ਸ਼ਹਾਦਤ

ਨਗੂਗੀ ਵਾ ਥਿਓਂਗੋ ਦਾ ਜਨਮ 5 ਜਨਵਰੀ 1938 ਨੂੰ ਕੀਨੀਆ ਦੇ ਕਿਸਾਨ ਪਰਿਵਾਰ ਵਿਚ ਹੋਇਆ। ਚੜ੍ਹਦੀ ਉਮਰੇ ਉਹ ‘ਮਾਉ ਮਾਉ ਵਾਰ’ (ਆਜ਼ਾਦੀ ਲਈ ਲੜਾਈ ਛੇਤੀ-ਛੇਤੀ) ਵਿਚ ਸ਼ਾਮਲ ਹੋ ਗਿਆ, ਇਸ ਦੇ ਨਾਲ ਹੀ ਉਹ ਲਿਖਦਾ ਵੀ ਰਿਹਾ। ਉਹਨੇ ਨਾਟਕ, ਕਹਾਣੀ ਤੇ ਨਾਵਲ ਲਿਖੇ ਅਤੇ ਕੌਮਾਂਤਰੀ ਪੱਧਰ ਉਤੇ ਆਪਣੀ ਥਾਂ ਬਣਾਈ।

ਇਨ੍ਹਾਂ ਲਿਖਤਾਂ ਤੋਂ ਇਲਾਵਾ ਉਹਨੇ ਆਪਣੀਆਂ ਯਾਦਾਂ ਦੀਆਂ ਕਿਤਾਬਾਂ ਨਾਲ ਸਮੁੱਚੇ ਅਫਰੀਕੀ ਜਗਤ ਦਾ ਦਰਦ ਦੁਨੀਆਂ ਨੂੰ ਦੱਸਿਆ। ਉਹਦੀ ਕਹਾਣੀ ‘ਸ਼ਹਾਦਤ’ ਵਿਚ ਵੀ ਇਸ ਦਰਦ ਦੀਆਂ ਤਤੀਰੀਆਂ ਪੈਂਦੀਆਂ ਦਿਸ ਪੈਂਦੀਆਂ ਹਨ, ਪਰ ਨਾਲ ਹੀ ਮਨੁੱਖੀ ਕਦਰਾਂ-ਕੀਮਤਾਂ ਦਾ ਦਰਿਆ ਵੀ ਵਗ ਰਿਹਾ ਹੈ। ਦਰਦ ਦੀਆਂ ਅਜਿਹੀਆਂ ਬਾਤਾਂ ਪਾਉਣ ਵਾਲਾ ਨਗੂਗੀ ਅੱਜ ਕੱਲ੍ਹ ਅਮਰੀਕਾ ਵਿਚ ਰਹਿ ਰਿਹਾ ਹੈ। ‘ਸ਼ਹਾਦਤ’ ਦਾ ਅਨੁਵਾਦ ਦਿੱਲੀ ਵੱਸਦੇ ਦੁਆਬੀਏ ਬਲਬੀਰ ਮਾਧੋਪੁਰੀ ਨੇ ਕੀਤਾ ਹੈ। ਬਲਬੀਰ ਬੁਨਿਆਦੀ ਰੂਪ ਵਿਚ ਸ਼ਾਇਰ ਹੈ, ਪਰ ਉਸ ਨੇ ਆਪਣੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਨਾਲ ਸਾਹਿਤ ਜਗਤ ਵਿਚ ਭਰਪੂਰ ਹਾਜ਼ਰੀ ਲੁਆਈ ਹੈ। ਇਸ ਸਵੈ-ਜੀਵਨੀ ਦੇ ਅੰਸ਼ ‘ਪੰਜਾਬ ਟਾਈਮਜ਼’ ਦੇ ਪਾਠਕ ਗਾਹੇ-ਬਗਾਹੇ ਪੜ੍ਹ ਚੁੱਕੇ ਹਨ। -ਸੰਪਾਦਕ

ਨਗੂਗੀ ਵਾ ਥਿਓਂਗੋ
ਅਨੁਵਾਦ: ਬਲਬੀਰ ਮਾਧੋਪੁਰੀ
ਫੋਨ: 91-93505-48100

ਕੁਝ ਅਣਪਛਾਤੇ ਬਦਮਾਸ਼ਾਂ ਵਲੋਂ ਮਿਸਟਰ ਤੇ ਮਿਸਜ਼ ਗੈਰਸਟੋਨ ਦੀ ਉਨ੍ਹਾਂ ਦੇ ਘਰ ਵਿਚ ਹੀ ਹੱਤਿਆ ਕੀਤੇ ਜਾਣ ਦੀ ਖ਼ਬਰ ਨੇ ਸਨਸਨੀ ਫੈਲਾ ਦਿੱਤੀ ਸੀ। ਚੁਫ਼ੇਰੇ ਇਸ ਹੱਤਿਆ ਦੀ ਚਰਚਾ ਹੋ ਰਹੀ ਸੀ। ਅਖਬਾਰਾਂ ਨੇ ਇਹ ਖਬਰ ਪਹਿਲੇ ਸਫ਼ੇ ਉਤੇ ਛਾਪੀ ਸੀ ਤੇ ‘ਰੇਡੀਓ ਨਿਊਜ਼ਰੀਲ’ ਵਿਚ ਵੀ ਇਸ ਦਾ ਉਚੇਚਾ ਜ਼ਿਕਰ ਸੀ। ਇਸ ਦੀ ਵਜ੍ਹਾ ਸ਼ਾਇਦ ਇਹ ਸੀ ਕਿ ਪੂਰੇ ਦੇਸ਼ ਵਿਚ ਹਿੰਸਾ ਦੀ ਜੋ ਲਹਿਰ ਚੱਲ ਪਈ ਸੀ, ਉਸ ਦੇ ਸ਼ਿਕਾਰ ਹੋਣ ਵਾਲੇ ਇਹ ਪਹਿਲੇ ਯੂਰਪੀ ਬਾਸ਼ਿੰਦੇ ਸਨ। ਇਸ ਹਿੰਸਾ ਪਿਛੇ ਰਾਜਸੀ ਕਾਰਨ ਦੱਸਿਆ ਜਾਂਦਾ ਸੀ। ਤੁਸੀਂ ਭਾਵੇਂ ਕਿਤੇ ਵੀ ਜਾਓ, ਬਾਜ਼ਾਰ ਹੋਵੇ ਜਾਂ ਭਾਰਤੀਆਂ ਦਾ ਇਲਾਕਾ, ਤੇ ਜਾਂ ਫਿਰ ਅਫ਼ਰੀਕੀਆਂ ਦੀ ਦੁਕਾਨ; ਹਰ ਥਾਂ ਕਿਸੇ ਨਾ ਕਿਸੇ ਰੂਪ ਵਿਚ ਇਸੇ ਦੀ ਚਰਚਾ ਹੋ ਰਹੀ ਸੀ। ਜਿੰਨੇ ਮੂੰਹ ਉਨੀਆਂ ਗੱਲਾਂ। ਲੋਕ ਆਪੋ-ਆਪਣੇ ਢੰਗ ਨਾਲ ਘਟਨਾ ਨੂੰ ਪੇਸ਼ ਕਰ ਰਹੇ ਸਨ।
ਇਸ ਘਟਨਾ ਬਾਰੇ ਮਿਸਜ਼ ਹਿਲ ਹੁਰਾਂ ਦੀ ਜਿੰਨੀ ਵੇਰਵੇ ਸਹਿਤ ਗੱਲਬਾਤ ਹੋ ਰਹੀ ਸੀ, ਉਨੀ ਸ਼ਾਇਦ ਹੀ ਕਿਤੇ ਹੋਈ ਹੋਵੇ। ਮਿਸਜ਼ ਹਿਲ ਦਾ ਮਕਾਨ ਸੁੰਨਸਾਨ ਪਹਾੜੀ ਉਤੇ ਸੀ। ਉਹਦਾ ਪਤੀ ਕੀਨੀਆ ਦਾ ਬੜਾ ਪੁਰਾਣਾ ਬਾਸ਼ਿੰਦਾ ਸੀ ਤੇ ਪਿਛਲੇ ਸਾਲ ਜਦੋਂ ਉਹ ਯੁਗਾਂਡਾ ਦਾ ਸਫ਼ਰ ਕਰ ਰਹੇ ਸਨ, ਮਲੇਰੀਏ ਦੀ ਲਪੇਟ ਵਿਚ ਆ ਕੇ ਗੁਜ਼ਰ ਗਏ। ਉਨ੍ਹਾਂ ਦਾ ਇਕ ਪੁੱਤ ਤੇ ਇਕ ਧੀ ਸੀ ਤੇ ਦੋਹਾਂ ਦੀ ਪੜ੍ਹਾਈ ਹੋਮ ਵਿਚ, ਯਾਨਿ ਇੰਗਲੈਂਡ ਵਿਚ ਹੋ ਰਹੀ ਸੀ। ਮਿਸਜ਼ ਹਿਲ ਇਥੇ ਕਾਫ਼ੀ ਦੇਰ ਤੋਂ ਰਹਿ ਰਹੀ ਸੀ। ਉਹਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ ਤੇ ਪੂਰੇ ਦੇਸ਼ ਵਿਚ ਉਨ੍ਹਾਂ ਕੋਲ ਚਾਹ ਦੇ ਬੇਸ਼ੁਮਾਰ ਬਾਗ ਸਨ। ਆਪਣੀ ਇਸ ਜਾਇਦਾਦ ਦੀ ਬਦੌਲਤ ਲੋਕਾਂ ਵਿਚ ਉਨ੍ਹਾਂ ਦੀ ਕਾਫ਼ੀ ਇੱਜ਼ਤ ਸੀ। ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਉਸ ਜੋੜੇ ਨੂੰ ਪਸੰਦ ਨਹੀਂ ਸਨ ਕਰਦੇ।
