ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ

ਡਾæ ਗੁਰਨਾਮ ਕੌਰ, ਕੈਨੇਡਾ
ਰਾਗ ਗਉੜੀ ਵਾਰ ਮਹਲਾ ਪੰਜਵਾਂ ਦੇ ਇਸ ਸਲੋਕ ਵਿਚ ਗੁਰੂ ਅਰਜਨ ਦੇਵ ਦੱਸਦੇ ਹਨ ਕਿ ਜਿਸ ਮਨੁੱਖ ਦੇ ਮਨ ਵਿਚ ਸਦਾ ਮਾਇਆ ਦੀ ਚਿੰਤਾ ਲੱਗੀ ਰਹਿੰਦੀ ਹੈ, ਉਸ ਦੀ ਮਾਇਆ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ ਭਾਵੇਂ ਬਾਹਰੋਂ ਦੇਖਣ ਨੂੰ ਉਹ ਸੁਖੀ ਅਤੇ ਸੰਤੁਸ਼ਟ ਜਾਪਦਾ ਹੈ।

ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਨਾਮ ਦੇ ਸਿਮਰਨ ਤੋਂ ਬਿਨਾ ਕਿਸੇ ਦੇ ਵੀ ਦੁੱਖ ਮਿਟਦੇ ਨਹੀਂ, ਦੂਰ ਨਹੀਂ ਹੁੰਦੇ- ਭਾਵ ਮਨੁੱਖ ਦੇ ਦੁੱਖਾਂ ਦੀ ਦਵਾ ਅਕਾਲ ਪੁਰਖ ਦਾ ਨਾਮ ਹੈ ਕਿਉਂਕਿ ਇਹ ਮਨੁੱਖ ਦੇ ਮਨ ਨੂੰ ਚਿੰਤਾਵਾਂ ਤੋਂ ਮੁਕਤ ਕਰਦਾ ਹੈ,
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ॥
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ॥੧॥ (ਪੰਨਾ ੩੧੯)
ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਜਿਹੜੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਰੂਪੀ ਸੌਦਾ ਨਹੀਂ ਲੱਦਿਆ ਅਰਥਾਤ ਨਾਮ ਨੂੰ ਆਪਣੇ ਮਨ ਵਿਚ ਨਹੀਂ ਵਸਾਇਆ ਅਤੇ ਸੱਚ ਪੱਲੇ ਨਹੀਂ ਬੰਨ੍ਹਿਆ- ਉਨ੍ਹਾਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ ਸਮਝੋ ਪਰ ਉਨ੍ਹਾਂ ਦੇ ਸ਼ਾਬਾਸ਼! ਉਹ ਧੰਨਤਾ ਦੇ ਪਾਤਰ ਹਨ ਜਿਨ੍ਹਾਂ ਨੇ ਗੁਰੂ ਦੇ ਰਾਹੀਂ, ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਉਸ ਅਕਾਲ ਪੁਰਖ ਦੀ ਪਛਾਣ ਕਰ ਲਈ ਹੈ- ਭਾਵ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਹੀ ਮਨੁੱਖ ਅਕਾਲ ਪੁਰਖ ਦੀ ਪਛਾਣ ਕਰਦਾ ਹੈ, ਉਸ ਨਾਲ ਸਾਂਝ ਪਾਉਂਦਾ ਹੈ ਅਤੇ ਸੱਚ ਨਾਲ ਜੁੜਦਾ ਹੈ। ਗੁਰੂ ਦੀ ਅਗਵਾਈ ਤੋਂ ਬਿਨਾ ਮਨੁੱਖ ਦੇ ਚੰਗੇ ਗੁਣ ਮਾਇਆ ਰਾਹੀਂ ਲੁੱਟੇ ਜਾਂਦੇ ਹਨ,
