ਗੁਲਜ਼ਾਰ ਸੰਧੂ
2014 ਦਾ ਵਰ੍ਹਾ ਸਾਕਾ ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਸੀ। ਇਹ ਵਾਰਦਾਤ ਹਰੀਆਂ ਚਰਾਦਾਂ ਦੀ ਭਾਲ ਵਿਚ ਨਿਕਲੇ ਭਾਰਤੀਆਂ ਦੇ ਪ੍ਰਸ਼ਾਂਤ ਮਹਾਂਸਾਗਰ ਵਿਚ ਕੈਨੇਡਾ ਦੇ ਕੰਡੇ ਵਾਪਰੇ ਦੁਖਾਂਤ ਨਾਲ ਸਬੰਧ ਰਖਦੀ ਹੈ।
ਮਾਝੇ ਦੇ ਜੰਮਪਲ ਬਾਬਾ ਗੁਰਦਿੱਤ ਸਿੰਘ ਨੇ 376 ਭਾਰਤੀਆਂ ਨੂੰ ਕੈਨੇਡਾ ਪਹੁੰਚਾਉਣ ਲਈ ਇਕ ਜਪਾਨੀ ਕੰਪਨੀ ਤੋਂ ਕਾਮਾਗਾਟਾ ਮਾਰੂ ਨਾਂ ਦਾ ਜਹਾਜ ਕਿਰਾਏ ਉਤੇ ਲਿਆ ਸੀ। ਉਸ ਨੇ ਮੁਸਾਫਰਾਂ ਦੀ ਸੁਰੱਖਿਅਤ ਪਹੁੰਚ ਦੇ ਸਾਰੇ ਕਾਨੂੰਨੀ ਪੱਖ ਜਾਂਚ ਲੈਣ ਤੋਂ ਬਾਅਦ ਇਹ ਜਹਾਜ ਠੇਲ੍ਹਿਆ ਸੀ ਪਰ ਗੋਰੀ ਸਰਕਾਰ ਦੇ ਆਦੇਸ਼ ਅਨੁਸਾਰ ਇੱਕ ਹਾਪਕਿਨਸਨ ਨਾਂ ਦੇ ਇਮੀਗ੍ਰੇਸ਼ਨ ਬਾਬੂ ਨੇ ਅਜਿਹੀਆਂ ਗੁੰਝਲਾਂ ਪਾਈਆਂ ਕਿ ਜਹਾਜ ਨੂੰ ਕੈਨੇਡਾ ਦੇ ਸਾਹਿਲ ਤੋਂ ਦੂਰ ਸਾਗਰ ਦੇ ਪਾਣੀਆਂ ਵਿਚ ਹੀ ਰੋਕ ਲਿਆ ਗਿਆ। ਜਦੋਂ ਮੁਸਾਫਰਾਂ ਦਾ ਰਾਸ਼ਨ-ਪਾਣੀ ਮੁੱਕਣ ਲੱਗਾ ਤੇ ਬੱਚੇ-ਬੁੱਢੇ ਭੁੱਖ ਨਾਲ ਮਰਨ ਕੰਢੇ ਹੋਣ ਲੱਗੇ ਤਾਂ ਉਨ੍ਹਾਂ ਦੇ ਸਬਰ ਦਾ ਪਿਆਲਾ ਉਛਲ ਗਿਆ। ਉਨ੍ਹਾਂ ਨੂੰ ਆਪਣੀ ਹਰੀ ਭਰੀ ਮੰਜ਼ਿਲ ਤਾਂ ਦਿਖਾਈ ਦੇ ਰਹੀ ਸੀ ਪਰ ਉਥੇ ਪਹੁੰਚਣ ਦੀ ਕੋਈ ਵਿਧੀ ਨਜ਼ਰ ਨਹੀਂ ਸੀ ਆ ਰਹੀ। ਉਨ੍ਹਾਂ ਨੇ ਮੱਲੋ ਮੱਲੀ ਘੁਸਣ ਦਾ ਯਤਨ ਕੀਤਾ ਤਾਂ ਗੋਰੀ ਸਰਕਾਰ ਨੇ ਹਥਿਆਰਬੰਦ ਧਾਵਾ ਬੋਲ ਦਿੱਤਾ ਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਪਰਤਣ ਲਈ ਮਜਬੂਰ ਹੋਣਾ ਪਿਆ। ਇਤਿਹਾਸ ਗਵਾਹ ਹੈ ਕੇ ਜਦੋਂ ਇਹ ਜਹਾਜ ਕਲਕੱਤਾ ਨੇੜੇ ਬਜਬਜ ਘਾਟ ਉਤੇ ਲੱਗਾ ਤਾਂ ਗੋਰੀ ਸਰਕਾਰ ਨੇ ਇਸ ਵਿਚੋਂ ਉਤਰਨ ਵਾਲੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਕੋਈ ਕਸਰ ਨਹੀਂ ਛੱਡੀ।
ਇਸ ਵਾਰਦਾਤ ਨੂੰ ਪੰਜਾਬੀ ਯੂਨੀਵਰਸਟੀ ਦੇ ਥੀਏਟਰ ਅਤੇ ਟੈਲੀਵੀਜ਼ਨ ਵਿਭਾਗ ਨੇ ਇਕ ਬਹੁਤ ਹੀ ਵਧੀਆ ਨਾਟਕ ਦਾ ਰੂਪ ਦਿੱਤਾ ਹੈ। ਇਸ ਦੀ ਕਹਾਣੀ ਡਾæ ਜਸਪਾਲ ਕੌਰ ਦਿਓਲ ਨੇ ਲਿਖੀ ਹੈ ਅਤੇ ਥੀਏਟਰ ਵਿਭਾਗ ਦੇ ਅਮਲੇ ਨੇ ਨਾਟਕੀ ਘਟਨਾਵਾਂ ਨੂੰ ਜਿੰਨੀ ਕਲਾਮਈ ਸਿਆਣਪ ਨਾਲ ਗੁੰਦਿਆ ਹੈ, ਉਸ ਦਾ ਕੋਈ ਜਵਾਬ ਨਹੀਂ। ਯੂਨੀਵਰਸਿਟੀ ਦੇ ਭਾਸ਼ਾ ਵਿਕਾਸ ਵਿਭਾਗ ਵਲੋਂ ਆਪਣੀ 31ਵੀਂ ਵਿਕਾਸ ਕਾਨਫਰੰਸ ਵਿਚ ਦੇਸ-ਪਰਦੇਸ ਤੋਂ ਆਏ ਲੇਖਕਾਂ ਤੇ ਵਿਦਵਾਨਾਂ ਨੂੰ ਦਿਖਾਇਆ ਤਾਂ ਉਨ੍ਹਾਂ ਉਤੇ ਪਏ ਜਾਦੂਮਈ ਪ੍ਰਭਾਵ ਦਾ ਮੈਂ ਚਸ਼ਮਦੀਦ ਗਵਾਹ ਹਾਂ। ਜਹਾਜ ਦੇ ਮੁਸਾਫਰਾਂ ਵਿਚ ਸੁੰਦਰ ਸਿੰਘ, ਉਸ ਦੀ ਪਤਨੀ ਕਿਸ਼ਨ ਕੌਰ ਤੇ ਦੋ ਬੱਚੇ ਹੀ ਨਹੀਂ ਠਾਕਰ ਸਿੰਘ ਊਧੋਨੰਗਲ, ਮੀਰ ਮੁਹੰਮਦ, ਦਰਬਾਰਾ ਸਿੰਘ, ਰਘੁਨਾਥ ਸਿੰਘ ਆਦਿ ਹਰ ਜਾਤੀ ਤੇ ਪੇਸ਼ੇ ਦੇ ਲੋਕ ਸ਼ਾਮਲ ਸਨ। ਵਿਭਾਗ ਦੇ ਵਿਦਿਆਰਥੀਆਂ ਨੇ ਅਜਿਹੇ ਪਾਤਰਾਂ ਦਾ ਸਿਰੜੀ ਤੇ ਉਦਮੀ ਵਤੀਰਾ ਬੜੇ ਹੀ ਕਲਾਮਈ ਢੰਗ ਨਾਲ ਖੇਡਿਆ ਹੈ। ਮੀਆਂਵਾਲੀ ਦੇ ਅਮਰ ਸਿੰਘ ਨਿਹੰਗ ਨੇ ਗੋਰਿਆਂ ਦੇ ਪਿਸਤੌਲਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਸਾਹਮਣੇ ਜਹਾਜ ਵਿਚਲੇ ਕੋਲਿਆਂ ਦੀ ਅਜਿਹੀ ਵਰਖਾ ਕੀਤੀ ਤੇ ਕਰਵਾਈ ਕਿ ਗੋਰਿਆਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ।
