ਐਸ਼ ਅਸ਼ੋਕ ਭੌਰਾ
ਕੁਝ ਲੋਕ ਚੰਗੇ ਕੱਪੜੇ ਪਾ ਕੇ, ਜੇਬ ਪੈਸਿਆਂ ਨਾਲ ਭਰ ਕੇ ਜ਼ਿੰਦਗੀ ਦੇ ਅਰਥ ਲੱਭਣ ਦੀ ਗਲਤੀ ਕਰਨ ਲੱਗੇ ਹੋਏ ਹਨ, ਜਦੋਂਕਿ ਜ਼ਿੰਦਗੀ ਕੁਝ ਕਰ ਕੇ ਹੀ ਸਮਝ ਆਉਣੀ ਹੁੰਦੀ ਹੈ।
ਇਹ ਵੀ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਰੀ ਉਮਰ ਕੀਤਾ ਕੁਝ ਨਹੀਂ ਹੁੰਦਾ, ਉਹ ਈਰਖਾ ਦਾ ਭਰਿਆ ਗਲਾਸ ਪੀ ਕੇ ਆਲੋਚਨਾ ਦੇ ਡਕਾਰ ਮਾਰਨ ਲੱਗੇ ਹੁੰਦੇ ਹਨ। ਅਸਲ ਵਿਚ ਮੂਰਖ ਲੋਕ ਸਿਆਣੇ ਬੰਦਿਆਂ ਦੀਆਂ ਕਬਰਾਂ ਨੂੰ ਲੱਤਾਂ ਮਾਰਨ ਵਿਚ ਵੀ ਫਖਰ ਮਹਿਸੂਸ ਕਰੀ ਜਾਂਦੇ ਹਨ। ਜਗਦੇਵ ਸਿੰਘ ਜੱਸੋਵਾਲ ਬਾਰੇ ਗੱਲ ਕਰਨੀ ਸੌਖੀ ਨਹੀਂ, ਐਵੇਂ ਗੱਲਾਂ ਕਰਨ ਵਾਲਾ ਉਹਦੀ ਤਿਲਕਵੀ ਸ਼ਖਸੀਅਤ ਤੋਂ ਤਿਲਕ ਕੇ ਡਿਗ ਸਕਦਾ ਹੈ।
ਆਪਣੀ ਜ਼ਿੰਦਗੀ ਦੇ ਕਰੀਬ ਚਾਲੀ ਸਾਲ ਗੀਤ-ਸੰਗੀਤ, ਢਾਡੀਆਂ, ਕਵੀਸ਼ਰਾਂ, ਸਭਿਆਚਾਰ ਤੇ ਲੋਕ ਕਲਾ ਦੇ ਲੇਖੇ ਲਾਉਣ ਵਾਲੇ ਜੱਸੋਵਾਲ ਨੂੰ ਸਭਿਆਚਾਰਕ ਰਾਜਦੂਤ ਸਮੇਤ ਕਿੰਨੇ ਵੀ ਅਲੰਕਾਰ ਦੇ ਦਈਏ, ਉਹਦੀ ਆਪਣੀ ਜ਼ਿੰਦਗੀ ਸੁਖਾਲੀ ਨਹੀਂ ਰਹੀ। ਆਖਰੀ ਮੁਲਕਾਤ ਵਿਚ ਉਹਦੇ ਮੂੰਹੋਂ ਨਿਕਲਿਆ ਵਾਕ ਮੇਰੇ ਚੇਤੇ ਵਿਚ ਵਸਿਆ ਰਹੇਗਾ। ਉਹ ਆਖ ਰਿਹਾ ਸੀ, ‘ਮੈਂ ਵਕੀਲ ਬਣ ਗਿਆ ਪਰ ਵਕਾਲਤ ਨਾ ਕਰ ਹੋਈ। ਸਭਿਆਚਾਰ ਦਾ ਅਜਿਹਾ ਤਾਪ ਚੜ੍ਹਿਆ ਜੋ ਸਾਰੀ ਜ਼ਿੰਦਗੀ ਉਤਰ ਨਹੀਂ ਸਕਿਆ ਪਰ ਮੈਂ ਸੁਖਾਲਾ ਇਕ ਦਿਨ ਵੀ ਨਹੀਂ ਕੱਟਿਆ। ਕਈ ਮੂੰਹ ਧੋਣ ਤੋਂ ਪਹਿਲਾਂ ਹੀ ਉਲਾਂਭਿਆਂ ਦੀ ਗੰਦੀ ਹਵਾੜ ਮਾਰਦੇ ਰਹੇ, ਪਰ ਮੈਂ ਆਪਣੇ ਕਾਰਜ ਤੋਂ ਪਿਛੇ ਨਹੀਂ ਹਟਿਆ।’
ਜੇ ਵੇਖਿਆ ਜਾਵੇ ਤਾਂ ਪੈਂਤੀ ਸਾਲਾਂ ਤੋਂ ਵੱਧ ਉਮਰ ਹੈ ਪ੍ਰੋæ ਮੋਹਨ ਸਿੰਘ ਮੇਲੇ ਦੀ। ਛਪਾਰ ਵਰਗੇ ਸਿਆਸੀ ਬਣ ਚੁੱਕੇ ਮੇਲੇ ਐਵੇਂ ਨਹੀਂ ਇਸ ਮੇਲੇ ਨੇ ਢਾਏ। ਉਹਨੇ ਸੈਂਕੜੇ ਕਲਾਤਮਿਕ ਸ਼ਖਸੀਅਤਾਂ ਨੂੰ ਮਾਣ ਦਿੱਤਾ। ਰਾਗੀਆਂ, ਢਾਡੀਆਂ, ਕਵੀਸ਼ਰਾਂ ਤੋਂ ਲੈ ਕੇ ਬੜੇ ਗਾਇਕਾਂ ਦੀ ਬਾਂਹ ਫੜੀ। ਸਪੇਰੇ ਤੇ ਨਚਾਰ ਵੀ ਉਹਨੇ ਇਸ ਮੇਲੇ ‘ਤੇ ਸਨਮਾਨਤ ਕਰ ਦਿੱਤੇ। ਨੁਕਸ ਤਾਂ ਉਹ ਵੀ ਕੱਢ ਦਿੰਦੇ ਹਨ ਜਿਨ੍ਹਾਂ ਦੀ ਘਰ ਵਿਚ ਪੁੱਛ ਨਾ ਹੋਵੇ, ਜਿਹੜੇ ਸਿਰਫ਼ ਅੰਨ ਨੂੰ ਹੀ ਬੁਖਾਰ ਚੜ੍ਹਾਈ ਰੱਖਦੇ ਹਨ। ਹਾਂ, ਕਈ ਵਾਰ ਉਹ ਅੱਧੀ ਰਾਤ ਨੂੰ ਪ੍ਰੋæ ਮੋਹਨ ਸਿੰਘ ਮੇਲੇ ‘ਤੇ ਚੀਕ-ਚਹਾੜਾ ਪਾਉਂਦੇ ਲੋਕਾਂ ਅੱਗੇ ਵੱਸ ਨਾ ਚਲਦਾ ਵੇਖ ਖਿਝ ਕੇ ਆਖ ਦਿੰਦਾ ਸੀ, ‘ਲਓ ਮੈਂ ਚੱਲਿਆਂ, ਹੁਣ ਚੜ੍ਹਾ ਲਓ ਕਲਯੁੱਗ ਦਾ ਪਟਾ।’
ਜਿਹੜੇ ਕਿਸੇ ਮੰਗਤੇ ਨੂੰ ਰੁਪਈਆ ਦੇਣ ਵੇਲੇ ਵੀਹ ਗੱਲਾਂ ਤੇ ਸਵਾਲ ਕਰਦੇ ਹਨ, ਉਹ ਜੱਸੋਵਾਲ ਦੀ ਇਸ ਸੋਚ ਵੱਲ ਵੇਖਣ। ਜਦੋਂ ਕਿਤੇ ਉਹਦੇ ਨਾਲ ਕੋਈ ਸੰਘਰਸ਼ ਕਰ ਰਿਹਾ ਕਲਾਕਾਰ ਹੁੰਦਾ, ਤੇ ਸਬੱਬੀਂ ਅੱਗਿਉਂ ਕੋਈ ਪੈਸੇ ਵਾਲਾ ਮਿਲ ਪਵੇ ਤਾਂ ਉਹਦੀ ਇੱਛਾ ਦੇਖੋæææ! ‘ਪਾ ਦੇ ਪਾ ਦੇ ਇਸ ਗਰੀਬ ਦੀ ਜੇਬ ਵਿਚ ਦੋ ਸੌ-ਸੌ ਦੇ। ਰੋਟੀ ਖਾ ਲਊ, ਗੁਣ ਗਾਊ ਤੇਰਾ।’æææਤੇ ਆਪਣੀ ਜੇਬ ਉਹਨੇ ਕਿਸੇ ਅੱਗੇ ਅੱਡੀ ਨਹੀਂ ਸੀ। ਜਿਹੜੇ ਕਦੇ ਗਾਹੇ-ਬਗਾਹੇ ਉਹਦੇ ਘਰ ਗਏ ਹੋਣਗੇ, ਉਹ ਜਾਣਦੇ ਹਨ ਕਿ ਉਹ ਪ੍ਰਾਹੁਣਚਾਰੀ ਕਿਵੇਂ ਕਰਦਾ ਸੀ। ਉਹਦੇ ਘਰੋਂ ਭੁੱਖਾ ਤਾਂ ਕੀ, ਰੱਜਿਆ ਵੀ ਦੋ ਪ੍ਰਸ਼ਾਦੇ ਛਕ ਕੇ ਜਾਂਦਾ ਸੀ।
ਦੀਦਾਰ ਸੰਧੂ ਦੇ ਮੇਲੇ ‘ਤੇ ਉਹਦੇ ਪਿੰਡ ਭਰੋਵਾਲਾ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ।
ਦੀਦਾਰ ਸੰਧੂ ਨਾਲ ‘ਲੈ ਚੱਲ ਮੁੰਡਿਆ ਵੇ ਨਾਲ, ਜਿੰਦਾ ਮੇਰੀ ਤਾਂ ਬਚਦੀ’ ਜਾਂ ‘ਨਾ ਕਰ ਮੈਨੂੰ ਪਿਆਰ’ ਵਰਗੇ ਦੋ-ਗਾਣੇ ਗਾਉਣ ਵਾਲੀ ਸਨੇਹ ਲਤਾ ਕਰਨਲ ਨਾਲ ਵਿਆਹ ਹੋਣ ਕਰ ਕੇ ਗਾਇਕੀ ਦੀ ਮਾਰਕਿਟ ਵਿਚੋਂ ਲੋਪ ਹੋ ਗਈ। ਦੋ ਦਹਾਕਿਆਂ ਬਾਅਦ ਉਹ ਸੁਭੈਕੀ ਮੇਲੇ ‘ਤੇ ਆ ਗਈ। ਉਹਦੇ ਬੱਚੇ ਹੈਰਾਨ ਕਿ ਉਨ੍ਹਾਂ ਦੀ ਮਾਂ ਦਾ ਇੰਨਾ ਨਾਂ ਸੀ ਕਿ ਤਵਿਆਂ ‘ਤੇ ਫੋਟੋ ਛਪਦੀਆਂ ਸਨ ਉਹਦੀਆਂ। ਮੇਲੇ ਤੋਂ ਬਾਅਦ ਜੱਸੋਵਾਲ ਨੇ ਦੀਦਾਰ ਦੇ ਗੁਆਂਢੀ ਪਰਿਵਾਰ ਦੇ ਘਰ ਖਾਣਾ ਤਿਆਰ ਕਰਾ ਲਿਆ। ਨਾਲ ਹੀ ਆਖ’ਤਾ ਕਿ ਘੀ-ਸ਼ੱਕਰ ਵੀ ਖੁੱਲ੍ਹਾ ਰਲਾ ਦਿਓ। ਖਾਣਾ ਤਾਂ ਖੁਆ’ਤਾ, ਪਰ ਘਰਵਾਲਿਆਂ ਨੂੰ ਘੀ-ਸ਼ੱਕਰ ਦਾ ਚੇਤਾ ਭੁੱਲ ਗਿਆ। ਜੱਸੋਵਾਲ ਪਾਵੇ ਰੌਲਾ, ‘ਲਿਆਓ ਘੀ-ਸ਼ੱਕਰ।’ ਸਾਰੇ ਹੱਥ-ਹੁੱਥ ਧੋ ਕੇ ਬੈਠ ਗਏ, ਜਦ ਨੂੰ ਆ ਗਿਆ ਦੇਸੀ ਘਿਓ ਵਿਚ ਤਰਦੀ ਸ਼ੱਕਰ ਦਾ ਨੱਕੋ-ਨੱਕ ਭਰਿਆ ਥਾਲ। ਛੇ ਜਣਿਆਂ ਨੂੰ ਦੋ ਕਿਲੋ ਸ਼ੱਕਰ ਉਹਨੇ ਇਹ ਕਹਿੰਦਿਆਂ ਖੁਆ’ਤੀ- ‘ਮਾਣ ਰੱਖੋ ਮਾਣ ਰੱਖੋ। ਬੀਬਾ, ਚੰਡੀਗੜ੍ਹ ਇਹ ਨਜ਼ਾਰੇ ਕਿਥੇ ਲੱਭਣੇ ਨੇ।’ ਛਾਹ ਵੇਲੇ ਘਰ ਆਉਣ ਵਾਲੇ ਨੂੰ ਉਹ ਪਿਆਜ਼ ਵਾਲੀ ਮਿੱਸੀ ਰੋਟੀ, ਦਹੀਂ ਦਾ ਕੌਲਾ ਤੇ ਲੱਸੀ ਦੀ ਗੜਵੀ ਤੋਂ ਬਿਨਾਂ ਜਾਣ ਨਹੀਂ ਸੀ ਦਿੰਦਾ। ਦੁਪਹਿਰੇ ਉਹਦਾ ਬਹੁਤਾ ਕਰ ਕੇ ਬਾਹਰ ਹੁੰਦਾ ਸੀ ਤੇ ਆਥਣੇ ਉਹ ਤੇਰਵਾਂ ਰਤਨ ਛਕਾ ਹੀ ਦਿੰਦਾ ਸੀ। ਬਹੁਤੇ ਲੋਕਾਂ ਦਾ ਭਰਮ ਮੈਂ ਦੂਰ ਕਰ ਦਿਆਂ ਕਿ ਗੁਰਦੇਵ ਨਗਰ ਲੁਧਿਆਣਾ ਵਿਚਲਾ ਘਰ ਉਹਨੇ ਯੂਨੀਵਰਸਿਟੀ ਲੇਖੇ ਲੱਗੀ ਜ਼ਮੀਨ ਦੇ ਮੁੱਲ ਨਾਲ ਬਣਾਇਆ ਸੀ। ਇਸ ਤੋਂ ਵੱਧ ਨਾ ਉਹਦੇ ਕੋਲ ਕੋਈ ਪਲਾਟ ਸੀ, ਨਾ ਬੈਂਕ ਬੈਲੈਂਸ। ਕਮਾਈ ਉਹਨੇ ਸਿਰਫ ਨਾਂ ਦੀ ਕੀਤੀ ਸੀ। ਐਵੇਂ ਕੋਈ ਉਠ ਕੇ ਲੱਖ ਕਹੀ ਜਾਵੇ, ਉਹਦੇ ਵਰਗਾ ਬਣਨਾ ਬਹੁਤ ਔਖਾ ਹੈ। ਉਹਨੇ ਖਰਾਬ ਹਾਲਾਤ ਵਿਚ ਵੀ ਮੇਲੇ ਲਾ ਕੇ ਪੰਜਾਬੀਆਂ ਦੇ ਉਦਾਸ ਚਿਹਰਿਆਂ ‘ਤੇ ਰੌਣਕ ਲਿਆਉਣ ਦਾ ਲਗਾਤਾਰ ਯਤਨ ਕੀਤਾ। ਉਹਨੂੰ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ, ਪਰ ਉਹ ਡਰਿਆ ਸਿਰਫ਼ ਇਕ ਵਾਰ ਹੀ ਦੇਖਿਆ ਮੈਂæææ
æææਜਿਸ ਦਿਨ ਦੁੱਗਰੀ ਚਮਕੀਲੇ ਤੇ ਅਮਰਜੋਤ ਦਾ ਭੋਗ ਸੀ, ਉਹ ਤਤਕਾਲੀ ਡਿਪਟੀ ਕਮਿਸ਼ਨਰ ਐਸ਼ਐਸ਼ ਬਰਾੜ ਤੋਂ ਬਾਅਦ ਬੋਲਿਆ ਅਤੇ ਮਾਈਕ ‘ਤੇ ਰੋ ਪਿਆ- ‘ਓ ਕੁਰਾਹੇ ਪਏ ਮੁੰਡਿਓ! ਜੇ ਚਮਕੀਲੇ ਤੇ ਅਮਰਜੋਤ, ਦੋ ਨਿਹੱਥਿਆਂ ਨੂੰ ਮਾਰ ਕੇ ਤੁਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹੈ, ਤਾਂ ਮਾਰੋਂ ਗੋਲੀ ਬਾਪੂ ਦੇæææਮੈਂ ਹਾਂ ਇਨ੍ਹਾਂ ਦਾ ਬਾਪੂæææਜਗਦੇਵ ਸਿੰਘ ਜੱਸੋਵਾਲ।’ ਉਸ ਦਿਨ ਉਹਨੇ ਮੈਨੂੰ ਘਰ ਨਾ ਜਾਣ ਦਿੱਤਾ। ਗੁਰਭਜਨ ਗਿੱਲ, ਪ੍ਰਗਟ ਗਰੇਵਾਲ ਅਸੀਂ ਦੇਰ ਰਾਤ ਤੱਕ ਉਹਦੇ ਘਰ ਗੁਰਦੇਵ ਨਗਰ ਬੈਠੇ ਰਹੇ। ਉਦਣ ਉਹਨੂੰ ਮੈਂ ਪਹਿਲੀ ਵਾਰ ਇੰਨਾ ਓਦਰਿਆ ਵੇਖਿਆ ਸੀ। ਕਰੀਬ ਦੋ ਵਜੇ ਤੜਕੇ ਉਹ ਮੇਰੇ ਕੋਲੋਂ ਉਠ ਕੇ ਆਪਣੇ ਕਮਰੇ ਵਿਚ ਗਿਆ, ਪਰ ਚਾਰ ਵਜੇ ਫਿਰ ਬੂਹਾ ਖੜਕਾਉਣ ਲੱਗ ਪਿਆ-‘ਅਸ਼ੋਕ ਉਠ, ਉਠ ਨਹਾ ਲੈ।’ ਮੈਂ ਕਿਹਾ-Ḕਹਾਲੇ ਤਾਂ ਚਾਰ ਵਜੇ ਆ।’ ਉਹ ਅੱਖਾਂ ਭਰ ਕੇ ਬੋਲਿਆ-‘ਚੱਲ ਨਾ ਨਹਾ, ਪਰ ਮੇਰੀ ਸੁਣ!’æææਤੇ ਤੁਸੀਂ ਵੀ ਸੁਣ ਲਵੋ ਉਹਦਾ ਉਹ ਸੰਵਾਦæææ’ਹਾਲੇ ਮੇਰੀ ਅੱਖ ਹੀ ਲੱਗੀ ਸੀ ਮਸਾਂ ਕਿ ਫੋਨ ਖੜਕ ਪਿਆæææਮੈਂ ਬਥੇਰਾ ਕਿਹਾ, ਛੱਡ ਪਰੇ ਨਾ ਚੁੱਕ; ਪਰ ਤੇਰੀ ਆਂਟੀ ਸੁਰਜੀਤ ਨੇ ਕੰਨ ਨੂੰ ਲਾ ਲਿਆ ਚੌਂਗਾ। ਕੋਈ ਕਹਿ ਰਿਹਾ ਸੀ, ਜੱਸੋਵਾਲ ਨੂੰ ਨਹੀਂ ਛੱਡਣਾ। ਚਮਕੀਲੇ ਦੇ ਭੋਗ ‘ਤੇ ਸਾਡੇ ਖਿਲਾਫ਼ ਬੋਲ ਕੇ ਆਇਆ। ਉਹ ਅੱਗਿਓਂ ਜੱਟਾਂ ਵਾਲੀ ਆਕੜ ਵਿਖਾਉਣ ਲੱਗ ਪਈ- ਆ ਜਾ, ਮੈਂ ਵੀ ਜੱਟੀ ਨ੍ਹੀਂæææਦੇਖਾਂ ਤੈਨੂੰæææਭਾਈ ਮੈਂ ਤਾਂ ਆ ਗਿਆ ਉਠ ਕੇ, ਉਹ ਹਾਲੇ ਵੀ ਉਲਝੀ ਪਈ ਐæææ।’
ਅਗਲੇ ਦਿਨ ਅਸੀਂ ਚੰਡੀਗੜ੍ਹ ਗਏ, ਕਾਰ ਮੈਂ ਚਲਾ ਰਿਹਾ ਸੀ। ਪਿਛੇ ਬੈਠੇ ਗੰਨਮੈਨਾਂ ਨੇ ਵੀ ਕਈ ਵਾਰ ਹੁੰਗਾਰਾ ਦਿੱਤਾ, ਪਰ ਉਹ ਸਾਰਾ ਦਿਨ ਚੁੱਪ ਹੀ ਰਿਹਾ। ਘਰ ਉਤਰਨ ਲੱਗਿਆਂ ਇਕ ਹੀ ਗੱਲ ਆਖੀ-‘ਪਤਾ ਨਹੀਂ ਹੁਣ ਇਹ ਅਸਾਲਟਾਂ ਕੀਹਨੂੰ-ਕੀਹਨੂੰ ਨਿਗਲ ਲੈਣਗੀਆਂ।’
ਲੋਕਾਂ ਦੇ ਇਕੱਠ ਨੂੰ ਆਪਣੀ ਬੁੱਕਲ ਵਿਚ ਸਮੋ ਲੈਣ ਤੋਂ ਜਦੋਂ ਪੰਜਾਬੀ ਭਵਨ ਨੇ ਹੱਥ ਖੜ੍ਹੇ ਕੀਤੇ, ਤਾਂ ਉਹ ਪ੍ਰੋæ ਮੋਹਨ ਸਿੰਘ ਮੇਲਾ ਉਥੋਂ ਕੱਢ ਕੇ ਨਹਿਰ ਕਿਨਾਰੇ ਪੱਖੋਵਾਲ ਰੋਡ ‘ਤੇ ਲੈ ਆਇਆ; ਅਸੀਂ ਹਾਲਾਂਕਿ ਇਸ ਗੱਲ ਦੇ ਹੱਕ ਵਿਚ ਨਹੀਂ ਸਾਂ, ਪਰ ਉਹ ਨਾ ਮੰਨਿਆ। ਫਿਰ ਉਹ ਇਹ ਆਖ ਕੇ ਮੇਲਾ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਲਿਜਾਣ ਲੱਗ ਪਿਆ ਕਿ ਇਸ ਦਾ ਬੀਜ ਸਮੁੱਚੀ ਪੰਜਾਬੀਅਤ ਦੀ ਹਵਾ ਵਿਚ ਖਿਲਾਰਨਾ ਹੈ, ਪਰ ਸੱਚ ਇਹ ਸੀ ਕਿ ਮੇਲਾ ਜਰਕ ਖਾ ਗਿਆ। ਅਕਤੂਬਰ ਮਹੀਨੇ ਦੀ 19 ਤੇ 20 ਤਾਰੀਖ ਨੂੰ ਲੁਧਿਆਣੇ ਲਾਗਲੇ ਪਿੰਡਾਂ ਵਿਚ ਵਿਆਹਾਂ ਦੀਆਂ ਤਾਰੀਖਾਂ ਬਦਲਦੇ ਰਹੇ। ਕੁਝ ਸੰਚਾਰ ਸਾਧਨਾਂ ਨੇ ਖਾ ਲਿਆ। ਅਮਰੀਕਾ ਆ ਕੇ ਉਹ ਹੋਰ ਓਦਰ ਗਿਆ, ਉਨੇ ਕੁ ਲੋਕ ਵੇਖ ਕੇ ਜਿੰਨੇ ਕੁ ਕਦੇ ਇਹ ਮੇਲਾ ਵੇਖਣ ਲਈ ਲੁਧਿਆਣੇ ਬੱਸ ਅੱਡੇ ‘ਤੇ ਇਕ ਬੱਸ ਵਿਚੋਂ ਉਤਰਦੇ ਹੁੰਦੇ ਸਨ!