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ॥
ਨਾਨਕ ਸੇ ਸਾਬਾਸਿ ਜਿਨ੍ਹੀ ਗੁਰ ਮਿਲਿ ਇਕੁ ਪਛਾਣਿਆ॥੨॥ (ਪੰਨਾ ੩੧੯)
ਬਾਣੀ ਅਨੁਸਾਰ ਮਨੁੱਖ ਦੇ ਵਿਅਕਤੀਤਵ ਦੇ ਵਿਕਾਸ ਲਈ, ਆਪਣੇ ਅੰਦਰ ਸਤਿ, ਸੰਤੋਖ ਅਤੇ ਸੇਵਾ ਆਦਿ ਦੇ ਚੰਗੇ ਗੁਣ ਪੈਦਾ ਕਰਕੇ ਅਕਾਲ ਪੁਰਖ ਨਾਲ ਉਸ ਦੇ ਨਾਮ ਸਿਮਰਨ ਰਾਹੀਂ ਸਾਂਝ ਪੈਦਾ ਕਰਨ ਲਈ ਗੁਰਮੁਖਾਂ ਦੀ ਸੰਗਤਿ ਸਭ ਤੋਂ ਸਮਰੱਥ ਸਾਧਨ ਹੈ। ਪੰਜਵੀਂ ਪਉੜੀ ਵਿਚ ਗੁਰੂ ਅਰਜਨ ਦੇਵ ਇਸੇ ਸਿਧਾਂਤ ਦੀ ਪ੍ਰੋੜਤਾ ਕਰਦਿਆਂ ਫਰਮਾਉਂਦੇ ਹਨ ਕਿ ਜਿਸ ਸਥਾਨ ‘ਤੇ ਗੁਰਮੁਖਿ ਲੋਕ, ਪਰਮਾਤਮਾ ਦਾ ਨਾਮ ਸਿਮਰਨ ਕਰਦੇ ਸਤਿਸੰਗਤੀ ਮਨੁੱਖ ਬੈਠਦੇ ਹਨ, ਇਕੱਤਰ ਹੁੰਦੇ ਹਨ ਉਹ ਸਥਾਨ ਸੋਹਣਾ/ਸੁੰਦਰ ਹੋ ਜਾਂਦਾ ਹੈ ਕਿਉਂਕਿ ਉਥੇ ਬੈਠ ਕੇ ਉਹ ਉਸ ਸਰਬ ਕਲਾ ਸਮਰੱਥ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਜਿਸ ਦੇ ਨਾਮ ਸਿਮਰਨ ਰਾਹੀਂ ਉਨ੍ਹਾਂ ਦੇ ਮਨ ਵਿਚੋਂ ਹਰ ਤਰ੍ਹਾਂ ਦੀ ਬੁਰਾਈ ਖਤਮ ਹੋ ਜਾਂਦੀ ਹੈ। ਅਕਾਲ ਪੁਰਖ ਹਰ ਤਰ੍ਹਾਂ ਦੇ ਵਿਕਾਰਾਂ ਵਿਚ ਡਿਗੇ ਹੋਇਆਂ ਨੂੰ ਬਾਹਰ ਕੱਢ ਲੈਂਦਾ ਹੈ, ਇਹ ਗੱਲ ਸੰਤ ਜਨ ਵੀ ਆਖਦੇ ਹਨ ਅਤੇ ਵੇਦ ਆਦਿ ਗਿਆਨ ਦੀਆਂ ਪੁਸਤਕਾਂ ਵੀ ਕਹਿੰਦੀਆਂ ਹਨ (ਵੇਦ ਦਾ ਅਰਥ ਗਿਆਨ ਵੀ ਹੁੰਦਾ ਹੈ)। ਅਕਾਲ ਪੁਰਖ ਆਪਣੇ ਭਗਤਾਂ ਨੂੰ ਸਦਾ ਪਿਆਰ ਕਰਦਾ ਆਇਆ ਹੈ, ਇਹ ਉਸ ਦਾ ਸੁਭਾ ਹੈ, ਜੋ ਸਦਾ ਇਸੇ ਤਰ੍ਹਾਂ ਹੀ ਵਰਤਦਾ ਆਇਆ ਹੈ, ਉਸ ਦਾ ਬਿਰਦ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਉਸ ਦੇ ਨਾਮ ਦੀ ਦਾਤ ਲਈ ਅਰਦਾਸ ਕਰਦੇ ਹਨ, ਜੋ ਉਨ੍ਹਾਂ ਨੂੰ ਮਨ, ਤਨ ਵਿਚ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ,
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ॥