ਉਧਰ ਬਾਬਾ ਗੁਰਦਿੱਤ ਸਿੰਘ ਤੇ ਉਸ ਦੇ ਮੁਸਾਫਰਾਂ ਨੂੰ ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਨੇ ਸ਼ੋਰ (ਸਾਹਿਲ) ਕਮੇਟੀ ਬਣਾ ਕੇ ਕਾਨੂੰਨੀ ਤੇ ਰਸਦ-ਪਾਣੀ ਦੀ ਚਾਰਾਜੋਈ ਕਰਨ ਵਿਚ ਵੀ ਕੋਈ ਢਿੱਲ੍ਹ ਨਹੀਂ ਦਿਖਾਈ। ਨਾਟਕ ਵਿਚ ਉਸ ਦੀ ਪੇਸ਼ਕਾਰੀ ਵੀ ਵੇਖਣ ਤੇ ਮਾਣਨ ਵਾਲੀ ਹੈ। ਕਲਾਕਾਰਾਂ ਨੇ ਭਾਗ ਸਿੰਘ, ਸੋਹਣ ਲਾਲ ਪਾਠਕ, ਹੁਸੈਨ ਰਹੀਮ ਤੇ ਬੰਤਾ ਸਿੰਘ ਦਾ ਰੋਲ ਵੀ ਖੂਬ ਨਿਭਾਇਆ। ਇਸੇ ਤਰ੍ਹਾਂ ਗਦਰ ਪਾਰਟੀ ਦੇ ਬਾਬਾ ਸੋਹਣ ਸਿੰਘ ਭਕਨਾ, ਬਰਕਤ ਉਲਾ ਤੇ ਭਗਵਾਨ ਸਿੰਘ ਵਲੋਂ ਦਿੱਤੀ ਹੱਲਾਸ਼ੇਰੀ ਨੂੰ ਵੀ ਪੂਰੀ ਨਿਪੁੰਨਤਾ ਨਾਲ ਨਿਭਾਇਆ। ਇਨ੍ਹਾਂ ਖਿਡਾਰੀਆਂ ਦੀ ਕਲਾ ਨੂੰ ਸੰਗੀਤ ਮੰਡਲੀ ਨੇ ਵੀ ਆਪਣੇ ਬਹੁਤ ਹੀ ਢੁਕਵੇਂ ਸਾਜ਼ਾਂ ਦੀ ਧਮਕ ਨਾਲ ਪੇਸ਼ ਕੀਤਾ। ਦਰਸ਼ਕਾਂ ਨੂੰ ਏਦਾਂ ਜਾਪ ਰਿਹਾ ਸੀ ਜਿਵੇਂ ਇਹ ਵਾਰਦਾਤ ਸੌ ਸਾਲ ਪਹਿਲਾਂ ਨਹੀਂ ਸੀ ਵਾਪਰੀ ਸਗੋਂ ਉਨ੍ਹਾਂ ਦੇ ਸਾਹਮਣੇ ਵਾਪਰ ਰਹੀ ਹੈ। ਖਾਸ ਕਰਕੇ ਬੇਲਾ ਸਿੰਘ ਗੱਦਾਰ ਦੀ ਮਿਲੀਭੁਗਤ ਨਾਲ ਹਾਪਕਿਨਸਨ ਵਲੋਂ ਕਰਵਾਈ ਭਾਗ ਸਿੰਘ ਤੇ ਬੰਤਾ ਸਿੰਘ ਦੀ ਹੱਤਿਆ ਦਾ ਬਦਲਾ ਲੈਣ ਲਈ ਮੇਵਾ ਸਿੰਘ ਹੱਥੋਂ ਹਾਪਕਿਨਸਨ ਤੇ ਬੇਲਾ ਸਿੰਘ ਦੇ ਭਰੀ ਸਭਾ ਵਿਚ ਕੀਤੇ ਕਤਲ ਦਾ ਦ੍ਰਿਸ਼।