ਇਸ ਦਾ ਕਾਰਨ ਸੀ, ਮੂਲ ਨਿਵਾਸੀਆਂ, ਯਾਨਿ ਕਾਲਿਆਂ ਪ੍ਰਤੀ ਮਿਸਜ਼ ਹਿਲ ਦਾ ਉਦਾਰਵਾਦੀ ਰਵੱਈਆ। ਹੱਤਿਆ ਵਾਲੀ ਘਟਨਾ ਤੋਂ ਦੋ ਦਿਨ ਬਾਅਦ ਜਦੋਂ ਮਿਸਜ਼ ਇਸਮਾਇਲਸ ਤੇ ਮਿਸਜ਼ ਹਾਰਡੀ ਇਸ ਬਾਰੇ ਚਰਚਾ ਕਰਨ ਲਈ ਮਿਸਜ਼ ਹਿਲ ਦੇ ਘਰ ਪਹੁੰਚੀਆਂ, ਉਨ੍ਹਾਂ ਦੇ ਚਿਹਰਿਆਂ ਉਤੇ ਦੁੱਖ ਦੇ ਨਾਲ-ਨਾਲ ਜਿੱਤ ਦੀ ਝਲਕ ਵੀ ਦਿਸ ਰਹੀ ਸੀ। ਦੁੱਖ ਇਸ ਲਈ ਕਿ ਉਨ੍ਹਾਂ ਦੀ ਨਸਲ ਦੇ ਬੰਦੇ ਦਾ ਕਤਲ ਹੋਇਆ ਸੀ, ਤੇ ਜਿੱਤ ਇਸ ਲਈ ਕਿ ਇਹ ਲਗਾਤਾਰ ਕਹਿੰਦੀਆਂ ਆ ਰਹੀਆਂ ਸਨ ਕਿ ਇਨ੍ਹਾਂ ਕਾਲਿਆਂ ਉਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ ਜੋ ਹੁਣ ਇਸ ਘਟਨਾ ਤੋਂ ਸਾਬਤ ਵੀ ਹੋ ਗਿਆ ਸੀ। ਮਿਸਜ਼ ਹਿਲ ਕਹਿੰਦੀ ਹੈ ਕਿ ਜੇ ਕਾਲਿਆਂ ਨਾਲ ਸਹੀ ਸਲੂਕ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਬੰਦੇ (ਸਭਿਆ) ਬਣਾਇਆ ਜਾ ਸਕਦਾ ਹੈ।
ਮਿਸਜ਼ ਇਸਮਾਇਲਸ ਪਤਲੀ ਅੱਧਖੜ ਉਮਰ ਦੀ ਸੀ ਤੇ ਉਹਦਾ ਤਿੱਖਾ ਨੱਕ ਤੇ ਇਕ-ਦੂਜੇ ਨਾਲ ਜੁੜੇ ਬੁੱਲ੍ਹ ਦੇਖ ਕੇ ਕਿਸੇ ਕੱਟੜ ਧਰਮ ਪ੍ਰਚਾਰਕ ਦੀ ਯਾਦ ਆ ਜਾਂਦੀ ਸੀ। ਉਂਜ ਦੇਖਿਆ ਜਾਵੇ ਤਾਂ ਉਹ ਆਪਣੇ ਵਿਚਾਰਾਂ ਵਿਚ ਸੀ ਵੀ ਕੱਟੜ। ਆਪਣੇ ਬਾਰੇ ਉਹਨੂੰ ਯਕੀਨ ਸੀ ਕਿ ਉਨ੍ਹਾਂ ਵਰਗੇ ਥੋੜ੍ਹੇ ਲੋਕਾਂ ਨੇ ਹੀ ਜੰਗਲੀ ਲੋਕਾਂ ਦੇ ਦੇਸ਼ ਵਿਚ ਸਭਿਅਤਾ ਦੇ ਨਖਲਿਸਤਾਨ ਬਣਾਏ ਹੋਏ ਹਨ। ਆਪਣੀ ਚਾਲ-ਢਾਲ, ਗੱਲ-ਬਾਤ ਤੇ ਕਾਰ-ਵਿਹਾਰ ਸਦਕਾ ਉਹ ਮੂਲ ਨਿਵਾਸੀਆਂ ਨੂੰ ਇਸ ਧਾਰਨਾ ਦਾ ਅਹਿਸਾਸ ਕਰਾਉਂਦੀ ਰਹਿੰਦੀ ਸੀ।
ਮਿਸਜ਼ ਹਾਰਡੀ ਬੋਅਰ ਨਸਲ ਦੀ ਸੀ, ਤੇ ਕਾਫ਼ੀ ਪਹਿਲਾਂ ਦੱਖਣੀ ਅਫ਼ਰੀਕਾ ਤੋਂ ਆ ਕੇ ਇਥੇ ਵਸ ਗਈ ਸੀ। ਕਿਸੇ ਵੀ ਚੀਜ਼ ਬਾਰੇ ਉਸ ਦੀ ਆਪਣੀ ਕੋਈ ਰਾਇ ਨਹੀਂ ਸੀ ਹੁੰਦੀ; ਬੇਸ਼ੱਕ, ਹਰ ਉਸ ਰਾਇ ਨਾਲ ਉਹ ਸਹਿਮਤੀ ਕਰਦੀ ਸੀ ਜੋ ਉਸ ਦੇ ਪਤੀ ਤੇ ਉਨ੍ਹਾਂ ਦੀ ਨਸਲ ਦੇ ਨਜ਼ਰੀਏ ਤੋਂ ਮੇਲ ਖਾਂਦੀ ਹੋਵੇ। ਅੱਜ ਦੀ ਹੀ ਮਿਸਾਲ ਲਵੋ, ਮਿਸਜ਼ ਇਸਮਾਇਲਸ ਦੀ ਹਰ ਗੱਲ ਨਾਲ ਉਹ ਇਤਫਾਕ ਕਰ ਰਹੀ ਸੀ। ਮਿਸਜ਼ ਹਿਲ ਉਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਆਪਣੀ ਰਾਇ ਉਤੇ ਪੂਰੀ ਤਰ੍ਹਾਂ ਅੜੀ ਹੋਈ ਸੀ ਕਿ ਕਾਲੇ ਲੋਕ ਬੜੇ ਵਫ਼ਾਦਾਰ ਹੁੰਦੇ ਹਨ, ਲੋੜ ਹੈ ਤਾਂ ਬੱਸ ਇਹ ਕਿ ਉਨ੍ਹਾਂ ਨਾਲ ਸਹੀ ਸਲੂਕ ਕੀਤਾ ਜਾਏ। ਉਹ ਕਹਿੰਦੀ ਹੁੰਦੀ ਸੀ-‘ਬੱਸ ਹੋਰ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ, ਉਨ੍ਹਾਂ ਨਾਲ ਪਿਆਰ ਨਾਲ ਰਹੋ ਤਾਂ ਉਹ ਵੀ ਪਿਆਰ ਨਾਲ ਰਹਿਣਗੇ। ਹੁਣ ਮੇਰੇ ਹੀ ਮੁੰਡਿਆਂ ਨੂੰ ਦੇਖੋ, ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ। ਮੈਂ ਉਨ੍ਹਾਂ ਨੂੰ ਕੁਝ ਵੀ ਕਹਿ ਦਿਆਂ, ਉਹ ਨਾਂਹ ਨਹੀਂ ਕਰਦੇ।’ ਇਹੀ ਉਸ ਦੀ ਫਿਲਾਸਫੀ ਸੀ ਤੇ ਇਸ ਨੂੰ ਮੰਨਣ ਵਾਲੇ ਉਦਾਰ ਤੇ ਪ੍ਰਗਤੀਸ਼ੀਲ ਕਿਸਮ ਦੇ ਕੁਝ ਗੋਰੇ ਵੀ ਸਨ। ਮਿਸਜ਼ ਹਿਲ ਨੇ ਆਪਣੇ ਮੁੰਡਿਆਂ ਲਈ ਉਦਾਰਵਾਦੀ ਕਿਸਮ ਦੇ ਕੁਝ ਕੰਮ ਵੀ ਕੀਤੇ ਸਨ। ਉਸ ਨੇ ਇਨ੍ਹਾਂ ਲਈ ਨਾ ਸਿਰਫ਼ ਇੱਟਾਂ-ਗਾਰੇ (ਹਾਂ, ਇੱਟਾਂ-ਗਾਰੇ) ਦੇ ਕੁਆਰਟਰ ਬਣਾਏ ਸਨ, ਸਗੋਂ ਇਨ੍ਹਾਂ ਦੇ ਬੱਚਿਆਂ ਲਈ ਸਕੂਲ ਵੀ ਖੋਲ੍ਹਿਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਹੁਣ ਸਕੂਲ ਵਿਚ ਮਾਸਟਰ ਹੀ ਨਹੀਂ ਸਨ, ਜਾਂ ਬੱਚੇ ਅੱਧਾ ਦਿਨ ਸਕੂਲ ਵਿਚ ਤੇ ਅੱਧਾ ਦਿਨ ਚਾਹ ਦੇ ਬਾਗਾਂ ਵਿਚ ਵਗਾਰ ਕਰ ਕੇ ਬਿਤਾ ਰਹੇ ਸਨ, ਪਰ ਇਥੇ ਵਸੇ ਬਾਕੀ ਗੋਰਿਆਂ ਨੇ ਤਾਂ ਇਨਾ ਵੀ ਕਰਨ ਦੀ ਹਿੰਮਤ ਨਹੀਂ ਸੀ ਕੀਤੀ।
