਦਰਾਬਾਦ ਏਨਾ ਕੰਜੂਸ ਸੀ ਕਿ ਉਹ ਚਾਰ ਮੀਨਾਰ ਦੀ ਸਸਤੀ ਜਿਹੀ ਸਿਗਰਟ ਹੀ ਪੀਂਦਾ ਸੀ। ਮੁਸਲਮਾਨ ਹੁਕਮਰਾਨਾਂ ਨੇ ਦੁਨੀਆ ਭਰ ਦੇ ਅਨੇਕ ਦੇਸ਼ਾਂ ਜਿਵੇਂ ਤੁਰਕੀ, ਟੁਨੀਸ਼ੀਆ, ਮਿਸਰ, ਇਰਾਕ, ਇਰਾਨ, ਮਰਾਕੋ, ਅਜ਼ਰਬਾਈਜਾਨ, ਅਫਗਾਨਿਸਤਾਨ, ਭਾਰਤ ਆਦਿ ਵਿਚ ਅਨੇਕਾਂ ਮਸ਼ਹੂਰ ਮੀਨਾਰਾਂ ਦਾ ਨਿਰਮਾਣ ਕਰਾਇਆ। ਇਨ੍ਹਾਂ ਵਿਚ ਇਮਾਰਤਸਾਜ਼ੀ ਦੀਆਂ ਸਥਾਨਕ ਸ਼ੈਲੀਆਂ ਦੀ ਰਸਮਿਸ ਵੀ ਹੈ।
ਇਸਲਾਮੀ ਪ੍ਰਭਾਵ ਅਧੀਨ ਬਣੀਆਂ ਇਮਾਰਤਾਂ ਵਿਚ ਮੀਨਾਰ ਜ਼ਰੂਰ ਹੁੰਦਾ ਹੈ। ਮੀਨਾਰ ਮਸਜਿਦ ਦਾ ਜ਼ਰੂਰੀ ਭਾਗ ਹੁੰਦੀ ਹੈ। ਮੀਨਾਰ ਦੀ ਬਾਲਕੋਨੀ ਵਿਚ ਬੈਠ ਕੇ ਹੀ ਮੁੱਲਾਂ ਨਿਮਾਜ਼ ਅਦਾ ਕਰਨ ਲਈ ਅਜ਼ਾਨ ਦੀ ਪੁਕਾਰ ਕਰਦਾ ਹੈ ਜਿਸ ਨੂੰ ਅਸੀਂ ਬਾਂਗ ਦੇਣਾ ਵੀ ਕਹਿੰਦੇ ਹਾਂ। ਮੁਹੰਮਦ ਦੇ ਸਮੇਂ ਮਸਜਿਦ ਦੀ ਸਭ ਤੋਂ ਉਪਰਲੀ ਛੱਤ ਤੋਂ ਬਾਂਗ ਦਿੱਤੀ ਜਾਂਦੀ ਸੀ। ਮੀਨਾਰ ਨੂੰ ਜ਼ਮੀਨ ਤੋਂ ਅਸਮਾਨ ਦਾ ਗੇਟ ਕਿਹਾ ਜਾਂਦਾ ਹੈ। ਇਸ ਨੂੰ ਅਰਬੀ ਦਾ ਅੱਖਰ ਅਲਫ (ਜੋ ਕਿ ਸਿੱਧਾ ਖੜਵਾਂ ਹੁੰਦਾ ਹੈ) ਵੀ ਕਿਹਾ ਜਾਂਦਾ ਹੈ। ਮੀਨਾਰ ਮੁਢਲੇ ਤੌਰ ‘ਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਵਿਚ ਇਸ ਦਾ ਰੂਪ ਹੈ ਮਨਾਰ। ਪਹਿਲਾਂ ਪਹਿਲ ਕਿਸੇ ਵੀ ਵੱਡੇ ਬੁਰਜ ਨੂੰ ਮਨਾਰਾ ਕਿਹਾ ਜਾਂਦਾ ਸੀ। ਖਾਸ ਤੌਰ ‘ਤੇ ਸਮੁੰਦਰ ਦੇ ਕਿਨਾਰਿਆਂ ‘ਤੇ ਰੌਸ਼ਨ ਬੁਰਜਾਂ ਨੂੰ ਮੁਨਾਰਾ ਕਿਹਾ ਜਾਂਦਾ ਸੀ। ਇਹ ਮੁਨਾਰੇ ਆਉਂਦੇ ਜਹਾਜਾਂ ਲਈ ਸਮੁੰਦਰ ਵਿਚ ਖਤਰਨਾਕ ਚੱਟਾਨਾਂ ਦੀ ਸੂਚਨਾ ਦਿੰਦੇ ਹਨ। ਇਨ੍ਹਾਂ ਵਿਚ ਅੱਗ ਬਾਲ ਕੇ ਜਾਂ ਹੋਰ ਢੰਗਾਂ ਨਾਲ ਰੌਸ਼ਨੀ ਦਾ ਪ੍ਰਬੰਧ ਕੀਤਾ ਹੁੰਦਾ ਹੈ। ਮੁਨਾਰਾ ਸ਼ਬਦ ਬਹੁਤ ਸਾਰੀਆਂ ਯੂਰਪੀ ਭਾਸ਼ਾਵਾਂ ਵਿਚ ਥੋੜ੍ਹੇ-ਬਹੁਤੇ ਫਰਕ ਨਾਲ ਦਾਖਿਲ ਹੋ ਗਿਆ। ਅੰਗਰੇਜ਼ੀ ਵਿਚ ਜਾ ਕੇ ਇਸ ਦਾ ਰੂਪ ਹੋਇਆ ਮਨਿeਰਅਟ ਅਰਬੀ ਤੋਂ ਫਾਰਸੀ ਹੁੰਦਾ ਹੋਇਆ ਇਹ ਸ਼ਬਦ ਪੰਜਾਬੀ ਸਮੇਤ ਸਭ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋ ਗਿਆ। “ਬਡੇ ਮੁਨਾਰ ਉਸਾਰੇ” -ਚਰਿਤਰ 175। “ਕਬੀਰ ਮੁੱਲਾਂ ਮੁਨਾਰੇ ਕਿਆ ਚਢਹਿ ਸਾਈਂ ਨ ਬਹਰਾ ਹੋਇ॥” (ਭਗਤ ਕਬੀਰ)
ਪੰਜਾਬੀ ਵਿਚ ਇਸ ਦੇ ਦੋਵੇਂ ਰੂਪ ਮੀਨਾਰ ਅਤੇ ਮੁਨਾਰਾ ਮਿਲਦੇ ਹਨ। ਦੋਵਾਂ ਵਿਚ ਥੋੜ੍ਹਾ ਜਿਹਾ ਅਰਥਾਂ ਦਾ ਫਰਕ ਵੀ ਪੈ ਗਿਆ ਹੈ। ਜਿਵੇਂ ਅਸੀਂ ਮਹਿਲ ਮੁਨਾਰੇ ਕਹਿ ਸਕਦੇ ਹਾਂ, ਮਹਿਲ ਮੀਨਾਰੇ ਨਹੀਂ। ਹਾਲਾਂ ਕਿ ਲਾਈਟ ਹਾਊਸ ਦੇ ਅਰਥਾਂ ਵਾਲੇ ਅਰਬੀ ਸ਼ਬਦ ‘ਮੁਨਾਰਾ’ ਵਿਚ ਰੌਸ਼ਨੀ ਦਾ ਭਾਵ ਨਿਹਿਤ ਹੈ ਪਰ ਅਸੀਂ ਇਸ ਨਾਲ ਚਾਨਣ ਲਾ ਕੇ ਇਸ ਨੂੰ ਚਾਨਣ ਮੁਨਾਰਾ ਬਣਾ ਦਿੱਤਾ। ਇਸ ਤਰ੍ਹਾਂ ਅਸੀਂ ਇਸ ਵਿਚ ਦੂਹਰੀ ਲੋਅ ਭਰ ਦਿੱਤੀ। ਰਾਹ ਦਰਸਾਊ ਦੇ ਅਰਥਾਂ ਵਿਚ ਚਾਨਣ ਮੁਨਾਰਾ ਸ਼ਬਦ ਦੀ ਲਾਖਣਿਕ ਵਰਤੋਂ ਹੁੰਦੀ ਹੈ ਜਿਵੇਂ “ਸ਼ਹੀਦ ਕਿਸੇ ਵੀ ਕੌਮ ਦਾ ਚਾਨਣ ਮੁਨਾਰਾ ਹੁੰਦੇ ਹਨ, ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲ ਕੇ ਹੀ ਕੌਮਾਂ ਤਰੱਕੀ ਕਰ ਸਕਦੀਆਂ ਹਨ।”