ਚਾਰ ਕੁ ਸਾਲ ਪਹਿਲਾਂ ਜਦੋਂ ਮੈਂ ਇੰਡੀਆ ਗਿਆ, ਅੱਧੀ ਰਾਤ ਨੂੰ ਉਹ ਅਚਾਨਕ ਘਰੇ ਆ ਗਿਆ। ਲੱਠੇ ਵਰਗਾ ਸਵਾ ਛੇ ਫੁੱਟਾ ਸਰੀਰ ਉਦੋਂ ਥੋੜ੍ਹਾ ਝੜ ਗਿਆ ਸੀ। ਉਹ ਕੁਝ ਵੀ ਖਾਣ-ਪੀਣ ਤੋਂ ਪਹਿਲਾਂ ਬੋਲ ਪਿਆ, ‘ਅਸ਼ੋਕ, ਹੁਣ ਮੇਲਾ ਫਿਰ ਪੰਜਾਬੀ ਭਵਨ ਵਿਚ ਲਿਆਉਣਾ ਪਵੇਗਾ।’ ‘ਕਿਉਂ?’ ਦੇ ਜੁਆਬ ਵਿਚ ਕਹਿਣ ਲੱਗਾ-Ḕਤਰਨ ਤਾਰਨ ਮੇਲਾ ਲਾ ਕੇ ਆਇਆ ਹਾਂæææਮੇਲੇ ਵਿਚੋਂ ਰੂਹ ਖਤਮ ਹੋ ਰਹੀ ਹੈ, ਪ੍ਰਬੰਧ ਠੀਕ ਨਹੀਂ ਰਹੇ। ਪਿਛਲੇ ਸਾਲ ਸ਼ਾਮ ਚੁਰਾਸੀ ਵਿਚ ਸਰਤਾਜ ਨੂੰ ਵੀ ਸੱਦਿਆ, ਪਰ ਧਰਮ ਦੀਆਂ ਵੇਲਾਂ ਫਿਰ ਵੀ ਨਾ ਲੱਗੀਆਂ। ਹੁਣ ਤੂੰ ਆਏਂ ਕਰ, ਪੰਦਰਾਂ ਕੁ ਹਜ਼ਾਰ ਰੁਪਿਆ ਲਿਆ, ਗੱਡੀ ਵਿਚ ਤੇਲ ਜੋਗੇ ਵੀ ਪੈਸੇ ਨਹੀਂæææਆਹ ਦੇਖ ਗੀਝਾ, ਤੇ ਉਹਨੇ ਨਾਲ ਹੀ ਕਮੀਜ਼ ਦੀ ਬੱਖੀ ਵਾਲੀ ਜੇਬ ਪੁੱਠੀ ਕਰ ਦਿੱਤੀ। ਮੇਰੇ ਕੋਲ ਦਸ ਹਜ਼ਾਰ ਸੀ, ਉਹ ਫੜਾ ਕੇ ਮੈਂ ਪੁੱਛਿਆ- ‘ਘੁੱਟ?’ ਉਹ ਹੱਸ ਪਿਆ-‘ਵੱਢਤਾ ਫਾਹਾ ਇਹਦਾ।’ ‘ਤੇ ਤੂੰ?’ ਮੈਂ ਸ਼ਾਇਰੀ ਸੁਣਾਉਣ ਲੱਗ ਪਿਆ:
ਕਦੇ ਕਦਾਈਂ ਪੀ ਲੈਂਦਾ ਸੀ,
ਫੇਰ ਕਿਸੇ ਦਾ ਕੀ ਲੈਂਦਾ ਸੀ।
ਆਪਣੀ ਮੌਤੇ ਮਰ ਜਾਂਦਾ ਸੀ,
ਆਪਣੀ ਮੌਤੇ ਜੀਅ ਲੈਂਦਾ ਸੀ।
ਸੱਚੀਂ ਹੀ ਸਹੁੰ ਖਾ ਕੇ ਕਹਿੰਨਾ,
ਹੁਣ ਮੈਂ ਪੀਣੀ ਛੱਡ ਦਿੱਤੀ ਏ।
ਛੇ ਕੁ ਮਹੀਨੇ ਹੋ ਗਏ ਹੁਣ ਤਾਂ,
ਘਰ ‘ਚੋਂ ਜ਼ਹਿਮਤ ਕੱਢ ਦਿੱਤੀ ਏæææ
æææਤੇ ਚਾਰ ਕੁ ਮਹੀਨੇ ਪਹਿਲਾਂ ਜਦੋਂ ਆਪਣੀ ਭਤੀਜੀ ਦੇ ਘਰ ਮਿਲਿਆ, ਤਾਂ ਸੁੱਖ-ਸਾਂਦ ਤੋਂ ਉਰ੍ਹਾਂ ਹੀ ਕਹਿਣ ਲੱਗਾ-‘ਪੀਂਦਾ ਹੁੰਨਾ?’ ਮੈਂ ਹੱਸ ਕੇ ਕਿਹਾ, ‘ਸੁੰਘਦਾ ਵੀ ਨਹੀਂ।’ ਮੇਰਾ ਹੱਥ ਫੜ ਕੇ ਬੋਲਿਆ-‘ਇਸ ਕਲਿਹਣੀ ਨੂੰ ਵੇਖ ਕੇ ਰਾਹ ਹੀ ਬਦਲ ਲਿਆ ਕਰ।’