“ਜੋ ਵੀ ਹੋਇਆ, ਬੇਹੱਦ ਭਿਆਨਕ ਹੈ। ਬੇਹੱਦ ਭਿਆਨਕ,” ਮਿਸਜ਼ ਇਸਮਾਇਲਸ ਨੇ ਆਪਣਾ ਵਿਚਾਰ ਪੇਸ਼ ਕੀਤਾ। ਮਿਸਜ਼ ਹਾਰਡੀ ਨੇ ਹਾਂ ਵਿਚ ਹਾਂ ਮਿਲਾਈ। ਮਿਸਜ਼ ਹਿਲ ਖਾਮੋਸ਼ ਰਹੀ। “ਆਖਿਰ ਉਹ ਇੰਜ ਕਿਉਂ ਕਰਦੇ ਨੇ? ਅਸੀਂ ਉਨ੍ਹਾਂ ਨੂੰ ਬੰਦੇ (ਸੱਭਿਆ) ਬਣਾਇਆ, ਉਨ੍ਹਾਂ ਨੂੰ ਗੁਲਾਮੀ ਤੋਂ ਛੁਟਕਾਰਾ ਦਿਵਾਇਆ, ਉਨ੍ਹਾਂ ਦੇ ਕਬੀਲਿਆਂ ਵਿਚ ਨਿੱਤ ਹੁੰਦਾ ਵੱਢ-ਵਢਾਂਗਾ ਖਤਮ ਕਰਵਾਇਆæææਸਾਡੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਨਰਕ ਸੀ, ਬਿਲਕੁਲ ਜੰਗਲੀ।” ਮਿਸਜ਼ ਇਸਮਾਇਲਸ ਇਕ-ਇਕ ਸ਼ਬਦ ਨੂੰ ਚਿੱਥ-ਚੱਬ ਕੇ ਬੋਲ ਰਹੀ ਸੀ। ਫਿਰ ਉਸ ਨੇ ਗਰਦਨ ਹਿਲਾਉਂਦਿਆਂ ਫੈਸਲਾ ਸੁਣਾਇਆ, “ਮੈਂ ਤਾਂ ਹਮੇਸ਼ਾ ਕਿਹਾ ਹੈ ਕਿ ਇਹ ਕਦੇ ਵੀ ਬੰਦੇ ਨਹੀਂ ਬਣ ਸਕਦੇ, ਕਦੀ ਵੀ ਨਹੀਂ।”
“ਸਾਨੂੰ ਥੋੜ੍ਹਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ।” ਮਿਸਜ਼ ਹਿਲ ਨੇ ਹੌਲੀ ਦੇਣੀ ਕਿਹਾ।
“ਸਬਰ? ਸਬਰ!æææਕਦੋਂ ਤੱਕ ਇਹ ਸਬਰ ਦਿਖਾਉਂਦੇ ਰਹਾਂਗੇ? ਗੈਰਸਟੋਨ ਜੋੜੇ ਤੋਂ ਵੱਧ ਕੌਣ ਸਹਿਣਸ਼ੀਲ ਤੇ ਸਬਰ ਦਿਖਾਉਣ ਵਾਲਾ ਹੋਵੇਗਾ? ਉਨ੍ਹਾਂ ਤੋਂ ਵੱਧ ਦਿਆਲੂ ਕੌਣ ਸੀ? ਜ਼ਰਾ ਸੋਚੋ, ਉਨ੍ਹਾਂ ਲੋਕਾਂ ਨੇ ਆਪਣੇ ਆਲੇ-ਦੁਆਲੇ ਬਹੁਤ ਸਾਰਿਆਂ ਨੂੰ ਵਸਾਇਆ ਹੋਇਆ ਸੀ, ਜ਼ਰੂਰੀ ਨਹੀਂ ਉਨ੍ਹਾਂ ਸਾਰਿਆਂ ਨੇæææ।”
“ਨਹੀਂ, ਉਨ੍ਹਾਂ ਨੇ ਇਹ ਕਾਰਾ ਨਹੀਂ ਕੀਤਾ ਹੋਵੇਗਾ।” ਮਿਸਜ਼ ਹਿਲ ਨੇ ਆਖਿਆ।
“ਫਿਰ ਕਿਸ ਨੇ ਕੀਤਾ? ਕਿਸ ਨੇ ਕੀਤਾ?”
“ਉਨ੍ਹਾਂ ਸਾਰਿਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ।” ਮਿਸਜ਼ ਹਾਰਡੀ ਨੇ ਸੁਝਾਅ ਦਿੱਤਾ। ਉਸ ਦੀ ਆਵਾਜ਼ ਵਿਚ ਸਖਤੀ ਸੀ।
“ਤੇ ਜ਼ਰਾ ਸੋਚੋæææਉਨ੍ਹਾਂ ਵਿਚਾਰਿਆਂ ਨੂੰ ਘਰ ਦੇ ਨੌਕਰ ਨੇ ਆਵਾਜ਼ ਦੇ ਕੇ ਜਗਾਇਆ ਸੀ।”
“ਸੱਚ?”
“ਬਿਲਕੁਲ। ਘਰ ਦੇ ਨੌਕਰ ਨੇ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਉਹ ਛੇਤੀ ਨਾਲ ਦਰਵਾਜ਼ਾ ਖੋਲ੍ਹਣ। ਕਿਹਾ ਕਿ ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਹਨæææ।”
“ਹੋ ਸਕਦਾ ਹੈ ਕਿ ਕੁਝ ਲੋਕæææ।”
“ਨਹੀਂ ਜੀ, ਇਹ ਤਾਂ ਬੱਸ ਸਾਜ਼ਿਸ਼ ਸੀ। ਬਹੁਤ ਵੱਡੀ ਚਾਲ ਸੀ। ਜਿਉਂ ਹੀ ਦਰਵਾਜ਼ਾ ਖੁੱਲ੍ਹਿਆ, ਬਦਮਾਸ਼ਾਂ ਦੇ ਗਰੋਹ ਨੇ ਅੰਦਰ ਵੜ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸਾਰਾ ਕੁਝ ਤਾਂ ਛਪਿਆ ਹੈ ਅਖਬਾਰਾਂ ਵਿਚ।”
ਮਿਸਜ਼ ਹਿਲ ਖਾਮੋਸ਼ ਤੇ ਖਾਲੀ ਜਿਹੀਆਂ ਨਜ਼ਰਾਂ ਨਾਲ ਖਲਾਅ ਵਿਚ ਤੱਕਦੀ ਰਹੀ। ਉਸ ਨੇ ਅਖਬਾਰ ਵੀ ਚੰਗੀ ਤਰ੍ਹਾਂ ਨਹੀਂ ਸੀ ਪੜ੍ਹੀ।
ਚਾਹ ਦਾ ਵਕਤ ਹੋ ਗਿਆ ਸੀ। ਮਿਸਜ਼ ਹਿਲ ਉਠੀ ਤੇ ਬੂਹੇ ਤੱਕ ਜਾ ਕੇ ਬੜੀ ਮੱਠੀ ਜਿਹੀ ਆਵਾਜ਼ ਵਿਚ ਕਿਹਾ, “ਨਜੋਰੋਗ! ਂਨਜੋਰੋਗ!”
ਨਜੋਰੋਗ ਉਨ੍ਹਾਂ ਦਾ ਨੌਕਰ ਸੀ। ਲੰਮੇ-ਚੌੜੇ ਕੱਦ-ਕਾਠ ਵਾਲਾ ਜਵਾਨ। ਪਿਛਲੇ ਦਸਾਂ ਸਾਲਾਂ ਤੋਂ ਵੀ ਵਧ ਸਮੇਂ ਤੋਂ ਉਹ ਹਿਲ ਜੋੜੇ ਕੋਲ ਨੌਕਰੀ ਕਰ ਰਿਹਾ ਸੀ। ਉਹ ਅਕਸਰ ਹਰੇ ਰੰਗ ਦੀ ਪੈਂਟ ਪਹਿਨਦਾ ਹੁੰਦਾ ਸੀ ਤੇ ਲਾਲ ਰੰਗ ਦਾ ਕਮਰਕੱਸਾ ਵੀ ਬੰਨ੍ਹਦਾ ਹੁੰਦਾ ਸੀ। ਆਵਾਜ਼ ਸੁਣ ਕੇ ਉਹ ਦੌੜਿਆ-ਦੌੜਿਆ ਬੂਹੇ ਤੱਕ ਆਇਆ, “ਯੈਸ ਮੇਮ ਸਾਹਿਬ।”
“ਚਾਹ।” ਮੇਮ ਸਾਹਿਬ ਨੇ ਹੁਕਮ ਦਿੱਤਾ।
“ਯੈਸ ਮੇਮ ਸਾਹਿਬ,” ਤੇ ਉਹ ਫੁਰਤੀ ਨਾਲ ਦੂਜੀਆਂ ਮੇਮਾਂ ਉਤੇ ਨਿਗ੍ਹਾ ਮਾਰਦਾ ਚਾਹ ਲਿਆਉਣ ਚਲਾ ਗਿਆ। ਨਜੋਰੋਗ ਦੇ ਆਉਣ ਨਾਲ ਗੱਲਬਾਤ ਦੀ ਜੋ ਲੜੀ ਟੁੱਟ ਗਈ ਸੀ, ਫਿਰ ਸ਼ੁਰੂ ਹੋ ਗਈ ਸੀ।
“ਦੇਖਣ ਨੂੰ ਕਿੰਨੇ ਭੋਲੇ-ਭਾਲੇ ਲਗਦੇ ਨੇ,” ਮਿਸਜ਼ ਹਾਰਡੀ ਨੇ ਟਿੱਪਣੀ ਕੀਤੀ।
“ਬਿਲਕੁਲ ਠੀਕ! ਐਨ ਮਾਸੂਮ ਫੁੱਲ ਵਾਂਗ ਜਿਨ੍ਹਾਂ ਦੇ ਅੰਦਰ ਸੱਪ ਲੁਕਿਆ ਹੁੰਦਾ ਹੈ।” ਮਿਸਜ਼ ਇਸਮਾਇਲਸ ਨੇ ਸ਼ੈਕਸਪੀਅਰ ਦੀ ਸਤਰ ਦੁਹਰਾਉਂਦਿਆਂ ਆਪਣਾ ਸਾਹਿਤ-ਗਿਆਨ ਪੇਸ਼ ਕੀਤਾ।
“ਪਿਛਲੇ ਦਸਾਂ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਸਾਡੇ ਨਾਲ ਹੈ। ਬਹੁਤ ਵਫਾਦਾਰ ਹੈ। ਮੈਨੂੰ ਬਹੁਤ ਪਸੰਦ ਕਰਦਾ ਹੈ।” ਮਿਸਜ਼ ਹਿਲ ਨੇ ਉਸ ਦੀ ਤਰਫ਼ਦਾਰੀ ਕੀਤੀ।