ਇਹ ਸ਼ਬਦ ਮੁਢਲੇ ਤੌਰ ‘ਤੇ ਸਾਮੀ ਅਸਲੇ ਦਾ ਹੈ ਇਸ ਲਈ ਇਸ ਦੇ ਸੁਜਾਤੀ ਸ਼ਬਦ ਬਹੁਤ ਸਾਰੀਆਂ ਸਾਮੀ ਭਾਸ਼ਾਵਾਂ ਜਿਵੇਂ ਹਿਬਰੂ, ਅਕਾਦੀਅਨ, ਸੀਰਿਅਕ ਆਦਿ ਵਿਚ ਮਿਲਦੇ ਹਨ। ਇਸ ਦਾ ਸਾਮੀ ਧਾਤੂ ਹੈ ਨ-ਵ-ਰ ਜਿਸ ਵਿਚ ਚਮਕਣ ਦੇ ਭਾਵ ਹਨ। ਇਸ ਧਾਤੂ ਤੋਂ ਅਰਬੀ ਸ਼ਬਦ ‘ਨਾਰ’ ਸ਼ਬਦ ਬਣਿਆ ਜਿਸ ਦਾ ਅਰਥ ਅੱਗ ਹੁੰਦਾ ਹੈ। ਨਾਰ ਦੇ ਅੱਗੇ ‘ਮ’ ਅਗੇਤਰ ਲੱਗ ਕੇ ਮੀਨਾਰ ਜਾਂ ਮੁਨਾਰਾ ਸ਼ਬਦ ਬਣੇ ਹਨ। ਮਨਾਰ ਦੇ ਮੁਢਲੇ ਅਰਥ ਹਨ- ਅੱਗ ਜਲਾਉਣ ਵਾਲੀ ਥਾਂ, ਸ਼ਮਾਂਅਦਾਨ, ਮੋਮਬੱਤੀ, ਦੀਵਾ ਆਦਿ।
ਯਹੂਦੀਆਂ ਦਾ ਇਕ ਰੌਸ਼ਨੀਆਂ ਦਾ ਉਤਸਵ ਹੈ “ਹਾਨੁਕਾ” ਜੋ ਅੱਠ ਦਿਨ ਚਲਦਾ ਹੈ। ਇਸ ਦੌਰਾਨ ਯਹੂਦੀ ਹਰ ਸ਼ਾਮ ਨੂੰ ਮੋਮਬੱਤੀਆਂ ਜਗਾਉਂਦੇ ਹਨ। ਇਹ ਮੋਮਬੱਤੀਆਂ ਨੌਂ ਸ਼ਾਖਾਵਾਂ ਵਾਲੇ ਮੋਮਬੱਤੀਦਾਨ ਵਿਚ ਜਗਾਈਆਂ ਜਾਂਦੀਆਂ ਹਨ ਜਿਸ ਨੂੰ ਮੈਨੋਰਾਹ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਮੁਨਾਰਾ ਸ਼ਬਦ ਦਾ ਹੀ ਸਕਾ ਹੈ। ਇਸ ਧਾਤੂ ਤੋਂ ਹੀ ਰੌਸ਼ਨੀ ਦੇ ਅਰਥਾਂ ਵਾਲਾ ਆਮ ਜਾਣਿਆ ਜਾਂਦਾ ਸ਼ਬਦ ਨੂਰ ਬਣਿਆ। ਪੰਜਾਬੀ ਵਿਚ ਇਹ ਸ਼ਬਦ ਬਹੁਤਾ ਅਧਿਆਤਮਕ ਅਰਥਾਂ ਵਿਚ ਵਰਤਿਆ ਜਾਂਦਾ ਹੈ, “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਦੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” (ਭਗਤ ਕਬੀਰ)।
ਚਿਹਰੇ ਦੇ ਜਲਾਲ ਨੂੰ ਵੀ ਨੂਰ ਕਹਿ ਦਈਦਾ ਹੈ। ਭਾਈ ਵੀਰ ਸਿੰਘ ਨੂੰ ਅਜਿਹੇ ਨੂਰ ਦਾ ਖਾਸਾ ਅਨੁਭਵ ਸੀ, “ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।” ਖਾਸ ਨਾਂਵਾਂ ਵਿਚ ਨੂਰ ਸ਼ਬਦ ਆਉਂਦਾ ਹੈ ਜਿਵੇਂ ਨੂਰ ਜਹਾਂ, ਹਰਨੂਰ, ਗੁਰਨੂਰ, ਸਤਿੰਦਰ ਨੂਰ ਆਦਿ। ਬਹੁਤ ਪਿਆਰੇ ਜਾਂ ਲਾਡਲੇ ਨੂੰ ‘ਅੱਖੀਆਂ ਦਾ ਨੂਰ’ ਕਿਹਾ ਜਾਂਦਾ ਹੈ। ਨੂਰਾਂ ਪੰਜਾਬੀ ਦੀ ਇਕ ਵਧੀਆ ਗਾਇਕ ਸੀ। ਨੂਰ ਤੋਂ ਨੂਰੀ ਸ਼ਬਦ ਬਣਿਆ ਜੋ ਮੁਖ ਤੌਰ ‘ਤੇ ਫਰਿਸ਼ਤਿਆਂ ਲਈ ਵਰਤਿਆ ਜਾਂਦਾ ਹੈ ਜੋ ਸ਼ੈਤਾਨ ਦੇ ਉਲਟਭਾਵੀ ਹੈ। ਨੂਰਾਨੀ ਦਾ ਅਰਥ ਰੌਸ਼ਨ, ਆਬਦਾਰ ਛੱਬ ਵਾਲਾ ਹੁੰਦਾ ਹੈ।
ਨ-ਵ-ਰ ਧਾਤੂ ਤੋਂ ਚਮਕੀਲਾ ਦੇ ਅਰਥਾਂ ਵਾਲਾ ਅਨਵਰ ਅਤੇ ਮੁਨੀਰ ਸ਼ਬਦ ਬਣੇ ਹਨ। ਰੌਸ਼ਨ, ਉਜਲ, ਉਜਾਗਰ, ਸਪਸ਼ਟ ਦੇ ਅਰਥਾਂ ਵਾਲਾ ਮੁਨੱਵਰ ਸ਼ਬਦ ਵੀ ਇਸੇ ਤੋਂ ਬਣਿਆ। ਤਿੰਨੇ ਸ਼ਬਦ ਵਿਅਕਤੀ ਨਾਂ ਵਜੋਂ ਵੀ ਵਰਤੇ ਜਾਂਦੇ ਹਨ। ਤਾਰਿਕ ਅਨਵਰ ਕਾਂਗਰਸ ਦਾ ਵੱਡਾ ਨੇਤਾ ਹੈ। ਮੁਨੀਰ ਅਹਿਮਦ ਅਤੇ ਮੁਨੀਰ ਨਿਆਜ਼ੀ ਪਾਕਿਸਤਾਨ ਤੋਂ ਪੰਜਾਬੀ ਦੇ ਸ਼ਾਇਰ ਹਨ। ਮੁਕਬਲ ਨੇ ਆਪਣੀ ਹੀਰ ਵਿਚ ਮੁਨੀਰ ਸ਼ਬਦ ਵਰਤਿਆ ਹੈ,
ਜਾ ਆਖਿਓ ਆਜ਼ਜ਼ੀ ਮਹਿਰ ਤਾਈਂ
ਤੁਸਾਂ ਕੀਤਾ ਹੈ ਕਰਮ ਫਕੀਰ ਉਤੇ।
ਜਾ ਪਹੁਤੀ ਹੈ ਸਿਰੇ ਦੀ ਪੱਗ ਮੇਰੀ
ਏਸ ਕੰਮ ਥੀਂ ਅਰਸ਼ ਮੁਨੀਰ ਉਤੇ।
ਨਾ ਹੁੰਦਾ ਹੈ ਮੂਲ ਬਿਆਨ ਓਹਦਾ
ਜੇਕਰ ਆਵੇ ਜ਼ਬਾਨ ਤਕਰੀਰ ਉਤੇ।
ਮੁਕਬਲ ਤੁਸਾਂ ਨੇ ਪਾਰ ਉਤਾਰਨਾ ਹੈ
ਮੇਰਾ ਆਸਰਾ ਅੰਤ ਹੈ ਪੀਰ ਉਤੇ।
ਬਾਬਾ ਬੁਲੇ ਸ਼ਾਹ ਨੇ ਮੁਨੱਵਰ ਸ਼ਬਦ ਵਰਤਿਆ ਹੈ,
ਮੇਰਾ ਰਾਂਝਾ ਹੁਣ ਕੋਈ ਹੋਰ
ਤਖਤ ਮੁਨੱਵਰ ਬਾਂਗਾਂ ਮਿਲੀਆਂ
ਤਾਂ ਸੁਣੀਆਂ ਤਖਤ ਲਾਹੌਰ
ਇਸ਼ਕ ਮਾਰੇ ਐਵੇਂ ਫਿਰਦੇ
ਜਿਵੇਂ ਜੰਗਲ ਵਿਚ ਢੋਰ।