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ॥
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ॥
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ॥
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ॥੫॥ (ਪੰਨਾ ੩੧੯)
ਅੱਗੇ ਸਲੋਕ ਵਿਚ ਅੰਮ੍ਰਿਤ ਵੇਲੇ ਦਾ ਜ਼ਿਕਰ ਕੀਤਾ ਹੈ ਜੋ ਅਧਿਆਤਮਕ ਨਜ਼ਰੀਏ ਤੋਂ ਪਰਮਾਤਮਾ ਨਾਲ ਜੁੜਨ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਵਾਤਾਵਰਨ ਵਿਚ ਪੂਰੀ ਸ਼ਾਂਤੀ ਹੁੰਦੀ ਹੈ ਅਤੇ ਮਨੁੱਖ ਕੁਦਰਤਿ ਦੇ ਰੰਗਾਂ ਨੂੰ ਆਪਣੇ ਅੰਤਰ ਮਨ ਨਾਲ ਪੂਰੀ ਤਰ੍ਹਾਂ ਮਹਿਸੂਸ ਕਰ ਸਕਦਾ ਹੈ। ਅੰਮ੍ਰਿਤ ਵੇਲੇ ਪੰਛੀ ਆਪਣੀਆਂ ਆਵਾਜ਼ਾਂ ਨਾਲ ਸਵੇਰ ਹੋਣ ਦਾ ਸੁਨੇਹਾ ਦਿੰਦੇ ਹਨ ਖਾਸ ਕਰਕੇ ਚਿੜੀਆਂ ਵਰਗੇ ਪੰਛੀ ਜਿਨ੍ਹਾਂ ਦੇ ਚਹਿਕਣ ਤੋਂ ਅੰਮ੍ਰਿਤ ਵੇਲਾ ਹੋਣ ਦਾ ਅਹਿਸਾਸ ਜਾਗਦਾ ਹੈ। ਚਿੜੀਆਂ ਦੇ ਚਹਿਕਣ ਨਾਲ ਜਦੋਂ ਜਦੋਂ ਅੰਮ੍ਰਿਤ ਵੇਲਾ ਹੋਣ ਦਾ ਸੰਕੇਤ ਹੁੰਦਾ ਹੈ, ਬਹੁਤ ਲਹਿਰਾਂ ਉਠ ਰਹੀਆਂ ਹਨ ਤਾਂ ਰੱਬ ਦੇ ਭਗਤਾਂ ਦੇ ਮਨ ਅੰਦਰ ਪਰਮਾਤਮਾ ਦਾ ਸਿਮਰਨ ਕਰਨ ਦੀ ਲਹਿਰ ਉਠਦੀ ਹੈ ਅਤੇ ਉਹ ਅਚਰਜ ਸਮਾਂ ਬੰਨ੍ਹ ਲੈਂਦੇ ਹਨ। ਗੁਰੂ ਸਾਹਿਬ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਦਾ ਭਗਤਾਂ ਲਈ ਮਹੱਤਵ ਦੱਸਦੇ ਹਨ ਕਿ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਹੁੰਦਾ ਹੈ, ਉਹ ਇਸ ਪਹੁ-ਫੁਟਾਲੇ ਦੇ ਵੇਲੇ ਕੁਦਰਤਿ ਦੇ ਸੁਹਣੇ ਰੰਗਾਂ ਦੇ ਨਜ਼ਾਰੇ, ਉਸ ਦੇ ਅਚਰਜ ਕੌਤਕਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਉਂਦੇ ਹਨ ਅਤੇ ਮਨ ਵਿਚ ਵਸਾਉਂਦੇ ਹਨ,
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ॥੧॥ (ਪੰਨਾ ੩੧੯)