“ਜੋ ਵੀ ਹੋਵੇ, ਮੈਂ ਉਹਨੂੰ ਪਸੰਦ ਨਹੀਂ ਕਰਦੀ। ਮੈਨੂੰ ਉਹਦੀ ਸ਼ਕਲ ਨਾਲ ਵੀ ਨਫ਼ਰਤ ਹੈ।”
“ਮੈਂ ਵੀ ਪਸੰਦ ਨਹੀਂ ਕਰਦੀ।”
ਚਾਹ ਆ ਗਈ ਸੀ। ਚਾਹ ਦੇ ਘੁੱਟ ਭਰਦਿਆਂ ਇਸ ਹੱਤਿਆ ਕਾਂਡ ਬਾਰੇ ਸਰਕਾਰ ਦੀ ਨੀਤੀ ਉਤੇ ਤੇ ਉਨ੍ਹਾਂ ਰਾਜਨੀਤਕ ਦੰਭੀਆਂ ਬਾਰੇ ਗੱਲਬਾਤ ਹੁੰਦੀ ਰਹੀ ਜੋ ਇਸ ਖੂਬਸੂਰਤ ਦੇਸ਼ ਨੂੰ ਨਰਕ ਬਣਾਉਣ ‘ਤੇ ਤੁਲੇ ਹੋਏ ਸਨ; ਪਰ ਮਿਸਜ਼ ਹਿਲ ਆਪਣੇ ਅਸੂਲਾਂ ਉਤੇ ਪਹਿਰਾ ਦਿੰਦੀ ਰਹੀ ਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਰਾਜਸੀ ਬੰਦੇ ਜੋ ਬ੍ਰਿਟੇਨ ਵਿਚ ਕੁਝ ਦਿਨ ਰਹਿ ਕੇ ਆਪਣੇ ਆਪ ਨੂੰ ਬਹੁਤ ਪੜ੍ਹੇ-ਲਿਖੇ ਸਮਝਣ ਲੱਗ ਪਏ ਹਨ, ਦਰਅਸਲ ਇਥੋਂ ਦੇ ਮੂਲ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਉਕਾ ਨਹੀਂ ਸਮਝਦੇ। ਤੁਸੀਂ ਉਨ੍ਹਾਂ ਨੂੰ ਪਿਆਰ ਦੇਵੋ ਤੇ ਇਹ ਮੁੰਡੇ ਤੁਹਾਨੂੰ ਪਿਆਰ ਦੇਣ ਲੱਗ ਪੈਣਗੇ।
ਬਾਵਜੂਦ ਇਸ ਦੇ, ਮਿਸਜ਼ ਇਸਮਾਇਲਸ ਤੇ ਮਿਸਜ਼ ਹਾਰਡੀ ਦੇ ਜਾਣ ਤੋਂ ਬਾਅਦ ਉਹ ਕਾਫ਼ੀ ਦੇਰ ਤੱਕ ਸਾਰੀ ਗੱਲਬਾਤ ਅਤੇ ਹੱਤਿਆ ਕਾਂਡ ਬਾਰੇ ਸੋਚਦੀ ਰਹੀ। ਉਹਨੂੰ ਬੇਚੈਨੀ ਮਹਿਸੂਸ ਹੋਣ ਲੱਗ ਪਈ ਤੇ ਪਹਿਲੀ ਵਾਰ ਉਸ ਨੇ ਗੌਰ ਕੀਤਾ ਕਿ ਉਹ ਆਬਾਦੀ ਤੋਂ ਕਿੰਨੀ ਦੂਰ ਰਹਿ ਰਹੀ ਹੈ; ਇੰਨੀ ਦੂਰ ਕਿ ਕੋਈ ਹਮਲਾ ਕਰੇ ਤਾਂ ਉਹ ਕਿਸੇ ਦੀ ਮਦਦ ਨਹੀਂ ਲੈ ਸਕਦੀ। ਇਹ ਸੋਚ ਕੇ ਮਨ ਨੂੰ ਤਸੱਲੀ ਹੋਈ ਕਿ ਉਹਦੇ ਕੋਲ ਪਿਸਤੌਲ ਹੈ।
ਰਾਤ ਦੇ ਖਾਣੇ ਤੋਂ ਬਾਅਦ ਨਜੋਰੋਗ ਦੀ ਡਿਊਟੀ ਖਤਮ ਹੋ ਗਈ। ਹੁਣ ਉਹ ਆਪਣੇ ਕੁਆਰਟਰ ਵਿਚ ਜਾ ਕੇ ਆਰਾਮ ਕਰੇਗਾ। ਰੌਸ਼ਨੀ ਵਿਚ ਚਮਕਾਂ ਮਾਰਦੇ ਮਕਾਨ ਤੋਂ ਨਿਕਲ ਕੇ ਹਨ੍ਹੇਰੇ ਦੀ ਚਾਦਰ ਚੀਰਦਿਆਂ ਉਹ ਆਪਣੇ ਕੁਆਰਟਰ ਵੱਲ ਤੁਰ ਪਿਆ। ਉਹਦਾ ਕੁਆਰਟਰ ਪਹਾੜੀ ਤੋਂ ਥੋੜ੍ਹਾ ਹੇਠਾਂ ਵਾਲੀ ਢਲਾਣ ਉਤੇ ਸੀ। ਉਹਨੇ ਮੂੰਹ ਨਾਲ ਸੀਟੀ ਵਜਾ ਕੇ ਰਾਤ ਦੀ ਖਾਮੋਸ਼ੀ ਅਤੇ ਇਕੱਲਤਾ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਅਚਾਨਕ ਉਹਨੂੰ ਉਲੂ ਦੀ ਚੀਕ ਸੁਣੀ।
ਉਹ ਰੁਕ ਗਿਆ ਤੇ ਆਲੇ-ਦੁਆਲੇ ਦੇਖਣ ਲੱਗ ਪਿਆ। ਹੇਠਾਂ ਘੁੱਪ ਹਨ੍ਹੇਰਾ ਸੀ। ਪਿਛੇ ਮੇਮ ਸਾਹਿਬ ਦਾ ਸ਼ਾਨਦਾਰ ਬੰਗਲਾ ਰੌਸ਼ਨੀ ਵਿਚ ਡੁੱਬਿਆ ਦਿਖਾਈ ਦੇ ਰਿਹਾ ਸੀ। ਅਜੀਬ ਕਿਸਮ ਦੇ ਗੁੱਸੇ ਨਾਲ ਦਹਿਕਦੀਆਂ ਉਸ ਦੀਆਂ ਅੱਖਾਂ ਬੰਗਲੇ ਉਤੇ ਟਿਕੀਆਂ ਹੋਈਆਂ ਸਨ। ਅਚਾਨਕ ਉਹਨੂੰ ਲੱਗਿਆ ਜਿਵੇਂ ਉਹ ਬੁੱਢਾ ਹੋ ਗਿਆ ਹੋਵੇ।
‘ਓਹ, ਤੂੰæææਤੂੰæææਮੈਂ ਇੰਨੇ ਚਿਰਾਂ ਤੋਂ ਤੇਰੇ ਨਾਲ ਹਾਂ, ਤੇ ਤੂੰ ਮੇਰੀ ਇਹ ਹਾਲਤ ਕਰ ਦਿੱਤੀ। ਮੇਰੇ ਆਪਣੇ ਹੀ ਦੇਸ਼ ਵਿਚ। ਬਦਲੇ ਵਿਚ ਮੈਨੂੰ ਤੈਥੋਂ ਕੀ ਮਿਲਿਆ?’ ਨਜੋਰੋਗ ਦੀ ਇੱਛਾ ਹੋਈ ਕਿ ਉਹ ਜ਼ੋਰ-ਜ਼ੋਰ ਨਾਲ ਇਸ ਬੰਗਲੇ ਤੋਂ ਇਹ ਸਭ, ਤੇ ਪਤਾ ਨਹੀਂ ਹੋਰ ਕੀ-ਕੀ ਪੁੱਛੇ ਜੋ ਸਾਲਾਂ ਤੋਂ ਉਸ ਨੇ ਆਪਣੇ ਦਿਲ ਵਿਚ ਜਮ੍ਹਾਂ ਕੀਤਾ ਹੋਇਆ ਹੈ, ਪਰ ਇਸ ਬੰਗਲੇ ਤੋਂ ਕੋਈ ਜਵਾਬ ਤਾਂ ਮਿਲੇਗਾ ਨਹੀਂ! ਉਸ ਨੇ ਆਪਣੀ ਬੇਵਕੂਫ਼ੀ ਮਹਿਸੂਸ ਕੀਤੀ ਤੇ ਅੱਗੇ ਵਧ ਗਿਆ।
ਉਲੂ ਦੀ ਚੀਕ ਫਿਰ ਸੁਣਾਈ ਦਿੱਤੀ, ਦੂਜੀ ਵਾਰ।
‘ਮੇਮ ਸਾਹਿਬ ਲਈ ਚਿਤਾਵਨੀ’। ਨਜੋਰੋਗ ਨੇ ਸੋਚਿਆ। ਇਕ ਵਾਰ ਫਿਰ ਉਸ ਦੀ ਰੂਹ ਗੁੱਸੇ ਨਾਲ ਚੀਕ ਉਠੀ, ਸਾਰੇ ਗੋਰੀ ਚਮੜੀ ਵਾਲਿਆਂ ਵਿਰੁਧ, ਸਾਰੇ ਵਿਦੇਸ਼ੀਆਂ ਖਿਲਾਫ਼ ਜਿਨ੍ਹਾਂ ਨੇ ਈਸ਼ਵਰ ਤੋਂ ਪ੍ਰਾਪਤ ਭੂਮੀ ਤੋਂ ਉਸ ਵਰਗੇ ਧਰਤ ਪੁੱਤਰਾਂ ਨੂੰ ਬੇਦਖ਼ਲ ਕਰ ਦਿੱਤਾ ਹੈ। ਆਖਰ ਰੱਬ ਨੇ ਗੇਕੋਯੋ ਤੋਂ ਇਹੋ ਤਾਂ ਵਚਨ ਲਿਆ ਸੀ ਕਿ ਸਾਰੀ ਜ਼ਮੀਨ ਕਬੀਲੇ ਦੇ ਪਿਤਾਮਾ ਨੂੰ ਮਿਲੇਗੀ। ਫਿਰ ਹੋਇਆ ਕੀ? ਕਿਉਂ ਸਾਡੀ ਜ਼ਮੀਨ ਖੋਹ ਲਈ ਗਈ?