ਇਸਲਾਮੀ ਦੇਸਾਂ ਦੇ ਪਕਵਾਨਾਂ ਅਤੇ ਇਨ੍ਹਾਂ ਨੂੰ ਬਣਾਉਣ ਦੀਆਂ ਵਿਧੀਆਂ ਦਾ ਪੰਜਾਬੀ ਰਸੋਈ ਕਲਾ ‘ਤੇ ਵੀ ਬਹੁਤ ਅਸਰ ਪਿਆ। ਸਾਡੇ ਲਈ ਨ-ਵ-ਰ ਧਾਤੂ ਤੋਂ ਬਣਿਆ ਸਭ ਤੋਂ ਅਹਿਮ ਸ਼ਬਦ ਹੈ ਤੰਦੂਰ। ਪੰਜਾਬੀਪੀਡੀਆ ਅਨੁਸਾਰ ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ, “ਅੰਦਰੋਂ ਅੱਗ ਨਾਲ ਗਰਮ ਕਰਨ ਉਪਰੰਤ ਆਸੇ-ਪਾਸੇ ਰੋਟੀ ਚਿਪਕਾ ਕੇ ਪਕਾਉਣ ਲਈ ਮਿੱਟੀ ਅਤੇ ਠੀਕਰਾਂ ਨਾਲ ਬਣਾਈ ਉਤੋਂ ਖੁਲ੍ਹੇ ਮੂੰਹ ਵਾਲੀ ਨਿੱਕੀ ਭੜੋਲੀ ਜਿਹੀ ਭੱਠੀ।” ਇਸ ਸ਼ਬਦ ਦਾ ਅਰਬੀ ਰੂਪ ਹੈ- ਤਨੂਰ। ਇਹ ਸ਼ਬਦ ਨੂਰ ਅੱਗੇ ਅਰਬੀ ਅਗੇਤਰ ‘ਤ’ ਲੱਗ ਕੇ ਬਣਿਆ ਹੈ ਪਰ ਇਹ ਸ਼ਬਦ ਫਾਰਸੀ ਵਿਚ ਆ ਕੇ ਤੰਦੂਰ ਬਣਿਆ ਤੇ ਫਿਰ ਇਸ ਰੂਪ ਵਿਚ ਸਾਡੇ ਕੋਲ ਆਇਆ। ਉਂਜ ਸ਼ੇਖ ਫਰੀਦ ਅਤੇ ਗੁਰੂ ਨਾਨਕ ਸਾਹਿਬ ਨੇ ਤਨੂਰ ਸ਼ਬਦ ਹੀ ਵਰਤਿਆ ਹੈ, “ਤਨ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥” (ਸ਼ੇਖ ਫਰੀਦ)।
ਦਿਲਚਸਪ ਗੱਲ ਹੈ ਕਿ ਗੁਰੂ ਨਾਨਕ ਦੇਵ ਨੇ ਵੀ ਅਜਿਹੇ ਹੀ ਭਾਵ ਇਕ ਸ਼ਬਦ ਦੇ ਫਰਕ ਨਾਲ ਐਨ ਉਸੇ ਤਰ੍ਹਾਂ ਪ੍ਰਗਟ ਕੀਤੇ ਹਨ, “ਤਨ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮਾਲਿ॥” ਭਾਵੇਂ ਭਾਰਤ ਵਿਚ ਭੱਠੀ ਚਿਰਕਾਲ ਤੋਂ ਮੌਜੂਦ ਸੀ ਪਰ ਅਸੀਂ ਇਸ ਦੁਆਰਾ ਤੰਦੂਰ ਵਿਚ ਬਣਦੇ ਤੰਦੂਰੀ ਖਾਣੇ ਸ਼ਾਇਦ ਕਦੇ ਨਹੀਂ ਸੀ ਬਣਾਏ। ਉਂਜ ਸ਼ਾਇਦ ਦੁਨੀਆਂ ਦਾ ਸਭ ਤੋਂ ਪੁਰਾਣਾ ਤੰਦੂਰ ਮੋਹੰਜੋਦੜੋ ਸਭਿਅਤਾ ਵਿਚ ਪ੍ਰਚਲਿਤ ਸੀ।