ਭਗਤੀ, ਸ਼ਕਤੀ ਤੇ ਏਕਤਾ ਦੇ ਪੁਜਾਰੀ ਗੁਰੂ ਰਵਿਦਾਸ

ਐਸ਼ ਅਸ਼ੋਕ ਭੌਰਾ
ਇਤਿਹਾਸ ਦੇ ਉਹ ਪੰਨੇ ਰਹਿੰਦੀ ਦੁਨੀਆਂ ਤੱਕ ਚੰਨ ਵਾਂਗ ਚਮਕਦੇ ਰਹਿਣਗੇ, ਜਿਨ੍ਹਾਂ ‘ਤੇ ਭਗਵਾਨ ਦੇ ਦੂਜੇ ਰੂਪ ਦਾ ਚਿਤਰਨ ਕੀਤਾ ਗਿਆ ਹੈ। ਅੱਜ ਤੋਂ ਸਦੀਆਂ ਪਹਿਲਾਂ ਮਨੂੰ ਨੇ ਇਸ ਮਨੁੱਖ ਦੀ ਵੰਡ ਕੰਮ ਦੇ ਆਧਾਰ ‘ਤੇ ਕੀਤੀ ਸੀ ਪਰ ਮਜ਼੍ਹਬਾਂ ਦੇ ਠੇਕੇਦਾਰਾਂ ਨੇ ਕੰਮ ਨੂੰ ਛੱਡ ਕੇ ਚੰਮ ਦੇ ਆਧਾਰ ‘ਤੇ ਮਨੁੱਖ ਨਾਲ ਬੇਇਨਸਾਫੀ ਕਰਨੀ ਸ਼ੁਰੂ ਕਰ ਦਿੱਤੀ।

ਇਸੇ ਤਰ੍ਹਾਂ ਜਦੋਂ ਇਸ ਸੰਸਾਰ ਦੇ ਕੁਝ ਲੋਕਾਂ ਨੂੰ ਖੂਹਾਂ ਤੋਂ ਪਾਣੀ ਭਰਨ ਦਾ ਹੱਕ ਨਹੀਂ ਸੀ, ਵਿਦਿਆ ਪ੍ਰਾਪਤ ਕਰਨ ਤੋਂ ਵਰਜਿਤ ਸਨ, ਕੰਨਾਂ ਵਿਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਪਸ਼ੂਆਂ ਵਾਲਾ ਸਲੂਕ ਕੀਤਾ ਜਾਂਦਾ ਸੀ, ਤਦ ਪਰਮਾਤਮਾ ਨੂੰ ਇਨ੍ਹਾਂ ਦੱਬੀਆਂ ਕੁਚਲੀਆਂ ਕੌਮਾਂ ਦੇ ਦੁੱਖ ਸੁਣਨ ਲਈ ਗੁਰੂ ਰਵਿਦਾਸ ਜੀ ਦੇ ਰੂਪ ਵਿਚ ਆਪ ਆਉਣਾ ਪਿਆ। ਗੁਰੂ ਜੀ ਦਾ ਜਨਮ ਚਮੜੇ ਦਾ ਕੰਮ ਕਰਨ ਵਾਲੇ ਇੱਕ ਸਾਧਾਰਨ ਕਿਰਤੀ ਪਰਿਵਾਰ ਵਿਚ ਸੰਮਤ 1456 ਵਿਚ ਬਨਾਰਸ ਦੇ ਪ੍ਰਸਿੱਧ ਸ਼ਹਿਰ ਕਾਸ਼ੀ ਵਿਖੇ ਮਾਘ ਦੀ ਪੂਰਨਮਾਸ਼ੀ ਨੂੰ ਮਾਤਾ ਕਲਸੀ ਦੀ ਕੁੱਖੋਂ ਪਿਤਾ ਸੰਤੋਖ ਦੇ ਘਰ ਹੋਇਆ।
ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਜਨਮ ਸਮੇਂ ਕਈ ਦਿਨ ਦੁੱਧ ਨਾ ਚੁੰਘਿਆ ਤੇ ਰੋਈ ਗਏ। ਤਦ ਪਿਤਾ ਸੰਤੋਖ ਜੀ ਬਹੁਤ ਘਬਰਾ ਗਏ ਤੇ ਸੋਚਿਆ ਕਿ ਹੋ ਸਕਦਾ ਹੈ ਇਹ ਬਾਲਕ ਇਸ ਕਰਕੇ ਰੋਂਦਾ ਹੋਵੇ ਕਿ ਪਰਮਾਤਮਾ ਨੇ ਇਸ ਨੂੰ ਸਾਡੇ ਗਰੀਬਾਂ ਦੇ ਘਰ ਕਿਉਂ ਭੇਜ ਦਿੱਤਾ ਹੈ? ਅਸੀਂ ਨੀਵੀਂ ਜਾਤ ਦੇ ਚਮਾਰ ਚਮੜੇ ਨਾਲ ਦਿਨ ਰਾਤ ਘੁਲਦੇ ਹਾਂ। ਸੋਚ ਵਿਚਾਰ ਕੇ ਰਾਮਾ ਨੰਦ ਜੀ ਪਾਸ ਗਏ ਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਰਾਮਾ ਨੰਦ ਜੀ ਨੇ ਘਰ ਆ ਕੇ ਵੇਖਿਆ ਤਾਂ ਸਿਰ ‘ਤੇ ਹੱਥ ਰੱਖ ਕੇ ਆਪ ਮੁਹਾਰੇ ਬਚਨ ਬਿਲਾਸ ਕਰਨ ਲੱਗ ਪਏ। ਹੇ ਬਾਲਕ! ਰੋਣਾ ਠੀਕ ਨਹੀਂ ਹੈ, ਪੂਰਬਲੇ ਜਨਮ ਦਾ ਫਲ ਹੈ, ਉਹ ਪ੍ਰਾਪਤ ਹੋ ਗਿਆ ਹੈ। ਅੱਗੇ ਸੰਭਲ ਕੇ ਚਲਣਾ। ਜੇਕਰ ਸੰਭਲ ਕੇ ਚਲੇਗਾ ਤਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਉਸੇ ਵੇਲੇ ਗੁਰੂ ਜੀ ਦੁੱਧ ਚੁੰਘਣ ਲੱਗ ਪਏ।
ਜਿਸ ਕੌਮ ਵਿਚ ਆਪ ਨੇ ਜਨਮ ਲਿਆ ਉਸ ਨੂੰ ਸ਼ੂਦਰ ਕਿਹਾ ਜਾਂਦਾ ਸੀ। ਪਿੰਡੋਂ ਜਾਂ ਸ਼ਹਿਰੋਂ ਬਾਹਰ ਹੀ ਨੀਵੀਆਂ ਥਾਂਵਾਂ ‘ਤੇ ਰਹਿਣ ਲਈ ਇਸ ਕੌਮ ਨੂੰ ਮਜ਼ਬੂਰ ਕੀਤਾ ਜਾਂਦਾ ਸੀ। ਗਿਆਨ-ਧਿਆਨ ਕਰਨਾ, ਪੜ੍ਹਨਾ, ਲਿਖਣਾ ‘ਤੇ ਚੰਗਾ ਪਹਿਰਾਵਾ ਪਾਉਣਾ ਆਦਿ ‘ਤੇ ਪਾਬੰਦੀ ਸੀ। ਵੇਲੇ ਦੀ ਹਾਕਮ ਜਮਾਤ ਅਨੁਸਾਰ ਇਹ ਸੇਵਾਦਾਰ ਕੌਮ ਸੀ। ਇਸ ਤੋਂ ਇਲਾਵਾ ਇਸ ਸਾਮੰਤਸ਼ਾਹੀ ਯੁੱਗ ਵਿਚ ਜਨਤਾ ਚੱਕੀਆਂ ਦੇ ਪੁੜਾਂ ਹੇਠ ਪਿਸ ਰਹੀ ਸੀ। ਇੱਕ ਪਾਸੇ ਵਿਦੇਸ਼ੀ ਹਕੂਮਤ ਦੀ ਗੁਲਾਮੀ, ਦੂਜੇ ਪਾਸੇ ਜਾਤੀ ਵੰਡ, ਛੂਤ-ਛਾਤ ਮਨੁੱਖ ਨੂੰ ਜਨਮ ਤੋਂ ਨੀਵਾਂ ਹੋਣ ਦੀਆਂ ਮਨੌਤਾਂ। ਅਜਿਹੇ ਵੇਲੇ ਗੁਰੂ ਰਵਿਦਾਸ ਜੀ ਦੇ ਜਨਮ ਨਾਲੋਂ ਕਰਮ ਦੇ ਸ਼੍ਰੇਸ਼ਟਤਾ ਦਾ ਪ੍ਰਮੁੱਖ ਵਿਚਾਰ ਦਿੱਤਾ,