ਇਸ ਤੋਂ ਅਗਲੇ ਸਲੋਕ ਵਿਚ ਘਰ ਜਾਂ ਮੰਦਰ ਵਿਚ ਖੁਸ਼ੀ ਕਿਵੇਂ ਆਉਂਦੀ ਹੈ, ਦਾ ਬਿਆਨ ਕਰਦਿਆਂ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਜਿਸ ਘਰ ਜਾਂ ਮੰਦਰ ਵਿਚ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਅਕਾਲ ਪੁਰਖ ਨੂੰ ਆਪਣੇ ਚੇਤਿਆਂ ਵਿਚ ਵਸਾਇਆ ਜਾਂਦਾ ਹੈ, ਉਸ ਘਰ ਮੰਦਰ ਵਿਚ ਹੀ ਅਸਲੀ ਖੁਸ਼ੀ ਦਾ ਵਾਸਾ ਹੁੰਦਾ ਹੈ। ਉਸ ਦੀ ਯਾਦ ਤੋਂ ਬਿਨਾ ਸਾਰੀਆਂ ਖੁਸ਼ੀਆਂ ਅਤੇ ਵਡਿਆਈਆਂ ਅਤੇ ਮਿੱਤਰ ਖੋਟੇ ਹਨ,
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ॥
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਤਿ॥੨॥ (ਪੰਨਾ ੩੧੯)
ਛੇਵੀਂ ਪਉੜੀ ਵਿਚ ਗੁਰੂ ਅਰਜਨ ਦੇਵ ਜੀ ਨੇ ਇਸ ਤੱਥ ਦਾ ਬਿਆਨ ਕੀਤਾ ਹੈ ਕਿ ਅਸਲੀ ਅਤੇ ਸੱਚੀ ਰਾਸ-ਪੂੰਜੀ ਅਰਥਾਤ ਅਸਲੀ ਧੰਨ ਅਕਾਲ ਪੁਰਖ ਦਾ ਨਾਮ ਹੈ ਕਿਉਂਕਿ ਇਹ ਸਦਾ ਕਾਇਮ ਰਹਿਣ ਵਾਲਾ ਹੈ (ਇਸ ਪੂੰਜੀ ਨੂੰ ਕੋਈ ਖੋਹ ਜਾਂ ਚੁਰਾ ਨਹੀਂ ਸਕਦਾ) ਪਰ ਇਸ ਗੱਲ ਦਾ ਗਿਆਨ ਬਹੁਤ ਘੱਟ ਮਨੁੱਖਾਂ ਨੂੰ ਹੁੰਦਾ ਹੈ, ਕਿਸੇ ਵਿਰਲੇ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਪਰ ਇਹ ਪੂੰਜੀ, ਇਹ ਧੰਨ ਮਿਲਦਾ ਉਸ ਨੂੰ ਹੈ ਜਿਸ ‘ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਜਿਸ ਮਨੁੱਖ ‘ਤੇ ਇਹ ਮਿਹਰ ਹੋ ਜਾਂਦੀ ਹੈ ਅਤੇ ਉਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਉਹ ਵਾਹਿਗੁਰੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ ਅਤੇ ਉਸ ਦਾ ਮਨ ਅਤੇ ਤਨ- ਦੋਵੇਂ ਖੇੜੇ ਵਿਚ ਆ ਜਾਂਦੇ ਹਨ। ਗੁਰਮੁਖਾਂ ਦੀ ਸੰਗਤਿ ਵਿਚ ਉਹ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਹਨ। ਗੁਰੂ ਸਾਹਿਬ ਇਹ ਤੱਥ ਦ੍ਰਿੜ ਕਰਵਾਉਂਦੇ ਹਨ ਕਿ ਅਸਲੀ ਜੀਵਨ ਉਹ ਮਨੁੱਖ ਹੀ ਜਿਉਂਦਾ ਹੈ ਜਿਸ ਨੇ ਉਸ ਇੱਕ ਵਾਹਿਗੁਰੂ ਨੂੰ ਪਛਾਣਿਆ ਹੈ,
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ॥
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ॥
ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ॥
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ॥
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ॥੬॥ (ਪੰਨਾ ੩੧੯)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਨੂੰ ਸਮਝਾਉਣ ਲਈ ਰੋਜ਼ਾਨਾ ਜੀਵਨ ਅਤੇ ਕੁਦਰਤਿ ਵਿਚੋਂ ਅਨੇਕਾਂ ਦ੍ਰਿਸ਼ਟਾਂਤ ਲਏ ਗਏ ਹਨ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਗਈ ਹੈ। ḔਅੱਕḔ ਇੱਕ ਜੰਗਲੀ ਬੂਟਾ ਹੈ ਜੋ ਆਮ ਹੀ ਉਗਿਆ ਹੁੰਦਾ ਹੈ ਅਤੇ ਉਸ ਨੂੰ ਕੱਕੜੀਆਂ ਲੱਗਦੀਆਂ ਹਨ ਜਿਨ੍ਹਾਂ ਵਿਚ ਰੇਸ਼ਮ ਵਰਗੀ ਮੁਲਾਇਮ ਰੂੰ ਹੁੰਦੀ ਹੈ। ਇਥੇ ਗੁਰੂ ਅਰਜਨ ਦੇਵ ਅੱਕ ਨੂੰ ਲੱਗੀਆਂ ਕੱਕੜੀਆਂ ਦੀ ਗੱਲ ਕਰਦੇ ਹਨ ਕਿ ਜਦੋਂ ਤੱਕ ਉਹ ਬੂਟੇ ਨੂੰ ਲੱਗੀਆਂ ਹੁੰਦੀਆਂ ਹਨ, ਉਦੋਂ ਤੱਕ ਸੋਹਣੀਆਂ ਹਨ ਅਤੇ ਸਾਬਤ-ਸਬੂਤ ਵੀ ਹਨ। ਜਦੋਂ ਉਹ ਬੂਟੇ ਨਾਲੋਂ ਝੜ ਜਾਂਦੀਆਂ ਹਨ ਤਾਂ ਫੰਬਾ-ਫੰਬਾ ਹੋ ਕੇ ਚਾਰ ਚੁਫੇਰੇ ਖਿਲਰ ਜਾਂਦੀਆਂ ਹਨ ਅਤੇ ਹਵਾ ਵਿਚ ਉਡੀਆਂ ਫਿਰਦੀਆਂ ਹਨ। ਇਥੇ ਇਸ ਦਾ ਭਾਵ ਹੈ ਕਿ ਜਿਵੇਂ ਟਾਹਣੀ ਨਾਲੋਂ ਟੁੱਟ ਕੇ ਕੱਕੜੀਆਂ ਦਾ ਵਜੂਦ ਖਿਲਰ ਜਾਂਦਾ ਹੈ ਅਤੇ ਤੂੰਬਾ ਤੂੰਬਾ ਹੋ ਕੇ ਉਡਣ ਲੱਗ ਪੈਂਦੀਆਂ ਹਨ, ਇਸੇ ਤਰ੍ਹਾਂ ਅਕਾਲ ਪੁਰਖ ਦੇ ਚਰਨਾਂ ਨਾਲੋਂ ਟੁੱਟਿਆ ਹੋਇਆ ਮਨ ਅਨੇਕ ਕਿਸਮ ਦੀ ਭਟਕਣ ਵਿਚ ਭਟਕਦਾ ਰਹਿੰਦਾ ਹੈ,
ਖਖੜੀਆਂ ਸੁਹਾਵੀਆ ਲਗੜੀਆ ਅਕ ਕੰਠਿ॥
ਬਿਰਹ ਵਿਛੋੜਾ ਧਣੀ ਨਾਨਕ ਸਹਸੈ ਗੰਠਿ॥੧॥ (ਪੰਨਾ ੩੧੯)