ਉਹਨੇ ਆਪਣੇ ਪਿਤਾ ਨੂੰ ਯਾਦ ਕੀਤਾ, ਅਕਸਰ ਗੁੱਸੇ ਤੇ ਨਫ਼ਰਤ ਦੇ ਪਲਾਂ ਵਿਚ ਉਹ ਪਿਤਾ ਨੂੰ ਯਾਦ ਕਰਦਾ ਹੈ। ਉਨ੍ਹਾਂ ਦੀ ਮੌਤ ਇਕ ਸੰਘਰਸ਼ ਦੇ ਦੌਰਾਨ ਹੋਈ ਸੀ। ਇਹ ਸੰਘਰਸ਼ ਸੀ ਟੁੱਟੇ-ਭੱਜੇ ਸਥਾਨਾਂ ਨੂੰ ਫਿਰ ਬਣਾਉਣ ਦਾ। ਇਹ ਸੀ ਚਰਚਿਤ ਨੈਰੋਬੀ ਹੱਤਿਆ ਕਾਂਡ ਜਦੋਂ ਪੁਲਿਸ ਨੇ ਉਨ੍ਹਾਂ ਲੋਕਾਂ ‘ਤੇ ਗੋਲੀ ਚਲਾਈ ਸੀ ਜੋ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਦੀ ਗੋਲੀ ਨੇ ਪਿਤਾ ਦੀ ਜਾਨ ਲੈ ਲਈ। ਉਦੋਂ ਤੋਂ ਨਜੋਰੋਗ ਨੂੰ ਆਪਣੀ ਰੋਟੀ ਰੋਜ਼ੀ ਲਈ ਪਤਾ ਨਹੀਂ ਕਿੰਨਾ ਭਟਕਣਾ ਪਿਆ। ਕਦੀ ਗੋਰਿਆਂ ਦੇ ਫਾਰਮ ਉਤੇ, ਕਦੀ ਕਿਤੇ ਨੌਕਰੀ ਤੇ ਕਦੀ ਕਿਤੇ। ਇਸ ਸਿਲਸਿਲੇ ਵਿਚ ਵੱਖ-ਵੱਖ ਲੋਕਾਂ ਨਾਲ ਵਾਸਤਾ ਪਿਆ। ਕੋਈ ਬਹੁਤ ਦੁਸ਼ਟ ਸੀ ਤੇ ਕੋਈ ਬੇਹੱਦ ਸ਼ਰੀਫ਼, ਪਰ ਰੋਹਬ ਮਾਰਨ ਲਈ ਸਾਰੇ ਬਹੁਤ ਤੇਜ਼ ਸਨ। ਜਿਨ੍ਹਾਂ ਨੂੰ ਜਿੰਨਾ ਵਾਜਬ ਮਹਿਸੂਸ ਹੁੰਦਾ, ਤਨਖਾਹ ਦੇ ਦਿੰਦੇ ਸਨ। ਫਿਰ ਇਕ ਦਿਨ ਹਿਲਜ਼ ਪਰਿਵਾਰ ਕੋਲ ਨੌਕਰੀ ਕਰਨ ਲੱਗਾ। ਇਥੇ ਆਉਣ ਦਾ ਵੀ ਅਜੀਬ ਸਬੱਬ ਸੀ। ਹਿਲਜ਼ ਪਰਿਵਾਰ ਕੋਲ ਜੋ ਜ਼ਮੀਨ ਸੀ, ਉਸ ਦਾ ਬਹੁਤ ਵੱਡਾ ਹਿੱਸਾ ਉਥੇ ਸੀ ਜਿਸ ਨੂੰ ਦਿਖਾ ਕੇ ਉਸ ਦੇ ਪਿਤਾ ਦੱਸਦੇ ਹੁੰਦੇ ਸਨ ਕਿ ਇਹ ਜ਼ਮੀਨ ਉਸ ਦੇ ਪਰਿਵਾਰ ਦੀ ਹੈ। ਫਿਰ ਕਾਲ ਪੈ ਗਿਆ ਸੀ ਤੇ ਨਜੋਰੋਗ ਨੂੰ ਆਪਣੇ ਘਰ ਵਾਲਿਆਂ ਨਾਲ ਕੁਝ ਦਿਨਾਂ ਲਈ ਮੁਰਾਂਗਾ ਜਾ ਕੇ ਰਹਿਣਾ ਪਿਆ ਸੀ। ਕਾਲ ਖਤਮ ਹੋਣ ‘ਤੇ ਹੀ ਉਹ ਪਰਤੇ ਸਨ, ਤੇ ਇਸ ਦੌਰਾਨ ਉਸ ਦੀ ਸਾਰੀ ਜ਼ਮੀਨ ਉਤੇ ਹਿਲਜ਼ ਪਰਿਵਾਰ ਦਾ ਕਬਜ਼ਾ ਹੋ ਚੁੱਕਾ ਸੀ।
“ਉਸ ਅੰਜੀਰ ਦੇ ਰੁੱਖ ਨੂੰ ਦੇਖ ਰਹ ਹੋ ਨਾæææਉਹ ਸਾਰੀ ਜ਼ਮੀਨ ਤੁਹਾਡੀ ਹੈ। ਘਬਰਾਉਣਾ ਨਹੀਂ ਪੁੱਤ, ਗੋਰਿਆਂ ਦੇ ਜਾਣ ਤੋਂ ਬਾਅਦ ਇਹ ਆਪਣੀ ਜ਼ਮੀਨ ਲੈ ਲਵਾਂਗੇ।” ਉਹਦੇ ਪਿਤਾ ਅਕਸਰ ਤਸੱਲੀ ਦਿੰਦੇ।
ਉਨ੍ਹੀਂ ਦਿਨੀਂ ਉਹ ਛੋਟਾ ਸੀ। ਪਿਤਾ ਦੀ ਮੌਤ ਤੋਂ ਬਾਅਦ ਇਹ ਗੱਲਾਂ ਦਿਮਾਗ ਵਿਚੋਂ ਵਿਸਰ ਗਈਆਂ ਸਨ। ਅੱਜ ਇਸ ਰੁੱਖ ਕੋਲ ਖੜ੍ਹੇ ਹੋਣ ‘ਤੇ ਸਹਿਵਨ ਹੀ ਸਭ ਕੁਝ ਯਾਦ ਆ ਗਿਆ।
ਨਜੋਰੋਗ ਨੇ ਮਿਸਜ਼ ਹਿਲ ਨੂੰ ਕਦੇ ਪਸੰਦ ਨਾ ਕੀਤਾ। ਦਰਅਸਲ, ਉਹ ਮਨ ਹੀ ਮਨ ਇਹ ਸੋਚ ਕੇ ਖੁਸ਼ ਹੁੰਦੀ ਰਹਿੰਦੀ ਸੀ ਕਿ ਉਸ ਨੇ ਮਜ਼ਦੂਰਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਇਸ ਗੱਲ ਤੋਂ ਨਜੋਰੋਗ ਖਿਝਦਾ ਰਹਿੰਦਾ ਸੀ, ਪਰ ਉਸ ਨੂੰ ਹਮੇਸ਼ਾ ਆਪਣੇ ਹਾਲਾਤ ਦਾ ਅਹਿਸਾਸ ਰਹਿੰਦਾ। ਮਿਸਜ਼ ਹਿਲ ਦੀ ਉਦਾਰਤਾ ਤਾਂ ਸੱਚਮੁਚ ਦਮ-ਘੋਟੂ ਕਿਸਮ ਦੀ ਸੀ। ਨਜੋਰੋਗ ਨੂੰ ਸਾਰੇ ਗੋਰੇ ਬਾਸ਼ਿੰਦਿਆਂ ਨਾਲ ਨਫਰਤ ਸੀ। ਇਨ੍ਹਾਂ ਦੇ ਦੰਭ-ਪਾਖੰਡ ਤੇ ਸਵੈ-ਸੰਤੋਖ ਨਾਲ ਤਾਂ ਉਸ ਨੂੰ ਹੋਰ ਵੀ ਚਿੜ ਸੀ। ਮਿਸਜ਼ ਹਿਲ ਵੀ ਹੋਰਾਂ ਵਾਂਗ ਹੀ ਸੀ ਪਰ ਆਪਣੀ ਮਾਂ-ਮਮਤਾ ਕਾਰਨ ਉਹ ਖੁਦ ਨੂੰ ਦੂਜਿਆਂ ਨਾਲੋਂ ਚੰਗਾ ਸਮਝਦੀ ਸੀ। ਅਸਲ ਵਿਚ, ਉਹ ਦੂਜਿਆਂ ਨਾਲੋਂ ਬਦਤਰ ਸੀ ਕਿਉਂਕਿ ਉਸ ਦੇ ਕੋਲ ਹੋਣ ‘ਤੇ ਤੁਸੀਂ ਸਮਝ ਹੀ ਨਹੀਂ ਸਕਦੇ ਸੀ ਕਿ ਆਪਣੀ ਅਸਲੀ ਹੈਸੀਅਤ ਹੈ ਕੀ!
