ਫਲਸਤੀਨ ਦੀ ਧਰਤੀ ਉਤੇ ਜੰਮਿਆ ਨਾਜੀ ਸਲੀਮ ਅਲ-ਅਲੀ ਸਮੁੱਚੇ ਅਰਬ ਅਤੇ ਇਜ਼ਰਾਈਲ ਬਾਰੇ ਬਣਾਏ ਆਪਣੇ ਕਾਰਟੂਨਾਂ ਕਰ ਕੇ ਬੜਾ ਮਸ਼ਹੂਰ ਹੋਇਆ। ਉਹਨੇ 40 ਹਜ਼ਾਰ ਤੋਂ ਉਪਰ ਕਾਰਟੂਨ ਬਣਾਏ ਅਤੇ ਵੱਖ-ਵੱਖ ਮੌਕਿਆਂ Ḕਤੇ ਵੱਖੋ-ਵੱਖਰੇ ਮੁੱਦਿਆਂ ਉਤੇ ਬੜੀਆਂ ਤਿੱਖੀਆਂ ਚੋਟਾਂ ਕੀਤੀਆਂ।
ਇਹ ਚੋਟਾਂ ਇੰਨੀਆਂ ਤਿੱਖੀਆਂ ਸਨ ਕਿ ਵਿਰੋਧੀਆਂ ਨੂੰ ਉਸ ਦੀ ਸਰੀਰਕ ਹੋਂਦ ਤੱਕ ਰੜਕਣ ਲੱਗ ਪਈ; ਤੇ ਆਖਰਕਾਰ ਉਸ ਨੂੰ ਲੰਡਨ ਵਿਚ ਕੁਵੈਤੀ ਅਖ਼ਬਾਰ Ḕਅਲ-ਕੱਬਾਸḔ ਦੇ ਦਫਤਰ ਦੇ ਬਾਹਰ 22 ਜੁਲਾਈ 1987 ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਸਿੱਧੀ ਉਸ ਦੀ ਪੁੜਪੁੜੀ ਵਿਚ ਲੱਗੀ ਸੀ। ਹਸਪਤਾਲ ਵਿਚ ਉਹ ਬੇਹੋਸ਼ ਪਿਆ ਰਿਹਾ ਅਤੇ ਫਿਰ ਹਫਤੇ ਬਾਅਦ 29 ਅਗਸਤ ਨੂੰ ਉਸ ਦੀ ਮੌਤ ਹੋ ਗਈ। ਇਸ ਕਤਲ ਦੇ ਦੋਸ਼ ਵਿਚ ਬ੍ਰਿਟਿਸ਼ ਪੁਲਿਸ ਨੇ ਯੋਰੋਸ਼ਲਮ (ਇਜ਼ਰਾਈਲ) ਵਿਚ ਜੰਮੇ ਫਲਸਤੀਨੀ ਇਸਮਾਈਲ ਸੋਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਸਬੰਧਤ ਹਥਿਆਰ ਵੀ ਬਰਾਮਦ ਕਰ ਲਿਆ। ਬਾਅਦ ਵਿਚ ਉਹਨੇ ਇੰਕਸ਼ਾਫ਼ ਕੀਤਾ ਕਿ ਉਹ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀæਐਲ਼ਓæ) ਇਜ਼ਰਾਈਲ ਦੀ ਖੁਫੀਆ ਏਜੰਸੀ ਮੌਸਾਦ, ਦੋਹਾਂ ਲਈ ਕੰਮ ਕਰਦਾ ਸੀ। ਇੰਗਲੈਂਡ ਨੇ ਮੌਸਾਦ ਤੋਂ ਇਸ ਬਾਰੇ ਜਾਣਕਾਰੀ ਲੈਣੀ ਚਾਹੀ, ਪਰ ਇਜ਼ਰਾਇਲ ਨੇ ਇਨਕਾਰ ਕਰ ਦਿੱਤਾ। ਇਹ ਤਕਰਾਰ ਫਿਰ ਇੰਨਾ ਭਖਿਆ ਕਿ ਇੰਗਲੈਂਡ ਨੇ ਇਜ਼ਰਾਈਲ ਦੇ ਤਿੰਨ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ। ਇਨ੍ਹਾਂ ਵਿਚੋਂ ਇਕ ਡਿਪਲੋਮੈਟ ਅਲ-ਅਲੀ ਦੇ ਕਤਲ ਲਈ ਜ਼ਿੰਮੇਵਾਰ ਦੋ ਡਬਲ ਏਜੰਟਾਂ ਦਾ ਖਾਸ-ਮਖਾਸ ਸੀ। ਪਿਛੋਂ ਇੰਗਲੈਂਡ ਨੇ ਲੰਡਨ ਸਥਿਤ ਮੌਸਾਦ ਦਫਤਰ ਵੀ ਬੰਦ ਕਰਵਾ ਦਿੱਤਾ।