ਇਸੇ ਖਿਆਲ ਨੂੰ ਅਗਲੇ ਸਲੋਕ ਵਿਚ ਪਰਗਟ ਕੀਤਾ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦੇ ਹਨ, ਉਸ ਨੂੰ ਯਾਦ ਨਹੀਂ ਰੱਖਦੇ ਉਨ੍ਹਾਂ ਜੀਵਾਂ ਨੂੰ ਮਰਿਆਂ ਬਰਾਬਰ ਹੀ ਸਮਝ ਲੈਣਾ ਚਾਹੀਦਾ ਹੈ ਪਰ ਉਹ ਚੰਗੀ ਤਰ੍ਹਾਂ ਮਰ ਵੀ ਨਹੀਂ ਸਕਦੇ (ਕਿਉਂਕਿ ਸਰੀਰਕ ਤੌਰ ‘ਤੇ ਉਹ ਜਿੰਦਾ ਹੁੰਦੇ ਹਨ ਪਰ ਆਤਮਕ ਤੌਰ ‘ਤੇ ਮਰ ਚੁੱਕੇ ਹੁੰਦੇ ਹਨ)। ਜਿਹੜੇ ਲੋਕ ਅਕਾਲ ਪੁਰਖ ਵਲੋਂ ਬੇਮੁੱਖ ਹੋ ਜਾਂਦੇ ਹਨ ਅਰਥਾਤ ਪਰਮਾਤਮਾ ਨੂੰ ਯਾਦ ਨਹੀਂ ਰੱਖਦੇ, ਉਹ ਇਸ ਤਰ੍ਹਾਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹੁੰਦੇ ਹਨ,
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ॥
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ॥੨॥
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਉਹ ਇੱਕ ਅਕਾਲ ਪੁਰਖ ਜੋ ਕਦੇ ਨਾ ਨਾਸ ਹੋਣ ਵਾਲੀ ਹਸਤੀ ਹੈ, ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ, ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਭੰਡਾਰ ਹੈ। ਉਹ ਅਕਾਲ ਪੁਰਖ ਧਰਤੀ ਦੇ ਵਿਚ, ਧਰਤੀ ਦੇ ਉਤੇ ਅਤੇ ਧਰਤੀ ਦੇ ਹੇਠਾਂ ਹਰ ਥਾਂ ਮੌਜੂਦ ਹੈ ਅਤੇ ਉਸ ਨੂੰ ਸ੍ਰਿਸ਼ਟੀ ਦੀ ਹਰ ਰਚਨਾ ਵਿਚ ਸਮਾਇਆ ਹੋਇਆ ਜਾਣਿਆ ਜਾਂਦਾ ਹੈ। ਉਹ ਅਕਾਲ ਪੁਰਖ ਊਚ-ਨੀਚ, ਹਰ ਇੱਕ ਛੋਟੇ ਤੇ ਵੱਡੇ ਜੀਵ ਵਿਚ ਇੱਕ ਸਮਾਨ ਵਿਆਪਕ ਹੈ ਅਰਥਾਤ ਇੱਕੋ ਜਿਹਾ ਵਰਤ ਰਿਹਾ ਹੈ (ਭਾਵ ਸਾਰੇ ਜੀਵ ਉਸ ਪਰਮਾਤਮਾ ਤੋਂ ਬਣੇ ਹਨ, ਇਸ ਲਈ ਕੋਈ ਵੀ ਮਨੁੱਖ ਉਚਾ ਜਾਂ ਨੀਵਾਂ, ਛੋਟਾ ਜਾਂ ਵੱਡਾ ਨਹੀਂ ਹੈ)। ਮਿੱਤਰ, ਸਾਥੀ, ਪੁੱਤਰ, ਸਕੇ-ਸਬੰਧੀ, ਭਾਈ-ਬੰਦ ਸਾਰੇ ਮਨੁੱਖ ਉਸ ਇੱਕ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਸ ਮਨੁੱਖ ਤੇ ਗੁਰੂ ਤੁੱਠ ਪਏ ਅਤੇ ਨਾਮ ਦੀ ਬਖਸ਼ਿਸ਼ ਕਰੇ ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਨੇ ਅਕਾਲ ਪੁਰਖ ਦੇ ਨਾਮ ਦਾ ਰੰਗ ਮਾਣਿਆ ਹੈ,
ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ॥
ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ॥
ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ॥
ਮੀਤ ਸਖਾ ਸੁਤੁ ਬੰਧਿਪੋ ਸਭਿ ਤਿਸ ਦੇ ਜਣਿਆ॥
ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ॥੭॥ (ਪੰਨਾ ੩੨੦)
ਇਸ ਤੋਂ ਅੱਗੇ ਉਨ੍ਹਾਂ ਜੀਵਾਂ ਦੀ ਗੱਲ ਕੀਤੀ ਹੈ ਜਿਹੜੇ ਹਰ ਸਵਾਸ ਨਾਲ ਅਕਾਲ ਪੁਰਖ ਨੂੰ ਯਾਦ ਰੱਖਦੇ ਹਨ। ਦੱਸਿਆ ਹੈ ਕਿ ਜਿਹੜੇ ਮਨੁੱਖਾਂ ਨੂੰ ਸਾਹ ਲੈਂਦਿਆਂ, ਖਾਂਦਿਆਂ ਵੀ ਅਕਾਲ ਪੁਰਖ ਨਹੀਂ ਭੁੱਲਦਾ ਭਾਵ ਜਿਹੜੇ ਹਰ ਸਮੇਂ ਉਸ ਨੂੰ ਯਾਦ ਰੱਖਦੇ ਹਨ ਅਤੇ ਪਰਮਾਤਮਾ ਦਾ ਨਾਮ ਰੂਪੀ ਮੰਤਰ ਜਿਨ੍ਹਾਂ ਦੇ ਮਨ ਵਿਚ ਵੱਸ ਗਿਆ ਹੈ, ਉਹ ਮਨੁੱਖ ਧੰਨ ਹਨ ਅਤੇ ਉਹ ਮਨੁੱਖ ਪੂਰੇ ਸੰਤ ਹਨ,
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥੧॥ (ਪੰਨਾ ੩੧੯)
ਉਪਰਲੇ ਸਲੋਕ ਵਿਚ ਹਰ ਸਾਹ ਨਾਲ, ਹਰ ਕੰਮ ਕਰਦੇ ਸਮੇਂ ਅਕਾਲ ਪੁਰਖ ਨੂੰ ਯਾਦ ਰੱਖਣ ਵਾਲੇ ਮਨੁੱਖਾਂ ਦੀ ਗੱਲ ਕੀਤੀ ਹੈ। ਇਸ ਸਲੋਕ ਵਿਚ ਬਿਲਕੁਲ ਇਸ ਦੇ ਵਿਪਰੀਤ ਚੱਲਣ ਵਾਲੇ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਆਪਣੇ ਖਾਣ ਤੋਂ ਬਿਨਾਂ ਕੁਝ ਹੋਰ ਚੇਤੇ ਨਹੀਂ ਰੱਖਦੇ। ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਜੇ ਕੋਈ ਮਨੁੱਖ ਅੱਠੇ ਪਹਿਰ ਅਰਥਾਤ ਹਰ ਸਮੇਂ ਖਾਣ ਦੇ ਦੁੱਖ ਵਿਚ ਹੀ ਭਟਕਦਾ ਫਿਰੇ, ਆਪਣੇ ਢਿੱਡ ਦੀ ਅੱਗ ਬੁਝਾਉਣ ਦੇ ਆਹਰ ਹੀ ਲੱਗਿਆ ਰਹੇ ਅਤੇ ਗੁਰੂ ਜਾਂ ਪੈਗੰਬਰ ਦੇ ਰਾਹੀਂ ਰੱਬ ਨੂੰ ਯਾਦ ਨਾ ਕਰੇ ਤਾਂ ਅੰਤ ਨੂੰ ਉਸ ਨੇ ਦੋਜ਼ਕ ਦੀ ਅੱਗ ਵਿਚ ਹੀ ਪੈਣਾ ਹੈ,