ਰਵਿਦਾਸ ਜਨਮ ਕੇ ਕਾਰਨੇ
ਹੋਤ ਨ ਕੋਊ ਨੀਚ॥
ਨਰ ਕੋ ਨੀਚ ਕਰ ਡਾਰ ਹੈ
ਓਛੇ ਕਰਮ ਕੋ ਕੀਚ॥
ਉਨ੍ਹਾਂ ਨੇ ਉਸ ਵੇਲੇ ਦੇ ਸੁਆਰਥੀ ਮਨੂੰਵਾਦੀ ਖਿਆਲਾਂ ਵਿਚ ਗ੍ਰਸੀ ਬ੍ਰਾਹਮਣਸ਼ਾਹੀ ਨੂੰ ਸਪੱਸ਼ਟ ਕੀਤਾ ਕਿ ਕੋਈ ਵੀ ਮਨੁੱਖ ਜਨਮ ਕਰਕੇ ਨੀਵਾਂ ਨਹੀਂ ਹੁੰਦਾ ਸਗੋਂ ਕਰਮ ਕਰਕੇ ਨੀਵਾਂ ਹੁੰਦਾ ਹੈ। ਗੁਰੂ ਰਵਿਦਾਸ ਜੀ ਨੇ Ḕਉਚੀ ਕੁਲ ਕੇ ਕਾਰਣੇ ਬ੍ਰਾਹਮਣ ਕੋਇ ਨਾ ਹੋਇḔ ਦੀ ਧਾਰਨਾ ਨੂੰ ਹੋਰ ਵੀ ਸਪੱਸ਼ਟ ਕਰਦੇ ਹੋਏ ਧਾਰਮਿਕ ਜਨੂੰਨੀਆਂ ਨੂੰ ਕਿਹਾ ਕਿ ਮਨੁੱਖ ਇਕੋ ਸਰਬ ਵਿਆਪਕ ਸ਼ਕਤੀ ਦੀ ਕਿਰਤੀ ਹੈ। ਉਸ ਅਨੁਸਾਰ ਕੋਈ ਵੀ ਉਚਾ-ਨੀਵਾਂ, ਛੋਟਾ-ਵੱਡਾ ਨਹੀਂ। ਲਿਖਦੇ ਹਨ,
ਰਵਿਦਾਸ ਦੇ ਹੀ ਬੁੰਦ ਸੇ
ਸਭ ਹੀ ਭਯੋਂ ਵਿਥਾਹ॥
ਮੂਰਖ ਹੈ ਜੋ ਕਰਤ ਹੈ
ਬਰਨ ਅਬਰਨ ਵਿਚਾਰ॥
ਕਹਿੰਦੇ ਹਨ ਕਿ ਉਸ ਵੇਲੇ ਛੂਤ-ਛਾਤ ਫੈਲਾਉਣ ਵਿਚ ਸਭ ਤੋਂ ਵੱਧ ਹਿੱਸਾ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਪਾਇਆ। ਉਦੋਂ ਦੇ ਹਾਕਮ ਰਾਜਾ ਨਾਗਰ ਮੱਲ ਨੇ ਇੱਕ ਵਾਰ ਬਹੁਤ ਵੱਡਾ ਯੱਗ ਰਚਾਇਆ ਤੇ ਉਸ ਵਿਚ ਗੁਰੂ ਰਵਿਦਾਸ ਜੀ ਨੂੰ ਵੀ ਬਲਾਇਆ ਗਿਆ। ਜਦੋਂ ਬ੍ਰਾਹਮਣਾਂ ਨੇ ਗੁਰੂ ਜੀ ਨੂੰ ਯੱਗ ਵਿਚ ਵੇਖਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ ਕਿ ਸ਼ੂਦਰ ਬ੍ਰਾਹਮਣਾਂ ਵਿਚ ਨਹੀਂ ਬੈਠ ਸਕਦਾ। ਇਸ ਤਰ੍ਹਾਂ ਕਰਨ ਨਾਲ ਅਸਾਂ ਦਾ ਅਪਮਾਨ ਹੁੰਦਾ ਹੈ, ਧਰਮ ਭ੍ਰਿਸ਼ਟ ਹੋਏਗਾ। ਰਵਿਦਾਸ ਭਾਵੇਂ ਭਗਤੀ ਕਰਦਾ ਹੈ ਪਰ ਜਨਮ ਕਰਕੇ ਤਾਂ ਸ਼ੂਦਰ ਹੈ। ਪਰ ਨਾਗਰ ਮੱਲ ਨੇ ਫਿਰ ਵੀ ਗੁਰੂ ਜੀ ਨੂੰ ਯੱਗ ਛੱਡ ਕੇ ਜਾਣ ਲਈ ਨਾ ਕਿਹਾ। ਜਿਸ ‘ਤੇ ਬ੍ਰਾਹਮਣ ਬਹੁਤ ਗੁੱਸੇ ਵਿਚ ਆ ਗਏ ਤੇ ਕਹਿਣ ਲੱਗੇ ਕਿ ਹੇ ਰਾਜਨ! ਤੁਸਾਂ ਪੁਰਾਣੇ ਸ਼ਾਸਤਰਾਂ ਦਾ ਅਪਮਾਨ ਕੀਤਾ ਹੈ, ਸਿਮ੍ਰਿਤੀਆਂ, ਬ੍ਰਾਹਮਣਾਂ ਤੇ ਗੰ੍ਰਥਾਂ ਦਾ ਅਪਮਾਨ ਕੀਤਾ ਹੈ। ਸ਼ੂਦਰ ਦਾ ਕੀ ਕੰਮ ਹੈ? ਕਲਯੁਗ ਆ ਗਿਆ ਹੈ। ਅਸੀਂ ਪ੍ਰਸ਼ਾਦ ਨਹੀਂ ਛਕਾਂਗੇ। ਅਸੀਂ ਜਾਂਦੇ ਹਾਂ। ਗੁਰੂ ਜੀ ਬ੍ਰਾਹਮਣਾਂ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਮੁਸਕਰਾਏ ਤੇ ਇਹ ਸ਼ਬਦ ਉਚਾਰ ਕੇ ਬ੍ਰਾਹਮਣਾਂ ਨੂੰ ਲਾਜਵਾਬ ਕਰ ਦਿੱਤਾ,
ਖਟ ਕਰਮ ਕੁਲ ਸੰਜੁਗ ਤੁ ਹੈ ਹਰਿ
ਭਗਤਿ ਹਿਰਦੇ ਨਾਹਿ॥
ਚਾਹ ਨਾਰ ਬਿੰਦ ਨ ਕਥਾ ਭਾਵੈ
ਸੁਧ ਦਾ ਤੁਲਿ ਸਮਾਨਿ॥
ਰੇ ਚਿਤ ਚੇਤਿ ਚੇਤ-ਅਚੇਤ॥
ਕਹਿ ਨਾ ਬਾਲਮੀ ਕਹਿ ਦੇਖ॥
ਕਿਸ ਜਾਤਿ ਕੇ ਪਦਹਿ ਅਪਰਿਓ
ਰਾਮ ਭਗਿਤ ਬਿਸੇਖ॥੧॥ਰਹਾਉ॥
ਸੁਆਨ ਸਤ ਅਜਾਤ ਸਭ ਕੇ
ਕ੍ਰਿਸ ਨ ਲਾਵੇ ਹੇਤ॥
ਲੋਗ ਬਪਰੁ ਕਿਆ ਸਗ ਹੈ
ਤੀਨਿ ਲੋਕ ਪ੍ਰਵੇਸ॥੨॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ
ਰਾਇ ਹਰਿ ਕੇ ਪਾਸ॥
ਐਸ ਦੁਰਮਤਿ ਨਿਸਤਰੇ ਤੂ
ਕਿਉ ਨਾ ਤਰਿਹ ਰਵਿਦਾਸ॥
ਇਕ ਵਾਰ ਕੁਝ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇ ਮਹਾਰਾਜ, ਆਪਣੇ ਰਹਿਣ ਲਈ ਚੰਗਾ ਮੰਦਰ ਬਣਾਉ। ਜੋ ਮਾਇਆ ਆਉਂਦੀ ਹੈ, ਉਸ ਨੂੰ ਭੰਡਾਰਿਆਂ ਵਿਚ ਘੱਟ ਵਰਤੋਂ ਤਾਂ ਗੁਰੂ ਜੀ ਨੇ ਬਚਨ ਕੀਤਾ,
ਊਚੇ ਮੰਦਰ ਸਾਲ ਰਸੋਈ॥
ਏਕ ਘਰੀ ਵਨਿ ਰਹਨੁ ਨ ਹੋਈ॥੧॥
ਇਹ ਤਨੁ ਐਸਾ ਜੈਸੇ ਘਾਸਿ ਕੀ ਟਾਟੀ॥
ਜਲ ਗਇਓ ਘਾਸ ਰਲਿ ਗਇਓ ਮਾਟੀ॥੧॥ਰਹਾਉ॥
ਭਾਈ ਬੇਧ ਕੁਟਬ ਸਹੇਰਾ॥
ਓਇਭੀ ਲਾਗੇ ਕਾਚੁ ਸਵੇਰਾ॥੨॥
ਘਰ ਕੀ ਨਾਰਿ ਉਠਹਿ ਤਨ ਲਾਗੀ॥
ਉਹ ਤਓ ਭੂਤ ਭੂਤ ਕਰਿ ਭਾਗੀ॥੩॥
ਕਹਿ ਰਵਿਦਾਸ ਸਭਿ ਜਗੁ ਲੁਟਿਆ॥
ਹਮ ਤਉ ਏਕ ਰਾਮ ਕਹਿ ਛੁਟਿਆ॥੪॥੩॥
ਭਾਵ ਉਚੇ ਸੋਹਣੇ ‘ਤੇ ਰਸੋਈਖਾਨੇ ਆਦਿਕ ਅੰਦਰ ਅੰਤਲੇ ਵੇਲੇ ਇੱਕ ਘੜੀ ਵੀ ਨਹੀਂ ਰਹਿਣਾ ਮਿਲਦਾ। ਇਹ ਪੰਜ ਭੂਤਕ ਸਰੀਰ ਮੌਤ ਰੂਪੀ ਅੱਗ ਦੇ ਅੱਗੇ ਸੁੱਕੇ ਹੋਏ ਘਾਹ ਦੀ ਪੰਡ ਵਾਂਗ ਸੜ ਕੇ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਪ੍ਰਾਣ ਨਿਕਲ ਜਾਣ ‘ਤੇ ਪਰਿਵਾਰ ਦੇ ਜੀਅ ਇਹੋ ਆਖਦੇ ਹਨ ਕਿ ਇਸ ਨੂੰ ਛੇਤੀ ਛੇਤੀ ਲੈ ਚਲੋ ਨਹੀਂ ਤਾਂ ਮੁਰਦਾ ਖਰਾਬ ਹੋ ਜਾਵੇਗਾ। ਜੀਵਨ ਸਾਥਣ ਘਰਵਾਲੀ ਵੀ ਭੂਤ-ਪਰੇਤ ਆਖਣ ਲੱਗ ਜਾਂਦੀ ਹੈ।
ਗੁਰੂ ਰਵਿਦਾਸ ਜੀ ਨੇ ਆਪਣੇ ਵੇਲੇ ਦੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਿਵਸਥਾ ਨੂੰ ਵਾਚ ਕੇ ਵੇਲੇ ਦੀ ਅੰਧ ਵਿਸ਼ਵਾਸ ਵਿਚ ਫਸੀ, ਕਰਮ ਕਾਂਡੀ ਵਿਹਲੀ ਅਤੇ ਐਸ਼-ਇਸ਼ਰਤ ਕਰ ਰਹੀ ਸ਼੍ਰੇਣੀ ਦੀਆਂ ਲਤਾੜੀਆਂ ਨੀਵੀਆਂ ਕੌਮਾਂ ਨੂੰ ਆਪ ਅਸਲੀ ਰੂਪ ਵਿਚ ਪੇਸ਼ ਹੋ ਕੇ ਗੁਰਬਾਣੀ ਦੇ ਮਾਧਿਅਮ ਰਾਹੀਂ ਚੇਤਨਾ ਦੇ ਕੇ ਨਿਰਸੁਆਰਥ ਸੱਚੇ ਸੁੱਚੇ ਰਾਜ ਦੀ ਸੋਚ ਦਿੱਤੀ ਹੈ। ਉਹ ਲਿਖਦੇ ਹਨ,
ਬੇਗਮਪੁਰਾ ਸ਼ਹਿਰ ਕੇ ਨਾਉਂ॥
ਦੁਖ ਅੰਦੋਹ ਨਹੀਂ ਤਿਹਿ ਰਾਓਂ॥
ਨ ਤਸਵੀਸ ਖਿਰਾਜ ਨਾ ਮਾਲ॥
ਖਉਫ ਨ ਖਤਾ ਨ ਤਰਸ ਜਵਾਲ॥
ਭਾਵ ਜਿਸ ਰਾਜ ਵਿਚ ਹਰ ਮਨੁੱਖ ਬੇਖੌਫ, ਬਰਾਬਰੀ ਅਤੇ ਚਿੰਤਾ ਰਹਿਤ ਜੀਵਨ ਜਿਉ ਸਕਦਾ ਹੋਵੇ, ਕਿਸੇ ਨੂੰ ਆਪਣੀਆਂ ਲੋੜਾਂ- ਕੁੱਲੀ, ਗੁਲੀ ਤੇ ਜੁੱਲੀ ਦਾ ਫਿਕਰ ਨਾ ਹੋਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਵਿਦਾਸ ਜੀ ਦੀ ਬਾਣੀ ਵਿਚੋਂ ਚਾਲੀ ਸ਼ਬਦ, ਦੋ ਸਲੋਕ ‘ਤੇ ਇੱਕ ਆਰਤੀ ਅੰਕਿਤ ਹਨ। ਗੁਰੂ ਜੀ ਨੇ ਅਨੇਕਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ। ਜਾਤ-ਪਾਤ ਦੇ ਭੇਦ-ਭਾਵ ਮਿਟਾ ਕੇ ਪੈਰਾਂ ਹੇਠ ਲਿਤਾੜੀਆਂ ਜਾ ਰਹੀਆਂ ਕੌਮਾਂ ਨੂੰ ਮਨੁੱਖਤਾਂ ਦੇ ਇੱਕ ਸਾਂਝੇ ਮਦਾਰੇ ‘ਤੇ ਇਕੱਠਾ ਕੀਤਾ। ਮੀਰਾਂ ਬਾਈ ਤੇ ਝਾਲਾਂ ਬਾਈ ਵਰਗੀਆਂ ਰਾਣੀਆਂ ਗੁਰੂ ਜੀ ਦੀਆਂ ਚੇਲੀਆਂ ਬਣੀਆਂ। ਵੱਡੇ ਵੱਡੇ ਰਾਜਿਆਂ ਦਾ ਹੰਕਾਰ ਦੂਰ ਕਰਕੇ ਚਰਨੀ ਲਾਇਆ। Ḕਐਸਾ ਚਾਹੁ ਰਾਜ ਮੈਂ ਯਹਾਂ ਮਿਲੇ ਸਭਨ ਕੋ ਅੰਨḔ ਦਾ ਉਚਾਰਣ ਕੀਤਾ।
ਗੁਰੂ ਰਵਿਦਾਸ ਜੀ 28 ਮਾਘ ਸੁਦੀ ਪੂਰਨਮਾਸ਼ੀ ਸੰਮਤ 1575 ਬਿਕਰਮੀ ਮੁਤਾਬਕ 1518 ਈ: ਨੂੰ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਪਾਰ ਬ੍ਰਹਮ ਕੋਲ ਚਲੇ ਗਏ। ਅੱਜ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਦ੍ਰਿੜ ਇਰਾਦੇ ਨਾਲ ਚੱਲਣਾ ਹੀ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ।