ਦਿੱਲੀ ਦਾ ਲੋਕ-ਰੰਗ ਤੇ ਵਿਅੰਗ

ਕਹਾਣੀ ਇਉਂ ਤੁਰੀ-6
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ,

ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਐਤਕੀਂ ਉਨ੍ਹਾਂ ਦਿੱਲੀ ਦੀਆਂ ਕੁਝ ਹੋਰ ਹਸਤੀਆਂ ਬਾਰੇ ਗੱਲਾਂ ਛੇੜੀਆਂ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 91-1142502364
ਚਰਨ ਦਾਸ ਸਿੱਧੂ ਅਤੇ ਉਹਦੇ ਨਾਟਕਾਂ ਨੇ ਮੈਨੂੰ ਮਗਰੋਂ ਖਿਚਿਆ, ਪਹਿਲਾਂ ਉਹਦੇ ਨਾਂ ਨੇ ਦਿਲਚਸਪੀ ਜਗਾਈ। ਸਿੱਧੂ ਸਾਡੇ ਇਲਾਕੇ ਦਾ ਵੱਡਾ ਗੋਤ ਹੈ। ਸਾਡੇ ਸਿੱਧੂ ਸੌ ਫ਼ੀਸਦੀ ਸਿੰਘ ਨਾਂ ਵਾਲੇ ਹੁੰਦੇ ਹਨ। ਮੈਂ ਹੈਰਾਨ ਹੋਇਆ, ਸਿੱਧੂ ਹੈ ਤਾਂ ਚਰਨ ਸਿੰਘ ਹੋਣਾ ਚਾਹੀਦਾ ਹੈ, ਇਹ ਕੇਹੋ ਜਿਹਾ ਸਿੱਧੂ ਹੈ ਜੋ ਚਰਨ ਦਾਸ ਹੈ! ਜਦੋਂ ਮਿਲਣਾ-ਗਿਲਣਾ ਬਣਿਆ, ਮੈਂ ਪੁੱਛ ਹੀ ਲਿਆ। ਉਹ ਹੱਸਿਆ, “ਭਰਾ, ਅਸੀਂ ਹੁਸ਼ਿਆਰਪੁਰੀਏ ਹਾਂ, ਸਾਡੇ ਸਿੱਧੂਆਂ ਦਾ ਸਿੰਘ ਹੋਣਾ ਜ਼ਰੂਰੀ ਨਹੀਂ। ਨਾਲੇ ਅਸੀਂ ਤੁਹਾਡੇ ਸਿੱਧੂਆਂ ਵਾਂਗ ਜ਼ਮੀਨਾਂ-ਜਾਇਦਾਦਾਂ ਵਾਲੇ ਨਹੀਂ, ਅਸੀਂ ਤਾਂ ਨੰਗ-ਮਲੰਗ ਲੋਕ ਹਾਂ!” ਉਹ ਸਾਰੀ ਉਮਰ ਦਿੱਲੀ ਦੇ ਹੰਸਰਾਜ ਕਾਲਜ ਵਿਚ ਅੰਗਰੇਜ਼ੀ ਦਾ ਪ੍ਰੋਫ਼ੈਸਰ ਰਿਹਾ। ਉਹਨੇ ਵਿਸਕਾਨਸਿਨ ਯੂਨੀਵਰਸਿਟੀ (ਅਮਰੀਕਾ) ਤੋਂ ਬਰਨਾਰਡ ਸ਼ਾਹ ਦੇ ਨਾਟਕਾਂ ਬਾਰੇ ਡਾਕਟਰੇਟ ਕੀਤੀ ਹੋਈ ਸੀ ਪਰ ਪੰਜਾਬੀ ਨਾਟਕ ਵੱਲ ਉਹਦੇ ਸਮਰਪਣ ਦੀ ਕੋਈ ਦੂਜੀ ਮਿਸਾਲ ਨਹੀਂ।
ਪਹਿਲਾਂ ਤਾਂ ਉਹਦੀ ਨਾਟ-ਮੰਡਲੀ ਦੇਖੋ। ਉਹ ਆਪ, ਉਹਦੀ ਪਤਨੀ ਗਿਆਨ ਕੌਰ ਅਤੇ ਉਹਦੀਆਂ ਪੰਜੇ ਧੀਆਂ। ਗਿਆਨ ਕੌਰ ਅਨਪੜ੍ਹ ਸੀ ਪਰ ਜੀਵਨ ਦੇ ਅਨੁਭਵ ਅਤੇ ਨਾਟਕ ਖੇਡਣ ਦੇ ਅਭਿਆਸ ਨੇ ਉਹਨੂੰ ਵਧੀਆ ਅਭਿਨੇਤਰੀ ਬਣਾ ਦਿੱਤਾ ਸੀ। ਬੱਸ ਪੁੱਤਰ ਨਾ ਹੋਣ ਕਰ ਕੇ ਪੁਰਸ਼ ਪਾਤਰਾਂ ਦੀ ਲੋੜ ਪੈਂਦੀ। ਇਕ ਵਾਰ ਮੈਂ ਹੱਸਿਆ, “ਸਿੱਧੂ ਸਾਹਿਬ, ਪੰਜ-ਚਾਰ ਪੁੱਤਰ ਵੀ ਜੰਮ ਲੈਣੇ ਸਨ। ਐਕਟਰ ਬਾਹਰੋਂ ਤਾਂ ਨਾ ਲੱਭਣੇ ਪੈਂਦੇ!” ਉਹ ਸਹਿਜਤਾ ਨਾਲ ਬੋਲਿਆ, “ਭਰਾ, ਤੇਰੇ ਵਾਲੀ ਗੱਲ ਮੈਂ ਤਾਂ ਸਮਝਦਾ ਸੀ, ਤੇਰੀ ਭਰਜਾਈ ਹੀ ਢੇਰੀ ਢਾਹ ਬੈਠੀ।” ਇਹ ਕਸਰ ਉਹਨੇ ਆਪਣੇ ਵਿਦਿਆਰਥੀਆਂ ਨਾਲ ਪੂਰੀ ਕਰ ਲਈ। ਹੁਣ ਉਹਦੇ ਸੈਟ ਦੇ ਦਰਸ਼ਨ ਕਰੋ। ਉਹਦੇ ਬਹੁਤੇ ਨਾਟਕ ਸਾਧਾਰਨ ਜਾਂ ਗਰੀਬ ਲੋਕਾਂ ਦੇ ਜੀਵਨ ਦੀ ਪੇਸ਼ਕਾਰੀ ਹਨ। ਉਹਨੂੰ ਸੈਟ ਲਈ ਕੋਈ ਚੀਜ਼ ਬਾਹਰੋਂ ਨਹੀਂ ਸੀ ਲੈਣੀ ਪੈਂਦੀ। ਉਹ ਘਰੋਂ ਮੰਜੇ-ਪੀੜ੍ਹੀਆਂ, ਚੱਕਵਾਂ ਚੁੱਲ੍ਹਾ, ਭਾਂਡੇ-ਟੀਂਡੇ, ਬਾਲਟੀਆਂ-ਟਰੰਕ, ਜੁੱਲੀ-ਤਪੜਾ ਤੇ ਹੋਰ ਨਿੱਕ-ਸੁੱਕ ਦਾ ਟੈਂਪੋ ਲੱਦ ਲਿਆਉਂਦਾ।
ਉਹ ਆਪਣੇ ਨਾਟਕਾਂ ਵਿਚ ਵੀ ਤੇ ਜੀਵਨ ਵਿਚ ਵੀ ਇਸਤਰੀ ਲਈ ਆਜ਼ਾਦੀ ਅਤੇ ਬਰਾਬਰ ਅਧਿਕਾਰਾਂ ਦਾ ਸੱਚੇ ਦਿਲੋਂ ਮੁੱਦਈ ਸੀ। ਇਕ ਵਾਰ ਮੈਨੂੰ ਉਹਦੀ ਨਾਟ-ਮੰਡਲੀ ਦੇ ਇਕ ਹੋਣਹਾਰ ਮੁੰਡੇ ਨਾਲ ਇਕ ਬੇਟੀ ਦੇ ਵਿਆਹ ਦਾ ਪਤਾ ਲੱਗਿਆ। ਮਿਲੇ ਤਾਂ ਮੈਂ ਗਿਲਾ ਕੀਤਾ, “ਭਾਈ ਮੇਰੇ, ਮੁੰਡੇ ਦਾ ਵਿਆਹ ਹੁੰਦਾ, ਤੁਸੀਂ ਨਾ ਬੁਲਾਉਂਦੇ, ਮੈਂ ਬਿਲਕੁਲ ਮਹਿਸੂਸ ਨਹੀਂ ਸੀ ਕਰਨਾ ਪਰ ਯਾਰ ਬੇਟੀ ਦੇ ਵਿਆਹ ਦਾ ਤਾਂ ਦੱਸ ਦਿੰਦਾ। ਜਿਹੀ ਤੇਰੀ ਬੇਟੀ, ਤਿਹੀ ਮੇਰੀ!” ਉਹ ਹੱਸਿਆ, “ਭਰਾ, ਗੱਲ ‘ਤੇ ਗਿਲਾ ਤਾਂ ਤੇਰਾ ਸੋਲਾਂ ਆਨੇ ਠੀਕ ਹੈ। ਬਿਲਕੁਲ ਉਹ ਮੇਰੇ ਵਾਂਗ ਹੀ ਤੇਰੀ ਬੇਟੀ ਹੈ ਪਰ ਤੈਨੂੰ ਤਾਂ ਮੈਂ ਤਦ ਬੁਲਾਉਂਦਾ ਜੇ ਕੁੜੀ ਤੇ ਮੁੰਡੇ ਨੇ ਮੈਨੂੰ ਬੁਲਾਇਆ ਹੁੰਦਾ। ਵਿਆਹ ਕਰਵਾ ਕੇ ਘਰ ਆ ਗਏ ਤੇ ਸਾਨੂੰ ਦੋਵਾਂ ਜੀਆਂ ਨੂੰ ਕਹਿੰਦੇ, ਸਾਡਾ ਸਿਰ ਪਲੋਸੋ, ਅਸੀਂ ਵਿਆਹ ਕਰਵਾ ਲਿਆ।” ਜਦੋਂ ਮੈਂ ਤੇਰੇ ਵਾਲਾ ਗਿਲਾ ਕੀਤਾ ਤਾਂ ਬੋਲੇ, “ਜੇ ਅਸੀਂ ਤੁਹਾਨੂੰ ਦੱਸਦੇ, ਤੁਸੀਂ ਚਾਰ ਮਿੱਤਰ ਤੇ ਰਿਸ਼ਤੇਦਾਰ ਜ਼ਰੂਰ ਬੁਲਾਉਣੇ ਸੀ। ਹੋਰ ਨਹੀਂ ਤਾਂ ਚਾਹ-ਰੋਟੀ ਦਾ ਜੁਗਾੜ ਕਰਨਾ ਸੀ। ਵਿਆਹ ਸਾਡਾ, ਅਸੀਂ ਤੁਹਾਡਾ ਖ਼ਰਚ ਕਰਵਾ ਕੇ ਅਹਿਸਾਨ ਕਿਉਂ ਝੱਲੀਏ!” ਮੈਂ ਉਹਨੂੰ ਗਲਵੱਕੜੀ ਵਿਚ ਘੁੱਟਿਆ, “ਸਿੱਧੂ ਬੰਦਿਆ, ਤੇਰਾ ਕੋਈ ਜਵਾਬ ਨਹੀਂ! ਆਪਣੇ ਦਿਨ ਬੱਸ ਤੂੰ ਹੀ ਜੰਮਿਆ ਹੈਂ!”
ਪਿਆਰਾ ਸਿੰਘ ਸਹਿਰਾਈ ਪ੍ਰੀਤਨਗਰ ਅਤੇ ‘ਪ੍ਰੀਤਲੜੀ’ ਦੀ ਪੈਦਾਵਾਰ ਸਨ। ਦੇਸ ਦੀ ਵੰਡ ਦੀ ਮਾਰ ਹੇਠ ਆ ਕੇ ‘ਪ੍ਰੀਤਲੜੀ’ ਦਿੱਲੀ ਆਈ ਤਾਂ ਗੁਰਬਖ਼ਸ਼ ਸਿੰਘ ਤੇ ਹੋਰ ਸਭਨਾਂ ਨਾਲ ਉਹ ਵੀ ਦਿੱਲੀ ਆ ਗਏ। ਕੁਝ ਠੰਢ-ਠੰਢੌਰਾ ਹੋਇਆ ਤਾਂ ‘ਪ੍ਰੀਤਲੜੀ’ ਵਾਪਸ ਪ੍ਰੀਤਨਗਰ ਚਲੀ ਗਈ ਪਰ ਸਹਿਰਾਈ ਸਾਹਿਬ ਉਸ ਮੰਡਲੀ ਵਿਚ ਸ਼ਾਮਲ ਸਨ ਜਿਸ ਨੇ ਵਾਪਸ ਜਾਣ ਦੀ ਥਾਂ ਇਥੇ ਹੀ ਡੇਰੇ ਲਾ ਲਏ। ਉਨ੍ਹਾਂ ਲੋਕਾਂ ਦਾ ਇਥੇ ਰਹਿ ਪੈਣਾ ਦਿੱਲੀ ਵਿਚ ਪੰਜਾਬੀ ਸਾਹਿਤ ਦਾ ਵੱਡਾ ਸੁਭਾਗ ਬਣਿਆ। ਇਨ੍ਹਾਂ ‘ਪ੍ਰੀਤਲੜੀਆਂ’ ਵਿਚ ਸਹਿਰਾਈ ਸਾਹਿਬ ਤੋਂ ਇਲਾਵਾ ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਦਾਤਾ ਤੇ ਜਸਵੰਤ ਸਿੰਘ ਜਨਤਕ ਪ੍ਰੈਸ, ਆਦਿ ਸ਼ਾਮਲ ਸਨ।
ਸਹਿਰਾਈ ਸਾਹਿਬ ਨੇ ਕੁਝ ਚਿਰ ਸਕੂਲੀ ਕਿਤਾਬਾਂ ਦੇ ਇਕ ਪ੍ਰਕਾਸ਼ਕ ਕੋਲ ਨੌਕਰੀ ਕੀਤੀ। ਸੋਵੀਅਤ ਦੂਤਾਵਾਸ ਨੇ ਪੰਜਾਬੀ ਵਿਚ ਰਸਾਲਾ ਕੱਢਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੂੰ ਉਥੇ ਨੌਕਰੀ ਮਿਲ ਗਈ। ਸੇਵਾ-ਮੁਕਤੀ ਤੱਕ ਉਹ ਉਥੇ ਹੀ ਬਿਰਾਜੇ। ਕਵਿਤਾ ਲਿਖਦੇ ਜਾਂ ਵਾਰਤਿਕ, ਲਿਖਦੇ ਨਿਰੋਲ ਲੋਕ-ਪੱਖੀ। ਬਚਪਨ ਵਿਚ ਪੋਲੀਓ ਹੋ ਜਾਣ ਕਰ ਕੇ ਉਨ੍ਹਾਂ ਦੀਆਂ ਲੱਤਾਂ ਕਮਜ਼ੋਰ ਸਨ ਪਰ ਰਹਿੰਦੇ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ। ਇਸ ਸਰੀਰਕ ਕਜ ਕਰ ਕੇ ਉਨ੍ਹਾਂ ਨੇ ਵਿਆਹ ਨਹੀਂ ਸੀ ਕਰਵਾਇਆ ਪਰ ਇਹ ਤੱਥ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ, ਅਧੂਰੇ ਸਰੀਰ ਨਾਲ ਉਹ ਅਨੇਕ ਪੂਰੇ ਸਰੀਰਾਂ ਵਾਲਿਆਂ ਦਾ ਆਸਰਾ ਸਨ। ਖਾਸ ਕਰ ਕੇ ਉਹ ਲੋਕ-ਲਹਿਰਾਂ ਵਿਚ ਸਰਗਰਮ ਸਮਾਜ-ਸੇਵਕਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਸਹਾਈ ਰਹਿੰਦੇ। ਜੇ ਉਨ੍ਹਾਂ ਦੀ ਜਾਣ-ਪਛਾਣ ਵਾਲੇ ਕਿਸੇ ਗਰੀਬ-ਗੁਰਬੇ ਦੀ ਧੀ ਦੀ ਸ਼ਾਦੀ ਹੁੰਦੀ, ਉਹ ਮੇਰੇ ਵਰਗੇ ਸਹਿਕਰਮੀਆਂ ਨੂੰ ਵੀ ਫੋਨ ਖੜਕਾਉਂਦੇ, “ਬਈ ਸਾਡੇ ਗੁਆਂਢੀਆਂ ਦੀ ਝਾੜੂ-ਪੋਚੇ ਵਾਲੀ ਦੀ ਧੀ ਦਾ ਵਿਆਹ ਹੈ। ਇਨ੍ਹਾਂ ਬਿਚਾਰਿਆ ਨੂੰ ਕੁਛ ਰੋਟੀ-ਪਾਣੀ ਤੇ ਲੀੜਾ ਕੱਪੜਾ ਤਾਂ ਕਰਨਾ ਹੀ ਪੈਂਦਾ ਹੈ। ਕਿਸੇ ਵੇਲੇ ਮੈਨੂੰ ਸੌ-ਪੰਜਾਹ ਦੇ ਜਾਈਂ।” ਆਪ ਤਾਂ ਪੁੰਨ ਦਾ ਕੰਮ ਕਰਦੇ ਹੀ, ਨਾਲ ਹੋਰਾਂ ਤੋਂ ਵੀ ਪੁੰਨ ਕਰਵਾ ਦਿੰਦੇ!
ਹਜ਼ਾਰਾ ਸਿੰਘ ਗੁਰਦਾਸਪੁਰੀ ਅਤੇ ਤਾਰਾ ਸਿੰਘ ਜਿੰਨੇ ਵਧੀਆ ਕਵੀ ਸਨ, ਓਨੇ ਹੀ ਕਰਾਰੇ ਟਿੱਚਰੀ ਤੇ ਚੂੰਢੀ-ਵੱਢ ਸਨ। ਦੋਵਾਂ ਦੀ ਇਕ ਹੋਰ ਸਾਂਝੀ ਸਿਫਤ ਇਹ ਸੀ ਕਿ ਉਨ੍ਹਾਂ ਦਾ ਜਿੰਨਾ ਚੰਗਾ ਸਥਾਨ ਸਾਹਿਤਕ ਕਵਿਤਾ ਦੀ ਦੁਨੀਆਂ ਵਿਚ ਸੀ, ਓਨੀ ਹੀ ਧਾਂਕ ਸਟੇਜੀ ਕਵੀਆਂ ਵਜੋਂ ਸੀ। ਕਾਫੀ ਹਾਊਸ ਵਿਚ ਦੋਵਾਂ ਵਿਚੋਂ ਕੋਈ ਇਕ ਬੈਠਾ ਹੁੰਦਾ ਤਾਂ ਰੌਣਕ ਲੱਗ ਜਾਂਦੀ। ਜੇ ਕਿਤੇ ਦੋਵੇਂ ਇਕੱਠੇ ਹੋ ਜਾਂਦੇ, ਪੰਜਾਬੀ ਲੇਖਕਾਂ ਦੀ ਉਥੇ ਜੁੜੀ ਢਾਣੀ ਦੇ ਗੂੰਜਵੇਂ ਹਾਸੇ ਨੂੰ ਦੂਜੇ ਮੇਜ਼ਾਂ ਵਾਲੇ ਧੌਣਾਂ ਮੋੜ ਮੋੜ ਦੇਖਦੇ। ਉਨ੍ਹਾਂ ਨੂੰ ਮੌਕੇ ਉਤੇ ਜਿਵੇਂ ਗੱਲ ਸੁਝਦੀ ਸੀ, ਉਹ ਲਾਜਵਾਬ ਸੀ। ਉਨ੍ਹਾਂ ਦੀਆਂ ਹਾਸਰਸੀ ਗੱਲਾਂ ਏਨੀਆਂ ਦਮਦਾਰ ਸਨ ਕਿ ਦੋਵਾਂ ਦੇ ਜਾਣ ਮਗਰੋਂ ਅੱਜ ਵੀ ਸਾਹਿਤਕ ਮਹਿਫਿਲਾਂ ਵਿਚ ਲੋਕ ਯਾਦ ਕਰਦੇ ਹਨ।
ਗੁਰਦਾਸਪੁਰੀ ਨੂੰ ‘ਵਾਰਾਂ ਦਾ ਬਾਦਸ਼ਾਹ’ ਕਿਹਾ ਜਾਂਦਾ ਹੈ। ਉਹਦੇ ਸਮਕਾਲੀਆਂ ਵਿਚ ਹੋਰ ਕਿਸੇ ਕਵੀ ਨੇ ਉਸ ਵਰਗੀਆਂ ਖੂਬਸੂਰਤ ਵਾਰਾਂ ਏਨੀ ਗਿਣਤੀ ਵਿਚ ਨਹੀਂ ਲਿਖੀਆਂ। ਵਾਰਾਂ ਤੋਂ ਇਲਾਵਾ ਉਹਦੀਆਂ ਕਵਿਤਾਵਾਂ ਅਤੇ ਸਾਹਿਤਕ ਗੀਤ ਵੀ ਉਚ-ਪਾਏ ਦੇ ਸਨ। ਇਕ ਦਿਨ ਪੰਜਾਬੀ ਲੇਖਕ ਦੋ ਮੇਜ਼ ਜੋੜ ਕੇ ਮਹਿਫਿਲ ਸਜਾਈ ਬੈਠੇ ਸਨ। ਗੁਰਦਾਸਪੁਰੀ ਦੀ ਨਵੀਂ ਛਪੀ ਪੁਸਤਕ ‘ਮਿੱਟੀ ਰੋਈ’ ਉਹਦੇ ਸਾਹਮਣੇ ਮੇਜ਼ ਉਤੇ ਪਈ ਸੀ। ਉਹਦਾ ਇਕ ਗੈਰ-ਸਾਹਿਤਕ ਵਾਕਫ਼ ਆ ਗਿਆ। ਕੁਰਸੀ ਕੋਈ ਵਿਹਲੀ ਨਹੀਂ ਸੀ। ਉਹ ਉਹਦੇ ਪਿੱਛੇ ਖਲੋ ਗਿਆ ਅਤੇ ਦਿੱਲੀ ਦੇ ਪੰਜਾਬੀ ਨਾ ਜਾਣਨ ਵਾਲੇ ਪੰਜਾਬੀਆਂ ਵਾਂਗ ਪੜ੍ਹਨ ਲਗਿਆ, “ਮæææਮæææਮਿæææਮਿæææਮਿੱਠੀ æææਰæææਰੋæææਰੋਟੀ! ਗੁਰਦਾਸਪੁਰੀ ਜੀ, ਇਹ ਮਿੱਠੀ ਰੋਟੀ ਤੁਹਾਡੀ ਹੈ?” ਗੁਰਦਾਸਪੁਰੀ ਨੂੰ ਉਹਦੇ ਪੰਜਾਬੀ ਹੋ ਕੇ ਪੰਜਾਬੀ ਨਾ ਜਾਣਨ ਦਾ ਗੁੱਸਾ ਆਇਆ, “ਮਿੱਠੀ ਰੋਟੀ ਤਾਂ ਮੇਰੀ ਹੀ ਹੈ ਪਰ ਜੇ ਤੇਰੇ ਵਰਗੀਆਂ ਕੀੜੀਆਂ ਤੋਂ ਬਚ ਰਹੇ!”
ਇਕ ਕਵੀ ਦਰਬਾਰ ਵਿਚ ਇਕ ਕਵੀ ਨੇ ਆਪਣੀ ਕਵਿਤਾ ਸੁਣਾਉਂਦਿਆਂ ਤੁਕ ਦੁਹਰਾਈ, “ਸਾਡੇ ਗੁਆਂਢ ਵਿਚ ਘਰ ਸੀ ਤੇਲੀਆਂ ਦਾ।” ਗੁਰਦਾਸਪੁਰੀ ਬੋਲਿਆ, “ਹੋਰ ਤੇਰੇ ਵਰਗੇ ਦੇ ਗੁਆਂਢ ਵਿਚ ਸੋਢੀਆਂ ਦਾ ਘਰ ਹੋਣਾ ਸੀ!”
ਭਾਰਤ ਤੇ ਪਾਕਿਸਤਾਨ ਦੀ ਲੜਾਈ ਲੱਗੀ ਹੋਈ ਸੀ। ਪਾਕਿਸਤਾਨੀ ਜਹਾਜ ਆਉਂਦੇ ਅਤੇ ਕਿਤੇ ਨਾ ਕਿਤੇ ਬੰਬ ਸੁੱਟ ਕੇ ਭੱਜ ਜਾਂਦੇ। ਲੋਕਾਂ ਨੇ ਬਚਾਅ ਲਈ ਘਰਾਂ ਵਿਚ ਮੋਰਚੇ ਪੁੱਟ ਲਏ। ਜਿਉਂ ਹੀ ਹੂਟਰ ਵੱਜਦਾ, ਸਭ ਭੱਜ ਕੇ ਮੋਰਚਿਆਂ ਵਿਚ ਵੜ ਜਾਂਦੇ। ਇਕ ਡੂੰਘੀ ਸ਼ਾਮ ਗੁਰਦਾਸਪੁਰੀ ਆਪਣੇ ਮਿੱਤਰ ਨਾਲ ਛੱਤ ਉਤੇ ਬੈਠਾ ਦਾਰੂ ਪੀ ਰਿਹਾ ਸੀ ਕਿ ਹੂਟਰ ਵੱਜ ਗਿਆ। ਉਹ ਹੇਠਾਂ ਨਾ ਉਤਰੇ ਤਾਂ ਪਤਨੀ ਨੇ ਫ਼ਿਕਰਮੰਦ ਹੋ ਕੇ ਆਵਾਜ਼ ਦਿੱਤੀ, “ਮੈਂ ਕਿਹਾ ਜੀ, ਸੁਣਦੇ ਨਹੀਂ? ਹੂਟਰ ਵੱਜ ਗਿਆ। ਪਾਕਿਸਤਾਨੀ ਜਹਾਜ ਆ ਗਏ।” ਗੁਰਦਾਸਪੁਰੀ ਨੇ ਬੇਫ਼ਿਕਰੀ ਨਾਲ ਜਵਾਬ ਦਿੱਤਾ, “ਭਾਗਵਾਨੇ, ਤੂੰ ਆਪਣੀ ਚਿੰਤਾ ਕਰ। ਵੜ ਜਾ ਜਿਹੜੇ ਮੋਰਚੇ ਵਿਚ ਵੜਨਾ ਹੈ। ਪਾਕਿਸਤਾਨੀ ਜਹਾਜਾਂ ਦੇ ਹੇਠਾਂ ਨੂੰ ਡਿਗਦੇ ਬੰਬ ਸਾਡਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਤਾਂ ਐਸ ਵੇਲੇ ਉਨ੍ਹਾਂ ਨਾਲੋਂ ਉਚੇ ਉਡ ਰਹੇ ਹਾਂ!”
ਜਦੋਂ ਤਾਰਾ ਸਿੰਘ ਦੇ ਪੁਰਾਣੇ ਮਿੱਤਰ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਬਣੇ, ਕੁਝ ਲੇਖਕਾਂ ਨੇ ਸਲਾਹ ਬਣਾਈ ਕਿ ਪੈਸੇ ਇਕੱਠੇ ਕਰ ਕੇ ਤਾਰਾ ਸਿੰਘ ਨੂੰ ਗਿਆਨੀ ਜੀ ਹੱਥੋਂ ਕਾਰ ਭੇਟ ਕਰਵਾਈ ਜਾਵੇ। ਦੋਸਤ-ਮਿੱਤਰ ਆਪਣੇ ਆਪਣੇ ਵਾਕਫਾਂ ਤੋਂ ਪੈਸੇ ਇਕੱਠੇ ਕਰਨ ਲੱਗੇ ਪਰ ਉਨ੍ਹਾਂ ਦੇ ਵਾਕਫ਼ ਕਿਹੜੇ ਟਾਟੇ-ਬਿਰਲੇ ਹੋਣੇ ਸਨ! ਆਖ਼ਰ ਮਾਇਆ ਕਾਰ ਦੇ ਨੇੜੇ-ਤੇੜੇ ਨਾ ਪਹੁੰਚਦੀ ਦੇਖ ਕੇ ਤਾਰਾ ਸਿੰਘ ਨੂੰ ਆਪ ਵੀ ਕੁਝ ਹਿੰਮਤ ਕਰਨ ਲਈ ਕਿਹਾ ਗਿਆ। ਉਹ ਜਾਂਦਾ ਤੇ ਆਖਦਾ, “ਬਈ ਅਮਕਾ ਸਿਆਂ, ਦੋਸਤ-ਮਿੱਤਰ ਮੈਨੂੰ ਆਪਣੇ ਰਾਸ਼ਟਰਪਤੀ ਜੀ ਤੋਂ ਕਾਰ ਭੇਟ ਕਰਵਾ ਰਹੇ ਨੇ, ਤੂੰ ਵੀ ਏਸ ਯੱਗ ਵਿਚ ਦਿਲ ਖੋਲ੍ਹ ਕੇ ਹਿੱਸਾ ਪਾ।” ਅਗਲਾ ਸੋਚਣ ਲਗਦਾ, ਕਾਰ ਇਹਦੇ ਦੋਸਤਾਂ-ਮਿੱਤਰਾਂ ਨੇ ਦੇਣੀ, ਦੁਆਉਣੀ ਰਾਸ਼ਟਰਪਤੀ ਤੋਂ, ਮੈਂ ਹਿੱਸਾ ਕਿਸ ਨਾਤੇ ਪਾਵਾਂ! ਉਹਨੂੰ ਸੋਚੀਂ ਪਿਆ ਦੇਖ ਤਾਰਾ ਸਿੰਘ ਆਖਦਾ, “ਸੋਚ ਨਾ! ਆਪਣਾ ਬਾਬਾ ਕਹਿ ਗਿਆ ਹੈ, ਸੋਚੇ ਤੋਂ ਕੁਛ ਨਹੀਂ ਸੋਚਿਆ ਜਾਂਦਾ। ਨੋਟ ਕੱਢ ਕੇ ਮੈਨੂੰ ਤੁਰਦਾ ਕਰ, ਮਗਰੋਂ ਆਰਾਮ ਨਾਲ ਬੈਠਾ ਸੋਚਦਾ ਰਹੀਂ।” ਇਕ ਦਿਨ ਮੈਨੂੰ ਕਹਿਣ ਲੱਗਿਆ, “ਯਾਰ ਭੁੱਲਰ, ਇਹ ਪੈਸੇ ਮੰਗਣਾ ਬੜਾ ਜ਼ਲੀਲ ਕੰਮ ਹੈ, ਉਹ ਵੀ ਆਪ ਨੂੰ ਭੇਟ ਹੋਣ ਵਾਲੀ ਕਾਰ ਵਾਸਤੇ ਆਪ ਹੀ ਮੰਗਣੇ!”
ਪੈਸੇ ਆਸ ਅਨੁਸਾਰ ਇਕੱਠੇ ਨਾ ਹੁੰਦੇ ਦੇਖ ਕੇ ਕਾਰ ਭੇਟ-ਕਮੇਟੀ ਦੀ ਬੈਠਕ ਬੁਲਾਈ ਗਈ। ਇਕ ਪੰਜਾਬੀ ਸਪਤਾਹਿਕ ਦਾ ਨੇਤਾ ਕਿਸਮ ਦਾ ਸੰਪਾਦਕ ਜਿਸ ਨੂੰ ਗਿਲਾ ਸੀ ਕਿ ਤਾਰਾ ਸਿੰਘ ਤੋਂ ਪਹਿਲਾਂ ਕਾਰ ਦਾ ਉਹਦਾ ਹੱਕ ਹੈ, ਬੋਲਿਆ, “ਜੇ ਭਲਾ ਇਹਨੂੰ ਕਾਰ ਲੈ ਵੀ ਦੇਈਏ, ਇਹ ਤੇਲ ਕਿਥੋਂ ਪੁਆਊ?” ਤਾਰਾ ਸਿੰਘ ਗੁੱਸੇ ਨਾਲ ਭੱਜ ਕੇ ਪਿਆ, “ਜੇ ਮੂੰਹ ਭੈੜਾ ਹੋਵੇ, ਗੱਲ ਤਾਂ ਚੱਜ ਦੀ ਕਰੀਏ! ਤੇਰਾ ਮੇਰੇ ਤੇਲ ਨਾਲ ਕੀ ਮਤਲਬ? ਭਾਵੇਂ ਕਾਰ ਵੇਚ ਕੇ ਖਰੀਦਣਾ ਪਵੇ, ਮੈਂ ਤੇਲ ਬਿਨਾਂ ਤਾਂ ਨਹੀਂ ਰਹਿੰਦਾ!”