ਢਾਈ ਤਿੰਨ ਦਰਜਨ ਪਾਤਰਾਂ ਰਾਹੀਂ ਪੇਸ਼ ਹੋਇਆ ਇਹ ਨਾਟਕ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਨੂੰ ਢੁਕਵੀਂ ਸ਼ਰਧਾਂਜਲੀ ਹੀ ਨਹੀਂ ਸਗੋਂ ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਦਿੱਤੀਆਂ ਕੁਰਬਾਨੀਆਂ ਦੇ ਪੱਖ ਤੋਂ ਸਾਕਾ ਜਲ੍ਹਿਆਂ ਵਾਲਾ ਬਾਗ ਦਾ ਹਾਣੀ ਹੋ ਨਿਬੜਦਾ ਹੈ। ਇਸ ਨੂੰ ਸਫਲ ਬਣਾਉਣ ਵਾਲੇ ਸਭ ਪਾਤਰਾਂ ਦਾ ਨਾਂ ਨਹੀਂ ਪਰ ਮੈਂ ਚਾਹਾਂਗਾ ਕਿ ਇਸ ਦੀ ਪੇਸ਼ਕਾਰੀ ਭਾਰਤ ਦੇ ਕੋਨੇ ਕੋਲੇ ਤੋਂ ਬਿਨਾਂ ਬਾਹਰਲੇ ਦੇਸਾਂ ਵਿਚ ਵੀ ਹੋਵੇ। ਮੈਂ ਜਾਦਦਾ ਹਾਂ ਕਿ ਏਨੇ ਵੱਡੇ ਪਾਤਰ ਸਮੂਹ ਨੂੰ ਦੂਰ-ਦੁਰੇਡੀਆਂ ਥਾਂਵਾਂ ‘ਤੇ ਲੈ ਕੇ ਜਾਣਾ ਕਠਿਨ ਹੈ, ਇਸ ਲਈ ਥੋੜਾ ਯਤਨ ਕਰਕੇ ਕੁਝ ਪਾਤਰਾਂ-ਖਿਡਾਰੀਆਂ ਦਾ ਰੋਲ ਸਥਾਨਕ ਨਾਟ-ਮੰਡਲੀਆਂ ਤੋਂ ਵੀ ਕਰਵਾਇਆ ਜਾ ਸਕਦਾ ਹੈ। ਅਤਿਅੰਤ ਢੁਕਵੀਂ ਪੇਸ਼ਕਾਰੀ ਲਈ ਇਹ ਨਾਟਕ ਤੇ ਇਸ ਦੇ ਪਾਤਰ ਵਧਾਈ ਦੇ ਹੱਕਦਾਰ ਹਨ।
ਮੁੱਖ ਮੰਤਰੀ ਹਰਿਆਣਾ ਦੀ ਵਿਦਿਆ ਨੀਤੀ: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਸਕੂਲੀ ਵਿਦਿਆ ਦੇ ਪਾਠਕ੍ਰਮ ਵਿਚ ਸ਼੍ਰੀਮਦ ਭਗਵਦ ਗੀਤਾ ਪੜ੍ਹਾਏ ਜਾਣ ਦੀ ਆਪਣੀ ਨੀਤੀ ਨੂੰ ਭਗਵੇਂਕਰਨ ਦਾ ਕੇਵਲ ਅਰੰਭ ਦੱਸਿਆ ਹੈ। ਇਸ ਤੋਂ ਅੱਗੇ ਖੇਡੇ ਜਾਣ ਵਾਲੇ ਪੱਤੇ ਉਸ ਨੇ ਛੁਪਾ ਰੱਖੇ ਹਨ। ਉਹ ਰਾਸ਼ਟਰੀ ਸਭਿਅਤਾ ਅਤੇ ਸਭਿਆਚਾਰ ਨੂੰ ਸੈਂਕੜੇ ਸਾਲ ਪੁਰਾਣੀਆਂ ਲੀਹਾਂ ਉਤੇ ਲਿਆਉਣਾ ਚਾਹੁੰਦਾ ਹੈ। ਗੀਤਾ ਪੜ੍ਹਾਏ ਜਾਣ ਨੂੰ ਕੇਵਲ ਅਰੰਭ ਕਹੇ ਜਾਣ ਦਾ ਕਾਰਨ ਇਹੀਓ ਹੋ ਸਕਦਾ ਹੈ ਕਿ ਇਹ ਮਿਥਿਹਾਸ ਸੀ ਜਿਸ ਵਿਚ ਸੱਚ ਦੀ ਭਾਵਨਾ ਤਾਂ ਹੁੰਦੀ ਹੈ ਪਰ ਇਹ ਪੂਰਨ ਸੱਚ ਨਹੀਂ ਹੁੰਦਾ।
ਉਹ ਨਿਸਚੇ ਹੀ ਪ੍ਰਾਚੀਨ ਰਾਸ਼ਟਰ ਦੀਆਂ ਉਨ੍ਹਾਂ ਗਤੀਵਿਧੀਆਂ ਤੋਂ ਜਾਣੂ ਹਨ ਜਿਹੜੀਆਂ ਚੰਡੇਲਾ ਖਾਨਦਾਨ ਦੇ ਰਾਜ ਕਾਲ ਸਮੇਂ ਮੱਧ ਪ੍ਰਦੇਸ਼ ਦੇ ਖਾਜੂਰਾਹੋ ਵਾਲੇ ਮੰਦਰਾਂ ਵਿਚ ਸੁਰੱਖਿਅਤ ਹਨ। ਨੌਵੀਂ ਤੇ ਦਸਵੀਂ ਸਦੀ ਵਿਚ ਉਸਾਰੇ ਗਏ ਇਹ ਮੰਦਰ ਮਾਲਵੀ ਕਾਮ ਭਾਵਨਾਵਾਂ ਦੀ ਸੁੱਚਤਾ ਨੂੰ ਪ੍ਰਨਾਏ ਹੋਏ ਹਨ। ਚੰਡੇਲ ਖਾਨਦਾਨ ਦੇ ਰਾਜ ਸਮੇਂ ਜਿਨ੍ਹਾਂ ਬੁੱਤਘਾੜਿਆਂ ਦੀ ਸਰਪ੍ਰਸਤੀ ਕੀਤੀ ਗਈ ਉਹ ਕਾਮਤ੍ਰਿਪਤੀ ਦੇ ਹਰ ਅਮਲ ਨੂੰ ਵਧੀਆ ਜੀਵਨ ਜੀਊਣ ਨਾਲ ਜੋੜ ਕੇ ਦੇਖਦੇ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਖਾਜੂਰਾਹੋ ਵਿਖੇ ਅਜਿਹੇ ਜਸ਼ਨਾਂ ਦੀ ਵਿਆਖਿਆ ਲਈ ਸ਼ਿਵ ਤੇ ਪਾਰਬਤੀ ਦੇ ਵਿਵਾਹਿਤ ਕਲੋਲਾਂ ਦੀਆਂ ਮਨਮੋਹਣੀਆਂ ਮੂਰਤੀਆਂ ਉਚੇਚੀ ਲਗਨ ਤੇ ਕਲਾ ਨਾਲ ਘੜੀਆਂ ਹਨ। ਪੁਰਾਤਨ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਅੱਜ ਦੇ ਦਿਨ ਇਹ ਜਾਣਕਾਰੀ ਵੀ ਪਾਠਕ੍ਰਮ ਦਾ ਹਿੱਸਾ ਬਣ ਸਕਦੀ ਹੈ।
ਅੰਤਿਕਾ: (ਸਾਹਿਰ ਲੁਧਿਆਣਵੀ)
ਤੁਝ ਕੋ ਤੋ ਖਬਰ ਨਹੀਂ ਮਗਰ ਇਸ ਸਾਦਾ ਲੌਹ ਕੋ,
ਬਰਬਾਦ ਕਰ ਦੀਆ ਤੇਰੇ ਦੋ ਦਿਨ ਕੇ ਪਿਆਰ ਨੇ।