ਅਲ-ਅਲੀ ਦਾ ਜਨਮ ਫਲਸਤੀਨ ਦੇ ਨਿੱਕੇ ਜਿਹੇ ਪਿੰਡ ਅਲ-ਸ਼ਜਾਰਾ ਵਿਖੇ 1938 ਵਿਚ ਹੋਇਆ ਸੀ। 1948 ਵਿਚ ਫਲਸਤੀਨੀਆਂ ਦੇ ਵੱਡੇ ਉਜਾੜੇ ਮੌਕੇ ਉਸ ਨੂੰ ਆਪਣੇ ਪਰਿਵਾਰ ਸਮੇਤ ਉਜੜਨਾ ਪਿਆ। ਉਹ ਲਿਬਨਾਨ, ਲੀਬੀਆ, ਬੈਰੂਤ ਅਤੇ ਸਾਊਦੀ ਅਰਬ ਵਿਚ ਵਿਚਰਦਾ ਰਿਹਾ। 1959 ਵਿਚ ਲਿਬਨਾਨ ਪਰਤ ਕੇ ਉਥੇ Ḕਅਰਬ ਨੈਸ਼ਨਿਲਸਟ ਮੂਵਮੈਂਟḔ ਵਿਚ ਸਰਗਰਮ ਹਿੱਸਾ ਲਿਆ। ਉਥੇ ਉਹਨੇ ਹੱਥ ਲਿਖਤ ਸਿਆਸੀ ਪਰਚਾ Ḕਅਲ-ਸਰਖਾḔ (ਚੀਕ) ਵੀ ਛਾਪਣਾ ਸ਼ੁਰੂ ਕੀਤਾ। ਇਹ 1960-61 ਦੀਆਂ ਗੱਲਾਂ ਹਨ। ਫਿਰ ਉਹ ਲਿਬਨਾਨ ਦੀ ਫਾਈਨ ਆਰਟਸ ਅਕੈਡਮੀ ਵਿਚ ਦਾਖਲ ਹੋ ਗਿਆ ਪਰ ਸਿਆਸੀ ਸਰਗਰਮੀਆਂ ਕਾਰਨ ਪੜ੍ਹਾਈ ਜਾਰੀ ਨਾ ਰੱਖ ਸਕਿਆ। ਛੇਤੀ ਹੀ ਉਹ ਟਾਇਰ (ਲਿਬਨਾਨ) ਵਿਖੇ ਪੁੱਜ ਗਿਆ ਅਤੇ ਜਫਰੀਆ ਕਾਲਜ ਵਿਚ ਡਰਾਇੰਗ ਇੰਸਟਰੱਕਰ ਲੱਗ ਗਿਆ। ਉਥੇ ਲੇਖਕ ਅਤੇ ਸਿਆਸੀ ਕਾਰਕੁਨ ਦੁਸਾਨ ਕਿਨਫਾਨੀ ਨੇ ਉਸ ਦੇ ਕਾਰਟੂਨ ਦੇਖੇ ਅਤੇ 25 ਸਤੰਬਰ 1961 ਦੇ Ḕਅਲ-ਹੁਰੀਆḔ ਅੰਕ ਵਿਚ ਛਪਵਾ ਦਿੱਤੇ। ਇਸ ਪਿੱਛੋਂ ਉਹਦੇ ਕਾਰਟੂਨ ਆਮ ਛਪਣ ਲੱਗ ਪਏ। ਉਸ ਨੇ Ḕਅਲ-ਤਾਲੀਆḔ ਤੇ Ḕਅਲ-ਸਿਆਸਾḔ ਅਖਬਾਰਾਂ ਲਈ ਕੰਮ ਕੀਤਾ ਅਤੇ ਫਿਰ 1974 ਵਿਚ Ḕਅਲ-ਸਫ਼ੀਦḔ ਦੀ ਨੌਕਰੀ ਕਰ ਲਈ। 1982 ਵਿਚ ਜਦੋਂ ਇਜ਼ਰਾਈਲ ਨੇ ਲਿਬਨਾਨ ਉਤੇ ਚੜ੍ਹਾਈ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਪਿਛੋਂ 1983 ਨੂੰ ਉਹ ਕੁਵੈਤ ਚਲਾ ਗਿਆ ਅਤੇ ਫਿਰ ਆਪਣੀ ਮੌਤ ਤੱਕ Ḕਅਲ-ਕਬਾਸḔ ਲਈ ਕੰਮ ਕਰਦਾ ਰਿਹਾ।
-ਗੁਰਬਖਸ਼ ਸਿੰਘ ਸੋਢੀ