ਤਾਰਾ ਸਿੰਘ ਪੰਜਾਬੀ ਸਪਤਾਹਿਕ ‘ਲੋਕ ਰੰਗ’ ਵੀ ਕਢਦਾ ਸੀ। ਛਪਦਾ ਤਾਂ ਢਾਈ-ਤਿੰਨ ਸੌ ਹੀ ਸੀ ਪਰ ਕਮਾਈ ਵਾਹਵਾ ਹੋ ਜਾਂਦੀ। ਕੁਝ ਤਾਂ ਸਰਕਾਰੀ ਇਸ਼ਤਿਹਾਰ ਮਿਲ ਜਾਂਦੇ। ਕੁਝ ਮਾਇਆ ਉਹ ਦਿੱਲੀ ਦੇ ਸਿੱਖ ਲੀਡਰਾਂ ਵਿਚੋਂ ਕਿਸੇ ਦੀ ਉਸਤਤ ਅਤੇ ਕਿਸੇ ਦੀ ਨਿੰਦਿਆ ਛਾਪ ਕੇ ਲੈ ਲੈਂਦਾ। ਕਦੀ ਕਦੀ ਵਿਹਲੇ ਵੇਲੇ ਉਹ ਅਖ਼ਬਾਰ ਦਾ ਚੰਦਾ ਲੈਣ ਚੱਲ ਪੈਂਦਾ। ਅਜਿਹੇ ਮੌਕੇ ਰਾਮਗੜ੍ਹੀਆ ਹੋਣ ਕਰ ਕੇ ਉਹ ਰਾਮਗੜ੍ਹੀਆਂ ਨਾਲ ਭਾਈਚਾਰਾ ਚਿਤਾਰਦਾ। ਇਕ ਦਿਨ ਪਹਾੜਗੰਜ ਦੀਆਂ ਰਾਮਗੜ੍ਹੀਆ ਦੁਕਾਨਾਂ ਵੱਲ ਜਾ ਨਿੱਕਲਿਆ। ਇਕ ਬੰਦੇ ਤੋਂ ਚੰਦਾ ਲੈ ਕੇ ਉਹ ਦੂਜੇ ਕੋਲ ਗਿਆ ਅਤੇ ਕਿਹਾ, “ਭਾਈ ਹਰਨਾਮ ਸਿਆਂ, ਮੈਨੂੰ ਰੋਜ਼ ਰੋਜ਼ ਆਉਣਾ ਚੰਗਾ ਨਹੀਂ ਲੱਗਣਾ। ਤੈਨੂੰ ਵੀ ਕੰਮ ਛੱਡ ਕੇ ਮੈਨੂੰ ਸਮਾਂ ਦੇਣਾ ਪਿਆ ਕਰੂ ਤੇ ਹਰ ਵਾਰ ਚਾਹ ਪੁੱਛਣੀ ਪਿਆ ਕਰੂ। ਇਕੱਠਾ ਉਮਰ ਭਰ ਦਾ ਚੰਦਾ ਦੇ ਕੇ ਇਕੋ ਵਾਰ ਜੱਭ ਮੁਕਦਾ ਕਰ।” ਹਰਨਾਮ ਸਿੰਘ ਨੇ ਉਜਰ ਕੀਤਾ, “ਤਾਰਾ ਸਿਆਂ, ਚੰਦਾ ਤਾਂ ਮੈਂ ਜੀਅ-ਸਦਕੇ ਦੇ ਦਿੰਦਾ, ਪਰ ਤੈਨੂੰ ਤਾਂ ਪਤਾ ਹੈ, ਮੈਨੂੰ ਤਾਂ ਅੱਖਰ ਉਠਾਲਣੇ ਨਹੀਂ ਆਉਂਦੇ!”
ਤਾਰਾ ਸਿੰਘ ਹੱਸਿਆ, “ਹਰਨਾਮ ਸਿਆਂ, ਇਹ ਚਿੰਤਾ ਨਾ ਕਰ। ਹੁਣੇ ਮੈਂ ਤੇਰੇ ਗੁਆਂਢੀ ਭਜਨ ਸਿਉਂ ਤੋਂ ਜੀਵਨ ਚੰਦਾ ਲੈ ਕੇ ਆਇਆ ਹਾਂ। ਉਹ ਵੀ ਤੇਰੇ ਵਾਲੀ ਮੁਸ਼ਕਲ ਦਸਦਾ ਸੀ। ਫੇਰ ਆਪੇ ਹੀ ਚੰਦਾ ਦੇ ਕੇ ਕਹਿੰਦਾ, ਚੱਲ ਕਿਸੇ ਪੜ੍ਹੇ ਦੋਸਤ-ਮਿੱਤਰ ਤੋਂ ਪੜ੍ਹਵਾ ਲਿਆ ਕਰੂੰਗਾ। ਜੀਹਤੋਂ ਉਹ ਪੜ੍ਹਵਾਇਆ ਕਰੂ, ਓਸੇ ਤੋਂ ਤੂੰ ਪੜ੍ਹਵਾ ਲਿਆ ਕਰੀਂ!” ਉਸ ਸ਼ਾਮ ਕਾਫੀ ਹਾਊਸ ਦੇ ਬਾਹਰ ਖਲੋਤਾ ਮਿਲ ਗਿਆ। ਕਹਿੰਦਾ, “ਯਾਰ ਭੁੱਲਰ, ਇਹ ਅਖਬਾਰ ਵਾਸਤੇ ਚੰਦਾ ਮੰਗਣਾ ਵੀ ਬੜਾ ਜ਼ਲੀਲ ਕੰਮ ਹੈ, ਉਹ ਵੀ ਅਨਪੜ੍ਹ ਬੰਦਿਆ ਤੋਂ!”
(ਚਲਦਾ)