ਅਚਾਨਕ ਨਜੋਰੋਗ ਉਚੀ ਦੇਣੀ ਬੋਲਿਆ, “ਮੈਂ ਤੁਹਾਨੂੰ ਸਾਰਿਆਂ ਨੂੰ ਨਫ਼ਰਤ ਕਰਦਾ ਹਾਂ।” ਫਿਰ ਉਹਨੂੰ ਹਲਕੀ ਜਿਹੀ ਤਸੱਲੀ ਹੋਈ। ਅੱਜ ਦੀ ਰਾਤ ਮਿਸਜ਼ ਹਿਲ ਨੂੰ ਮਾਰਨਾ ਹੀ ਪਵੇਗਾ। ਉਹਨੂੰ ਆਪਣੇ ਉਦਾਰ ਅਕਸ ਅਤੇ ਆਪਣੀ ਨਸਲ ਵਾਲਿਆਂ ਦੇ ਪਾਪ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ। ਇਸ ਨਾਲ ਘੱਟੋ-ਘੱਟ ਇਸ ਦੇਸ਼ ਵਿਚੋਂ ਇਕ ਗੋਰਾ ਤਾਂ ਘਟੇਗਾ।
ਉਹ ਆਪਣੇ ਕਮਰੇ ਵਿਚ ਪਹੁੰਚ ਗਿਆ। ਗੁਆਂਢੀਆਂ ਦੇ ਕਮਰੇ ਬੰਦ ਹੋ ਚੁੱਕੇ ਸਨ। ਕਈਆਂ ਦੇ ਕਮਰੇ ਵਿਚ ਤਾਂ ਬੱਤੀ ਵੀ ਬੁਝ ਚੁੱਕੀ ਸੀ। ਜਾਂ ਤਾਂ ਸਾਰੇ ਸੌਂ ਗਏ ਸਨ, ਜਾਂ ਦਾਰੂ ਪੀਣ ਲਈ ਠੇਕੇ ‘ਤੇ ਪਹੁੰਚੇ ਹੋਏ ਸਨ। ਉਹਨੇ ਲਾਲਟੈਣ ਜਗਾਈ ਤੇ ਬਿਸਤਰੇ ‘ਤੇ ਬੈਠ ਗਿਆ। ਉਹਦਾ ਕਮਰਾ ਇਨਾ ਛੋਟਾ ਸੀ ਕਿ ਬਿਸਤਰੇ ਉਤੇ ਬਹਿ ਕੇ ਕੋਈ ਬਾਂਹ ਫੈਲਾਏ ਤਾਂ ਹਰ ਕੋਨੇ ਨੂੰ ਛੂਹ ਲਵੇ, ਫਿਰ ਵੀ ਉਹਨੂੰ ਆਪਣੀਆਂ ਦੋ ਤੀਵੀਆਂ ਨਾਲ ਇਸ ਕੋਠੜੀ ਵਿਚ, ਹਾਂ ਜੀ, ਇਸ ਕੋਠੜੀ ਵਿਚ ਰਹਿਣਾ ਪੈਂਦਾ ਹੈ। ਅਸਲੀਅਤ ਇਹ ਹੈ ਕਿ ਇਸ ਹਾਲਤ ਵਿਚ ਉਸ ਨੇ ਪੰਜ ਸਾਲ ਤੋਂ ਵੱਧ ਵਕਤ ਗੁਜ਼ਾਰ ਲਿਆ ਹੈ ਰੀਂਗਦਿਆਂ ਹੋਇਆਂ, ਪਰ ਮਿਸਜ਼ ਹਿਲ ਸਮਝਦੀ ਹੈ ਕਿ ਇੱਟਾਂ-ਗਾਰੇ ਦੀਆਂ ਇਹ ਕੋਠੜੀਆਂ ਬਣਾ ਕੇ ਉਨ੍ਹਾਂ ਨੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ।
ਮਿਸਜ਼ ਹਿਲ ਪੁੱਛਦੀ ਰਹਿੰਦੀ ਹੈ-‘ਮਸੁਨ ਸਾਕਾ?’ (ਮਜ਼ੇ ਵਿਚ ਹੈਂ ਨਾ?)
ਦਰਅਸਲ ਇਹ ਉਸ ਦਾ ਤਕੀਆ ਕਲਾਮ ਹੈ। ਜਦ ਵੀ ਉਨ੍ਹਾਂ ਕੋਲ ਕੋਈ ਮਹਿਮਾਨ ਆਉਂਦਾ ਹੈ, ਉਹ ਉਨ੍ਹਾਂ ਨੂੰ ਖਿੱਚ ਕੇ ਪਹਾੜੀ ਦੇ ਸਿਰੇ ਤੱਕ ਲੈ ਜਾਂਦੀ ਹੈ। ਉਨ੍ਹਾਂ ਨੂੰ ਇਸ਼ਾਰੇ ਨਾਲ ਉਹ ਕੋਠੜੀਆਂ ਦਿਖਾਉਂਦੀ ਹੈ ਜਿਹੜੀਆਂ ਉਨ੍ਹਾਂ ਨੇ ਮਜ਼ਦੂਰਾਂ ਲਈ ਬਣਾਈਆਂ ਹਨ।
ਇਕ ਵਾਰ ਫਿਰ ਨਜੋਰੋਗ ਦੇ ਚਿਹਰੇ ਉਤੇ ਉਦਾਸ ਮੁਸਕਾਨ ਫੈਲ ਗਈ। ਉਸ ਨੇ ਸੋਚਿਆ ਸੀ ਕਿ ਹੁਣ ਇਸ ਵਿਚਾਰੀ ਨੂੰ ਆਪਣੀ ਬਣਾਉਟੀ ਦਿਆਲਤਾ ਤੇ ਝੂਠੇ ਅਹਿਸਾਨਾਂ ਦੀ ਕੀਮਤ ਚੁਕਾਉਣੀ ਪਵੇਗੀ। ਉਸ ਨੇ ਖੁਦ ਵੀ ਪੂਰਾ ਹਿਸਾਬ ਕਰਨਾ ਸੀ। ਪਿਤਾ ਦੀ ਮੌਤ ਦਾ ਹਿਸਾਬ, ਤੇ ਆਪਣੀ ਜੱਦੀ ਜ਼ਮੀਨ ਖੋਹੇ ਜਾਣ ਦਾ ਹਿਸਾਬ। ਚੰਗਾ ਹੀ ਹੋਇਆ ਸੀ ਕਿ ਉਸ ਨੇ ਪਿਛਲੇ ਦਿਨੀਂ ਦੋਹਾਂ ਤੀਵੀਆਂ ਤੇ ਨਿਆਣਿਆਂ ਨੂੰ ਕੈਂਪ ਭੇਜ ਦਿੱਤਾ ਹੋਇਆ ਸੀ। ਉਨ੍ਹਾਂ ਦੇ ਰਹਿਣ ਲਈ ਥੋੜ੍ਹੀ ਦਿੱਕਤ ਹੋ ਸਕਦੀ ਸੀ। ਕੰਮ ਪੂਰਾ ਹੋਣ ਤੋਂ ਬਾਅਦ ਜੇ ਉਹਨੂੰ ਫ਼ਰਾਰ ਹੋਣਾ ਪਿਆ ਤਾਂ ਹੁਣ ਕੋਈ ਚਿੰਤਾ ਨਹੀਂ ਰਹੇਗੀ।
ਹੁਣ ਕਿਸੇ ਵੀ ਵਕਤ ਸਾਰੇ ਝੀਈ (ਮਾਉ-ਮਾਉ ਵਿਦਰੋਹ ਸਮੇਂ ਗੁਰੀਲੇ ਦਸਤਿਆਂ ਵਿਚ ਸਰਗਰਮ ਲੜਕੇ) ਆ ਸਕਦੇ ਹਨ। ਉਹ ਉਨ੍ਹਾਂ ਨੂੰ ਮਿਸਜ਼ ਹਿਲ ਦੇ ਘਰ ਤੱਕ ਪਹੁੰਚਾ ਆਵੇਗਾ। ਵਿਸ਼ਵਾਸਘਾਤ, ਹਾਂ ਵਿਸ਼ਵਾਸਘਾਤ ਹੀ ਸਹੀ ਪਰ ਕਿੰਨਾ ਜ਼ਰੂਰੀ ਹੋ ਗਿਆ ਹੈ।
ਉਲੂ ਦੀ ਚੀਕ ਕੰਨਾਂ ਵਿਚ ਪਈ ਜੋ ਇਸ ਵਾਰ ਪਹਿਲਾਂ ਨਾਲੋਂ ਵੀ ਤੇਜ਼ ਸੀ। ਇਹ ਤਾਂ ਬਦਸ਼ਗਨੀ ਹੈ। ਮੌਤ ਦੀ ਸੂਚਕ ਹੈ। ਮਿਸਜ਼ ਹਿਲ ਦੀ ਮੌਤ ਦੀ ਸੂਚਕ। ਉਸ ਦੀਆਂ ਅੱਖਾਂ ਦੇ ਸਾਹਮਣੇ ਮਿਸਜ਼ ਹਿਲ ਦਾ ਚਿਹਰਾ ਘੁੰਮ ਗਿਆ। ਦਸਾਂ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਮੇਮ ਸਾਹਿਬ ਤੇ ਬਵਾਨਾ ਨਾਲ ਗੁਜ਼ਾਰ ਚੁੱਕਾ ਹੈ। ਮੇਮ ਸਾਹਿਬ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਵਿਚ ਕੋਈ ਸ਼ੱਕ ਨਹੀਂ। ਉਸ ਨੂੰ ਯਾਦ ਹੈ, ਜਦ ਯੁਗਾਂਡਾ ਵਿਚ ਸਾਹਿਬ ਦੇ ਮਰਨ ਦੀ ਖਬਰ ਆਈ ਸੀ, ਤਾਂ ਮੇਮ ਸਾਹਿਬ ਪਾਗਲ ਹੀ ਹੋ ਗਈ ਸੀ। ਦੁੱਖ ਦੀ ਉਸ ਘੜੀ ਵਿਚ ਮੇਮ ਸਾਹਿਬ ਦਾ ਸਾਹਿਬਪੁਣਾ ਇਕਦਮ ਖਤਮ ਹੋ ਗਿਆ ਸੀ, ਤੇ ਨਜੋਰੋਗ ਨੇ ਹੀ ਉਹਨੂੰ ਢਾਰਸ ਬੰਨ੍ਹਾਇਆ ਸੀ। ਮੇਮ ਸਾਹਿਬ ਦੇ ਬੱਚਿਆਂ ਨੂੰ ਉਹਨੇ ਆਪਣੀਆਂ ਅੱਖਾਂ ਸਾਹਮਣੇ ਵੱਡੇ ਹੁੰਦੇ ਦੇਖਿਆ ਹੈ, ਖੁਦ ਉਹਦੇ ਬੱਚਿਆਂ ਵਾਂਗ। ਉਹ ਆਪਣੇ ਮਾਂ-ਬਾਪ ਨੂੰ ਬਹੁਤ ਪਿਆਰ ਕਰਦੇ ਸਨ, ਤੇ ਮਿਸਜ਼ ਹਿਲ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ। ਹੁਣ ਉਹ ਇੰਗਲੈਂਡ ਵਿਚ ਹਨ ਜਿਥੇ ਉਨ੍ਹਾਂ ਦਾ ਮਾਂ-ਬਾਪ ਕੋਈ ਨਹੀਂ ਹੈ, ਵਿਚਾਰੇ!