ਕਈ ਵਾਰ ਦਿਲ ਦੀਆਂ ਗੱਲਾਂ ਤਾਂ ਤਸਵੀਰਾਂ ਨਾਲ ਹੋ ਜਾਂਦੀਆਂ ਹਨ, ਪਰ ਕਿਸੇ ਨਾਲ ਫੋਟੋ ਖਿਚਾ ਕੇ ਕੋਈ ਦਾਅਵਾ ਕਰੇ ਕਿ ਮੈਂ ਉਸ ਨੂੰ ਜਾਣ ਲਿਆ ਹੈ ਤਾਂ ਇਹ ਅਗਿਆਨਤਾ ਹੀ ਹੋਵੇਗੀ। ਹੈਰਾਨੀ ਇਸ ਗੱਲ ਦੀ ਹੈ ਕਿ ਕਈ ਲੋਕ ਜੱਸੋਵਾਲ ਨਾਲ ਫੋਟੋ ਖਿਚਾ ਕੇ ਹੀ ਉਸ ਨੂੰ ਜਾਨਣ ਦੇ ਦਾਅਵੇ ਕਰ ਰਹੇ ਹਨ; ਜਦੋਂਕਿ ਉਹਦੀ ਕਰਨ ਦੀ ਸਮਰੱਥਾ, ਲਗਨ ਤੇ ਹਿੰਮਤ ਦੇ ਭੇਤ ਸਾਨੂੰ ਵੀ ਉਹਦੇ ਨਾਲ ਤੀਹ-ਪੈਂਤੀ ਸਾਲ ਗੁਜ਼ਾਰ ਕੇ ਨਹੀਂ ਆਏ।
ਪਿਛਲੇ ਸਾਲ ਅਗਸਤ ਮਹੀਨੇ ਕਨਸੋਅ ਪਈ ਸੀ ਕਿ ਜੱਸੋਵਾਲ ਅਮਰੀਕਾ ਆ ਰਿਹਾ ਹੈ ਜਾਂ ਉਹਨੂੰ ਕਿਸੇ ਬਹਾਨੇ ਲਿਆਉਣ ਦੇ ਯਤਨ ਹੋ ਰਹੇ ਹਨ। ਉਹਦੇ ਲੰਮਾ ਸਮਾਂ ਹਪਸਤਾਲ ਵਿਚ ਦਾਖ਼ਲ ਰਹਿਣ ਕਾਰਨ ਹਾਲਾਤ ਨਹੀਂ ਸਨ ਲਗਦੇ ਕਿ ਉਹ ਆਵੇਗਾ। ਸਿਹਤ ਵੀ ਉਹਨੂੰ ਵੱਡੇ ਸਫ਼ਰ ਲਈ ਸ਼ਾਇਦ ਹੁੰਗਾਰਾ ਨਾ ਭਰ ਰਹੀ ਹੋਵੇ। ਮੈਂ ਵੀ ਅਜਿਹਾ ਕਰਨ ਤੋਂ ਉਹਨੂੰ ਰੋਕ ਰਿਹਾ ਸੀ; ਗੁਰਭਜਨ ਗਿੱਲ ਵੀ, ਪ੍ਰਗਟ ਗਰੇਵਾਲ ਵੀ; ਪਰ ਉਹ ਸ਼ਾਇਦ ਰਿਸ਼ਤੇਦਾਰੀਆਂ ਨਿਭਾਉਣ ਦੇ ਚੱਕਰ ਵਿਚ ਸਾਰਿਆਂ ਨੂੰ ਬਿਨਾਂ ਦੱਸੇ ਹੀ ਆ ਗਿਆ। ਉਹਦੀ ਮੇਰੇ ਨਾਲ ਅਮਰੀਕਾ ਫੇਰੀ ਦੀ ਮੁਲਕਾਤ ਦੇ ਅੰਸ਼ ਥੀਏਟਰ ਦੇ ਇਕ ਸੀਨ ਵਾਂਗ ਤੁਹਾਡੇ ਅੱਗੇ ਪੇਸ਼ ਕਰ ਰਿਹਾ ਹਾਂ:
ਜਗਦੇਵ ਸਿੰਘ ਜੱਸੋਵਾਲ ਦੇ ਇਕ ਮਿੱਤਰ ਦਾ ਮੈਨੂੰ ਫੋਨ ਆਇਆ, ‘ਬਾਈ ਜੀ ਪਰਸੋਂ ਨੂੰ ਆ ਰਹੇ ਆ, ਵੀਜ਼ਾ ਮਿਲ ਗਿਆ।’
‘ਸਾਨੂੰ ਬਿਨਾਂ ਦੱਸੇ ਹੀ? ਸਿਹਤ ਠੀਕ ਨਹੀਂ ਸੀ, ਉਹਨੂੰ ਸਫ਼ਰ ਨਹੀਂ ਕਰਨਾ ਚਾਹੀਦਾ ਸੀ।’
ਖੈਰ! ਉਹਨੇ ਇਕ ਸ਼ਖਸ ਦਾ ਮੈਨੂੰ ਨੰਬਰ ਦਿੱਤਾ ਜਿਸ ਨੂੰ ਸ਼ਾਇਦ ਸਾਰੀ ਜਾਣਕਾਰੀ ਸੀ। ਮੈਂ ਉਹਨੂੰ ਫੋਨ ਮਿਲਾਇਆ, ਪਰ ਉਹ ਜੱਸੋਵਾਲ ਦੀ ਗੱਲ ਨਾਲੋਂ ਆਪਣਾ ਕਾਰੋਬਾਰ ਵੱਧ ਮਹੱਤਤਾ ਨਾਲ ਦੱਸ ਰਿਹਾ ਸੀ। ਆਖਣ ਲੱਗਾ, ‘ਫਲਾਈਟ ਸੈਨ ਫਰਾਂਸਿਸਕੋ ਸਵਾ ਦਸ ਵਜੇ ਲੱਗੇਗੀ, ਤੁਸੀਂ ਆ ਜਾਣਾ।’ ਇਸੇ ਵੀਰ ਨੇ ਉਸ ਦਿਨ ਫੋਨ ਕੀਤਾ ਕਿ ਅਸੀਂ ਚੱਲਣ ਲੱਗੇ ਹਾਂ, ਤੁਸੀਂ ਚੱਲ ਪਓ। ਮੈਂ ਫੁੱਲਾਂ ਦਾ ਗੁਲਦਸਤਾ ਲੈ ਕੇ ਏਅਰਪੋਰਟ ਆਪਣੇ ਮਿੱਤਰ ਧਰਮਪਾਲ ਝੰਮਟ ਨਾਲ ਦਸ ਵਜੇ ਪੁੱਜ ਗਿਆ। ਫਲਾਈਟ ਵਕਤ ਸਿਰ ਸੀ। ਜਦੋਂ ਮੈਂ ਉਸੇ ਨੂੰ ਫਿਰ ਪੁੱਛਿਆ ਕਿ ਪੁੱਜ ਗਿਆ ਹਾਂ, ਤੁਸੀਂ ਕਿਥੇ ਕੁ ਹੋ?