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ॥
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ॥੨॥ (ਪੰਨਾ ੩੧੯-੨੦)
ਅੱਠਵੀਂ ਪਉੜੀ ਵਿਚ ਪੰਚਮ ਪਾਤਸ਼ਾਹ ਨੇ ਪ੍ਰਾਣੀਆਂ ਨੂੰ ਉਨ੍ਹਾਂ ਨੂੰ ਸੇਵਣ ਲਈ ਕਿਹਾ ਹੈ ਜਿਨ੍ਹਾਂ ਤੋਂ ਨਾਮ ਦੀ ਦਾਤ ਮਿਲ ਸਕਦੀ ਹੈ, ਜਿਨ੍ਹਾਂ ਦੇ ਪੱਲੇ ਨਾਮ ਹੈ। ਇਸ ਨਾਮ ਦੇ ਆਸਰੇ ਮਨੁੱਖ ਦਾ ਜੀਵਨ ਇਸ ਸੰਸਾਰ ‘ਤੇ ਰਹਿੰਦਿਆਂ ਸੁਖੀ ਅਤੇ ਸੌਖਾ ਹੁੰਦਾ ਹੈ ਅਤੇ ਇਹ ਨਾਮ ਅਗਲੀ ਦੁਨੀਆਂ ਵਿਚ ਵੀ ਮਨੁੱਖ ਦੇ ਨਾਲ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਦੁਨੀਆਂ ਦੀਆਂ ਬਾਕੀ ਸਭ ਨਿਆਮਤਾਂ ਮਨੁੱਖ ਦੇ ਇਸ ਦੁਨੀਆਂ ਤੋਂ ਜਾਣ ਵੇਲੇ ਇਥੇ ਹੀ ਰਹਿ ਜਾਂਦੀਆਂ ਹਨ। ਨਾਮ ਅਜਿਹੀ ਵਸਤੂ ਹੈ ਜੋ ਮਨੁੱਖ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਨਾਲ ਜਾਂਦੀ ਹੈ। ਇਸ ਨਾਮ ਦਾ ਪੱਕਾ ਥੰਮ ਗੱਡ ਕੇ ਸੱਚ ਧਰਮ ਭਾਵ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਘਰ ਬਣਾਉ, ਸਤਿਸੰਗਤਿ ਸਥਾਪਤ ਕਰੋ। ਉਸ ਅਕਾਲ ਪੁਰਖ ਦਾ ਓਟ ਆਸਰਾ ਲਵੋ ਜੋ ਦੀਨ ਅਤੇ ਦੁਨੀਆਂ ਨੂੰ ਸਹਾਰਾ ਦੇਣ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦੇ ਚਰਨ ਫੜ੍ਹੇ ਹਨ, ਉਸ ਦਾ ਆਸਰਾ ਲਿਆ ਹੈ, ਉਹ ਰੱਬ ਦੀ ਦਰਗਾਹ ਮੱਲੀ ਰੱਖਦਾ ਹੈ,
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ॥
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ॥
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ॥
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ॥
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ॥੮॥ (ਪੰਨਾ ੩੨੦)