ਤੇ ਉਹਨੂੰ ਲੱਗਿਆ, ਉਸ ਤੋਂ ਇਹ ਕੰਮ ਨਹੀਂ ਹੋਵੇਗਾ। ਅਜਿਹਾ ਕਿਉਂ ਮਹਿਸੂਸ ਹੋਇਆ, ਪਤਾ ਨਹੀਂ; ਪਰ ਅਚਾਨਕ ਮਿਸਜ਼ ਹਿਲ ਉਹਦੇ ਮਨ-ਮਸਤਕ ਉਤੇ ਔਰਤ ਦੇ ਰੂਪ ਵਿਚ, ਪਤਨੀ ਦੇ ਰੂਪ ਵਿਚ, ਮਾਂ ਦੇ ਰੂਪ ਵਿਚ ਛਾ ਗਈ। ਨਹੀਂ, ਨਹੀਂæææਉਹ ਕਿਸੇ ਔਰਤ ਦੀ ਹੱਤਿਆ ਨਹੀਂਂ ਕਰ ਸਕਦਾ। ਉਹ ਕਿਸੇ ਮਾਂ ਨੂੰ ਨਹੀਂ ਮਾਰ ਸਕਦਾ। ਆਪਣੇ ਅੰਦਰ ਆਈ ਇਸ ਤਬਦੀਲੀ ‘ਤੇ ਉਹ ਹੈਰਾਨ ਰਹਿ ਗਿਆ। ਵਾਰ-ਵਾਰ ਕੋਸ਼ਿਸ਼ ਕਰਦਾ ਕਿ ਮਿਸਜ਼ ਹਿਲ ਨੂੰ ਵਿਦੇਸ਼ੀ ਬਾਸ਼ਿੰਦੇ ਵਜੋਂ ਦੇਖੇ, ਖਾਲਸ ਗੋਰੀ ਔਰਤ ਵਜੋਂ। ਜੇ ਅਜਿਹਾ ਹੋ ਸਕਦਾ ਤਾਂ ਉਹਦਾ ਕੰਮ ਆਸਾਨ ਹੋ ਜਾਂਦਾ, ਕਿਉਂਕਿ ਉਹ ਗੋਰੇ ਲੋਕਾਂ ਨਾਲ ਸੱਚਮੁਚ ਨਫਰਤ ਕਰਦਾ ਸੀ। ਲੱਖ ਕੋਸ਼ਿਸ਼ ਦੇ ਬਾਵਜੂਦ, ਦਸ ਵਰ੍ਹਿਆਂ ਦਾ ਸਬੰਧ ਉਸ ਤੋਂ ਭੁਲਾ ਨਹੀਂ ਸੀ ਹੋ ਰਿਹਾ। ਉਹ ਚਾਹੁੰਦਾ ਸੀ ਕਿ ਮਿਸਜ਼ ਹਿਲ ਜੇ ਬਚ ਗਈ, ਤਾਂ ਵੀ ਕਾਲਿਆਂ ਪ੍ਰਤਿ ਉਹਦੀ ਹਮਦਰਦੀ ਵਾਲਾ ਦੰਭ-ਪਖੰਡ ਬਰਕਰਾਰ ਰਹੇਗਾ। ਉਹ ਮਿਸਜ਼ ਹਿਲ ਨੂੰ ਸਿਰਫ਼ ਵਿਦੇਸ਼ੀ ਵਜੋਂ ਕਿਉਂ ਨਹੀਂ ਦੇਖ ਰਿਹਾ! ਉਹ ਅਰਦਾਸ ਕਰਨ ਲੱਗਾ, ‘ਹੇ ਰੱਬਾ! ਦੁਨੀਆਂ ‘ਚੋਂ ਜ਼ੁਲਮ ਖਤਮ ਕਰ ਦੇ। ਜੇ ਅਨਿਆਂ ਤੇ ਜ਼ੁਲਮ ਖਤਮ ਹੋ ਜਾਵੇ ਤਾਂ ਕਾਲੇ-ਗੋਰੇ ਦਾ ਝਗੜਾ ਹੀ ਨਾ ਰਹੇ, ਤੇ ਉਨ੍ਹਾਂ ਦੇ ਸਾਹਮਣੇ ਕਦੀ ਅਜਿਹੀ ਦਰਦਨਾਕ ਹਾਲਤ ਹੀ ਪੈਦਾ ਨਾ ਹੋਵੇ।’
ਹੁਣ ਉਹ ਕੀ ਕਰੇ? ਉਸ ਨੇ ਉਨ੍ਹਾਂ ਮੁੰਡਿਆਂ (ਗੁਰੀਲਿਆਂ) ਨੂੰ ਖਬਰ ਕਰ ਦਿੱਤੀ ਸੀ, ਉਹ ਹੁਣ ਆਉਂਦੇ ਹੀ ਹੋਣਗੇ। ਕੁਝ ਸਮਝ ਵਿਚ ਨਹੀਂ ਆ ਰਿਹਾ ਸੀ। ਜਿਥੋਂ ਤੱਕ ਗੋਰੇ ਬਾਸ਼ਿੰਦਿਆਂ ਦੀ ਗੱਲ ਹੈ, ਉਸ ਦੇ ਮਨ ਵਿਚ ਕੋਈ ਦੁਬਿਧਾ ਨਹੀਂ ਸੀ, ਪਰ ਦੋ ਬੱਚਿਆਂ ਦੀ ਮਾਂ ਦਾ ਸਫ਼ਾਇਆ ਉਹ ਕਿਵੇਂ ਕਰਾਵੇ?
ਬੇਚੈਨ ਮਨ ਨਾਲ ਉਹ ਬਾਹਰ ਨਿਕਲ ਆਇਆ।
ਬਾਹਰ ਘੁੱਪ ਹਨ੍ਹੇਰਾ ਸੀ। ਅਸਮਾਨ ਵਿਚ ਤਾਰੇ ਇਕ ਟੱਕ ਉਸ ਨੂੰ ਦੇਖ ਰਹੇ ਸਨ। ਇਉਂ ਲਗਦਾ ਸੀ ਕਿ ਉਨ੍ਹਾਂ ਨੂੰ ਵੀ ਨਜੋਰੋਗ ਦੇ ਫੈਸਲੇ ਦਾ ਇੰਤਜ਼ਾਰ ਹੋਵੇ। ਉਹ ਤਾਰਿਆਂ ਨਾਲ ਅੱਖਾਂ ਨਾ ਮਿਲਾ ਸਕਿਆ ਤੇ ਹੌਲੀ-ਹੌਲੀ ਮਿਸਜ਼ ਹਿਲ ਦੇ ਬੰਗਲੇ ਵਲ ਤੁਰ ਪਿਆ। ਮੇਮ ਸਾਹਿਬ ਨੂੰ ਬਚਾਉਣਾ ਹੀ ਹੋਵੇਗਾ, ਉਸ ਨੇ ਤੈਅ ਕਰ ਲਿਆ ਸੀ।
ਵਕਤ ਬਰਬਾਦ ਕਰਨ ਦਾ ਕੋਈ ਫ਼ਾਇਦਾ ਨਹੀਂ, ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹ ਮੁੰਡੇ ਆਉਂਦੇ ਹੀ ਹੋਣਗੇ। ਹੁਣ ਉਹ ਦੌੜ ਰਿਹਾ ਸੀ। ਔਰਤ ਦੀ ਜਾਨ ਬਚਾਉਣ ਲਈ ਦੌੜ ਰਿਹਾ ਸੀ। ਸੜਕ ਉਤੇ ਉਸ ਨੂੰ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਉਹ ਝਾੜੀ ਵਿਚ ਲੁਕ ਗਿਆ। ਉਸ ਨੇ ਦੇਖਿਆ, ਉਹ ਮੁੰਡੇ ਆਪਣੀ ਮੁਹਿੰਮ ਉਤੇ ਨਿਕਲੇ ਹੋਏ ਸਨ। ਉਨ੍ਹਾਂ ਨੂੰ ਧੋਖਾ ਦਿੰਦਿਆਂ ਉਹਨੂੰ ਅਜੀਬ ਜਿਹਾ ਲੱਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਉਹ ਹੋਰ ਤੇਜ਼ ਦੌੜਨ ਲੱਗਾ। ਜੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਉਸ ਨੇ ਧੋਖਾ ਦਿੱਤਾ ਹੈ ਤਾਂ ਉਹ ਉਹਨੂੰ ਜਿਉਂਦਾ ਨਹੀਂ ਛੱਡਣਗੇ, ਪਰ ਕੋਈ ਗੱਲ ਨਹੀਂ। ਇਕ ਔਰਤ ਨੂੰ ਬਚਾਉਣ ਲਈ ਉਹਦੀ ਜਾਨ ਵੀ ਚਲੀ ਜਾਵੇ, ਤਾਂ ਕੋਈ ਪਰਵਾਹ ਨਹੀਂ।
ਅਖੀਰ, ਹਫ਼ਦਾ-ਖੰਘਦਾ ਤੇ ਪਸੀਨੇ ਨਾਲ ਭਿੱਜਿਆ ਉਹ ਮਿਸਜ਼ ਹਿਲ ਦੇ ਬੰਗਲੇ ਤੱਕ ਪਹੁੰਚ ਗਿਆ ਤੇ ਲਗਾਤਾਰ ਉਚੀ-ਉਚੀ ਬੋਲਦਿਆਂ ਕੁੰਡਾ ਖੜਕਾਇਆ, “ਮੇਮ ਸਾਹਿਬ! ਮੇਮ ਸਾਹਿਬ!”
ਮਿਸਜ਼ ਹਿਲ ਅਜੇ ਸੁੱਤੀ ਨਹੀਂ ਸੀ। ਦੁਪਹਿਰ ਦੀ ਗੱਲਬਾਤ ਤੋਂ ਬਾਅਦ ਹੀ ਉਸ ਨੂੰ ਅਜੀਬ ਜਿਹੀ ਦਹਿਸ਼ਤ ਮਹਿਸੂਸ ਹੋ ਰਹੀ ਸੀ। ਨਜੋਰੋਗ ਦੇ ਜਾਣ ਤੋਂ ਬਾਅਦ ਖਾਮੋਸ਼ੀ ਛਾ ਗਈ ਸੀ, ਤੇ ਉਸ ਨੇ ਅਲਮਾਰੀ ਵਿਚੋਂ ਪਿਸਤੌਲ ਕੱਢ ਕੇ ਆਪਣੇ ਕੋਲ ਰੱਖ ਲਿਆ ਸੀ। ਆਪਣੇ ਵਲੋਂ ਤਿਆਰ ਰਹਿਣ ਵਿਚ ਕੀ ਹਰਜ ਹੈ? ਉਹ ਸੋਚ ਰਹੀ ਸੀ-ਕਾਸ਼! ਜੇ ਉਹਦਾ ਪਤੀ ਅੱਜ ਜਿਉਂਦਾ ਹੁੰਦਾ ਤਾਂ ਉਹ ਇਕੱਲੀ-ਇਕੱਲੀ ਮਹਿਸੂਸ ਨਾ ਕਰਦੀ!
ਗੈਰਸਟੋਨ ਜੋੜੇ ਦੀ ਹੱਤਿਆ ਕਾਰਨ ਉਹਨੂੰ ਵੀ ਦੁੱਖ ਹੋਇਆ ਸੀ ਤੇ ਵਾਰ-ਵਾਰ ਇਕੱਲੀ ਹੋਣ ਦਾ ਅਹਿਸਾਸ ਦਹਿਸ਼ਤ ਪੈਦਾ ਕਰ ਰਿਹਾ ਸੀ। ਉਹਨੂੰ ਨਜੋਰੋਗ ਦਾ ਮਾਸੂਮ ਚਿਹਰਾ ਯਾਦ ਆ ਰਿਹਾ ਸੀ। ਕੀ ਉਹਦੇ ਬੀਵੀ ਬੱਚੇ ਵੀ ਹਨ? ਕਿੰਨੇ ਬੱਚੇ ਨੇ, ਕਦੀ ਇਹ ਕਿਉਂ ਨਹੀਂ ਸੋਚਿਆ। ਇਹ ਪਹਿਲਾਂ ਮੌਕਾ ਸੀ ਜਦੋਂ ਉਹਦੇ ਜ਼ਹਿਨ ਵਿਚ ਨਜੋਰੋਗ ਦੀ ਤਸਵੀਰ ਬਾਲ-ਬੱਚੇ ਵਾਲੇ ਆਦਮੀ ਵਜੋਂ ਉਭਰੀ ਸੀ; ਨਹੀਂ ਤਾਂ ਉਹਨੂੰ ਨੌਕਰ ਤੋਂ ਇਲਾਵਾ ਹੋਰ ਸੋਚ ਆਉਂਦੀ ਹੀ ਨਹੀਂ ਸੀ। ਉਸ ਨੂੰ ਆਪਣੀ ਇਸ ਲਾਪਰਵਾਹੀ ਤੇ ਅਮਨੁੱਖਤਾ ਉਤੇ ਮਨ ਹੀ ਮਨ ਅਫ਼ਸੋਸ ਹੋਇਆ। ਇਨ੍ਹਾਂ ਖਿਆਲਾਂ ਵਿਚ ਉਹ ਡੁੱਬੀ ਹੋਈ ਸੀ ਕਿ ਉਸ ਨੂੰ ਆਵਾਜ਼ ਸੁਣਾਈ ਦਿੱਤੀ, “ਮੇਮ ਸਾਹਿਬ! ਮੇਮ ਸਾਹਿਬ!”
ਓਹ! ਇਹ ਤਾਂ ਨਜੋਰੋਗ ਦੀ ਆਵਾਜ਼ ਹੈ, ਆਪਣੇ ਨੌਕਰ ਦੀ। ਉਹਦਾ ਪਿੰਡਾ ਪਸੀਨਾ-ਪਸੀਨਾ ਹੋ ਗਿਆ। ਅਚਾਨਕ ਉਹਨੂੰ ਗੈਰਸਟੋਨ ਜੋੜੇ ਨਾਲ ਹੋਇਆ ਹਾਦਸਾ ਪੂਰੇ ਵੇਰਵੇ ਸਹਿਤ ਦਿਖਾਈ ਦੇਣ ਲੱਗਾ। ਹੁਣ ਉਸ ਦਾ ਵੀ ਅੰਤ ਆ ਗਿਆ ਹੈ। ਜ਼ਿੰਦਗੀ ਦੇ ਸਫ਼ਰ ਦਾ ਆਖਰੀ ਪੜਾਅ। ਆਖਿਰ ਨਜੋਰੋਗ ਹਤਿਆਰਿਆਂ ਨੂੰ ਇਥੇ ਤੱਕ ਪਹੁੰਚਾ ਹੀ ਗਿਆ। ਉਹ ਡਰ ਨਾਲ ਕੰਬਣ ਲੱਗ ਪਈ।
ਅਚਾਨਕ ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਲੱਗਿਆ ਕਿ ਸਾਰੀ ਤਾਕਤ ਇਕ ਥਾਂ ਇਕੱਠੀ ਹੋ ਗਈ ਹੈ। ਬੇਸ਼ਕ, ਉਹ ਇਕੱਲੀ ਹੈ ਤੇ ਹੁਣੇ ਉਹ ਦਰਵਾਜ਼ੇ ਵੀ ਤੋੜ ਦੇਣਗੇ; ਪਰ ਨਹੀਂ, ਉਹ ਬੁਜ਼ਦਿਲਾਂ ਵਾਂਗ ਨਹੀਂ ਮਰੇਗੀ। ਉਹਨੇ ਪਿਸਤੌਲ ਘੁੱਟ ਕੇ ਫੜ ਲਿਆ, ਦਰਵਾਜ਼ਾ ਖੋਲ੍ਹਿਆ ਤੇ ਗੋਲੀ ਚਲਾ ਦਿੱਤੀ। ਗੋਲੀ ਚਲਾਉਣ ਸਾਰ ਹੀ ਉਹ ਉਚੀ ਦੇਣੀ ਬੋਲੀ, ‘ਆਉ, ਮੈਨੂੰ ਮਾਰ ਸੁੱਟੋ’, ਤੇ ਬੇਹੋਸ਼ ਹੋ ਕੇ ਡਿੱਗ ਪਈ। ਉਹਨੂੰ ਪਤਾ ਹੀ ਨਾ ਲੱਗਾ ਕਿ ਉਹਨੇ ਉਸ ਬੰਦੇ ਨੂੰ ਮਾਰ ਸੁੱਟਿਆ ਹੈ ਜੋ ਉਹਦੀ ਜਾਨ ਬਚਾਉਣ ਆਇਆ ਸੀ। ਕੋਲ ਹੀ ਨਜੋਰੋਗ ਦੀ ਲਾਸ਼ ਪਈ ਸੀ।
ਅਗਲੇ ਦਿਨ ਅਖਬਾਰਾਂ ਵਿਚ ਪੂਰਾ ਵੇਰਵਾ ਛਪਿਆ। ਇਕੱਲੀ ਔਰਤ ਨੇ ਪੰਜਾਹ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਤੇ ਕਮਾਲ ਇਹ ਹੈ ਕਿ ਇਕ ਨੂੰ ਮਾਰ ਵੀ ਦਿੱਤਾ।
ਮਿਸਜ਼ ਇਸਮਾਇਲਸ ਤੇ ਮਿਸਜ਼ ਹਾਰਡੀ ਮੁਬਾਰਕ ਦਿੰਦੀਆਂ ਫੁੱਲੀਆਂ ਨਹੀਂ ਸਨ ਸਮਾ ਰਹੀਆਂ।
“ਅਸੀਂ ਤਾਂ ਕਹਿੰਦੇ ਹੀ ਸੀ ਕਿ ਉਹ ਸਾਰੇ ਇਕੋ ਜਿਹੇ ਹਨ।”
“ਸਭ ਬਦਮਾਸ਼ ਨੇ।” ਮਿਸਜ਼ ਹਾਰਡੀ ਨੇ ਕਿਹਾ। ਮਿਸਜ਼ ਹਿਲ ਖਾਮੋਸ਼ ਰਹੀ। ਉਹਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ। ਜਿੰਨਾ ਵੀ ਉਹ ਇਸ ਬਾਰੇ ਸੋਚਦੀ, ਉਲਝਣ ਵਧਦੀ ਜਾਂਦੀ। ਉਹ ਅਜੇ ਵੀ ਖਲਾਅ ਵਿਚ ਦੇਖ ਰਹੀ ਸੀ। ਫਿਰ ਉਹਨੇ ਠੰਢਾ ਹਉਕਾ ਭਰਿਆ ਤੇ ਕਿਹਾ, “ਮੈਨੂੰ ਸਮਝ ਨਹੀਂ ਆ ਰਹੀæææਸ਼ਾਇਦ ਮੈਂ ਨਜੋਰੋਗ ਨੂੰ ਸਮਝ ਨਹੀਂ ਸਕੀ।”
“ਕੀ? ਸਮਝ ਨਹੀਂ ਸਕੀ?”
“ਅਜੀਬ ਗੱਲ ਐ,” ਮਿਸਜ਼ ਇਸਮਾਇਲਸ ਨੇ ਕਿਹਾ, “ਇਨ੍ਹਾਂ ਸਾਰਿਆਂ ਦੇ ਛਿੱਤਰ ਮਾਰਨੇ ਚਾਹੀਦੇ ਨੇ।”
ਲੋਕ ਸ਼ਾਇਦ ਇਹ ਕਦੀ ਨਹੀਂ ਸਮਝ ਸਕਣਗੇ ਕਿ ਨਜੋਰੋਗ ਨੇ ਸ਼ਹਾਦਤ ਦਿੱਤੀ ਹੈ। ਮਿਸਜ਼ ਹਿਲ ਦੇ ਪਛਤਾਵੇ ਨੂੰ ਵੀ ਲੋਕ ਸ਼ਾਇਦ ਹੀ ਸਮਝ ਸਕਣ।