æææਤਾਂ ਉਹਦਾ ਜਵਾਬ ਇਨ-ਬਿਨ ਦੱਸ ਰਿਹਾਂ: ‘ਲੰਮੇ ਸਫਰ ਤੋਂ ਆਏ ਹਨ, ਪੱਗਾਂ ਢਿੱਲੀਆਂ ਹੋਈਆਂ ਹੋਣਗੀਆਂ। ਅਸੀਂ ਫੈਸਲਾ ਕੀਤਾ ਹੈ ਕਿ ਏਅਰਪੋਰਟ ‘ਤੇ ਦੂਜਾ ਬੰਦਾ ਕੋਈ ਨਹੀਂ ਮਿਲੇਗਾ। ਅਸੀਂ ਹਾਲੇ ਰਾਹ ਵਿਚ ਹਾਂ।’
ਮੈਂ ਗੁੱਸੇ ਵਿਚ ਗੁਲਦਸਤਾ ਡਸਟਬਿਨ ਵਿਚ ਸੁੱਟ ਦਿੱਤਾ ਕਿ ਮੈਂ ਜੱਸੋਵਾਲ ਨਾਲ ਤੀਹ ਸਾਲ ਪਿਉ-ਪੁੱਤ ਵਾਂਗ ਗੁਜ਼ਾਰੇ ਹਨ, ਇਹ ਮੈਨੂੰ ‘ਦੂਜਾ’ ਦੱਸ ਰਿਹਾ ਹੈ।
ਦਸ ਮਿੰਟ ਬਾਅਦ ਮੈਂ ਫਿਰ ਫੋਨ ਮਿਲਾਇਆ, ਕਹਿਣ ਲੱਗਾ, ‘ਅਸੀਂ ਜੱਸੋਵਾਲ ਨੂੰ ਲੈ ਕੇ ਨਿਕਲ ਗਏ ਹਾਂ, ਤੁਹਾਡਾ ਸੁਨੇਹਾ ਦੇ ਦਿਆਂਗੇ।’
‘ਅਰਾਈਵਲ ਅੱਗੇ ਤਾਂ ਮੈਂ ਖੁਦ ਖੜ੍ਹਾ ਸੀ, ਜੱਸੋਵਾਲ ਕਿਤੇ ਕੰਧ ਟੱਪ ਗਿਆ?’ ਮੈਂ ਮਨ ਵਿਚ ਇਹ ਸੋਚਦਿਆਂ ਵਾਪਸ ਆ ਗਿਆ ਕਿ ਚਲੋ ਹੁਣ ਇਥੇ ਨਹੀਂ, ਲੁਧਿਆਣੇ ਹੀ ਮਿਲਾਂਗਾ।
ਕੁਝ ਦਿਨਾਂ ਬਾਅਦ ਜੱਸੋਵਾਲ ਦਾ ਸੁਨੇਹਾ ਮਿਲਿਆ, ‘ਅਸ਼ੋਕ, ਮੈਨੂੰ ਜਿਵੇਂ-ਕਿਵੇਂ ਮਿਲ। ਮੈਂ ਉਦਾਸ ਹਾਂ।’
ਮੈਂ ਫਿਰ ‘ਕੱਲਾ ਨਹੀਂ, ਜਗਦੇਵ ਭੰਡਾਲ ਨੂੰ ਨਾਲ ਲੈ ਕੇ ਕੈਮਰਿਆਂ ਸਮੇਤ ਟਰੇਸੀ ਉਹਦੀ ਭਤੀਜੀ ਮਨਜੀਤ ਕੌਰ ਭੋਲੀ ਤੇ ਪ੍ਰਾਹੁਣੇ ਸੋਹਨ ਸਿੰਘ ਨਾਗਰਾ ਦੇ ਘਰ ‘ਗਲੋਬਲ ਪੰਜਾਬ’ ਲਈ ਮੁਲਾਕਾਤ ਕਰਨ ਗਿਆ।
ਉਹ ਵਾਸ਼ਰੂਮ ਵਿਚੋਂ ਨਿਕਲ ਕੇ ਗਲ ਲਗਦਿਆਂ ਬੋਲਿਆ, ‘ਅਸ਼ੋਕ, ਤੈਨੂੰ ਮਿਲੇ ਬਿਨਾਂ ਜਾਣਾ ਸ਼ਾਇਦ ਮੌਤ ਵਰਗਾ ਸੀ। ਮੈਨੂੰ ਆਪਣੇ ਕੁਝ ਫੈਸਲਿਆਂ ‘ਤੇ ਗੁੱਸਾ ਵੀ ਹੈ ਤੇ ਪਛਤਾਵਾ ਵੀ।’
ਮੈਂ ਕੁਝ ਭੇਟਾ ਦਿੱਤੀ, ਤਾਂ ਹਉਕਾ ਲਿਆ, ‘ਤੂੰ ਤਾਂ ਮੇਰਾ ਬਹੁਤ ਵੱਡਾ ਸਰਮਾਇਆ ਏਂ। ਲੋਕ ਮੈਨੂੰ ਬਿਮਾਰ ਵੇਖ ਕੇ ਕਹਿੰਦੇ ਨੇ, ਮੈਂ ਦੁਖੀ ਹੋਵਾਂਗਾ ਪਰ ਮੈਂ ਸਾਰੀ ਉਮਰ ਔਖੀ ਬਹੁਤ ਕੱਟੀ ਹੈ, ਮੇਰੀ ਦਿਲੀ ਇੱਛਾ ਹੈæææਤੇਰੇ ਪਿੰਡ ਵੀ ਪ੍ਰੋæ ਮੋਹਨ ਸਿੰਘ ਮੇਲਾ ਲਾਵਾਂ। ਤੂੰ ਹਿੰਮਤੀ ਐਂ ਸਾਰੇ ਧੋਣੇ ਧੋ ਦਏਂਗਾ।’
ਅਸੀਂ ਹਉਕਿਆਂ ਵਿਚ ਵਿਛੜ ਗਏ। ਮਲਕੀਤ ਦਾਖੇ ਦਾ ਫੋਨ ਨਿਊਯਾਰਕ ਤੋਂ ਆਇਆ, ‘ਅਸ਼ੋਕ, ਜੱਸੋਵਾਲ ਤੈਨੂੰ ਚੇਤੇ ਕਰੀ ਜਾਂਦੈ।’
ਪਰ ਦੁੱਖ ਹੈ ਕਿ ਕੋਠੇ ਜਿੱਡਾ ਦਲੇਰ ਮਨੁੱਖ ਫਿਰ ਅਗਲੇ ਦੋ ਮਹੀਨਿਆਂ ਵਿਚ ਖਪ ਕੇ ਸਾਥੋਂ ਬਾਂਹ ਛੁਡਾ ਗਿਆ।
ਅੱਖਾਂ ਫਿਰ ਭਰ ਰਹੀਆਂ ਨੇ, ਕੁਝ ਹੋਰ ਨਹੀਂ ਕਹਾਂਗਾ, ਇਹ ਦਿਲ ਦੀ ਜ਼ੁਬਾਨ ਹੀ ਤਾਂ ਹੁੰਦੀਆਂ ਨੇ।
ਜਗਦੇਵ ਸਿੰਘ ਸਾਰੀ ਉਮਰ ਜਾਗਦਾ ਰਿਹਾ, ਉਹਨੇ ਘੁਰਾੜੇ ਨਹੀਂ ਮਾਰੇ ਤੇ ਘੁਰਾੜੇ ਮਾਰਨ ਵਾਲੇ ਉਹਨੂੰ ਜਾਨਣ ਦੀ ਗੁਸਤਾਖੀ ਫਿਰ ਵੀ ਕਰੀ ਜਾਂਦੇ ਹਨ।
ਗੱਲ ਬਣੀ ਕਿ ਨਹੀਂ
ਮਨੁੱਖੀ ਕਿਰਦਾਰ
ਰਾਂਝੇ ਨੂੰ ਕੀ ਕਹੀਏ ਏਥੇ ਹੀਰ ਬਦਲਦੀ ਵੇਖੀ ਆ।
ਕਈ ਹਿੰਮਤ ਹਾਰ ਕੇ ਬੈਠੇ ਸੀ ਤਕਦੀਰ ਬਦਲਦੀ ਵੇਖੀ ਆ।
ਫੂਕ ਦਿੱਤੇ ਸਭ ਰਿਸ਼ਤੇ ਦੱਸੋ ਕੀ ਨੇ ਸਾਂਝਾਂ ਰਹਿ ਗਈਆਂ,
ਰੱਖੜੀ ਵਾਲੇ ਦਿਨ ਭੈਣ ਵੀ ਵੀਰ ਬਦਲਦੀ ਵੇਖੀ ਆ।
ਨਹੀਂ ਆਉਣਾ ਹੁਣ ਕ੍ਰਿਸ਼ਨ ਮੁਰਾਰੀ, ਇਹ ਵੀ ਉਹ ਜਾਣ ਗਈ,
ਆਪਣੇ ਹੱਥੀਂ ਦਰੋਪਤੀ ਹੀ ਹੁਣ ਚੀਰ ਬਦਲਦੀ ਵੇਖੀ ਆ।
ਗੁੱਟ ਰਹਿੰਦੇ ਸੀ ਨਸ਼ੇ ‘ਚ ਜਿਹੜੇ ਧਨ-ਦੌਲਤ ਤੇ ਸ਼ੋਹਰਤ ਨਾਲ
ਇਨ੍ਹਾਂ ਅੜੇ-ਅਮੀਰਾਂ ਦੀ ਅਖੀਰ ਬਦਲਦੀ ਵੇਖੀ ਆ।
ਮੁੱਲਾਂ, ਭਾਈ, ਬ੍ਰਾਹਮਣ ਰੱਬ ਨਾਲ ਉਲਝੇ ਰਹੇ ਰੋਜ਼ਾਨਾ ਹੀ,
ਲਾਲਚ ਪਿਛੇ ਇਹ ਦੁਨੀਆਂ ਗੁਰੂ ਪੀਰ ਬਦਲਦੀ ਵੇਖੀ ਆ।
ਸੋਹਣੀ ਦੇ ਹੱਥ ਘੜਾ ਰਿਹਾ ਨਾ, ਮਿਰਜੇ ਹੇਠਾਂ ਬੱਕੀ ਨਹੀਂ,
ਜੰਡ ਆਖ ਕੇ ਸਾਹਿਬਾਂ ਨਿੱਤ ਕਰੀਰ ਬਦਲਦੀ ਵੇਖੀ ਆ।
ਜਦ ਦੇ ਬੰਦੇ ਜ਼ਹਿਰੀਲੇ ਵੱਧ ਹੋ ਚੱਲੇ ਨੇ ਜ਼ਹਿਰਾਂ ਤੋਂ,
ਪਿੱਟਦੇ ਰਹਿ ਗਏ ਸੱਪ ਦੀ ਅਸੀਂ ਲਕੀਰ ਬਦਲਦੀ ਵੇਖੀ ਆ।
ਰਾਤ ਗਈ ਤੇ ਘੁੱਟ ਕੇ ਜੱਫੀ ਪਾਈ ਪੱਗ ਵਟਾ ਕੇ ਸੀ,
ਸੁਭ੍ਹਾ ਹੋਈ ‘ਤੇ ḔਭੌਰੇḔ ਸਭ ਤਸਵੀਰ ਬਦਲਦੀ ਵੇਖੀ ਆ।
-ਐਸ਼ ਅਸ਼ੋਕ ਭੌਰਾ